ਪ੍ਰਨੀਤ ਕੌਰ ਭਾਜਪਾ ’ਚ ਸ਼ਾਮਲ, ਕਾਂਗਰਸ ਦੇ ਐੱਮਪੀ ਬਣਨ ਤੋਂ ਸ਼ੁਰੂ ਹੋਇਆ ਸਫ਼ਰ ਬੀਜੇਪੀ ਤੱਕ ਕਿਵੇਂ ਪਹੁੰਚਿਆ

    • ਲੇਖਕ, ਗਗਨਦੀਪ ਸਿੰਘ ਜੱਸੋਵਾਲ
    • ਰੋਲ, ਬੀਬੀਸੀ ਪੱਤਰਕਾਰ

ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਅੱਜ ਵੀਰਵਾਰ ਨੂੰ ਨਵੀਂ ਦਿੱਲੀ ਵਿਖੇ ਰਸਮੀ ਤੌਰ 'ਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਕਾਂਗਰਸ ਨੇ ਪਿਛਲੇ ਸਾਲ ਫਰਵਰੀ ਵਿੱਚ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਸੀ।

ਹਾਲਾਂਕਿ ਪ੍ਰਨੀਤ ਕੌਰ ਸਾਲ 2021ਤੋਂ ਕਾਂਗਰਸ ਦੀਆਂ ਗਤੀਵਿਧੀਆਂ ਤੋਂ ਦੂਰ ਰਹੇ ਸਨ ਜਦੋ ਪਾਰਟੀ ਨੇ ਉਨ੍ਹਾਂ ਦੇ ਪਤੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ।

ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਵੇਲੇ ਉਨ੍ਹਾਂ ਨੇ ਕਿਹਾ, “ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਉੱਤੇ ਮੈਨੂੰ ਖੁਸ਼ੀ ਹੈ ਕਿਉਂਕਿ ਪਿਛਲੇ 25 ਸਾਲਾਂ ਤੋਂ ਮੈਂ ਲੋਕ ਸਭਾ ਤੇ ਵਿਧਾਨ ਸਭਾ ਵਿੱਚ ਪੰਜਾਬ ਤੇ ਦੇਸ਼ ਲਈ ਕੰਮ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਜਦੋਂ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਸੁਧਾਰ ਸਕਦੇ ਹਨ। ਮੇਰੇ ਹਿਸਾਬ ਨਾਲ ਮੋਦੀ ਜੀ ਹਨ ਜੋ ਦੇਸ਼ ਨੂੰ ਅੱਗੇ ਲਿਜਾ ਸਕਦੇ ਹਨ।”

ਪਟਿਆਲਾ ਦੇ ਸ਼ਾਹੀ ਪਰਿਵਾਰ ਤੋਂ ਸਬੰਧ ਰੱਖਣ ਵਾਲੇ ਪ੍ਰਨੀਤ ਕੌਰ ਦੇ ਸਿਆਸੀ ਅਤੇ ਨਿੱਜੀ ਜੀਵਨ ਬਾਰੇ ਜਾਣਦੇ ਹਾਂ

ਪ੍ਰਨੀਤ ਕੌਰ ਦੀ ਸਿੱਖਿਆ

ਪ੍ਰਨੀਤ ਕੌਰ ਦੇ ਪਿਤਾ ਗਿਆਨ ਸਿੰਘ ਕਾਹਲੋਂ ਇੱਕ ਸਾਬਕਾ ਭਾਰਤੀ ਸਿਵਲ ਸੇਵਾ (ICS) ਅਧਿਕਾਰੀ ਸਨ ਤੇ ਉਹ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਵੀ ਰਹੇ।

ਪ੍ਰਨੀਤ ਕੌਰ ਨੇ ਆਪਣੀ ਉਚੇਰੀ ਪੜਾਈ ਸ਼ਿਮਲਾ ਦੇ ਸੇਂਟ ਬੀਡੀਜ਼ ਕਾਲਜ ਤੋਂ ਕੀਤੀ ਸੀ।

ਪ੍ਰਨੀਤ ਕੌਰ ਦਾ ਵਿਆਹ ਸਾਲ 1964 ਵਿੱਚ ਪਟਿਆਲਾ ਦੇ ਸ਼ਾਹੀ ਪਰਿਵਾਰ ਵਿੱਚ ਅਮਰਿੰਦਰ ਸਿੰਘ ਨਾਲ ਹੋਇਆ।

ਪ੍ਰਨੀਤ ਕੌਰ ਨੇ ਆਪਣੀ ਪਹਿਲੀ ਚੋਣ ਕਾਂਗਰਸ ਦੀ ਟਿਕਟ 'ਤੇ 1999 ਵਿੱਚ ਪਟਿਆਲਾ ਲੋਕ ਸਭਾ ਸੀਟ ਤੋਂ ਲੜੀ ਸੀ।

ਪ੍ਰਨੀਤ ਕੌਰ ਦੀ ਭੈਣ ਗੀਤਇੰਦਰ ਕੌਰ ਦਾ ਵਿਆਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਹੋਇਆ ਹੈ।

ਕਾਂਗਰਸ ਦੀ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਜੋ ਪ੍ਰਨੀਤ ਕੌਰ ਦੇ ਭੈਣ ਹਨ, ਨੇ ਬੀਬੀਸੀ ਨੂੰ ਦੱਸਿਆ ਕਿ ਪ੍ਰਨੀਤ ਕੌਰ ਸ਼ਿਮਲਾ ਦੇ ਜੀਸਸ ਐਂਡ ਮੈਰੀ ਸਕੂਲ ਵਿੱਚ ਸਕੂਲ ਦੀ ਕਪਤਾਨ ਅਤੇ ਹੈੱਡ ਗਰਲ ਰਹੇ ਸਨ।

ਉਨ੍ਹਾਂ ਅੱਗੇ ਕਿਹਾ ਕਿ ਪ੍ਰਨੀਤ ਕੌਰ ਦੇ ਦਾਦਾ ਗੁਰਬਚਨ ਸਿੰਘ ਬੈਂਸ ਦੇ ਪਰਿਵਾਰ ਨੂੰ ਜਲ੍ਹਿਆਂ ਵਾਲੇ ਸਰਦਾਰ ਕਿਹਾ ਜਾਂਦਾ ਸੀ।

ਕਰਨ ਕੌਰ ਨੇ ਯਾਦ ਕਰਦਿਆਂ ਕਿਹਾ ਕਿ ਪ੍ਰਨੀਤ ਕੌਰ ਇੱਕ ਵਾਰ ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਆਏ ਸਨ ਅਤੇ ਉਹਨਾਂ ਦੇ ਭਾਸ਼ਣ ਦੀ ਬਹੁਤ ਤਾਰੀਫ਼ ਹੋਈ ਸੀ ਤੇ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿੱਚ ਬਾਕੀ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਵੀ ਕਿਹਾ ਸੀ।

ਪ੍ਰਨੀਤ ਕੌਰ ਦਾ ਸਿਆਸੀ ਸਫ਼ਰ

ਪ੍ਰਨੀਤ ਕੌਰ ਨੇ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ 1999 ਵਿੱਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਟਿਕਟ 'ਤੇ ਕੀਤੀ ਸੀ।

ਉਹਨਾਂ ਨੇ 2019 ਤੱਕ ਪੰਜ ਲੋਕ ਸਭਾ ਚੋਣਾਂ ਲੜੀਆਂ ਹਨ ਤੇ ਉਹ ਪਟਿਆਲਾ ਤੋਂ ਚਾਰ ਵਾਰ ਜਿੱਤੀ ਪ੍ਰਾਪਤ ਕੀਤੀ। ਉਹਨਾਂ ਨੇ ਕਾਂਗਰਸ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਵਜੋਂ ਵੀ ਕੰਮ ਕੀਤਾ ਸੀ।

ਪ੍ਰਨੀਤ ਕੌਰ ਪਹਿਲੀ ਵਾਰ 1999 ਵਿੱਚ ਪਟਿਆਲਾ ਸੀਟ ਤੋਂ ਐਮ ਪੀ ਬਣੇ ਸਨ ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਵਿੱਚ ਆਪਣੀ ਸਰਕਾਰ ਬਣਾਈ ਸੀ।

ਸਾਲ 2004 ਦੀਆਂ ਆਮ ਚੋਣਾਂ ਵਿੱਚ ਪ੍ਰਨੀਤ ਕੌਰ ਨੇ ਵੀ ਆਪਣੀ ਸੀਟ ’ਤੇ ਜਿੱਤ ਬਰਕਰਾਰ ਰੱਖੀ ਤੇ ਕਾਂਗਰਸ ਪਾਰਟੀ ਨੇ ਸੈਂਟਰ ਵਿੱਚ ਸਰਕਾਰ ਬਣਾਈ ਸੀ।

ਸਾਲ 2009 ਦੀਆਂ ਚੋਣਾਂ ਵਿੱਚ ਲਗਾਤਾਰ ਤੀਜੀ ਵਾਰ ਪਟਿਆਲਾ ਸੀਟ ਤੋਂ ਜਿੱਤਣ ਤੋਂ ਬਾਅਦ, ਪ੍ਰਨੀਤ ਕੌਰ ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ ਬਣੇ ਸਨ।

ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਨੀਤ ਕੌਰ ਪਟਿਆਲਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਡਾ. ਧਰਮਵੀਰ ਗਾਂਧੀ ਤੋਂ ਹਾਰ ਗਏ ਸਨ।

ਫਿਰ ਉਹ 2014 ਵਿੱਚ ਪਟਿਆਲਾ ਵਿਧਾ ਸਭਾ ਸੀਟ ਤੋਂ ਜ਼ਿਮਨੀ ਚੋਣ ਵਿੱਚ ਐਮਐਲਏ ਚੁਣੇ ਗਏ ਸਨ। ਪਟਿਆਲਾ ਵਿਧਾਨ ਸਭਾ ਸੀਟ ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਸੀ।

ਸਾਲ 2019 ਵਿੱਚ ਪ੍ਰਨੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਹਰਾ ਕੇ ਮੁੜ ਪਟਿਆਲਾ ਲੋਕ ਸਭਾ ਸੀਟ ਜਿੱਤੀ ਸੀ।

'ਸਮਾਜਿਕ ਸਬੰਧ ਅਤੇ ਨਿਮਰ'

ਪ੍ਰਨੀਤ ਕੌਰ ਆਪਣੇ ਜ਼ਮੀਨੀ ਜੜ੍ਹਾਂ ਦੇ ਵਰਕਰਾਂ ਨਾਲ ਆਪਣੀ ਪਹੁੰਚ ਅਤੇ ਤਾਲਮੇਲ ਕਾਰਨ ਮਜ਼ਬੂਤ ਸਮਾਜਿਕ ਸਬੰਧ ਰੱਖਦੇ ਹਨ।

ਇੱਕ ਸੀਨੀਅਰ ਪੱਤਰਕਾਰ ਨੇ ਬੀਬੀਸੀ ਨੂੰ ਦੱਸਿਆ ਕਿ ਪ੍ਰਨੀਤ ਕੌਰ ਦਾ ਕਰੀਅਰ ਇੱਕ ਆਮ ਸੰਸਦ ਮੈਂਬਰ ਵਾਂਗ ਹੀ ਰਿਹਾ ਪਰ ਉਹ ਆਪਣੇ ਦੋ ਗੁਣਾਂ - ਨਿਮਰ ਅਤੇ ਚੰਗੇ ਸਮਾਜਿਕ ਸਬੰਧ ਲਈ ਪ੍ਰਸਿੱਧ ਹਨ।

ਉਨ੍ਹਾਂ ਅੱਗੇ ਕਿਹਾ ਕਿ ਪ੍ਰਨੀਤ ਕੌਰ ਨੇ ਪਟਿਆਲਾ ਹਲਕੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਸਿਆਸੀ ਕੰਮਾਂ ਨੂੰ ਸੰਭਾਲਿਆ।

ਪ੍ਰਨੀਤ ਕੌਰ ਆਪਣੇ ਹਲਕੇ ਦੇ ਹਰ ਸਮਾਜਿਕ ਸਮਾਗਮ ਵਿੱਚ ਸ਼ਾਮਲ ਹੁੰਦੇ ਹਨ।

ਪੱਤਰਕਾਰ ਨੇ ਅੱਗੇ ਦੱਸਿਆ, "ਪ੍ਰਨੀਤ ਕੌਰ ਦਾ ਰਵਈਆ ਹਮੇਸ਼ਾ ਨਰਮ ਬੋਲਣ ਵਾਲਾ ਅਤੇ ਨਿਮਰ ਰਿਹਾ ਹੈ।"

ਪ੍ਰਨੀਤ ਕੌਰ ਦੀ ਉਮਰ ਲਗਭਗ 80 ਦੇ ਕਰੀਬ ਹੈ ਅਤੇ ਭਾਜਪਾ ਨੇ ਲੋਕ ਸਭਾ ਚੋਣ ਲੜਨ ਲਈ 75 ਸਾਲ ਦੀ ਉਮਰ ਤੈਅ ਕੀਤੀ ਹੋਈ ਹੈ ਕਿ ਪ੍ਰਨੀਤ ਕੌਰ ਚੌਣ ਲੜਨਗੇ ਇਹ ਦੇਖਣਾ ਹੋਵੇਗਾ।

ਜਦੋਂ ਪ੍ਰਨੀਤ ਨੇ ਮਹੂਆ ਮੋਇਤਰਾ ਦੇ ਖਿਲਾਫ਼ ਵੋਟ ਕੀਤਾ

ਪ੍ਰਨੀਤ ਕੌਰ ਲੋਕ ਸਭਾ ਨੈਤਿਕ ਪੈਨਲ ਵਿਚ ਵਿਰੋਧੀ ਧਿਰ ਦੀ ਇਕਲੌਤੀ ਸੰਸਦ ਮੈਂਬਰ ਸੀ, ਜਿਸ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਵਿਰੁੱਧ ਨਕਦੀ ਦੇ ਮਾਮਲੇ ਦੀ ਜਾਂਚ ਕੀਤੀ ਸੀ ਤੇ ਉਹਨਾਂ ਨੇ ਮੋਇਤਰਾ ਦੀ ਬਰਖਾਸਤਗੀ ਦਾ ਸਮਰਥਨ ਕਰਦੇ ਹੋਏ ਸਰਕਾਰ ਦੇ ਹੱਕ ਵਿੱਚ ਵੋਟ ਪਾਈ ਸੀ।

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਵਾਲ-ਜਵਾਬ ਦੇ ਇਲਜ਼ਾਮਾਂ ਵਿੱਚ ਲੋਕ ਸਭਾ ਦੀ ਨੈਤਿਕਤਾ ਕਮੇਟੀ ਵਿੱਚ ਮਹੂਆ ਮੋਇਤਰਾ ਵਿਰੁੱਧ ਵੋਟ ਪਾਉਣ ਲਈ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਸ਼ਲਾਘਾ ਕੀਤੀ।

ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਸੀ ਕਿ ਪ੍ਰਨੀਤ ਕੌਰ ਨੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ।

ਪ੍ਰਨੀਤ ਕੌਰ ਨੂੰ ਇਨਕਮ ਟੈਕਸ ਨੋਟਿਸ

ਸਾਲ 2014 ਵਿੱਚ ਪ੍ਰਨੀਤ ਕੌਰ ਕਿਹਾ ਸੀ ਕਿ 2011 ਵਿੱਚ ਆਮਦਨ ਕਰ ਵਿਭਾਗ ਦਾ ਨੋਟਿਸ ਮਿਲਿਆ ਸੀ ਪਰ ਉਹਨਾਂ ਦੇ ਨਾਮ ਉੱਤੇ ਕੋਈ ਕਥਿਤ ਵਿਦੇਸ਼ੀ ਬੈਂਕ ਖਾਤੇ ਮੌਜੂਦ ਨਹੀਂ ਹਨ।

ਪ੍ਰਨੀਤ ਕੌਰ ਨੇ ਆਪਣੇ ਕਿਸੇ ਵੀ ਵਿਦੇਸ਼ੀ ਬੈਂਕ ਖਾਤੇ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਨੋਟਿਸ ਮਿਲਿਆ ਸੀ ਅਤੇ ਮੈਂ ਇਸ ਦਾ ਜਵਾਬ ਦੇ ਦਿੱਤਾ ਸੀ ਕਿ ਉਨ੍ਹਾਂ ਦਾ ਕੋਈ ਵੀ ਵਿਦੇਸ਼ੀ ਬੈਂਕ ਖਾਤਾ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)