ਪਾਕਿਸਤਾਨ: ਮਾਂ ਦੇ ਦੁੱਧ ਦੇ ਪਹਿਲੇ ਬੈਂਕ ਨੂੰ ‘ਹਰਾਮ’ ‘ਹਲਾਲ’ ਦੀ ਬਹਿਸ ਨੇ ਬੰਦ ਕਰਵਾਇਆ, ਚੰਡੀਗੜ੍ਹ ਵਿੱਚ ਕਿਵੇਂ ਲਿਆ ਜਾ ਰਿਹਾ ਫਾਇਦਾ

ਤਸਵੀਰ ਸਰੋਤ, Getty Images
ਕਰਾਚੀ ਦੀ ਇੱਕ ਇਸਲਾਮਿਕ ਸੰਸਥਾ ਵੱਲੋਂ ਇਤਰਾਜ਼ ਜਤਾਏ ਜਾਣ ਕਾਰਨ ਪਾਕਿਸਤਾਨ ਵਿੱਚ ਖੁੱਲ੍ਹਣ ਜਾ ਰਹੇ ਇੱਥੋਂ ਦੇ ਪਹਿਲੇ ‘ਮਨੁੱਖੀ ਦੁੱਧ’ (ਮਾਂ ਦਾ ਦੁੱਧ) ਦੇ ਬੈਂਕ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਮੁਸਲਿਮ ਮੌਲਵੀ ਸਾਹਿਬਾਨ ਨੇ ਪਹਿਲਾਂ ਇਸ ਪ੍ਰੌਜੈਕਟ ਨੂੰ ਕੁਝ ਸ਼ਰਤਾਂ ਸਮੇਤ ਪ੍ਰਵਾਨਗੀ ਦਿੱਤੀ ਸੀ, ਪਰ ਇਸ ਦੇ ਉਦਘਾਟਨ ਤੋਂ ਕੁਝ ਦਿਨ ਪਹਿਲਾਂ ਪ੍ਰਵਾਨਗੀ ਵਾਪਸ ਲੈ ਲਈ ਗਈ।
ਪਾਕਿਸਤਾਨ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਯੂਨੀਸੈੱਫ ਦੇ ਮੁਤਾਬਕ ਪਾਕਿਸਤਾਨ ਵਿੱਚ ਬਾਲ ਮੌਤ ਦਰ, ਦੱਖਣੀ ਏਸ਼ੀਆ ਵਿੱਚ ਸਭ ਤੋਂ ਜ਼ਿਆਦਾ ਹੈ।
ਮਨੁੱਖੀ ਦੁੱਧ ਦੇ ਬੈਂਕ ਜਿਹੀਆਂ ਸਹੂਲਤਾਂ ਜ਼ਿੰਦਗੀ ਅਤੇ ਮੌਤ ਵਿਚਲੀ ਅੰਤਰ ਪੈਦਾ ਕਰ ਸਕਦੀਆਂ ਹਨ, ਇਸ ਨਾਲ ਨਵਜੰਮੇ ਬੱਚਿਆਂ ਦੀ ਮੌਤ ਦਰ ਘਟ ਸਕਦੀ ਹੈ, ਕਿਉਂਕਿ ਜਦੋਂ ਜਨਮ ਦੇਣ ਵਾਲੀ ਮਾਂ ਦਾ ਦੁੱਧ ਮੌਜੂਦ ਨਾ ਹੋਵੇ ਤਾਂ ਬਿਮਾਰ ਅਤੇ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਲਈ ਇਹ ਸਹੂਲਤਾਂ ਸਭ ਤੋਂ ਬਿਹਤਰ ਬਦਲ ਵਜੋਂ ਦੇਖੀਆਂ ਜਾਂਦੀਆਂ ਹਨ।

ਤਸਵੀਰ ਸਰੋਤ, SINDH INSTITUTE OF CHILD HEALTH AND NEONATOLOGY: SICHN
ਜ਼ਿੰਦਗੀ ਲਈ ਲੜਾਈ
ਬਸ਼ੀਰਾ ਦੇ ਪਹਿਲੇ ਬੱਚੇ ਦੀ ਜਨਮ ਸਮੇਂ ਹੀ ਮੌਤ ਹੋ ਗਈ ਸੀ, ਕਰਾਚੀ ਆਉਣ ਤੋਂ ਪਹਿਲਾਂ ਉਹ ਪਿੰਡ ਵਿੱਚ ਰਹਿੰਦੇ ਸੀ।
ਅਗਲੇ ਸਾਲ ਕਰਾਚੀ ਵਿੱਚ ਜਦੋਂ ਉਨ੍ਹਾਂ ਦੇ ਦੂਜੀ ਬੱਚੀ ਹੋਈ ਤਾਂ ਬਸ਼ੀਰਾ ਅਤੇ ਉਸ ਦੇ ਪਤੀ ਰਹੀਮ ਨੂੰ ਉਸ ਬੱਚੀ ਨੂੰ ਵੀ ਖੋਣ ਦਾ ਡਰ ਸਤਾਉਂਦਾ ਸੀ।
ਬਸ਼ੀਰਾ ਨੇ ਬੀਬੀਸੀ ਨੂੰ ਦੱਸਿਆ, “ਮੇਰੀ ਬੱਚੀ ਨੇ ਸਮੇਂ ਤੋਂ ਪਹਿਲਾਂ ਜਨਮ ਲੈ ਲਿਆ ਸੀ ਅਤੇ ਡਾਕਟਰਾਂ ਨੇ ਉਸ ਨੂੰ ਮਾਂ ਦਾ ਦੁੱਧ ਪਿਆਉਣ ਲਈ ਆਖਿਆ ਸੀ।”
“ਪਰ ਮੇਰੇ ਜ਼ਿਆਦਾ ਦੁੱਧ ਨਹੀਂ ਉਤਰਦਾ ਸੀ।”
ਉਹ ਬੇਵੱਸ ਮਹਿਸੂਸ ਕਰ ਰਹੇ ਸੀ।
ਬਸ਼ੀਰਾ ਦੇ ਪਤੀ ਰਹੀਮ ਸ਼ਾਹ ਨੇ ਦੱਸਿਆ, “ਮੇਰੀ ਬੱਚੀ ਇੰਟੈਸਿਵ ਕੇਅਰ ਯੁਨਿਟ(ਆਈਸੀਯੂ) ਦੇ ਇਨਕਿਊਬੇਟਰ ਵਿੱਚ ਰੱਖੀ ਗਈ ਸੀ। ਉਹ ਸੱਤਵੇਂ ਮਹੀਨੇ ਵਿੱਚ ਪੈਦਾ ਹੋ ਗਈ ਸੀ। ਮਾਂ ਦਾ ਦੁੱਧ ਨਹੀਂ ਆ ਰਿਹਾ ਸੀ। ਫ਼ਾਰਮੂਲਾ ਮਿਲਕ ਦਿੱਤਾ ਨਹੀਂ ਸੀ ਜਾ ਸਕਦਾ। ਮੈਂ ਆਪਣੀ ਬੱਚੀ ਦੀ ਜਾਨ ਬਚਾਉਣ ਲਈ ਹਰ ਕੋਸ਼ਿਸ਼ ਕੀਤੀ।”
ਸੋਗ ਵਿੱਚ ਡੁੱਬੀ ਇੱਕ ਹੋਰ ਮਾਂ ਨੇ ਉਸ ਨੂੰ ਜ਼ਿੰਦਗੀ ਦਿੱਤੀ।
ਬਸ਼ੀਰਾ ਦੱਸਦੀ ਹੈ, “ਅਸੀਂ ਕਈ ਹਸਪਤਾਲਾਂ ਦੇ ਗੇੜੇ ਕੱਢੇ ਅਤੇ ਅਖੀਰ ਸਾਨੂੰ ਇੱਕ ਔਰਤ ਮਿਲੀ, ਜਿਸ ਨੇ ਹਾਲ ਹੀ ਵਿੱਚ ਜਨਮ ਦੌਰਾਨ ਹੀ ਆਪਣੇ ਬੱਚੇ ਨੂੰ ਗਵਾ ਲਿਆ ਸੀ। ਅਸੀਂ ਉਸ ਨੂੰ ਬੇਨਤੀ ਕੀਤੀ ਕਿ ਸਾਡੀ ਬੱਚੀ ਨੂੰ ਆਪਣਾ ਦੁੱਧ ਪਿਆ ਦੇਵੇ ਅਤੇ ਉਹ ਮੰਨ ਗਈ।”
ਰਹੀਮ ਕਹਿੰਦੇ ਹਨ, “ਉਸ ਔਰਤ(ਡੋਨਰ) ਦੀ ਮਦਦ ਤੋਂ ਬਿਨ੍ਹਾਂ ਸਾਡੀ ਬੇਟੀ ਨਹੀਂ ਬਚ ਸਕਦੀ ਸੀ।”
“ਬੱਚੀ ਨੂੰ ਬਿਮਾਰੀ ਰੋਧਕਤਾ ਲਈ ਮਾਂ ਦੇ ਦੁੱਧ ਦੀ ਬਹੁਤ ਲੋੜ ਸੀ।”

ਤਸਵੀਰ ਸਰੋਤ, SINDH INSTITUTE OF CHILD HEALTH AND NEONATOLOGY: SICHN
ਮਿਲਕ ਬੈਂਕ
ਬਸ਼ੀਰਾ ਦੇ ਕੇਸ ਵਿੱਚ ਡੋਨਰ ਨੇ ਖੁਦ ਬੱਚੇ ਨੂੰ ਦੁੱਧ ਪਿਆਇਆ। ਮਨੁੱਖੀ ਦੁੱਧ ਦੇ ਬੈਂਕਾਂ ਵਿੱਚ ਡੋਨਰ ਔਰਤਾਂ ਤੋਂ ਦੁੱਧ ਲਿਆ ਜਾਂਦਾ ਹੈ ਅਤੇ ਕਲੀਨਿਕਲ ਵਰਤੋਂ ਦੇ ਇਰਾਦੇ ਨਾਲ ਪ੍ਰੋਸੈਸ, ਟੈਸਟ ਅਤੇ ਫਰੀਜ਼ਰ ਵਿੱਚ ਸਟੋਰ ਕੀਤਾ ਜਾਂਦਾ ਹੈ। ਫਿਰ ਉਹ ਦੁੱਧ ਲੋੜਵੰਦ ਬੱਚਿਆਂ ਨੂੰ ਦਿੱਤਾ ਜਾਂਦਾ ਹੈ।
ਕਈ ਮੁਸਲਿਮ ਬਹੁਗਿਣਤੀ ਦੇਸ਼ਾਂ ਜਿਵੇਂ ਕਿ ਮਲੇਸ਼ੀਆ ਅਤੇ ਇਰਾਨ ਵਿੱਚ ਵੀ ਇਸੇ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਹਨ।
ਪਰ ਕਈ ਧਾਰਮਿਕ ਵਿਦਵਾਨ ਕਹਿੰਦੇ ਹਨ ਕਿ ਇਹ ਪ੍ਰੈਕਟਿਸ ਇਸਲਾਮਿਕ ਕਾਨੂੰਨ ਦੇ ਖ਼ਿਲਾਫ਼ ਹੈ।
ਇਸਲਾਮ ਵਿੱਚ, ਇੱਕ ਔਰਤ ਜਦੋਂ ਕਿਸੇ ਹੋਰ ਦੇ ਬੱਚੇ ਨੂੰ ਆਪਣਾ ਦੁੱਧ ਪਿਆਉਂਦੀ ਹੈ ਤਾਂ ‘ਦੁੱਧ ਦੇ ਰਿਸ਼ਤੇ’ ਬਣਦੇ ਹਨ ਅਤੇ ਇੱਕੋ ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਨੂੰ ਭੈਣ-ਭਰਾ ਸਮਝਿਆ ਜਾਂਦਾ ਹੈ।
ਇਸਲਾਮਿਕ ਕਾਨੂੰਨ ਵਿੱਚ ਜਿਹੜੀਆਂ ਚੀਜ਼ਾਂ ਦੀ ਇਜਾਜ਼ਤ ਹੁੰਦੀ ਹੈ, ਉਸ ਨੂੰ ‘ਹਲਾਲ’ ਕਿਹਾ ਜਾਂਦਾ ਹੈ ਅਤੇ ਇਸ ਦੇ ਉਲਟ ਨੂੰ ‘ਹਰਾਮ’ ਕਿਹਾ ਜਾਂਦਾ ਹੈ।
ਪਾਕਿਸਤਾਨ ਵਿੱਚ, ਕਈ ਧਾਰਮਿਕ ਵਿਦਵਾਨਾਂ ਨੇ ਮਨੁੱਖੀ ਦੁੱਧ (ਮਾਂ ਦੇ ਦੁੱਧ) ਦੇ ਬੈਂਕ ਬਣਾਉਣ ਦੀ ਪਹਿਲਕਦਮੀ ਨੂੰ ‘ਹਰਾਮ’ ਕਰਾਰ ਦਿੱਤਾ।
ਪਰ ਅਥਾਰਟੀਜ਼ ਨੇ ਮਿਲਕ ਬੈਂਕ ਨੂੰ ਇਸਲਾਮਿਕ ਕਾਨੂੰਨ ਦੇ ਅਨੁਕੂਲ ਬਣਾਉਣ ਕੋਸ਼ਿਸ਼ ਕੀਤੀ।
ਸਿਹਤ ਮੰਤਰੀ ਡਾਕਟਰ ਆਜ਼ਰਾ ਪੇਚੂਹੋ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਇਸਲਾਮਿਕ ਵਿਚਾਰਧਾਰਾ ਬਾਰੇ ਕਾਊਂਸਲ ਨੂੰ ਚਿੱਠੀ ਲਿਖ ਕੇ ਭਰੋਸਾ ਦਿੱਤਾ ਸੀ ਕਿ ਇਸਲਾਮਿਕ ਕਾਨੂੰਨ ਦੇ ਮੁਤਾਬਕ ਔਰਤਾਂ ਆਪਣਾ ਦੁੱਧ ਪਿਆ ਸਕਦੀਆਂ ਹਨ।
ਦੁੱਧ ਦੇ ਰਿਸ਼ਤੇ ਵਾਲੇ ਭੈਣ-ਭਰਾਵਾਂ ਵਿੱਚ ਵਿਆਹ ਦੀਆਂ ਸੰਭਵਾਨਾਵਾਂ (ਜੋ ਕਿ ਇਸਲਾਮਿਕ ਕਾਨੂੰਨ ਮੁਤਾਬਕ ਗੈਰ-ਕਾਨੂੰਨੀ ਹੈ) ਦੀ ਚਿੰਤਾ ਬਾਰੇ ਡਾਕਟਰ ਪੇਚੂਹੋ ਨੇ ਭਰੋਸਾ ਦਵਾਇਆ, “ਦੁੱਧ ਦਾਨ ਕਾਰਨ ਵਾਲੀਆਂ ਔਰਤਾਂ ਦਾ ਰਿਕਾਰਡ ਲਿਆ ਜਾਏਗਾ, ਜੋ ਕਿ ਇਨ੍ਹਾਂ ਬੱਚਿਆਂ ਦੇ ਮਾਪਿਆ ਨਾਲ ਸਾਂਝਾ ਕੀਤਾ ਜਾਏਗਾ, ਉਨ੍ਹਾਂ ਨੂੰ ਵੀ ਟ੍ਰੈਕ ਕੀਤਾ ਜਾ ਸਕੇਗਾ।”
ਉਹ ਮੁੰਡਿਆਂ ਦੀਆਂ ਮਾਂਵਾਂ ਦਾ ਦੁੱਧ ਸਿਰਫ਼ ਮੁੰਡਿਆਂ ਨੂੰ ਅਤੇ ਕੁੜੀਆਂ ਦੀਆਂ ਮਾਂਵਾਂ ਦਾ ਦੁੱਧ ਸਿਰਫ਼ ਕੁੜੀਆਂ ਨੂੰ ਦੇਣਾ ਨਿਯੰਤਰਿਤ ਕਰਕੇ ਵੀ ਰੁਕਾਵਟ ਦੇ ਹੱਲ ਦੀ ਉਮੀਦ ਜਤਾਉਂਦੀ ਹੈ।
2012 ਵਿੱਚ ਤੁਰਕੀ ‘ਚ ਵੀ ਕੁਝ ਅਜਿਹਾ ਹੀ ਤਰੀਕਾ ਅਪਣਾਇਆ ਗਿਆ ਸੀ।

ਫ਼ਤਵੇ
ਕਰਾਚੀ ਦੇ ‘ਹਿਊਮਨ ਮਿਲਕ’ ਬੈਂਕ ਨੂੰ ਪਹਿਲਾਂ ਸਬੰਧਤ ਇਸਲਾਮੀ ਸੰਸਥਾ ਤੋਂ 25 ਦਸੰਬਰ 2023 ਨੂੰ ਸ਼ਰਤਾਂ ਸਮੇਤ ਇਜਾਜ਼ਤ ਮਿਲ ਗਈ ਸੀ।
ਸ਼ਰਤਾਂ ਵਿੱਚ ਇਹ ਵੀ ਸ਼ਾਮਲ ਸੀ ਕਿ ਅਧਿਕਾਰੀ ਡੋਨਰਾਂ ਦੇ ਨਾਮ ਲਾਭਾਰਥੀਆਂ ਨਾਲ ਸਾਂਝੇ ਕਰਨ।
ਮੁਸਲਿਮ ਮਾਂ ਦਾ ਦੁੱਧ ਹੀ ਮੁਸਲਿਮ ਬੱਚੇ ਨੂੰ ਦਿੱਤਾ ਜਾ ਸਕੇਗਾ।
ਦੁੱਧ ਦੇਣ ਬਦਲੇ ਕੋਈ ਵੀ ਪੈਸਾ ਨਹੀਂ ਲਿਆ ਜਾਣਾ ਚਾਹੀਦਾ। ਦੁੱਧ ਸਿਰਫ਼ ਗਰਭ ਵਿੱਚ 34 ਹਫ਼ਤਿਆਂ ਤੋਂ ਘੱਟ ਸਮਾਂ ਰਹਿਣ ਵਾਲੇ ਬੱਚਿਆਂ ਨੂੰ ਹੀ ਦਿੱਤਾ ਜਾਵੇਗਾ, ਉਹ ਵੀ ਉਸ ਸੂਰਤ ਵਿੱਚ ਜਿਸ ਕੇਸ ਵਿੱਚ ਬੱਚੇ ਦੀ ਬਾਇਓਲਾਜੀਕਲ ਮਾਂ ਨੂੰ ਲੋੜੀਂਦਾ ਦੁੱਧ ਨਾ ਉਤਰਦਾ ਹੋਵੇ।
ਪਾਕਿਸਤਾਨ ਦਾ ਸੰਵਿਧਾਨ ਕਹਿੰਦਾ ਹੈ ਕਿ ਹਰ ਕਾਨੂੰਨ ਅਤੇ ਸਾਰੇ ਸਰਕਾਰੀ ਵਿਭਾਗਾਂ ਨੂੰ ਸ਼ਰੀਆ ਕਾਨੂੰਨ(ਇਸਲਾਮਿਕ) ਦੇ ਅਨੁਕੂਲ ਚੱਲਣਾ ਪਵੇਗਾ।

ਤਸਵੀਰ ਸਰੋਤ, Getty Images
ਜਦੋਂ ਅਧਿਕਾਰੀਆਂ ਨੂੰ ਯਕੀਨ ਸੀ ਕਿ ਉਹ ਇਹ ਸ਼ਰਤਾਂ ਪੂਰੀਆਂ ਕਰ ਸਕਦੇ ਹਨ, ਕਰਾਚੀ ਦੇ ਇੱਕ ਸਥਾਨਕ ਮਦਰੱਸੇ ਨੇ ਇਤਰਾਜ਼ ਜ਼ਾਹਿਰ ਕੀਤੇ।
16 ਜੂਨ, 2024 ਨੂੰ ਜਾਰੀ ਹੋਏ ਸੋਧੇ ਫ਼ਤਵੇ ਮੁਤਾਬਕ, ਮਿਲਕ ਬੈਂਕ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਨਾ ਬਹੁਤ ਔਖਾ ਹੋਏਗਾ, ਜਿਨ੍ਹਾਂ ਨਾਲ ਇਹ ਇਸਲਾਮਿਕ ਕਾਨੂੰਨ ਦੇ ਅਨੁਕੂਲ ਹੋ ਸਕੇ।
ਦ ਸਿੰਧ ਇਸਟਿਚਿਊਟ ਆਫ ਚਾਈਲਡ ਹੈਲਥ ਐਂਡ ਨੀਓਨੇਟੌਲੋਜੀ ਕਹਿੰਦਾ ਹੈ ਕਿ ਇਹ ਫ਼ਤਵਾ ਜਾਰੀ ਹੋਣ ਬਾਅਦ ਉਨ੍ਹਾਂ ਕੋਲ ਇਸ ਮਿਲਕ ਬੈਂਕ ਦਾ ਕੰਮ ਰੋਕਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ।
ਬਿਆਨ ਵਿੱਚ ਕਿਹਾ ਹੈ, “ਅਸੀਂ ਇਹ ਯਕੀਨੀ ਕਰਨ ਲਈ ਸਮਰਪਿਤ ਹਾਂ ਕਿ ਸਾਡੀਆਂ ਸਿਹਤ ਸੰਭਾਲ਼ ਪਹਿਲਕਦਮੀਆਂ ਸਿਰਫ਼ ਵਿਗਿਆਨਕ ਹੀ ਨਹੀਂ, ਧਾਰਮਿਕ ਤੌਰ ‘ਤੇ ਵੀ ਅਨੁਕੂਲ ਹੋਣ। ”
UNICEF ਦੇ ਮੁਤਾਬਕ, ਪਾਕਿਸਤਾਨ ਵਿੱਚ 1,000 ਨਵਜਨਮੇ ਬੱਚਿਆਂ ਵਿੱਚੋਂ 54 ਦੀ ਮੌਤ ਹੋ ਜਾਂਦੀ ਹੈ। ਦੇਸ਼ ਦਾ ਟੀਚਾ ਹੈ ਕਿ 2030 ਤੱਕ ਇਹ ਦਰ ਘਟਾ ਕੇ 12 ਤੱਕ ਲਿਆਈ ਜਾਵੇ।
ਮਾਂ ਦਾ ਦੁੱਧ ਬੱਚੇ ਨੂੰ ਬਿਮਾਰੀ ਰੋਧਕ ਹੀ ਨਹੀਂ ਬਲਕਿ ਵਧਣ ਫੁੱਲਣ ਲਈ ਜ਼ਰੂਰੀ ਪੌਸ਼ਟਿਕ ਤੱਤ ਦਿੰਦਾ ਹੈ। ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ, “ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ ਕਰੀਬ 82,000 ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ, ਜੇ 0-23 ਮਹੀਨੇ ਤੱਕ ਦੇ ਬੱਚਿਆ ਨੂੰ ਸਹੀ ਢੰਗ ਨਾਲ ਮਾਂ ਦਾ ਦੁੱਧ ਪਿਆਇਆ ਜਾਵੇ।”
ਇਸ ਪ੍ਰੌਜੈਕਟ ਦੀ ਸੁਪੋਰਟ ਕਰ ਰਹੇ UNICEF ਨੇ ਕਿਸੇ ਵੀ ਟਿੱਪਣੀ ਤੋਂ ਇਨਕਾਰ ਕਰ ਦਿੱਤਾ।
ਸਾਲ 2018 ਵਿੱਚ, ਵਿਸ਼ਵ ਸਿਹਤ ਸੰਗਠਨ ਅਤੇ ਯੁਨੀਸੈਫ ਨੇ ਸਿਫ਼ਾਰਿਸ਼ ਕੀਤੀ ਸੀ ਕਿ ਜਿਹੜੇ ਨਵਜਨਮੇ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਦਾ ਦੁੱਧ ਨਹੀਂ ਪਿਆਇਆ ਜਾ ਸਕਦਾ।
ਉਨ੍ਹਾਂ ਨੂੰ ਦੂਜੀ ਮਾਂ ਦਾ (ਯਾਨੀ ਮਨੁੱਖੀ ਦੁੱਧ) ਪਿਆਇਆ ਜਾਣਾ ਚਾਹੀਦਾ ਹੈ। ਅਮਰੀਕੀ ਤੇ ਯੂਰਪੀ ਸਿਹਤ ਸੰਸਥਾਵਾਂ ਵੀ ਵਿਕਲਪ ਵਜੋਂ ਦਾਨ ਕਰਨ ਵਾਲੀ ਮਾਂ ਦੇ ਦੁੱਧ ਦੀ ਸਿਫ਼ਾਰਸ਼ ਕਰਦੀਆਂ ਹਨ।

ਤਸਵੀਰ ਸਰੋਤ, SINDH INSTITUTE OF CHILD HEALTH AND NEONATOLOGY: SICHN
ਕੋਈ ਗਲੋਬਲ ਨਿਯਮ ਨਹੀਂ
ਵਿਸ਼ਵ ਸਿਹਤ ਸੰਗਠਨ ਕਹਿੰਦਾ ਹੈ ਕਿ ਮਨੁੱਖੀ ਦੁੱਧ ਦੇ ਬੈਂਕ ਕਰੀਬ 60 ਦੇਸ਼ਾਂ ਵਿੱਚ ਹਨ। ਪਰ ਧਾਰਮਿਕ ਵਿਰੋਧ ਮਜ਼ਬੂਤ ਰਹਿੰਦਾ ਹੈ। ਸਾਲ 2019 ਵਿੱਚ ਬੰਗਲਾਦੇਸ਼ ਵਿੱਚ ਸ਼ੁਰੂ ਹੋਇਆ ਮਿਲਕ ਬੈਂਕ ਧਾਰਮਿਕ ਗੁੱਟਾਂ ਦੇ ਵਿਰੋਧ ਜਤਾਉਣ ਬਾਅਦ ਕੁਝ ਮਹੀਨਿਆਂ ਅੰਦਰ ਹੀ ਬੰਦ ਕਰ ਦਿੱਤਾ ਗਿਆ ਸੀ।
ਅਮਰੀਕਨ ਅਕੈਡਮੀ ਆਫ ਪੀਡੀਐਟਰਿਕਸ ਦੇ ਰਿਸਰਚ ਪੇਪਰ ਦੇ ਮੁਤਾਬਕ, “ਪੱਛਮੀ ਦੁਨੀਆ ਵਿੱਚ ਮੁਸਲਿਮ ਪਰਿਵਾਰ ਹਿਊਮਨ ਮਿਲਕ ਬੈਂਕਾਂ ਤੋਂ ਦੁੱਧ ਲੈਣ ਤੋਂ ਝਿਜਕਦੇ ਹਨ ਕਿਉਂਕਿ ਦਾਨ ਕਰਨ ਵਾਲੇ ਦੀ ਪਛਾਣ ਗੁਪਤ ਹੁੰਦੀ ਹੈ।”
ਹਾਲੇ ਤੱਕ ਮਿਲਕ ਬੈਂਕ ਬਣਾਉਣ ਬਾਰੇ ਤੈਅ ਦਿਸ਼ਾ ਨਿਰਦੇਸ਼ ਨਹੀਂ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਬਾਰੇ ਕੰਮ ਕਰਨਾ ਸ਼ੁਰੂ ਕੀਤਾ ਹੈ।
ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਪਾਕਿਸਤਾਨ ਦੇ ਪਹਿਲੇ ਹਿਉਮਨ ਮਿਲਕ ਬੈਂਕ ਦੀ ਪਹਿਲਕਦਮੀ ਦਾ ਕੀ ਹੋਏਗਾ।
ਪਰ ਕਰਾਚੀ ਵਿੱਚ ਬਸ਼ੀਰਾ ਦੀ ਛੋਟੀ ਬੱਚੀ ਹੁਣ ਸਿਹਤਯਾਬ ਹੈ ਕਿਉਂਕਿ ਇੱਕ ਹਸਪਤਾਲ ਨੇ ਸੰਭਾਵਿਤ ਡੋਨਰ ਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਗੈਰ-ਰਸਮੀ ਤੌਰ ‘ਤੇ ਉਨ੍ਹਾਂ ਦੀ ਮਦਦ ਕੀਤੀ।
ਬਸ਼ੀਰਾ ਦੂਜੀਆਂ ਮਾਵਾਂ ਨੂੰ ਮਦਦ ਦੇ ਸਕਣ ਦੀ ‘ਆਪਣੀ ਵਾਰੀ’ ਦੀ ਉਡੀਕ ਕਰ ਰਹੀ ਹੈ।
ਉਹ ਕਹਿੰਦੀ ਹੈ, “ਮੈਂ ਉਸ ਦਾਨੀ ਮਾਂ ਦੀ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੀ ਅਤੇ ਭਵਿੱਖ ਵਿੱਚ ਜੇ ਮੈਨੂੰ ਮੌਕਾ ਮਿਲ਼ਣ ਹੈ ਤਾਂ ਅਹਿਸਾਨ ਚੁਕਾਵਾਂਗੀ ਅਤੇ ਅਜਿਹਾ ਹੀ ਕਰਕੇ ਕਿਸੇ ਹੋਰ ਬੱਚੇ ਦੀ ਜਾਨ ਬਚਾਵਾਂਗੀ।”

ਤਸਵੀਰ ਸਰੋਤ, Getty Images
ਚੰਡੀਗੜ੍ਹ ਪੀਜੀਆਈ ਦੇ ਬੈਂਕ ਦੀ ਅਹਿਮੀਅਤ
ਅਗਸਤ 2023 ਵਿੱਚ ਸਾਡੀ ਸਹਿਯੋਗੀ ਨਵਦੀਪ ਕੌਰ ਗਰੇਵਾਲ ਨੇ ਚੰਡੀਗੜ੍ਹ ਦੇ ਪੀਜੀਆਈ ਵਿੱਚ ਚੱਲ ਰਹੇ ‘ਹਿਉਮਨ ਮਿਲਕ ਬੈਂਕ’ ਬਾਰੇ ਰਿਪੋਰਟ ਕੀਤੀ ਸੀ।
ਇਸ ਮਿਲਕ ਬੈਂਕ ਦੀ ਸੰਸਥਾਪਕ ਤੇ ਇੰਚਾਰਜ ਪ੍ਰੋਫੈਸਰ ਕੰਨਿਆਂ ਮੁਖੋਪਾਧਿਆਏ ਨੇ ਦੱਸਿਆ ਸੀ ਕਿ ਪੀਜੀਆਈ ਵਿੱਚ ਪ੍ਰੀ-ਮੈਚਿਉਰ ਤੇ ਘੱਟ ਭਾਰ ਵਾਲੇ ਬੱਚੇ ਪੈਦਾ ਹੋਣ ਦੀ ਦਰ, ਕੌਮੀ ਦਰ ਤੋਂ ਜ਼ਿਆਦਾ ਸੀ।
ਉਨ੍ਹਾਂ ਇਹ ਵੀ ਦੱਸਿਆ ਸੀ ਕਿ ਪੀਜੀਆਈ ਵਿੱਚ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚੋਂ ਰੈਫਰ ਹੋ ਕੇ ਅਜਿਹੇ ਕੇਸ ਆਉਂਦੇ ਹਨ ਅਤੇ ਬਹੁਤੇ ਕੇਸਾਂ ਵਿੱਚ ਮਾਂਵਾਂ ਵੀ ਬਹੁਤ ਕਮਜ਼ੋਰ ਜਾਂ ਬਿਮਾਰ ਹੁੰਦੀਆਂ ਹਨ ਜੋ ਆਪਣੇ ਬੱਚਿਆਂ ਨੂੰ ਖੁਦ ਦੁੱਧ ਨਹੀਂ ਪਿਆ ਸਕਦੀਆਂ। ਇਨ੍ਹਾਂ ਕਾਰਨਾਂ ਕਰਕੇ ਪੀਜੀਆਈ ਵਿੱਚ ਅਜਿਹੇ ਮਿਲਕ ਬੈਂਕ ਦਾ ਹੋਣਾ ਬਹੁਤ ਜ਼ਰੂਰੀ ਸੀ।
ਉਨ੍ਹਾਂ ਕਿਹਾ ਸੀ ਕਿ ਨਵ ਜੰਮੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਤੇ ਸਰਵ ਪੱਖੀ ਸਰੀਰਕ ਵਿਕਾਸ ਲਈ ਮਾਂ ਦਾ ਦੁੱਧ ਬਹੁਤ ਅਹਿਮ ਮੰਨਿਆ ਜਾਂਦਾ ਹੈ। ਪਰੀ-ਮੈਚਿਉਰ ਪੈਦਾ ਹੋਣ ਵਾਲੇ ਬੱਚਿਆਂ ਲਈ ਮਾਂ ਦਾ ਦੁੱਧ ਮਿਲਣਾ ਹੋਰ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਫ਼ਾਰਮੂਲਾ ਮਿਲਕ ਜਿਹੇ ਵਿਕਲਪ ਉਨ੍ਹਾਂ ਬੱਚਿਆਂ ਦੇ ਢਿੱਡ ਅੰਦਰ ਗੜਬੜੀਆਂ ਪੈਦਾ ਕਰ ਸਕਦੇ ਹਨ।
ਪ੍ਰੋਫੈਸਰ ਮੁਖੋਪਾਧਿਆਏ ਨੇ ਜ਼ੋਰ ਦਿੰਦਿਆਂ ਕਿਹਾ ਸੀ ਕਿ ਜਿਹੜੇ ਵੀ ਜ਼ਿਲ੍ਹਿਆਂ ਵਿੱਚ ਨਵ ਜੰਮੇ ਬੱਚਿਆਂ ਦੇ ਆਈ.ਸੀ.ਯੂ ਹਨ, ਉੱਥੇ ਮਿਲਕ ਬੈਂਕ ਵੀ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ।
ਜਦੋਂ ਅਸੀਂ ਇਹ ਰਿਪੋਰਟ ਕੀਤੀ ਸੀ ਤਾਂ ਇਸ ਮਿਲਕ ਬੈਂਕ ਨੂੰ ਸ਼ੁਰੂ ਹੋਇਆਂ ਕਰੀਬ ਡੇਢ ਸਾਲ ਹੋ ਚੁੱਕਿਆ ਸੀ ਅਤੇ ਪ੍ਰੋਫੈਸਰ ਕੰਨਿਆਂ ਮੁਖਾਪਾਧਿਆਏ ਨੇ ਦੱਸਿਆ ਸੀ ਕਿ ਪ੍ਰਤੀ ਦਿਨ ਔਸਤਨ 8-10 ਬੱਚਿਆਂ ਨੂੰ ਇਸ ਮਿਲਕ ਬੈਂਕ ਦੇ ਦੁੱਧ ਦਾ ਫ਼ਾਇਦਾ ਮਿਲਦਾ ਹੈ।
ਪ੍ਰੋਫੈਸਰ ਮੁਖੋਪਾਧਿਆਏ ਨੇ ਦੱਸਿਆ ਸੀ ਕਿ ਭਾਰਤ ਵਿੱਚ 100 ਤੋਂ ਵੱਧ ਅਜਿਹੇ ਹਿਉਮਨ ਮਿਲਕ ਬੈਂਕ ਹਨ। ਭਾਰਤ ਦੇ ਦੱਖਣੀ ਤੇ ਪੱਛਮੀ ਸੂਬੇ ਇਸ ਕਦਮ ਵਿੱਚ ਮੋਹਰੀ ਹਨ ਜਦਕਿ ਉੱਤਰੀ ਭਾਰਤ ਅਤੇ ਪੂਰਬੀ ਭਾਰਤ ਨੂੰ ਇਸ ਬਾਰੇ ਹੋਰ ਕੰਮ ਕਰਨ ਦੀ ਲੋੜ ਹੈ।












