You’re viewing a text-only version of this website that uses less data. View the main version of the website including all images and videos.
'ਪਿੰਡ ਬਾਬੇ ਨਾਨਕ ਦਾ’: ਐਲਾਨ ਤੋਂ 5 ਸਾਲ ਬਾਅਦ ਵੀ ਨਹੀਂ ਲੱਗ ਸਕੀ ਇੱਕ ਵੀ ਇੱਟ
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
"'ਅਸੀਂ ਪਿੰਡ ਬਾਬੇ ਨਾਨਕ ਦਾ' - ਅਜਾਇਬ ਘਰ ਲਈ ਆਪਣੀ ਜ਼ਮੀਨ ਦੇਣ ਲਈ ਤਿਆਰ ਹਾਂ, ਪਰ ਪ੍ਰਸ਼ਾਸਨ ਸਾਡੇ ਨਾਲ ਸਹੀ ਤਰੀਕੇ ਗੱਲ ਤਾਂ ਕਰੇ", ਇਹ ਬੋਲ ਸੁਲਤਾਨਪੁਰ ਲੋਧੀ ਦੇ ਪਿੰਡ ਮਾਛੀਜੋਆ ਦੀ ਸਰਪੰਚ ਹਰਪ੍ਰੀਤ ਕੌਰ ਦੇ ਹਨ।
ਸਿੱਖ ਧਰਮ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇ ਨਾਮ ਉੱਤੇ ਇੱਕ ਅਜਾਇਬ ਘਰ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਇਸ ਨੂੰ 'ਪਿੰਡ ਬਾਬੇ ਨਾਨਕ ਦਾ' ਨਾਮ ਦਿੱਤਾ ਗਿਆ ਸੀ।
ਅੱਜ ਪੰਜ ਸਾਲ ਬੀਤਣ ਤੋਂ ਬਾਅਦ ਵੀ 'ਪਿੰਡ ਬਾਬੇ ਨਾਨਕ ਦਾ' ਹਾਲੇ ਸਰਕਾਰੀ ਕਾਗਜ਼ਾਂ ਵਿੱਚ ਹੀ ਦਰਜ ਹੈ।
ਇਸ ਬਾਰੇ ਸਰਕਾਰੀ ਐਲਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੀਤਾ ਗਿਆ ਸੀ।
ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵਿਭਾਗ ਦੀ ਸੀ ਜਦਕਿ ਕੇਂਦਰ ਸਰਕਾਰ ਵੱਲੋਂ ਇਸਦਾ ਖਰਚਾ, ਜੋ ਕਿ ਅੰਦਾਜ਼ਨ 500 ਕਰੋੜ ਰੁਪਏ ਸੀ, ਦਿੱਤਾ ਜਾਣਾ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਪਿਛਲੇ ਪੰਜ ਸਾਲਾਂ ਵਿੱਚ ਇਸ ਪ੍ਰੋਜੈਕਟ ਲਈ 43 ਏਕੜ ਜ਼ਮੀਨ ਐਕੁਆਇਰ ਨਹੀਂ ਕਰ ਸਕੀ।
ਸਾਲ 2019 ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੌਰਾਨ ਡਰਾਫਟ ਕਮੇਟੀ ਬਣਾਈ ਗਈ ਸੀ ਜਿਸ ਨੇ ਇਸ ਪ੍ਰੋਜੈਕਟ ਦੀ ਰੂਪ ਰੇਖਾ ਤਿਆਰ ਕੀਤੀ ਸੀ ।
ਇਸ ਕਮੇਟੀ ਵਿੱਚ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਰਬਜਿੰਦਰ ਸਿੰਘ ਸਮੇਤ ਪੰਜਾਬ ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ।
ਸਾਲ 2021 ਵਿੱਚ ਕੇਂਦਰ ਸਰਕਾਰ ਨੇ ਵੀ ਇਸ ਪ੍ਰੋਜੈਕਟ ਲਈ ਸਿਧਾਂਤਕ ਪ੍ਰਵਾਨਗੀ ਦਿੱਤੀ ਸੀ।
ਇਸ ਪਿੰਡ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਰਾਏ ਭੋਇ ਦੀ ਤਲਵੰਡੀ ਦਾ ਪ੍ਰਤੀਰੂਪ (ਮਾਡਲ) ਬਣਾਉਣ ਦੀ ਯੋਜਨਾ ਸੀ।
ਕਿਹੋ ਜਿਹਾ ਹੋਣਾ ਸੀ 'ਪਿੰਡ ਬਾਬੇ ਨਾਨਕ ਦਾ'?
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਪ੍ਰੋਫ਼ੈਸਰ ਸਰਬਜਿੰਦਰ ਸਿੰਘ, ਨੇ ਬੀਬੀਸੀ ਨੂੰ ਪ੍ਰੋਜੈਕਟ ਦੀ ਰੂਪ ਰੇਖਾ ਬਾਰੇ ਦੱਸਿਆ, “'ਪਿੰਡ ਬਾਬੇ ਨਾਨਕ ਦਾ' - ਅਜਾਇਬ ਘਰ ਵਿੱਚ 13 ‘ਪੱਤੀਆਂ (ਮੁਹੱਲੇ) ਹੋਣੇ ਸਨ ਕਿਉਂਕਿ ਰਾਏ ਭੋਇ ਦੀ ਤਲਵੰਡੀ ਪਿੰਡ ਜੋ ਗੁਰੂ ਨਾਨਕ ਦੇਵ ਜੀ ਜੱਦੀ ਪਿੰਡ ਸੀ ਉਸ ਵਿੱਚ 13 ਪੱਤੀਆਂ ਸਨ।"
"ਇਸ ਵਿੱਚ ਇੱਕ ਸੱਥ (ਕੇਂਦਰ ਸਥਾਨ) ਵੀ ਬਣਾਉਣ ਦੀ ਯੋਜਨਾ, ਜਿੱਥੇ ਗੁਰੂ ਨਾਨਕ ਦੇਵ ਜੀ ਸੰਵਾਦ ਕਰਦੇ ਸਨ।"
ਉਨ੍ਹਾਂ ਦੱਸਿਆ ਕਿ ਅਸੀਂ ਪਾਕਿਸਤਾਨ ਤੋਂ ਰਾਏ ਭੋਇ ਦੀ ਤਲਵੰਡੀ ਦਾ ਕੁਰਸੀਨਾਮਾ ਲਿਆ ਸੀ ਅਤੇ ਉਸ ਅਨੁਸਾਰ ਇੱਕ ਸੰਕਲਪ ਨੋਟ ਤਿਆਰ ਕੀਤਾ ਸੀ ।
ਉਨ੍ਹਾਂ ਦੱਸਿਆ ਕਿ ਅਜਾਇਬ ਘਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਘਰ, ਭਾਈ ਮਰਦਾਨਾ ਦਾ ਘਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਹੋਰ ਪ੍ਰਮੁੱਖ ਨਿਸ਼ਾਨੀਆਂ ਮੌਜੂਦ ਹੋਣੀਆਂ ਸਨ ।
ਉਨ੍ਹਾਂ ਕਿਹਾ ਕਿ ਪਿੰਡ ਦੀ ਬਾਹਰੀ ਦਿੱਖ ਮਿੱਟੀ ਨਾਲ ਬਣੇ 400 ਸਾਲ ਪੁਰਾਣੇ ਵਿਰਾਸਤੀ ਪਿੰਡ ਵਰਗੀ ਬਣਾਉਣ ਦਾ ਪਲਾਨ ਕੀਤਾ ਸੀ ਤੇ ਇਸ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ 1469 ਤੋਂ 1539 ਦੇ ਜੀਵਨ ਨੂੰ ਦਰਸਾਉਂਦੇ ਹੋਏ ਆਧੁਨਿਕ ਤਕਨੀਕ ਜੁੜੀ ਹੋਣੀ ਸੀ।
ਸਾਬਕਾ ਮੈਂਬਰ ਪਾਰਲੀਮੈਂਟ ਤਰਲੋਚਨ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਚਾਰ ਪੜਾਅ ਦਰਸਾਏ ਜਾਣੇ ਸਨ।
ਇਹ ਚਾਰ ਪੜਾਅ ਸਨ - ਨਨਕਾਣਾ ਸਾਹਿਬ, ਸੁਲਤਾਨਪੁਰ ਲੋਧੀ, ਚਾਰ ਉਦਾਸੀਆਂ, ਅਤੇ ਕਰਤਾਰਪੁਰ ਸਾਹਿਬ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼, ਸੰਵਾਦ ਅਤੇ ਅਭਿਆਸ ਨੂੰ ਪ੍ਰਦਰਸ਼ਿਤ ਕੀਤਾ ਜਾਣਾ ਸੀ।
ਨਨਕਾਣਾ ਪੜਾਅ ਵਿੱਚ ਹਮਲਾਵਰਾਂ ਦੇ ਸ਼ਾਸਨ ਅਧੀਨ ਸਥਿਤੀ ਅਤੇ ਕਿਵੇਂ ਗੁਰੂ ਨਾਨਕ ਦੇਵ ਜੀ ਦੇ ਜਨਮ ਨੇ ਜੀਵਨ ਦੀ ਇੱਕ ਨਵੀ ਕ੍ਰਾਂਤੀ ਲਿਆਈ, ਨੂੰ ਦਰਸਾਉਣ ਦੀ ਯੋਜਨਾ ਸੀ।
ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਪਰਸਨ ਤਰਲੋਚਨ ਸਿੰਘ ਨੇ ਅੱਗੇ ਕਿਹਾ, "ਗੁਰੂ ਨਾਨਕ ਦੇਵ ਜੀ ਵਿਆਹ ਤੋਂ ਬਾਅਦ ਸੁਲਤਾਨਪੁਰ ਲੋਧੀ ਆਏ ਸਨ, ਜਿੱਥੇ ਉਨ੍ਹਾਂ ਨੇ ਮੂਲ ਮੰਤਰ ਅਤੇ ਇੱਕ ਓਂਕਾਰ (ਰੱਬ ਇੱਕ ਹੈ) ਦਾ ਸੰਕਲਪ ਦੇ ਕੇ ਸੰਸਾਰ ਨੂੰ ਰੋਸ਼ਨੀ ਦਿੱਤੀ ਸੀ ।"
ਉਨ੍ਹਾਂ ਅੱਗੇ ਕਿਹਾ ਕਿ ਚਾਰ ਉਦਾਸੀਆਂ ਦੇ ਤੀਜੇ ਪੜਾਅ ਨੂੰ ਸੰਵਾਦ ਸੰਕਲਪ ਰਾਹੀਂ ਉਜਾਗਰ ਕੀਤਾ ਜਾਣਾ ਸੀ, ਜਿਸ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕਰਮਕਾਂਡਾਂ ਦੀ ਵਿਰੋਧਤਾ ਨਾਲ ਕੀਤੀ ਸੀ। ਗੁਰੂ ਨਾਨਕ ਦੇਵ ਜੀ ਦੀਆਂ ਸਭ ਉਦਾਸੀਆਂ ਸੰਵਾਦ ਬਾਰੇ ਸਨ।
ਤਰਲੋਚਨ ਸਿੰਘ ਨੇ ਅੱਗੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿੱਚ ਆਪਣੇ ਸੰਕਲਪ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਨੂੰ ਅਮਲੀ ਰੂਪ ਦਿੱਤਾ, ਜੋ ਕਿ ਚੌਥਾ ਪੜਾਅ ਸੀ।
ਗੁਰੂ ਨਾਨਕ ਦੇਵ ਜੀ ਨੇ 20 ਸਾਲ ਕਰਤਾਰਪੁਰ ਵਿੱਚ ਰਹਿ ਕੇ ਸਿੱਖ ਫਲਸਫੇ ਨੂੰ ਅਮਲੀ ਰੂਪ ਦਿੱਤਾ ਸੀ।
ਸੈਰ ਸਪਾਟਾ ਮੰਤਰੀ ਨੇ ਕੀ ਕਿਹਾ
ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਬੀਬੀਸੀ ਨੂੰ ਦੱਸਿਆ ਕਿ ਅਸੀਂ 'ਪਿੰਡ ਬਾਬੇ ਨਾਨਕ ਦਾ' - ਪ੍ਰੋਜੈਕਟ ਲਈ ਜ਼ਮੀਨ ਲੈਣ ਵਾਸਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੂੰ 29 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਹਨ।
ਉਨ੍ਹਾਂ ਦੱਸਿਆ, "ਇਹ ਪ੍ਰੋਜੈਕਟ ਸਰਕਾਰ ਦੀ ਮੁੱਖ ਤਰਜੀਹ ਹੈ। ਅਸੀਂ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਪ੍ਰੋਜੈਕਟ ਲਈ ਜ਼ਮੀਨ ਖਰੀਦ ਰਹੇ ਹਾਂ।"
ਉਨ੍ਹਾਂ ਦੱਸਿਆ, “ਕੇਂਦਰ ਸਰਕਾਰ ਨੇ ਇਸ ਪ੍ਰੋਜੈਕਟ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਅਸੀਂ ਪੰਜਾਬ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਹਰ ਉਪਰਾਲੇ ਕਰ ਰਹੇ ਹਾਂ।”
ਕਪੂਰਥਲਾ ਪ੍ਰਸ਼ਾਸਨ ਦਾ ਕੀ ਕਹਿਣਾ ਹੈ?
ਸੁਲਤਾਨਪੁਰ ਲੋਧੀ ਦੇ ਉਪ ਮੰਡਲ ਮੈਜਿਸਟਰੇਟ ਜਸਪ੍ਰੀਤ ਸਿੰਘ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, “ਅਸੀਂ ਕਰੀਬ ਇੱਕ ਮਹੀਨਾ ਪਹਿਲਾਂ ਜ਼ਮੀਨ ਐਕੁਆਇਰ ਕਰਨ ਦਾ ਪ੍ਰਸਤਾਵ ਪੰਜਾਬ ਦੇ ਸੈਰ ਸਪਾਟਾ ਵਿਭਾਗ ਨੂੰ ਭੇਜ ਚੁੱਕੇ ਹਾਂ।”
ਕਪੂਰਥਲਾ ਦੇ ਡਿਪਟੀ ਕਮਿਸ਼ਨਰ ਕਰਨੈਲ ਸਿੰਘ ਨੇ ਦੱਸਿਆ, "ਅਸੀਂ ਸੁਲਤਾਨਪੁਰ ਲੋਧੀ ਵਿੱਚ ਕਰੀਬ 43 ਏਕੜ ਜ਼ਮੀਨ ਐਕੁਆਇਰ ਕਰਨ ਲਈ 28-29 ਕਰੋੜ ਦਾ ਅੰਦਾਜ਼ਨ ਬਜਟ ਰੱਖਿਆ ਹੈ।"
ਉਨ੍ਹਾਂ ਕਿਹਾ ਕਿ ਅਕਤੂਬਰ 2023 ਵਿੱਚ ਸੈਰ ਸਪਾਟਾ ਵਿਭਾਗ ਦੇ ਅਧਿਕਾਰੀਆਂ ਨੇ ਵੀ ਸਾਈਟ ਦਾ ਦੌਰਾ ਕੀਤਾ ਸੀ।
ਉਨ੍ਹਾਂ ਕਿਹਾ, "ਅਸੀਂ ਜ਼ਮੀਨ ਐਕਵਾਇਰ ਪ੍ਰਕਿਰਿਆ ਦੀ ਬਜਾਇ ਗੱਲਬਾਤ ਰਾਹੀਂ ਕਿਸਾਨਾਂ ਤੋਂ ਜ਼ਮੀਨ ਖਰੀਦਾਂਗੇ, ਨਹੀਂ ਤਾਂ, ਸਾਨੂੰ ਇੱਕ ਲੰਬੀ ਪ੍ਰਕਿਰਿਆ ਸਮੇਂ ਦੀ ਪਾਲਣਾ ਕਰਨੀ ਪਵੇਗੀ।|"
"ਅਸੀਂ ਪਵਿੱਤਰ ਵੇਈਂ ਨਦੀ ਦੇ ਨੇੜੇ ਸਥਿਤ ਇਤਿਹਾਸਕ ਮਕਬਰੇ ਹਦੀਰਾ ਦੇ ਪਿੱਛੇ ਸਥਿਤ ਜ਼ਮੀਨ ਦੀ ਪ੍ਰੋਜੈਕਟ ਬਣਾਉਣ ਲਈ ਚੋਣ ਕੀਤੀ ਹੈ। ਅਸੀਂ ਪਹਿਲ ਦੇ ਆਧਾਰ 'ਤੇ ਇਸ ਦੀ ਪ੍ਰਕਿਰਿਆ ਕਰ ਰਹੇ ਹਾਂ। "
ਸੈਰ ਸਪਾਟਾ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਵਿੱਚ ਦੇਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਸਿਧਾਂਤਕ ਪ੍ਰਵਾਨਗੀ ਦੇਣ ਦੇ ਬਾਵਜੂਦ ਅਜਿਹੇ ਮਹੱਤਵਪੂਰਨ ਪ੍ਰੋਜੈਕਟ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ।
ਪਿੰਡ ਮਾਛੀਜੋਆ ਦੀ ਸਰਪੰਚ ਹਰਪ੍ਰੀਤ ਕੌਰ ਨੇ ਕਿਹਾ ਕਿ ਪਹਿਲਾਂ ਪ੍ਰਸ਼ਾਸਨ ਨੇ ਅਜਾਇਬ ਘਰ ਲਈ ਜ਼ਮੀਨ ਐਕੁਆਇਰ ਕਰਨ ਲਈ ਸਾਡੇ ਨਾਲ ਗੱਲਬਾਤ ਕੀਤੀ ਸੀ ਪਰ ਵਿਚਕਾਰ ਹੀ ਉਹ ਚੁੱਪ ਹੋ ਗਏ।
"ਹੁਣ ਐਸ.ਡੀ.ਐਮ ਸੁਲਤਾਨਪੁਰ ਲੋਧੀ ਨੇ ਸਾਨੂੰ ਕਿਹਾ ਕਿ ਅਸੀਂ ਜਲਦੀ ਹੀ ਤੁਹਾਡੀ ਜ਼ਮੀਨ ਐਕੁਆਇਰ ਕਰ ਲਵਾਂਗੇ।"
ਉਨ੍ਹਾਂ ਅੱਗੇ ਕਿਹਾ, ‘‘ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਕੋਲ ਕਰੀਬ 10 ਕਨਾਲ ਜ਼ਮੀਨ ਅਤੇ ਸ਼ਮਸ਼ਾਨਘਾਟ ਹੈ, ਜੋ ਇਸ ਪ੍ਰਾਜੈਕਟ ਲਈ ਐਕੁਆਇਰ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਡੇ ਸ਼ਮਸ਼ਾਨਘਾਟ ਨੂੰ ਤਬਦੀਲ ਕੀਤਾ ਜਾਵੇ ਤੇ 10 ਕਨਾਲ ਜ਼ਮੀਨ ਵੱਖਰੀ ਦਿੱਤੀ ਜਾਵੇ।’’