ਸਰਕਾਰੀ ਨੌਕਰੀ ਦੀ ਜ਼ਿੱਦ ਗਗਨਦੀਪ ਨੂੰ ਅੰਡੇਮਾਨ ਤੋਂ ਹਜ਼ਾਰਾਂ ਮੀਲ ਦੂਰ ਦਿੱਲੀ ਖਿੱਚ ਲਿਆਈ, ਪਰ ਨੌਕਰੀ ਕਿੱਥੇ ਹੈ

    • ਲੇਖਕ, ਰਾਘਵੇਂਦਰ ਰਾਓ
    • ਰੋਲ, ਬੀਬੀਸੀ ਪੱਤਰਕਾਰ

“ਮੱਧ ਵਰਗ ਦੇ ਹਰ ਇੱਕ ਆਮ ਵਿਅਕਤੀ ਦਾ ਇੱਕ ਸੁਪਨਾ ਹੁੰਦਾ ਹੈ… ਇੱਕ ਵੱਡੀ, ਉੱਚ ਪਾਵਰ ਵਾਲੀ ਨੌਕਰੀ। ਇੱਕ ਅਜਿਹੀ ਨੌਕਰੀ ਜਿਸ ਵਿੱਚ ਤਨਖਾਹ ਵਧੀਆ ਹੋਵੇ, ਇੱਜ਼ਤ ਅਤੇ ਰੁਤਬਾ ਹੋਵੇ। ਮੇਰਾ ਵੀ ਇਹੀ ਸੁਪਨਾ ਸੀ।”

ਪੋਰਟ ਬਲੇਅਰ ਦੇ ਰਹਿਣ ਵਾਲੇ 27 ਸਾਲਾ ਗਗਨਦੀਪ ਸਿੰਘ ਦਾ ਮੰਨਣਾ ਸੀ ਕਿ ਇੱਕ ਸਰਕਾਰੀ ਨੌਕਰੀ ਹੀ ਉਨ੍ਹਾਂ ਦੇ ਇਸ ਸੁਪਨੇ ਨੂੰ ਪੂਰਾ ਕਰ ਸਕਦੀ ਹੈ।

ਗਗਨਦੀਪ ਨੇ 6 ਵਾਰ ਯੂਨੀਅਨ ਪਬਲਿਕ ਸਰਵਿਸ ਕਮਸ਼ਿਨ ਭਾਵ ਯੂਪੀਐੱਸਸੀ ਦੀ ਪ੍ਰੀਲਿਮ (ਮੁਢਲੀ) ਪ੍ਰੀਖਿਆ ਦਿੱਤੀ, ਪਰ ਉਹ ਇੱਕ ਵਾਰ ਵੀ ਉਸ ਨੂੰ ਕਰੈਕ ਨਾ ਕਰ ਸਕੇ।

ਗਗਨਦੀਪ ਦਾ ਕਹਿਣਾ ਹੈ, “ਸ਼ੁਰੂ-ਸ਼ੁਰੂ ਵਿੱਚ ਹੁੰਦਾ ਹੈ ਕਿ ਛੋਟੀ-ਮੋਟੀ ਨੌਕਰੀ ਨਹੀਂ ਕਰਨੀ ਹੈ ਅਤੇ ਜੇਕਰ ਕੁਝ ਕਰਨਾ ਹੈ ਤਾਂ ਵੱਡਾ ਹੀ ਕਰਨਾ ਹੈ। ਫਿਰ ਜਦੋਂ ਤਿਆਰੀ ਸ਼ੁਰੂ ਕਰਦੇ ਹਾਂ ਤਾਂ ਸਾਰਿਆਂ ਨੂੰ ਪਹਿਲਾਂ ਹੀ ਕਹਿ ਦਿੰਦੇ ਹਾਂ ਕਿ ਅਸੀਂ ਤਾਂ ਜਾ ਰਹੇ ਹਾਂ ਅਤੇ ਹੁਣ ਡੀਸੀ ਜਾਂ ਐੱਸਪੀ ਬਣ ਕੇ ਹੀ ਪਰਤਾਂਗੇ।''

''ਜਿਸ ਦਿਨ ਨਤੀਜਾ ਆਉਂਦਾ ਹੈ ਅਤੇ ਤੁਸੀਂ ਆਪਣਾ ਨਾਮ ਲਿਸਟ ਵਿੱਚ ਨਹੀਂ ਵੇਖਦੇ ਹੋ ਤਾਂ ਉਹ ਪਲ ਬਹੁਤ ਹੀ ਮੁਸ਼ਕਲ ਭਰਿਆ ਹੁੰਦਾ ਹੈ। ਇੰਝ ਲੱਗਦਾ ਹੈ ਕਿ ਤੁਹਾਡਾ ਸੁਪਨਾ ਅਧੂਰਾ ਹੀ ਰਹਿ ਗਿਆ।”

ਸਰਕਾਰੀ ਨੌਕਰੀ ਦੀ ਚਮਕ

ਗਗਨਦੀਪ ਸਿੰਘ ਦਾ ਪਰਿਵਾਰ ਪਿੱਛੋਂ ਜਲੰਧਰ ਦਾ ਰਹਿਣ ਵਾਲਾ ਹੈ, ਪਰ 30 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਪੋਰਟ ਬਲੇਅਰ ਵਿੱਚ ਵਸਣ ਦਾ ਫੈਸਲਾ ਕੀਤਾ ਸੀ।

ਪਿਛਲੇ ਕਈ ਸਾਲਾਂ ਤੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ (ਕਾਂਮਪੀਟੇਟਿਵ ਇਗਜ਼ੈਮ) ਦੀ ਤਿਆਰੀ ਲਈ ਗਗਨਦੀਪ ਸਿੰਘ ਦਿੱਲੀ ਵਿਖੇ ਹੀ ਰਹੇ ਅਤੇ ਕੋਚਿੰਗ ਵੀ ਲਈ ਪਰ ਸਫਲਤਾ ਉਨ੍ਹਾਂ ਦੇ ਹਿੱਸੇ ਨਾ ਆਈ।

ਗਗਨਦੀਪ ਦੀ ਅਸਫਲਤਾ ਤੋਂ ਪੈਦਾ ਹੋਈ ਨਿਰਾਸ਼ਾ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਪ੍ਰਭਾਵਿਤ ਹੋਏ ਹਨ।

ਉਨ੍ਹਾਂ ਦੀ ਮਾਂ ਅਰਵਿੰਦਰ ਕੌਰ ਦਾ ਕਹਿਣਾ ਹੈ, “ਗਗਨ ਇੱਕ ਚੰਗਾ ਵਿਦਿਆਰਥੀ ਹੈ, ਇੱਕ ਵਧੀਆ ਬੱਚਾ ਹੈ ਅਤੇ ਦਿਲਚਸਪੀ ਤੇ ਮਨ ਲਗਾ ਕੇ ਪੜ੍ਹ ਵੀ ਰਿਹਾ ਹੈ, ਇਸ ਲਈ ਉਸ ਨੂੰ ਸੌ ਫੀਸਦੀ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਸੀ।”

ਅਰਵਿੰਦਰ ਕੌਰ ਨੂੰ ਆਰਥਿਕ ਤੰਗੀ ਦਾ ਉਹ ਦੌਰ ਨੂੰ ਨਹੀਂ ਭੁੱਲਦਾ ਹੈ, ਜਦੋਂ ਗਗਨਦੀਪ ਨੂੰ ਦਿੱਲੀ ਵਿੱਚ ਪੜ੍ਹਾਉਣਾ ਉਨ੍ਹਾਂ ਦੇ ਪਰਿਵਾਰ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਸੀ।

ਉਨ੍ਹਾਂ ਦਾ ਕਹਿਣਾ ਹੈ, “ਅਸੀਂ ਬਹੁਤ ਸੰਘਰਸ਼ ਕੀਤਾ ਪਰ ਕਦੇ ਵੀ ਗਗਨ ਦੀ ਪੜ੍ਹਾਈ ਉੱਤੇ ਇਸ ਦਾ ਅਸਰ ਨਹੀਂ ਪੈਣ ਦਿੱਤਾ। ਸਾਨੂੰ ਪੂਰੀ ਉਮੀਦ ਸੀ ਕਿ ਕਦੇ ਨਾ ਕਦੇ ਗਗਨ ਨੂੰ ਸਫ਼ਲਤਾ ਮਿਲੇਗੀ ਪਰ ਜੋ ਉੱਪਰ ਵਾਲੇ ਨੂੰ ਮਨਜ਼ੂਰ।”

ਇਹ ਕਹਿੰਦੇ ਹੋਏ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।

ਗਗਨਦੀਪ ਨੂੰ ਲੱਗਦਾ ਹੈ ਕਿ ਇੱਕ ਵਧੀਆ ਸਰਕਾਰੀ ਨੌਕਰੀ ਹੀ ਇੱਕ ਬਿਹਤਰ ਭਵਿੱਖ ਦੀ ਕੁੰਜੀ ਹੈ।

ਉਨ੍ਹਾਂ ਦਾ ਕਹਿਣਾ ਹੈ, “ਸਰਕਾਰੀ ਵਰਦੀ ਜਾਂ ਸਰਕਾਰੀ ਨੌਕਰੀ ਦੀ ਜੋ ਚਮਕ-ਦਮਕ ਹੈ, ਉਹ ਸਭ ਤੋਂ ਵੱਧ ਮਾਅਨੇ ਰੱਖਦੀ ਹੈ। ਵੱਡਾ ਬੰਗਲਾ ਹੋ ਜਾਂਦਾ ਹੈ, ਵਧੀਆ ਕਾਰ ਮਿਲ ਜਾਂਦੀ ਹੈ ਅਤੇ ਤੁਹਾਡੇ ਆਲੇ-ਦੁਆਲੇ ਨੌਕਰ-ਚਾਕਰ ਰਹਿੰਦੇ ਹਨ।”

ਅੱਜ ਵੀ ਗਗਨਦੀਪ ਦੇ ਦਿਨ ਦਾ ਵੱਡਾ ਹਿੱਸਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਹੀ ਲੰਘਦਾ ਹੈ।

ਆਪਣੇ ਕਮਰੇ ਦੇ ਇੱਕ ਕੋਨੇ ਵਿੱਚ ਪਏ ਸਟੱਡੀ ਟੇਬਲ ਉੱਤੇ ਬੈਠੇ ਉਹ ਕਦੇ ਮੋਬਾਈਲ ਫੋਨ ’ਤੇ ਆਨਲਾਈਨ ਲੈਕਚਰ ਸੁਣਦੇ ਹਨ, ਕਦੇ ਕਿਤਾਬਾਂ ਵਿੱਚ ਲੀਨ ਹੋ ਜਾਂਦੇ ਹਨ ਅਤੇ ਕਦੇ ਨੋਟਸ ਬਣਾਉਂਦੇ ਹਨ।

ਡਾਵਾਂਡੋਲ ਭਵਿੱਖ

ਫਿਰ ਵੀ ਆਪਣੇ ਭਵਿੱਖ ਬਾਰੇ ਅਨਿਸ਼ਚਿਤਤਾ ਉਨ੍ਹਾਂ ਨੂੰ ਘੇਰਾ ਪਾ ਕੇ ਰੱਖਦੀ ਹੈ।

ਉਨ੍ਹਾਂ ਦਾ ਕਹਿਣਾ ਹੈ, “ਪਰਿਵਾਰਕ ਮੈਂਬਰ ਹੋਣ, ਦੋਸਤ-ਮਿੱਤਰ ਹੋਣ ਜਾਂ ਫਿਰ ਰਿਸ਼ਤੇਦਾਰ… ਉਹ ਸਾਰੇ ਜਦੋਂ ਹਰ ਸਾਲ ਫੋਨ ਕਰਕੇ ਪੁੱਛਦੇ ਹਨ ਕਿ ਕਿਵੇਂ ਦਾ ਹੋਇਆ, ਪਾਸ ਹੋ ਗਏ ਕਿ ਨਹੀਂ ਤਾਂ ਜੇਕਰ ਤੁਸੀਂ ਉਸ ਸਾਲ ਅਸਫਲ ਰਹੇ ਹੋ ਤਾਂ ਕੀ ਜਵਾਬ ਦੇ ਸਕਦੇ ਹੋੋ।”

ਜ਼ਿੰਦਗੀ ਦੇ ਇਸ ਪੜਾਅ ਉੱਤੇ ਗਗਨਦੀਪ ਪੈਸਿਆਂ ਦੇ ਲਈ ਆਪਣੇ ਪਰਿਵਾਰ ਉੱਤੇ ਨਿਰਭਰ ਨਹੀਂ ਰਹਿਣਾ ਚਾਹੁੰਦੇ ਹਨ।

ਕਈ ਵਾਰ ਉਨ੍ਹਾਂ ਨੂੰ ਪੋਰਟ ਬਲੇਅਰ ਦੇ ਸਰਕਾਰੀ ਕਾਲਜ ਵਿੱਚ ਇਤਿਹਾਸ ਪੜ੍ਹਾਉਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ।

ਇਸ ਨਾਲ ਮਾੜਾ-ਮੋਟਾ ਜੇਬ ਖਰਚ ਤਾਂ ਨਿਕਲ ਜਾਂਦਾ ਹੈ, ਪਰ ਗਗਨਦੀਪ ਇਸ ਗੱਲ ਤੋਂ ਜਾਣੂ ਹਨ ਕਿ ਮੰਜ਼ਿਲ ਅਜੇ ਬਹੁਤ ਦੂਰ ਹੈ।

ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਵਰਗੇ ਵੱਡੀ ਆਬਾਦੀ ਵਾਲੇ ਦੇਸ ਵਿੱਚ ਸ਼ਾਇਦ ਓਨੀਆਂ ਸਰਕਾਰੀ ਨੌਕਰੀਆਂ ਉਪਲਬਧ ਨਹੀਂ ਹੋਣਗੀਆਂ, ਜਿੰਨੇ ਉਨ੍ਹਾਂ ਦੇ ਦਾਅਵੇਦਾਰ ਮੌਜੂਦ ਹਨ।

ਇਸ ਕਹਾਣੀ ਦਾ ਇੱਕ ਹੋਰ ਪਹਿਲੂ ਵੀ ਹੈ।

  • ਸਰਕਾਰੀ ਅੰਕੜਿਆਂ ਦੇ ਅਨੁਸਾਰ 1 ਮਾਰਚ, 2022 ਤੱਕ ਸਰਕਾਰੀ ਮਹਿਕਮਿਆਂ ਵਿੱਚ 9,64,359 ਅਸਾਮੀਆਂ ਖਾਲੀਆਂ ਪਈਆਂ ਸਨ।
  • ਮਾਰਚ 2023 ਤੱਕ ਪਹਿਲੀ ਤੋਂ ਅੱਠਵੀ ਜਮਾਤ ਤੱਕ ਪੜ੍ਹਾਉਣ ਵਾਲੇ ਅਧਿਆਪਕਾਂ ਦੀਆ 7,47,565 ਅਸਾਮੀਆਂ ਖਾਲੀਆਂ ਪਈਆਂ ਸਨ।
  • ਜੁਲਾਈ, 2023 ਤੱਕ ਭਾਰਤੀ ਰੇਲਵੇ ਵਿੱਚ 2,50,965 ਅਸਾਮੀਆਂ ਖਾਲੀ ਸਨ।
  • 1 ਜਨਵਰੀ, 2023 ਤੱਕ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਵਿੱਚ 84,866 ਅਸਾਮੀਆਂ ਖਾਲੀ ਸਨ।

ਇਹ ਅੰਕੜੇ ਸਮੇਂ ਦੇ ਨਾਲ-ਨਾਲ ਬਦਲਦੇ ਰਹਿੰਦੇ ਹਨ, ਪਰ ਇਨ੍ਹਾਂ ਦੀ ਕਹਾਣੀ ਇੱਕ ਹੀ ਰਹਿੰਦੀ ਹੈ।

ਸਰਕਾਰੀ ਖੇਤਰ ਦੀਆ ਲੱਖਾਂ ਨੌਕਰੀਆਂ ਸਾਲ ਦਰ ਸਾਲ ਖਾਲੀ ਪਈਆਂ ਰਹਿੰਦੀਆਂ ਹਨ।

‘ਸ਼ਾਇਦ ਇਸ ਵਾਰ… ਸ਼ਾਇਦ ਇਸ ਵਾਰ’

ਸਰਕਾਰੀ ਨੌਕਰੀ ਹਾਸਲ ਕਰਨ ਲਈ ਜੋ ਤਿਆਰੀ ਚਾਹੀਦੀ ਹੁੰਦੀ ਹੈ, ਉਹ ਮੁਹੱਈਆ ਕਰਵਾਉਣ ਦਾ ਦਾਅਵਾ ਮੁਖਰਜੀ ਨਗਰ ਵਿੱਚ ਚੱਲ ਰਹੇ ਦਰਜਨਾਂ ਕੋਚਿੰਗ ਸੈਂਟਰ ਕਰਦੇ ਹਨ।

ਅਜੇ ਮਿਸ਼ਰਾ ਅਜਿਹਾ ਹੀ ਇੱਕ ਕੋਚਿੰਗ ਸੈਂਟਰ ਚਲਾਉਂਦੇ ਹਨ। ਗਗਨਦੀਪ ਵਰਗੇ ਨੌਜਵਾਨਾਂ ਦੇ ਸਰਕਾਰੀ ਨੌਕਰੀ ਪ੍ਰਤੀ ਰੁਝਾਨ ਨੂੰ ਉਹ ਭਲੀ-ਭਾਂਤੀ ਸਮਝਦੇ ਹਨ।

ਉਨ੍ਹਾਂ ਦਾ ਕਹਿਣਾ ਹੈ, “ਮੈਨੂੰ ਇਸ ਵਿੱਚ ਦੋ ਕਾਰਨ ਨਜ਼ਰ ਆਉਂਦੇ ਹਨ। ਪਹਿਲਾ ਹੈ ਸੁਰੱਖਿਆ… ਸਮਾਜ ਵਿੱਚ ਹਰ ਵਿਅਕਤੀ ਸਿਕਓਰਟੀ/ਸੁਰੱਖਿਆ ਨੂੰ ਤਰਜੀਹ ਦਿੰਦਾ ਹੈ। ਦੂਜਾ ਹੈ ਰੁਤਬਾ। ਇਸ ਲਈ ਸੁਰੱਖਿਆ ਦੇ ਨਾਲ-ਨਾਲ ਜੇਕਰ ਰੁਤਬਾ ਵੀ ਮਿਲ ਜਾਵੇ ਤਾਂ ਇਹ ਸਿਰਫ ਸਰਕਾਰੀ ਨੌਕਰੀ ਵਿੱਚ ਹੀ ਸੰਭਵ ਹੈ।”

ਨੌਕਰੀ ਹਾਸਲ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਦੇ ਤਜ਼ਰਬੇ ਤੋਂ ਵੀ ਅਜੇ ਮਿਸ਼ਰਾ ਚੰਗੀ ਤਰ੍ਹਾਂ ਜਾਣੂ ਹਨ।

ਉਨ੍ਹਾਂ ਦਾ ਕਹਿਣਾ ਹੈ, “ਸ਼ੁਰੂ-ਸ਼ੁਰੂ ਵਿੱਚ ਜਦੋਂ ਤੁਸੀਂ ਫੈਸਲਾ ਕਰ ਰਹੇ ਹੁੰਦੇ ਹੋ, 12ਵੀਂ ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ, ਇਹ ਬਹੁਤ ਹੀ ਮਹੱਤਵਪੂਰਨ ਸਮਾਂ ਹੁੰਦਾ ਹੈ। ਜੇਕਰ ਤੁਸੀਂ ਇਸ ਸਮੇਂ ਫੈਸਲਾ ਲੈ ਲਿਆ ਕਿ ਤੁਸੀਂ ਪ੍ਰਾਈਵੇਟ ਸੈਕਟਰ ਵਿੱਚ ਜਾਵੋਗੇ ਤਾਂ ਠੀਕ ਹੈ। ਪਰ ਜੇਕਰ ਇੱਕ ਵਾਰ ਬੱਚੇ ਨੇ ਚੁਣ ਲਿਆ ਕਿ ਉਹ ਸਰਕਾਰੀ ਨੌਕਰੀ ਚਾਹੁੰਦਾ ਹੈ ਤਾਂ ਉਸ ਦੇ ਲਈ ਇਹ ਇੱਕ ਘੁੰਮਣਘੇਰੀ ਬਣ ਜਾਂਦੀ ਹੈ।

ਉਹ ਇੱਕ ਵਾਰ ਇਮਤਿਹਾਨ ਦੇਣ ਆਉਂਦਾ ਹੈ ਅਤੇ ਸੋਚਦਾ ਹੈ ਕਿ ਇੱਕ ਸਾਲ ਨਹੀਂ ਕਲੀਅਰ ਹੋਇਆ ਤਾਂ ਇੱਕ ਸਾਲ ਹੋਰ ਸਹੀ…।

ਇੱਕ ਸਾਲ ਬੀਤ ਗਿਆ… ਘੱਟੋ-ਘੱਟ ਇੱਕ ਇਮਤਿਹਾਨ ਕੋਈ ਛੋਟਾ-ਮੋਟਾ ਨਿਕਲਿਆ ਪਰ ਕਿਸੇ ਕਾਰਨ ਰੈਂਕ ਹੇਠਾਂ ਰਹਿ ਗਿਆ ਜਾਂ ਫਿਰ ਫੇਲ ਹੋ ਗਿਆ… ਕੁਝ ਹੀ ਅੰਕ ਘੱਟ ਰਹਿ ਗਏ… ਤਾਂ ਉਹ ਸੋਚਦਾ ਹੈ ਚਾਰ ਹੀ ਤਾਂ ਅੰਕ ਹਨ… ਫਿਰ ਉਹ ਇੱਕ ਸਾਲ ਹੋਰ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਹੌਲੀ-ਹੌਲੀ ਕਈ ਸਾਲ ਲੰਘ ਜਾਂਦੇ ਹਨ।”

ਮਿਸ਼ਰਾ ਕਹਿੰਦੇ ਹਨ ਕਿ ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਕਈ ਵਿਦਆਰਥੀ ਕੁਝ ਹੀ ਅੰਕਾਂ ਤੋਂ ਰਹਿ ਜਾਂਦੇ ਹਨ, ਪਰ ਹੌਲੀ-ਹੌਲੀ ਦਬਾਅ ਵਧਦਾ ਜਾਂਦਾ ਹੈ ਅਤੇ ਉਹ ਜ਼ਿਆਦਾ ਗਲਤੀਆਂ ਕਰਨ ਲੱਗਦੇ ਹਨ।

ਉਨ੍ਹਾਂ ਦਾ ਕਹਿਣਾ ਹੈ, “ਇਸ ਦੇ ਕਾਰਨ ਹੀ ਉਹ ਚਾਰ ਸਾਲ ਦੀ ਬਜਾਏ ਛੇ ਸਾਲ, ਅੱਠ ਸਾਲ ਅਤੇ ਕਈ ਵਾਰ ਤਾਂ ਉਹ ਇੰਨੇ ਦਬਾਅ ਹੇਠ ਆ ਜਾਂਦੇ ਹਨ ਕਿ ਉਹ ਕਿਸੇ ਵੀ ਇਮਤਿਹਾਨ ਵਿੱਚ ਪਾਸ ਨਹੀਂ ਹੋਇਆ ਜਾਂਦਾ।

ਉਸ ਨੂੰ ਲੱਗਦਾ ਰਹਿੰਦਾ ਹੈ ਕਿ ਸ਼ਾਇਦ ਇਸ ਵਾਰ… ਸ਼ਾਇਦ ਇਸ ਵਾਰ… ਅਤੇ ਇਹ ਚੱਕਰ ਚੱਲਦਾ ਹੀ ਰਹਿੰਦਾ ਹੈ। ਉਹ ਸੋਚਦਾ ਹੈ ਕਿ ਮੈਂ ਘਰ ਜਾ ਕੇ ਕੀ ਦੱਸਾਂਗਾ। ਮੈਂ ਪਹਿਲਾਂ ਹੀ ਇੰਨਾਂ ਪੈਸਾ ਲਗਵਾ ਦਿੱਤਾ ਹੈ, ਹਾਸਟਲ ਲਿਆ, ਲੱਖਾਂ ਰੁਪਏ ਖਰਚ ਕਰਵਾ ਦਿੱਤੇ, ਘੱਟ ਤੋਂ ਘੱਟ ਇੱਕ ਨੌਕਰੀ ਤਾਂ ਲੈ ਕੇ ਵਾਪਸ ਜਾਵਾਂ।”

ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲੇ ਹਜ਼ਾਰਾਂ-ਲੱਖਾਂ ਹੀ ਨੌਜਵਾਨ ਹਰ ਸਾਲ ਛੋਟੇ ਕਸਬਿਆਂ ਅਤੇ ਪਿੰਡਾਂ ਤੋਂ ਵੱਡੇ ਸ਼ਹਿਰਾਂ ਵਿੱਚ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਲਈ ਆਉਂਦੇ ਹਨ।

ਇਨ੍ਹਾਂ ’ਚੋਂ ਜ਼ਿਆਦਾਤਰ ਦਾ ਇਰਾਦਾ ਸਾਫ਼ ਹੁੰਦਾ ਹੈ: ਯੂਪੀਐਸੀ ਦੀ ਪ੍ਰੀਖਿਆ ਪਾਸ ਕਰਨੀ ਅਤੇ ਆਈਏਐੱਸ ਅਫ਼ਸਰ ਬਣਨਾ। ਆਈਏਐੱਸ ਨਾ ਸਹੀ ਤਾਂ ਕੋਈ ਹੋਰ ਸਰਕਾਰੀ ਨੌਕਰੀ ਤਾਂ ਮਿਲ ਜਾਵੇ। ਸਮਾਂ ਬੀਤਦਾ ਹੈ, ਸਫਲਤਾ ਹੱਥ ਨਹੀਂ ਲੱਗਦੀ ਅਤੇ ਹੌਲੀ-ਹੌਲੀ ਇਹ ਸੁਪਨਾ ਫਿੱਕਾ ਪੈਣ ਲੱਗਦਾ ਹੈ।

ਆਪਣੀ ਜ਼ਿੰਦਗੀ ਦੇ ਕੁਝ ਬਿਹਤਰੀਨ ਅਤੇ ਅਹਿਮ ਸਾਲ ਇਸ ਤਿਆਰੀ ’ਤੇ ਵਾਰਨ ਤੋਂ ਬਾਅਦ ਹੀ ਬਹੁਤ ਸਾਰੇ ਨੌਜਵਾਨਾਂ ਦੇ ਇਹ ਸਮਝ ਆਉਂਦਾ ਹੈ ਕਿ ਜਿਸ ਸੁਪਨੇ ਦਾ ਪਿੱਛਾ ਉਹ ਕਰ ਰਹੇ ਸਨ, ਉਹ ਸਿਰਫ ਇੱਕ ਛਲਾਵਾ ਸੀ।

ਸਰਕਾਰੀ ਨੌਕਰੀ ਦੇ ਲਈ ਮੁਕਾਬਲਾ ਕਿਉਂ ਹੈ?

ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਹ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਲਈ ਉਤਸ਼ਾਹਤ ਕਰਨ ਦੇ ਲਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਰਗੀਆਂ ਸਕੀਮਾਂ ਚਲਾ ਰਹੀ ਹੈ।

ਹਾਲਾਂਕਿ ਜੇਕਰ ਸਰਕਾਰੀ ਅੰਕੜਿਆਂ ਦੇਖੇ ਜਾਣ ਤਾਂ ਇਹ ਸਪੱਸ਼ਟ ਹੈ ਕਿ ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ ਹੈ।

ਸੰਸਦ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਸਾਲ 2014 ਤੋਂ 2022 ਦੇ ਦਰਮਿਆਨ ਤਕਰੀਬਨ 22 ਕਰੋੜ ਉਮੀਦਵਾਰਾਂਂ ਨੇ ਕੇਂਦਰ ਸਰਕਾਰ ਦੀਆ ਨੌਕਰੀਆਂ ਦੇ ਲਈ ਅਰਜ਼ੀਆ ਦਿੱਤੀਆਂ।

ਇਸ ਸਮੇਂ ਦੌਰਾਨ ਜਿਨ੍ਹਾਂ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇ ਕਾਬਲ ਪਾਇਆ ਗਿਆ, ਉਨ੍ਹਾਂ ਦੀ ਗਿਣਤੀ ਸਿਰਫ 7.22 ਲੱਖ ਸੀ। ਭਾਵ ਕੁਲ ਬਿਨੈਕਾਰਾਂ ਵਿੱਚੋਂ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲੀ ਉਨ੍ਹਾਂ ਦੀ ਗਿਣਤੀ (0.32%) ਇੱਕ ਫੀਸਦੀ ਵੀ ਨਹੀਂ ਸੀ।

ਇਸ ਲਈ ਵੱਡਾ ਸਵਾਲ ਸਿਰਫ ਇੱਕ ਹੀ ਹੈ : ਸਰਕਾਰੀ ਨੌਕਰੀ ਦੇ ਲਈ ਅਜਿਹੀ ਦੌੜ ਜਾਂ ਮੁਕਾਬਲੇਬਾਜ਼ੀ ਕਿਉਂ?

ਪ੍ਰੋਫੈਸਰ ਰੀਤਿਕਾ ਖੇਰਾ ਆਈਆਈਟੀ ਦਿੱਲੀ ਵਿੱਚ ਅਰਥ ਸਾਸਤਰ ਪੜ੍ਹਾਉਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ, “ ਜਦੋਂ ਤੁਸੀਂ ਨੌਕਰੀ ਦੇ ਬਾਰੇ ਸੋਚਦੇ ਹੋ, ਤਾਂ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਬਾਰੇ ਵਿੱਚ ਸੋਚਦੇ ਹੋ…ਤੁਸੀਂ ਤਨਖਾਹ ਦੇ ਬਾਰੇ ਵਿੱਚ ਸੋਚਦੇ ਹੋ… ਨੌਕਰੀ ਦੀ ਸੁਰੱਖਿਆ, ਕੰਮ ਕਰਨ ਦੇ ਘੰਟੇ, ਕੰਮ ਕਰਨ ਦੀਆਂ ਸਥਿਤੀਆਂ ਅਤੇ ਫਾਇਦਿਆਂ ਬਾਰੇ ਸੋਚਦੇ ਹੋ। ਜੇਕਰ ਤੁਸੀਂ ਦੇਸ ਵਿੱਚ ਅੱਜ ਵੇਖੋ ਤਾਂ ਅਜਿਹੀ ਨੌਕਰੀ ਕਿੱਥੇ ਮਿਲੇਗੀ? ਜ਼ਿਆਦਾਤਰ ਉਹ ਹੁਣ ਸਰਕਾਰੀ ਖੇਤਰ ਤੱਕ ਹੀ ਸੀਮਤ ਰਹਿ ਗਈ ਹੈ, ਜਿੱਥੇ ਨੌਕਰੀ ਦੀ ਸੁਰੱਖਿਆ, ਵਧੀਆ ਤਨਖਾਹ ਅਤੇ ਹੋਰ ਫਾਇਦੇ ਵੀ ਉਪਲਬਧ ਹਨ”।

ਪ੍ਰੋਫੈਸਰ ਖੇਰਾ ਅੱਗੇ ਕਹਿੰਦੇ ਹਨ, “ਕੁਝ ਹੱਦ ਤੱਕ ਇਹ ਵੀ ਹੋ ਸਕਦਾ ਹੈ ਕਿ ਇੱਕ ਵਾਰ ਸਰਕਾਰੀ ਖੇਤਰ ਵਿੱਚ ਇੱਕ ਵਾਰ ਨੌਕਰੀ ਮਿਲ ਜਾਣ ਉੱਤੇ ਹਰ ਕਿਸੇ ਨੂੰ ਲਗਦਾ ਹੈ ਕਿ ਹੁਣ ਇਹ ਆਰਾਮਦਾਇਕ ਨੌਕਰੀ ਹੈ। ਕੁਝ ਲੋਕਾਂ ਲਈ ਇਹ ਵੀ ਇੱਕ ਦਿਲਕਸ਼ ਪਹਿਲੂ ਹੋ ਸਕਦਾ ਹੈ ਕਿ ਇੱਕ ਵਾਰ ਸਰਕਾਰੀ ਨੌਕਰੀ ਹਾਸਲ ਕਰਨ ਤੋਂ ਬਾਅਦ ਕੋਈ ਜਵਾਬਦੇਹੀ ਨਹੀਂ ਹੈ।”

ਇੱਕ ਪਰਮਾਨੈਂਟ ਸਰਕਾਰੀ ਨੌਕਰੀ ਦੀ ਕੀ ਅਹਿਮੀਅਤ ਹੈ, ਇਸ ਦੀ ਇੱਕ ਮਿਸਾਲ ਸਾਲ 2022 ਵਿੱਚ ਉਸ ਸਮੇਂ ਵੇਖਣ ਨੂੰ ਮਿਲੀ ਸੀ ਜਦੋਂ ਬਿਹਾਰ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਵਿੱਚ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਖਿਲਾਫ ਹਿੰਸਕ ਪ੍ਰਦਰਸ਼ਨ ਹੋਏ ਸਨ।

ਇਸ ਵਿਰੋਧ ਦਾ ਕਾਰਨ ਇਹ ਸੀ ਕਿ ਅਗਨੀਪਥ ਯੋਜਨਾ ਦੇ ਤਹਿਤ ਫੌਜ ਵਿੱਚ ਭਰਤੀ ਕੀਤੇ ਜਾਣ ਵਾਲੇ ਨੌਜਵਾਨਾਂ ਵਿੱਚੋਂ 75% ਦੀ ਨੌਕਰੀ ਸਿਰਫ ਚਾਰ ਸਾਲ ਦੇ ਲਈ ਹੀ ਸੀ।

ਐੱਸ ਪੀ ਠਾਕੁਰ ਮੁਖਰਜੀ ਨਗਰ ਵਿੱਚ ਕਿਤਾਬਾਂ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਦੇ ਜ਼ਿਆਦਾਤਰ ਗਾਹਕ ਉਹੀ ਨੌਜਵਾਨ ਹਨ ਜੋ ਸਰਕਾਰੀ ਨੌਕਰੀ ਹਾਸਲ ਕਰਨ ਲਈ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ, “ਹਰ ਬੱਚਾ ਇਹੀ ਚਾਹੁੰਦਾ ਹੈ ਕਿ ਮੈਂ ਸਰਕਾਰੀ ਨੌਕਰੀ ਹਾਸਲ ਕਰਾਂ… ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਾਂ… ਹਰ ਆਦਮੀ ਦਾ ਮੁੱਖ ਮਕਸਦ ਤਾਂ ਇਹੀ ਹੁੰਦਾ ਹੈ ਕਿਉਂਕਿ ਸਰਕਾਰੀ ਨੌਕਰੀ ਇੱਕ ਅਜਿਹੀ ਨੌਕਰੀ ਹੈ ਜੋ ਕਿ ਆਦਮੀ ਦੇ ਮਰਦੇ ਦਮ ਤੱਕ ਉਸ ਦਾ ਸਾਥ ਦਿੰਦੀ ਹੈ। ਇਸ ਲਈ ਹਰ ਕੋਈ ਸੋਚਦਾ ਹੈ ਕਿ ਭਾਵੇਂ ਚਪੜਾਸੀ ਦੀ ਨੌਕਰੀ ਮਿਲ ਜਾਵੇ ਪਰ ਉਹ ਸਰਕਾਰੀ ਹੋਣੀ ਚਾਹੀਦੀ ਹੈ।”

ਠਾਕੁਰ ਦੀ ਗੱਲ ਸਮਝਣਾ ਮੁਸ਼ਕਲ ਨਹੀਂ ਹੈ। ਪਿਛਲੇ ਕਈ ਸਾਲਾਂ ਦੌਰਾਨ ਅਜਿਹੇ ਕਈ ਮੌਕੇ ਆਏ ਜਦੋਂ ਗ੍ਰੈਜੂਏਟ, ਪੋਸਟ-ਗ੍ਰੈਜੂਏਟ ਅਤੇ ਪੀਐਚਡੀ ਦੀ ਡਿਗਰੀ ਹਾਸਲ ਕਰ ਚੁੱਕੇ ਨੌਜਵਾਨ ਵੱਖ-ਵੱਖ ਸੂਬਿਆਂ ਵਿੱਚ ਚਪੜਾਸੀ ਦੀ ਨੌਕਰੀ ਹਾਸਲ ਕਰਨ ਲਈ ਸੰਘਰਸ਼ ਕਰਦੇ ਦੇਖੇ ਗਏ।

ਐਡਹਾਕ ਨੌਕਰੀਆ ਦਾ ਰੁਝਾਨ

ਜਿੱਥੇ ਇੱਕ ਪਾਸੇ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਰਹਿੰਦੀਆਂ ਹਨ, ਉੱਥੇ ਹੀ ਇੱਕ ਨਵਾਂ ਰੁਝਾਨ ਵੀ ਵੇਖਣ ਨੂੰ ਮਿਲ ਰਿਹਾ ਹੈ: ਨੌਕਰੀਆਂ ਨੂੰ ਐਡਹਾਕ ਬੇਸਿਸ ਉੱਤੇ ਭਰਨ ਦਾ।

ਇੱਕ ਨਾ ਇੱਕ ਦਿਨ ਪੱਕੇ ਹੋ ਜਾਣ ਦੀ ਉਮੀਦ ਵਿੱਚ ਬਹੁਤ ਸਾਰੇ ਨੌਜਵਾਨ ਇਹ ਐਡਹਾਕ ਨੌਕਰੀਆਂ ਕਰਨ ਲਗਦੇ ਹਨ।

ਪਰ ਜਦੋਂ ਇੱਕ ਐਡਹਾਕ ਨੌਕਰੀ ਦੀ ਪਰਮਾਨੈਂਟ ਨੌਕਰੀ ਵਿੱਚ ਤਬਦੀਲ ਹੋਣ ਦੀ ਉਮੀਦ ਟੁੱਟਦੀ ਹੈ ਤਾਂ ਕਈ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਹਨ।

ਸਮਰਵੀਰ ਸਿੰਘ ਦਿੱਲੀ ਯੂਨੀਵਰਸਿਟੀ ਦੇ ਇੱਕ ਕਾਲਜ ਵਿੱਚ ਐਡਹਾਕ ਬੇਸਿਸ ’ਤੇ ਦਰਸ਼ਨ ਸ਼ਾਸਤਰ ਪੜ੍ਹਾਉਂਦੇ ਸਨ।

8 ਸਾਲ ਤੱਕ ਐਡਹਾਕ ਬੇਸਿਸ ’ਤੇ ਪੜ੍ਹਾਉਣ ਤੋਂ ਬਾਅਦ ਜਦੋਂ ਇੱਕ ਦਿਨ ਅਚਾਨਕ ਉਨ੍ਹਾਂ ਦੀ ਨੌਕਰੀ ਚਲੀ ਗਈ ਤਾਂ ਉਹ ਇਹ ਸਦਮਾ ਬਰਦਾਸ਼ਤ ਨਾ ਕਰ ਸਕੇ ਅਤੇ ਉਨ੍ਹਾਂ ਨੇ ਖੁਦਕੁਸ਼ੀ ਦਾ ਰਾਹ ਚੁਣਿਆ।

ਸਮਰਵੀਰ ਸਿੰਘ ਮਹਿਜ 33 ਸਾਲਾਂ ਦੇ ਸਨ।

ਉਨ੍ਹਾਂ ਦੀ ਭੈਣ ਸਨੇਹਾ ਦਾ ਕਹਿਣਾ ਹੈ, “8 ਸਾਲ ਤੱਕ ਉਨ੍ਹਾਂ ਨੇ ਐਡਹਾਕ ਬੇਸਿਸ ਉੱਤੇ ਪੜ੍ਹਾਇਆ ਅਤੇ ਜਦੋਂ 2023 ਵਿੱਚ ਪਰਮਾਨੈਂਟ ਪ੍ਰੋਫੈਸਰ ਦੀਆਂ ਖਾਲੀ ਅਸਾਮੀਆਂ ਦੇ ਲਈ ਇੰਟਰਵਿਊ ਹੋਣ ਲੱਗੇ ਤਾਂ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸ਼ਾਇਦ ਉਨ੍ਹਾਂ ਦੀ ਨੌਕਰੀ ਖ਼ਤਰੇ ਵਿੱਚ ਹੈ।

ਪਹਿਲਾਂ ਤਾਂ ਉਨ੍ਹਾਂ ਨੂੰ ਯਕੀਨ ਸੀ , ਕਿਉਂਕਿ ਉਹ 8 ਸਾਲ ਤੋਂ ਉੱਥੇ ਹੀ ਪੜ੍ਹਾ ਰਹੇ ਸਨ। ਇਸ ਲਈ ਪਹਿਲ ਉਨ੍ਹਾਂ ਨੂੰ ਹੀ ਮਿਲੇਗੀ। 4 ਮਿੰਟ ਦੀ ਇੰਟਰਵਿਊ ਹੋਈ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਹੁਣ ਤੁਸੀਂ ਘਰ ਜਾ ਸਕਦੇ ਹੋ… ਤੁਹਾਡੇ ਲਈ ਇਸ ਕਾਲਜ ਵਿੱਚ ਹੁਣ ਜਗ੍ਹਾ ਨਹੀਂ ਹੈ।”

ਸਨੇਹਾ ਕਹਿੰਦੇ ਹਨ ਕਿ ਸਿਰਫ ਪ੍ਰੋਫੈਸਰ ਦੇ ਪਰਮਾਨੈਂਟ ਅਹੁਦੇ ਦੀ ਗੱਲ ਨਹੀਂ ਸੀ।

“ਲਾਈਵਲੀਹੁੱਡ ਦੀ ਵੀ ਗੱਲ ਸੀ। ਜੋ ਉਨ੍ਹਾਂ ਦੇ ਘਰ ਦਾ ਕਿਰਾਇਆ ਸੀ, ਗੱਡੀ ਦਾ ਕਰਜ਼ਾ ਸੀ, ਜੋ ਉਨ੍ਹਾਂ ਨੇ ਅਗਲੇ 6-7 ਮਹੀਨਿਆਂ ਲਈ ਯੋਜਨਾਵਾਂ ਤਿਆਰ ਕੀਤੀਆਂ ਸਨ… ਜਦੋਂ ਉਨ੍ਹਾਂ ਦੀ ਅਚਾਨਕ ਨੌਕਰੀ ਗਈ ਤਾਂ ਉਸ ਇਹ ਸਭ ਕੁਝ ਸੰਭਾਲ ਨਾ ਸਕੇ। ਇਸ ਲਈ ਉਨ੍ਹਾਂ ਦੇ ਮਨ ਉੱਤੇ ਇੱਕ ਬੋਝ ਬਣ ਗਿਆ ਸੀ… ਇਹ ਆਰਥਿਕ ਅਤੇ ਮਾਨਸਿਕ ਬੋਝ ਸੀ। ਮੈਨੂੰ ਨਹੀਂ ਲੱਗਦਾ ਕਿ ਉਹ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸੰਭਾਲ ਨਹੀਂ ਸਕੇ।”

ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਿੱਖਿਆ, ਸਿਹਤ ਅਤੇ ਰੇਲਵੇ ਵਰਗੇ ਖੇਤਰਾਂ ਵਿੱਚ ਆਪਣਾ ਦਾਇਰਾ ਘਟਾਉਂਦੀ ਹੈ ਤਾਂ ਇਸ ਨਾਲ ਰੁਜ਼ਗਾਰ ਦੇ ਮਾਮਲਿਆਂ ਵਿੱਚ ਲੰਮੇ ਸਮੇਂ ਦੌਰਾਨ ਨੁਕਸਾਨ ਹੋਵੇਗਾ।

ਪ੍ਰੋਫੈਸਰ ਖੇਰਾ ਦਾ ਕਹਿਣਾ ਹੈ, “ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦਾ ਜੀਵਨ ਪੱਧਰ ਉੱਚਾ ਉੱਠੇ। ਇਸ ਲਈ ਜੇਕਰ ਤੁਸੀਂ ਮਜ਼ਦੂਰਾਂ ਦਾ ਖੂਨ ਪੀਂਦੇ ਰਹੋਗੇ… ਉਨ੍ਹਾਂ ਨੂੰ ਘੱਟ ਤਨਖਾਹ ਦੇ ਕੇ… ਉਨ੍ਹਾਂ ਨੂੰ ਐਡਹਾਕ ਨੌਕਰੀਆਂ ਵਿੱਚ ਲਗਾ ਕੇ ਤਾਂ ਤੁਸੀਂ ਆਪਣੇ ਪੈਰਾਂ ਉੱਤੇ ਆਪ ਹੀ ਕੁਹਾੜੀ ਮਾਰ ਰਹੇ ਹੋ। ਯੂਨੀਵਰਸਿਟੀਆਂ ਵਿੱਚ ਸਥਾਈ ਨੌਕਰੀਆ ਦਾ ਹੋਣਾ ਜ਼ਰੂਰੀ ਹੈ। ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਿੱਚ ਧਿਆਨ ਦੇਵੇ, ਆਪਣੀ ਖੋਜ ਵਿੱਚ ਧਿਆਨ ਦੇਵੇ ਨਾ ਕਿ ਉਹ ਅਗਲੀ ਨੌਕਰੀ ਦੀ ਭਾਲ ਕਰੇ।”

‘ਖਾਲੀ ਅਹੁਦਿਆਂ ਨੂੰ ਮਿਸ਼ਨ ਮੋਡ ’ਚ ਭਰਿਆ ਜਾ ਰਿਹਾ ਹੈ’

ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਰੁਜ਼ਗਾਰ ਮੇਲਿਆਂ ਦੇ ਤਹਿਤ ਖਾਲੀ ਅਸਾਮੀਆਂ ਨੂੰ ਮਿਸ਼ਨ ਮੋਡ ਵਿੱਚ ਭਰਿਆ ਜਾ ਰਿਹਾ ਹੈ।

ਸਰਕਾਰ ਦਾ ਦਾਅਵਾ ਹੈ ਕਿ ਅਕਤੂਬਰ 2022 ਤੋਂ ਨਵੰਬਰ 2023 ਦਰਮਿਆਨ ਦੇਸ਼ ਭਰ ਵਿੱਚ ਕੀਤੇ ਗਏ 11 ਰੁਜ਼ਗਾਰ ਮੇਲਿਆਂ ਵਿੱਚ 7 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।

ਉੱਥੇ ਹੀ ਦੂਜੇ ਪਾਸੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਰਾਹੀਂ ਸਰਕਾਰ ਬੇਰੁਜ਼ਗਾਰੀ ਦੇ ਮੁੱਦੇ ’ਤੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਦਾ ਯਤਨ ਕਰ ਰਹੀ ਹੈ।

ਇੱਕ ਖੁਸ਼ਹਾਲ ਜ਼ਿੰਦਗੀ ਦਾ ਸੁਪਨਾ ਲੈ ਕੇ ਹਜ਼ਾਰਾਂ ਨੌਜਵਾਨ ਹਰ ਦਿਨ ਇਸ ਭੀੜ ਦਾ ਹਿੱਸਾ ਬਣਦੇ ਰਹਿੰਦੇ ਹਨ।

ਪਰ ਮੰਜ਼ਿਲ ਤਾਂ ਗਿਣੇ-ਚੁਣੇ ਲੋਕਾਂ ਦੇ ਪੈਰਾਂ ਨੂੰ ਹੀ ਨਸੀਬ ਹੁੰਦੀ ਹੈ।

ਆਪਣੇ ਸੁਪਨਿਆਂ ਦਾ ਪਿੱਛਾ ਕਰਦੇ-ਕਰਦੇ ਕਦੋਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਇਸੇ ਭੀੜ ਵਿੱਚ ਹੀ ਗੁਆਚ ਜਾਂਦੇ ਹਨ, ਇਸ ਦਾ ਪਤਾ ਹੀ ਨਹੀਂ ਲੱਗਦਾ।