ਭਾਰਤ ਦਾ ਸੂਰਜੀ ਮਿਸ਼ਨ: ਸਾਲ 2026 ਇੰਨਾ ਖ਼ਾਸ ਕਿਉਂ, ਇਸ ਨਾਲ ਕੀ ਬਦਲੇਗਾ

    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਪੁਲਾੜ ਵਿੱਚ ਭਾਰਤ ਦੇ ਪਹਿਲੇ ਸੂਰਜੀ ਨਿਰੀਖਣ ਮਿਸ਼ਨ, ਆਦਿੱਤਿਆ-ਐੱਲ1 ਲਈ 2026 ਇੱਕ ਮਹੱਤਵਪੂਰਨ ਸਾਲ ਹੋਣ ਦੀ ਉਮੀਦ ਹੈ।

ਪਿਛਲੇ ਸਾਲ ਓਰਬਿਟ ਵਿੱਚ ਸਥਾਪਿਤ ਕੀਤੀ ਗਈ ਨਿਰੀਖਣਸ਼ਾਲਾ ਪਹਿਲੀ ਵਾਰ ਸੂਰਜ ਨੂੰ ਉਦੋਂ ਦੇਖ ਸਕੇਗੀ ਜਦੋਂ ਇਹ ਆਪਣੇ ਸਿਖ਼ਰਲੇ ਗਤੀਵਿਧੀ ਚੱਕਰ 'ਤੇ ਪਹੁੰਚੇਗਾ।

ਨਾਸਾ ਅਨੁਸਾਰ, ਲਗਭਗ ਹਰੇਕ 11 ਸਾਲਾਂ ਵਿੱਚ ਸੂਰਜ ਦੇ ਚੁੰਬਕੀ ਧਰੁਵਾਂ ਦੇ ਬਦਲ ਜਾਣ ਦਾ ਘਟਨਾਕ੍ਰਮ ਹੁੰਦਾ ਹੈ, ਅਜਿਹਾ ਮੰਨੋ ਜਿਵੇਂ ਕਿ ਧਰਤੀ ਵਿੱਚ ਉੱਤਰੀ ਅਤੇ ਦੱਖਣੀ ਧਰੁਵ ਆਪਣੀ ਸਥਿਤੀ ਆਪਸ ਵਿੱਚ ਬਦਲ ਲੈਣ।

ਇਹ ਇੱਕ ਬਹੁਤ ਹੀ ਉਥਲ-ਪੁਥਲ ਵਾਲਾ ਸਮਾਂ ਹੁੰਦਾ ਹੈ। ਇਸ ਸਮੇਂ ਦੌਰਾਨ, ਸੂਰਜ ਦਾ ਰੂਪ ਸ਼ਾਂਤ ਤੋਂ ਤੂਫਾਨੀ ਵਿੱਚ ਬਦਲ ਜਾਂਦਾ ਹੈ ਅਤੇ ਸੂਰਜੀ ਤੂਫਾਨਾਂ ਅਤੇ ਕੋਰੋਨਲ ਮਾਸ ਇਜੈਕਸ਼ਨਾਂ (ਸੀਐੱਮਈਐੱਸ) ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੁੰਦਾ ਹੈ।

ਇਹ ਧਿਆਨ ਦੇਣ ਯੋਗ ਹੈ ਕਿ ਇਸ ਦੌਰਾਨ, ਸੂਰਜ ਦੀ ਸਭ ਤੋਂ ਬਾਹਰੀ ਪਰਤ, ਜਿਸ ਨੂੰ ਕੋਰੋਨਾ ਕਿਹਾ ਜਾਂਦਾ ਹੈ, ਤੋਂ ਅੱਗ ਦੇ ਵੱਡੇ ਬੁਲਬੁਲੇ ਨਿਕਲਦੇ ਹਨ।

ਚਾਰਜ ਕੀਤੇ ਕਣਾਂ ਤੋਂ ਬਣਿਆ ਇੱਕ ਸੀਐੱਮਈ ਇੱਕ ਟ੍ਰਿਲੀਅਨ ਕਿਲੋਗ੍ਰਾਮ ਤੱਕ ਦਾ ਭਾਰਾ ਹੋ ਸਕਦਾ ਹੈ ਅਤੇ 3,000 ਕਿਲੋਮੀਟਰ (1,864 ਮੀਲ) ਪ੍ਰਤੀ ਸਕਿੰਟ ਦੀ ਗਤੀ ਤੱਕ ਪਹੁੰਚ ਸਕਦਾ ਹੈ।

ਇਹ ਕਿਸੇ ਵੀ ਦਿਸ਼ਾ ਵਿੱਚ ਯਾਤਰਾ ਕਰ ਸਕਦਾ ਹੈ, ਧਰਤੀ ਵੱਲ ਵੀ। ਆਪਣੀ ਵੱਧ ਤੋਂ ਵੱਧ ਗਤੀ 'ਤੇ, ਇੱਕ ਸੀਐੱਮਈ ਨੂੰ ਧਰਤੀ-ਸੂਰਜ ਦੀ 15 ਕਰੋੜ ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿੱਚ 15 ਘੰਟੇ ਲੱਗਣਗੇ।

"ਮਹੱਤਵਪੂਰਨ ਵਿਗਿਆਨਕ ਉਦੇਸ਼"

ਇੰਡੀਅਨ ਇੰਸਟੀਚਿਊਟ ਆਫ਼ ਐਸਟ੍ਰੋਫਿਜ਼ਿਕਸ (ਆਈਆਈਏ) ਦੇ ਪ੍ਰੋਫੈਸਰ ਆਰ ਰਮੇਸ਼ ਕਹਿੰਦੇ ਹਨ, "ਆਮ ਜਾਂ ਘੱਟ-ਸਰਗਰਮੀ ਵਾਲੇ ਸਮੇਂ ਦੌਰਾਨ, ਸੂਰਜ ਰੋਜ਼ਾਨਾ ਦੋ ਤੋਂ ਤਿੰਨ ਸੀਐੱਮਈ ਛੱਡਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਗਿਣਤੀ ਅਗਲੇ ਸਾਲ ਪ੍ਰਤੀ ਦਿਨ 10 ਜਾਂ ਇਸ ਤੋਂ ਵੱਧ ਹੋ ਜਾਵੇਗੀ।"

ਪ੍ਰੋਫੈਸਰ ਰਮੇਸ਼ ਵਿਜ਼ੀਬਲ ਐਮੀਸ਼ਨ ਲਾਈਨ ਕੋਰੋਨਾਗ੍ਰਾਫ, ਜਾਂ ਵੈਲਫ ਦੇ ਪ੍ਰਮੁੱਖ ਜਾਂਚਕਰਤਾ ਹਨ। ਇਹ ਆਦਿੱਤਿਆ-ਐੱਲ1 'ਤੇ ਸੱਤ ਵਿਗਿਆਨਕ ਯੰਤਰਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ। ਪ੍ਰੋਫੈਸਰ ਰਮੇਸ਼ ਇਸ ਨਾਲ ਇਕੱਠੇ ਕੀਤੇ ਗਏ ਅੰਕੜਿਆਂ 'ਤੇ ਬਾਰੀਕੀ ਨਾਲ ਨਜ਼ਰ ਰੱਖਦੇ ਹਨ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਦੇ ਹਨ।

ਉਹ ਕਹਿੰਦੇ ਹਨ ਕਿ ਸੀਐੱਮਈ ਦਾ ਅਧਿਐਨ ਭਾਰਤ ਦੇ ਪਹਿਲੇ ਸੂਰਜੀ ਮਿਸ਼ਨ ਦੇ ਸਭ ਤੋਂ ਮਹੱਤਵਪੂਰਨ ਵਿਗਿਆਨਕ ਉਦੇਸ਼ਾਂ ਵਿੱਚੋਂ ਇੱਕ ਹੈ। ਪਹਿਲਾਂ, ਤਾਂ ਇਸ ਲਈ ਕਿਉਂਕਿ ਇਹ ਨਿਕਾਸ ਸਾਡੇ ਸੂਰਜੀ ਮੰਡਲ ਦੇ ਕੇਂਦਰ ਵਿੱਚ ਤਾਰੇ ਬਾਰੇ ਜਾਣਨ ਦਾ ਮੌਕਾ ਦਿੰਦਾ ਹੈ ਅਤੇ ਦੂਜਾ, ਇਸ ਲਈ ਕਿਉਂਕਿ ਸੂਰਜ 'ਤੇ ਗਤੀਵਿਧੀਆਂ ਧਰਤੀ ਅਤੇ ਪੁਲਾੜ ਵਿੱਚ ਬੁਨਿਆਦੀ ਢਾਂਚੇ ਲਈ ਖ਼ਤਰਾ ਪੈਦਾ ਕਰ ਸਕਦੀਆਂ ਹਨ।

ਸੀਐੱਮਈ ਸ਼ਾਇਦ ਹੀ ਕਦੇ ਮਨੁੱਖੀ ਜੀਵਨ ਲਈ ਸਿੱਧਾ ਖ਼ਤਰਾ ਪੈਦਾ ਕਰਦੇ ਹਨ ਪਰ ਉਹ ਭੂ-ਚੁੰਬਕੀ ਤੂਫਾਨਾਂ ਕਾਰਨ ਧਰਤੀ 'ਤੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਦਰਅਸਲ, ਇਹ ਨੇੜਲੇ ਪੁਲਾੜ ਵਿੱਚ ਮੌਸਮ ਨੂੰ ਪ੍ਰਭਾਵਿਤ ਕਰਦੇ ਹਨ, ਜਿੱਥੇ ਲਗਭਗ 11,000 ਉਪਗ੍ਰਹਿ, ਜਿਨ੍ਹਾਂ ਵਿੱਚ ਭਾਰਤ ਦੇ 136 ਉਪਗ੍ਰਹਿ ਸ਼ਾਮਲ ਹਨ, ਸਥਿਤ ਹਨ।

ਪ੍ਰੋਫੈਸਰ ਰਮੇਸ਼ ਦੱਸਦੇ ਹਨ, "ਸੀਐੱਮਈ ਦੇ ਸਭ ਤੋਂ ਸੁੰਦਰ ਪ੍ਰਗਟਾਵੇ ਅਰੋਰਾ ਹਨ, ਜੋ ਇਸ ਗੱਲ ਦਾ ਸਪੱਸ਼ਟ ਉਦਾਹਰਣ ਹਨ ਕਿ ਸੂਰਜ ਤੋਂ ਚਾਰਜਡ ਕਣ ਧਰਤੀ ਵੱਲ ਆ ਰਹੇ ਹਨ।"

"ਪਰ ਉਹ ਉਪਗ੍ਰਹਾਂ 'ਤੇ ਸਾਰੇ ਇਲੈਕਟ੍ਰਾਨਿਕ ਉਪਕਰਣਾਂ ਨੂੰ ਖ਼ਰਬਾ ਕਰ ਸਕਦੇ ਹਨ, ਪਾਵਰ ਗਰਿੱਡਾਂ ਨੂੰ ਠੱਪ ਕਰ ਸਕਦੇ ਹਨ ਅਤੇ ਮੌਸਮ ਅਤੇ ਸੰਚਾਰ ਉਪਗ੍ਰਹਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।"

ਜੋਖ਼ਮ ਹੋਵੇਗਾ ਘੱਟ

ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਸੂਰਜੀ ਤੂਫ਼ਾਨ 1859 ਵਿੱਚ ਕੈਰਿੰਗਟਨ ਘਟਨਾ ਵਜੋਂ ਦਰਜ ਕੀਤਾ ਗਿਆ, ਜਿਸਨੇ ਦੁਨੀਆ ਭਰ ਵਿੱਚ ਟੈਲੀਗ੍ਰਾਫ ਲਾਈਨਾਂ ਨੂੰ ਠੱਪ ਕਰ ਦਿੱਤਾ ਸੀ।

ਇਸ ਤੋਂ ਇਲਾਵਾ ਹਾਲ ਹੀ ਦੀ ਘਟਨਾ 1989 ਵਿੱਚ ਦਰਜ ਹੋਈ, ਜਦੋਂ ਕਿਊਬੈਕ ਦੇ ਪਾਵਰ ਗਰਿੱਡ ਦਾ ਇੱਕ ਹਿੱਸਾ ਠੱਪ ਹੋ ਗਿਆ, ਜਿਸ ਨਾਲ 60 ਲੱਖ ਲੋਕ ਨੌਂ ਘੰਟਿਆਂ ਲਈ ਬਿਜਲੀ ਤੋਂ ਬਿਨਾਂ ਰਹੇ।

ਨਵੰਬਰ 2015 ਵਿੱਚ, ਸੂਰਜੀ ਗਤੀਵਿਧੀ ਨੇ ਹਵਾਈ ਆਵਾਜਾਈ ਕੰਟ੍ਰੋਲ ਵਿੱਚ ਰੁਕਾਵਟ ਪਾ ਦਿੱਤੀ, ਜਿਸ ਨਾਲ ਸਵੀਡਨ ਅਤੇ ਕੁਝ ਹੋਰ ਯੂਰਪੀਅਨ ਹਵਾਈ ਅੱਡਿਆਂ 'ਤੇ ਹਫੜਾ-ਦਫੜੀ ਮਚ ਗਈ।

ਫਰਵਰੀ 2022 ਵਿੱਚ ਨਾਸਾ ਨੇ ਰਿਪੋਰਟ ਕੀਤੀ ਸੀ ਕਿ ਸੀਐੱਮਈ ਦੇ ਕਾਰਨ 38 ਵਪਾਰਕ ਉਪਗ੍ਰਹਿ ਤਬਾਹ ਹੋ ਗਏ ਸਨ।

ਪ੍ਰੋਫੈਸਰ ਰਮੇਸ਼ ਕਹਿੰਦੇ ਹਨ ਕਿ ਜੇਕਰ ਅਸੀਂ ਸੂਰਜ ਦੇ ਕੋਰੋਨਾ 'ਤੇ ਹੋਣ ਵਾਲੀਆਂ ਘਟਨਾਵਾਂ ਨੂੰ ਦੇਖ ਸਕੀਏ ਅਤੇ ਅਸਲ ਸਮੇਂ ਵਿੱਚ ਇੱਕ ਸੂਰਜੀ ਤੂਫ਼ਾਨ ਜਾਂ ਕੋਰੋਨਲ ਪੁੰਜ ਇਜੈਕਸ਼ਨ 'ਤੇ ਧਿਆਨ ਦੇ ਸਕੀਏ, ਉਤਪਤੀ ਦੇ ਸਮੇਂ ਇਸਦਾ ਤਾਪਮਾਨ ਰਿਕਾਰਡ ਕਰ ਸਕੀਏ ਹਾਂ ਅਤੇ ਇਸਦੇ ਚਾਲ-ਚਲਣ ਨੂੰ ਟਰੈਕ ਕਰ ਸਕਦੇ ਹਾਂ, ਤਾਂ ਇਹ ਇੱਕ ਸ਼ੁਰੂਆਤੀ ਚੇਤਾਵਨੀ ਵਜੋਂ ਕੰਮ ਕਰ ਸਕਦਾ ਹੈ ਤਾਂ ਜੋ ਪਾਵਰ ਗਰਿੱਡਾਂ ਅਤੇ ਉਪਗ੍ਰਹਾਂ ਨੂੰ ਬੰਦ ਕੀਤਾ ਜਾ ਸਕੇ ਅਤੇ ਖ਼ਤਰੇ ਤੋਂ ਦੂਰ ਕੀਤਾ ਜਾ ਸਕੇ।

ਆਦਿੱਤਿਆ-ਐੱਲ1 ਨੂੰ ਉਤਸ਼ਾਹਤ ਕਰਨਾ

ਸੂਰਜ 'ਤੇ ਰੱਖਣ ਵਾਲੇ ਹੋਰ ਵੀ ਸੂਰਜੀ ਮਿਸ਼ਨ ਹਨ, ਪਰ ਜਦੋਂ ਕੋਰੋਨਾ 'ਤੇ ਨਜ਼ਰ ਰੱਖਣ ਦੀ ਗੱਲ ਆਉਂਦੀ ਹੈ, ਤਾਂ ਆਦਿੱਤਿਆ-ਐੱਲ1 ਹੋਰ ਮਿਸ਼ਨਾਂ, ਜਿਵੇਂ ਨਾਸਾ ਅਤੇ ਈਸਾ (ਯੂਰਪੀਅਨ ਸਪੇਸ ਏਜੰਸੀ) ਦੇ ਇੱਕ ਸਾਂਝਾ ਪ੍ਰੋਜੈਕਟ ਵਜੋਂ ਭੇਜੀ ਗਈ ਸੋਲਰ ਅਤੇ ਹੇਲੀਓਸਫੀਅਰਿਕ ਆਬਜ਼ਰਵੇਟਰੀ ਸ਼ਾਮਲ ਹੈ, ਦੀ ਤੁਲਨਾ ਵਿੱਚ, ਅੱਗੇ ਹੈ।

ਪ੍ਰੋਫੈਸਰ ਰਮੇਸ਼ ਕਹਿੰਦੇ ਹਨ, "ਆਦਿੱਤਿਆ-ਐੱਲ1 ਦਾ ਕੋਰੋਨਾਗ੍ਰਾਫ ਦਾ ਆਕਾਰ ਠੀਕ ਓਨਾਂ ਹੈ ਜਿੰਨਾਂ ਇਸ ਨੂੰ ਲਗਭਗ ਚੰਦਰਮਾ ਦੀ ਨਕਲ ਕਰਨ ਵਿੱਚ ਸਮਰੱਥ ਬਣਾਉਣ ਲਈ ਚਾਹੀਦਾ ਹੈ, ਇਹ ਸੂਰਜ ਦੇ ਫੋਟੋਸਫੀਅਰ (ਪ੍ਰਕਾਸ਼ਮੰਡਲ) ਨੂੰ ਪੂਰੀ ਤਰ੍ਹਾਂ ਢੱਕ ਲੈਂਦਾ ਹੈ ਅਤੇ ਸਾਲ ਦੇ 365 ਦਿਨ, ਦਿਨ ਦੇ 24 ਘੰਟੇ, ਇੱਥੋਂ ਤੱਕ ਕਿ ਗ੍ਰਹਿਣ ਅਤੇ ਅਸਪਸ਼ਟਤਾ ਦੌਰਾਨ ਵੀ, ਕੋਰੋਨਾ ਦੇ ਲਗਭਗ ਪੂਰੇ ਹਿੱਸੇ ਨੂੰ ਬਿਨਾਂ ਕਿਸੇ ਰੁਕਾਵਟ ਦੇ ਦੇਖਣ ਦੀ ਆਗਿਆ ਦਿੰਦਾ ਹੈ।"

ਦੂਜੇ ਸ਼ਬਦਾਂ ਵਿੱਚ, ਕੋਰੋਨਾਗ੍ਰਾਫ ਇੱਕ ਨਕਲੀ ਚੰਦਰਮਾ ਵਾਂਗ ਕੰਮ ਕਰਦਾ ਹੈ, ਜੋ ਸੂਰਜ ਦੀ ਚਮਕਦਾਰ ਸਤ੍ਹਾ ਨੂੰ ਰੋਕ ਦਿੰਦਾ ਹੈ, ਜਿਸ ਨਾਲ ਵਿਗਿਆਨੀ ਨੂੰ ਲਗਾਤਾਰ ਇਸ ਦੇ ਧੁੰਦਲੇ ਬਾਹਰੀ ਕੋਰੋਨਾ ਦਾ ਨਿਰੀਖਣ ਕਰ ਸਕਦੇ ਹਨ, ਅਜਿਹਾ ਕੁਝ ਜੋ ਅਸਲ ਚੰਦਰਮਾ ਸਿਰਫ਼ ਗ੍ਰਹਿਣ ਦੌਰਾਨ ਹੀ ਕਰਦਾ ਹੈ।

ਪ੍ਰੋਫੈਸਰ ਰਮੇਸ਼ ਕਹਿੰਦੇ ਹਨ, "ਇਸ ਤੋਂ ਇਲਾਵਾ, ਇਹ ਇੱਕੋ ਇੱਕ ਮਿਸ਼ਨ ਹੈ ਜੋ ਦਿਖਣ ਵਾਲੀ ਰੌਸ਼ਨੀ ਵਿੱਚ ਵਿਸਫੋਟਾਂ ਦਾ ਅਧਿਐਨ ਕਰ ਸਕਦਾ ਹੈ, ਜਿਸ ਨਾਲ ਸੀਐੱਮਈ ਦੇ ਤਾਪਮਾਨ ਅਤੇ ਗਰਮੀ ਊਰਜਾ ਨੂੰ ਮਾਪਿਆ ਜਾ ਸਕਦਾ ਹੈ, ਇਹ ਅਹਿਮ ਸੰਕੇਤ ਹੈ ਜੋ ਦੱਸਦੇ ਹਨ ਕਿ ਜੇਕਰ ਸੀਐੱਮਈ ਧਰਤੀ ਦੀ ਵੱਲ ਵਧੇ ਤਾਂ ਉਹ ਕਿੰਨੇ ਸ਼ਕਤੀਸ਼ਾਲੀ ਹੋਣਗੇ।"

ਨਾਸਾ ਨਾਲ ਭਾਈਵਾਲੀ

ਅਗਲੇ ਸਾਲ ਦੇ ਸਿਖ਼ਰਲੇ ਸੂਰਜੀ ਗਤੀਵਿਧੀ ਦੇ ਸਮੇਂ ਦੀ ਤਿਆਰੀ ਲਈ ਆਦਿੱਤਿਆ-ਐੱਲ-1 ਦੇ ਹੁਣ ਤੱਕ ਦਰਜ ਕੀਤੇ ਗਏ ਸਭ ਤੋਂ ਵੱਡੇ ਸੀਐੱਮਈ ਵਿੱਚੋਂ ਇੱਕ ਤੋਂ ਇਕੱਠੇ ਕੀਤੇ ਅੰਕੜਿਆਂ ਦੇ ਅਧਿਐਨ ਲਈ ਆਈਆਈਐੱਮ ਨੇ ਨਾਸਾ ਨਾਲ ਭਾਈਵਾਲੀ ਕੀਤੀ ਹੈ।

ਪ੍ਰੋਫੈਸਰ ਰਮੇਸ਼ ਦੱਸਦੇ ਹਨ ਕਿ ਇਸ ਦੀ ਉਤਪਤੀ 13 ਸਤੰਬਰ, 2024 ਨੂੰ 00:30 ਜੀਐੱਮਟੀ 'ਤੇ ਹੋਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਭਾਰ 27 ਕਰੋੜ ਟਨ ਸੀ, ਟਾਈਟੈਨਿਕ ਨੂੰ ਡੁਬਾਉਣ ਵਾਲਾ ਆਈਸਬਰਗ 15 ਲੱਖ ਟਨ ਦਾ ਸੀ।

ਉਤਪਤੀ ਵੇਲੇ ਇਸ ਦਾ ਤਾਪਮਾਨ 1.8 ਮਿਲੀਅਨ ਡਿਗਰੀ ਸੈਲਸੀਅਸ ਸੀ ਅਤੇ ਊਰਜਾ ਦੀ ਮਾਤਰਾ 2.2 ਮਿਲੀਅਨ ਮੈਗਾਟਨ ਟੀਐੱਨਟੀ ਦੇ ਬਰਾਬਰ ਸੀ, ਤੁਲਨਾ ਦੇ ਰੂਪ ਵਿੱਚ ਸਮਝਣ ਲਈ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਸੁੱਟੇ ਗਏ ਪਰਮਾਣੂ ਬੰਬ ਕ੍ਰਮਵਾਰ 15 ਕਿਲੋਟਨ ਅਤੇ 21 ਕਿਲੋਟਨ ਦੇ ਸਨ।

ਹਾਲਾਂਕਿ, ਗਿਣਤੀ ਇਸ ਨੂੰ ਬਹੁਤ ਵੱਡਾ ਦਿਖਾਉਂਦੀ ਹੈ, ਪ੍ਰੋਫੈਸਰ ਰਮੇਸ਼ ਇਸਨੂੰ "ਮੱਧਮ ਆਕਾਰ" ਦਾ ਦੱਸਦੇ ਹਨ।

ਉਹ ਦੱਸਦੇ ਹਨ ਕਿ ਧਰਤੀ 'ਤੇ ਡਾਇਨਾਸੌਰਾਂ ਨੂੰ ਤਬਾਹ ਕਰਨ ਵਾਲੇ ਸ਼ੁਦਰਗ੍ਰਹਿ ਦਾ ਭਾਰ 100 ਮਿਲੀਅਨ ਮੈਗਾਟਨ ਸੀ ਅਤੇ ਸੂਰਜ ਦੇ ਸਿਖ਼ਰਲੇ ਗਤੀਵਿਧੀ ਚੱਕਰ ਦੌਰਾਨ, ਅਸੀਂ ਉਸ ਤੋਂ ਵੀ ਜ਼ਿਆਦਾ ਊਰਜਾ ਦੀ ਮਾਤਰਾ ਵਾਲੇ ਸੀਐੱਮਈ ਦੇਖ ਸਕਦੇ ਹਾਂ।

ਪ੍ਰੋਫੈਸਰ ਰਮੇਸ਼ ਕਹਿੰਦੇ ਹਨ, "ਮੈਂ ਮੰਨਦਾ ਹਾਂ ਕਿ ਅਸੀਂ ਜਿਸ ਸੀਐੱਮਈ ਦਾ ਮੁਲਾਂਕਣ ਕੀਤਾ ਸੀ ਉਹ ਉਸ ਵੇਲੇ ਲਾਂਚ ਹੋਇਆ ਸੀ ਜਦੋਂ ਸੂਰਜ ਆਮ ਗਤੀਵਿਧੀ ਪੜਾਅ ਵਿੱਚ ਸੀ। ਹੁਣ ਇਸ ਨਾਲ ਉਹ ਮਿਆਰ ਤੈਅ ਹੁੰਦਾ ਹੈ ਜਿਸਦੇ ਦੇ ਆਧਾਰ 'ਤੇ ਅਸੀਂ ਇਹ ਮੁਲਾਂਕਣ ਕਰਾਂਗੇ ਕਿ ਵਧੇਰੇ ਸਰਗਰਮੀ ਚੱਕਰ ਦੇ ਘਟਨ ਨਾਲ ਕੀ ਹੋਵੇਗਾ।"

ਉਨ੍ਹਾਂ ਨੇ ਅੱਗੇ ਕਿਹਾ, "ਇਸ ਨਾਲ ਸਾਨੂੰ ਨੇੜਲੇ ਪੁਲਾੜ ਵਿੱਚ ਉੱਪਗ੍ਰਹਾਂ ਦੀ ਸੁਰੱਖਿਆ ਲਈ ਅਪਨਾਏ ਜਾਣ ਵਾਲੇ ਬਚਾਅ ਦੇ ਉਪਾਵਾਂ ਨੂੰ ਤਿਆਰ ਕਰਨ ਵਿੱਚ ਮਦਦ ਮਿਲੇਗੀ। ਇਸ ਨਾਲ ਸਾਨੂੰ ਧਰਤੀ ਦੇ ਨੇੜੇ ਪੁਲਾੜ ਦੀ ਬਿਹਤਰ ਸਮਝ ਹਾਸਲ ਕਰਨ ਵਿੱਚ ਵੀ ਮਦਦ ਮਿਲੇਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)