You’re viewing a text-only version of this website that uses less data. View the main version of the website including all images and videos.
'ਮੇਰੇ ਦਿਲ ਨੇ ਮੈਨੂੰ 22 ਸਾਲ ਦੀ ਉਮਰ ’ਚ ਤਕਰੀਬਨ ਮਾਰ ਹੀ ਦਿੱਤਾ ਸੀ', ਜਾਣੋ ਇਹ ਐਥਲੀਟ ਮਹਿਲਾਵਾਂ ਨੂੰ ਦਿਲ ਦੀ ਜਾਂਚ ਕਰਾਉਣ ਲਈ ਕਿਉਂ ਕਹਿ ਰਹੀ
- ਲੇਖਕ, ਕੇਟ ਬੋਵੀ
- ਰੋਲ, ਗਲੋਬਲ ਹੈਲਥ, ਬੀਬੀਸੀ ਵਰਲਡ ਸਰਵਿਸ
"ਮੈਨੂੰ ਲੱਗਦਾ ਸੀ ਕਿ ਮੈਂ ਇੱਕਦਮ ਫਿਟ ਹਾਂ... ਅਤੇ ਫਿਰ ਅਚਾਨਕ ਮੈਂ ਇੱਕ ਸਪੋਰਟਸ ਹਾਲ ਦੇ ਵਿਚਕਾਰ ਡਿੱਗ ਪਈ ਅਤੇ ਕਿਸੇ ਨੂੰ ਪਤਾ ਨਹੀਂ ਸੀ ਅਚਾਨਕ ਕੀ ਹੋ ਗਿਆ।''
ਕੈਟਲਿਨ ਲਾਰੈਂਸ ਦੀ ਜ਼ਿੰਦਗੀ 22 ਸਾਲ ਦੀ ਉਮਰ ਵਿੱਚ ਉਸ ਵੇਲੇ ਇੱਕ ਪਲ 'ਚ ਹੀ ਬਦਲ ਗਈ, ਜਦੋਂ ਉਨ੍ਹਾਂ ਨੂੰ ਐਲੀਟ-ਲੈਵਲ ਨੈੱਟਬਾਲ ਖੇਡਦੇ ਸਮੇਂ ਇੱਕ ਵੱਡਾ ਦਿਲ ਦਾ ਦੌਰਾ ਪਿਆ।
ਇੱਕ ਤੰਦਰੁਸਤ ਅਤੇ ਸਿਹਤਮੰਦ ਮਹਿਲਾ ਹੋਣ ਦੇ ਨਾਤੇ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਦਿਲ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਇੱਕ ਆਮ ਸਮੱਸਿਆ ਹੈ - ਦਿਲ ਦੀ ਬਿਮਾਰੀ ਪੁਰਸ਼ਾਂ ਅਤੇ ਮਹਿਲਾਵਾਂ ਦੋਵਾਂ ਲਈ ਦੁਨੀਆ ਭਰ 'ਚ ਮੌਤ ਦਾ ਮੁੱਖ ਕਾਰਨ ਹੈ, ਪਰ ਮਾਹਰ ਕਹਿੰਦੇ ਹਨ ਕਿ ਮਹਿਲਾਵਾਂ ਨੂੰ ਅਕਸਰ ਇਹ ਅਹਿਸਾਸ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਖ਼ਤਰਾ ਹੋ ਸਕਦਾ ਹੈ।
ਕੈਟਲਿਨ ਕਹਿੰਦੇ ਹਨ ਕਿ ਅਕਤੂਬਰ 2023 ਵਿੱਚ ਉਨ੍ਹਾਂ ਦੇ ਗਸ਼ ਖਾ ਕੇ ਡਿੱਗਣ ਵਾਲਾ ਦਿਨ ਉਨ੍ਹਾਂ ਦੀ ਬਾਕੀ ਦੀ ਜ਼ਿੰਦਗੀ ਲਈ ਅਹਿਮ ਰਹੇਗਾ। ਉਨ੍ਹਾਂ ਨੂੰ ਆਪਣੇ ਨੈੱਟਬਾਲ ਮੈਚ ਲਈ ਵਾਰਮਅਪ ਕਰਨਾ ਯਾਦ ਨਹੀਂ, ਬਸ ਇਹੀ ਚੇਤੇ ਹੈ ਕਿ ਉਨ੍ਹਾਂ ਨੂੰ ਥੋੜ੍ਹਾ ਜਿਹਾ ਮਤਲੀ ਮਹਿਸੂਸ ਹੋ ਰਹੀ ਸੀ।
ਲੰਦਨ ਦੇ ਰਹਿਣ ਵਾਲੇ 24 ਸਾਲਾ ਕੈਟਲਿਨ ਕਹਿੰਦੇ ਹਨ, "ਅਗਲੀ ਗੱਲ ਜਦੋਂ ਮੈਨੂੰ ਪਤਾ ਲੱਗੀ ਉਹ ਸੀ ਮੇਰੇ ਚਿਹਰੇ 'ਤੇ ਇੱਕ ਪੈਰਾਮੈਡਿਕ ਸੀ।''
ਗਸ਼ ਖਾ ਕੇ ਡਿੱਗਣ ਤੋਂ ਬਾਅਦ ਉਹ ਛੇ ਮਿੰਟਾਂ ਤੱਕ ਬੇਹੋਸ਼ ਰਹੇ। ਉਹ ਕਹਿੰਦੇ ਹਨ, "ਉਨ੍ਹਾਂ ਨੂੰ ਵਾਕਈ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਕੀ ਹੋ ਗਿਆ ਹੈ।"
ਡਾਕਟਰੀ ਜਾਂਚਾਂ ਤੋਂ ਪਤਾ ਲੱਗਿਆ ਕਿ ਉਨ੍ਹਾਂ ਦੀ ਧੜਕਣ ਅਨਿਯਮਿਤ ਸੀ ਅਤੇ ਉਸ ਦੇ ਦਿਲ ਦੀ ਨਿਗਰਾਨੀ ਲਈ ਇੱਕ ਛੋਟਾ ਇੰਪਲਾਂਟ ਕਰਨ ਯੋਗ ਲੂਪ ਰਿਕਾਰਡਰ ਲਗਾਇਆ ਗਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਹੌਲੀ-ਹੌਲੀ ਮੁੜ ਖੇਡਣਾ ਸ਼ੁਰੂ ਕਰ ਦਿੱਤਾ।
ਪਰ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਇੱਕ ਵੀਕਐਂਡ ਦੌਰਾਨ ਜਦੋਂ ਬਹੁਤ ਗਰਮੀ ਸੀ, ਉਸ ਦੌਰਾਨ ਇੱਕ ਨੈਟਬਾਲ ਮੈਚ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਫ਼ੋਨ ਆਇਆ, ਜਿੱਥੇ ਉਨ੍ਹਾਂ ਦੇ ਡਾਕਟਰ ਨੇ ਉਨ੍ਹਾਂ ਦੇ ਦਿਲ ਦੀ ਚਿੰਤਾਜਨਕ ਗਤੀ ਨੋਟ ਕੀਤੀ ਸੀ।
ਉਨ੍ਹਾਂ ਦੇ ਰਿਕਾਰਡਰ ਨੇ ਇੱਕ ਵੱਡੀ ਐਰਿਥਮੀਆ ਦਰਜ ਕੀਤੀ ਸੀ - ਭਾਵ ਦਿਲ ਦੀ ਧੜਕਣ ਦਾ ਅਸਧਾਰਣ ਹੋਣਾ। ਕੈਟਲਿਨ ਦਾ ਦਿਲ 11 ਸਕਿੰਟ ਲਈ 294 ਧੜਕਣ ਪ੍ਰਤੀ ਮਿੰਟ ਤੱਕ ਪਹੁੰਚ ਗਿਆ ਸੀ, ਜੋ ਕਸਰਤ ਦੌਰਾਨ ਉਨ੍ਹਾਂ ਦੀ ਉਮਰ ਵਾਲੇ ਵਿਅਕਤੀ ਲਈ ਉਮੀਦ ਕੀਤੀ 100-170 ਦੀ ਸੀਮਾ ਤੋਂ ਕਾਫ਼ੀ ਜ਼ਿਆਦਾ ਸੀ।
ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਉਨ੍ਹਾਂ ਦੀ ਜਾਨ ਵੀ ਲੈ ਸਕਦਾ ਸੀ।
ਉਨ੍ਹਾਂ ਨੂੰ ਐਰਿਥਮੋਜੈਨਿਕ ਕਾਰਡੀਓਮਾਇਓਪੈਥੀ ਨਾਂ ਦੀ ਦਿਲ ਦੀ ਇੱਕ ਦੁਰਲੱਭ ਬਿਮਾਰੀ ਬਾਰੇ ਪਤਾ ਲੱਗਿਆ। ਇਸ ਵਿੱਚ ਮਾਸਪੇਸ਼ੀ ਟਿਸ਼ੂ ਦੀਆਂ ਕੋਸ਼ਿਕਾਵਾਂ ਜਿਵੇਂ ਵਿਕਸਿਤ ਹੋਣੀਆਂ ਚਾਹੀਦੀਆਂ ਹਨ, ਉਸ ਤਰ੍ਹਾਂ ਵਿਕਾਸ ਨਹੀਂ ਕਰਦੀਆਂ।
ਕੈਟਲਿਨ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਬਿਮਾਰੀ ਉਨ੍ਹਾਂ ਦੇ ਪਰਿਵਾਰ ਵਿੱਚ ਹੀ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਉਹ ਕਦੇ ਵੀ ਮੁੜ ਐਲੀਟ ਨੈਟਬਾਲ ਨਹੀਂ ਖੇਡ ਸਕਣਗੇ।
ਉਹ ਕਹਿੰਦੇ ਹਨ, "ਮੈਂ ਇਸ ਤੋਂ ਬੁਰਾ ਹੋਰ ਕੀ ਸੁਨ ਸਕਦੀ ਸੀ।"
'ਕੋਈ ਆਮ ਬਿਮਾਰੀ ਨਹੀਂ'
ਵਰਲਡ ਹਾਰਟ ਫੈਡਰੇਸ਼ਨ (ਡਬਲਯੂਐਚਐਫ਼) ਦੇ ਮੁਤਾਬਕ, ਮਹਿਲਾਵਾਂ ਵਿੱਚ ਦਿਲ-ਧਮਨੀਆਂ (ਕਾਰਡੀਓਵੈਸਕੁਲਰ) ਨਾਲ ਸੰਬੰਧਤ ਬਿਮਾਰੀਆਂ ਦਾ ਪਤਾ ਘੱਟ ਲੱਗਦਾ ਹੈ ਅਤੇ ਇਲਾਜ ਵੀ ਘੱਟ ਮਿਲ ਪਾਉਂਦਾ ਹੈ। ਇਸ ਦਾ ਕਾਰਨ ਗਲਤ ਫ਼ਹਿਮੀਆਂ ਅਤੇ ਮਰੀਜ਼ਾਂ ਤੇ ਡਾਕਟਰਾਂ ਦੋਹਾਂ ਵਿੱਚ ਜਾਗਰੂਕਤਾ ਦੀ ਕਮੀ ਹੈ।
ਡਬਲਯੂਐਚਐਫ਼ ਦੇ ਮੁੱਖ ਓਪਰੇਟਿੰਗ ਅਧਿਕਾਰੀ ਬੋਰਜਾਨਾ ਪੇਰਵਨ ਕਹਿੰਦੇ ਹਨ, "ਹਰ ਰੋਜ਼ ਅਸੀਂ ਅਜਿਹੀਆਂ ਮਹਿਲਾਵਾਂ ਨੂੰ ਮਿਲਦੇ ਹਾਂ ਜੋ ਇਹ ਨਹੀਂ ਜਾਣਦੀਆਂ ਕਿ ਉਹ ਕਾਰਡੀਓਵੈਸਕੁਲਰ ਨਾਲ ਸੰਬੰਧਤ ਕਿਸੇ ਦਿੱਕਤ ਦਾ ਸਾਹਮਣਾ ਕਰ ਰਹੀਆਂ ਹਨ।"
ਦਿਲ ਦੇ ਦੌਰੇ ਦੇ ਲੱਛਣ, ਜੋ ਅਕਸਰ ਅੰਦਰੂਨੀ ਬਿਮਾਰੀ ਦਾ ਪਹਿਲਾ ਸੰਕੇਤ ਹੁੰਦੇ ਹਨ, ਮਰਦਾਂ ਦੀ ਤੁਲਨਾ ਵਿੱਚ ਮਹਿਲਾਵਾਂ ਵਿੱਚ ਪਛਾਣਨੇ ਔਖੇ ਹੋ ਸਕਦੇ ਹਨ।
ਦਿਲ ਦੇ ਦੌਰੇ ਦਾ ਸਭ ਤੋਂ ਆਮ ਲੱਛਣ ਹੈ - ਛਾਤੀ ਦਾ ਦਰਦ, ਜੋ ਮਹਿਲਾਵਾਂ ਵਿੱਚ ਹਮੇਸ਼ਾ ਮਹਿਸੂਸ ਨਹੀਂ ਹੁੰਦਾ।
ਇਸ ਦੀ ਬਜਾਏ ਦਰਦ ਮੋਢਿਆਂ, ਗਰਦਨ, ਜਬ੍ਹੜੇ, ਬਾਂਹਾਂ, ਪੇਟ ਅਤੇ ਪਿੱਠ ਤੱਕ ਫੈਲ ਸਕਦਾ ਹੈ।
ਮਹਿਲਾਵਾਂ ਨੂੰ ਬਿਨਾਂ ਕਾਰਨ ਘਬਰਾਹਟ, ਮਤਲੀ, ਚੱਕਰ, ਸਾਹ ਦੀ ਕਮੀ, ਦਿਲ ਦੀ ਧੜਕਣ ਤੇਜ਼ ਮਹਿਸੂਸ ਹੋਣਾ ਅਤੇ ਠੰਢਾ ਪਸੀਨਾ ਵੀ ਆ ਸਕਦਾ ਹੈ। ਇਹ ਲੱਛਣਾਂ ਤੋਂ ਪਹਿਲਾਂ ਬਿਨਾਂ ਕਾਰਨ ਥਕਾਵਟ ਵੀ ਹੋ ਸਕਦੀ ਹੈ।
ਸਿਹਤ ਸੇਵਾ ਨਾਲ ਜੁੜੇ ਪੇਸ਼ੇਵਰ ਵੀ ਕਈ ਵਾਰ ਇਹ ਲੱਛਣ ਨਜ਼ਰਅੰਦਾਜ਼ ਕਰ ਜਾਂਦੇ ਹਨ। ਪੇਰਵਨ ਕਹਿੰਦੇ ਕਿ ਉਹ ਅਣਗਿਣਤ ਉਦਾਹਰਣਾਂ ਦੇਖ ਚੁੱਕੇ ਹਨ, ਜਿਨ੍ਹਾਂ ਵਿੱਚ ਇੱਕ 27 ਸਾਲਾ ਮਰੀਜ਼ ਵੀ ਸ਼ਾਮਲ ਹੈ, ਜਿਸ ਨੇ ਹਾਲ ਹੀ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਸ ਦੇ ਲੱਛਣਾਂ ਨੂੰ ਗਲਤ ਤੌਰ 'ਤੇ ਜਣੇਪੇ ਤੋਂ ਬਾਅਦ ਤਣਾਅ ਕਹਿ ਦਿੱਤਾ ਗਿਆ ਸੀ।
ਉਹ ਕਹਿੰਦੇ ਹਨ, "ਇਸ ਦੀ ਸੰਭਾਵਨਾ ਘੱਟ ਹੀ ਹੁੰਦੀ ਹੈ ਕਿ ਮਹਿਲਾਵਾਂ ਲੱਛਣ ਨਜ਼ਰ ਆਉਣ 'ਤੇ ਹਸਪਤਾਲ ਜਾਣ। ਮਰਦਾਂ ਦੇ ਮੁਕਾਬਲੇ ਉਨ੍ਹਾਂ ਨੂੰ ਤੁਰੰਤ ਅਤੇ ਸਹੀ ਇਲਾਜ ਮਿਲਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ ਅਤੇ ਹਸਪਤਾਲ ਪਹੁੰਚਣ ਤੋਂ ਬਾਅਦ ਵੀ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਘੱਟ ਰਹਿੰਦੀ ਹੈ।"
ਡਬਲਯੂਐਚਐਫ਼ ਦੇ ਮੁਤਾਬਕ, ਮਹਿਲਾਵਾਂ ਵਿੱਚ 30% ਮੌਤਾਂ ਦਾ ਕਾਰਨ ਕਾਰਡੀਓਵੈਸਕੁਲਰ ਨਾਲ ਸੰਬੰਧਤ ਬਿਮਾਰੀਆਂ ਹੀ ਬਣਦੀਆਂ ਹਨ।
ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਦੇ ਅਨੁਸਾਰ, 2021 ਦੇ ਡੇਟਾ ਤੋਂ ਪਤਾ ਲੱਗਦਾ ਹੈ ਕਿ ਉਸ ਸਾਲ ਦੁਨੀਆ ਭਰ ਵਿੱਚ ਨੌ ਮਿਲੀਅਨ ਤੋਂ ਵੱਧ ਮਹਿਲਾਵਾਂ ਦੀ ਇਸ ਬਿਮਾਰੀ ਕਾਰਨ ਮੌਤ ਹੋਈ - ਜੋ ਕਿ ਸਵਿਟਜ਼ਰਲੈਂਡ ਦੀ ਆਬਾਦੀ ਤੋਂ ਵੀ ਵੱਧ ਹੈ।
ਪੇਰਵਨ ਕਹਿੰਦੇ ਹਨ, "ਇਹ ਕੋਈ ਆਮ ਬਿਮਾਰੀ ਨਹੀਂ ਹੈ। ਇਸ ਤਰ੍ਹਾਂ ਸੋਚਣਾ ਬਹੁਤ ਖ਼ਤਰਨਾਕ ਹੈ।"
ਕਾਰਡੀਓਵੈਸਕੁਲਰ ਨਾਲ ਸੰਬੰਧਤ ਬਿਮਾਰੀਆਂ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ?
ਪੇਰਵਨ ਕਹਿੰਦੇ ਹਨ ਕਿ ਦਿਲ ਦੀਆਂ ਬਿਮਾਰੀਆਂ ਤੋਂ ਹੋਣ ਵਾਲੀਆਂ ਲਗਭਗ 20% ਮੌਤਾਂ ਕੈਟਲਿਨ ਵਾਂਗ ਜੈਨੇਟਿਕ ਦਿਲ ਦੀਆਂ ਬਿਮਾਰੀਆਂ ਕਾਰਨ ਹੁੰਦੀਆਂ ਹਨ।
ਉਹ ਕਹਿੰਦੇ ਹਨ ਕਿ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਦੀ ਘਾਟ ਜੋਖਮ ਨੂੰ ਵਧਾ ਸਕਦੀ ਹੈ, ਇਸ ਲਈ ਇਹ ਮਹੱਤਵਪੂਰਨ ਹੈ ਕਿ ਲੋਕ ਜਾਣ ਲੈਣ ਕਿ ਕੀ ਉਨ੍ਹਾਂ ਦਾ ਅਜਿਹੀਆਂ ਬਿਮਾਰੀਆਂ ਦੀ ਕੋਈ ਮੈਡੀਕਲ ਫੈਮਿਲੀ ਹਿਸਟ੍ਰੀ ਹੈ।
ਬਾਕੀ 80% ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਨੂੰ ਖੁਰਾਕ ਵਿੱਚ ਸੁਧਾਰ ਕਰਕੇ, ਸਰੀਰਕ ਗਤੀਵਿਧੀ ਵਧਾ ਕੇ, ਸ਼ਰਾਬ ਪੀਣਾ ਸੀਮਤ ਕਰਕੇ ਅਤੇ ਸਿਗਰਟਨੋਸ਼ੀ ਨਾ ਕਰਕੇ ਰੋਕਿਆ ਜਾ ਸਕਦਾ ਹੈ।
ਪੇਰਵਨ ਕਹਿੰਦੇ ਹਨ ਕਿ ''ਪਰ ਇੱਕ ਵੱਡਾ ਅਨੁਪਾਤ ਹੈ ਸਮਾਜਿਕ ਅਤੇ ਪ੍ਰਣਾਲੀਗਤ ਵੀ ਹੈ, ਇਹ ਸਿਰਫ ਵਿਅਕਤੀ ਦੀ ਪਸੰਦ 'ਤੇ ਨਿਰਭਰ ਨਹੀਂ ਕਰਦਾ ਕਿ ਉਹ ਕੀ ਖਾਂਦਾ ਹੈ ਅਤੇ ਕੀ ਖਰੀਦਦਾ ਹੈ।
ਮਹਿਲਾਵਾਂ ਸਬੰਧੀ ਕਲੀਨਿਕਲ ਟ੍ਰਾਇਲਾਂ ਦੀ ਘਾਟ, ਜਾਣਕਾਰੀ ਦੀ ਘਾਟ ਅਤੇ ਸਿਹਤ ਸੰਭਾਲ ਤੱਕ ਸੀਮਤ ਪਹੁੰਚ ਸਾਰੇ ਜੋਖਮਾਂ ਨੂੰ ਵਧਾਉਂਦੇ ਹਨ।
ਵਿਸ਼ਵ ਸਿਹਤ ਸੰਗਠਨ ਕਹਿੰਦਾ ਹੈ ਕਿ ਦੁਨੀਆ ਵਿੱਚ ਦਿਲ ਦੀਆਂ ਬਿਮਾਰੀਆਂ ਦੀਆਂ ਲਗਭਗ 80% ਮੌਤਾਂ, ਅੰਸ਼ਕ ਤੌਰ 'ਤੇ ਸ਼ੁਰੂਆਤੀ ਖੋਜ ਪ੍ਰੋਗਰਾਮਾਂ ਦੀ ਘਾਟ ਕਾਰਨ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ ਹੁੰਦੀਆਂ ਹਨ।
ਅਤੇ ਇੱਕ ਪਾਸੇ ਜਿੱਥੇ ਜ਼ਿਆਦਾਤਰ ਖੇਤਰਾਂ ਵਿੱਚ ਦਿਲ ਦੀ ਬਿਮਾਰੀ ਕਾਰਨ ਮਹਿਲਾਵਾਂ ਦੀ ਬਜਾਏ ਪੁਰਸ਼ਾਂ ਦੀਆਂ ਦੀਆਂ ਮੌਤਾਂ ਵੱਧ ਹੁੰਦੀਆਂ ਹਨ, ਮੱਧ ਪੂਰਬ, ਉੱਤਰੀ ਅਫਰੀਕਾ ਅਤੇ ਉਪ-ਸਹਾਰਨ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਕਤਰ, ਮਾਲੀ ਅਤੇ ਕਾਂਗੋ ਵਰਗੇ ਦੇਸ਼ਾਂ 'ਚ ਇਹ ਸਥਿਤੀ ਉਲਟ ਹੈ ਅਤੇ ਮਹਿਲਾਵਾਂ ਨੂੰ ਮੌਤ ਦੇ ਖਤਰੇ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।
"ਇਹ ਮਾਸਪੇਸ਼ੀ ਤੁਹਾਨੂੰ ਜ਼ਿੰਦਾ ਰੱਖਦੀ ਹੈ"
ਕੈਟਲਿਨ ਨੂੰ ਹੁਣ ਇੱਕ ਅੰਦਰੂਨੀ ਕਾਰਡੀਓਵਰਟਰ ਡੀਫਿਬ੍ਰਿਲੇਟਰ ਲਗਾਇਆ ਗਿਆ ਹੈ, ਜੋ ਉਨ੍ਹਾਂ ਦੇ ਦਿਲ ਦੀ ਨਿਗਰਾਨੀ ਕਰਦਾ ਹੈ। ਜੇਕਰ ਇਹ ਦਿਲ ਦੀ ਕਾਰਗੁਜ਼ਾਰੀ ਵਿੱਚ ਜਾਨਲੇਵਾ ਤਬਦੀਲੀ ਦਾ ਪਤਾ ਲਗਾਉਂਦਾ ਹੈ, ਤਾਂ ਇਹ ਉਨ੍ਹਾਂ ਦਿਲ ਨੂੰ ਵਾਪਸ ਨਾਰਮਲ ਕਰ ਦਿੰਦਾ ਹੈ।
ਆਪਣੀ ਜ਼ਿੰਦਗੀ ਦੇ ਸਭ ਤੋਂ ਮਾੜੇ ਦਿਨ ਨੂੰ ਝੱਲਣ ਤੋਂ ਬਾਅਦ ਕੈਟਲਿਨ ਹੁਣ ਇਸ ਗੱਲ ਨੂੰ ਲੈ ਕੇ ਦ੍ਰਿੜ ਹਨ ਕਿ ਉਨ੍ਹਾਂ ਵਰਗੇ ਦੂਜੇ ਨੈੱਟਬਾਲਰਾਂ ਨੂੰ ਉਨ੍ਹਾਂ ਵਰਗਾ ਤਜਰਬਾ ਨਾ ਝੱਲਣਾ ਪਵੇ।
ਨੈੱਟਬਾਲ ਪਲੇਅਰਜ਼ ਐਸੋਸੀਏਸ਼ਨ ਅਤੇ ਹਾਰਟ ਚੈਰਿਟੀ ਕਾਰਡੀਅਕ ਰਿਸਕ ਇਨ ਦ ਯੰਗ ਦੇ ਨਾਲ ਪ੍ਰਚਾਰ ਕਰਨ ਤੋਂ ਬਾਅਦ, ਯੂਕੇ ਦੀ ਨੈੱਟਬਾਲ ਸੁਪਰ ਲੀਗ ਆਪਣੇ ਐਥਲੀਟਾਂ ਲਈ ਦਿਲ ਦੀ ਜਾਂਚ ਸ਼ੁਰੂ ਕਰਨ ਲਈ ਸਹਿਮਤ ਹੋ ਗਈ ਹੈ।
ਕੈਟਲਿਨ ਕਹਿੰਦੇ ਹਨ, "ਸਿਰਫ਼ ਇਸ ਲਈ ਕਿਉਂਕਿ ਇਸ ਬਾਰੇ ਬਹੁਤੀ ਗੱਲ ਨਹੀਂ ਕੀਤੀ ਜਾਂਦੀ'', ਉਨ੍ਹਾਂ ਦੇ ਤਜਰਬੇ ਨੇ ਉਨ੍ਹਾਂ ਨੂੰ ਇਹ ਵੀ ਸਿਖਾਇਆ ਹੈ ਕਿ ਨੌਜਵਾਨਾਂ ਨੂੰ ਵੀ ਆਪਣੇ ਦਿਲ ਦੀ ਸਿਹਤ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ।
ਉਹ ਕਹਿੰਦੇ ਹਨ ਕਿ ਜੇਕਰ ਕਿਸੇ ਨੂੰ ਆਪਣੀ ਧੜਕਣ ਤੇਜ਼ ਮਹਿਸੂਸ ਹੋਵੇ, ਲੱਗੇ ਕਿ ਜਿਵੇਂ ਉਸ ਦਾ ਦਿਲ ਛਾਤੀ ਤੋਂ ਬਾਹਰ ਧੜਕ ਰਿਹਾ ਹੈ, ਕਦੇ ਗਸ਼ ਖਾ ਕੇ ਡਿੱਗੇ ਹੋਣ - ਜਿਸਦਾ ਕਾਰਨ ਉਹ ਨਹੀਂ ਸਮਝ ਸਕਦੇ, ਤਾਂ ਸਭ ਤੋਂ ਪਹਿਲਾਂ ਜਾਂਚ ਕਰਨ ਵਾਲੀ ਚੀਜ਼ ਹੈ - ਉਸ ਵਿਅਕਤੀ ਦਾ ਦਿਲ।
ਉਨ੍ਹਾਂ ਕਿਹਾ, "ਇਹੀ ਮਾਸਪੇਸ਼ੀ ਹੈ ਜੋ ਤੁਹਾਨੂੰ ਜ਼ਿੰਦਾ ਰੱਖਦੀ ਹੈ, ਇਸ ਲਈ ਤੁਹਾਨੂੰ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ