ਪੰਜਾਬ 'ਚ ਹੜ੍ਹਾਂ ਨਾਲ ਮਧੂਮੱਖੀ ਪਾਲਕਾਂ ਦਾ ਵੱਡਾ ਨੁਕਸਾਨ, ਸਰਕਾਰੀ ਸੂਚੀ 'ਚ ਨਹੀਂ ਜ਼ਿਕਰ, 'ਡਿਪ੍ਰੈਸ਼ਨ ਦੀਆਂ ਗੋਲੀਆਂ ਲੈ ਰਿਹਾ ਹਾਂ'

- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਸਹਿਯੋਗੀ
ਖੇਤਾਂ ਵਿੱਚ ਮਧੂ-ਮੱਖੀਆਂ ਮਰੀਆਂ ਪਈਆਂ ਹਨ। ਮਧੂ ਮੱਖੀ ਪਾਲਕ ਨੌਜਵਾਨ ਜਗਵਿੰਦਰ ਸਿੰਘ ਇਹਨਾਂ ਮਰੀਆਂ ਹੋਈਆਂ ਮੱਖੀਆਂ ਨੂੰ ਹੱਥ ਵਿੱਚ ਚੁੱਕੀ ਖੜੇ ਹਨ।
ਉਹਨਾਂ ਭਰੇ ਮਨ ਨਾਲ ਕਿਹਾ, "ਸਵੇਰੇ-ਸ਼ਾਮ ਡਿਪ੍ਰੈਸ਼ਨ ਦੀਆਂ ਗੋਲੀਆਂ ਲੈ ਰਿਹਾ ਹਾਂ, 25-30 ਲੱਖ ਰੁਪਏ ਦਾ ਨੁਕਸਾਨ ਹੋ ਗਿਆ, ਕੋਈ ਮਦਦ ਨਹੀਂ ਕਰ ਰਿਹਾ, ਪਰਿਵਾਰ ਨੂੰ ਖਵਾਉਣਾ ਕਿੱਥੋਂ ਹੈ, ਕੁਝ ਪਤਾ ਨਹੀਂ ਲੱਗ ਰਿਹਾ!"
ਨਿਰਾਸ਼ਾ ਦਾ ਇਹ ਆਲਮ ਬਰਨਾਲਾ ਜ਼ਿਲ੍ਹੇ ਦੇ ਪਿੰਡ ਝਲੂਰ ਦੇ ਰਹਿਣ ਵਾਲੇ ਜਗਵਿੰਦਰ ਸਿੰਘ ਦੇ ਘਰ ਹੈ। ਘਰ ਵਿੱਚ ਹਰ ਪਾਸੇ ਮਧੂ-ਮੱਖੀ ਪਾਲਣ ਵਾਲੇ ਲੱਕੜ ਦੇ ਗਿੱਲੇ ਅਤੇ ਉੱਲੀ ਲੱਗੇ ਡੱਬੇ ਪਏ ਹਨ। ਜਗਵਿੰਦਰ ਦੇ ਪਰਿਵਾਰ ਵਾਲੇ ਵੀ ਮਧੂ-ਮੱਖੀਆਂ ਦੇ ਮਰ ਜਾਣ ਉੱਤੇ ਬੇਹੱਦ ਦੁਖੀ ਹਨ।
ਜਗਵਿੰਦਰ ਸਿੰਘ ਇੱਕ ਛੋਟੇ ਕਿਸਾਨ ਹਨ, ਉਨ੍ਹਾਂ ਕੋਲ 3 ਕਿੱਲੇ ਜ਼ਮੀਨ ਹੈ। ਖੇਤੀ ਵਿੱਚੋਂ ਚੰਗਾ ਮੁਨਾਫ਼ਾ ਕਮਾਉਣ ਲਈ ਉਹ ਪਿਛਲੇ 10 ਸਾਲਾਂ ਤੋਂ ਸਹਾਇਕ ਧੰਦੇ ਮਧੂ ਮੱਖੀ ਪਾਲਣ ਦਾ ਕੰਮ ਵੀ ਕਰ ਰਹੇ ਹਨ।
ਪਰ ਇਸ ਸਾਲ ਅਗਸਤ-ਸਤੰਬਰ ਮਹੀਨੇ ਪਏ ਭਾਰੀ ਮੀਂਹ ਅਤੇ ਸੜਕਾਂ-ਖੇਤਾਂ ਵਿੱਚ ਪਾਣੀ ਆਉਣ ਕਾਰਨ ਉਨ੍ਹਾਂ ਦੇ 400 ਮਧੂ-ਮੱਖੀ ਦੇ ਡੱਬੇ ਪਾਣੀ ਵਿੱਚ ਡੁੱਬ ਗਏ।
ਜਿਸ ਕਰਕੇ ਡੱਬਿਆਂ ਵਿੱਚ ਮੌਜੂਦ ਮਧੂ-ਮੱਖੀਆਂ ਅਤੇ ਰਾਣੀ ਮਧੂ ਮੱਖੀ ਮਰ ਗਈ ਜਾਂ ਉੱਡ ਗਈ ਅਤੇ ਨਾਲ ਹੀ ਡੱਬਿਆਂ ਵਿੱਚ ਇਕੱਠਾ ਹੋਇਆ ਸ਼ਹਿਦ ਵਿੱਚ ਖ਼ਰਾਬ ਹੋ ਗਿਆ।
ਜਗਵਿੰਦਰ ਸਿੰਘ ਦੱਸਦੇ ਹਨ ਕੁਦਰਤੀ ਆਫ਼ਤ ਦੀ ਇਹ ਮਾਰ ਉਨ੍ਹਾਂ ਨੂੰ ਇਕੱਲੀ ਪੰਜਾਬ ਵਿੱਚ ਹੀ ਨਹੀਂ ਪਈ, ਉਨ੍ਹਾਂ ਦੇ ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਪਏ ਮਧੂ ਮੱਖੀਆਂ ਦੇ 700 ਡੱਬੇ ਵੀ ਹੜ੍ਹਾਂ ਦੇ ਪਾਣੀ ਵਿੱਚ ਰੁੜ ਗਏ ਹਨ।
ਇਸ ਤੋਂ ਬਾਅਦ ਉਨ੍ਹਾਂ ਨੂੰ ਲਗਭਗ 25-30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਦੇ ਵਿੱਚ ਮਧੂ-ਮੱਖੀ ਪਾਲਣ ਦੇ ਧੰਦੇ ਲਈ ਲਿਆ 15 ਲੱਖ ਦਾ ਲੋਨ ਵੀ ਸ਼ਾਮਲ ਹੈ।

ਮਧੂ-ਮੱਖੀ ਪਾਲਣ ਵਿੱਚ ਪਏ ਲੱਖਾਂ ਦੇ ਘਾਟੇ ਦੀ ਕਹਾਣੀ ਪੰਜਾਬ ਦੇ ਕੇਵਲ ਇੱਕ ਕਿਸਾਨ ਦੀ ਨਹੀਂ ਹੈ। ਬਰਨਾਲਾ ਜ਼ਿਲੇ ਦੇ ਨਾਲ ਲੱਗਦੇ ਜ਼ਿਲ੍ਹਾ ਸੰਗਰੂਰ ਦੇ ਕਿਸਾਨ ਸਤਪਾਲ ਸਿੰਘ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ।
ਫਰਕ ਸਿਰਫ਼ ਇਹ ਹੈ ਕਿ ਸਤਪਾਲ ਸਿੰਘ ਦੇ ਮੱਖੀ-ਪਾਲਣ ਦੇ ਧੰਦੇ ਨੂੰ ਤਬਾਹ ਕਰਨ ਵਾਲਾ ਪਾਣੀ, ਗੰਦੇ ਨਾਲੇ ਦਾ ਪਾਣੀ ਸੀ, ਜੋ ਉਨ੍ਹਾਂ ਦੇ ਫਾਰਮ ਤੋਂ 800-900 ਮੀਟਰ ਦੀ ਦੂਰੀ 'ਤੇ ਨਿਕਲਦਾ ਹੈ। ਪਰ ਇਹ ਕਿਵੇਂ ਸਤਪਾਲ ਸਿੰਘ ਨੂੰ 10 ਲੱਖ ਦਾ ਘਾਟਾ ਪਵਾ ਦੇਵੇਗਾ, ਉਨ੍ਹਾਂ ਕਦੇ ਨਹੀਂ ਸੋਚਿਆ ਸੀ।
ਪੰਜਾਬ ਸਰਕਾਰ ਅਨੁਸਾਰ ਅਗਸਤ-ਸਤੰਬਰ ਮਹੀਨੇ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੰਜਾਬ ਦੇ 2185 ਪਿੰਡਾਂ ਵਿੱਚ 5 ਲੱਖ ਏਕੜ ਰਕਬੇ ਵਿੱਚ ਫ਼ਸਲ ਤਬਾਹ ਹੋਈ ਹੈ।
ਪਰ ਸਰਕਰ ਦੇ ਇਨ੍ਹਾਂ ਅੰਕੜਿਆਂ ਵਿੱਚ ਸਹਾਇਕ ਧੰਦੇ ਜਿਵੇਂ ਮਧੂ-ਮੱਖੀ ਪਾਲਣ ਦੇ ਧੰਦੇ ਦੇ ਨੁਕਸਾਨ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।

ਬਰਨਾਲਾ-ਸੰਗਰੂਰ ਵਿੱਚ ਮਧੂ-ਮੱਖੀ ਪਾਲਕਾਂ ਦਾ ਨੁਕਸਾਨ
ਮਧੂ-ਮੱਖੀਆਂ ਦੇ ਡੱਬੇ ਲੱਕੜ ਦੇ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਕਲੋਨੀਆਂ ਕਿਹਾ ਜਾਂਦਾ ਹੈ। ਇੱਕ ਕਲੋਨੀ (ਡੱਬੇ) ਦੇ ਅੰਦਰ 10 ਲੱਕੜ ਦੇ ਫਰੇਮ (ਛੱਤੇ) ਹੁੰਦੇ ਹਨ। ਹਰ ਫਰੇਮ ਉੱਤੇ 2000 ਦੇ ਕਰੀਬ ਮਧੂ-ਮੱਖੀਆਂ ਬੈਠਦੀਆਂ ਹਨ ਤੇ ਇਸ ਤਰ੍ਹਾਂ ਹਰ ਕਲੋਨੀ ਵਿੱਚ 20 ਹਜ਼ਾਰ ਦੇ ਕਰੀਬ ਮੱਖੀ ਹੁੰਦੀ ਹੈ।
ਝਲੂਰ ਪਿੰਡ ਵਿੱਚ ਘਰ ਦੇ ਨਾਲ ਆਪਣੇ ਹੀ ਖੇਤ ਵਿੱਚ 400 ਡੱਬੇ ਰੱਖਣ ਵਾਲੇ ਕਿਸਾਨ ਜਗਵਿੰਦਰ ਸਿੰਘ ਦੱਸਦੇ ਹਨ, "ਮੈਂ ਪਿੱਛਲੇ 10 ਸਾਲਾਂ ਤੋਂ ਮਧੂ-ਮੱਖੀ ਪਾਲਣ ਦਾ ਧੰਦਾ ਚੰਗੀ ਤਰ੍ਹਾਂ ਕਰ ਰਿਹਾ ਸੀ ਅਤੇ ਮੁਨਾਫ਼ਾ ਵੀ ਚੰਗਾ ਹੋ ਰਿਹਾ ਸੀ। ਇਸ ਸਾਲ ਜਦੋਂ ਪੰਜਾਬ ਵਿੱਚ ਮੀਂਹ ਪੈਣੇ ਸ਼ੁਰੂ ਹੋਏ ਤਾਂ ਸਾਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਪਾਣੀ ਖੇਤਾਂ ਵਿੱਚ 3-4 ਫੁੱਟ ਤੱਕ ਭਰ ਜਾਵੇਗਾ।"
ਜਗਵਿੰਦਰ ਸਿੰਘ ਕਹਿੰਦੇ ਹਨ, "ਤਰੀਕ ਤਾਂ ਯਾਦ ਨਹੀਂ ਪਰ ਇਸੇ ਮਹੀਨੇ (ਸਤੰਬਰ ਦੀ ਸ਼ੁਰੂਆਤ) ਲਗਾਤਾਰ ਮੀਂਹ ਪੈਂਦਾ ਰਿਹਾ, ਅਸੀਂ ਡੱਬਿਆਂ ਦੇ ਬਚਾਅ ਲਈ ਉਨ੍ਹਾਂ ਨੂੰ ਲੋਹੇ ਦੇ ਬਣੇ ਸਟੈਂਡਾਂ ਉੱਤੇ ਰੱਖ ਦਿੱਤਾ। ਪਰ ਇੱਕ ਰਾਤ ਦੂਜੇ ਪਿੰਡਾਂ ਤੋਂ ਆਇਆ ਪਾਣੀ ਢਲਾਣ ਹੋਣ ਕਾਰਨ ਸਾਡੇ ਖੇਤਾਂ ਵੱਲ ਨੂੰ ਆ ਗਿਆ, ਰਾਤ ਹੋਣ ਕਰਕੇ ਸਾਨੂੰ ਪਤਾ ਨਾ ਲੱਗਿਆ।"
"ਅਗਲੇ ਦਿਨ ਸਵੇਰੇ ਦੇਖਿਆ ਤਾਂ ਸਾਰਾ 400 ਡੱਬਾ ਪਾਣੀ ਵਿੱਚ ਡੁੱਬ ਗਿਆ ਸੀ, ਬਹੁਤੀ ਮੱਖੀ ਮਰ ਗਈ ਸੀ ਅਤੇ ਜੋ ਬਚੀ ਹੋਣੀ ਉਹ ਉੱਡ ਗਈ। ਡੱਬਿਆਂ ਵਿੱਚ ਪਏ ਸ਼ਹਿਦ ਨਾਲ ਭਰੇ ਛੱਤਿਆਂ ਨੂੰ ਵੀ ਉੱਲੀ ਲੱਗ ਗਈ ਸੀ।"
ਉਹ ਜੰਮੂ-ਕਸ਼ਮੀਰ ਵਿੱਚ ਪਏ ਉਨ੍ਹਾਂ ਦੇ ਮਧੂ-ਮੱਖੀ ਦੇ ਡੱਬਿਆਂ ਬਾਰੇ ਦੱਸਦੇ ਕਹਿੰਦੇ ਹਨ, "ਉਧਰ ਅਨੰਤਨਾਗ ਵਿੱਚ ਪਏ ਮੇਰੇ 700 ਡੱਬਿਆਂ ਨੂੰ ਤਾਂ ਸਾਡੇ ਵਰਕਰਾਂ ਨੇ ਪਾਣੀ ਵਿੱਚ ਰੁੜਦੇ ਹੀ ਦੇਖਿਆ ਹੈ, ਪਾਣੀ ਇੰਨਾਂ ਤੇਜ਼ ਸੀ ਕਿ ਕਿਤੇ ਕੋਈ ਡੱਬਾ ਨਹੀਂ ਲੱਭਿਆ।"

ਮਧੂ-ਮੱਖੀ ਪਾਲਣ ਦਾ ਧੰਦਾ ਛੱਡਣ ਨੂੰ ਮਜ਼ਬੂਰ ਕਿਸਾਨ
ਸੰਗਰੂਰ ਦੇ ਪਿੰਡ ਮੱਲੂਮਾਜਰਾ ਦੇ ਰਹਿਣ ਵਾਲੇ ਸਤਪਾਲ ਸਿੰਘ ਵੀ ਮਧੂ-ਮੱਖੀ ਪਾਲਣ ਧੰਦੇ ਵਿੱਚ ਪਏ ਘਾਟੇ ਕਾਰਨ ਪਰੇਸ਼ਾਨ ਹਨ। ਸਤਪਾਲ ਸਿੰਘ ਨੇ ਆਪਣੇ ਪਿੰਡ ਤੋਂ ਥੋੜ੍ਹੀ ਦੂਰੀ ਉੱਤੇ ਨਹਿਰ ਕੰਢੇ ਮਧੂ-ਮੱਖੀਆਂ ਦੇ 250 ਡੱਬੇ ਰੱਖੇ ਹੋਏ ਸਨ।
ਉਹ ਕਹਿੰਦੇ ਹਨ, "2-3 ਸਤੰਬਰ ਦੀ ਰਾਤ ਨੂੰ ਇੱਕ ਤਾਂ ਮੀਂਹ ਬਹੁਤ ਪੈ ਰਿਹਾ ਸੀ, ਦੂਜਾ ਸਾਡੇ ਨੇੜਿਓਂ ਲੰਘਦਾ ਇੱਕ ਗੰਦਾ ਨਾਲਾ ਪਿੱਛੋਂ ਛੱਡੇ ਪਾਣੀ ਕਾਰਨ ਰਾਤੋਂ-ਰਾਤ ਓਵਰਫਲੋ ਹੋ ਗਿਆ ਅਤੇ ਸਾਰਾ ਗੰਦਾ ਪਾਣੀ ਪਿੰਡ ਅਤੇ ਖੇਤਾਂ ਵਿੱਚ ਵੜ੍ਹ ਗਿਆ।"
"ਰਾਤ ਦੇ ਹਨ੍ਹੇਰੇ ਵਿੱਚ ਅਸੀਂ ਨਹਿਰ ਕੰਢੇ ਕਿਵੇਂ ਮੱਖੀਆਂ ਦੇਖਣ ਆਉਂਦੇ। ਜਦੋਂ ਸਵੇਰੇ ਤੜਕੇ ਆ ਕੇ ਦੇਖਿਆ ਤਾਂ ਸਾਰੇ ਡੱਬੇ ਗੰਦੇ ਪਾਣੀ ਵਿੱਚ ਡੁੱਬੇ ਹੋਏ ਸਨ। ਪਿੰਡ ਵਾਲਿਆਂ ਨੇ ਮਦਦ ਕੀਤੀ ਅਤੇ ਅਸੀਂ ਭੱਜ ਕੇ ਜਿੰਨੇ ਡੱਬੇ ਚੱਕ ਸਕਦੇ ਸੀ, ਉਹ ਚੁੱਕੇ ਪਰ 150 ਡੱਬਾ ਫਿਰ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਮੱਖੀਆਂ ਮਰ ਗਈਆਂ ਜਾਂ ਉੱਡ ਗਈਆਂ। 60-70 ਕੁ ਡੱਬੇ ਹੀ ਬਚਾ ਸਕੇ, ਉਨ੍ਹਾਂ ਵਿੱਚੋਂ ਵੀ ਬਹੁਤ ਸਾਰਿਆਂ ਦੀਆਂ ਕੁਝ-ਕੁਝ ਫਰੇਮਾਂ ਤਾਂ ਗਲ ਹੀ ਗਈਆਂ।"
ਦੂਜੇ ਪਾਸੇ ਧੰਦੇ ਵਿੱਚ ਪਏ ਵਿੱਤੀ ਘਾਟੇ ਕਾਰਨ ਮਾਨਸਿਕ ਤੌਰ ਉੱਤੇ ਪਰੇਸ਼ਾਨ ਹੋ ਚੁੱਕੇ ਜਗਵਿੰਦਰ ਸਿੰਘ ਕਹਿੰਦੇ ਹਨ, "ਹੁਣ ਮੈਂ ਮਧੂ-ਮੱਖੀ ਪਾਲਣ ਦਾ ਧੰਦਾ ਨਹੀਂ ਕਰਾਂਗਾ। ਹੁਣ ਉਹ ਧੰਦਾ ਸ਼ੁਰੂ ਕਰੇਗਾ ਜਿਸ ਵਿੱਚ ਕੁਦਤਰੀ ਆਫ਼ਤ ਆਉਣ ਵੇਲੇ ਸਰਕਾਰ ਕੋਈ ਸਬਸਿਡੀ ਜਾਂ ਕੋਈ ਹੋਰ ਵਿੱਤੀ ਸਹਾਇਤਾ ਵੀ ਕਰੇ।"
"ਰਵਾਇਤੀ ਖੇਤੀ ਨਹੀਂ ਕਰ ਸਕਾਂਗਾ ਤਾਂ ਪਸ਼ੂ-ਪਾਲਣ ਦਾ ਧੰਦਾ ਸ਼ੁਰੂ ਕਰ ਲਵਾਂਗਾ ਪਰ ਮਧੂ-ਮੱਖੀ ਪਾਲਣ ਦੇ ਧੰਦੇ ਵੱਲ ਨਹੀਂ ਜਾਵਾਂਗਾ।"
ਕੁੱਲ ਕਿੰਨੇ ਕਿਸਾਨਾਂ ਦਾ ਹੋਇਆ ਨੁਕਸਾਨ
ਪੰਜਾਬ ਵਿੱਚ ਆਏ ਹੜ੍ਹ ਜਾਂ ਜ਼ਿਆਦਾ ਪਾਣੀ ਕਾਰਨ ਕਿੰਨੇ ਕੁ ਮਧੂ-ਮੱਖੀ ਪਾਲਕਾਂ ਦਾ ਨੁਕਸਾਨ ਹੋਇਆ ਹੈ ਇਹ ਜਾਨਣ ਲਈ ਅਸੀਂ ਪੰਜਾਬ ਬਾਗ਼ਬਾਨੀ ਵਿਭਾਗ ਦੇ ਮੁਖੀ ਸ਼ੈਲਿੰਦਰ ਕੌਰ ਨਾਲ ਗੱਲ ਕੀਤੀ।
ਉਨ੍ਹਾਂ ਨੇ ਜਵਾਬ ਦਿੱਤਾ ਕਿ ਵਿਭਾਗ ਫਿਲਹਾਲ ਜ਼ਮੀਨ ਉੱਤੇ ਟੀਮਾਂ ਭੇਜ ਕੇ ਹਾਲਾਤ ਦੀ ਜਾਂਚ ਕਰ ਰਿਹਾ ਹੈ, ਜਿਵੇਂ ਹੀ ਅੰਕੜੇ ਇਕੱਠੇ ਕੀਤੇ ਜਾਣਗੇ, ਉਸ ਤੋਂ ਬਾਅਦ ਅਗਲਾ ਕਦਮ ਚੁੱਕਿਆ ਜਾਵੇਗਾ।
ਪਰ ਪੀਏਯੂ ਪ੍ਰੋਗਰੈਸਿਵ ਬੀ ਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਸੋਹੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਹਰ ਰੋਜ਼ ਸਾਨੂੰ ਇੱਕ-ਇੱਕ ਕਰਕੇ ਮਧੂ-ਮੱਖੀ ਪਾਲਕਾਂ ਦੇ ਨੁਕਸਾਨ ਦੀ ਜਾਣਕਾਰੀ ਮਿਲ ਰਹੀ ਹੈ।"
"ਅਸੀਂ ਉਨ੍ਹਾਂ ਕਿਸਾਨਾਂ ਨੂੰ ਮਿਲ ਵੀ ਰਹੇ ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ, ਹਰ ਜ਼ਿਲ੍ਹੇ ਵਿੱਚ ਕਿਸਾਨਾਂ ਤੋਂ ਪ੍ਰਸ਼ਾਸਨ ਦੇ ਨਾਮ ਮੰਗ-ਪੱਤਰ ਵੀ ਭੇਜ ਰਹੇ ਹਾਂ। ਸੰਗਰੂਰ ਜ਼ਿਲ੍ਹੇ ਦੇ ਘੱਟੋ-ਘੱਟ ਚਾਰ ਕਿਸਾਨ ਇਸ ਮਾਰ ਤੋਂ ਪ੍ਰਭਾਵਿਤ ਹੋਏ ਹਨ। ਅਸੀਂ ਇਸ ਮਹੀਨੇ ਪ੍ਰਧਾਨ ਮੰਤਰੀ ਨੂੰ ਵੀ ਪੱਤਰ ਭੇਜਿਆ ਹੈ ਤਾਂ ਜੋ ਮਧੂ-ਮੱਖੀ ਪਾਲਕਾਂ ਦੀ ਮਦਦ ਹੋ ਸਕੇ।"

ਪ੍ਰਸ਼ਾਸ਼ਨ ਨੂੰ ਅਪੀਲ
ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਦੋਰਾਹਾ ਵਿੱਚ ਬੀ-ਫਾਰਮਿੰਗ ਅਤੇ ਹਨੀ ਐਕਸਪੋਰਟਰ ਦਾ ਕੰਮ ਕਰਦੇ ਜਤਿੰਦਰਪਾਲ ਸਿੰਘ ਕਹਿੰਦੇ ਹਨ, "ਇੱਕ ਡੱਬੇ ਦਾ ਨੁਕਸਾਨ ਹੋਣਾ ਮਤਲਬ 4000 ਰੁਪਏ ਦਾ ਨੁਕਸਾਨ ਹੈ।"
"ਇੱਕ ਡੱਬੇ ਤੋਂ 30-40 ਕਿੱਲੋ ਸ਼ਹੀਦ ਨਿਕਲਦਾ ਹੈ, ਉਹ ਖ਼ਤਮ ਹੋ ਗਿਆ ਅਤੇ 4000 ਰੁਪਏ ਦੀ ਮੱਖੀ ਮਰ ਗਈ ਹੈ। ਜੇਕਰ ਕਿਸੇ ਕਿਸਾਨ ਦੇ 400 ਡੱਬੇ ਖ਼ਰਾਬ ਹੋਏ ਹਨ ਤਾਂ ਉਸ ਦਾ 16 ਲੱਖ ਦਾ ਨੁਕਸਾਨ ਹੈ ਅਤੇ ਜਿਨ੍ਹਾਂ ਦੇ 250 ਡੱਬੇ ਦਾ ਨੁਕਸਾਨ ਹੈ ਉਨ੍ਹਾਂ ਦਾ ਘੱਟੋ-ਘੱਟ 10 ਲੱਖ ਦਾ ਨੁਕਸਾਨ ਹੋਇਆ ਹੈ।"
ਜਤਿੰਦਰਜੀਤ ਕਹਿੰਦੇ ਹਨ ਕਿ ਇੰਨਾਂ ਹੀ ਨਹੀਂ ਕਈ ਕਿਸਾਨਾਂ ਨੇ ਮੀਂਹ ਦੇ ਡਰੋਂ ਮਧੂ-ਮੱਖੀਆਂ ਦੇ ਡੱਬੇ ਦੂਜੇ ਸੂਬਿਆਂ ਵਿੱਚ ਪਹੁੰਚਾ ਦਿੱਤੇ, ਉਨ੍ਹਾਂ ਦਾ ਟਰਾਂਸਪੋਰਟ ਦਾ ਵਾਧੂ ਖਰਚਾ ਹੋਇਆ ਹੈ।
"ਇਸ ਲਈ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਦੂਜੇ ਸੂਬਿਆਂ ਦੀ ਤਰ੍ਹਾਂ ਪੰਜਾਬ ਵਿੱਚ ਵੀ ਮਧੂ-ਮੱਖੀ ਪਾਲਕਾਂ ਨੂੰ ਸਬਸਿਡੀਆਂ ਦਿੱਤੀਆਂ ਜਾਣ।"
ਸਤਪਾਲ ਸਿੰਘ ਕਹਿੰਦੇ ਹਨ, "ਮੈਂ ਬਾਗ਼ਬਾਨੀ ਵਿਭਾਗ ਨੂੰ ਮਦਦ ਲਈ ਅਰਜ਼ੀਆਂ ਦਿੱਤੀਆਂ ਹੋਈਆਂ ਹਨ ਪਰ ਉਹ ਅਜੇ ਕਹਿ ਰਹੇ ਹਨ ਕਿ ਅਸੀਂ ਦੇਖ ਰਹੇ ਹਾਂ ਕਿ ਕਿਸ ਦਾ ਕਿੰਨਾ ਨੁਕਸਾਨ ਹੋਇਆ ਹੈ।"
ਬਰਨਾਲਾ ਦੇ ਜਗਵਿੰਦਰ ਸਿੰਘ ਕਹਿੰਦੇ ਹਨ, "ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੌਰਾਨ ਤਬਾਹ ਹੋਈਆਂ ਕਿਸਾਨਾਂ ਦੀਆਂ ਫ਼ਸਲਾਂ ਲਈ 20,000 ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਹੈ, ਪਰ ਸਾਡੇ ਵਰਗੇ ਸਹਾਇਕ ਧੰਦੇ ਕਰਨ ਵਾਲੇ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ।"
"ਮਧੂ-ਮੱਖੀ ਪਾਲਣ ਦਾ ਧੰਦਾ ਕਿਸੇ ਹੋਏ ਮੁਆਵਜ਼ੇ ਦੇ ਅਧੀਨ ਵੀ ਨਹੀਂ ਆਉਂਦਾ ਇਸ ਲਈ ਸਰਕਾਰ ਹੁਣ ਸਾਡੇ ਨੁਕਸਾਨ ਲਈ ਕੋਈ ਮਦਦ ਤਾਂ ਕਰੇ।"

ਮਧੂ-ਮੱਖੀ ਪਾਲਣ ਦੇ ਮਾਹਰਾਂ ਦੀ ਸਲਾਹ
ਮਧੂ-ਮੱਖੀ ਪਾਲਕਾਂ ਨੂੰ ਹੋਏ ਨੁਕਸਾਨ ਬਾਰੇ ਗੰਭੀਰ ਚਿੰਤਾ ਪ੍ਰਗਟਾਉਂਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪ੍ਰਿੰਸੀਪਲ ਐਕਸਟੈਂਸ਼ਨ ਵਿਗਿਆਨੀ (ਕੀਟ ਵਿਗਿਆਨ) ਅਤੇ ਪਲਾਂਟ ਕਲੀਨਕ ਦੇ ਇੰਚਾਰਜ ਡਾ. ਗੁਰਪ੍ਰੀਤ ਸਿੰਘ ਮੱਕੜ ਕਹਿੰਦੇ ਹਨ, "ਮਧੂ-ਮੱਖੀ ਦਾ ਡੱਬਾ ਜੇਕਰ ਥੋੜ੍ਹਾ ਜਿਹਾ ਵੀ ਪਾਣੀ ਵਿੱਚ ਆ ਜਾਵੇ ਤਾਂ ਮੱਖੀਆਂ ਜਾਂ ਤਾਂ ਬਚਣ ਲਈ ਉੱਡ ਜਾਂਦੀਆਂ ਹਨ ਜਾਂ ਸੁਰੱਖਿਅਤ ਥਾਂ ਲੱਭਣ ਦੀ ਕੋਸ਼ਿਸ਼ ਕਰਦੀਆਂ ਹਨ।"
"ਪਰ ਜੇਕਰ ਬਕਸਾ ਲੰਬਾ ਸਮਾਂ ਪਾਣੀ ਵਿੱਚ ਡੁੱਬਿਆ ਰਿਹਾ ਤਾਂ ਮੱਖੀ ਬਕਸੇ ਵਿੱਚ ਹੀ ਮਰ ਜਾਂਦੀ ਹੈ ਅਤੇ ਉੱਲੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ। ਇਸ ਕਰ ਕੇ ਪਾਣੀ ਕਾਰਨ ਹੋਇਆ ਕਿਸਾਨਾਂ ਦਾ ਨੁਕਸਾਨ ਬੇਸ਼ੱਕ ਬਹੁਤ ਜ਼ਿਆਦਾ ਹੈ।"
ਡਾ. ਗੁਰਪ੍ਰੀਤ ਸਿੰਘ ਮੱਕੜ ਕਿਸਾਨਾਂ ਨੂੰ ਸਲਾਹ ਦਿੰਦੇ ਕਹਿੰਦੇ ਹਨ, "ਜਿਨ੍ਹਾਂ ਕਿਸਾਨਾਂ ਨੂੰ ਵੀ ਇਸ ਧੰਦੇ ਵਿੱਚ ਘਾਟਾ ਪਿਆ ਹੈ ਉਹ ਦਿਲ ਛੋਟਾ ਨਾ ਕਰਨ ਅਤੇ ਆਉਣ ਵਾਲੇ ਸੀਜ਼ਨ ਵਿੱਚ ਮੁੜ ਤੋਂ ਮੱਖੀ ਪਾਲਣ ਵੱਲ ਵਧਣ।"
"ਵਿੱਤੀ ਸਹਾਇਤਾ ਲਈ ਉਹ ਆਪਣੇ ਜ਼ਿਲ੍ਹੇ ਦੇ ਬਾਗ਼ਬਾਨੀ ਅਫ਼ਸਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਵਿੱਤੀ ਸਹੂਲਤਾਂ ਦਾ ਲਾਭ ਲੈਣ ਅਤੇ ਇਸ ਧੰਦੇ ਨੂੰ ਛੱਡਣ ਦੀ ਥਾਂ ਮੁੜ ਸ਼ੁਰੂ ਕਰਨ।"
ਪੰਜਾਬ ਸਰਕਾਰ ਦਾ ਜਵਾਬ
ਪੰਜਾਬ ਵਿੱਚ ਬਾਗ਼ਬਾਨੀ ਵਿਭਾਗ ਸੰਭਾਲ ਰਹੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ, "ਪੰਜਾਬ ਵਿੱਚ ਹੜ੍ਹਾਂ ਕਾਰਨ ਜਿਹੜੇ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੇ ਹਾਲਾਤ ਨੂੰ ਜਾਨਣ ਲਈ ਸਰਕਾਰ ਨੇ 30 ਸਤੰਬਰ ਤੱਕ ਦਾ ਸਮਾਂ ਰੱਖਿਆ ਹੈ, ਜਿਸਦੇ ਹਰ ਤਰ੍ਹਾਂ ਦੇ ਨੁਕਸਾਨ ਬਾਰੇ ਪਤਾ ਲਗਾ ਕੇ ਕਿਸਾਨਾਂ ਨੂੰ ਮਦਦ ਕੀਤੀ ਜਾਵੇਗੀ।"
"ਬੀਬੀਸੀ ਵੱਲੋਂ ਮਧੂ-ਮੱਖੀ ਪਾਲਕਾਂ ਦੇ ਨੁਕਸਾਨ ਬਾਰੇ ਦਿੱਤੀ ਜਾਣਕਾਰੀ ਮੁਤਾਬਕ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਵੀ ਕਿਸਾਨ ਇਹ ਧੰਦਾ ਕਰ ਰਹੇ ਹਨ, ਉਨ੍ਹਾਂ ਦੀ ਸਰਕਾਰ ਕੋਈ ਨਾ ਕੋਈ ਵਿੱਤੀ ਮਦਦ ਜ਼ਰੂਰ ਕਰੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












