ਮਸ਼ਹੂਰ ਡਾਕਟਰ ਦੀ ਮੌਤ ਮਗਰੋਂ ਈਸੀਜੀ ਬਾਰੇ ਕੀ ਸਵਾਲ ਉੱਠ ਰਹੇ, ਦਿਲ ਦੀ ਬਿਮਾਰੀ ਹੋਵੇ ਤਾਂ ਈਸੀਜੀ ਰਿਪੋਰਟ ਸਹੀ ਹੋਣਾ ਹੀ ਸਭ ਕੁਝ ਨਹੀਂ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਸਹਿਯੋਗੀ

ਨਾਗਪੁਰ ਦੇ ਨਿਊਰੋਸਰਜਨ ਡਾਕਟਰ ਚੰਦਰਸ਼ੇਖਰ ਪਾਖਮੋਡੇ ਦਾ ਪਿਛਲੇ ਹਫ਼ਤੇ ਹਸਪਤਾਲ ਲਿਜਾਏ ਜਾਣ ਤੋਂ ਪਹਿਲਾਂ ਹੀ ਦੇਹਾਂਤ ਹੋ ਗਿਆ।

ਸਿਰਫ਼ 53 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਅਚਾਨਕ ਦੇਹਾਂਤ 'ਤੇ ਸੋਗ ਪ੍ਰਗਟ ਕਰਨ ਵਾਲਿਆਂ ਵਿੱਚ ਵੱਡੀ ਗਿਣਤੀ 'ਚ ਮਰੀਜ਼ ਅਤੇ ਡਾਕਟਰੀ ਪੇਸ਼ੇਵਰ ਸ਼ਾਮਲ ਹਨ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਵੀ ਉਨ੍ਹਾਂ ਦੀ ਮੌਤ 'ਤੇ ਦੁਖ ਜਤਾਇਆ ਹੈ।

ਡਾਕਟਰ ਪਾਖਮੋਡੇ ਦੇ ਦੇਹਾਂਤ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਹੀ ਈਸੀਜੀ, ਜਾਂ ਇਲੈਕਟ੍ਰੋਕਾਰਡੀਓਗ੍ਰਾਮ ਟੈਸਟ ਹੋਇਆ ਸੀ, ਜਿਸ ਦੀ ਰਿਪੋਰਟ ਠੀਕ ਆਈ ਸੀ।

ਹਾਲਾਂਕਿ, ਦਿਲ ਦੇ ਰੋਗਾਂ ਦੇ ਮਾਹਰਾਂ ਦਾ ਕਹਿਣਾ ਹੈ ਕਿ ਸਿਰਫ਼ ਈਸੀਜੀ ਦਾ ਸਹੀ ਆਉਣਾ ਦਿਲ ਦੀ ਬਿਮਾਰੀ ਦਾ ਇੱਕੋ-ਇੱਕ ਪੈਮਾਨਾ ਨਹੀਂ ਹੈ।

ਈਸੀਜੀ ਇੱਕ ਸਧਾਰਨ ਟੈਸਟ ਹੈ ਜੋ ਦਿਲ ਦੀ ਇਲੈਕਟ੍ਰਿਕ ਗਤੀਵਿਧੀ ਦੀ ਰਿਕਾਰਡਿੰਗ ਹੁੰਦੀ ਹੈ। ਇਸ ਦੀ ਮਦਦ ਨਾਲ ਡਾਕਟਰ ਦਿਲ ਦੀ ਤਾਲ (ਰਿਧਮ) ਅਤੇ ਇਲੈਕਟ੍ਰਿਕ ਸਿਗਨਲਾਂ ਦੀ ਜਾਂਚ ਕਰ ਸਕਦੇ ਹਨ।

ਈਸੀਜੀ ਵਿੱਚ ਇਲੈਕਟ੍ਰੋਡ ਨਾਮਕ ਸੈਂਸਰ ਛਾਤੀ ਅਤੇ ਬਾਂਹ ਦੇ ਆਲੇ-ਦੁਆਲੇ ਲਗਾਇਆ ਜਾਂਦਾ ਹੈ, ਜਿਸ ਦੀ ਮਦਦ ਨਾਲ ਦਿਲ ਦੀ ਧੜਕਨ ਰਾਹੀਂ ਪੈਦਾ ਹੋਣ ਵਾਲੇ ਇਲੈਕਟ੍ਰਿਕ ਸਿਗਨਲਾਂ ਦਾ ਪਤਾ ਲੱਗ ਜਾਂਦਾ ਹੈ।

"ਈਸੀਜੀ ਹੀ ਇੱਕੋ-ਇੱਕ ਤਰੀਕਾ ਨਹੀਂ''

ਨਾਗਪੁਰ ਦੇ ਨਿਊਰੋਨ ਹਸਪਤਾਲ ਵਿੱਚ ਡਾਕਟਰ ਅਨਿਲ ਜਵਾਹਰਾਨੀ ਨੇ ਡਾਕਟਰ ਪਾਖਮੋਡੇ ਦਾ ਇਲਾਜ ਕੀਤਾ ਸੀ।

ਡਾਕਟਰ ਜਵਾਹਰਾਨੀ ਦਿਲ ਦੇ ਰੋਗਾਂ ਦੇ ਮਾਹਰ ਹਨ ਅਤੇ ਡਾਕਟਰ ਪਾਖਮੋਡੇ ਉਨ੍ਹਾਂ ਤੋਂ ਸਲਾਹ ਲੈਂਦੇ ਸਨ। ਡਾਕਟਰ ਫੁਲਵਾਨੀ ਨੇ ਆਪਣੇ ਦੋਸਤ ਡਾਕਟਰ ਪਾਖਮੋਡੇ ਦੀ ਬੁੱਧਵਾਰ ਸਵੇਰੇ ਮੌਤ ਤੋਂ ਪਹਿਲਾਂ ਉਨ੍ਹਾਂ ਨਾਲ ਡਿਨਰ ਕੀਤਾ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਈਸੀਜੀ ਦਿਲ ਦੀ ਬਿਮਾਰੀ ਦਾ ਪਤਾ ਲਗਾਉਣ ਦਾ ਇੱਕੋ-ਇੱਕ ਤਰੀਕਾ ਨਹੀਂ ਹੈ। 10 ਫੀਸਦੀ ਵੀ ਨਹੀਂ।"

ਈਸੀਜੀ ਦਿਲ ਦੀ ਬਿਮਾਰੀ ਦੇ ਸ਼ੁਰੂਆਤੀ ਨਿਦਾਨ ਦਾ ਇੱਕ ਜ਼ਰੂਰੀ ਹਿੱਸਾ ਹੈ। ਇਹ ਗਤੀਵਿਧੀ ਦਿਲ ਦੀ ਬੁਨਿਆਦੀ ਐਟਾਨਿਮੀ (ਸਰੀਰਕ ਵਿਗਿਆਨ) ਅਤੇ ਇਲੈਕਟ੍ਰੀਕਲ ਕੰਡਕਸ਼ਨ ਸਿਸਟਮ ਦੀ ਸਮੀਖਿਆ ਕਰਦੀ ਹੈ।

ਜੇਕਰ ਕਿਸੇ ਡਾਕਟਰ ਨੂੰ ਕਿਸੇ ਮਰੀਜ਼ ਵਿੱਚ ਦਿਲ ਦੀ ਬਿਮਾਰੀ ਦਾ ਸ਼ੱਕ ਹੁੰਦਾ ਹੈ ਤਾਂ ਉਹ ਈਸੀਜੀ ਟੈਸਟ ਦਾ ਸੁਝਾਅ ਦਿੰਦੇ ਹਨ। ਈਸੀਜੀ ਟੈਸਟ ਇੱਕ ਨਾਰਮਲ ਰੇਂਜ ਨੂੰ ਦਰਸਾਉਂਦਾ ਹੈ ਕਿ ਤੁਹਾਡੇ ਦਿਲ ਵਿੱਚ ਕੋਈ ਸਮੱਸਿਆ ਤਾਂ ਨਹੀਂ।

ਸ਼੍ਰੀ ਕ੍ਰਿਸ਼ਨਾ ਹਿਰਦਿਆਲਿਆ ਨਾਗਪੁਰ ਦੇ ਨਿਰਦੇਸ਼ਕ ਅਤੇ ਦਿਲ ਦੇ ਮਾਹਰ ਡਾਕਟਰ ਮਹੇਸ਼ ਫੁਲਵਾਨੀ ਨੇ ਬੀਬੀਸੀ ਨੂੰ ਦੱਸਿਆ, "ਇੱਕ ਆਮ ਈਸੀਜੀ ਇਸ ਗੱਲ ਦੀ ਗਰੰਟੀ ਨਹੀਂ ਦਿੰਦਾ ਕਿ ਕੋਈ ਵਿਅਕਤੀ ਘੰਟਿਆਂ, ਮਹੀਨਿਆਂ ਜਾਂ ਸਾਲਾਂ ਤੱਕ ਜ਼ਿੰਦਾ ਰਹੇਗਾ। ਦਿਲ ਇੱਕ ਅਜਿਹਾ ਅੰਗ ਹੈ ਜੋ ਗਤੀਸ਼ੀਲ ਹੈ।"

"ਇਸ ਦੇ ਅੰਦਰ ਬਹੁਤ ਸਾਰੀਆਂ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਈਸੀਜੀ ਉਨ੍ਹਾਂ ਨੂੰ ਜਾਂਚਣ ਦਾ ਇੱਕ ਤਰੀਕਾ ਹੈ।"

ਡਾਕਟਰ ਪਾਖਮੋਡੇ ਨਾਲ ਅਜਿਹਾ ਕਿਉਂ ਹੋਇਆ?

ਡਾਕਟਰ ਪਾਖਮੋਡੇ ਨਾਲ ਅਜਿਹਾ ਕਿਵੇਂ ਅਤੇ ਕਿਉਂ ਹੋਇਆ? ਇਹ ਅਜਿਹੇ ਸਵਾਲ ਹਨ ਜੋ ਸਭ ਤੋਂ ਵੱਧ ਪੁੱਛੇ ਜਾ ਰਹੇ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਮੁੱਖ ਤੌਰ 'ਤੇ ਉਨ੍ਹਾਂ ਦੇ ਨਿੱਜੀ ਕਾਰਡੀਓਲੋਜਿਸਟ ਡਾਕਟਰ ਜਵਾਹਰਾਨੀ ਨੇ ਦਿੱਤੇ ਹਨ।

ਡਾਕਟਰ ਜਵਾਹਰਾਨੀ ਨੇ ਕਿਹਾ, "ਉਹ ਬਹੁਤ ਮਿਹਨਤੀ ਵਿਅਕਤੀ ਸਨ। ਉਹ ਸਵੇਰੇ 5 ਵਜੇ ਉੱਠਦੇ ਸਨ, ਜਿੰਮ ਜਾਂਦੇ ਸੀ, ਸਾਈਕਲ ਚਲਾਉਂਦੇ ਸਨ ਅਤੇ ਟ੍ਰੈਡਮਿਲ ਦੀ ਵਰਤੋਂ ਕਰਦੇ ਸਨ। ਸਵੇਰੇ ਲਗਭਗ 6 ਵਜੇ ਉਹ ਹਸਪਤਾਲ ਵਿੱਚ ਆਪਣੇ ਰਾਊਂਡ ਸ਼ੁਰੂ ਕਰ ਦਿੰਦੇ ਸਨ।''

ਉਹ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਓਪਰੇਸ਼ਨ ਥੀਏਟਰ ਵਿੱਚ ਰਹਿੰਦੇ ਸਨ। ਲੰਚ ਤੋਂ ਬਾਅਦ ਉਹ ਸ਼ਾਮ 5 ਵਜੇ ਓਪੀਡੀ ਪਹੁੰਚ ਜਾਂਦੇ ਸਨ।

ਉਨ੍ਹਾਂ ਕਿਹਾ, "ਉਹ ਰਾਤ 11 ਵਜੇ ਤੱਕ ਓਪੀਡੀ ਵਿੱਚ 150 ਜਾਂ ਉਸ ਤੋਂ ਵੀ ਵੱਧ ਮਰੀਜ਼ਾਂ ਨੂੰ ਦੇਖਦੇ ਸਨ। ਰਾਤ 11 ਵਜੇ ਤੋਂ 12 ਵਜੇ ਦੇ ਵਿਚਕਾਰ ਡਿਨਰ ਕਰਦੇ ਸਨ ਅਤੇ ਫਿਰ ਸੌਂ ਜਾਂਦੇ ਸਨ। ਲੰਘੇ ਦੋ ਦਹਾਕਿਆਂ ਤੋਂ ਜ਼ਿਆਦਾ ਉਨ੍ਹਾਂ ਦੀ ਪੇਸ਼ੇਵਰ ਜ਼ਿੰਦਗੀ ਦੌਰਾਨ ਇਹੀ ਉਨ੍ਹਾਂ ਦੀ ਜੀਵਨ ਸ਼ੈਲੀ ਸੀ।"

"ਉਹ ਆਪਣੇ ਮਰੀਜ਼ਾਂ ਲਈ ਰੱਬ ਵਰਗੇ ਸਨ। ਇਹੀ ਗੱਲ ਕਿਸੇ ਵੀ ਮਨੁੱਖ 'ਤੇ ਵੀ ਹਮੇਸ਼ਾ ਬਿਹਤਰ ਪ੍ਰਦਰਸ਼ਨ ਕਰਨ ਲਈ ਦਬਾਅ ਪਾਉਣ ਲਈ ਕਾਫ਼ੀ ਹੈ। ਅਜਿਹਾ ਦਬਾਅ ਤਣਾਅ ਦਾ ਕਾਰਨ ਬਣਦਾ ਹੈ।"

ਡਾਕਟਰ ਫੁਲਵਾਨੀ ਨੇ ਡਾਕਟਰ ਪਾਖਮੋਡੇ ਦੀ ਸ਼ਖਸੀਅਤ ਦਾ ਇੱਕ ਵੱਖਰਾ ਪਹਿਲੂ ਉਜਾਗਰ ਕੀਤਾ।

ਉਨ੍ਹਾਂ ਕਿਹਾ, "ਸਮੇਂ ਦੇ ਨਾਲ ਹਰ ਰੋਜ਼ ਦਾ ਤਣਾਅ ਵਧਦਾ ਜਾਂਦਾ ਹੈ। ਉਹ ਇੰਨੇ ਪਿਆਰੇ ਇਨਸਾਨ ਸਨ ਕਿ ਉਹ ਆਪਣੇ ਕਿਸੇ ਵੀ ਸਾਥੀ ਨੂੰ ਕਦੇ ਵੀ ਇਨਕਾਰ ਨਹੀਂ ਕਰਦੇ ਸਨ ਜੋ ਕਿਸੇ ਮਰੀਜ਼ ਨੂੰ ਉਨ੍ਹਾਂ ਕੋਲ ਚੈੱਕਅੱਪ ਲਈ ਭੇਜਦੇ ਸਨ। ਉਹ ਸਾਰਾ ਕੰਮ ਆਪਣੇ ਉਤੇ ਲੈ ਲੈਂਦੇ ਸਨ। ਉਹ ਘੱਟ ਸੌਂਦੇ ਸਨ ਅਤੇ ਜ਼ਿਆਦਾ ਕੰਮ ਕਰਦੇ ਸਨ।"

"ਉਹ ਅਸਲ ਵਿੱਚ ਬਹੁਤ ਜ਼ਿਆਦਾ ਕੰਮ ਦੇ ਬੋਝ ਹੇਠ ਦੱਬੇ ਹੋਏ ਸਨ। ਉਹ ਕੰਮ ਪ੍ਰਤੀ ਸਮਰਪਿਤ ਸਨ। ਡਾਕਟਰ ਪਾਖਮੋਡੇ ਦਾ ਦੇਹਾਂਤ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਮੈਨੂੰ ਕਦੇ ਨਹੀਂ ਦੱਸਿਆ ਕਿ ਉਨ੍ਹਾਂ ਨੇ ਈਸੀਜੀ ਕਰਵਾਇਆ ਸੀ ਜਾਂ ਤਿੰਨ ਦਿਨ ਪਹਿਲਾਂ ਉਨ੍ਹਾਂ ਨੂੰ ਛਾਤੀ 'ਚ ਦਰਦ ਉੱਠਿਆ ਸੀ।''

ਦਿਲ ਦੀ ਬਿਮਾਰੀ ਦਾ ਮੁਲਾਂਕਣ ਕਿਵੇਂ ਕੀਤਾ ਜਾਂਦਾ ਹੈ?

ਡਾਕਟਰ ਪਾਖਮੋਡੇ ਨੇ ਡਾਕਟਰ ਜਵਾਹਰਾਨੀ ਨਾਲ ਆਪਣੀ ਈਸੀਜੀ ਰਿਪੋਰਟ 'ਤੇ ਕੋਈ ਚਰਚਾ ਨਹੀਂ ਕੀਤੀ। ਹਾਲਾਂਕਿ, ਉਨ੍ਹਾਂ ਨੇ ਮਰੀਜ਼ ਦੀ ਤਬੀਅਤ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਸੀ।

ਡਾਕਟਰ ਜਵਾਹਰਾਨੀ ਨੂੰ ਅਫਸੋਸ ਹੈ ਕਿ "ਕਾਸ਼ ਉਨ੍ਹਾਂ ਨੇ ਆਪਣੀ ਰਿਪੋਰਟ ਬਾਰੇ ਗੱਲ ਕੀਤੀ ਹੁੰਦੀ। ਇਹ ਗੜਬੜ ਹੋ ਗਈ।"

ਡਾਕਟਰ ਪਾਖਮੋਡੇ ਦੇ ਪਤਨੀ ਇੱਕ ਪ੍ਰੈਕਟਿਸਿੰਗ ਐਨੇਸਥੇਟਿਸਟ ਹਨ। ਉਨ੍ਹਾਂ ਦਾ ਸਵੇਰੇ ਲਗਭਗ 5:15 ਵਜੇ ਫੋਨ ਆਇਆ ਕਿ ਪਾਖਮੋਡੇ ਨੂੰ ਛਾਤੀ ਵਿੱਚ ਦਰਦ ਹੋਇਆ ਹੈ ਅਤੇ ਉਹ ਬਿਸਤਰ 'ਤੇ ਡਿੱਗ ਗਏ ਹਨ। ਘਰ ਅਤੇ ਹਸਪਤਾਲ ਵਿਚਕਾਰ ਉਨ੍ਹਾਂ ਨੂੰ ਹੋਸ਼ 'ਚ ਲਿਆਉਣ ਦੀਆਂ ਕੋਸ਼ਿਸ਼ਾਂ ਕੰਮ ਨਹੀਂ ਕਰ ਸਕੀਆਂ।

ਡਾਕਟਰ ਜਵਾਹਰਾਨੀ ਨੇ ਕਿਹਾ, "ਈਸੀਜੀ ਤੋਂ ਪਤਾ ਲੱਗ ਜਾਂਦਾ ਹੈ ਕਿ ਦਿਲ ਦੇ ਦੌਰੇ ਵਰਗੀ ਕੋਈ ਗੰਭੀਰ ਸਮੱਸਿਆ ਤਾਂ ਨਹੀਂ ਹੈ। 65 ਤੋਂ 70 ਫੀਸਦੀ ਮਰੀਜ਼ਾਂ ਵਿੱਚ ਈਸੀਜੀ ਨਾਲ ਇਸਦੇ ਲੱਛਣਾਂ ਦਾ ਪਤਾ ਲਗਾਇਆ ਜਾਂਦਾ ਹੈ। ਪਰ ਜੇਕਰ ਦਿਲ ਦਾ ਦੌਰਾ ਮਾਮੂਲੀ ਹੋਵੇ ਤਾਂ ਸ਼ਾਇਦ ਈਸੀਜੀ 'ਚ ਇਸ ਬਾਰੇ ਪਤਾ ਨਾ ਵੀ ਲੱਗੇ।

"ਅਜਿਹੀ ਸਥਿਤੀ ਵਿੱਚ, ਲਗਭਗ ਇੱਕ ਘੰਟੇ ਬਾਅਦ ਇੱਕ ਹੋਰ ਈਸੀਜੀ ਕਰਵਾਉਣ ਦਾ ਬਦਲ ਹੁੰਦਾ ਹੈ। ਹਾਲਾਂਕਿ, ਈਸੀਜੀ ਦੇ ਨਾਲ ਖੂਨ ਦੀ ਜਾਂਚ ਅਤੇ ਇਮੇਜਿੰਗ ਵੀ ਕਰਾਉਣੀ ਹੋਵੇਗੀ।"

ਦੋਵਾਂ ਡਾਕਟਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦਿਲ ਦਾ ਦੌਰਾ ਪੈਣ ਵਾਲੇ ਘੱਟੋ-ਘੱਟ 65 ਫੀਸਦੀ ਲੋਕਾਂ ਨੂੰ ਚੇਤਾਵਨੀ ਦੇ ਸੰਕੇਤ ਮਿਲਦੇ ਹਨ।

ਡਾਕਟਰ ਫੁਲਵਾਨੀ ਨੇ ਕਿਹਾ, "ਇਨ੍ਹਾਂ ਲੱਛਣਾਂ ਵਿੱਚ ਬੇਚੈਨੀ, ਪੇਟ ਵਿੱਚ ਗੈਸ, ਡਕਾਰ ਆਉਣਾ, ਪਿੱਠ ਅਤੇ ਗਲੇ ਵਿੱਚ ਦਰਦ, ਤੁਰਦੇ ਸਮੇਂ ਥਕਾਵਟ, ਪੈਰਾਂ ਵਿੱਚ ਅਸਥਿਰਤਾ ਅਤੇ ਸਾਹ ਚੜ੍ਹਨਾ ਸ਼ਾਮਲ ਹਨ। ਇਹ ਲੱਛਣ ਦਿਲ ਦਾ ਦੌਰਾ ਪੈਣ ਤੋਂ ਸੱਤ ਦਿਨ ਪਹਿਲਾਂ ਦਿਖਾਈ ਦੇ ਸਕਦੇ ਹਨ।"

ਡਾਕਟਰ ਮਰੀਜ਼ ਦੀ ਉਮਰ, ਲਿੰਗ, ਪਫੈਮਿਲੀ ਹਿਸਟ੍ਰੀ, ਬਲੱਡ ਪ੍ਰੈਸ਼ਰ ਜਾਂ ਸਰੀਰ ਦੇ ਹੋਰ ਹਿੱਸਿਆਂ ਵਿੱਚ ਦਰਦ ਵਰਗੇ ਫੈਕਟਰ ਵੀ ਜਾਂਚਦੇ ਹਨ।

ਡਾਕਟਰ ਫੁਲਵਾਨੀ ਨੇ ਦੱਸਿਆ, "ਜੇ ਛਾਤੀ, ਮੋਢੇ ਜਾਂ ਪਿੱਠ ਵਿੱਚ ਦਰਦ ਦੋ ਦਿਨਾਂ ਤੱਕ ਬਣਿਆ ਰਹਿੰਦਾ ਹੈ, ਤਾਂ ਟ੍ਰੋਪੋਨਿਨ ਵਰਗੇ ਕਾਰਡੀਅਕ ਐਨਜ਼ਾਈਮ ਦੀ ਜਾਂਚ ਕੀਤੀ ਜਾਂਦੀ ਹੈ। ਜੇਕਰ ਮਰੀਜ਼ ਕੁਝ ਦਿਨਾਂ ਤੋਂ ਦਰਦ ਮਹਿਸੂਸ ਕਰ ਰਿਹਾ ਹੈ, ਤਾਂ ਟ੍ਰੈਡਮਿਲ ਟੈਸਟ (ਟੀਐਮਟੀ) ਕੀਤਾ ਜਾਂਦਾ ਹੈ।"

"ਆਖਰੀ ਟੈਸਟ ਸੀਟੀ ਐਂਜੀਓਗ੍ਰਾਫੀ ਜਾਂ ਸੀਟੀ ਕੋਰੋਨਰੀ ਐਂਜੀਓਗ੍ਰਾਫੀ ਹੁੰਦੀ ਹੈ। ਇਹ ਸਾਰੇ ਟੈਸਟ ਇਹ ਯਕੀਨੀ ਬਣਾਉਣ ਲਈ ਕੀਤੇ ਜਾਂਦੇ ਹਨ ਕਿ ਕੋਈ ਬਿਮਾਰੀ ਤਾਂ ਨਹੀਂ ਹੈ।"

ਡਾਕਟਰ ਫੁਲਵਾਨੀ ਕਹਿੰਦੇ ਹਨ, "ਸਿੱਧੀ ਗੱਲ ਇਹ ਹੈ ਕਿ ਆਪਣੀ ਸਿਹਤ ਦੇ ਅੰਕੜਿਆਂ ਨੂੰ ਜਾਣੋ।"

ਉਨ੍ਹਾਂ ਦਾ ਮਤਲਬ ਹੈ ਮਰੀਜ਼ ਦੇ ਸਰੀਰ ਵਿੱਚ ਕੋਲੈਸਟ੍ਰੋਲ ਦਾ ਪੱਧਰ, ਬਲੱਡ ਸ਼ੂਗਰ ਦੇ ਪੱਧਰ, ਅਤੇ ਪੇਟ ਦੀ ਮੋਟਾਈ (ਅੰਦਰਲੀ ਚਰਕਬੀ) ਦਾ ਪਤਾ ਲਗਾਓ।

ਪੇਟ ਦੀ ਚਰਬੀ ਨੂੰ ਘਟਾਉਣ ਲਈ ਦਿਲ ਦੇ ਰੋਗਾਂ ਦੇ ਡਾਕਟਰ ਡਾਇਟ ਕਰਨ ਅਤੇ ਕਸਰਤ ਕਰਨ ਦੀ ਸਿਫਾਰਸ਼ ਕਰਦੇ ਹਨ।

ਡਾਕਟਰ ਫੁਲਵਾਨੀ ਨੇ ਕਿਹਾ, "ਘੱਟ ਚਰਬੀ, ਘੱਟ ਕਾਰਬੋਹਾਈਡਰੇਟ, ਜ਼ਰੂਰੀ ਪ੍ਰੋਟੀਨ ਅਤੇ ਹਰ ਰੋਜ਼ 50 ਮਿੰਟ ਕਸਰਤ। ਇੱਕ ਦਿਨ ਛੱਡ ਕੇ ਜਿੰਮ ਜਾਣਾ, ਸਵੀਮਿੰਗ ਕਰਨਾ, ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀਆਂ ਕਸਰਤਾਂ ਕਰਨਾ ਅਤੇ ਤਣਾਅ ਘਟਾਉਣਾ। ਇਹ ਦਿਲ ਦੀ ਬਿਮਾਰੀ ਤੋਂ ਬਚਣ ਲਈ ਇਹ ਜ਼ਰੂਰੀ ਚੀਜ਼ਾਂ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)