ਉਹ ਔਰਤ ਜੋ ਗੁਲਾਮੀ ਪਿੱਛੋਂ ਵੇਸਵਾ ਬਣੀ ਤੇ ਜਿਸਮਫਰੋਸ਼ੀ ਦੀ ਦੁਨੀਆਂ ਦੀ ‘ਰਾਣੀ’ ਵਜੋਂ ਜਾਣੀ ਗਈ

ਤਸਵੀਰ ਸਰੋਤ, COURTESY CASSANDRA FAY
- ਲੇਖਕ, ਜੁਆਨ ਫਰਾਂਸਿਸਕੋ ਅਲੋਂਸੋ
- ਰੋਲ, ਬੀਬੀਸੀ ਨਿਊਜ਼ ਵਰਲਡ
ਪ੍ਰਿਸਲਾ ਹੈਨਰੀ ਦਾ ਜੀਵਨ ਭਾਵੇਂ ਹਾਲੀਵੁੱਡ ਦੀ ਕਿਸੇ ਫਿਲਮ ਤੋਂ ਘੱਟ ਨਹੀਂ ਸੀ ਪਰ ਫਿਰ ਵੀ ਅਮਰੀਕਾ ਅਤੇ ਬਾਕੀ ਦੁਨੀਆਂ ਵਿੱਚ ਜ਼ਿਆਦਾਤਰ ਲੋਕਾਂ ਲਈ ਪ੍ਰਿਸਿਲਾ ਹੈਨਰੀ ਦੇ ਨਾਮ ਦਾ ਕੋਈ ਮਹੱਤਵ ਨਹੀਂ ਹੈ।
ਉੱਨੀਵੀਂ ਸਦੀ ਦੀ ਇਸ ਸਿਆਹਫਾਮ ਮਹਿਲਾ ਹੈਨਰੀ ਦਾ ਜਨਮ ਵੀ ਇੱਕ ਗੁਲਾਮ ਵਜੋਂ ਹੋਇਆ ਅਤੇ ਜ਼ਿਆਦਾਤਰ ਜੀਵਨ ਵੀ ਗੁਲਾਮ ਵਜੋਂ ਹੀ ਬੀਤਿਆ ਪਰ ਉਨ੍ਹਾਂ ਦੀ ਮੌਤ ਜਨਮ ਵਰਗੀ ਨਹੀਂ ਸੀ।
ਹਾਲਾਂਕਿ, ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਮੇਂ ਦੀਆਂ ਸਭ ਤੋਂ ਵੱਡੀਆਂ ਜਾਇਦਾਦਾਂ ਖਰੀਦਣੀਆਂ ਸ਼ੁਰੂ ਕੀਤੀਆਂ। ਇਨ੍ਹਾਂ ਵਿੱਚੋਂ ਇੱਕ ਉਹ ਖੇਤ ਵੀ ਸੀ ਜਿਸ ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ।
ਇਹ ਸਭ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਉਹ ਵੇਸਵਾਪੁਣੇ ਦਾ ਕਾਰੋਬਾਰ ਚਲਾਉਣ ਲੱਗੇ ਸਨ। ਉਸ ਸਮੇਂ ਤੱਕ ਇਸ ਧੰਦੇ ਉੱਤੇ ਗੋਰੇ ਲੋਕਾਂ ਦਾ ਹੀ ਦਬਦਬਾ ਸੀ।
ਬੀਬੀਸੀ ਮੁੰਡੋ ਨੇ ਹੈਨਰੀ ਦੇ ਜੀਵਨ ਨੂੰ ਸਮਝਣ ਲਈ ਮਾਹਰਾਂ ਅਤੇ ਦਸਤਾਵੇਜ਼ਾਂ ਦਾ ਸਹਾਰਾ ਲਿਆ, ਜਿਸ ਨੂੰ ਕੁਝ ਲੋਕ ਨਾ ਸਿਰਫ਼ ਨਸਲੀ ਏਕੀਕਰਨ ਨੂੰ ਉਤਸ਼ਾਹਿਤ ਕਰਨ ਵਾਲੀ ਮੰਨਦੇ ਹਨ, ਸਗੋਂ ਕਾਰੋਬਾਰੀ ਔਰਤਾਂ ਦੀ ਮੋਢੀ ਅਤੇ ਜਿਨਸੀ ਆਜ਼ਾਦੀ ਦੀ ਰਾਖੀ ਵੀ ਮੰਨਦੇ ਹਨ।
ਲੰਬਾ ਤੇ ਮੁਸ਼ਕਲ ਪੰਧ
ਯੂਨੀਵਰਸਿਟੀ ਆਫ ਵਿਸਕਾਨਸਿਨ (ਅਮਰੀਕਾ) ਦੀ ਪ੍ਰੋਫੈਸਰ ਐਸ਼ਲੇ ਬੀ. ਕੁੰਡਿਫ ਨੇ ਉੱਤਰੀ ਅਮਰੀਕੀ ਦੇਸ ਵਿੱਚ ਵੇਸਵਾਘਰਾਂ ਦੇ ਸੱਭਿਆਚਾਰ ਨੂੰ ਸਮਰਪਿਤ ਆਪਣੇ ਡਾਕਟਰੇਟ ਥੀਸਿਸ ਵਿੱਚ ਲਿਖਿਆ ਕਿ ਹੈਨਰੀ ਦਾ ਜਨਮ 1819 ਵਿੱਚ ਦੱਖਣੀ ਰਾਜ ਅਲਬਾਮਾ ਦੇ ਫਲੋਰੈਂਸ ਸ਼ਹਿਰ ਦੇ ਇੱਕ ਖੇਤ ਵਿੱਚ ਹੋਇਆ ਸੀ।
ਹੈਨਰੀ ਆਪਣੇ ਪਰਿਵਾਰ ਵਿੱਚ ਛੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਉਨ੍ਹਾਂ ਨੇ ਘੱਟੋ-ਘੱਟ 1865 ਤੱਕ ਦੱਖਣੀ ਜ਼ਿਮੀਂਦਾਰ ਜੇਮਜ਼ ਜੈਕਸਨ ਜੂਨੀਅਰ ਦੇ ਖੇਤਾਂ ਵਿੱਚ ਗੁਲਾਮੀ ਕੀਤੀ ਕਿਉਂਕਿ ਜੇਮਜ਼ ਨੇ ਹੈਨਰੀ ਅਤੇ ਹੋਰ ਲੋਕਾਂ ਨੂੰ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਤਸਵੀਰ ਸਰੋਤ, Getty Images
ਭਾਵੇਂ ਕਿ ਇਸ ਤੋਂ ਦੋ ਸਾਲ ਪਹਿਲਾਂ ਹੀ ਅਬਰਾਹਮ ਲਿੰਕਨ ਦੀ ਸਰਕਾਰ ਨੇ ਗੁਲਾਮ ਮੁਕਤੀ ਦਾ ਐਲਾਨ ਕਰਕੇ ਗੁਲਾਮੀ ਦੀ ਪ੍ਰਥਾ ਨੂੰ ਰਸਮੀ ਤੌਰ ’ਤੇ ਖਤਮ ਕਰ ਦਿੱਤਾ ਸੀ।
ਰਿਹਾਅ ਹੁੰਦੇ ਹੀ ਹੈਨਰੀ ਨੇ ‘ਮਾਊਂਡ ਸਿਟੀ' ਦਾ ਰੁਖ ਕੀਤਾ ਕਿਉਂਕਿ ਉਸ ਸਮੇਂ ਸੇਂਟ ਲੁਈਸ ਦੇ ਸ਼ਹਿਰ (ਮਿਸੌਰੀ) ਨੂੰ ਇਸ ਨਾਂ ਵਜੋਂ ਜਾਣਿਆ ਜਾਂਦਾ ਸੀ।
ਮਾਊਂਡ ਸਿਟੀ ਜੋ ਕਿ ਨ੍ਹਾਂ ਦੇ ਗ੍ਰਹਿ ਸੂਬੇ ਤੋਂ ਲਗਭਗ 615 ਕਿਲੋਮੀਟਰ ਉੱਤਰ ਵਿੱਚ ਸਥਿਤ ਸੀ ਵਿੱਚ ਉਨ੍ਹਾਂ ਨੇ ਘਰੇਲੂ ਮਦਦ ਕਰਨ ਵਾਲੇ ਵਜੋਂ ਕੰਮ ਕਰਨਾ ਸ਼ੁਰੂ ਕੀਤਾ।
ਅਮਰੀਕੀ ਪੱਤਰਕਾਰ ਜੂਲੀਅਸ ਹੰਟਰ ਨੇ ਦੱਖਣੀ ਸ਼ਹਿਰ ਦੇ ਜਨਤਕ ਰੇਡੀਓ ਨੈੱਟਵਰਕ ਐੱਸਟੀਐੱਲਪੀਆਰ ਨੂੰ ਦੱਸਿਆ, "ਹੈਨਰੀ ਸੇਂਟ ਲੁਈਸ ਗਏ ਕਿਉਂਕਿ ਉਸ ਸਮੇਂ ਧੋਬਣਾਂ ਦੇਸ ਦੇ ਹੋਰ ਹਿੱਸਿਆਂ ਦੀ ਤੁਲਨਾ ਵਿੱਚ ਉੱਥੇ ਜ਼ਿਆਦਾ ਪੈਸੇ ਕਮਾਉਂਦੀਆਂ ਸਨ।’’
ਜੂਲੀਅਸ ਹੰਟਰ ‘‘ਪ੍ਰਿਸਿਲਾ ਐਂਡ ਬੇਬ: ਫਰਾਮ ਦੀ ਸ਼ੈਕਲਜ਼ ਆਫ ਸਲੈਵਰੀ ਟੂ ਮਿਲੀਅਨਿਯਰ ਮੈਡਮਜ਼ ਇਨ ਵਿਕਟੋਰੀਅਨ ਸੇਂਟ ਲੁਈਸ’’ ਕਿਤਾਬ ਦੇ ਲੇਖਕ ਹਨ।
ਪੱਤਰਕਾਰ ਨੇ ਹੈਨਰੀ ਅਤੇ ਉਸ ਸਮੇਂ ਦੀ ਇੱਕ ਹੋਰ ਔਰਤ: ਸਾਰ੍ਹਾ ‘ਬੇਬ’ ਕੋਨਰ ਬਾਰੇ ਖੋਜ ਦੌਰਾਨ ਲਾਇਬ੍ਰੇਰੀਆਂ, ਜਨਤਕ ਅਤੇ ਚਰਚ ਦੇ ਰਿਕਾਰਡਾਂ ਦੇ ਨਾਲ-ਨਾਲ ਸਥਾਨਕ ਅਖ਼ਬਾਰਾਂ ਦੇ ਪੁਰਾਲੇਖਾਂ ਵਿੱਚ ਛੇ ਸਾਲ ਬਿਤਾਏ ਹਨ।
ਇੱਕ ਰਾਣੀ ਦੀ ਮੌਤ ’ਤੇ ਰਾਣੀ ਬਣੀ ਪ੍ਰਿਸਿਲਾ
ਆਪਣੀ ਅਜ਼ਾਦੀ ਤੋਂ ਬਾਅਦ ਹੈਨਰੀ ਨੇ ਬਹੁਤਾ ਸਮਾਂ ਕੱਪੜੇ ਧੋਣ ਅਤੇ ਹੋਟਲਾਂ ਦੇ ਕਮਰੇ ਸਾਫ ਕਰਨ ਵਿੱਚ ਨਹੀਂ ਬਿਤਾਇਆ। ਉਨ੍ਹਾਂ ਨੂੰ ਸੈਕਸ ਦੇ ਕਾਰੋਬਾਰ ਦੇ ਰੂਪ ਵਿੱਚ ਇੱਕ ਹੋਰ ਦਿਲਕਸ਼ ਅਤੇ ਫਾਇਦੇਮੰਦ ਪੇਸ਼ਾ ਮਿਲ ਚੁੱਕਿਆ ਸੀ।
ਮਿਸੀਸਿਪੀ ਅਤੇ ਮਿਸੌਰੀ ਨਦੀਆਂ ਦੇ ਕਿਨਾਰੇ ਵੱਸੇ ਦੂਜੇ ਸ਼ਹਿਰਾਂ ਵਾਂਗ, ਸੇਂਟ ਲੁਈਸ ਵਿੱਚ ਵੀ ਦੇਹ ਵਪਾਰ ਕਾਫ਼ੀ ਤਰੱਕੀ ਕਰ ਰਿਹਾ ਸੀ।
ਹੰਟਰ ਨੇ ਦੱਸਿਆ, ‘‘19ਵੀਂ ਸਦੀ ਵਿੱਚ ਸੇਂਟ ਲੁਈਸ ਵਿੱਚ 5,000 ਵੇਸਵਾਵਾਂ ਸਨ ਭਾਵੇਂ ਇੱਥੋਂ ਦੀ ਆਬਾਦੀ ਮੁਸ਼ਕਿਲ ਨਾਲ ਸਾਢੇ ਤਿੰਨ ਲੱਖ ਦੀ ਸੀ।’’
ਖਾਨਾ ਜੰਗੀ ਤੋਂ ਬਾਅਦ ਨਿਰਾਸ਼ ਹੋਏ ਸਾਬਕਾ ਫੌਜੀਆਂ, ਸਾਬਕਾ ਗ਼ੁਲਾਮਾਂ, ਸਾਹਸੀ ਅਤੇ ਕਿਸਮਤ ਦੇ ਮਾਰੇ ਲੋਕਾਂ ਨੂੰ ਇਸ ਸ਼ਹਿਰ ਨੇ ਚੁੰਬਕ ਵਾਂਗ ਆਪਣੇ ਵੱਲ ਖਿੱਚਿਆ, ਸਿੱਟੇ ਵਜੋਂ ਇੱਥੇ ਸੈਕਸ ਕਾਰੋਬਾਰ ਵਿੱਚ ਤੇਜ਼ੀ ਆਈ।
ਇਹ ਕੰਮ ਇੰਨਾ ਲਾਹੇਵੰਦ ਬਣ ਗਿਆ ਕਿ 1870 ਵਿੱਚ ਸਥਾਨਕ ਪ੍ਰਸ਼ਾਸਨ ਨੇ ਇਸ ਨੂੰ ਆਰਜੀ ਤੌਰ 'ਤੇ ਵੈਧ ਕਰਾਰ ਦੇ ਦਿੱਤਾ ਅਤੇ ਕੋਠਿਆਂ ਅਤੇ ਰਜਿਸਟਰਡ ਵੇਸਵਾਵਾਂ ’ਤੇ ਟੈਕਸ ਲਾਉਣਾ ਸ਼ੁਰੂ ਕਰ ਦਿੱਤਾ।
ਇਸ ਖੇਤਰ ਵਿੱਚ ਹੈਨਰੀ ਦਾ ਦਾਖਲਾ ਇੱਕ ਤ੍ਰਾਸਦੀ ਦਾ ਸਿੱਟਾ ਸੀ।

ਤਸਵੀਰ ਸਰੋਤ, Getty Images
ਹੋਇਆ ਇਸ ਤਰ੍ਹਾਂ ਕਿ ਉਹ ਜਿਸ ਹੋਟਲ ਵਿੱਚ ਕੰਮ ਕਰਦੇ ਸੀ, ਉਸ ਨੂੰ ਅੱਗ ਲੱਗ ਗਈ। ਸਾਰੀ ਇਮਾਰਤ ਸੁਆਹ ਦਾ ਢੇਰ ਬਣ ਗਈ। ਇੱਥੋਂ ਹੈਨਰੀ ਇੱਕ ਬੋਰਡਿੰਗ ਹਾਊਸ ਵਿੱਚ ਪਹੁੰਚੀ ਜਿੱਥੇ ਆਪਣਾ ਜਿਸਮ ਵੇਚਣ ਵਾਲੀਆਂ ਔਰਤਾਂ ਰਹਿੰਦੀਆਂ ਸਨ।
ਹਾਲਾਂਕਿ ਹੈਨਰੀ ਦੇ ਨੈਣ-ਨਕਸ਼ ਕੋਈ ਜ਼ਿਆਦਾ ਖਿੱਚ ਪਾਉਣ ਵਾਲੇ ਨਹੀਂ ਸਨ। ਇਸ ਦੇ ਉਲਟ ਉਸ ਸਮੇਂ ਦੇ ਕੁਝ ਮਾਪਦੰਡਾਂ ਅਨੁਸਾਰ ਉਹ ਮਜ਼ਬੂਤ ਜਾਂ ਰਿਸ਼ਟ-ਪੁਸ਼ਟ ਸੀ।
ਹੁਣ ਹੈਨਰੀ ਦਾ ਸੰਪਰਕ ਇੱਕ ਸਾਬਕਾ ਕਨਫੈਡਰੇਟ ਸੈਨਿਕ ਥਾਮਸ ਹਾਵਰਡ ਨਾਲ ਹੋਇਆ ਜੋ ਹੈਨਰੀ ਦਾ ਪ੍ਰੇਮੀ ਵੀ ਬਣ ਗਿਆ। ਥਾਮਸ ਦੇ ਸੰਪਰਕ ਵਿੱਚ ਆਉਣ ’ਤੇ ਹੈਨਰੀ ਲਈ ‘ਪੈਸੇ ਦੇ ਬਦਲੇ ਸੈਕਸ’ ਦੀ ਦੁਨੀਆ ਦੇ ਦਰਵਾਜ਼ੇ ਖੁੱਲ੍ਹ ਗਏ।
ਹਾਲਾਂਕਿ ਇਸ ਪਿਆਰ ਅਤੇ ਵਪਾਰਕ ਰਿਸ਼ਤੇ ਦਾ ਅੰਤ ਬਹੁਤ ਬੁਰਾ ਹੋਇਆ। ਹਾਵਰਡ, ਜੋ ਹੈਨਰੀ ਦੀ ਸੰਪਤੀ ਦਾ ਪ੍ਰਬੰਧ ਕਰਨ ਲਈ ਆਇਆ ਸੀ, ਉਸ ਨੇ ਧੋਖਾ ਕੀਤਾ। ਇੱਥੋਂ ਤੱਕ ਕਿ ਹੈਨਰੀ ਦੇ ਕਤਲ ਦੀ ਕੋਸ਼ਿਸ਼ ਵੀ ਕੀਤੀ ਗਈ।
ਪ੍ਰੋਫੈਸਰ ਕੁੰਡਿਫ ਨੇ ਆਪਣੀ ਜਾਂਚ ਵਿੱਚ ਦੱਸਿਆ ਕਿ ਹੈਨਰੀ ਦੀ ਇੱਕ ਭਤੀਜੀ ਨੇ ਦਾਅਵਾ ਕੀਤਾ ਕਿ ਥੌਮਸ ਨੇ ਆਪਣੇ ਨਿੱਜੀ ਰਸੋਈਏ, ਫਲੋਰੈਂਸ ਵਿਲੀਅਮਜ਼ ਦੀ ਮਦਦ ਨਾਲ ਹੈਨਰੀ ਨੂੰ ਜ਼ਹਿਰ ਦਿੱਤਾ ਸੀ।
ਹੈਨਰੀ ਦੀ ਮੌਤ ਦੇ ਮੌਕੇ ’ਤੇ ਅਖ਼ਬਾਰ ‘ਸੇਂਟ. ਲੁਈਸ ਪੋਸਟ ਡਿਸਪੈਚ’ ਵਿੱਚ ਨਵੰਬਰ, 1895 ਨੂੰ ਪ੍ਰਕਾਸ਼ਿਤ ਕੀਤੇ ਇੱਕ ਮ੍ਰਿਤੂ-ਲੇਖ ਵਿੱਚ ਕਿਹਾ ਗਿਆ: ਸਥਾਨਕ ਜਨਗਣਨਾ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਔਰਤ ਨੇ ਇੱਕ ਵੇਸਵਾਘਰ ਚਲਾਉਣਾ ਸ਼ੁਰੂ ਕੀਤਾ ਜਿਸ ਵਿੱਚ 19 ਤੋਂ 30 ਸਾਲ ਦੀ ਉਮਰ ਦੇ ਵਿਚਕਾਰ ਪੰਜ ਸ਼ਿਆਹਫਾਮ ਔਰਤਾਂ ਨੂੰ ਕੰਮ ’ਤੇ ਰੱਖੀਆਂ ਗਈਆਂ ਸਨ ਜੋ ‘‘ਗੋਰੇ ਅਤੇ ਕਾਲੇ ਦੋਹਾਂ ਮਲਾਹਾਂ ਅਤੇ ਸਿਆਸੀ ਲੋਕਾਂ ਲਈ ਮਿਲਣ ਦੀ ਇੱਕ ਥਾਂ ਬਣ ਗਿਆ।’’
ਹੰਟਰ ਨੇ ਦੱਸਿਆ, "ਸ਼ਹਿਰ ਵਿੱਚ ਇੱਕ ਮੈਡਮ ਸੀ, ਏਲੀਜ਼ਾ ਹੇਕਰਾਫਟ ਜੋ ਵੇਸਵਾਘਰਾਂ ਦੀ ਰਾਣੀ ਸੀ ਅਤੇ 1871 ਵਿੱਚ ਉਸ ਦੀ ਮੌਤ ਹੋਣ ਕਾਰਨ ਇਹ ਥਾਂ ਖਾਲੀ ਹੋ ਗਈ ਸੀ। ਇਸ ਖਾਲੀਪਣ ਦਾ ਹੈਨਰੀ ਅਤੇ ਉਨ੍ਹਾਂ ਦੀਆਂ ਸਾਥਣਾਂ ਨੇ ਫਾਇਦਾ ਉਠਾਇਆ।
‘‘ਕਿਉਂਕਿ ਉਹ ਸਮਝਦੀਆਂ ਸਨ ਕਿ ਇਹ ਸਮਾਂ ਸਿਆਹਫਾਮ ਔਰਤਾਂ ਲਈ ਉਸ ਖੇਤਰ ਵਿੱਚ ਸ਼ਾਮਲ ਹੋਣ ਦਾ ਸੀ। ਆਪਣੀ ਮੌਤ ਦੇ ਸਮੇਂ ਹੇਕਰਾਫਟ 30 ਮਿਲੀਅਨ ਅਮਰੀਕੀ ਡਾਲਰ ਦੀ ਜਾਇਦਾਦ ਅਤੇ ਪੈਸਾ ਪਿੱਛੇ ਛੱਡ ਕੇ ਮਰੀ।’’

ਤਸਵੀਰ ਸਰੋਤ, Getty Images
ਸਾਮਰਾਜ ਦਾ ਨਿਰਮਾਣ
ਵੇਸਵਾਗਮਨੀ ’ਤੇ ਸੇਂਟ ਲੁਈਸ ਦਾ ਉਦਾਰ ਰੁਖ਼ ਨਸਲੀ ਸਬੰਧਾਂ ਬਾਰੇ ਇਸ ਦੇ ਰੂੜੀਵਾਦੀ ਰੁਖ਼ ਦੇ ਉਲਟ ਸੀ।
ਇਸ ਤਰ੍ਹਾਂ, ਖਾਨਾਜੰਗੀ ਤੋਂ ਬਾਅਦ ਪਾਸ ਕੀਤੇ ਗਏ ਕਾਨੂੰਨਾਂ ਨੇ ਆਪਣੀ ਚਮੜੀ ਤੋਂ ਵੱਖਰੇ ਰੰਗ ਵਾਲੇ ਲੋਕਾਂ ਨਾਲ ਵਿਆਹ ਕਰਨ ਦੀ ਕੋਸ਼ਿਸ਼ ਕਰਨ ਅਤੇ ਹੋਰ ਨਸਲਾਂ ਦੇ ਲੋਕਾਂ ਨਾਲ ਜਿਨਸੀ ਸਬੰਧ ਰੱਖਣ ਵਾਲਿਆਂ ਲਈ ਜੇਲ੍ਹ ਦੀ ਸਜ਼ਾ ਨੂੰ ਸਖ਼ਤ ਕਰ ਦਿੱਤਾ।
ਅਧਿਕਾਰੀਆਂ ਨਾਲ ਸਮੱਸਿਆਵਾਂ ਤੋਂ ਬਚਣ ਲਈ, ਇਸ ਕਾਰੋਬਾਰੀ ਔਰਤ ਨੇ ਆਪਣੇ ਸਥਾਨ ਨੂੰ ਵਿਲੋਕਿਤਰੀ ਥਾਂ ਉੱਤੇ ਸਥਾਪਿਤ ਕਰ ਲਿਆ ਸੀ। ਕੁਝ ਵਿੱਚ ਉਹ ਗੋਰੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੀ ਅਤੇ ਦੂਜਿਆਂ ਵਿੱਚ ਉਹ ਅਲੱਗ ਅਲੱਗ ਨਸਲਾਂ ਦੇ ਲੋਕਾਂ ਦੀ ਸੇਵਾ ਕਰਦੀ ਸੀ।
ਹਾਲਾਂਕਿ ਗੋਰੇ ਆਦਮੀਆਂ ਨੂੰ ਦੋਵਾਂ ਸਥਾਨਾਂ ’ਤੇ ਜਾਣ ਦੀ ਇਜਾਜ਼ਤ ਸੀ, ਪਰ ਸ਼ਿਆਹਫਾਮ ਆਦਮੀਆਂ ਨੂੰ ਅਜਿਹੀ ਖੁੱਲ ਨਹੀਂ ਸੀ।
ਕੁੰਡਿਫ ਨੇ ਕਿਹਾ, ‘‘ਹੈਨਰੀ ਨੇ ਆਪਣਾ ਕਾਰੋਬਾਰ ਕੁਝ ਇਸ ਤਰ੍ਹਾਂ ਬਣਾਇਆ ਕਿ ਉਹ ਗੋਰੇ ਮਰਦਾਂ ਦੀ ਸੇਵਾ ਵੀ ਕਰਦੀ ਪਰ ਇਸ ਤਰ੍ਹਾਂ ਕਿ ਦੋ ਨਸਲਾਂ ਦੇ ਜਿਨਸੀ ਸਬੰਧਾਂ ਸੰਬੰਧੀ ਕਾਨੂੰਨਾਂ ਦਾ ਮਾਣ ਵੀ ਰਹਿ ਸਕੇ।’’
ਉਨ੍ਹਾਂ ਨੇ ਕਿਹਾ, ‘‘ਉਸ ਨੇ ਸਮਝ ਲਿਆ ਸੀ ਕਿ ਇਹ ਕਾਨੂੰਨ ਸ਼ਿਆਹਫਾਮ ਮਰਦਾਂ ਨੂੰ ਗੋਰੀਆਂ ਔਰਤਾਂ ਨਾਲ ਮਿਲਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਪਰ ਜਦੋਂ ਗੋਰੇ ਮਰਦ ਨੂੰ ਸ਼ਿਆਹਫਾਮ ਔਰਤਾਂ ਨਾਲ ਮਿਲਣ ਸਮੇਂ ਇਹ ਢਿੱਲੇ ਸਨ।’’
ਮਾਹਰ ਨੇ ਆਪਣੀ ਜਾਂਚ ਵਿੱਚ ਕਿਹਾ, ‘‘ਹੈਨਰੀ ਨੇ ਨਸਲ ਦੇ ਆਧਾਰ 'ਤੇ ਕੋਠਿਆਂ ਦੀ ਇਸ ਅਨਿਸ਼ਚਤ ਵੰਡ ਨੂੰ ਬਣਾਈ ਰੱਖਣ ਲਈ ਪੁਲਿਸ ਨਾਲ ਲੰਮੇ ਸਮੇਂ ਤੱਕ ਰਿਸ਼ਤਾ ਕਾਇਮ ਰੱਖਿਆ, ਇਸ ਲਈ ਉਸ ਦੇ ਕਾਰੋਬਾਰ ਨੂੰ ਸੁਰੱਖਿਆ ਮਿਲੀ।’’
ਨਿਯਮਾਂ ਦੀ ਉਲੰਘਣਾ ਕਰਨ ਦੀ ਇਸ ਸਮਰੱਥਾ ਨਾਲ ਹੈਨਰੀ ਨੂੰ ਆਪਣੇ ਕਾਰੋਬਾਰ ਨੂੰ ਵਧਾਉਣ-ਫੈਲਾਉਣ ਦਾ ਮੌਕਾ ਮਿਲਿਆ ਅਤੇ ਸਮੇਂ ਦੇ ਨਾਲ ਉਸ ਨੇ ਸ਼ਹਿਰ ਵਿੱਚ ਕਈ ਹੋਰ ਘਰ ਖਰੀਦੇ, ਜਿਨ੍ਹਾਂ ਨੂੰ ਉਸ ਨੇ ਵੇਸ਼ਵਾਘਰਾਂ ਵਿੱਚ ਬਦਲ ਦਿੱਤਾ ਜਾਂ ਵੇਸ਼ਵਾਘਰਾਂ ਵਜੋਂ ਸੰਚਾਲਿਤ ਕਰਨ ਲਈ ਆਪਣੀਆਂ ਹੋਰ ਸਹਿਯੋਗਣਾਂ ਨੂੰ ਕਿਰਾਏ ’ਤੇ ਦੇ ਦਿੱਤਾ।
ਉਸ ਦੀ ਅਨਪੜ੍ਹਤਾ ਵੀ ਉਸ ਨੂੰ ਵੱਡੀ ਜਾਇਦਾਦ ਦੀ ਮਾਲਕ ਬਣਾਉਣ ਵਿੱਚ ਰੁਕਾਵਟ ਨਹੀਂ ਬਣੀ।
ਸੰਨ1895 ਵਿੱਚ ਉਸ ਦੀ ਮੌਤ ਦੇ ਸਮੇਂ ਉਸ ਕੋਲ ਅੰਦਾਜ਼ਨ ਇੱਕ ਲੱਖ ਅਮਰੀਕੀ ਡਾਲਰ ਦੀ ਜਾਇਦਾਦ ਸੀ ਜੋ ਅੱਜ ਲਗਭਗ ਤਿੰਨ ਲੱਖ ਸੱਤਰ ਹਜ਼ਾਰ ਅਮਰੀਕੀ ਡਾਲਰ ਬਣਦੀ ਹੈ।

ਤਸਵੀਰ ਸਰੋਤ, Getty Images
ਮਾਲੀ ਕੋਲਿਨਜ਼ ਅਮਰੀਕਨ ਯੂਨੀਵਰਸਿਟੀ ਆਫ ਵਾਸ਼ਿੰਗਟਨ (ਯੂਐੱਸਏ) ਵਿੱਚ ਸੈਂਟਰ ਫਾਰ ਅਫ਼ਰੀਕਨ-ਅਮਰੀਕਨ ਸਟੱਡੀਜ਼ ਦੇ ਪ੍ਰੋਫੈਸਰ ਹਨ।
ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਦੱਸਿਆ, ‘‘ਉਸ ਦਾ ਜ਼ਿਆਦਾਤਰ ਕਾਰੋਬਾਰ ਹੱਥ ਦੇ ਇਸ਼ਾਰੇ ਨਾਲ ਹੀ ਚਲਦਾ ਸੀ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਕਾਰੋਬਾਰੀ ਜੀਵਨ ਦੌਰਾਨ ਸੈਕਸ ਵਰਕ ਇੱਕ ਵਰਜਿਤ ਉਦਯੋਗ ਸੀ, ਇਸ ਲਈ ਕੁਝ ਵੀ ਨਾ ਲਿਖਿਆ ਜਾਣਾ ਹੈਨਰੀ ਦੇ ਪੱਖ ਵਿੱਚ ਗਿਆ।"
ਉਨ੍ਹਾਂ ਨੇ ਅੱਗੇ ਕਿਹਾ, ‘‘ਹੈਨਰੀ ਨੂੰ ਆਪਣੇ ਬਾਜ਼ਾਰ ਦੀ ਮੰਗ ਵੀ ਪਤਾ ਸੀ: ਸੇਂਟ ਲੁਈਸ ਹੇਠਲੀ ਮਿਸੀਸਿਪੀ ਨਦੀ ’ਤੇ ਸਥਿਤ ਹੈ, ਜਿੱਥੇ ਨਦੀ ਕਿਨਾਰੇ ਰਹਿਣ ਵਾਲੇ ਲੋਕ ਅਤੇ ਵਪਾਰੀ ਮਾਲ ਦਾ ਵਪਾਰ ਕਰਨ ਲਈ ਆਉਂਦੇ। ਆਪਣੇ ਵਧੀਆ ‘ਰੈੱਡ ਲਾਈਟ ਡਿਸਟ੍ਰਿਕਟ’ (ਜਿੱਥੇ ਬਹੁਤੇ ਵੇਸ਼ਵਾਘਰਾਂ ਦੀ ਮਾਲਕ ਹੈਨਰੀ ਸੀ) ਨਾਲ ਇੱਕ ਰੁਝੇਵਿਆਂ ਭਰਪੂਰ ਸ਼ਹਿਰ ਹੋਣ ਦੇ ਨਾਤੇ ਇਸ ਕਾਰੋਬਾਰੀ ਔਰਤ ਨੇ ਐਸਕੋਰਟ ਉਦਯੋਗ ’ਤੇ ਆਪਣੀ ਇਜਾਰੇਦਾਰੀ ਕਾਇਮ ਕਰ ਲਈ।’’

ਤਸਵੀਰ ਸਰੋਤ, COURTESY ST. LOUIS POST DISPACH
ਆਪਣਾ ਜਨਮ ਸਥਾਨ ਖਰੀਦਿਆ
ਆਪਣੇ ਜੀਵਨ ਦੇ ਆਖ਼ਰੀ ਸਾਲਾਂ ਵਿੱਚ ਹੈਨਰੀ ਆਪਣੇ ਜੱਦੀ ਸ਼ਹਿਰ ਅਲਬਾਮਾ ਵਾਪਸ ਪਰਤ ਆਏ, ਪਰ ਹੁਣ ਉਹ ਇੱਕ ਨੌਕਰ ਨਹੀਂ ਬਲਕਿ ਇੱਕ ਮਾਲਕਣ ਅਤੇ ਕਾਰੋਬਾਰੀ ਸੀ।
ਫਿਰ ਇਸ ਔਰਤ ਨੇ ਇੱਕ ਬਹੁਤ ਹੀ ਅਸਾਧਾਰਨ ਕਦਮ ਚੁੱਕਿਆ ਅਤੇ ਉਸ ਖੇਤ ਨੂੰ ਖਰੀਦ ਲਿਆ ਜਿੱਥੇ ਉਹ ਅਤੇ ਉਸ ਦੇ ਭੈਣ-ਭਰਾ ਪੈਦਾ ਹੋਏ ਸਨ ਅਤੇ ਜਿੱਥੇ ਉਨ੍ਹਾਂ ਨੂੰ ਆਪਣੇ ਜੀਵਨ ਦੇ ਇੱਕ ਵੱਡੇ ਹਿੱਸੇ ਲਈ ਗੁਲਾਮਾਂ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਕੋਲਿਨਜ਼ ਨੇ ਕਿਹਾ, ‘‘ਕਾਰੋਬਾਰ ਵਿੱਚ ਵਧ ਰਹੇ ਬਦਲਾਅ ਦੇ ਸਬੰਧ ਵਿੱਚ ਰਾਸ਼ਟਰੀ ਅਤੇ ਸਥਾਨਕ ਅਖ਼ਬਾਰਾਂ ਵਿੱਚ ਇਹ ਇੱਕ ਮਹੱਤਵਪੂਰਨ ਮੋੜ ਹੋਣਾ ਚਾਹੀਦਾ ਸੀ।’’
ਹਾਲਾਂਕਿ, ਉਸ ਸਮੇਂ ਦੇ ਮੀਡੀਆ ਨੇ ਇਸ ਬਾਰੇ ਜਾਂ ਹੋਰ ਕਾਰੋਬਾਰੀ ਸੂਝ-ਬੂਝ ’ਤੇ ਧਿਆਨ ਨਹੀਂ ਦਿੱਤਾ ਜੋ ਇਸ ਔਰਤ ਨੇ ਆਪਣੀ ਸਾਰੀ ਜ਼ਿੰਦਗੀ ਦੌਰਾਨ ਦਿਖਾਈ।
ਇੱਕ ਸਥਾਨਕ ਅਖ਼ਬਾਰ ਨੇ ਹੈਨਰੀ ਦੀ ਮੌਤ ਬਾਰੇ ਜਾਣਨ ਤੋਂ ਬਾਅਦ ਖ਼ਬਰ ਦੀ ਸੁਰਖੀ ਦਿੱਤੀ ‘‘ਦੁਸ਼ਟ ਅਤੇ ਬਦਨਾਮ ਬੁੱਢੀ ਪ੍ਰਿਸਿਲਾ ਹੈਨਰੀ ਦੀ ਮੌਤ’’ ਅਤੇ ਤੁਰੰਤ ਉਸ ਉੱਤੇ ‘ਭ੍ਰਿਸ਼ਟ ਭਾਵਨਾਵਾਂ’ ਨੂੰ ਹੱਲਾਸੇਰੀ ਦੇਣ ਦਾ ਇਲਜ਼ਾਮ ਲਾਇਆ।
ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਹੈਨਰੀ ਦੀ ਯਾਦ ਧੁੰਦਲੀ ਹੁੰਦੀ ਗਈ, ਪਰ ਜੋ ਕੁਝ ਉਨ੍ਹਾਂ ਦੀ ਮੌਤ ਦੇ ਸਮੇਂ ਅਸੰਭਵ ਜਾਪਦਾ ਸੀ, ਉਹ ਸੰਭਵ ਹੋ ਗਿਆ। ਹੈਨਰੀ ਦੀ ਮੌਤ ਤੇ ਉਨ੍ਹਾਂ ਬਾਰੇ ਨਿਊਯਾਰਕ ਤੱਕ ਦੇ ਅਖ਼ਬਾਰਾਂ ਵਿੱਚ ਲਿਖਿਆ ਗਿਆ। ਉਸ ਨੂੰ ਅਲਵਿਦਾ ਕਹਿਣ ਲਈ ਸੈਂਕੜੇ ਲੋਕ ਸੇਂਟ ਲੁਈਸ ਦੀਆਂ ਸੜਕਾਂ ਵਿੱਚ ਖੜ੍ਹੇ ਸਨ।
ਸੇਂਟ ਲੁਈਸ ਹਿਸਟੋਰੀਕਲ ਪ੍ਰੈੱਸ ਐਸੋਸੀਏਸ਼ਨ ਨੇ ਉਸ ਨੂੰ ‘‘ਪਾਇਨੀਅਰਜ਼, ਰੂਲ ਬ੍ਰੇਕਰਜ਼ ਐਂਡ ਰੈਬਲਜ਼: 50 ਅਨਸਟੌਪੇਬਲ ਵੂਮੈੱਨ ਆਫ ਸੇਂਟ ਲੂਇਸ’’ ਸਿਰਲੇਖ ਵਾਲੀ ਇੱਕ ਕਿਤਾਬ ਵਿੱਚ ਯਾਦ ਕੀਤਾ।

ਤਸਵੀਰ ਸਰੋਤ, Getty Images
ਪ੍ਰੋਫੈਸਰ ਕੋਲਿਨਜ਼, ਆਪਣੇ ਵੱਲੋਂ ਮੰਨਦੀ ਹੈ ਕਿ ਮੈਡਮ ਨੂੰ ਭੁੱਲ ਜਾਣਾ ਉਨ੍ਹਾਂ ਨਾਲ ਬੇਇਨਸਾਫੀ ਹੈ, ਕਿਉਂਕਿ ਉਸ ਨੇ ਨਾ ਸਿਰਫ਼ ਨਸਲੀ ਵਿਤਕਰੇ ਖਿਲਾਫ਼ ਲੜਾਈ ਲੜੀ ਸਗੋਂ ਔਰਤਾਂ ਦੀ ਮੁਕਤੀ ਵਿੱਚ ਵੀ ਯੋਗਦਾਨ ਪਾਇਆ।
ਉਨ੍ਹਾਂ ਨੇ ਅੱਗੇ ਕਿਹਾ, ‘‘ਉਨ੍ਹਾਂ ਨੇ ਆਪਣੀ ਮੌਤ ਤੱਕ 3.7 ਮਿਲੀਅਨ ਡਾਲਰ ਇਕੱਠੇ ਕੀਤੇ, ਇਹ ਉਨ੍ਹਾਂ ਦੇ ਸਮਕਾਲੀ ਹਾਲਾਤ ਦੇ ਮੱਦੇਨਜ਼ਰ ਅਸਾਧਾਰਨ ਹੈ, ਪਰ ਇਹ ਹੈਨਰੀ ਦੀ ਸਭ ਤੋਂ ਵੱਡੀ ਪ੍ਰਾਪਤੀ ਨਹੀਂ ਸੀ।’’
‘‘ਬਹੁਤ ਸਾਰੇ ਕਾਰੋਬਾਰੀ ਉਨ੍ਹਾਂ ਦੇ ਗਾਹਕਾਂ ਸਨ ਅਤੇ ਉਨ੍ਹਾਂ ਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਹਸਤੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ, ਜਿਨ੍ਹਾਂ ਨੂੰ ਉਨ੍ਹਾਂ ਨੇ ਸੈਕਸ ਵਰਕ ਪ੍ਰਤੀ ਨਿਯਮਾਂ ਦੇ ਖਿਲਾਫ਼ ਪੈਰਵੀ ਕਰਨ ਦੀ ਅਪੀਲ ਕੀਤੀ ਸੀ ਜੋ ਸਰੀਰਕ ਖੁਦਮੁਖਤਿਆਰੀ ਅਤੇ ਔਰਤਾਂ ਦੀ ਉੱਦਮਤਾ ਬਾਰੇ ਉਨ੍ਹਾਂ ਦੇ ਵਿਸ਼ਵਾਸਾਂ ਨੂੰ ਸੀਮਤ ਕਰਦੇ ਸਨ।’’
ਇਸੇ ਤਰ੍ਹਾਂ, ਉਨ੍ਹਾਂ ਨੇ ਕਿਹਾ ਕਿ ਹੈਨਰੀ ਦੇ ਜੀਵਨ ਨੇ ਕੁਝ ਪੱਖਪਾਤਾਂ ਨੂੰ ਖਤਮ ਕਰਨ ਦਾ ਕੰਮ ਕੀਤਾ।
ਉਨ੍ਹਾਂ ਨੇ ਅੱਗੇ ਕਿਹਾ, ‘‘ਉਨ੍ਹਾਂ ਨੇ ਸ਼ਿਆਹਫਾਮ ਔਰਤਾਂ ਨੂੰ ਪ੍ਰਤਿਭਾਸ਼ਾਲੀ, ਰਚਨਾਤਮਕ ਕਾਰੋਬਾਰੀ ਮਾਲਕਾਂ ਦੇ ਰੂਪ ਵਿੱਚ ਨਾ ਮੰਨਣ ਦੀ ਸੱਭਿਆਚਾਰਕ ਰੂੜ੍ਹੀਵਾਦਤਾ ਨੂੰ ਤੋੜਿਆ ਅਤੇ ‘ਸੈਕਸ ਵਰਕ’ ਨੂੰ ਅਸਲ ਉਦਯੋਗ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਮਦਦ ਕੀਤੀ।’’
ਅੰਤ ਵਿੱਚ, ਹੰਟਰ ਨੂੰ ਇਸ ਗੱਲ ਦਾ ਅਫ਼ਸੋਸ ਹੋਇਆ ਕਿ ਇਸ ਔਰਤ ਦੀ ਕਹਾਣੀ ਨੂੰ ਇੰਨੇ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕੀਤਾ ਗਿਆ, ਜਦੋਂਕਿ ਉਹ ਸ਼ਹਿਰ ਦੇ ਅਤੀਤ ਦਾ ਹਿੱਸਾ ਹੈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ)












