You’re viewing a text-only version of this website that uses less data. View the main version of the website including all images and videos.
‘ਸਾਡੇ ਦਰਿਆ ਸਾਂਝੇ, ਬੁੱਲੇ ਸ਼ਾਹ ਤੇ ਸ਼ਿਵ ਕੁਮਾਰ ਬਟਾਲਵੀ ਸਾਂਝੇ ਤਾਂ ਇਹ ਜ਼ਹਿਰ ਵੀ ਸਾਂਝਾ’- ਹਨੀਫ਼ ਦਾ ਵਲੌਗ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ
ਬਚਪਨ ਤੋਂ ਹੀ ਸੁਣਦੇ ਆਏ ਹਾਂ ਕਿ ਜਿਸ ਨੇ ਲਾਹੌਰ ਸ਼ਹਿਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ।
ਅਸੀਂ ਵੀ ਛੋਟੇ ਹੁੰਦਿਆਂ ਲਾਹੌਰ ਸ਼ਹਿਰ ਦੇ ਬਾਗ਼, ਬਗ਼ੀਚੇ ਤੇ ਬੱਤੀਆਂ ਵੇਖੀਆਂ ਅਤੇ ਇੰਝ ਲੱਗਿਆ ਕਿ ਅਸੀਂ ਤਾਂ ਪਿੰਡਾਂ ’ਚ ਬਸ ਮੱਝਾਂ ਹੀ ਨਹਾਉਂਦੇ ਰਹਿੰਦੇ ਹਾਂ। ਅਸਲੀ ਮੌਜਾਂ ਤਾਂ ਲਾਹੌਰ ਸ਼ਹਿਰ ’ਚ ਹੀ ਹਨ ਤੇ ਵੱਡਾ ਸ਼ਹਿਰ ਇੰਝ ਦਾ ਹੀ ਹੁੰਦਾ ਹੈ।
ਪਿਛਲੇ ਦਿਨੀਂ ਫ਼ਿਰ ਲਾਹੌਰ ਦਾ ਫੇਰਾ ਲੱਗਿਆ ਤਾਂ ਪਤਾ ਲੱਗਿਆ ਕਿ ਜਿਹੜੇ ਲਾਹੌਰ ਦੇ ਆਪ ਜੰਮਪਲ ਨੇ ਉਹ ਵੀ ਸਾਹ ਲੈਣ ਤੋਂ ਤੰਗ ਆਏ ਹਨ। ਲੋਕ ਮਿੱਠੇ ਅਤੇ ਹਵਾ ਜ਼ਹਿਰੀਲੀ।
ਦਿੱਲੀ ਤੋਂ ਲਾਹੌਰ ਤੱਕ ਸਾਹ ਲੈਣਾ ਹੋਇਆ ਔਖਾ
ਕਿਸੇ ਨੂੰ ਪੁੱਛਿਆ ਕਿ ਤੁਸੀਂ ਇਸ ਸਮੋਗ ਨੂੰ ਪੰਜਾਬੀ ਵਿੱਚ ਕੀ ਆਖਦੇ ਹੋ, ਉਸ ਨੇ ਮੂੰਹ ਤੋਂ ਮਾਸਕ ਥੱਲੇ ਲਾਇਆ ਅਤੇ ਕਿਹਾ ਕਿ ਸਮੋਗ।
ਹਰ ਸਾਲ ਪੰਜਾਬ ’ਚ ਪਾਲਾ ਬਾਅਦ ’ਚ ਆਉਂਦਾ ਅਤੇ ਸਮੋਗ ਪਹਿਲਾਂ ਆ ਜਾਂਦਾ ਹੈ।
ਹਵਾ ਵਿੱਚ ਐਨਾ ਜ਼ਹਿਰ ਕਿ ਸਾਹ ਨਾ ਅੰਦਰ ਲਿਆ ਜਾਵੇ ਤੇ ਨਾ ਬਾਹਰ ਕੱਢਿਆ ਜਾਵੇ। ਗਲ਼ ਵਿੱਚ ਲੱਗਦਾ ਹੈ ਕਿ ਕੋਈ ਜ਼ਹਿਰੀਲੀ ਜਿਹੀ ਸ਼ੈਅ ਫ਼ਸ ਗਈ ਹੈ, ਜਿਹੜੀ ਨਾ ਅੰਦਰ ਜਾਂਦੀ ਹੈ ਅਤੇ ਨਾ ਬਾਹਰ ਆਉਂਦੀ ਹੈ।
ਲਾਹੌਰ ’ਚ ਸਮੋਗ ਵਾਲਾ ਇੰਡੈਕਸ ਵੇਖੋ ਤਾਂ ਲਾਹੌਰ ਦੁਨੀਆ ਦੇ ਸਭ ਤੋਂ ਉੱਪਰ ਹੈ।
ਬਾਰਡਰ ਦੇ ਦੂਜੇ ਪਾਸੇ ਵੀ ਇਹੋ ਹਾਲ ਹੈ। ਅੱਜ ਵੀ ਚੈੱਕ ਕੀਤਾ ਸਵੇਰੇ-ਸਵੇਰੇ ਲਾਹੌਰ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਸ਼ਹਿਰ ਸੀ। ਦੁਪਹਿਰ ਵੇਲੇ ਕੋਈ ਦਿੱਲੀ ਬਾਜ਼ੀ ਲੈ ਗਿਆ। ਸ਼ਾਮ ਤੱਕ ਲਾਹੌਰ ਫ਼ਿਰ ਦਿੱਲੀ ਨੂੰ ਪਿੱਛੇ ਛੱਡ ਗਿਆ। ਲਾਹੌਰ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਸ਼ਹਿਰ ਅਤੇ ਦਿੱਲੀ ਦੂਜੇ ਨੰਬਰ ’ਤੇ।
ਬਾਕੀ ਜਿਹੜੇ ਸ਼ਹਿਰ ਹਨ- ਗੁਜ਼ਰਾਂਵਾਲਾ, ਕਸੂਰ ਅਤੇ ਦੂਜੇ ਪਾਸੇ ਅੰਮ੍ਰਿਤਸਰ ਅਤੇ ਜਲੰਧਰ ਉਹ ਵੀ ਕੋਈ ਜ਼ਿਆਦਾ ਪਿੱਛੇ ਨਹੀਂ ਹਨ।
ਇਹ ਸਮੋਗ ਕੋਈ ਨਵਾਂ ਨਹੀਂ ਆਇਆ ਹੈ।
ਜਿਸ ਲਾਹੌਰ ਨਹੀਂ ਦੇਖਿਆ...
ਕੋਈ 5-7 ਵਰ੍ਹੇ ਪਹਿਲਾਂ ਮੈਂ ਆਪਣੇ ਛੋਟੇ ਮੁੰਡੇ ਨੂੰ ਲਾਹੌਰ ਸ਼ਹਿਰ ਵਿਖਾਉਣ ਲਈ ਲੈ ਗਿਆ ਸੀ। ਹਵਾ ’ਚ ਉਦੋਂ ਵੀ ਇੰਨਾ ਜ਼ਹਿਰ ਸੀ ਕਿ ਕਮਰੇ ’ਚੋਂ ਬਾਹਰ ਨਿਕਲਦਿਆਂ ਡਰ ਲੱਗੇ।
ਇੱਕ ਦਿਨ ਮੈਂ ਹਿੰਮਤ ਕਰਕੇ ਮੁੰਡੇ ਨੂੰ ਲਾਹੌਰ ਦੇ ਮਸ਼ਹੂਰ ਚਿੜੀਆ ਘਰ ਲੈ ਗਿਆ।
ਉੱਥੇ ਲੱਗਾ ਕਿ ਜਾਨਵਰ ਵੀ ਇੰਝ ਕਹਿੰਦੇ ਪਏ ਹਨ ਕਿ ਕਿਹੜਾ ਲਾਹੌਰ ਸ਼ਹਿਰ ਹੈ, ਜਿਸ ਨੂੰ ਵੇਖ ਕੇ ਅਸੀਂ ਜੰਮਣ ਆਏ ਸੀ। ਸਾਨੂੰ ਤਾਂ ਲੱਗਦਾ ਹੈ ਕਿ ਅਸੀਂ ਤਾਂ ਇੱਥੇ ਮਰਨ ਹੀ ਆਏ ਹਾਂ।
ਬਾਂਦਰ ਸ਼ਰਾਰਤਾਂ ਭੁੱਲ ਕੇ ਨੁੱਕਰ ’ਚ ਬੈਠੇ ਖੰਘ ਰਹੇ ਸਨ, ਬੱਬਰ ਸ਼ੇਰ ਨੇ ਲੱਤਾਂ ਹਵਾ ’ਚ ਚੁੱਕੀਆਂ ਸਨ ਤੇ ਸਾਹ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ।
ਸਾਂਝਾ ਪੰਜਾਬ
ਲਾਹੌਰੀਆਂ ਕੋਲੋਂ ਪੁੱਛੋ ਤਾਂ ਉਹ ਇਹ ਕਹਿ ਛੱਡਦੇ ਹਨ ਕਿ ਬਾਰਡਰ ਪਾਰ ਦੇ ਕਿਸਾਨ ਫ਼ਸਲਾਂ ਦੀ ਵਢਾਈ ਤੋਂ ਬਾਅਦ ਅੱਗ ਲਗਾ ਦਿੰਦੇ ਹਨ ਅਤੇ ਇਹ ਸਮੋਗ ਬਣ ਜਾਂਦਾ ਹੈ, ਜਿਹੜਾ ਇਸ ਪਾਸੇ ਆ ਜਾਂਦਾ ਹੈ। ਬਾਰਡਰ ਦੇ ਦੂਜੇ ਪਾਸੇ ਵੀ ਇਸ ਤਰਾਂ ਦੀਆਂ ਹੀ ਗੱਲਾਂ ਹੁੰਦੀਆਂ ਹੋਣਗੀਆਂ।
ਪੰਜਾਬੀ ਬਾਰਡਰ ਦੇ ਕਿਸੇ ਪਾਸੇ ਦੇ ਵੀ ਹੋਣ, ਜਦੋਂ ਕਿਤੇ ਵੀ ਮਿਲ ਬਹਿੰਦੇ ਹਨ ਤਾਂ ਇਹ ਰੋਣਾ ਰੋਂਦੇ ਹਨ ਕਿ ਸਾਡੀਆਂ ਸਾਰੀਆਂ ਚੀਜ਼ਾਂ ਸਾਂਝੀਆਂ ਹਨ, ਸਾਡੀ ਬੋਲੀ ਸਾਂਝੀ, ਸਾਡੇ ਗੌਣ ਸਾਂਝੇ, ਸਾਡੇ ਦਰਿਆ ਸਾਂਝੇ, ਸਾਡੇ ਬੁੱਲੇ ਸ਼ਾਹ ਅਤੇ ਸ਼ਿਵ ਕੁਮਾਰ ਬਟਾਲਵੀ ਸਾਂਝੇ।
ਪਰ ਜਦੋਂ ਸਮੋਗ ਦੀ ਗੱਲ ਹੁੰਦੀ ਹੈ ਤਾਂ ਇੱਕ-ਦੂਜੇ ਨੂੰ ਉਲਾਹਮਾ ਮਾਰ ਛੱਡਦੇ ਹਨ।
ਜੇਕਰ ਬਾਕੀ ਸਾਡਾ ਸਾਰਾ ਕੁਝ ਸਾਂਝਾ ਹੈ ਤਾਂ ਇਹ ਜ਼ਹਿਰ ਵੀ ਸਾਡਾ ਸਾਂਝਾ ਹੀ ਹੈ।
ਜੇਕਰ ਇਸ ਜ਼ਹਿਰ ਦਾ ਅਸੀਂ ਕੋਈ ਹੱਲ ਲੱਭਣਾ ਹੈ ਤਾਂ ਉਹ ਵੀ ਰਲ਼-ਮਿਲ ਕੇ ਹੀ ਲੱਭਣਾ ਪਵੇਗਾ।
ਬਾਕੀ ਬਾਰਡਰ ਦੇ ਦੋਵੇਂ ਪਾਸੇ ਰਹਿੰਦੇ ਰਹੋ, ਜ਼ਹਿਰੀਲੀ ਹਵਾ ’ਚ ਸਾਹ ਲੈਂਦੇ ਰਹੋ ਤੇ ਇੱਕ- ਦੂਜੇ ਨੂੰ ਉਲਾਹਮੇ ਮਾਰਦੇ ਰਹੋ।
ਰੱਬ ਰਾਖਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ