ਪੈਰਿਸ 'ਚ ਨੌਕਰੀ ਦੇ ਨਾਲ ਖੇਤੀ ਕਰ ਸ਼ਹਿਰੀ ਅਤੇ ਪੇਂਡੂ ਜ਼ਿੰਦਗੀ ਦਾ ਆਨੰਦ ਲੈ ਰਹੇ ਵਕੀਲ ਤੇ ਇੰਜੀਨੀਅਰ, ਕੀ ਹੈ ਮਾਡਲ

- ਲੇਖਕ, ਹਿਊਗ ਸ਼ੋਫਿਲਡ
- ਰੋਲ, ਬੀਬੀਸੀ ਪੈਰਿਸ ਪ੍ਰਤੀਨਿਧੀ
ਕੀ ਤੁਸੀਂ ਦਫ਼ਤਰ ਵਿੱਚ ਕੀਤੀ ਜਾ ਰਹੀ ਮਿਹਨਤ ਤੋਂ ਬਰੇਕ ਲੈਣ ਲਈ ਬੇਤਾਬ ਹੋ, ਪਰ ਗੁਜ਼ਾਰਾ ਨਾ ਕਰ ਸਕਣ ਤੋਂ ਡਰਦੇ ਵੀ ਹੋ?
ਫਰਾਂਸ ਵਿੱਚ ਇੱਕ ਅਜਿਹਾ ਹੀ ਵਿਚਾਰ ਸਾਹਮਣੇ ਆਇਆ ਹੈ ਜਿਸ ਵਿੱਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ, ਉਹ ਹੈ ਪਾਰਟ-ਟਾਈਮ ਖੇਤੀ ਕਰਨਾ ਯਾਨੀ ਕਿਸਾਨ ਬਣਨਾ।
ਇੱਥੇ ਇੱਕ ਅਜਿਹਾ ਨਵਾਂ ਸਮੂਹ ਸਾਹਮਣੇ ਆਇਆ ਹੈ ਜੋ ਦੋਵਾਂ ਤਰ੍ਹਾਂ ਦੀ ਦੁਨੀਆਂ ਚੰਗੀ ਚਾਹੁੰਦਾ ਹੈ ਯਾਨੀ: ਸ਼ਹਿਰ ਅਤੇ ਪਿੰਡ ਦੀ ਜ਼ਿੰਦਗੀ, ਲੈਪਟਾਪ ਅਤੇ ਖੇਤ, ਡਿਜੀਟਲ ਅਤੇ ਹੱਥਾਂ ਨਾਲ ਕੰਮ ਕਰਨਾ।
ਇਹ ਸਾਹਸੀ ਨੌਜਵਾਨ ਤਕਨਾਲੋਜੀ ਅਤੇ ਕੰਮ ਵਾਲੀ ਥਾਂ ਦੇ ਮੌਕਿਆਂ ਦਾ ਉਪਯੋਗ ਇੱਕ ਮਿਸ਼ਰਤ ਜੀਵਨਸ਼ੈਲੀ ਜਿਉਣ ਲਈ ਕਰ ਰਹੇ ਹਨ।
ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਰਥ ਭਰਪੂਰ ਹੋਣ ਦੇ ਨਾਲ-ਨਾਲ ਪੈਸੇ ਦੀ ਪੂਰਤੀ ਦੀ ਇੱਛਾ ਨੂੰ ਵੀ ਪੂਰਾ ਕਰਦੀ ਹੈ।
ਮਿੱਟੀ ਵਿੱਚ ਕੰਮ ਕਰਨ ਨਾਲ ਸਰੀਰਕ ਮਿਹਨਤ ਦਾ ਫਲ ਮਿਲਦਾ ਹੈ ਅਤੇ ਉਦੇਸ਼ ਦੀ ਭਾਵਨਾ ਵੀ ਅਕਸਰ ਉਨ੍ਹਾਂ ਦੀਆਂ ਸਪ੍ਰੈਡਸ਼ੀਟਾਂ ਅਤੇ ਸ਼ਾਰਣੀ ਤੋਂ ਗਾਇਬ ਹੁੰਦੀ ਹੈ।
ਪਰ ਹੌਲੀ-ਹੌਲੀ ਖੇਤੀ ਵੱਲ ਰੁਖ਼ ਕਰਕੇ, ਉਹ ਸ਼ਹਿਰ ਵਿੱਚ ਕੰਮ ਤੋਂ ਮਿਲਣ ਵਾਲੀ ਤਨਖਾਹ ਅਤੇ ਨਾਲ ਹੀ ਆਪਣੇ ਸ਼ਹਿਰੀ ਸਮਾਜਿਕ ਦਾਇਰੇ ਦੀ ਬੌਧਿਕ ਸੰਤੁਸ਼ਟੀ ਵੀ ਬਣਾ ਕੇ ਰੱਖਦੇ ਹਨ।

ਕੀ ਕਹਿਣਾ ਹੈ ਡੇਟਾ-ਇੰਜੀਨੀਅਰ ਅਤੇ ਸਾਈਡਰ ਨਿਰਮਾਤਾ ਦਾ ?
ਡੇਟਾ-ਇੰਜੀਨੀਅਰ ਅਤੇ ਸਾਈਡਰ-ਨਿਰਮਾਤਾ ਜੂਲੀਅਨ ਮੋਡੇਟ ਕਹਿੰਦੇ ਹਨ, ‘‘ਕਾਰਪੋਰੇਟ ਜਗਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕ ਇਹ ਸਵਾਲ ਕਰ ਰਹੇ ਹਨ ਕਿ ਉਹ ਕੀ ਕਰ ਰਹੇ ਹਨ?’’
ਉਹ ਕਹਿੰਦੇ ਹਨ, ‘‘ਇੱਥੇ ਬਹੁਤ ਜ਼ਿਆਦਾ ਥਕਾਊ ਕੰਮ ਅਤੇ ਤਣਾਅ ਹੈ। ਖੇਤ ਵਿੱਚ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਹੈ। ਇਹ ਸਪੱਸ਼ਟ ਹੈ ਕਿ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ। ਇਹ ਲੋਕਾਂ ਲਈ ਭੋਜਨ ਪੈਦਾ ਕਰਨਾ ਹੈ ਪਰ ਤੁਸੀਂ ਇਹ ਸਭ ਅਜਿਹੀਆਂ ਸਥਿਤੀਆਂ ਵਿੱਚ ਕਰ ਰਹੇ ਹੋ ਜੋ ਅਕਸਰ ਬਹੁਤ ਅਨਿਸ਼ਚਿਤ ਅਤੇ ਜੋਖਮ ਭਰੀਆਂ ਹੁੰਦੀਆਂ ਹਨ।''
ਜੂਲੀਅਨ ਮੋਡੇਟ ਮੁਤਾਬਕ, “ਇਹ ਦੋਵੇਂ ਖੇਤਰ ਯਾਨੀ ਖੇਤ ਅਤੇ ਦਫਤਰ ਸੰਕਟ ਵਿੱਚ ਹਨ। ਮੈਨੂੰ ਇਹ ਅਹਿਸਾਸ ਹੋਇਆ ਕਿ ਹਰ ਇੱਕ ਦੂਜੇ ਦਾ ਹੱਲ ਹੈ। ਸਾਨੂੰ ਦੋਵਾਂ ਖੇਤਰਾਂ ਨੂੰ ਇਕੱਠਾ ਕਰਨ ਦੀ ਜ਼ਰੂਰਤ ਹੈ।’’
ਮੋਡੇਟ ‘ਸਲੇਸ਼ਰ-ਕਾਲਰਸ’ (Slushy-Caller's) ਦੇ ਸੰਸਥਾਪਕਾਂ ਵਿੱਚੋਂ ਇੱਕ ਹਨ, ਇਹ ਇੱਕ ਅਜਿਹਾ ਸੰਗਠਨ ਹੈ ਜੋ ਇਸ ਨਵੇਂ ਕਰਾਸ-ਓਵਰ ਕਰੀਅਰ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ।
ਇਹ ਨਾਮ ਫਰੈਂਚ ਵਿੱਚ ਇੱਕ ਵਰਡ-ਪਲੇ ਹੈ, ਕਿਉਂਕਿ ਇਹ ਸਮੀਕਰਨ ਚੈਸਰਜ਼-ਕਯੂਈਲੇਰਸ (chasseurs-cueilleurs) (ਘੁਮੱਕੜ) ਵਰਗਾ ਲੱਗਦਾ ਹੈ।
ਸਲੈਸ਼ਰ ਹਿੱਸਾ ਕੰਪਿਊਟਰ ’ਤੇ ਸਲੈਸ਼ ਕੀ ਤੋਂ ਆਉਂਦਾ ਹੈ ਅਤੇ ਇੱਕ ਤੋਂ ਵੱਧ ਨੌਕਰੀਆਂ ਵਾਲੇ ਵਿਅਕਤੀ ਨੂੰ ਦਰਸਾਉਂਦਾ ਹੈ (ਜਿਵੇਂ ਕਿ ਮੈਂ ਇੱਕ ਸ਼ੈੱਫ-ਸਲੈਸ਼-ਫੁੱਟਬਾਲ ਕੋਚ ਹਾਂ)।
ਇਹ ਵਿਚਾਰ ਕਿੱਥੋਂ ਆਇਆ ?

ਮੋਡੇਟ ਨੂੰ ਇਹ ਵਿਚਾਰ ਕੋਵਿਡ ਲਾਕਡਾਊਨ ਦੌਰਾਨ ਆਇਆ, ਜਦੋਂ ਉਹ ਨੋਰਮੈਂਡੀ ਵਿੱਚ ਆਪਣੇ ਦਾਦਾ-ਦਾਦੀ ਦੇ ਖੇਤ ਵਿੱਚ ਕੰਮ ਕਰਨ ਗਿਆ ਸੀ।
ਜਦੋਂ ਉਸ ਨੇ ਇੱਕ ਸਾਲ ਪਹਿਲਾਂ ਇਸ ਬਾਰੇ ਸੋਚਣਾ ਸ਼ੁਰੂ ਕੀਤਾ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਸੈਂਕੜੇ ਲੋਕ ਪਹਿਲਾਂ ਤੋਂ ਹੀ ਉਹ ਕਰ ਰਹੇ ਸਨ ਜਿਸ ਦੀ ਉਹ ਵਕਾਲਤ ਕਰ ਰਿਹਾ ਸੀ।
ਉਹ ਕਹਿੰਦਾ ਹੈ, ‘‘ਅਸੀਂ ਕੁਝ ਵੀ ਨਹੀਂ ਖੋਜਿਆ। ਅਸੀਂ ਸਿਰਫ਼ ਇੱਕ ਰੋਸ਼ਨੀ ਦੀ ਕਿਰਨ ਦਿਖਾਈ ਹੈ।’’
ਇਸ ਦੀ ਇੱਕ ਸ਼ਾਨਦਾਰ ਉਦਾਹਰਨ ਸੋਰਬੋਨ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਪੜ੍ਹਾਉਂਦੇ ਮੈਥਿਊ ਸ਼ਾਰਲਟਨ ਹਨ ਜੋ ਹੁਣ ਆਪਣਾ ਅੱਧੇ ਤੋਂ ਜ਼ਿਆਦਾ ਹਫ਼ਤਾ ਪੈਰਿਸ ਦੇ ਦੱਖਣ ਵਿੱਚ 64 ਕਿਲੋਮੀਟਰ (40 ਮੀਲ) ਦੂਰ ਸਥਿਤ ਇੱਕ ਛੋਟੇ ਜਿਹੇ ਖੇਤਰ ਵਿੱਚ ਜਲਕੁੰਭੀ ਉਗਾਉਣ ਵਿੱਚ ਬਿਤਾਉਂਦੇ ਹਨ।
ਏਸੋਨੇ ਵਿਭਾਗ (Essonne department) ਦਾ ਇਹ ਹਿੱਸਾ ਇੱਕ ਸਮੇਂ ਆਪਣੇ ‘ਹਰੇ ਸੋਨੇ’ ਲਈ ਮਸ਼ਹੂਰ ਸੀ, ਪਰ 1970 ਦੇ ਦਹਾਕੇ ਤੋਂ ਜਲਕੁੰਭੀ ਦੀ ਖੇਤੀ ਨੂੰ ਲਗਭਗ ਛੱਡ ਦਿੱਤਾ ਗਿਆ ਸੀ ਅਤੇ ਹੁਣ ਇਸ ਨੂੰ ਸਿਰਫ਼ ਪੁਨਰ ਸੁਰਜੀਤ ਕੀਤਾ ਜਾ ਰਿਹਾ ਹੈ।
ਸ਼ਾਰਲਟਨ ਪੈਰਿਸ ਵਿੱਚ ਦੁਕਾਨਾਂ ਅਤੇ ਰੈਸਟੋਰੈਂਟਾਂ ਨੂੰ ਵੇਚਣ ਲਈ ਹਰ ਸਾਲ ਲਗਭਗ 30,000 ਜਲਕੁੰਭੀ ਦੇ ਗੁੱਛਿਆਂ ਦੀ ਖੇਤੀ ਕਰਦੇ ਹਨ। ਉਹ ਕਹਿੰਦੇ ਹਨ, ‘‘ਜਲਕੁੰਭੀ ਦੀ ਖੂਬਸੂਰਤੀ ਇਹ ਹੈ ਕਿ ਤੁਹਾਨੂੰ ਮਸ਼ੀਨਰੀ ਜਾਂ ਵੱਡੇ ਨਿਵੇਸ਼ ਦੀ ਜ਼ਰੂਰਤ ਨਹੀਂ ਹੈ। ਇਸ ਲਈ ਸਿਰਫ਼ ਤੁਸੀਂ ਅਤੇ ਇੱਕ ਜੋੜੀ ਗਮਬੂਟ ਅਤੇ ਚਾਕੂ ਹੀ ਚਾਹੀਦਾ ਹੈ।’’
‘‘ਮੈਂ ਸੋਮਵਾਰ ਅਤੇ ਵੀਰਵਾਰ ਨੂੰ ਯੂਨੀਵਰਸਿਟੀ ਵਿੱਚ ਹੁੰਦਾ ਹਾਂ। ਬਾਕੀ ਦਿਨਾਂ ਵਿੱਚ ਮੈਂ ਇੱਥੇ ਫਾਰਮ ਵਿੱਚ ਰਹਿੰਦਾ ਹਾਂ ਅਤੇ ਫਿਰ ਪੈਰਿਸ ਵਿੱਚ ਮੈਂ ਕਰੇਸ ਪਹੁੰਚਦਾ ਹਾਂ, ਜਿੱਥੇ ਮੈਂ ਰਹਿੰਦਾ ਹਾਂ।

ਮੈਥਿਊ ਦੱਸਦੇ ਹਨ, “ਇਹ ਇੱਕ ਅਜਿਹੀ ਜੀਵਨਸ਼ੈਲੀ ਹੈ ਜੋ ਮੇਰੇ ਲਈ ਬਿਲਕੁਲ ਫਿੱਟ ਬੈਠਦੀ ਹੈ। ਮੈਨੂੰ ਬਹੁਤ ਸਮਾਂ ਮਿਲਦਾ ਹੈ, ਫਿਰ ਮੈਂ ਪੈਰਿਸ ਵਿੱਚ ਹਫ਼ਤੇ ਵਿੱਚ ਦੋ ਦਿਨ ਖੁਦ ਨੂੰ ਰੀਚਾਰਜ ਕਰ ਸਕਦਾ ਹਾਂ। ਆਖਰਕਾਰ ਮੈਂ ਪੂਰੇ ਸਮੇਂ ਕੰਮ ਕਰਨਾ ਚਾਹੁੰਦਾ ਹਾਂ, ਪਰ ਇਸ ਤਰ੍ਹਾਂ ਮੈਂ ਬਹੁਤ ਜ਼ਿਆਦਾ ਵਿੱਤੀ ਜੂਆ ਖੇਡੇ ਬਿਨਾਂ, ਆਪਣਾ ਰਸਤਾ ਆਸਾਨ ਕਰਨ ਦੇ ਸਮਰੱਥ ਹੋ ਗਿਆ ਹਾਂ।’’
ਸ਼ਲੈਸ਼ਰਜ ਬਣਨ ਵਾਲੇ ਕੁਝ ਲੋਕਾਂ ਨੂੰ ਪਰਿਵਾਰਕ ਜ਼ਮੀਨ ਵਿਰਾਸਤ ਵਿੱਚ ਮਿਲੀ ਹੈ, ਹੋਰ ਲੋਕ ਇਸ ਨੂੰ ਕਿਰਾਏ ’ਤੇ ਲੈਂਦੇ ਹਨ, ਜਾਂ ਖਰੀਦਦੇ ਹਨ, ਜਾਂ ਸਾਧਨਾਂ ਨੂੰ ਸਾਂਝਾ ਕਰਨ ਲਈ ਕਿਸਾਨਾਂ ਨਾਲ ਰਾਬਤਾ ਕਰਦੇ ਹਨ।
ਕੁਝ ਲੋਕ ਹਫ਼ਤੇ ਵਿੱਚ ਦੋ ਦਿਨ ਪਿੰਡ ਵਿੱਚ ਰਹਿੰਦੇ ਹਨ, ਕੁਝ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚੋਂ ਖੇਤਾਂ ਵਿੱਚ ਵਾਪਸ ਆਉਂਦੇ ਹਨ, ਕੁਝ ਮੌਸਮੀ ਕੰਮ ਕਰਦੇ ਹਨ।
ਸ਼ਹਿਰ ਵਿੱਚ ਉਹ ਵਕੀਲ, ਇੰਜੀਨੀਅਰ ਅਤੇ ਸਲਾਹਕਾਰ ਹਨ। ਪਿੰਡ ਵਿੱਚ ਉਹ ਮੰਡੀ-ਬਾਗਬਾਨ, ਸ਼ਰਾਬ ਉਤਪਾਦਕ ਜਾਂ ਵਰਕਰ ਹਨ। ਸਿਰਫ਼ ਕੁਝ ਹੀ ਪਸ਼ੂਆਂ ਨਾਲ ਕੰਮ ਕਰਦੇ ਹਨ, ਜਿਸ ਲਈ ਜ਼ਿਆਦਾ ਸਥਾਈ ਮੌਜੂਦਗੀ ਦੀ ਜ਼ਰੂਰਤ ਹੁੰਦੀ ਹੈ।
ਅਜਿਹਾ ਲੱਗਦਾ ਹੈ ਕਿ ਜੋ ਚੀਜ਼ ਉਨ੍ਹਾਂ ਨੂੰ ਇਕਜੁੱਟ ਕਰਦੀ ਹੈ, ਉਹ ਹੈ ਅਧਿਆਤਮਿਕ ਤ੍ਰਿਪਤੀ ਦੀ ਤਾਂਘ, ਨਾਲ ਹੀ ਸਾਫ਼-ਸੁਥਰੇ, ਜੈਵਿਕ ਉਤਪਾਦਨ ਦੇ ਵਿਚਾਰ ਨਾਲ ਲਗਾਅ।
ਸਾਈਡਰ-ਨਿਰਮਾਤਾ ਅਤੇ ਮਨੁੱਖੀ ਵਸੀਲੇ ਸਲਾਹਕਾਰ ਮੈਰੀ ਪੈਟੀਅਰ

ਸਾਰੇ ਇਸ ਗੱਲ ਨਾਲ ਸਹਿਮਤ ਹਨ ਕਿ ਦਫ਼ਤਰਾਂ ਦੀ ਨੌਕਰੀ ਉਨ੍ਹਾਂ ਨੂੰ ਕਈ ਵਾਰ ਬੇਲੋੜਾ ਅਤੇ ਬੇਕਾਰ ਮਹਿਸੂਸ ਕਰਾਉਂਦੀ ਹੈ।
ਸਾਈਡਰ-ਨਿਰਮਾਤਾ ਅਤੇ ਮਨੁੱਖੀ ਵਸੀਲੇ ਸਲਾਹਕਾਰ ਮੈਰੀ ਪੈਟੀਅਰ ਦਾ ਕਹਿਣਾ ਹੈ ਕਿ ਉਹ ਅਤੇ ਉਹਨਾਂ ਦੇ ਪਤੀ ਦੋਵੇਂ ਹੀ ਸ਼ਹਿਰ ਵਿੱਚ ਨੌਕਰੀ ਕਰਨ ਦੇ ਕਾਰਨ ‘ਬਰਨ ਆਊਟ’ (ਜਿਸ ਤੋਂ ਉਸ ਦਾ ਮਤਲਬ ਭਾਵਨਾਤਮਕ ਤੌਰ ’ਤੇ ਟੁੱਟਣ ਤੋਂ ਹੈ) ਤੋਂ ਪੀੜਤ ਸਨ।
ਉਨ੍ਹਾਂ ਦਾ ਕਹਿਣਾ ਹੈ, ‘‘ਇਹ ਸਿਰਫ਼ ਮੇਰੇ ਨਿਯੁਕਤੀਕਰਤਾ ਦਾ ਕਸੂਰ ਨਹੀਂ ਸੀ। ਇਹ ਮੇਰੀ ਗਲਤੀ ਸੀ।’’
‘‘ਮੈਂ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਸੀ ਪਰ ਹੁਣ ਮੈਂ ਆਪਣਾ ਸਮਾਂ ਨੋਰਮੈਂਡੀ ਅਤੇ ਪੈਰਿਸ ਵਿਚਕਾਰ ਵੰਡਦੀ ਹਾਂ। ਨੋਰਮੈਂਡੀ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਅਤੇ ਸਾਡੇ ਬੱਚੇ ਸਕੂਲ ਪੜ੍ਹਦੇ ਹਨ। ਪੈਰਿਸ ਵਿੱਚ ਮੈਂ ਪਾਰਟ-ਟਾਈਮ ਕੰਮ ਕਰਦੀ ਹਾਂ।’’
“ਮੈਂ ਸਭ ਕੁਝ ਪਿੱਛੇ ਛੱਡਣਾ ਨਹੀਂ ਚਾਹੁੰਦੀ ਸੀ। ਮੈਨੂੰ ਪੈਰਿਸ ਵਿੱਚ ਆਪਣੀ ਨੌਕਰੀ ਪਸੰਦ ਸੀ ਅਤੇ ਪੈਸਾ ਵੀ ਮਹੱਤਵਪੂਰਨ ਹੈ ਪਰ ਇਸ ਤਰ੍ਹਾਂ ਅਸੀਂ ਸਹੀ ਸੰਤੁਲਨ ਬਣਾ ਪਾਉਂਦੇ ਹਾਂ।’’
ਸ਼ਹਿਰੀ ਲੋਕਾਂ ਨੇ ਹਮੇਸ਼ਾ ਇੱਕ ਸਰਲ ਪੇਂਡੂ ਜੀਵਨ ਦਾ ਸੁਪਨਾ ਦੇਖਿਆ ਹੈ, ਅਤੇ ਦੇਸ਼ ਵਿੱਚ ਪਰਵਾਸ ਦੀਆਂ ਲਹਿਰਾਂ ਪਹਿਲਾਂ ਵੀ ਆਈਆਂ ਹਨ - ਖਾਸ ਤੌਰ ’ਤੇ ਮਈ 1968 ਤੋਂ ਬਾਅਦ ਦੀ ਪੀੜ੍ਹੀ ਵਿੱਚ।
ਹੁਣ ਜੋ ਕੁਝ ਅਲੱਗ ਹੈ, ਉਹ ਇਹ ਹੈ ਕਿ ਤਕਨਾਲੋਜੀ ਦੁਆਰਾ ਸੰਭਾਵਨਾਵਾਂ ਅਪਾਰ ਹੋ ਗਈਆਂ ਹਨ - ਰਿਮੋਟ ਵਰਕਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ, ਲਚਕਦਾਰ ਕਰੀਅਰ ਅਤੇ ਨਾਲ ਹੀ ਸਾਡੇ ਦੁਆਰਾ ਚੁਣੇ ਜਾਣ ਵਾਲੇ ਵਿਕਲਪਾਂ ਵਿੱਚ ਇੱਕ ਕਾਰਕ ਦੇ ਰੂਪ ਵਿੱਚ ਈਕੋਤੰਤਰ ਦਾ ਮਹੱਤਵ ਵਧ ਰਿਹਾ ਹੈ।
ਮੋਡੇਟ ਕਹਿੰਦੇ ਹਨ, ‘‘ਇਹ ਸ਼ਹਿਰ ਦੇ ਅਮੀਰ ਲੋਕਾਂ ਦੇ ਕਿਸਾਨ ਬਣਨ ਬਾਰੇ ਨਹੀਂ ਹੈ।’’
‘‘ਸਾਡਾ ਨਜ਼ਰੀਆ ਇਹ ਹੈ ਕਿ ਇਹ ਇੱਕ ਮੌਲਿਕ ਤਬਦੀਲੀ ਦਾ ਹਿੱਸਾ ਹੋਵੇਗਾ।’’
“ਜੇਕਰ ਸਾਨੂੰ ਆਪਣੇ ਖੇਤਾਂ ਵਿੱਚ ਉਸ ਤਰ੍ਹਾਂ ਦਾ ਗੁਣਵੱਤਾਪੂਰਨ ਭੋਜਨ ਪੈਦਾ ਕਰਨਾ ਹੈ ਜੋ ਸਾਨੂੰ ਖਾਣਾ ਚਾਹੀਦਾ ਹੈ, ਤਾਂ ਸਾਨੂੰ ਹੋਰ ਜ਼ਿਆਦਾ ਲੋਕਾਂ ਦੀ ਜ਼ਰੂਰਤ ਹੈ। ਜੇਕਰ ਅਸੀਂ ਲੋਕਾਂ ਨੂੰ ਖੇਤਾਂ ਵਿੱਚ ਨਹੀਂ ਲਗਾਵਾਂਗੇ ਤਾਂ ਖੇਤ ਵੱਡੇ ਹੁੰਦੇ ਜਾਣਗੇ ਅਤੇ ਜ਼ਿਆਦਾ ਤੋਂ ਜ਼ਿਆਦਾ ਉਦਯੋਗਿਕ ਹੁੰਦੇ ਜਾਣਗੇ।
“ਦਫ਼ਤਰੀ ਕਰਮਚਾਰੀ ਏ.ਆਈ. ਦੇ ਖਤਰੇ ਕਾਰਨ ਨਵੇਂ ਖੇਤਰਾਂ ਦੀ ਭਾਲ ਕਰ ਰਹੇ ਹਨ। ਜੇਕਰ ਅਸੀਂ ਸਾਰੇ ਕੁਝ ਜ਼ਿਆਦਾ ਦੋਵਾਂ ਤਰ੍ਹਾਂ ਦੀ ਜੀਵਨਸ਼ੈਲੀ ਨੂੰ ਅਪਣਾ ਲਈਏ ਤਾਂ ਅਸੀਂ ਇੱਕ ਸਮਾਜ ਦੇ ਰੂਪ ਵਿੱਚ ਬਹੁਤ ਜ਼ਿਆਦਾ ਲਚਕੀਲੇ ਹੋ ਜਾਵਾਂਗੇ।’’
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












