ਇੱਕ ਔਰਤ ਦੇ ਕਤਲ ਦਾ ਮੁਲਜ਼ਮ ਆਪਣਾ ਬੈਂਕ ਕਾਰਡ ਇਸਤੇਮਾਲ ਕਰਦਾ ਰਿਹਾ ਤੇ ਕਈ ਸਬੂਤ ਛੱਡੇ ਪਰ ਪੁਲਿਸ ਫੜ ਕਿਉਂ ਨਾ ਸਕੀ

ਅਨੀਤਾ ਰੋਜ਼

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਘਟਨਾ ਵਾਲੀ ਸਵੇਰ ਨੂੰ ਅਨੀਤਾ ਰੋਜ਼ ਆਪਣੇ ਕੁੱਤੇ ਬਰੂਸ ਨੂੰ ਘੁੰਮਾਉਂਦੇ ਹੋਏ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ
    • ਲੇਖਕ, ਜਾਰਜ ਕਿੰਗ ਅਤੇ ਲੌਰਾ ਫੋਸਟਰ
    • ਰੋਲ, ਬੀਬੀਸੀ ਨਿਊਜ਼

ਇੰਗਲੈਂਡ ਦੇ ਸਫੋਲਕ ਦੇ ਬ੍ਰੈਂਥਮ ਪਿੰਡ ਉੱਤੇ ਸੂਰਜ ਚੜ੍ਹ ਰਿਹਾ ਸੀ ਜਦੋਂ ਅਨੀਤਾ ਰੋਜ਼ ਸਵੇਰੇ ਕੁੱਤਿਆਂ ਨੂੰ ਸੈਰ ਕਰਵਾਉਣ ਲਈ ਨਿਕਲੇ ਸਨ। ਉਹ ਛੇ ਬੱਚਿਆਂ ਦੀ ਮਾਂ ਅਤੇ 13 ਜੀਆਂ ਦੀ ਦਾਦੀ ਸਨ।

ਇੱਕ ਘੰਟੇ ਦੇ ਅੰਦਰ, ਉਨ੍ਹਾਂ 'ਤੇ ਇੰਨੀ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ ਕਿ ਉਨ੍ਹਾਂ ਦੀਆਂ ਸੱਟਾਂ ਇੰਝ ਲੱਗ ਰਹੀਆਂ ਸਨ ਜਿਵੇਂ ਦੋ ਕਾਰਾਂ ਆਹਮੋ-ਸਾਹਮਣੇ ਟਕਰਾਈਆਂ ਹੋਣ ਤੇ ਉਸ ਹਾਦਸੇ ਦੌਰਾਨ ਉਹ ਜਖ਼ਮੀ ਹੋਏ ਹੋਣ। ਹਾਦਸੇ ਤੋਂ ਚਾਰ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਇਸ ਲਈ ਜ਼ਿੰਮੇਵਾਰ ਆਦਮੀ, ਰਾਏ ਬਾਰਕਲੇ ਸਫੋਲਕ ਪੁਲਿਸ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚ ਸੀ ਪਰ ਉਹ ਪਿਛਲੇ ਦੋ ਸਾਲਾਂ ਤੋਂ ਅਸਥਾਈ ਕੈਂਪਾਂ ਵਿੱਚ ਸੌਂ ਕੇ ਬਚਣ ਵਿੱਚ ਕਾਮਯਾਬ ਰਿਹਾ ਸੀ।

ਪਰ ਇਸ ਦੇ ਬਾਵਜੂਦ, ਬਾਰਕਲੇ ਨੇ ਇੱਕ ਵੱਡੀ ਡਿਜੀਟਲ ਛਾਪ ਨਿਸ਼ਾਨ ਵਜੋਂ ਛੱਡ ਦਿੱਤੀ ਅਤੇ ਉਹ ਸੀ ਔਨਲਾਈਨ ਚੀਜ਼ਾਂ ਆਰਡਰ ਕਰਨ ਲਈ ਆਪਣੇ ਬੈਂਕ ਕਾਰਡ ਦੀ ਵਰਤੋਂ ਕਰਨਾ ਅਤੇ ਗੂਗਲ ਮੈਪਸ 'ਤੇ ਸੈਂਕੜੇ ਸਮੀਖਿਆਵਾਂ ਛੱਡਣਾ।

ਇਸ ਸਾਰੀ ਔਨਲਾਈਨ ਗਤੀਵਿਧੀ ਦੇ ਨਾਲ, ਉਹ ਪੁਲਿਸ ਤੋਂ ਕਿਵੇਂ ਬਚ ਸਕਿਆ ਅਤੇ ਅਨੀਤਾ ਨੂੰ ਮਾਰਨ ਤੋਂ ਬਾਅਦ ਕਿਵੇਂ ਆਜ਼ਾਦ ਰਿਹਾ? ਇਸ ਰਿਪੋਰਟ ਵਿੱਚ ਜਾਣੋ।

ਅਨੀਤਾ ਰੋਜ਼

ਤਸਵੀਰ ਸਰੋਤ, Suffolk Police

ਤਸਵੀਰ ਕੈਪਸ਼ਨ, ਅਨੀਤਾ ਰੋਜ਼ ਨੂੰ ਸੂਰਜ ਚੜ੍ਹਨ ਵੇਲੇ ਆਪਣੇ ਜੱਦੀ ਪਿੰਡ ਵਿੱਚ ਖੇਤਾਂ ਉੱਤੇ ਆਪਣੇ ਕੁੱਤੇ ਨੂੰ ਘੁੰਮਾਉਣਾ ਬਹੁਤ ਪਸੰਦ ਸੀ

ਅਨੀਤਾ ਨੂੰ ਚੜ੍ਹਦਾ ਸੂਰਜ ਦੇਖਣਾ ਪਸੰਦ ਸੀ

ਅਨੀਤਾ ਦੇ ਸਾਥੀ ਰਿਚਰਡ ਜੋਨਸ ਨੇ ਦੱਸਿਆ ਕਿ ਅਨੀਤਾ ਸਵੇਰੇ ਛੇਤੀ ਉੱਠਦੇ ਸਨ। ਉਨ੍ਹਾਂ ਆਪਣੇ ਸਪ੍ਰਿੰਗਰ ਸਪੈਨੀਅਲ ਬਰੂਸ (ਕੁੱਤੇ) ਨੂੰ ਬ੍ਰੈਂਥਮ ਦੇ ਆਲੇ-ਦੁਆਲੇ ਘੁੰਮਾਉਣਾ ਬਹੁਤ ਪਸੰਦ ਸੀ।

ਉਹ ਇਸ ਪਿੰਡ ਵਿੱਚ ਛੇ ਸਾਲਾਂ ਤੋਂ ਰਹਿ ਰਹੇ ਸਨ ਅਤੇ ਹਮੇਸ਼ਾ ਕਹਿੰਦੇ ਸਨ ਕਿ ਉਹ ਸੁਰੱਖਿਅਤ ਮਹਿਸੂਸ ਕਰਦੇ ਹਨ। 57 ਸਾਲਾ ਬਜ਼ੁਰਗ ਨੂੰ ਦੂਜੇ ਲੋਕਾਂ ਦੇ ਜਾਗਣ ਤੋਂ ਪਹਿਲਾਂ ਸੂਰਜ ਚੜ੍ਹਦਾ ਦੇਖਣਾ ਬਹੁਤ ਪਸੰਦ ਸੀ।

ਪਿਛਲੇ ਸਾਲ 24 ਜੁਲਾਈ ਦੀ ਸਵੇਰ ਨੂੰ ਜੋਨਸ ਅਤੇ ਅਨੀਤਾ ਜਦੋਂ ਸੈਰ ਕਰਦੇ ਸਨ ਤਾਂ ਫ਼ੋਨ 'ਤੇ ਗੱਲਬਾਤ ਕਰ ਰਹੇ ਸਨ। ਉਹ ਇੱਕ ਲਾਰੀ ਡਰਾਈਵਰ ਵਜੋਂ ਕੰਮ ਕਰਦੇ ਸੀ ਅਤੇ ਉਹ ਕਈ ਦਿਨ ਘਰ ਤੋਂ ਦੂਰ ਸਮਾਂ ਬਿਤਾਉਂਦੇ ਸਨ, ਇਸ ਲਈ ਜੋੜਾ ਅਨੀਤਾ ਨੂੰ ਮਿਲਣ ਜਾਂਦਾ ਸੀ।

ਇਹ ਦੋਵੇਂ ਇੱਕ ਦੂਜੇ ਨੂੰ ਕਾਫੀ ਸਾਲਾਂ ਤੋਂ ਜਾਣਦੇ ਸਨ ਅਤੇ 2011 ਵਿੱਚ ਕੋਪਡੌਕ ਦੇ ਇੱਕ ਪੈਟਰੋਲ ਸਟੇਸ਼ਨ 'ਤੇ ਹੋਈ ਮੁਲਾਕਾਤ ਮਗਰੋਂ ਉਨ੍ਹਾਂ ਨੇ ਡੇਟਿੰਗ ਸ਼ੁਰੂ ਕੀਤੀ ਸੀ ਜਿੱਥੇ ਅਨੀਤਾ ਕੰਮ ਕਰਦੇ ਸੀ।

ਜੋੜੇ ਦੀ ਆਖ਼ਰੀ ਗੱਲਬਾਤ ਅਨੀਤਾ ਦੁਆਰਾ 59 ਸਾਲਾ ਆਪਣੇ ਸਾਥੀ ਨੂੰ "ਧਿਆਨ ਨਾਲ ਗੱਡੀ ਚਲਾਉਣਾ, ਮੈਂ ਤੁਹਾਨੂੰ ਪਿਆਰ ਕਰਦੀ ਹਾਂ" ਕਹਿਣ ਨਾਲ ਖ਼ਤਮ ਹੋਈ।

ਫੋਨ ਕੱਟਣ ਦੇ ਘੰਟੇ ਮਗਰੋਂ ਹੀ ਇੱਕ ਸਾਈਕਲ ਸਵਾਰ ਅਤੇ ਕੁੱਤੇ ਨੂੰ ਸੈਰ ਕਰਵਾਉਣ ਵਾਲੇ ਵਿਅਕਤੀ ਨੇ ਉਨ੍ਹਾਂ ਨੂੰ ਰੇਲਵੇ ਟ੍ਰੈਕ ʼਤੇ ਕਈ ਸੱਟਾਂ ਦੇ ਨਾਲ ਬੇਹੋਸ਼ੀ ਦੀ ਹਾਲਤ ਵਿੱਚ ਦੇਖਿਆ।

ਮੁਕੱਦਮੇ ਦੌਰਾਨ, ਆਈਲੈਂਡ ਨੇ ਅਦਾਲਤ ਨੂੰ ਦੱਸਿਆ ਕਿ ਅਨੀਤਾ ਨੂੰ "ਸਾਹ ਲੈਣ ਵਿੱਚ ਮੁਸ਼ਕਲ" ਆ ਰਹੀ ਸੀ ਅਤੇ ਉਨ੍ਹਾਂ ਦੇ ਚਿਹਰੇ 'ਤੇ ਖੂਨ ਦੇ ਧੱਬੇ ਸਨ। ਉਨ੍ਹਾਂ ਨੇ ਸਿਰਫ਼ ਲੈਗਿੰਗਸ (ਪਜਾਮੀ) ਅਤੇ ਇੱਕ ਕਾਲੀ ਸਪੋਰਟਸ ਬ੍ਰਾ ਪਹਿਨੀ ਹੋਈ ਸੀ, ਹਾਲਾਂਕਿ, ਉਹ ਆਪਣੀ ਗੁਲਾਬੀ ਰੰਗ ਦੀ ਜੈਕੇਟ ਪਹਿਨ ਕੇ ਘਰੋਂ ਨਿਕਲੀ ਸੀ।"

ਰੋਏ ਬਾਰਕਲੇ

ਤਸਵੀਰ ਸਰੋਤ, Suffolk Police

ਤਸਵੀਰ ਕੈਪਸ਼ਨ, ਅਨੀਤਾ ਰੋਜ਼ ਦੇ ਕਤਲ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਰਾਏ ਬਾਰਕਲੇ ਨੂੰ "ਲੰਬੀ ਸਜ਼ਾ" ਦੀ ਉਮੀਦ ਕਰਨ ਲਈ ਕਿਹਾ ਗਿਆ ਸੀ

ਟੈਸਲ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦਾ ਕੁੱਤਾ ਬਰੂਸ ਉਨ੍ਹਾਂ ਦੇ ਸਰੀਰ ਦੇ ਕੋਲ "ਧੀਰਜ ਨਾਲ" ਬੈਠਾ ਹੋਇਆ ਸੀ ਅਤੇ ਉਸ ਦਾ ਪਟਾ ਉਨ੍ਹਾਂ ਦੀ ਲੱਤ ਦੁਆਲੇ ਦੋ ਵਾਰ ਲਪੇਟਿਆ ਹੋਇਆ ਸੀ। ਇਹ ਕੁਝ ਅਜਿਹਾ ਹੋਇਆ ਜੋ ਬਾਰਕਲੇ ਨੇ 2015 ਵਿੱਚ ਵੀ ਕੀਤਾ ਸੀ, ਜਦੋਂ ਉਨ੍ਹਾਂ ਨੇ ਇੱਕ ਆਦਮੀ 'ਤੇ ਹਮਲਾ ਕੀਤਾ ਸੀ।

ਕੈਂਬਰਿਜ ਦੇ ਐਡਨਬਰੂਕ ਹਸਪਤਾਲ ਵਿੱਚ ਅਨੀਤਾ ਦਾ ਇਲਾਜ ਕਰਨ ਵਾਲੇ ਨਿਊਰੋਪੈਥੋਲੋਜਿਸਟ ਡਾ. ਕੀਰਨ ਐਲਿਨਸਨ ਨੇ ਉਨ੍ਹਾਂ ਦੀਆਂ ਸੱਟਾਂ ਦੀ ਤੁਲਨਾ ਤੇਜ਼ ਰਫ਼ਤਾਰ ਕਾਰ ਹਾਦਸਿਆਂ ਵਿੱਚ ਦੇਖੀਆਂ ਗਈਆਂ ਸੱਟਾਂ ਨਾਲ ਕੀਤੀ।

ਇਸ ਤੋਂ ਬਾਅਦ ਦੇ ਹਫ਼ਤਿਆਂ ਵਿੱਚ ਬਾਰਕਲੇ ਨੂੰ ਇਪਸਵਿਚ ਕਰਾਊਨ ਕੋਰਟ ਦੇ ਮੁਕੱਦਮੇ ਦੌਰਾਨ ਦੱਸਿਆ ਗਿਆ ਸੀ ਕਿ ਉਹ ਬੜੀ ਸਾਵਧਾਨੀ ਨਾਲ ਕੈਂਪਾਂ ਵਿੱਚ ਰਹਿੰਦਾ ਸੀ ਅਤੇ ਆਪਣੀ ਦਿੱਖ ਬਦਲਣ ਲਈ ਆਪਣਾ ਸਿਰ ਮੁੰਨਵਾਉਂਦਾ ਸੀ।

ਉਹ 2022 ਤੋਂ ਪੁਲਿਸ ਨੂੰ ਲੋੜੀਂਦਾ ਸੀ, ਜਦੋਂ ਉਸ ਨੇ ਆਪਣੇ ਆਪ ਨੂੰ ਬੇਘਰ ਕਰਕੇ ਆਪਣੇ ਲਾਇਸੈਂਸ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਸੀ।

ਬਾਰਕਲੇ ਨੂੰ 2015 ਵਿੱਚ ਐਸੈਕਸ ਸਮੁੰਦਰੀ ਕਿਨਾਰੇ ਇੱਕ ਬਜ਼ੁਰਗ ਵਿਅਕਤੀ 'ਤੇ ਹਿੰਸਕ, ਬਿਨਾਂ ਭੜਕਾਹਟ ਦੇ ਹਮਲੇ ਲਈ ਜੇਲ੍ਹ ਭੇਜਿਆ ਗਿਆ ਸੀ ਅਤੇ 2020 ਵਿੱਚ ਪੈਰੋਲ 'ਤੇ ਰਿਹਾਅ ਕਰ ਦਿੱਤਾ ਗਿਆ ਸੀ।

ਅਨੀਤਾ ਨੂੰ ਮਾਰਨ ਤੋਂ ਬਾਅਦ ਉਸ ਦੇ ਇੰਟਰਨੈੱਟ ਖੋਜ ਇਤਿਹਾਸ ਨੇ ਦਿਖਾਇਆ ਕਿ ਉਸ ਨੇ ਹਮਲੇ ਬਾਰੇ ਖ਼ਬਰਾਂ ਦੇ ਲੇਖ ਵੇਖੇ ਸਨ। ਉਸ ਨੇ ਸੋਸ਼ਲ ਮੀਡੀਆ 'ਤੇ ਅਨੀਤਾ ਦੇ ਸਾਥੀ ਨੂੰ ਵੀ ਵੇਖਿਆ ਸੀ।

ਘਟਨਾ ਵਾਲੀ ਥਾਂ

ਤਸਵੀਰ ਸਰੋਤ, George King/BBC

ਤਸਵੀਰ ਕੈਪਸ਼ਨ, ਅਨੀਤਾ ਰੋਜ਼ ਜੁਲਾਈ 2024 ਵਿੱਚ ਸਫੋਲਕ ਦੇ ਬ੍ਰੈਂਥਮ ਵਿੱਚ ਇੱਕ ਟਰੈਕ ਰੋਡ 'ਤੇ ਗੰਭੀਰ ਸੱਟਾਂ ਨਾਲ ਮਿਲੀ ਸੀ

ਕਈ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਅਜਿਹਾ ਵੀ ਕਿਹਾ ਗਿਆ ਕਿ ਬਾਰਕਲੇ ਨੇ ਅਨੀਤਾ ਦਾ ਕੁਝ ਸਮਾਨ ਆਪਣੇ ਅਸਥਾਈ ਕੈਂਪਾਂ ਵਿੱਚ ਰੱਖਿਆ ਹੋਇਆ ਹੈ, ਜਿਸ ਵਿੱਚ ਉਨ੍ਹਾਂ ਗੁਲਾਬੀ ਜੈਕਟ ਵੀ ਸ਼ਾਮਲ ਹੈ।

ਅਨੀਤਾ ਦੇ ਕਤਲ ਤੋਂ ਬਾਅਦ ਦੇ ਹਫ਼ਤਿਆਂ ਵਿੱਚ, ਸਫੋਲਕ ਪੁਲਿਸ ਨੇ ਦੋਸ਼ੀ ਨੂੰ ਲੱਭਣ ਲਈ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਜਾਂਚ ਮੁਹਿੰਮ ਵਿੱਢੀ।

ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।

ਇਸ ਦੌਰਾਨ ਬਾਰਕਲੇ, ਸਫੋਲਕ ਅਤੇ ਐਸੈਕਸ ਦੇ ਆਲੇ-ਦੁਆਲੇ ਸੈਂਕੜੇ ਸਥਾਨਾਂ ਲਈ ਗੂਗਲ ਮੈਪਸ 'ਤੇ ਇੱਕ ਸਰਗਰਮ ਸਮੀਖਿਅਕ ਬਣਿਆ ਰਿਹਾ।

2022 ਅਤੇ ਅਕਤੂਬਰ 2024 ਦੇ ਵਿਚਕਾਰ, ਉਸ ਨੇ ਚਰਚਾਂ, ਐਮਾਜ਼ਾਨ ਲਾਕਰਾਂ, ਲਾਇਬ੍ਰੇਰੀਆਂ, ਬੀਚਾਂ, ਕੌਂਸਲ ਇਮਾਰਤਾਂ, ਮੂਰਤੀਆਂ ਅਤੇ ਹੋਰ ਬਹੁਤ ਸਾਰੀਆਂ ਫੋਟੋਆਂ ਪੋਸਟ ਕੀਤੀਆਂ ਅਤੇ ਆਪਣੇ ਆਪ ਨੂੰ 'ਲੈਵਲ 8' ਯੋਗਦਾਨ ਕਰਨ ਦਾ ਦਰਜਾ ਹਾਸਲ ਕੀਤਾ (ਸਭ ਤੋਂ ਉੱਚਾ ਪੱਧਰ 10 ਹੁੰਦਾ ਹੈ)।

ਇੱਕ ਸਮੀਖਿਆ ਬ੍ਰੈਂਥਮ ਵਿੱਚ ਡੇਕੋਏ ਪੌਂਡ ਦੀ ਸੀ, ਜਿਸ ਦੀਆਂ ਫੋਟੋਆਂ ਅਪ੍ਰੈਲ ਅਤੇ ਜੁਲਾਈ ਦੇ ਵਿਚਕਾਰ ਪੋਸਟ ਕੀਤੀਆਂ ਗਈਆਂ ਸਨ, ਇਹ ਉਹੀ ਮਹੀਨਾ ਸੀ ਜਦੋਂ ਉਸ ਨੇ ਥੋੜ੍ਹੀ ਦੂਰੀ ʼਤੇ ਅਨੀਤਾ ਦਾ ਕਤਲ ਕੀਤਾ।

ਕਤਲ ਤੋਂ ਤਿੰਨ ਮਹੀਨੇ ਬਾਅਦ, ਉਸ ਦੀਆਂ ਆਖ਼ਰੀ ਕੁਝ ਗੂਗਲ ਸਮੀਖਿਆਵਾਂ ਫਲੈਟਫੋਰਡ ਬਾਰੇ ਸਨ, ਜੋ ਕਿ ਐਸੈਕਸ-ਸਫੋਲਕ ਸਰਹੱਦ 'ਤੇ ਇੱਕ ਇਤਿਹਾਸਕ ਖੇਤਰ ਹੈ ਅਤੇ ਇਹ ਪ੍ਰੇਰਨਾਦਾਇਕ ਪ੍ਰਤੀਕ ਪੇਂਟਿੰਗਾਂ ਲਈ ਮਸ਼ਹੂਰ ਹੈ।

ਕੈਂਪ

ਤਸਵੀਰ ਸਰੋਤ, Crown Prosecution Service

ਤਸਵੀਰ ਕੈਪਸ਼ਨ, ਬਾਰਕਲੇ, ਜੋ ਬੇਘਰ ਸੀ, ਓਰਵੈੱਲ ਬ੍ਰਿਜ ਦੇ ਹੇਠਾਂ ਅਤੇ ਬ੍ਰੈਂਥਮ ਵਿੱਚ ਬਣਾਏ ਗਏ ਅਸਥਾਈ ਕੈਂਪਾਂ ਵਿੱਚ ਰਹਿੰਦਾ ਸੀ (ਤਸਵੀਰ ਵਿੱਚ)

ਬਾਰਕਲੇ ਨੇ ਅਕਤੂਬਰ 2024 ਵਿੱਚ ਪੋਸਟ ਕੀਤੀ ਇੱਕ ਸਮੀਖਿਆ ਵਿੱਚ ਲਿਖਿਆ, "ਇਹ ਇੱਕ ਸੁੰਦਰ, ਬੇਦਾਗ਼ ਪੇਂਡੂ ਸੁਖਦ ਜੀਵਨ ਹੈ ਜੋ ਕਿਸੇ ਤਰ੍ਹਾਂ ਆਪਣੀ ਹੀ ਕਾਲਪਨਿਕਤਾ ਵਿੱਚ ਮੌਜੂਦ ਹੈ, ਜਿਵੇਂ ਕਿ ਜੌਨ ਕਾਂਸਟੇਬਲ ਦੀ ਵਾਪਸੀ ਦੀ ਉਡੀਕ ਕਰ ਰਿਹਾ ਹੋਵੇ।"

ਉਸ ਸਮੇਂ ਤੱਕ ਉਹ ਉਸ ਥਾਂ ਤੋਂ ਇੱਕ ਮੀਲ ਦੂਰ ਡੇਰਾ ਲਗਾ ਰਿਹਾ ਸੀ ਜਿੱਥੋਂ ਉਸ ਨੇ ਅਨੀਤਾ ਨੂੰ ਮਾਰਿਆ ਸੀ ਪਰ ਬ੍ਰੈਂਥਮ ਅਤੇ ਮੈਨਿੰਗਟਰੀ ਦੇ ਵਿਚਕਾਰ ਵ੍ਹਾਈਟ ਬ੍ਰਿਜ ਦੇ ਨੇੜੇ ਇੱਕ ਸਫੋਲਕ ਪੁਲਿਸ ਅਧਿਕਾਰੀ ਨਾਲ ਇੱਕ ਮੁਲਾਕਾਤ ਨੇ ਉਸ ਦੀ ਗ੍ਰਿਫਤਾਰੀ ਦਾ ਕਾਰਨ ਬਣਾਇਆ।

ਜਾਸੂਸ ਨੇ ਕਿਹਾ ਕਿ ਬਾਰਕਲੇ ਨੇ ਅਫਸਰ, ਡਿਟੈਕਟਿਵ ਕੌਨ ਸਿੰਪਸਨ ਨੂੰ ਇੱਕ ਜਾਅਲੀ ਨਾਮ ਦੱਸਿਆ, ਜੋ "ਕਾਫ਼ੀ ਘਬਰਾਇਆ ਅਤੇ ਕਾਫ਼ੀ ਚਿੰਤਤ" ਲੱਗ ਰਿਹਾ ਸੀ।

ਛੇ ਦਿਨ ਬਾਅਦ 21 ਅਕਤੂਬਰ ਨੂੰ ਇਪਸਵਿਚ ਕਾਉਂਟੀ ਲਾਇਬ੍ਰੇਰੀ ਵਿੱਚ ਬਾਰਕਲੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਅਨੀਤਾ ਦੇ ਕਤਲ ਦਾ ਇਲਜ਼ਾਮ ਲਗਾਇਆ ਗਿਆ, ਜਿਸ ਤੋਂ ਉਸ ਨੇ ਇਨਕਾਰ ਕਰ ਦਿੱਤਾ।

ਉਸ ਦੀ ਸਜ਼ਾ ਤੋਂ ਬਾਅਦ, ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਨੇ ਬਾਰਕਲੇ ਨੂੰ "ਇੱਕ ਅਜਿਹੇ ਵਿਅਕਤੀ ਵਜੋਂ ਦੱਸਿਆ ਜਿਸ ਦਾ... ਹਿੰਸਕ ਕੰਮ ਕਰਨ ਦਾ ਇਤਿਹਾਸ ਹੈ ਇਸ ਲਈ ਅਸੀਂ ਜਾਣਦੇ ਸੀ ਕਿ ਇਹ ਕੋਈ ਅਜਿਹਾ ਵਿਅਕਤੀ ਸੀ ਜੋ ਬਿਨਾਂ ਕਿਸੇ ਭੜਕਾਹਟ ਦੇ ਬਹੁਤ ਹਿੰਸਕ ਤਰੀਕੇ ਨਾਲ ਕੰਮ ਕਰ ਸਕਦਾ ਸੀ।"

ਵਾਲਟਨ-ਆਨ-ਦਿ-ਨੇਜ਼ ਵਿੱਚ 2015 ਦੇ ਹਮਲੇ ਨੇ 82 ਸਾਲਾ ਪੀੜਤ ਦੀ ਮੌਤ ਹੋ ਗਈ।

ਗਨਫੀਲਡ ਦੇ ਸਿਰ, ਗਰਦਨ, ਚਿਹਰੇ ਅਤੇ ਜਬਾੜੇ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ।

ਹਮਲੇ ਲਈ ਬਾਰਕਲੇ ਨੂੰ 10 ਸਾਲ ਦੀ ਕੈਦ ਹੋਈ ਸੀ, ਪਰ 5 ਸਾਲ ਬਾਅਦ ਲਾਇਸੈਂਸ (ਸ਼ਰਤਾਂ) 'ਤੇ ਰਿਹਾਅ ਕਰ ਦਿੱਤਾ ਗਿਆ।

ਅਨੀਤਾ ਰੋਜ਼

ਤਸਵੀਰ ਸਰੋਤ, Crimewatch Live

ਤਸਵੀਰ ਕੈਪਸ਼ਨ, ਅਨੀਤਾ ਰੋਜ਼ ਇੱਕ ਮਾਂ ਅਤੇ ਦਾਦੀ ਸੀ ਜੋ ਬਹੁਤ ਸਰਗਰਮ ਸੀ ਅਤੇ ਆਪਣੇ ਕੁੱਤੇ ਨੂੰ ਘੁੰਮਾਉਣਾ ਪਸੰਦ ਕਰਦੀ ਸੀ

ਬਾਰਕਲੇ ਦੀ ਭਾਲ

ਪ੍ਰੋਬੇਸ਼ਨ ਸੇਵਾਵਾਂ ਲਈ ਜ਼ਿੰਮੇਵਾਰ ਨਿਆਂ ਮੰਤਰਾਲੇ (ਐੱਮਓਜੇ) ਨੇ ਬੀਬੀਸੀ ਨੂੰ ਦੱਸਿਆ ਕਿ ਬਾਰਕਲੇ ਲਈ ਇੱਕ ਵਾਪਸੀ ਨੋਟਿਸ ਉਸ ਦੇ ਲਾਇਸੈਂਸ ਦੀਆਂ ਸ਼ਰਤਾਂ ਦੀ ਉਲੰਘਣਾ ਤੋਂ ਬਾਅਦ ਤੁਰੰਤ ਜਾਰੀ ਕੀਤਾ ਗਿਆ ਸੀ।

ਅਜਿਹਾ ਕਰਨ ਨਾਲ, ਬਾਰਕਲੇ ਨੂੰ ਲੱਭਣਾ ਸਫੋਲਕ ਪੁਲਿਸ ਦੀ ਜ਼ਿੰਮੇਵਾਰੀ ਬਣ ਗਈ।

ਫੋਰਸ ਨੇ 2022 ਵਿੱਚ ਉਸ ਦੀ ਭਾਲ ਸ਼ੁਰੂ ਕੀਤੀ ਪਰ ਜਨਵਰੀ 2024 ਤੱਕ ਉਸ ਬਾਰੇ ਕੋਈ ਪ੍ਰੈੱਸ ਰਿਲੀਜ਼ ਜਾਰੀ ਨਹੀਂ ਕੀਤੀ।

ਅਨੀਤਾ ਦਾ ਕਤਲ ਕਰਨ ਤੋਂ ਇੱਕ ਮਹੀਨਾ ਪਹਿਲਾਂ, 10 ਜੂਨ ਨੂੰ ਬਾਰਕਲੇ ਨੇ 'ਫਿਕਸਿੰਗ ਫਿਕਸਡ ਟਰਮ ਰੀਕਾਲ' ਨਾਮ ਦੇ ਇੱਕ ਔਨਲਾਈਨ ਲੇਖ 'ਤੇ ਇੱਕ ਟਿੱਪਣੀ ਛੱਡੀ ਸੀ।

ਉਸਨੇ ਐੱਮਓਜੇ 'ਤੇ "ਜਾਣਬੁੱਝ ਕੇ" ਜੇਲ੍ਹ ਤੋਂ ਰਿਹਾਅ ਹੋਣ ਵਾਲੇ ਲੋਕਾਂ ʼਤੇ "ਅਸਫ਼ਲ" ਹੋਣ ਅਤੇ "ਬੂਮਰੈਂਗ ਵਾਂਗ ਵਾਪਸ ਆਉਣ" ਲਈ ਤਿਆਰ ਕਰਨ ਦਾ ਇਲਜ਼ਾਮ ਲਗਾਇਆ।

"ਕੀ ਇਹ ਸੱਚਮੁੱਚ ਕੋਈ ਹੈਰਾਨੀ ਵਾਲੀ ਗੱਲ ਹੈ ਕਿ ਲਾਇਸੈਂਸ ਵਾਲੇ ਇੰਨੇ ਸਾਰੇ ਲੋਕਾਂ ਨੂੰ ਰਿਹਾਈ ਦੇ ਪਹਿਲੇ ਸਾਲ ਦੇ ਅੰਦਰ ਵਾਪਸ ਬੁਲਾਇਆ ਜਾਂਦਾ ਹੈ?" ਉਸਨੇ ਲਿਖਿਆ। ਨਿਆਂ ਮੰਤਰਾਲੇ ਨੇ ਇਹਨਾਂ ਦਾਅਵਿਆਂ ਦਾ ਖੰਡਨ ਕੀਤਾ ਹੈ।

ਹੈਮਿਸ਼ ਬ੍ਰਾਊਨ, ਇੱਕ ਸਾਬਕਾ ਜਾਸੂਸ ਇੰਸਪੈਕਟਰ ਜੋ ਨਿਊ ਸਕਾਟਲੈਂਡ ਯਾਰਡ ਵਿਖੇ ਸਪੈਸ਼ਲਿਸਟ ਕ੍ਰਾਈਮ ਡਾਇਰੈਕਟੋਰੇਟ ਲਈ ਕੰਮ ਕਰਦਾ ਸੀ, ਨੇ ਕਿਹਾ ਕਿ ਉਸਦੇ ਆਪਣੇ ਤਜਰਬੇ ਨੇ ਉਸਨੂੰ ਸਿਖਾਇਆ ਹੈ ਕਿ ਅਧਿਕਾਰੀਆਂ ਨੂੰ ਅਕਸਰ ਲੋੜੀਂਦੇ ਸ਼ੱਕੀਆਂ ਦੀ ਜਾਂਚ ਕਰਨ ਲਈ "ਜ਼ਿਆਦਾ ਸਮਾਂ" ਨਹੀਂ ਦਿੱਤਾ ਜਾਂਦਾ ਸੀ।

ਪਰ ਇਸ ਮਾਮਲੇ ਵਿੱਚ, ਉਨ੍ਹਾਂ ਨੇ ਕਿਹਾ, ਫੋਰਸ ਨੂੰ ਗੰਭੀਰ ਸਵਾਲਾਂ ਦੇ ਜਵਾਬ ਦੇਣੇ ਹੋਣਗੇ।

ਸਾਬਕਾ ਮੈਟਰੋਪੋਲੀਟਨ ਪੁਲਿਸ ਜਾਸੂਸ ਹੈਮਿਸ਼ ਬ੍ਰਾਊਨ

ਤਸਵੀਰ ਸਰੋਤ, Supplied

ਤਸਵੀਰ ਕੈਪਸ਼ਨ, ਸਾਬਕਾ ਮੈਟਰੋਪੋਲੀਟਨ ਪੁਲਿਸ ਜਾਸੂਸ ਹੈਮਿਸ਼ ਬ੍ਰਾਊਨ ਦਾ ਮੰਨਣਾ ਹੈ ਕਿ ਕਤਲ ਨੂੰ ਰੋਕਿਆ ਜਾ ਸਕਦਾ ਸੀ

ਭਾਵੇਂ ਉਹ ਆਪਣੇ ਬੈਂਕ ਕਾਰਡ ਦੀ ਵਰਤੋਂ ਕਰ ਰਿਹਾ ਸੀ ਅਤੇ ਗੂਗਲ 'ਤੇ ਥਾਵਾਂ ਦੀ ਸਮੀਖਿਆ ਕਰ ਰਿਹਾ ਸੀ ਫਿਰ ਵੀ ਸਫੋਲਕ ਪੁਲਿਸ ਉਸ ਨੂੰ ਲੱਭਣ ਵਿੱਚ ਅਸਫ਼ਲ ਰਹੀ।

"ਮੈਂ ਹੈਰਾਨ ਹਾਂ ਕਿ ਸਫੋਲਕ ਪੁਲਿਸ ਨੂੰ ਉਹ ਨਹੀਂ ਲੱਭਿਆ, ਭਾਵੇਂ ਉਹ ਨਿਸ਼ਾਨ ਛੱਡ ਰਿਹਾ ਸੀ। ਮੁੱਖ ਗੱਲ ਇਹ ਹੈ ਕਿ ਜੇਕਰ ਪੁਲਿਸ ਆਪਣਾ ਕੰਮ ਕਰਦੀ ਅਤੇ ਉਸ ਵਿਅਕਤੀ ਦੀ ਭਾਲ ਕਰ ਲੈਂਦੀ ਤਾਂ ਇਸ ਨੂੰ ਰੋਕਿਆ ਜਾ ਸਕਦਾ ਸੀ।"

"ਇਸ ਲਈ ਪੁਲਿਸ ਨੂੰ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ ਅਤੇ ਜਵਾਬਦੇਹ ਹੋਣਾ ਪਵੇਗਾ।"

ਪਰ ਪੂਰਬੀ ਐਂਗਲੀਆ ਯੂਨੀਵਰਸਿਟੀ ਵਿੱਚ ਸੂਚਨਾ ਤਕਨਾਲੋਜੀ ਕਾਨੂੰਨ ਦੇ ਪ੍ਰੋਫੈਸਰ ਪਾਲ ਬਰਨਲ ਦਾ ਮੰਨਣਾ ਹੈ ਕਿ ਬਾਰਕਲੇ ਨੂੰ ਟਰੈਕ ਕਰਨ ਵਿੱਚ ਗੂਗਲ ਸਮੀਖਿਆਵਾਂ ਕਿੰਨੀਆਂ ਉਪਯੋਗੀ ਹੋ ਸਕਦੀਆਂ ਸਨ, ਇਸ ਦੀ ਇੱਕ ਸੀਮਾ ਹੁੰਦੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਹ ਬਿਲਕੁਲ ਵੀ ਸੰਭਵ ਨਹੀਂ ਹੈ ਕਿ ਕੋਈ ਸੋਸ਼ਲ ਮੀਡੀਆ ਜਾਂ ਖੋਜ ਪ੍ਰਦਾਤਾ ਇਹ ਜਾਣ ਸਕੇ ਕਿ ਪੁਲਿਸ ਜਾਂਚ ਵਿੱਚ ਉਹ ਚੀਜ਼ਾਂ ਕਿਸੇ ਵੀ ਤਰ੍ਹਾਂ ਜ਼ਰੂਰੀ ਹਨ।"

ਜਿਊਰੀ ਵੱਲੋਂ ਬਾਰਕਲੇ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਅਨੀਤਾ ਦੇ ਪਰਿਵਾਰ ਨੇ ਅਦਾਲਤ ਦੀਆਂ ਪੌੜੀਆਂ ʼਤੇ ਖੜ੍ਹੇ ਹੋ ਕੇ ਉਨ੍ਹਾਂ ਤਬਦੀਲੀਆਂ ਬਾਰੇ ਗੱਲ ਕੀਤੀ ਜਿਨ੍ਹਾਂ ਬਾਰੇ ਉਨ੍ਹਾਂ ਨੇ ਕਿਹਾ ਸੀ "ਪ੍ਰੋਬੇਸ਼ਨ ਸੇਵਾ ਅਤੇ ਨਿਆਂ ਪ੍ਰਣਾਲੀ ਵਿੱਚ ਬਦਲਾਅ ਕਰਨ ਦੀ ਲੋੜ ਹੈ।"

ਉਨ੍ਹਾਂ ਦੀ ਧੀ ਜੈਸ ਨੇ ਕਿਹਾ, "ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਸਾਡੇ ਭਾਈਚਾਰੇ ਸੁਰੱਖਿਅਤ ਹਨ ਅਤੇ ਜਦੋਂ ਅਪਰਾਧੀ ਆਪਣੇ ਪ੍ਰੋਬੇਸ਼ਨ ਦੀਆਂ ਸ਼ਰਤਾਂ ਤੋੜਦੇ ਹਨ ਤਾਂ ਉਨ੍ਹਾਂ ਨੂੰ ਵਾਪਸ ਜੇਲ੍ਹ ਭੇਜਿਆ ਜਾਵੇ ।"

ਅਨੀਤਾ ਦੀ ਵੱਡੀ ਧੀ

ਤਸਵੀਰ ਸਰੋਤ, Jamie Niblock/BBC

ਤਸਵੀਰ ਕੈਪਸ਼ਨ, ਅਨੀਤਾ ਦੀ ਵੱਡੀ ਧੀ, ਜੈਸ, ਨੇ ਇਪਸਵਿਚ ਕਰਾਊਨ ਕੋਰਟ ਦੇ ਬਾਹਰ ਮੀਡੀਆ ਨੂੰ ਸੰਬੋਧਨ ਕੀਤਾ

'ਨਿਸ਼ਚਿਤ ਜਵਾਬ'

ਸਫੋਲਕ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਹ ਇੱਕ ਸਵੈ-ਇੱਛਤ ਭਾਈਵਾਲੀ ਸਮੀਖਿਆ ਕਰੇਗੀ ਜੋ ਇਹ ਦੇਖੇਗੀ ਕਿ ਫੋਰਸ ਅਤੇ ਪ੍ਰੋਬੇਸ਼ਨ ਸੇਵਾ ਨੇ ਬਾਰਕਲੇ ਦੀ ਖੋਜ ਨੂੰ ਕਿਵੇਂ ਸੰਭਾਲਿਆ।

ਸਹਾਇਕ ਮੁੱਖ ਕਾਂਸਟੇਬਲ ਐਲਿਸ ਸਕਾਟ ਨੇ ਕਿਹਾ, "ਇਹ ਜਾਣਕਾਰੀ ਸਾਂਝੀ ਕਰਨ ਦੀਆਂ ਪ੍ਰਕਿਰਿਆਵਾਂ ਅਤੇ ਸੰਗਠਨਾਂ ਨੇ ਕਿਵੇਂ ਸਹਿਯੋਗ ਕੀਤਾ 'ਤੇ ਧਿਆਨ ਨਾਲ ਦੇਖੇਗਾ।"

"ਇਸ ਨੂੰ ਜਿੰਨੀ ਜਲਦੀ ਹੋ ਸਕੇ ਤੇਜ਼ ਕੀਤਾ ਜਾਵੇਗਾ ਤਾਂ ਜੋ ਅਸੀਂ ਅਨੀਤਾ ਦੇ ਪਰਿਵਾਰ ਲਈ ਸਪੱਸ਼ਟ ਅਤੇ ਨਿਸ਼ਚਿਤ ਜਵਾਬ ਪ੍ਰਦਾਨ ਕਰ ਸਕੀਏ।"

ਐਲਿਸ ਕਨਿੰਘਮ ਅਤੇ ਜੋਡੀ ਹੈਲਫੋਰਡ ਦੁਆਰਾ ਵਾਧੂ ਰਿਪੋਰਟਿੰਗ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)