You’re viewing a text-only version of this website that uses less data. View the main version of the website including all images and videos.
ਸ਼ਿਵ ਕੁਮਾਰ ਬਟਾਲਵੀ ਨੇ 'ਪੂਰਨ ਦੇ ਕਿੱਸੇ' ਨੂੰ 'ਲੂਣਾ ਦਾ ਕਿੱਸਾ' ਕਿਵੇਂ ਬਣਾ ਦਿੱਤਾ, ਲੂਣਾ ਬਾਰੇ ਲੋਕਾਂ ਦੀ ਸੋਚ ਕਿਵੇਂ ਬਦਲੀ
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਸ਼ਿਵ ਕੁਮਾਰ ਬਟਾਲਵੀ, ਜਿਨ੍ਹਾਂ ਦੀ ਸੁਹਜ ਕਲਮ ਅਤੇ ਰੌਸ਼ਨ ਜ਼ਿਹਨ ਨੇ ਆਮ ਜਿਹੇ ਸ਼ਬਦਾਂ ਦੇ ਨਵੇਂ ਪ੍ਰਤੀਮਾਨ ਸਿਰਜੇ।
ਦਹਾਕਿਆਂ ਬਾਅਦ ਵੀ ਉਨ੍ਹਾਂ ਦੇ ਲਿਖੇ ਗੀਤ, ਗਜ਼ਲਾਂ, ਨਾਟਕ ਪ੍ਰਸੰਗਿਕ ਜਾਪਦੇ ਹਨ। ਸ਼ਿਵ ਨੂੰ ਯਾਦ ਕਰਦਿਆਂ ਅੱਜ ਉਨ੍ਹਾਂ ਦੀ ਉਸ ਸ਼ਾਹਕਾਰ ਮੰਨੀ ਜਾਂਦੀ ਰਚਨਾ ਬਾਰੇ ਜਾਣਦੇ ਹਾਂ ਜਿਸ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਸਭ ਤੋਂ ਛੋਟੀ ਉਮਰ ਵਿੱਚ ਸਾਹਿਤ ਅਕਾਦਮੀ ਐਵਾਰਡ ਹਾਸਿਲ ਕਰਨ ਵਾਲਾ ਲੇਖਕ ਬਣਾਇਆ।
1965 ਵਿੱਚ ਲਿਖੇ ਗਏ ਮਹਾਂਕਾਵਿ 'ਲੂਣਾ' ਲਈ ਸ਼ਿਵ ਨੂੰ 1967 ਵਿੱਚ ਇਸ ਸਨਮਾਨ ਨਾਲ ਨਵਾਜਿਆ ਗਿਆ ਸੀ। ਇਹ ਐਵਾਰਡ ਮਿਲਣ ਵੇਲੇ ਸ਼ਿਵ ਮਹਿਜ਼ ਇਕੱਤੀ ਵਰ੍ਹਿਆਂ ਦੇ ਸਨ।
ਸ਼ਿਵ ਦਾ ਮਹਾਂਕਾਵਿ ਲੂਣਾ ਆਖ਼ਰ ਕਿਉਂ ਖ਼ਾਸ ਸੀ? ਸਦੀਆਂ ਤੋਂ ਮਾੜੇ ਚਰਿੱਤਰ ਦੇ ਦੋਸ਼ ਝੱਲ ਰਹੀ ਲੂਣਾ ਨੂੰ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਲੋਕਾਂ ਸਾਹਮਣੇ ਲਿਆ ਕੇ ਸ਼ਿਵ ਨੇ ਪ੍ਰਗਤੀਵਾਦੀ ਕਲਮ ਦੀ ਮਿਸਾਲ ਪੇਸ਼ ਕੀਤੀ ਸੀ।
ʻਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਹਿਣ ਵਿੱਚ ਹੀ ਨਵੇਂ ਅਰਥ ਸਥਾਪਿਤ ਹੋ ਜਾਂਦੇ ਹਨʼ
ਸ਼ਿਵ ਦਾ ਮਹਾਂ-ਕਾਵਿ 'ਲੂਣਾ' ਕਾਦਰਯਾਰ ਵੱਲੋਂ ਲਿਖੇ ਪੂਰਨ ਭਗਤ ਦੇ ਕਿੱਸੇ ਨੂੰ ਅਧਾਰ ਬਣਾ ਕੇ ਲਿਖਿਆ ਗਿਆ ਹੈ।
ਇਸ ਕਿੱਸੇ ਮੁਤਾਬਕ ਸਿਆਲਕੋਟ ਦੇ ਰਾਜਾ ਸਲਵਾਨ ਅਤੇ ਰਾਣੀ ਇੱਛਰਾਂ ਦੇ ਘਰ ਪੂਰਨ ਨਾਮ ਦਾ ਪੁੱਤਰ ਪੈਦਾ ਹੁੰਦਾ ਹੈ, ਜਿਸ ਨੂੰ ਨਜੂਮੀਆਂ ਦੇ ਕਹਿਣ 'ਤੇ ਬਾਰਾਂ ਸਾਲ ਲਈ ਭੋਰੇ ਵਿੱਚ ਭੇਜ ਦਿੱਤਾ ਜਾਂਦਾ ਹੈ ਅਤੇ ਉੱਥੇ ਹੀ ਹਰ ਤਰ੍ਹਾਂ ਦੀ ਵਿੱਦਿਆ ਦਿੱਤੀ ਜਾਂਦੀ ਹੈ।
ਪੂਰਨ ਦੇ ਭੋਰੇ ਤੋਂ ਬਾਹਰ ਆਉਣ ਤੱਕ ਰਾਜਾ ਸਲਵਾਨ ਆਪਣੇ ਤੋਂ ਉਮਰ ਵਿੱਚ ਛੋਟੀ, ਗਰੀਬ ਘਰ ਦੀ ਲੜਕੀ ਲੂਣਾ ਨਾਲ ਵਿਆਹ ਕਰਵਾ ਲੈਂਦਾ ਹੈ। ਪੂਰਨ ਨੂੰ ਆਪਣੇ ਹਾਣ ਦਾ ਦੇਖ ਕੇ ਲੂਣਾ ਉਸ 'ਤੇ ਮੋਹਿਤ ਹੋ ਜਾਂਦੀ ਹੈ, ਪਰ ਪੂਰਨ ਆਪਣੇ ਬਾਪ ਦੀ ਪਤਨੀ ਹੋਣ ਦੇ ਲਿਹਾਜ਼ ਨਾਲ ਉਸ ਨਾਲ ਇਕਰਾਰ ਨਹੀਂ ਕਰਦਾ।
ਬਦਲਾ ਲੈਣ ਲਈ ਲੂਣਾ ਰਾਜੇ ਸਲਵਾਨ ਕੋਲ ਝੂਠ ਬੋਲਦੀ ਹੈ ਕਿ ਪੂਰਨ ਨੇ ਉਸ 'ਤੇ ਬੁਰੀ ਅੱਖ ਰੱਖੀ ਅਤੇ ਪੂਰਨ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਕਾਦਰਯਾਰ ਦੇ ਕਿੱਸੇ ਦੀ ਕਹਾਣੀ ਇਸ ਤੋਂ ਅੱਗੇ ਵੀ ਚਲਦੀ ਹੈ, ਪਰ ਸ਼ਿਵ ਨੇ ਸਜ਼ਾ ਵਜੋਂ ਪੂਰਨ ਦੇ ਹੱਥ-ਪੈਰ ਕੱਟੇ ਜਾਣ ਤੱਕ ਹੀ ਕਹਾਣੀ ਲਈ ਹੈ ਕਿਉਂਕਿ ਜੋ ਨਜ਼ਰੀਆ ਉਹ ਪੇਸ਼ ਕਰਨਾ ਚਾਹੁੰਦੇ ਸੀ, ਉਸ ਲਈ ਉਨ੍ਹਾਂ ਨੂੰ ਅਗਲੀ ਕਹਾਣੀ ਦੀ ਬਹੁਤੀ ਲੋੜ ਨਹੀਂ ਲੱਗੀ।
ਚੰਡੀਗੜ੍ਹ ਦੇ ਜੀਜੀਡੀਐੱਸਡੀ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਰਪ੍ਰੀਤ ਕੌਰ ਕਹਿੰਦੇ ਹਨ, "ਜਿਹੜਾ ਲੂਣਾ ਦਾ ਕਿਰਦਾਰ ਸਾਡੇ ਰਵਾਇਤੀ ਕਿੱਸੇ ਪੂਰਨ ਭਗਤ ਦੇ ਵਿੱਚ ਲਿਖਿਆ ਹੋਇਆ ਹੈ ਉਹ ਨਾਂਹ-ਪੱਖੀ ਹੈ।"
"ਉਸ ਦਾ ਜਿਹੜਾ ਅਕਸ ਉੱਭਰ ਕੇ ਆਉਂਦਾ ਹੈ ਉਹ ਸਾਡੇ ਮਨਾਂ ਵਿੱਚ ਲੂਣਾ ਲਈ ਨਫ਼ਰਤ ਪੈਦਾ ਕਰਦਾ ਹੈ। ਸ਼ਿਵ ਕੁਮਾਰ ਨੇ ਲੂਣਾ ਨੂੰ ਆਪਣੇ ਮਹਾਂਕਾਵਿ ਵਿੱਚ ਪੇਸ਼ ਕੀਤਾ ਤੇ ਉਸ ਦੇ ਨਾਲ ਸਾਰੇ ਪੜ੍ਹਣ ਵਾਲਿਆਂ ਦਾ ਨਜ਼ਰੀਆ ਬਦਲ ਦਿੱਤਾ।"
ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 42 ਸਥਿਤ ਕੁੜੀਆਂ ਦੇ ਸਰਕਾਰੀ ਕਾਲਜ ਵਿੱਚ ਪੰਜਾਬੀ ਪ੍ਰੋਫੈਸਰ ਦਵਿੰਦਰ ਕੌਰ ਸ਼ਿਵ ਦੇ ਮਹਾਂਕਾਵਿ ਲੂਣਾ ਨੂੰ ਇੱਕ ਕ੍ਰਾਂਤੀਕਾਰੀ ਦਸਤਾਵੇਜ਼ ਮੰਨਦੇ ਹਨ।
ਪ੍ਰੋਫੈਸਰ ਦਵਿੰਦਰ ਕੌਰ ਕਹਿੰਦੇ ਹਨ, "ਕਾਦਰਯਾਰ ਦੇ ਵੱਡੇ ਮੁੱਖ ਕਿੱਸੇ ਤੋਂ ਬਾਅਦ ਵੀ ਭਗਤ ਪੂਰਨ ਬਾਰੇ ਤਾਂ ਕਾਫ਼ੀ ਲਿਖਿਆ ਗਿਆ ਹੈ, ਪਰ ਲੂਣਾ ਬਾਰੇ ਨਹੀਂ। ਜੇ ਕਿਤੇ ਲਿਖਿਆ ਵੀ ਹੈ ਤਾਂ ਲੂਣਾ ਦਾ ਨਾਂਹਪੱਖੀ ਅਕਸ ਹੀ ਉਭਾਰਿਆ ਗਿਆ ਹੈ ਪਰ ਆਧੁਨਿਕ ਸਮੇਂ ਵਿੱਚ ਆ ਕੇ ਸ਼ਿਵ ਨੇ ਇਸ ਨੂੰ ਪੂਰੀ ਤਰ੍ਹਾਂ ਠੱਲ੍ਹ ਕੇ ਰੱਖ ਦਿੱਤਾ।"
ਸ਼ਿਵ ਨੇ ਪੂਰਨ ਨੂੰ ਚਾਹੁਣ ਲਈ ਬਦਕਾਰੀ ਗਈ ਲੂਣਾ ਦਾ ਨੁਕਤਾ-ਨਿਗ੍ਹਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ।
ਸ਼ਿਵ ਨੇ ਨਵੀਂ ਸੋਚ ਤੇ ਨਜ਼ਰੀਆ ਮੂਹਰੇ ਲਿਆਉਣ ਖਾਤਰ ਕਹਾਣੀ ਵਿੱਚ ਕੁਝ ਤਬਦੀਲੀਆਂ ਕੀਤੀਆਂ ਅਤੇ ਸੰਵਾਦ ਰਚਾਉਣ ਲਈ ਆਪਣੇ ਵੱਲੋਂ ਕੁਝ ਪਾਤਰ ਘੜੇ ਹਨ।
ਸ਼ਿਵ ਨੇ ਮਹਾਂਕਾਵਿ ਦੇ ਅਰੰਭ ਵਿੱਚ ਇਸ ਬਾਰੇ ਲਿਖਿਆ ਹੈ ਕਿ ਰਾਜਿਆਂ ਦੇ ਟੁਕੜਿਆਂ ਦੇ ਪਲਣ ਵਾਲੇ ਕਵੀ ਜਦੋਂ ਕਹਾਣੀਆਂ ਲਿਖਦੇ ਸਨ ਤਾਂ ਸੱਚ ਨੂੰ ਤਿਆਗ ਕੇ ਰਾਜਿਆਂ ਨੂੰ ਸੱਚਾ-ਸੁੱਚਾ ਸਿੱਧ ਕਰਦੇ ਸਨ ਜੋ ਇੱਕ ਕਵੀ ਲਿਖ ਜਾਂਦਾ ਸੀ, ਉਸੇ ਲੀਹ 'ਤੇ ਦੂਜੇ ਵੀ ਤੁਰਦੇ ਰਹਿੰਦੇ ਸਨ।
ਸ਼ਿਵ ਕੁਮਾਰ ਲਿਖਦੇ ਹਨ, "ਪਰ ਅੱਜ ਦਾ ਕਵੀ ਕਿਵੇਂ ਅੱਖਾਂ ਮੀਟ ਕੇ ਉਨ੍ਹਾਂ ਲੀਹਾਂ 'ਤੇ ਤੁਰਿਆ ਰਹੇ ? ਜਦੋਂ ਨਵੇਂ ਪੱਖ ਦੀ ਗੱਲ ਆਉਂਦੀ ਹੈ ਤਾਂ ਸਾਹਿਤ ਵਿੱਚ ਇਸ ਦਾ ਅਰਥ ਪਰੰਪਰਾ ਨੂੰ ਕਿਸੇ ਹੱਦ ਤੱਕ ਤਿਆਗਣਾ ਅਤੇ ਪਰੰਪਰਾਗਤ ਕਥਾਵਾਂ ਦੇ ਪ੍ਰਵਾਣਿਤ ਅਰਥਾਂ 'ਚੋਂ ਨਵੇਂ ਅਰਥ ਕੱਢਣ ਤੋਂ ਹੈ। ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਹਿਣ ਵਿੱਚ ਹੀ ਨਵੇਂ ਅਰਥ ਸਥਾਪਿਤ ਹੋ ਜਾਂਦੇ ਹਨ।"
ʻਪਿਤਾ ਜੇ ਧੀ ਦਾ ਰੂਪ ਹੰਢਾਵੇ, ਤਾਂ ਲੋਕਾਂ ਨੂੰ ਲਾਜ ਨਾ ਆਵੇ..ʼ
ਪੂਰਨ ਭਗਤ ਦੇ ਮੂਲ ਕਿੱਸੇ ਦੇ ਹਵਾਲੇ ਨਾਲ ਪ੍ਰੋਫੈਸਰ ਦਵਿੰਦਰ ਕੌਰ ਕਹਿੰਦੇ ਹਨ ਕਿ ਜਦੋਂ-ਜਦੋਂ ਰਾਜਾ ਸਲਵਾਨ ਇੱਕ ਅਠਾਰਾਂ ਸਾਲ ਦੀ ਬੱਚੀ ਨਾਲ ਵਿਆਹ ਕਰਦਾ ਹੈ, ਜੋ ਉਸ ਤੋਂ ਉਮਰ ਵਿੱਚ ਤਿੰਨ ਗੁਣਾ ਛੋਟੀ ਸੀ ਤਾਂ ਉਸ ਦੇ ਖ਼ਿਲਾਫ਼ ਕੋਈ ਅਵਾਜ਼ ਨਹੀਂ ਚੁੱਕਦਾ ਪਰ ਜਦੋਂ ਲੂਣਾ ਨੇ ਪੂਰਨ ਤੋਂ ਆਪਣਾ ਹਾਣ ਚਾਹਿਆ ਤਾਂ ਉਸ ਨੂੰ ਬਦਕਾਰ ਔਰਤ ਦਾ ਦਰਜਾ ਦਿੱਤਾ ਗਿਆ।
ਪ੍ਰੋਫੈਸਰ ਦਵਿੰਦਰ ਕੌਰ ਨੇ ਕਿਹਾ, "ਉਸ ਕਾਲ ਵਿੱਚ ਔਰਤ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਜਦੋਂ 1837 ਵਿੱਚ ਕਾਦਰਯਾਰ, ਪੂਰਨ ਭਗਤ ਦਾ ਕਿੱਸਾ ਲਿਖਦਾ ਹੈ, ਉਸ ਨੇ ਵੀ ਪੂਰਨ ਨੂੰ ਤਾਂ ਨਾਇਕ ਵਜੋਂ ਪੇਸ਼ ਕੀਤਾ ਅਤੇ ਔਰਤ ਨੂੰ ਤ੍ਰਿਸਕਾਰਿਆ ਹੈ।"
"ਉਹ ਲੂਣਾ ਨੂੰ ਕਹਿ ਰਿਹਾ ਹੈ ਕਿ ਬੰਦੇ ਦਾ ਜਤ ਸਤ ਭੰਗ ਕਰਨ ਵਾਲੀ ਔਰਤ ਹੈ। ਲੂਣਾ ਬਾਰੇ ਇਹੀ ਕਹਿ ਰਿਹਾ ਹੈ ਕਿ ਉਹ ਪੂਰਨ ਨੂੰ ਆਪਣੇ ਮਗਰ ਲਾ ਕੇ ਉਸ ਨੂੰ ਸਮਾਜ ਦੀਆਂ ਇਖਲਾਕੀ ਕਦਰਾਂ ਕੀਮਤਾਂ ਤੋਂ ਗਿਰਾਉਣਾ ਚਾਹੁੰਦੀ ਹੈ।"
ਸ਼ਿਵ ਕੁਮਾਰ ਬਟਾਲਵੀ ਨੇ ਵੀ ਮਹਾਂਕਾਵਿ ਦੇ ਆਰੰਭ ਵਿੱਚ ਲਿਖੇ 'ਮੇਰੇ ਪਾਤਰ ਮੇਰੀ ਕਥਾ' ਵਿੱਚ ਲਿਖਿਆ ਹੈ ਕਿ ਲੂਣਾ ਜਿਹੀਆਂ ਕੁੜੀਆਂ ਨੂੰ ਕਾਮ ਦੀਆਂ ਪੁਤਲੀਆਂ, ਮਾਇਆ ਦਾ ਰੂਪ ਤੇ ਸ਼ੈਤਾਨ ਦੀਆਂ ਦਾਸੀਆਂ ਸਿੱਧ ਕੀਤਾ ਜਾਂਦਾ ਸੀ।
ਇਹ ਕੁੜੀਆਂ ਬਹੁਤੀ ਵਾਰ ਨੀਵੀ ਸ਼੍ਰੇਣੀ ਦੀਆਂ ਜੰਮਪਲ ਹੁੰਦੀਆਂ ਸਨ ਅਤੇ ਉੱਚੀ ਕੁਲ ਦੇ ਉੱਚੇ ਆਚਰਣ ਵਾਲਿਆਂ ਨੂੰ ਮੁਕਤੀ ਦੇ ਰਾਹ ਤੋਂ ਡੁਲਾਉਣ, ਭਟਕਾਉਣ ਦੇ ਚਿੰਨ੍ਹ ਵਜੋਂ ਪੇਸ਼ ਕੀਤੀਆਂ ਜਾਂਦੀਆਂ ਸੀ।
ਜਦੋਂ ਸ਼ਿਵ ਨੇ ਮਹਾਂਕਾਵਿ ਲੂਣਾ ਲਿਖਿਆ ਤਾਂ ਉਨ੍ਹਾਂ ਨੇ ਸਦੀਆਂ ਤੋਂ ਤ੍ਰਿਸਕਾਰੀ ਜਾ ਰਹੀ ਲੂਣਾ ਬਾਰੇ ਨਵਾਂ ਦ੍ਰਿਸ਼ਟੀਕੋਣ ਪੇਸ਼ ਕੀਤਾ।
ਪ੍ਰੋਫੈਸਰ ਦਵਿੰਦਰ ਕੌਰ ਕਹਿੰਦੇ ਹਨ, "ਸ਼ਿਵ ਕੁਮਾਰ ਦੇ ਕਿੱਸੇ ਵਿੱਚ ਇਹ ਫਰਕ ਹੈ ਕਿ ਉਹ ਜਾਣ ਰਹੇ ਨੇ ਕਿ ਜਿਹੜਾ ਇਨਸਾਨ ਇੱਥੇ ਪੈਦਾ ਹੋਇਆ, ਅੰਨ ਪਾਣੀ ਖਾ ਰਿਹਾ, ਕਾਮੁਕਤਾ ਵੀ ਉਸ ਦੀ ਉਸੇ ਤਰ੍ਹਾਂ ਦੀ ਜ਼ਰੂਰਤ ਹੈ ਜਿਵੇਂ ਰੋਟੀ ਅਤੇ ਪਾਣੀ। ਸਰੀਰਕ ਦੇਹ ਨੂੰ ਵੀ ਪੂਰਾ ਕਰਨਾ ਓਨਾ ਹੀ ਜ਼ਰੂਰੀ ਮੰਨ ਰਿਹਾ ਹੈ ਸ਼ਿਵ ਕੁਮਾਰ ਬਟਾਲਵੀ।"
ਸ਼ਿਵ ਨੇ ਲਿਖਿਆ ਹੈ, "ਬੁੱਢੇ ਰਾਜੇ ਆਪਣੇ ਪੁੱਤਰਾਂ ਦੇ ਹਾਣ ਦੀਆਂ ਰਾਣੀਆਂ ਨੂੰ ਸੱਜਰਾ ਤੇ ਕੀ, ਉਨ੍ਹਾਂ ਦੇ ਜਿਉਂਦੇ ਰਹਿਣ ਜੋਗਾ ਬੇਹਾ ਪਿਆਰ ਵੀ ਨਹੀਂ ਸਨ ਦੇ ਸਕਦੇ। ਨਾਲੇ ਬੇਹੀ ਰੱਤ ਸੱਜਰੀ ਰੱਤ ਨੂੰ ਉਹ ਆਤਮ-ਹੁਲਾਰਾ ਨਹੀਂ ਦੇ ਸਕਦੀ।"
ਸ਼ਿਵ ਦਾ ਇਹ ਭਾਵ ਲੂਣਾ ਮਹਾਂਕਾਵਿ ਦੇ ਪੰਜਵੇਂ ਭਾਗ ਵਿੱਚ ਲੂਣਾ ਵੱਲੋਂ ਉਸ ਦੀ ਸਹੇਲੀ ਈਰਾ ਨੂੰ ਕਹੀਆਂ ਗੱਲਾਂ ਜ਼ਰੀਏ ਬਾਖੂਬੀ ਸਮਝਿਆ ਜਾ ਸਕਦਾ ਹੈ-
ਈਰਾ!
ਤੂੰ ਵੀ ਸੱਚ ਸੁਣਾਇਆ
ਤੂੰ ਵੀ ਲੂਣਾ ਦੇ ਜ਼ਖ਼ਮਾਂ 'ਤੇ
ਮੱਤਾਂ ਦਾ ਬਸ ਲੂਣ ਹੈ ਲਾਇਆ
ਤੈਨੂੰ ਵੀ ਕੁਝ ਸਮਝ ਨਾ ਆਇਆ
ਧਰਮੀ ਬਾਬਲ ਪਾਪ ਕਮਾਇਆ
ਲੜ ਲਾਇਆ ਮੇਰੇ ਫੁੱਲ ਕੁਮਲ਼ਾਇਆ
ਜਿਸ ਦਾ ਇੱਛਰਾਂ ਰੂਪ ਹੰਢਾਇਆ
ਮੈਂ ਪੂਰਨ ਦੀ ਮਾਂ
ਪੂਰਨ ਦੇ ਹਾਣ ਦੀ !
ਮੈਂ ਉਸ ਤੋਂ ਇਕ ਚੁੰਮਨ ਵੱਡੀ
ਪਰ ਮੈਂ ਕੀਕਣ ਮੈਂ ਉਹਦੀ ਲੱਗੀ
ਉਹ ਮੇਰੀ ਗਰਭ-ਜੂਨ ਨਾ ਆਇਆ
ਸਈਏ ਨੀ ਮੈਂ ਧੀ ਵਰਗੀ
ਸਲਵਾਨ ਦੀ !
ਪਿਤਾ ਜੇ ਧੀ ਦਾ ਰੂਪ ਹੰਢਾਵੇ
ਤਾਂ ਲੋਕਾਂ ਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚਰਿੱਤਰਹੀਣ ਕਹੇ ਕਿਉਂ
ਜੀਭ ਜਹਾਨ ਦੀ ?
ਇੱਥੇ ਹੀ ਅੱਗੇ ਕੁਝ ਸਤਰਾਂ ਹਨ ਜੋ ਲੂਣਾ ਦੀ ਹਾਣ ਨਾ ਮਿਲਣ ਦੀ ਤੜਪ ਅਤੇ ਤਿਗਣੀ ਉਮਰ ਦੇ ਆਦਮੀ ਨਾਲ ਸੇਜ ਸਾਂਝੀ ਕਰਨ ਦੀ ਘ੍ਰਿਣਾ ਨੂੰ ਬਿਆਨ ਕਰਦੀਆਂ ਹਨ-
ਸ਼ਿਵ ਦਾ ਖ਼ਿਆਲ ਹੈ ਕਿ ਲੂਣਾ ਜਿਹੀਆਂ ਕੁੜੀਆਂ ਦਾ ਗੁਨਾਹ ਸਿਰਫ਼ ਇਹੀ ਸੀ ਕਿ ਉਹ ਗਰੀਬ ਹੋ ਕੇ ਰੂਪਵਾਨ ਸੀ।
ਗਰੀਬਾਂ, ਦਬਿਆਂ ਕੁਚਲਿਆਂ ਦੀਆਂ ਧੀਆਂ ਹੋਣਾ ਇਨ੍ਹਾਂ ਦਾ ਦੋਸ਼ ਸੀ।
ਸ਼ਿਵ ਨੇ ਕਿਹਾ ਹੈ, "ਧਰਤੀ ਦੀ ਹੋਰ ਦੌਲਤ ਵਾਂਗ ਇਨ੍ਹਾਂ ਉਪਰ ਵੀ ਰਾਜਿਆਂ, ਰਜਵਾੜਿਆਂ ਦਾ ਅਧਿਕਾਰ ਸੀ। ਐਸ਼ ਦੇ ਉਸ ਯੁੱਗ ਵਿੱਚ ਕੌਣ ਸੀ ਕੋਈ ਦਿਲ ਵਾਲਾ ਜਿਹੜਾ ਇਨ੍ਹਾਂ ਦੀ ਵੇਦਨਾ ਫੋਲਦਾ, ਇਨ੍ਹਾਂ ਦੇ ਦਰਦ ਨੂੰ ਪਛਾਣਦਾ। ਮੈਂ ਸਦੀਆਂ ਦੀ ਦਬੀ ਘੁੱਟੀ ਪੀੜ ਨੂੰ ਹਮਦਰਦੀ ਦੇ ਫੇਹੇ ਲਾ ਕੇ ਫੂਕਾਂ ਮਾਰੀਆਂ ਅਤੇ ਪੀੜ ਹਰਨ ਦਾ ਯਤਨ ਕੀਤਾ ਹੈ।"
ਸ਼ਿਵ ਨੇ ਮਹਾਂਕਾਵਿ ਲੂਣਾ ਵਿੱਚ ਸਿਰਫ਼ ਲੂਣਾ ਬਾਰੇ ਹੀ ਦ੍ਰਿਸ਼ਟਕੋਣ ਨਹੀਂ ਬਦਲਿਆ, ਹੋਰ ਵੀ ਪਾਤਰਾਂ ਅਤੇ ਸੰਵਾਦਾਂ ਜ਼ਰੀਏ ਨਾਰੀਵਾਦੀ ਵੇਦਨਾ ਪਰੋਈ ਹੈ।
ਉਦਾਹਰਨ ਵਜੋਂ ਸ਼ਿਵ ਨੇ ਪੂਰਨ ਦੇ ਮੂਲ ਕਿੱਸੇ ਵਿੱਚ ਇੱਕ ਇਹ ਬਦਲਾਅ ਵੀ ਕੀਤਾ ਕਿ ਸਲਵਾਨ ਵੱਲੋਂ ਲੂਣਾ ਨਾਲ ਦੂਜਾ ਵਿਆਹ ਕਰਵਾਉਣ ਬਾਅਦ ਰਾਣੀ ਇੱਛਰਾਂ ਨੂੰ ਉਸ ਦੇ ਪੇਕੇ ਘਰ ਮੋੜਦਿਆਂ, ਉਸ ਦਾ ਇਸ ਘਟਨਾ ਬਾਰੇ ਦੁਖਦਾਈ ਪ੍ਰਤੀਕਰਮ ਵੀ ਪੇਸ਼ ਕੀਤਾ।
ਰਾਣੀ ਇੱਛਰਾਂ ਦੇ ਮੂੰਹੋਂ ਸ਼ਿਵ ਨੇ ਕਈ ਦਿਲ ਟੁੰਬਣ ਵਾਲੇ ਵਿਚਾਰ ਅਖਵਾਏ, ਇਨ੍ਹਾਂ ਵਿੱਚੋਂ ਕੁਝ ਸਤਰਾਂ ਦਾ ਇੱਥੇ ਜ਼ਿਕਰ ਕਰਦੇ ਹਾਂ-
ਨੀਂ ਮੈਂ ਗਿਰਗਟਾਂ ਦੇ ਰੰਗ
ਸਮਝਦੀ ਹਾਂ
ਪਰ ਇਹ ਮਰਦਾਂ ਦੇ ਰੰਗ
ਨਾ ਸਮਝ ਸਕੀ
ਡੰਗ ਸਮਝਾਂ ਮੈਂ ਕਾਲੇ ਖੜੱਪਿਆਂ ਦੇ
ਪਰ ਇਹ ਮਰਦਾਂ ਦੇ ਡੰਗ
ਨਾ ਸਮਝ ਸਕੀ?
ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਲੂਣਾ ਮਹਾਂਕਾਵਿ ਬਾਰੇ ਇਹ ਵੀ ਲਿਖਿਆ ਹੈ ਕਿ ਸਥਾਪਤ ਕੀਮਤਾਂ ਵਿੱਚ ਬੱਝੇ ਲੋਕਾਂ ਨੂੰ ਸ਼ਾਇਦ ਉਨ੍ਹਾਂ ਦਾ ਹਰ ਸ਼ਬਦ ਮੈਲਾ ਜਾਪੇ, ਪਰ ਸ਼ਿਵ ਦਾ ਵਿਸ਼ਵਾਸ ਹੈ ਕਿ ਮੈਲੇ ਸ਼ਬਦ ਹੀ ਸਮਾਜਾਂ, ਧਰਮਾਂ ਤੇ ਕੌਮਾਂ ਦੇ ਛਿਦਰੇ ਰਿਵਾਜਾਂ, ਦੁਰਗੰਧਿਤ ਭਰਮਾਂ ਅਤੇ ਕੂੜ ਵਿਚਾਰਾਂ ਨੂੰ ਨਿਤਾਰ ਕੇ ਸਾਫ਼ ਕਰ ਸਕਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ