ਟਰੰਪ ਨੇ ਭਾਰਤ 'ਤੇ 25 ਫੀਸਦ ਟੈਰਿਫ ਲਗਾਉਣ ਦਾ ਕੀਤਾ ਐਲਾਨ, ਜਾਣੋ ਇਸ ਪਿੱਛੇ ਕੀ ਵਜ੍ਹਾ ਦੱਸੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ 'ਤੇ 25 ਫੀਸਦ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ।

ਟਰੁੱਥ ਸੋਸ਼ਲ 'ਤੇ ਪੋਸਟ ਕੀਤੇ ਗਏ ਇੱਕ ਬਿਆਨ ਵਿੱਚ, ਟਰੰਪ ਨੇ ਕਿਹਾ ਹੈ ਕਿ 1 ਅਗਸਤ ਤੋਂ, ਭਾਰਤ ਤੋਂ ਅਮਰੀਕਾ ਆਉਣ ਵਾਲੀਆਂ ਚੀਜ਼ਾਂ 'ਤੇ 25 ਫੀਸਦ ਟੈਰਿਫ ਲਗਾਏਗਾ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੁਨੀਆ ਦੇ ਕਈ ਦੇਸ਼ਾਂ 'ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਪਰ ਉਨ੍ਹਾਂ ਨੇ ਗੱਲਬਾਤ ਲਈ ਇਸ ਨੂੰ ਰੋਕ ਦਿੱਤਾ।

ਇਸ ਦੇ ਨਾਲ ਹੀ, ਵਪਾਰ ਸਮਝੌਤੇ 'ਤੇ ਗੱਲਬਾਤ ਦੀ ਆਖ਼ਰੀ ਮਿਤੀ 1 ਅਗਸਤ ਤੈਅ ਕੀਤੀ ਗਈ ਸੀ।

ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ 'ਤੇ ਗੱਲਬਾਤ ਚੱਲ ਰਹੀ ਸੀ ਪਰ ਅਜੇ ਤੱਕ ਇਸ ਦਾ ਐਲਾਨ ਨਹੀਂ ਕੀਤਾ ਗਿਆ ਸੀ।

ਇਸ ਦੌਰਾਨ, ਆਖ਼ਰੀ ਮਿਤੀ ਤੋਂ ਦੋ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਭਾਰਤ 'ਤੇ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ।

ਡੌਨਲਡ ਟਰੰਪ ਨੇ ਕੀ ਕਿਹਾ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਮਿੱਤਰ ਹਨ ਪਰ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨਾਲ ਬਹੁਤ ਘੱਟ ਵਪਾਰ ਹੋ ਰਿਹਾ ਸੀ ਕਿਉਂਕਿ ਉਨ੍ਹਾਂ ਨੇ ਬਹੁਤ ਜ਼ਿਆਦਾ ਟੈਰਿਫ ਲਗਾਏ ਹੋਏ ਹਨ ਜੋ ਕਿ ਦੁਨੀਆ ਵਿੱਚ ਸਭ ਤੋਂ ਵੱਧ ਹਨ।

ਟਰੁੱਥ ਸੋਸ਼ਲ 'ਤੇ ਟਰੰਪ ਨੇ ਲਿਖਿਆ ਕਿ ਭਾਰਤ 'ਤੇ "ਕਿਸੇ ਵੀ ਦੇਸ਼ ਨਾਲੋਂ ਸਭ ਤੋਂ ਸਖ਼ਤ ਅਤੇ ਗ਼ੈਰ-ਆਰਥਿਕ ਵਪਾਰਕ ਪਾਬੰਦੀਆਂ ਹਨ। ਇਹ ਆਪਣੇ ਫੌਜੀ ਉਪਕਰਣਾਂ ਦੀ ਵੱਡੀ ਮਾਤਰਾ ਰੂਸ ਤੋਂ ਵੀ ਖਰੀਦਦਾ ਹੈ। ਅਜਿਹੇ ਸਮੇਂ ਜਦੋਂ ਹਰ ਕੋਈ ਚਾਹੁੰਦਾ ਹੈ ਕਿ ਰੂਸ ਯੂਕਰੇਨ ਵਿੱਚ ਕਤਲੇਆਮ ਨੂੰ ਰੋਕੇ, ਉਹ ਰੂਸ ਤੋਂ ਊਰਜਾ ਖਰੀਦ ਦੇ ਮਾਮਲੇ ਵਿੱਚ ਚੀਨ ਦੇ ਨਾਲ ਸਭ ਤੋਂ ਵੱਡਾ ਖਰੀਦਦਾਰ ਹੈ।"

ਟਰੰਪ ਨੇ ਅੱਗੇ ਲਿਖਿਆ, "ਇਹ ਚੀਜ਼ਾਂ ਚੰਗੀਆਂ ਹਨ। ਭਾਰਤ ਨੂੰ ਇਸ ਸਭ ਲਈ ਜੁਰਮਾਨੇ ਦੇ ਨਾਲ 25 ਫੀਸਦ ਟੈਰਿਫ ਦਾ ਭੁਗਤਾਨ ਕਰਨਾ ਪਵੇਗਾ, ਜੋ ਕਿ 1 ਅਗਸਤ ਤੋਂ ਸ਼ੁਰੂ ਹੋਵੇਗਾ। ਇਸ ਮੁੱਦੇ 'ਤੇ ਧਿਆਨ ਦੇਣ ਲਈ ਤੁਹਾਡਾ ਧੰਨਵਾਦ, ਮੇਕ ਅਮਰੀਕਾ ਗ੍ਰੇਟ ਅਗੇਨ (ਅਮਰੀਕਾ ਨੂੰ ਮੁੜ ਮਹਾਨ ਬਣਾਓ)।"

ਟਰੰਪ ਨੇ ਦਿੱਤੇ ਸਨ ਸੰਕੇਤ

ਅਮਰੀਕਾ ਦੇ ਰੇਸੀਪ੍ਰੋਕਲ ਟੈਰਿਫ ਦੀ ਆਖ਼ਰੀ ਮਿਤੀ ਤੋਂ ਦੋ ਦਿਨ ਪਹਿਲਾਂ, ਮੰਗਲਵਾਰ ਨੂੰ ਹੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੰਕੇਤ ਦਿੱਤੇ ਸਨ ਕਿ ਭਾਰਤ ਨੂੰ ਹੋਰ ਟੈਰਿਫਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਟਰੰਪ ਨੇ ਕਿਹਾ ਸੀ ਕਿ ਭਾਰਤ ਨਾਲ ਵਪਾਰ ਸੌਦਾ ਅਜੇ ਪੂਰਾ ਨਹੀਂ ਸਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਨੇ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਵਿੱਚ ਅਮਰੀਕਾ 'ਤੇ ਜ਼ਿਆਦਾ ਟੈਰਿਫ ਲਗਾਏ ਹਨ ਅਤੇ ਹੁਣ ਜਦੋਂ ਉਹ ਸੱਤਾ ਵਿੱਚ ਹਨ, ਕੋਈ ਵੀ ਦੇਸ਼ ਅਜਿਹਾ ਨਹੀਂ ਕਰ ਸਕਦਾ।

ਏਅਰ ਫੋਰਸ ਵਨ ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਭਾਰਤ ਨਾਲ ਵਪਾਰ ਸਮਝੌਤੇ ਬਾਰੇ ਸੰਕੇਤ ਦਿੱਤੇ, ਅਜਿਹਾ ਲੱਗ ਰਿਹਾ ਸੀ ਕਿ ਟੈਰਿਫ ਘਟਾਉਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਹੁਣ ਤੱਕ ਸਫ਼ਲ ਨਹੀਂ ਹੋਈਆਂ ਹਨ।

ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਜਿਹੜੇ ਦੇਸ਼ ਅਮਰੀਕਾ ਨਾਲ ਵੱਖ-ਵੱਖ ਵਪਾਰ ਸਮਝੌਤੇ ਨਹੀਂ ਕਰਨਗੇ, ਉਨ੍ਹਾਂ ਨੂੰ 15 ਤੋਂ 20 ਫੀਸਦ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ।

ਟੈਰਿਫ ਕੀ ਹੈ ਅਤੇ ਭਾਰਤ ਕਿੰਨਾ ਟੈਕਸ ਲਗਾਉਂਦਾ ਹੈ?

ਟੈਰਿਫ ਦੂਜੇ ਦੇਸ਼ਾਂ ਤੋਂ ਖਰੀਦੀਆਂ ਗਈਆਂ ਚੀਜ਼ਾਂ 'ਤੇ ਲਗਾਏ ਜਾਣ ਵਾਲੇ ਟੈਕਸ ਹੁੰਦੇ ਹਨ। ਦੇਸ਼ ਆਮ ਤੌਰ 'ਤੇ ਕੁਝ ਖੇਤਰਾਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਬਚਾਉਣ ਲਈ ਟੈਰਿਫ ਲਗਾਉਂਦੇ ਹਨ।

10 ਫੀਸਦ ਬੇਸਲਾਈਨ ਟੈਰਿਫ ਦਾ ਮਤਲਬ ਹੈ ਕਿ 10 ਡਾਲਰ ਮੁੱਲ ਦੇ ਉਤਪਾਦ 'ਤੇ 1 ਡਾਲਰ ਟੈਕਸ ਲਗਾਇਆ ਜਾਵੇਗਾ, ਜਿਸ ਨਾਲ ਬਰਾਮਦਗੀ ਦੀ ਕੁੱਲ ਲਾਗਤ 11 ਡਾਲਰ ਹੋ ਜਾਵੇਗੀ।

ਅਮਰੀਕਾ ਵਿੱਚ ਵਿਦੇਸ਼ੀ ਸਮਾਨ ਬਰਾਮਦ ਕਰਨ ਵਾਲੀਆਂ ਕੰਪਨੀਆਂ ਨੂੰ ਇਹ ਟੈਕਸ ਸਰਕਾਰ ਨੂੰ ਦੇਣਾ ਪੈਂਦਾ ਹੈ।

ਕੰਪਨੀਆਂ ਇਸ ਵਾਧੂ ਲਾਗਤ ਦਾ ਕੁਝ ਜਾਂ ਸਾਰਾ ਬੋਝ ਗਾਹਕਾਂ ʼਤੇ ਪਾ ਸਕਦੀਆਂ ਹਨ। ਇਸ ਤੋਂ ਇਲਾਵਾ, ਉਹ ਘੱਟ ਸਮਾਨ ਬਰਾਮਦ ਕਰਨ ਦਾ ਫ਼ੈਸਲਾ ਵੀ ਕਰ ਸਕਦੀਆਂ ਹਨ।

ਡੌਨਲਡ ਟਰੰਪ ਦਾ ਕਹਿਣਾ ਹੈ ਕਿ ਜੇਕਰ ਕੋਈ ਦੇਸ਼ ਅਮਰੀਕੀ ਸਮਾਨ 'ਤੇ ਉੱਚ ਬਰਾਮਦਗੀ ਡਿਊਟੀ ਲਗਾਉਂਦਾ ਹੈ ਤਾਂ ਅਮਰੀਕਾ ਉਸ ਦੇਸ਼ ਤੋਂ ਆਉਣ ਵਾਲੀਆਂ ਚੀਜ਼ਾਂ 'ਤੇ ਵੀ ਉੱਚ ਟੈਰਿਫ ਲਗਾਏਗਾ।

ਟਰੰਪ ਨੇ ਇਸ ਨੂੰ 'ਰੇਸੀਪ੍ਰੋਕਲ ਟੈਰਿਫ' ਕਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)