You’re viewing a text-only version of this website that uses less data. View the main version of the website including all images and videos.
ਅਲਵਿਦਾ 2022: ਪੀਐੱਮ ਦੀ ਸੁਰੱਖਿਆ ’ਚ ਕੁਤਾਹੀ, ਮੂਸੇਵਾਲਾ ਦਾ ਕਤਲ ਤੇ ‘ਆਪ’ ਦੀ ਸਰਕਾਰ ਬਣਨ ਸਣੇ ਇਨ੍ਹਾਂ ਘਟਨਾਵਾਂ ਨਾਲ ਪੰਜਾਬ ਸੁਰਖ਼ੀਆ ’ਚ ਰਿਹਾ
ਸਾਲ 2022 ਦੀ ਸ਼ੁਰੂਆਤ ਅਤੇ ਅੰਤ ਤੱਕ ਪੰਜਾਬ ਕਈ ਮੁੱਦਿਆਂ ਨੂੰ ਲੈ ਕੇ ਕੌਮੀ ਅਤੇ ਕੌਮਾਂਤਰੀ ਮੀਡੀਆ ਦੀਆਂ ਸੁਰਖ਼ੀਆਂ ਬਣਦਾ ਰਿਹਾ।
ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਕਿਸਾਨਾਂ ਦਾ ਸੰਘਰਸ਼ ਅਜੇ ਮੁੱਕਿਆ ਨਹੀਂ ਹੈ।
ਰਾਜਨੀਤਿਕ ਅਤੇ ਅਪਰਾਧ ਨਾਲ ਜੁੜੀਆਂ ਘਟਨਾਵਾਂ ਕਰਕੇ ਵੀ ਪੰਜਾਬ ਦੀ ਚਰਚਾ ਦੇਸ਼ ਵਿਦੇਸ਼ ਵਿੱਚ ਹੁੰਦੀ ਰਹੀ।
ਸਾਲ 2022 ਦੀਆਂ ਪ੍ਰਮੁੱਖ ਘਟਨਾਵਾਂ:
- ਜਨਵਰੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਅਣਗਹਿਲੀ ਦੀ ਘਟਨਾ ਹੋਈ।
- ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਕੇ 'ਆਪ' ਨੇ ਸੂਬੇ ’ਚ ਸਰਕਾਰ ਬਣਾਈ ਅਤੇ ਭਗਵੰਤ ਮਾਨ ਮੁੱਖ ਮੰਤਰੀ ਬਣੇ।
- ਚੋਣਾਂ ’ਚ ਅਮਰਿੰਦਰ, ਪ੍ਰਕਾਸ਼ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ, ਸੁਖਬੀਰ ਬਾਦਲ ਤੇ ਨਵਜੋਤ ਸਿੱਧੂ ਹਾਰ ਗਏ।
- ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦਾ ਮਾਨਸਾ ਵਿਖੇ ਕਤਲ ਕਰ ਦਿੱਤਾ ਗਿਆ।
ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ‘ਤੇ ਵਿਵਾਦ
ਸਿਆਸੀ ਤੌਰ ਉੱਤੇ ਦੇਖਿਆ ਜਾਵੇ ਤਾਂ ਸਾਲ ਦੀ ਸ਼ੁਰੂਆਤ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਨੇ ਸਰਦੀ ਦੇ ਮਹੀਨੇ ਵਿੱਚ ਸਿਆਸਤ ਨੂੰ ਗਰਮ ਕਰ ਕੇ ਰੱਖਿਆ ਸੀ।
ਸਾਲ ਦੀ ਸ਼ੁਰੂਆਤ ਵਿੱਚ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਵਿਖੇ ਰੈਲੀ ਤੋਂ ਪਹਿਲਾਂ ਸੁਰੱਖਿਆ ਵਿੱਚ ਹੋਈ ਅਣਗਹਿਲੀ ਦੀ ਘਟਨਾ ਨੇ ਨਾ ਸਿਰਫ਼ ਕਈ ਸਵਾਲ ਖੜ੍ਹੇ ਕੀਤੇ ਬਲਕਿ ਸਿਆਸਤ ਵੀ ਖ਼ੂਬ ਗਰਮਾ ਦਿੱਤੀ।
5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਫ਼ਿਰੋਜ਼ਪੁਰ ਵਿਖੇ ਰੈਲੀ ਕਰਨੀ ਸੀ ਅਤੇ ਹੁਸੈਨੀਵਾਲਾ ਵਿਖੇ ਨਤਮਸਤਕ ਹੋਣਾ ਸੀ।
ਪੰਜਾਬ ਲਈ ਕਈ ਯੋਜਨਾਵਾਂ ਦੀ ਸ਼ੁਰੂਆਤ ਵੀ ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਨੇ ਕਰਨੀ ਸੀ।
ਪਰ ਪ੍ਰਧਾਨ ਮੰਤਰੀ ਪੰਜਾਬ ਵਿੱਚ ਲੈਂਡ ਹੋਣ ਦੇ ਬਾਵਜੂਦ ਸੁਰੱਖਿਆ ਕਾਰਨਾਂ ਕਰਕੇ ਫ਼ਿਰੋਜ਼ਪੁਰ ਪਹੁੰਚ ਨਹੀਂ ਸਕੇ ਅਤੇ ਉਹ ਰੈਲੀ ਨੂੰ ਬਿਨਾਂ ਸੰਬੋਧਨ ਕੀਤੇ ਵਾਪਸ ਦਿੱਲੀ ਪਰਤ ਗਏ।
ਉਸ ਸਮੇਂ ਪੰਜਾਬ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਸੀ।
ਇਹ ਦੌਰਾ ਰੱਦ ਕਰਨ ਪਿੱਛੇ ਦਲੀਲ ਦਿੱਤੀ ਗਈ ਕਿ ਜਿਸ ਰਸਤੇ ਤੋਂ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੇ ਲੰਘ ਕੇ ਫ਼ਿਰੋਜ਼ਪੁਰ ਜਾਣਾ ਸੀ, ਉਸ ਉੱਤੇ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।
ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਪੰਜਾਬ ਦੌਰਾ ਸੀ।
ਇਹ ਮੁੱਦਾ ਕਈ ਦਿਨ ਮੀਡੀਆ ਦੀ ਸੁਰਖ਼ੀਆਂ ਵਿੱਚ ਬਣਿਆ ਰਿਹਾ।
ਵਿਧਾਨ ਸਭਾ ਚੋਣਾਂ ਦਾ ਮਾਹੌਲ
ਫ਼ਰਵਰੀ ਮਹੀਨੇ ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ।
ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਕਾਂਗਰਸ ਨੇ ਇਹ ਚੋਣਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਉੱਤੇ ਲੜੀਆਂ।
ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ – ਬਸਪਾ ਨੇ ਸੁਖਬੀਰ ਸਿੰਘ ਬਾਦਲ ਦੇ ਚਿਹਰੇ ਉੱਤੇ ਲੋਕਾਂ ਤੋਂ ਵੋਟਾਂ ਮੰਗੀਆਂ।
ਭਾਜਪਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਚਿਹਰੇ ਨੂੰ ਆਧਾਰ ਬਣਾ ਕੇ ਬਿਨਾਂ ਕਿਸੇ ਪਾਰਟੀ ਨਾਲ ਸਿਆਸੀ ਗੱਠਜੋੜ ਕੀਤੇ ਚੋਣ ਮੈਦਾਨ ਵਿੱਚ ਐਂਟਰੀ ਮਾਰੀ।
ਚੋਣਾਂ ਦੌਰਾਨ ਕਾਫ਼ੀ ਸਿਆਸੀ ਰੰਗ ਦੇਖਣ ਨੂੰ ਮਿਲੇ। ਕਈ ਸੀਟਾਂ ਉੱਤੇ ਫਸਵਾਂ ਮੁਕਾਬਲਾ ਹੋਇਆ।
ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਟਾਰ ਪ੍ਰਚਾਰਕ ਵਜੋਂ ਕੰਮ ਕਰਨ ਦੀ ਥਾਂ ਆਪਣੇ ਆਪ ਨੂੰ ਅੰਮ੍ਰਿਤਸਰ ਪੂਰਬੀ ਸੀਟ ਤੱਕ ਹੀ ਸੀਮਤ ਕਰ ਲਿਆ।
ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਦੀ ਥਾਂ ਅੰਮ੍ਰਿਤਸਰ ਪੂਰਬੀ ਸੀਟ ਉੱਤੇ ਐਂਟਰੀ ਮਾਰ ਕੇ ਇਸ ਸੀਟ ਨੂੰ ਹੋਰ ਹੌਟ ਸੀਟ ਬਣਾ ਦਿੱਤਾ।
ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਦੀ ਥਾਂ ਦੋ ਸੀਟਾਂ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜੇ।
ਚੋਣਾਂ ’ਚ ਦਿੱਗਜ ਆਗੂਆਂ ਦੀ ਹਾਰ
ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ 92 ਸੀਟਾਂ ਹਾਸਲ ਕਰ ਕੇ ਜਿੱਤ ਦਰਜ ਕੀਤੀ।
ਕਈ ਦਿੱਗਜ ਆਗੂਆਂ ਨੂੰ ਇਹਨਾਂ ਚੋਣਾਂ ਵਿੱਚ ਹਾਰ ਮਿਲੀ ਅਤੇ ਕਈ ਨਵੇਂ ਵਿਧਾਇਕ ਵਜੋਂ ਵਿਧਾਨ ਸਭਾ ਵਿੱਚ ਪਹੁੰਚੇ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਅਕਾਲੀ ਆਗੂ ਜਾਗੀਰ ਕੌਰ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਭਗਵੰਤ ਮਾਨ ਨੇ ਪਹਿਲੀ ਵਾਰ ਚੰਡੀਗੜ੍ਹ ਦੀ ਥਾਂ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਦਾ ਹਲਫ਼ ਲਿਆ।
ਸੱਤਾ ਪਰਿਵਰਤਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਲੰਮੀ ਵਿਦੇਸ਼ ਫੇਰੀ ਵੀ ਚਰਚਾ ਵਿੱਚ ਰਹੀ। ਪੰਜਾਬ ਵਿੱਚ ਕਾਂਗਰਸ ਦੀ ਕਮਾਨ ਇਸ ਵਕਤ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥ ਵਿੱਚ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਪਣੀ ਪਾਰਟੀ ਨੂੰ ਭੰਗ ਕਰ ਕੇ ਬੀਜੇਪੀ ਵਿੱਚ ਸ਼ਾਮਲ ਹੋਣਾ ਵੀ ਥੋੜ੍ਹਾ ਬਹੁਤ ਸੁਰਖ਼ੀਆਂ ਵਿੱਚ ਰਿਹਾ।
ਸ਼੍ਰੋਮਣੀ ਅਕਾਲੀ ਦਲ ਵਿੱਚ ਬਾਗ਼ੀ ਸੁਰਾਂ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਮਾਯੂਸੀ ਸ਼੍ਰੋਮਣੀ ਅਕਾਲੀ ਦਲ ਨੂੰ ਦੇਖਣੀ ਪਈ।
ਪਾਰਟੀ 117 ਵਿਚੋਂ ਸਿਰਫ਼ ਦੋ ਸੀਟਾਂ (ਮਜੀਠਾ ਅਤੇ ਦਾਖ਼ਾ) ਉੱਤੇ ਹੀ ਜਿੱਤ ਦਰਜ ਕਰ ਪਾਈ।
ਇਸ ਹਾਰ ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਉੱਤੇ ਸਵਾਲ ਖੜੇ ਹੋਏ ਅਤੇ ਚੋਣਾਂ ਵਿੱਚ ਪਾਰਟੀ ਦੀ ਮਾੜੀ ਹਾਲਤ ਲਈ ਝੂੰਦਾਂ ਕਮੇਟੀ ਦਾ ਗਠਨ ਕੀਤਾ ਗਿਆ।
ਕਮੇਟੀ ਨੇ ਵੱਖ-ਵੱਖ ਹਲਕਿਆਂ ਵਿੱਚ ਜਾ ਕੇ ਹਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ।
ਇਸ ਤੋਂ ਪਹਿਲਾਂ ਕਮੇਟੀ ਆਪਣੀ ਰਿਪੋਰਟ ਪੂਰੀ ਕਰ ਪਾਉਂਦੀ, ਪਾਰਟੀ ਵਿੱਚ ਕਈ ਆਗੂਆਂ ਨੇ ਖੁੱਲ ਕੇ ਸੀਨੀਅਰ ਲੀਡਰਸ਼ਿਪ ਉੱਤੇ ਹਾਰ ਦੀ ਜ਼ਿੰਮੇਵਾਰੀ ਪਾਉਣੀ ਸ਼ੁਰੂ ਕਰ ਦਿੱਤੀ।
ਅਜੇ ਤੱਕ ਝੂੰਦਾ ਕਮੇਟੀ ਦੀ ਰਿਪੋਰਟ ਜਨਤਕ ਨਹੀਂ ਹੋਈ ਪਰ ਬਗ਼ਾਵਤ ਦੇ ਬਾਵਜੂਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਫ਼ਿਲਹਾਲ ਆਪਣੀ ਕੁਰਸੀ ਉੱਤੇ ਬਣੇ ਹੋਏ ਹਨ।
ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਾਗੀਰ ਕੌਰ ਨੂੰ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੇ ਇਲਜ਼ਾਮਾਂ ਵਿੱਚ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਹਵਾਲੇ ਦੇ ਕੇ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ।
ਸਾਬਕਾ ਕਾਂਗਰਸ ਮੰਤਰੀਆਂ ਦੀ ਜੇਲ੍ਹ ਯਾਤਰਾ
ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਵੱਡੀ ਸਿਆਸੀ ਉਥੱਲ ਪੁੱਥਲ ਦੇਖਣ ਨੂੰ ਮਿਲੀ।
ਖ਼ਾਸ ਤੌਰ ਉੱਤੇ ਕਈ ਸਾਬਕਾ ਕਾਂਗਰਸੀ ਮੰਤਰੀਆਂ ਨੂੰ ਵਿਜੀਲੈਂਸ ਦੇ ਕੇਸਾਂ ਦੇ ਸਾਹਮਣਾ ਕਰਨਾ ਪਿਆ।
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਾਮ ਅਰੋੜਾ, ਸੰਗਤ ਸਿੰਘ ਗਿਲਜੀਆਂ ਨੂੰ ਵਿਜੀਲੈਂਸ ਦੇ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਾਂਗਰਸ ਹੀ ਨਹੀਂ, ਸਗੋਂ ਆਮ ਆਦਮੀ ਪਾਰਟੀ ਦੇ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਵੀ ਕਥਿਤ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਨਾ ਸਿਰਫ਼ ਆਪਣੀ ਕੁਰਸੀ ਤੋਂ ਹੱਥ ਧੋਣਾ ਪਿਆ ਸਗੋਂ ਜੇਲ੍ਹ ਯਾਤਰਾ ਵੀ ਕਰਨੀ ਪਈ।
ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ’ਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਸੀ।
ਉਹ ਇਸ ਵਕਤ ਪਟਿਆਲਾ ਜੇਲ੍ਹ ’ਚ ਸਜ਼ਾ ਕੱਟ ਰਹੇ ਹਨ।
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਡਰੱਗਜ਼ ਮਾਮਲੇ ਵਿੱਚ ਕਾਫ਼ੀ ਸਮਾਂ ਪਟਿਆਲਾ ਜੇਲ੍ਹ ਵਿੱਚ ਰਹੇ।
ਸਿੱਧੂ ਮੂਸੇਵਾਲ ਦਾ ਕਤਲ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਕੁਝ ਦਿਨ ਬਾਅਦ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਵਿਖੇ ਕਤਲ ਕਰ ਦਿੱਤਾ ਗਿਆ।
ਦਿਨ ਦਿਹਾੜੇ ਹੋਏ ਇਸ ਕਤਲ ਦੀ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਤੱਕ ਚਰਚਾ ਹੋਈ।
ਸਿੱਧੂ ਮੂਸੇਵਾਲ ਨੇ ਮਾਨਸਾ ਤੋਂ ਕਾਂਗਰਸ ਦੀ ਟਿਕਟ ਉੱਤੇ ਵਿਧਾਨ ਸਭਾ ਚੋਣ ਵੀ ਲੜੀ ਸੀ।
ਵੀਆਈਪੀ ਸੁਰੱਖਿਆ ਵਿੱਚ ਕਟੌਤੀ ਦੇ ਨਾਮ ਉੱਤੇ ਸਿੱਧੂ ਮੂਸੇਵਾਲ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਜਿਸ ਤੋਂ ਅਗਲੇ ਦਿਨ ਹੀ ਉਸ ਦਾ ਕਥਿਤ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ।
ਕਤਲ ਦੀ ਜ਼ਿੰਮੇਵਾਰੀ ਵਿਦੇਸ਼ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ।
ਫ਼ਿਲਹਾਲ ਇਸ ਮਾਮਲੇ ਵਿੱਚ ਕਈ ਬਦਮਾਸ਼ਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਪਰ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਗੋਲਡੀ ਬਰਾੜ ਅਜੇ ਵੀ ਵਿਦੇਸ਼ ਵਿੱਚ ਹੈ।
ਇਸ ਘਟਨਾ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਭਗਵੰਤ ਮਾਨ ਸਰਕਾਰ ਉੱਤੇ ਹਮਲਾ ਕਰਨ ਦਾ ਮੌਕਾ ਦੇ ਦਿੱਤਾ।
ਇੰਟੈਲੀਜੈਂਸ ਦਫ਼ਤਰ ਉੱਤੇ ਆਰਪੀਜੀ ਅਟੈਕ
9 ਮਈ ਨੂੰ ਮੁਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਟਰ ਉੱਤੇ ਆਰਪੀਜੀ ਹਮਲਾ ਹੁੰਦਾ ਹੈ।
ਇਸ ਘਟਨਾ ਨੇ ਪੂਰੇ ਦੇਸ਼ ਦੇ ਮੀਡੀਆ ਦਾ ਧਿਆਨ ਇੱਕ ਵਾਰ ਫਿਰ ਪੰਜਾਬ ਵੱਲ ਖਿੱਚਿਆ।
ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੂਬੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਪੈਦਾ ਹੋ ਗਿਆ।
ਸਿਆਸੀ ਪਾਰਟੀਆਂ ਨੇ ਇਸ ਘਟਨਾ ਦੇ ਹਵਾਲੇ ਨਾਲ ਸੂਬੇ ਦੀ ਮਾੜੀ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕੇ।
ਦਸੰਬਰ ਮਹੀਨੇ ਵਿੱਚ ਇੱਕ ਵਾਰ ਫਿਰ ਤੋਂ ਤਰਨਤਾਰਨ ਦੇ ਸਰਹਾਲੀ ਸਥਿਤ ਇੱਕ ਸੁਵਿਧਾ ਸੈਂਟਰ ਉੱਤੇ ਆਰਪੀਜੀ ਹਮਲਾ ਹੋਇਆ ਸੀ।
ਪੰਜਾਬ ਵਿੱਚ ਗੈਂਗਸਟਰਾਂ ਦੀਆਂ ਵਧੀਆਂ ਸਰਗਰਮੀਆਂ ਅਤੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਦੀਆਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਨੂੰ ਘੇਰ ਰਹੀਆਂ ਹਨ।
ਰਾਜਪਾਲ ਅਤੇ ਪੰਜਾਬ ਸਰਕਾਰ ਵਿਚਾਲੇ ਪੇਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਈ ਮੁੱਦਿਆਂ ਨੂੰ ਲੈ ਕੇ ਆਹਮੋ-ਸਾਹਮਣੇ ਹੋਏ।
ਪੰਜਾਬ ਵਿਧਾਨ ਸਭਾ ਦੇ ਸੈਸ਼ਨ, ਬਾਬਾ ਫ਼ਰੀਦ ਯੂਨੀਵਰਸਿਟੀ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਨਿਯੁਕਤੀ ਅਤੇ ਚੰਡੀਗੜ੍ਹ ਦੇ ਐਸਐਸਪੀ ਨੂੰ ਹਟਾਏ ਜਾਣ ਦੇ ਮੁੱਦਿਆਂ ਨੂੰ ਲੈ ਕੇ ਟਕਰਾਅ ਦੇਖਣ ਨੂੰ ਮਿਲਿਆ।
ਪੰਜਾਬ ਦੇ ਮੁੱਖ ਮੰਤਰੀ ਵੱਲੋਂ 22 ਸਤੰਬਰ ਵੱਲੋਂ ਵਿਸ਼ੇਸ਼ ਇਜਲਾਸ ਸੱਦਣ ਦਾ ਐਲਾਨ ਕੀਤਾ ਗਿਆ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮਨਜ਼ੂਰੀ ਦੇਣ ਤੋਂ ਬਾਅਦ ਫੈਸਲਾ ਵਾਪਸ ਲੈ ਲਿਆ ਗਿਆ।