ਗੁਰਪਤਵੰਤ ਸਿੰਘ ਪੰਨੂ ਕੌਣ ਹਨ, ਜਿੰਨ੍ਹਾਂ ਦੀ ਜਾਇਦਾਦ ਐੱਨਆਈਏ ਨੇ ਜ਼ਬਤ ਕੀਤੀ

ਤਸਵੀਰ ਸਰੋਤ, NIA/SOCIAL MEDIA
ਸਿਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਖਿਲਾਫ਼ ਅੰਮ੍ਰਿਤਸਰ ਤੇ ਚੰਡੀਗੜ੍ਹ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਵੱਡੀ ਕਾਰਵਾਈ ਕੀਤੀ ਹੈ।
ਐੱਨਆਈਏ ਨੇ ਜਾਰੀ ਬਿਆਨ ਵਿੱਚ ਦੱਸਿਆ ਹੈ ਕਿ ਗੁਰਪਤਵੰਤ ਸਿੰਘ ਪੰਨੂ ਦਾ ਇੱਕ ਘਰ ਤੇ ਜ਼ਮੀਨ ਜ਼ਬਤ ਕੀਤੀ ਗਈ ਹੈ।
ਜ਼ਮੀਨ ਤੇ ਘਰ ਜ਼ਬਤ ਕਰਨ ਦੇ ਹੁਕਮ ਮੁਹਾਲੀ ਦੀ ਸਪੈਸ਼ਲ ਐੱਨਆਈਏ ਕੋਰਟ ਨੇ ਦਿੱਤੇ ਹਨ।
ਜ਼ਬਤ ਕੀਤੀ ਗਈ ਜਾਇਦਾਦ ਵਿੱਚ ਅੰਮ੍ਰਿਤਸਰ ਦੇ ਖਾਨਕੋਟ ਪਿੰਡ ਵਿੱਚ 5.7 ਏਕੜ ਖੇਤੀ ਦੀ ਜ਼ਮੀਨ ਤੇ ਚੰਡੀਗੜ੍ਹ ਦੇ ਸੈਕਟਰ 15-ਸੀ ਦੀ ਕੋਠੀ ਵਿੱਚ ਪੰਨੂ ਦੇ ਇੱਕ ਚੌਥਾਈ ਹਿੱਸੇ ਨੂੰ ਜ਼ਬਤ ਕੀਤਾ ਗਿਆ ਹੈ।
ਜਾਇਦਾਦ ਜ਼ਬਤ ਕਰਨ ਦੀ ਇਹ ਕਾਰਵਾਈ ਯੂਏਪੀਏ ਤਹਿਤ ਦਰਜ ਦੋ ਕੇਸਾਂ ਵਿੱਚ ਕੀਤੀ ਹੈ।

ਤਸਵੀਰ ਸਰੋਤ, X/@NIA_India
ਐੱਨਆਈਏ ਅਨੁਸਾਰ ਗੁਰਪਤਵੰਤ ਸਿੰਘ ਪੰਨੂ ਉੱਤੇ ਅੱਤਵਾਦੀ ਗਤੀਵਿਧੀਆਂ ਨੂੰ ਹੁੰਗਾਰਾ ਦੇਣ, ਉਨ੍ਹਾਂ ਵਿੱਚ ਸ਼ਾਮਲ ਹੋਣ ਤੇ ਅੱਤਵਾਦ ਫੈਲਾਉਣ ਦੇ ਇਲਜ਼ਾਮ ਲੱਗੇ ਹਨ।
ਐੱਨਆਈਏ ਕੋਰਟ ਵੱਲੋਂ 3 ਫਰਵਰੀ, 2021 ਨੂੰ ਪੰਨੂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸੀ। ਨਵੰਬਰ 2022 ਵਿੱਚ ਪੰਨੂ ਨੂੰ ਅਦਾਲਤ ਵੱਲੋਂ ਭਗੌੜਾ ਐਲਾਨ ਦਿੱਤਾ ਗਿਆ ਸੀ।
ਐੱਨਆਈਏ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਪੰਨੂ ਭਾਰਤੀ ਡਿਪਲੋਮੈਟਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਜਨਤਕ ਤੌਰ ਉੱਤੇ ਧਮਕੀਆਂ ਦੇਣ ਕਾਰਨ ਸੁਰਖੀਆਂ ਵਿੱਚ ਰਹੇ ਹਨ।
ਐੱਨਆਈਏ ਮੁਤਾਬਕ ਪੰਨੂ ਨੇ ਹਾਲ ਹੀ ਦੇ ਦਿਨਾਂ ਵਿੱਚ ਕੈਨੇਡਾ ਰਹਿੰਦੇ ਹਿੰਦੂਆਂ ਨੂੰ ਵੀ ਧਮਕਾਇਆ ਹੈ ਅਤੇ ਉਨ੍ਹਾਂ ਨੂੰ ਕੈਨੇਡਾ ਛੱਡ ਕੇ ਜਾਣ ਨੂੰ ਕਿਹਾ ਹੈ।

ਪਨੂੰ ਉੱਤੇ ਐਕਸ਼ਨ ਤੇ ਸ਼ਖ਼ਸੀਅਤ ਬਾਰੇ ਘੱਟ ਸ਼ਬਦਾਂ ਵਿੱਚ ਸਮਝੋ
- ਐੱਨਆਈਏ ਨੇ ਸਿਖਸ ਫਾਰ ਜਸਟਿਸ ਆਗੂ ਗੁਰਪਤਵੰਤ ਪੰਨੂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ
- ਅੰਮ੍ਰਿਤਸਰ ਤੇ ਚੰਡੀਗੜ੍ਹ ਵਿੱਚ ਐੱਨਆਈਏ ਨੇ ਕੀਤੀ ਕਾਰਵਾਈ
- ਅੰਮ੍ਰਿਤਸਰ ਦੇ ਖਾਨਕੋਟ ਵਿੱਚ 5.7 ਏਕੜ ਖੇਤੀ ਜ਼ਮੀਨ ਤੇ ਚੰਡੀਗੜ੍ਹ ਦੇ ਸੈਕਟਰ 15-ਸੀ ਦੀ ਕੋਠੀ ਵਿੱਚ ਪੰਨੂ ਦੇ ਇੱਕ ਚੌਥਾਈ ਹਿੱਸੇ ਨੂੰ ਜ਼ਬਤ ਕੀਤਾ ਗਿਆ
- ਐੱਨਆਈਏ ਦੀ ਇਹ ਕਾਰਵਾਈ ਯੂਏਪੀਏ ਕੇਸਾਂ ਤਹਿਤ ਹੋਈ ਹੈ
- ਪੇਸ਼ੇ ਤੋਂ ਵਕੀਲ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ
- 90 ਦੇ ਦਹਾਕੇ ਦੌਰਾਨ ਪੰਜਾਬ ਦੇ ਕਈ ਥਾਣਿਆਂ ਵਿੱਚ ਉਨ੍ਹਾਂ ਉੱਤੇ ਇਰਾਦਤਨ ਕਤਲ ਦੇ ਕੇਸ ਦਰਜ ਹੋਏ ਸਨ

ਗੁਰਪਤਵੰਤ ਪੰਨੂ ਉੱਤੇ ਕੀ ਇਲਜ਼ਾਮ ਲੱਗੇ

ਤਸਵੀਰ ਸਰੋਤ, Getty Images
ਐੱਨਆਈਏ ਨੇ ਦੱਸਿਆ, “ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਪੰਨੂ ਦੀ ਸਿਖਸ ਫਾਰ ਜਸਟਿਸ ਜਥੇਬੰਦੀ ਸਾਈਬਰਸਪੇਸ ਦਾ ਗਲਤ ਇਸਤੇਮਾਲ ਕਰਕੇ ਨੌਜਵਾਨਾਂ ਨੂੰ ਭੜਕਾ ਰਹੀ ਹੈ ਤਾਂ ਜੋ ਉਹ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਣ।”
ਸਿੱਖ ਫਾਰ ਜਸਟਿਸ ਇੱਕ ਵੱਖਵਾਦੀ ਸੰਗਠਨ ਹੈ। ਉਹ ਭਾਰਤ ਵਿੱਚ ਸਿੱਖਾਂ ਲਈ ਇੱਕ ਵੱਖਰਾ ਮੁਲਕ ਬਣਾਉਣ ਲਈ ਰੈਫਰੈਂਡਮ ਦੀ ਮੁਹਿੰਮ ਚਲਾ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ ਜੁਲਾਈ, 2019 ਵਿੱਚ ਇਸ ਸੰਗਠਨ ਨੂੰ ਗੈਰ ਕਾਨੂੰਨੀ ਸੰਗਠਨ ਐਲਾਨ ਦਿੱਤਾ ਗਿਆ ਸੀ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਗੁਰਪਤਵੰਤ ਸਿੰਘ ਦੇ ਪਿਛੋਕੜ ਬਾਰੇ ਇੱਕ ਰਿਪੋਰਟ ਤਿਆਰ ਕੀਤੀ ਹੈ। ਉਸ ਦੇ ਵੇਰਵੇ ਕੁਝ ਇਸ ਪ੍ਰਕਾਰ ਹਨ...
ਗੁਰਪਤਵੰਤ ਸਿੰਘ ਪੰਨੂ ਕੌਣ ਹਨ

ਤਸਵੀਰ ਸਰੋਤ, Getty Images
ਪੇਸ਼ੇ ਤੋਂ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਪਰਿਵਾਰ ਦੇ ਵੱਡ-ਵਡੇਰੇ ਪਹਿਲਾਂ ਪੱਟੀ ਦੇ ਪਿੰਡ ਨੱਥੂਚੱਕ ਵਿੱਚ ਰਹਿੰਦੇ ਸਨ ਅਤੇ ਬਾਅਦ ਵਿੱਚ ਉਹ ਅੰਮ੍ਰਿਤਸਰ ਨੇੜੇ ਪੈਂਦੇ ਪਿੰਡ ਖਾਨਕੋਟ ਵਿਖੇ ਜਾ ਵਸੇ ਸਨ।
ਪੰਨੂ ਦਾ ਇੱਕ ਭਰਾ ਤੇ ਇੱਕ ਭੈਣ ਹਨ। ਉਨ੍ਹਾਂ ਦੀ ਸਾਰੀ ਪੜ੍ਹਾਈ ਭਾਰਤ ਵਿੱਚ ਹੀ, ਲੁਧਿਆਣਾ ਅਤੇ ਚੰਡੀਗੜ੍ਹ ਤੋਂ ਹੋਈ ਹੈ। ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਵੀ ਭਾਰਤ ਵਿੱਚ ਹੀ ਕੀਤੀ ਹੈ। ਪੰਨੂ ਦੇ ਪਿਤਾ ਮਹਿੰਦਰ ਸਿੰਘ ਪੰਜਾਬ ਮਾਰਕੀਟਿੰਗ ਬੋਰਡ ਦੇ ਸਕੱਤਰ ਸਨ।
1990ਵਿਆਂ ਵਿੱਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ। ਕਾਲਜ ਦੇ ਸਮੇਂ ਤੋਂ ਹੀ ਉਹ ਸਟੂਡੈਂਟ ਐਕਟੀਵਿਸਟ ਬਣ ਗਏ ਸਨ ਅਤੇ ਸਟੂਡੈਂਟ ਪੌਲੀਟਿਕਸ ਵਿੱਚ ਐਕਟਿਵ ਹੋ ਗਏ ਸਨ।
ਪੰਨੂ ਦੇ ਖਿਲਾਫ ਕਈ ਕੇਸ ਹੋਏ ਦਰਜ

ਤਸਵੀਰ ਸਰੋਤ, Getty Images
ਨੱਬੇ ਦੇ ਦਹਾਕੇ ਵਿੱਚ ਪੰਨੂ ਉੱਤੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਸ਼ਹਿਰਾਂ ਵਿੱਚ ਸਥਿਤ ਥਾਣਿਆਂ ਵਿੱਚ ਇਰਾਦਤਨ ਕਤਲ ਅਤੇ ਕਤਲ ਕਰਨ ਦੇ ਕੇਸ ਦਰਜ ਕੀਤੇ ਗਏ।
ਸੂਤਰਾਂ ਮੁਤਾਬਕ ਗੁਰਪਤਵੰਤ ਪੰਨੂ ਦੇ ਉੱਪਰ ਕਈ ਕੇਸ ਦਰਜ ਹੋਏ ਸਨ, ਜਿਨ੍ਹਾਂ ਵਿੱਚ ਟਾਡਾ (ਟੈਰਰਿਸਟ ਐਂਡ ਡਿਸਰਪਟਿਵ ਐਕਟਿਵਿਟੀਜ਼) ਵੀ ਸ਼ਾਮਿਲ ਹੈ। ਪੰਨੂ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਪੁਲਿਸ ਨੇ ਝੂਠੇ ਮੁਕੱਦਮੇ ਦਾਇਰ ਕੀਤੇ ਸਨ।
ਉਸ ਵੇਲੇ ਦੀ ਨਰਸਿਮ੍ਹਾ ਰਾਓ ਦੀ ਸਰਕਾਰ 'ਚ ਉਨ੍ਹਾਂ ਦੇ ਪਰਿਵਾਰ ਦੇ ਰਸੂਖ਼ ਵਾਲੇ ਲੋਕਾਂ ਨੇ ਜ਼ੋਰ ਲਗਾ ਕੇ ਪੰਨੂ ਨੂੰ ਕਈ ਕੇਸਾਂ ਵਿੱਚੋਂ ਕਢਵਾ ਲਿਆ ਸੀ।
ਅਮਰੀਕਾ 'ਚ ਪ੍ਰਾਪਤ ਕੀਤੀ ਉਚੇਰੀ ਸਿੱਖਿਆ

ਤਸਵੀਰ ਸਰੋਤ, Getty Images
ਇਸ ਤੋਂ ਬਾਅਦ, 1991-92 ਵਿੱਚ ਪੰਨੂ ਅਮਰੀਕਾ ਚਲੇ ਗਏ। ਉੱਥੇ ਜਾ ਕੇ ਉਨ੍ਹਾਂ ਨੇ ਕਨੈਕਟੀਕਟ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ, ਜਿੱਥੇ ਪੰਨੂ ਨੇ ਐੱਮਬੀਏ ਫਾਇਨਾਂਸ ਅਤੇ ਨਿਊਯਾਰਕ ਯੂਨੀਵਰਸਿਟੀ ਵਿੱਚ ਮਾਸਟਰਜ਼ ਆਫ਼ ਲਾਅ ਦੀ ਡਿਗਰੀ ਹਾਸਿਲ ਕੀਤੀ।
ਅਮਰੀਕਾ ਵਿੱਚ ਉਚੇਰੀ ਸਿੱਖਿਆ ਲੈਣ ਤੋਂ ਬਾਅਦ ਪੰਨੂ ਨੇ ਨਿਊਯਾਰਕ ਸਥਿਤ ਵਾਲ ਸਟਰੀਟ ਵਿੱਚ ਸਿਸਟਮ ਐਨੇਲਿਸਟ ਵਜੋਂ 2014 ਤੱਕ ਕੰਮ ਕੀਤਾ। ਉਹ ਅਮਰੀਕਾ ਜਾ ਕੇ ਵੀ ਸਿਆਸੀ ਤੌਰ 'ਤੇ ਸਰਗਰਮ ਰਹੇ।
ਪੰਨੂ ਇੱਕ ਡਿਫੈਂਸ ਵਕੀਲ ਹਨ ਅਤੇ ਉਨ੍ਹਾਂ ਨੇ ਸਾਲ 2007 ਵਿੱਚ ਹੀ ਸਿਖਸ ਫਾਰ ਜਸਟਿਸ ਦੀ ਸਥਾਪਨਾ ਕੀਤੀ ਸੀ।
ਸਿਖਸ ਫਾਰ ਜਸਟਿਸ ਦਾ ਰਜਿਸਟਰਡ ਦਫ਼ਤਰ ਵਾਸ਼ਿੰਗਟਨ ਵਿੱਚ ਹੈ ਅਤੇ ਪੰਨੂ ਦਾ ਦਫ਼ਤਰ ਨਿਊਯਾਰਕ ਵਿੱਚ ਹੈ, ਜਿੱਥੇ ਉਹ ਆਪਣੀ ਲਾਅ ਫਰਮ ਚਲਾਉਂਦੇ ਹਨ।
ਸਿਖਸ ਫਾਰ ਜਸਟਿਸ ਕੀ ਹੈ

ਤਸਵੀਰ ਸਰੋਤ, SIKHS FOR JUSTICE
ਸਿਖਸ ਫਾਰ ਜਸਟਿਸ ਵੱਲੋਂ ਭਾਰਤੀ ਪੰਜਾਬ ਨੂੰ 'ਆਜ਼ਾਦ' ਕਰਵਾਉਣ ਅਤੇ ਖ਼ਾਲਿਸਤਾਨ ਦੇ ਨਾਅਰੇ ਹੇਠ, ਪੰਜਾਬੀਆਂ ਨੂੰ ਸਵੈ-ਨਿਰਣੈ ਦਾ ਹੱਕ ਦੁਆਉਣ ਲਈ 'ਰੈਫਰੈਂਡਮ-2020' ਮੁਹਿੰਮ ਸ਼ੁਰੂ ਕੀਤੀ ਗਈ ਸੀ।
ਇਸ ਤਹਿਤ ਪੰਜਾਬ ਅਤੇ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਆਨਲਾਈਨ ਵੋਟਿੰਗ ਕਰਨ ਲਈ ਕਿਹਾ ਗਿਆ ਸੀ।
ਪਰ ਇਸ ਰੈਫਰੈਂਡਮ ਦੀ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤ ਸਰਕਾਰ ਨੇ 40 ਵੈੱਬਸਾਈਟਾਂ ਨੂੰ ਸਿਖਸ ਫਾਰ ਜਸਟਿਸ ਅਤੇ ਖਾਲਿਸਤਾਨ ਪੱਖੀ ਦੱਸ ਕੇ ਬੈਨ ਕਰ ਦਿੱਤਾ ਸੀ।
ਇਹ ਸੰਗਠਨ ਖ਼ੁਦ ਨੂੰ ਮਨੁੱਖੀ ਅਧਿਕਾਰ ਸੰਗਠਨ ਦੱਸਦਾ ਹੈ, ਪਰ ਭਾਰਤ ਵਿੱਚ ਇਸ ਨੂੰ ਅੱਤਵਾਦੀ ਸੰਗਠਨ ਐਲਾਨਿਆ ਗਿਆ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸੰਗਠਨ ਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਭਾਰਤ ਦੀ ਅਖੰਡਤਾ ਲਈ ਖ਼ਤਰਾ ਦੱਸ ਚੁੱਕੇ ਹਨ।
ਪੰਨੂ ਆਪਣੇ ਕੰਮ ਬਾਰੇ ਕਹਿੰਦੇ ਹਨ ਕਿ ਉਹ ਜਿਹੜੀ ਵੀ ਐਕਟੀਵਿਟੀ ਕਰਦੇ ਹਨ, ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰਦੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਬੁਲੇਟ 'ਤੇ ਨਹੀਂ ਬੈਲਟ 'ਤੇ ਵਿਸ਼ਵਾਸ ਰੱਖਦੇ ਹਨ।
12 ਅਗਸਤ 2018 ਨੂੰ ਸਿਖਸ ਫਾਰ ਜਸਟਿਸ ਵੱਲੋਂ ਲੰਦਨ ਦੇ ਟ੍ਰਫ਼ਾਲਗਰ ਸੁਕੇਅਰ ਵਿੱਚ 'ਰੈਫਰੈਂਡਮ-2020' ਦੇ ਹੱਕ 'ਚ ਇਕੱਠ ਕੀਤਾ ਗਿਆ ਸੀ। ਇਸ ਦਾ ਮੁੱਖ ਟੀਚਾ ਭਾਰਤੀ ਪੰਜਾਬ ਦੀ 'ਆਜ਼ਾਦੀ' ਦੱਸਿਆ ਗਿਆ ਸੀ।
ਪੰਨੂ ਸਿੱਖ ਬਾਣੇ ਵਿੱਚ ਕਿਉਂ ਨਹੀਂ ਹਨ
ਪੰਨੂ ਦਾ ਕਹਿਣਾ ਹੈ ਜਦੋਂ ਉਹ ਭਾਰਤ ਵਿੱਚ ਰਹਿੰਦੇ ਸਨ, ਉਦੋਂ ਹੀ ਉਨ੍ਹਾਂ ਨੇ ਵਾਲ ਕਟਾ ਰੱਖੇ ਸਨ।
ਇਹ ਪੁੱਛੇ ਜਾਣ 'ਤੇ ਕਿ ਉਹ ਸਿੱਖ ਬਾਣੇ ਵਿੱਚ ਕਿਉਂ ਨਹੀਂ ਰਹਿੰਦੇ। ਉਨ੍ਹਾਂ ਦਾ ਕਹਿਣਾ ਸੀ ਕਿ ‘‘ਸਿਖਸ ਫਾਰ ਜਸਟਿਸ ਦਾ ਕੰਮ ਸਿਆਸੀ ਟੀਚੇ ਦੀ ਪ੍ਰਾਪਤੀ ਕਰਨਾ ਹੈ, ਉਨ੍ਹਾਂ ਦਾ ਕੰਮ ਧਰਮ ਪ੍ਰਚਾਰ ਦਾ ਨਹੀਂ ਹੈ।''
ਇਹ ਪੁੱਛੇ ਜਾਣ 'ਤੇ ਕਿ ਉਹ ਭਾਰਤ ਵਿਰੋਧੀ ਗਤੀਵਿਧੀਆਂ ਕਿਉਂ ਕਰਦੇ ਹਨ। ਪੰਨੂ ਨੇ ਕਿਹਾ ਕਿ ਉਹ ਭਾਰਤੀਆਂ ਦੇ ਖਿਲਾਫ਼ ਨਹੀਂ ਹਨ ਪਰ ਉਹ ਪੰਜਾਬ ਦੇ ਹੱਕ ਵਿੱਚ ਹਨ, ਪੰਜਾਬ ਦੀ ਆਜ਼ਾਦੀ ਲਈ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਾਈ ਧਾਰਮਿਕ ਨਹੀਂ ਹੈ ਸਿਆਸੀ ਹੈ।













