ਵਕਫ਼ ਸੋਧ ਕਾਨੂੰਨ ਦੇ ਖ਼ਿਲਾਫ਼ ਹੋਏ ਵਿਰੋਧ ਪ੍ਰਦਰਸ਼ਨ 'ਚ ਹਿੰਸਾ ਕਿਵੇਂ ਭੜਕੀ, ਜਿਸ ਨੇ 3 ਲੋਕਾਂ ਦੀ ਲਈ ਜਾਨ

ਤਸਵੀਰ ਸਰੋਤ, ANI
- ਲੇਖਕ, ਸ਼ੁਭੋਜੀਤ ਬਾਗਚੀ
- ਰੋਲ, ਕੋਲਕਾਤਾ ਤੋਂ ਬੀਬੀਸੀ ਸਹਿਯੋਗੀ
ਵਕਫ਼ (ਸੋਧ) ਕਾਨੂੰਨ ਨੂੰ ਲੈ ਕੇ ਪੱਛਮੀ ਬੰਗਾਲ ਵਿੱਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਇਸੇ ਦੌਰਾਨ ਲੰਘੇ ਸ਼ਨੀਵਾਰ ਨੂੰ ਸੂਬੇ ਦੇ ਮੁਰਸ਼ੀਦਾਬਾਦ ਜ਼ਿਲ੍ਹੇ ਵਿੱਚ ਹਾਲਤ ਵੱਸੋਂ ਬਾਹਰ ਹੋ ਗਏ। ਹਿੰਸਾ ਦੀ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਇੱਥੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।
ਸੂਬਾ ਸਰਕਾਰ ਦੇ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਇਜਾਜ਼ ਅਹਿਮਦ (17 ਸਾਲਾ ਵਿਦਿਆਰਥੀ), ਹਰਗੋਵਿੰਦਾ ਦਾਸ (65 ਸਾਲ) ਅਤੇ ਚੰਦਨ ਦਾਸ (35 ਸਾਲ) ਵਜੋਂ ਹੋਈ ਹੈ।
ਇਨ੍ਹਾਂ ਵਿੱਚੋਂ ਦੋ ਮ੍ਰਿਤਕ ਪਿਤਾ-ਪੁੱਤਰ ਸਨ। ਉਨ੍ਹਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਉਹ ਬੱਕਰੀਆਂ ਦੇ ਵਪਾਰੀ ਸਨ ਅਤੇ ਕਮੀ ਵੀ ਬਹੁਤੀ ਜ਼ਿਆਦਾ ਨਹੀਂ ਸੀ।
ਇਸ ਹਿੰਸਾ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਹਨ ਅਤੇ ਘੱਟੋ-ਘੱਟ 118 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ, "ਸਿਆਸੀ ਫਾਇਦੇ ਲਈ ਦੰਗੇ ਨਾ ਭੜਕਾਓ।"

ਜਿੱਥੇ ਤ੍ਰਿਣਮੂਲ ਕਾਂਗਰਸ ਨੇ ਕੁਝ ਸਿਆਸੀ ਪਾਰਟੀਆਂ 'ਤੇ "ਸਿਆਸੀ ਲਾਭ ਲਈ ਧਰਮ ਦੀ ਦੁਰਵਰਤੋਂ ਕਰਨ" ਦਾ ਇਲਜ਼ਾਮ ਲਗਾਇਆ ਹੈ।
ਉੱਥੇ ਹੀ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਟੀਐਮਸੀ 'ਤੇ "ਆਪਣੇ ਵੋਟ ਬੈਂਕ ਨੂੰ ਖੁਸ਼ ਕਰਨ ਅਤੇ ਲਗਭਗ 26,000 ਸਕੂਲ ਅਧਿਆਪਕਾਂ ਵਲੋਂ ਨੌਕਰੀਆਂ ਗੁਆਉਣ ਦੇ ਮਾਮਲੇ ਤੋਂ ਧਿਆਨ ਹਟਾਉਣ ਲਈ ਹਿੰਸਾ ਭੜਕਾਉਣ'' ਦਾ ਇਲਜ਼ਾਮ ਲਗਾਇਆ ਹੈ।

ਤਸਵੀਰ ਸਰੋਤ, Getty Images
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਵਕਫ਼ ਕਾਨੂੰਨ ਇਸ ਸੂਬੇ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ।
ਸ਼ਨੀਵਾਰ ਨੂੰ ਕਲਕੱਤਾ ਹਾਈ ਕੋਰਟ ਨੇ ਕੇਂਦਰੀ ਸੁਰੱਖਿਆ ਬਲਾਂ ਦੀ ਤੁਰੰਤ ਤਾਇਨਾਤੀ ਦੇ ਹੁਕਮ ਦਿੱਤੇ ਹਨ।
ਖ਼ਬਰ ਏਜੰਸੀ ਏਐਨਆਈ ਦੀ ਰਿਪੋਰਟ ਅਨੁਸਾਰ, ਕੇਂਦਰੀ ਗ੍ਰਹਿ ਸਕੱਤਰ ਨੇ ਸੂਬੇ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਗ੍ਰਹਿ ਸਕੱਤਰ ਨੇ ਕਿਹਾ ਕਿ ਮੁਰਸ਼ੀਦਾਬਾਦ ਵਿੱਚ ਸਥਾਨਕ ਤੌਰ 'ਤੇ ਉਪਲੱਬਧ ਲਗਭਗ 300 ਬੀਐੱਸਐੱਫ ਜਵਾਨਾਂ ਤੋਂ ਇਲਾਵਾ, ਸੂਬਾ ਸਰਕਾਰ ਦੀ ਬੇਨਤੀ 'ਤੇ ਪੰਜ ਹੋਰ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਕਿਵੇਂ ਭੜਕੀ ਹਿੰਸਾ?

ਵਕਫ਼ (ਸੋਧ) ਕਾਨੂੰਨ ਦੇ ਖ਼ਿਲਾਫ਼ ਸਾਰੇ ਮੁਰਸ਼ੀਦਾਬਾਦ ਵਿੱਚ ਕਈ ਬਲਾਕਾਂ ਅਤੇ ਕਸਬਿਆਂ ਤੋਂ ਲੈ ਕੇ ਹਰ ਥਾਂ ਵਿਰੋਧ ਪ੍ਰਦਰਸ਼ਨ ਹੋਏ।
ਇਸੇ ਦੌਰਾਨ ਉੱਤਰ ਤੋਂ ਦੱਖਣੀ ਬੰਗਾਲ ਨੂੰ ਜੋੜਦੇ ਰਾਸ਼ਟਰੀ ਰਾਜਮਾਰਗ 12 'ਤੇ ਸਜੂਰ ਮੋੜ ਅਤੇ ਧੂਲੀਅਨ ਨਗਰਪਾਲਿਕਾ ਕਸਬੇ ਵਿੱਚ ਜਾਫਰਾਬਾਦ ਵਿੱਚ 3 ਲੋਕਾਂ ਦੀ ਮੌਤ ਹੋਈ।
ਦੋਵੇਂ ਥਾਵਾਂ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਉੱਤਰੀ ਮੁਰਸ਼ਿਦਾਬਾਦ ਦੇ ਜੰਗੀਪੁਰ ਸਬ-ਡਿਵੀਜ਼ਨ ਵਿੱਚ ਸਥਿਤ ਹਨ।
ਇੱਕ ਪ੍ਰਮੁੱਖ ਬੰਗਾਲੀ ਅਖਬਾਰ ਦੇ, ਮੁਰਸ਼ਿਦਾਬਾਦ ਦੇ ਇੱਕ ਸੀਨੀਅਰ ਪੱਤਰਕਾਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, "17 ਸਾਲਾ ਇਜਾਜ਼ ਅਹਿਮਦ ਨੂੰ ਸ਼ੁੱਕਰਵਾਰ ਨੂੰ ਸਜੂਰ ਮੋੜ ਵਿਖੇ ਗੋਲੀ ਮਾਰ ਦਿੱਤੀ ਗਈ ਸੀ ਅਤੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸ਼ਨੀਵਾਰ ਸ਼ਾਮ ਨੂੰ ਉਸਦੀ ਮੌਤ ਹੋ ਗਈ।"
ਉਨ੍ਹਾਂ ਦੱਸਿਆ, "ਜਾਫਰਾਬਾਦ ਵਿੱਚ, ਸ਼ਨੀਵਾਰ ਸਵੇਰੇ ਪਿਤਾ ਅਤੇ ਪੁੱਤਰ ਦੀਆਂ ਲਾਸ਼ਾਂ ਮਿਲੀਆਂ। ਉਨ੍ਹਾਂ ਦੇ ਸਰੀਰਾਂ 'ਤੇ ਨਿਸ਼ਾਨ ਸਨ ਜੋ ਦਰਸਾਉਂਦੇ ਹਨ ਕਿ ਉਨ੍ਹਾਂ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਸੀ।''
ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਇਜਾਜ਼ ਅਹਿਮਦ ਨੂੰ ਕਿਸਨੇ ਮਾਰਿਆ।

ਤਸਵੀਰ ਸਰੋਤ, ANI
ਮਿਠਾਈ ਬਣਾਉਣ ਵਾਲੇ ਹੇਮੰਤਾ ਦਾਸ ਜਾਫਰਾਬਾਦ ਦੇ ਨਾਲ ਲੱਗਦੇ ਦਿਘਰੀ ਵਿੱਚ ਰਹਿੰਦੇ ਹਨ। ਉਹ ਦਾਅਵਾ ਕਰਦੇ ਹਨ ਕਿ ਉਹ ਸ਼ਨੀਵਾਰ ਨੂੰ ਦਾਸ ਪਰਿਵਾਰ ਦੇ ਘਰ ਗਏ ਸਨ। ਹੇਮੰਤਾ ਨੇ ਇੱਕ ਸੀਨੀਅਰ ਪੱਤਰਕਾਰ ਨੂੰ ਫ਼ੋਨ 'ਤੇ ਦੱਸਿਆ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਦੋਵੇਂ ਪਿਤਾ ਅਤੇ ਪੁੱਤਰ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ।
ਹੇਮੰਤਾ ਕਹਿੰਦੇ ਹਨ, "ਉਹ ਬੱਕਰੀਆਂ ਦੇ ਛੋਟੇ ਵਪਾਰੀ ਸਨ। ਮੈਨੂੰ ਸਮਝ ਨਹੀਂ ਆਉਂਦੀ ਕਿ ਉਨ੍ਹਾਂ 'ਤੇ ਹਮਲਾ ਕਿਉਂ ਕੀਤਾ ਗਿਆ।''
ਉਨ੍ਹਾਂ ਕਿਹਾ, "ਪਹਿਲਾਂ ਪੱਥਰ ਸੁੱਟੇ ਗਏ ਅਤੇ ਇੱਕ ਸਮੂਹ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕੀਤਾ। ਜਿਵੇਂ ਹੀ ਉਨ੍ਹਾਂ ਨੇ ਲੁੱਟ ਮਚਾਉਣੀ ਸ਼ੁਰੂ ਕੀਤੀ, ਤਾਂ ਪਰਿਵਾਰ ਨੇ ਇਸਦਾ ਵਿਰੋਧ ਕੀਤਾ। ਉਨ੍ਹਾਂ ਨੂੰ ਕੁੱਟਿਆ ਗਿਆ ਅਤੇ ਮਾਰ-ਮਾਰ ਕੇ ਜਾਨੋਂ ਹੀ ਮਾਰ ਦਿੱਤਾ।''
ਇੱਕ ਹੋਰ ਸਥਾਨਕ ਪੱਤਰਕਾਰ ਨੇ ਦਾਅਵਾ ਕੀਤਾ ਕਿ ਪਿਤਾ ਅਤੇ ਪੁੱਤਰ "ਦੋ ਸਮੂਹਾਂ ਵਿਚਕਾਰ ਹੋਈਆਂ ਝੜਪਾਂ" ਵਿੱਚ ਮਾਰੇ ਗਏ।
ਪੁਲਿਸ ਹਮਲਾਵਰਾਂ ਦੀ ਪਛਾਣ ਬਾਰੇ "ਚੁੱਪ" ਹੈ, ਉਨ੍ਹਾਂ ਨੂੰ "ਬਦਮਾਸ਼ ਜਾਂ ਸ਼ਰਾਰਤੀ ਅਨਸਰ" ਦੱਸ ਰਹੀ ਹੈ।

ਤਸਵੀਰ ਸਰੋਤ, ANI
ਧੂਲੀਆਨ ਕਸਬੇ ਦੇ ਇੱਕ ਬੰਗਾਲੀ ਅਧਿਆਪਕ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਵੱਡੇ ਪੱਧਰ 'ਤੇ ਪਰ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ ਅਤੇ ਵਕਫ਼ ਵਿਰੋਧੀ ਰੈਲੀਆਂ ਰਾਸ਼ਟਰੀ ਰਾਜਮਾਰਗ 'ਤੇ ਡਾਕ ਬੰਗਲਾ ਮੋੜ ਵੱਲ ਜਾ ਰਹੀਆਂ ਸਨ।
ਉਨ੍ਹਾਂ ਦੱਸਿਆ, "ਪਹਿਲਾਂ, ਇੱਕ ਮਾਮੂਲੀ ਝਗੜਾ ਉਦੋਂ ਹੋਇਆ ਜਦੋਂ ਇੱਕ ਰੈਲੀ ਹਿੰਦੂ ਬਹੁਲਤਾ ਵਾਲੇ ਇਲਾਕੇ, ਘੋਸ਼ ਪਾਰਾ ਨੂੰ ਪਾਰ ਕਰ ਰਹੀ ਸੀ। ਦੋਵਾਂ ਧਿਰਾਂ ਨੇ ਦਾਅਵਾ ਕੀਤਾ ਕਿ ਦੂਜੇ ਧਿਰ ਨੇ ਪੱਥਰਬਾਜ਼ੀ ਪਹਿਲਾਂ ਸ਼ੁਰੂ ਕੀਤੀ ਸੀ। ਜਿਵੇਂ ਹੀ ਇਹ ਜਾਣਕਾਰੀ ਹਾਈਵੇਅ 'ਤੇ ਪ੍ਰਦਰਸ਼ਨਕਾਰੀਆਂ ਤੱਕ ਪਹੁੰਚੀ, ਤਾਂ ਹੰਗਾਮਾ ਹੋ ਗਿਆ। ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਦੀਆਂ ਦੁਕਾਨਾਂ 'ਚ ਭੰਨਤੋੜ ਮਚਾਈ ਗਈ।''
ਹਾਲਾਂਕਿ, ਪੁਲਿਸ ਨੇ ਸ਼ਾਮ ਤੱਕ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ।
ਸ਼ੁੱਕਰਵਾਰ ਨੂੰ ਡਾਕ ਬੰਗਲਾ ਮੋੜ ਤੋਂ ਲਗਭਗ ਸੱਤ ਕਿਲੋਮੀਟਰ ਪੂਰਬ ਵਿੱਚ ਸਜੂਰ ਮੋੜ ਵਿੱਚ ਇੱਕ ਹੋਰ ਸਭਾ ਹੋਈ।
ਅਧਿਆਪਕ ਨੇ ਕਿਹਾ, "ਮੈਂ ਉੱਥੇ ਨਹੀਂ ਸੀ ਪਰ ਅਸੀਂ ਜੋ ਸੁਣਿਆ ਉਹ ਇਹ ਹੈ ਕਿ ਪੁਲਿਸ 'ਤੇ ਹਮਲਾ ਹੋਇਆ ਅਤੇ ਕਈ ਜਣੇ ਜ਼ਖਮੀ ਹੋ ਗਏ। ਸੰਭਵ ਤੌਰ 'ਤੇ ਇਹ ਉਦੋਂ ਹੋਇਆ ਜਦੋਂ ਉਨ੍ਹਾਂ ਨੇ ਗੋਲੀਬਾਰੀ ਕੀਤੀ, ਜਿਸ ਨਾਲ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।''
ਪੁਲਿਸ ਨੇ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।
ਇਸ ਹਿੰਸਾ ਵਿੱਚ ਕਈ ਵਾਹਨਾਂ ਨੂੰ ਸਾੜ ਦਿੱਤਾ ਗਿਆ ਅਤੇ ਜਾਇਦਾਦ ਦੀ ਵੀ ਭੰਨਤੋੜ ਕੀਤੀ ਗਈ, ਜਦਕਿ ਦੋ ਇਲਾਕਿਆਂ, ਰਤਨਪੁਰ ਅਤੇ ਸ਼ਿਵਮੰਦਿਰ ਵਿੱਚ ਕ੍ਰਮਵਾਰ ਇੱਕ ਮੰਦਰ ਅਤੇ ਮਸਜਿਦ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਅਧਿਆਪਕ ਨੇ ਕਿਹਾ, "ਜਾਫਰਾਬਾਦ ਵਿੱਚ ਫੈਲੀ ਹਿੰਸਾ ਮੰਦਭਾਗੀ ਹੈ ਕਿਉਂਕਿ ਇੱਥੇ ਹਿੰਦੂ ਅਤੇ ਮੁਸਲਮਾਨ ਹਮੇਸ਼ਾ ਸ਼ਾਂਤੀ ਨਾਲ ਰਹਿ ਰਹੇ ਹਨ, ਇਹੀ ਕਾਰਨ ਹੈ ਕਿ ਦੋਵਾਂ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਨੇ ਇਸ ਹੰਗਾਮੇ ਦੇ ਵਿਚਕਾਰ, ਮੰਦਰ ਦੀ ਸੁਰੱਖਿਆ ਲਈ ਰਤਨਪੁਰ ਵਿੱਚ ਇੱਕ ਸ਼ਾਂਤੀ ਮੀਟਿੰਗ ਦਾ ਆਯੋਜਨ ਕੀਤਾ।"
ਏਆਈਟੀਸੀ ਨੂੰ ਕਿਉਂ ਦੋਸ਼ੀ ਠਹਿਰਾਇਆ ਜਾ ਰਿਹਾ?

ਤਸਵੀਰ ਸਰੋਤ, ANI
2011 ਦੀ ਜਨਗਣਨਾ ਦੇ ਅਨੁਸਾਰ, ਮੁਰਸ਼ੀਦਾਬਾਦ ਵਿੱਚ 66 ਫੀਸਦੀ ਤੋਂ ਵੱਧ ਮੁਸਲਿਮ ਆਬਾਦੀ ਹੈ ਅਤੇ ਏਆਈਟੀਸੀ (ਆਲ ਇੰਡੀਆ ਤ੍ਰਿਣਮੂਲ ਕਾਂਗਰਸ) ਨੇ ਲਗਭਗ ਸਾਰੀਆਂ ਹਾਲੀਆ ਚੋਣਾਂ ਵਿੱਚ ਲਗਭਗ ਹਰ ਸੀਟ ਜਿੱਤੀ ਹੈ।
ਮੁਰਸ਼ੀਦਾਬਾਦ ਦੇ ਤਿੰਨੋਂ ਸੰਸਦ ਮੈਂਬਰ ਸੂਬੇ ਦੀ ਸੱਤਾਧਾਰੀ ਪਾਰਟੀ ਨਾਲ ਸਬੰਧਤ ਹਨ, ਜਦਕਿ ਸੂਬਾ ਵਿਧਾਨ ਸਭਾ ਦੇ 22 ਵਿੱਚੋਂ 20 ਮੈਂਬਰ ਏਆਈਟੀਸੀ ਦੀ ਨੁਮਾਇੰਦਗੀ ਕਰਦੇ ਹਨ।
ਉੱਤਰੀ ਮੁਰਸ਼ੀਦਾਬਾਦ ਦੇ ਸਾਰੇ ਵਿਧਾਇਕ - ਜਿੱਥੇ ਇਹ ਘਟਨਾਵਾਂ ਵਾਪਰੀਆਂ - ਏਆਈਟੀਸੀ ਨਾਲ ਸਬੰਧਤ ਹਨ ਅਤੇ ਨਗਰ ਪਾਲਿਕਾਵਾਂ ਵੀ। ਅੱਠ ਨਗਰ ਪਾਲਿਕਾਵਾਂ ਵਿੱਚੋਂ ਸੱਤ ਅਤੇ ਸਾਰੀਆਂ 26 ਪੰਚਾਇਤ ਸੰਮਤੀਆਂ ਏਆਈਟੀਸੀ ਦੁਆਰਾ ਨਿਯੰਤਰਿਤ ਹਨ।
ਸੀਨੀਅਰ ਪੱਤਰਕਾਰ ਨੇ ਕਿਹਾ, "ਏਆਈਟੀਸੀ ਦੇ ਇੰਨੇ ਭਾਰੀ ਬਹੁਮਤ ਅਤੇ ਨਿਯੰਤਰਣ ਅਤੇ ਭਾਜਪਾ ਦੀ ਗੈਰ-ਮੌਜੂਦਗੀ... ਸਥਿਤੀ ਕਿਵੇਂ ਇੰਨੀ ਬੇਕਾਬੂ ਹੋ ਗਈ? ਇਹ ਇੱਕ ਸਵਾਲ ਹੈ ਜੋ ਪੁੱਛਿਆ ਜਾਣਾ ਚਾਹੀਦਾ ਹੈ।''
ਜੰਗੀਪੁਰ ਦੇ ਸੰਸਦ ਮੈਂਬਰ ਖਲੀਲੁਰ ਰਹਿਮਾਨ ਅਤੇ ਜੰਗੀਪੁਰ ਦੇ ਵਿਧਾਇਕ ਜ਼ਾਕਿਰ ਹੁਸੈਨ ਨੇ ਸ਼ਨੀਵਾਰ ਰਾਤ ਨੂੰ ਫ਼ੋਨ ਨਹੀਂ ਚੁੱਕਿਆ।

ਤਸਵੀਰ ਸਰੋਤ, ANI
ਧੂਲੀਆਨ ਦੇ ਇੱਕ ਸਮਾਜਿਕ ਕਾਰਕੁਨ, ਜ਼ਿਮ ਨਵਾਜ਼, ਜੋ ਹਾਲੇ ਤੱਕ ਏਆਈਟੀਸੀ ਨਾਲ ਜੁੜੇ ਹੋਏ ਸਨ, ਨੇ ਪੁਲਿਸ ਨੂੰ ਕਾਰਵਾਈ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ, "ਸ਼ੁੱਕਰਵਾਰ ਰਾਤ ਨੂੰ ਸਭ ਕੁਝ ਸ਼ਾਂਤ ਹੋ ਗਿਆ ਅਤੇ ਸ਼ਨੀਵਾਰ ਸਵੇਰੇ ਭੜਕ ਉੱਠਿਆ। ਕਿਉਂ?"
"ਜਵਾਬ ਇਹ ਹੈ ਕਿ ਜਦੋਂ ਦੁਕਾਨਾਂ ਸਾੜੀਆਂ ਗਈਆਂ ਤਾਂ ਪੁਲਿਸ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਅਤੇ ਮੈਨੂੰ ਦੱਸਿਆ ਗਿਆ ਹੈ ਕਿ ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ।"
ਜ਼ੈਦੁਲ ਹੱਕ, ਇੱਕ ਬੰਗਾਲੀ ਅਖਬਾਰ 'ਅਪੋਨਜ਼ੋਨ' ਦੇ ਸੰਪਾਦਕ ਹਨ। ਇਹ ਅਖਬਾਰ ਮੁੱਖ ਤੌਰ 'ਤੇ ਮੁਸਲਿਮ ਭਾਈਚਾਰੇ ਨੂੰ ਧਿਆਨ ਵਿੱਚ ਰੱਖਦਾ ਹੈ। ਸੰਪਾਦਕ ਜ਼ੈਦੁਲ ਨੇ ਕਿਹਾ ਕਿ ਸੂਬੇ ਨੇ ਹਾਲ ਹੀ ਦੇ ਸਮੇਂ ਵਿੱਚ ਹਿੰਸਾ ਦੀ ਇੰਨੀ ਵੱਡੀ ਘਟਨਾ ਨਹੀਂ ਦੇਖੀ ਹੈ।
ਉਨ੍ਹਾਂ ਕਿਹਾ, "ਪ੍ਰਸ਼ਾਸਨ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ; ਲੋਕਾਂ ਨੂੰ ਭੜਕਾਹਟ ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ। ਸਾਡੇ ਪਵਿੱਤਰ ਗ੍ਰੰਥ ਵੀ ਦੂਜੇ ਧਰਮਾਂ ਦੇ ਲੋਕਾਂ ਦਾ ਸਤਿਕਾਰ ਕਰਨ ਲਈ ਕਹਿੰਦੇ ਹਨ ਅਤੇ ਫਿਰ ਵੀ ਅਜਿਹਾ ਹੋਇਆ। ਇਸ ਦੇ ਨਤੀਜੇ ਵੱਡੇ ਹੋ ਸਕਦੇ ਹਨ।''
ਮਤਭੇਦ ਦੀਆਂ ਸੰਭਾਵਨਾਵਾਂ

ਤਸਵੀਰ ਸਰੋਤ, EPA
ਪੱਛਮੀ ਬੰਗਾਲ ਇਕਲੌਤਾ ਪੂਰਬੀ ਭਾਰਤੀ ਸੂਬਾ ਹੈ - ਜਿਸ ਵਿੱਚ ਲੋਕ ਸਭਾ ਸੀਟਾਂ ਦੀ ਤੀਜੀ ਸਭ ਤੋਂ ਵੱਧ ਗਿਣਤੀ (42) ਹੈ - ਜਿੱਥੇ ਭਾਜਪਾ ਨਾ ਤਾਂ ਚੋਣ ਜਿੱਤਣ ਵਿੱਚ ਕਾਮਯਾਬ ਰਹੀ ਹੈ ਅਤੇ ਨਾ ਹੀ ਬਿਹਾਰ ਵਾਂਗ ਜਿੱਤ ਦੀ ਰਾਹ ਵੱਲ ਵੱਧਣ ਲਈ ਕੋਈ ਸਾਥੀ ਲੱਭ ਸਕੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲਗਾਤਾਰ ਜ਼ੋਰਦਾਰ ਮੁਹਿੰਮਾਂ ਦੇ ਬਾਵਜੂਦ, ਪਾਰਟੀ 2019 ਤੋਂ ਲਗਾਤਾਰ 35-40 ਫੀਸਦੀ ਵੋਟਾਂ ਪ੍ਰਾਪਤ ਕਰਨ ਦੇ ਬਾਵਜੂਦ ਵੀ ਸੂਬੇ ਨੂੰ ਜਿੱਤਣ 'ਚ ਅਸਫਲ ਰਹੀ ਹੈ।
ਕਈ ਪੋਲ ਵਿਸ਼ਲੇਸ਼ਕਾਂ ਨੇ ਸੰਕੇਤ ਦਿੱਤੇ ਹਨ ਕਿ ਇੱਕ ਬਹੁਤ ਜ਼ਿਆਦਾ ਧਰੁਵੀਕਰਨ - ਜਿਵੇਂ ਕਿ 2019 ਵਿੱਚ ਹੋਇਆ ਸੀ - ਭਾਜਪਾ ਨੂੰ ਪੱਛਮੀ ਬੰਗਾਲ ਵਿੱਚ ਜਿੱਤ ਦਿਵਾ ਸਕਦਾ ਹੈ। ਭਾਜਪਾ ਦਾ ਹਿੰਦੂ ਵੋਟ ਸ਼ੇਅਰ 2014 ਵਿੱਚ 21 ਫੀਸਦੀ ਤੋਂ ਵੱਧ ਕੇ ਹੈਰਾਨੀਜਨਕ ਢੰਗ ਨਾਲ 57 ਫੀਸਦੀ ਹੋ ਗਿਆ ਸੀ, ਜਿਸ ਨਾਲ 2019 ਵਿੱਚ ਉਨ੍ਹਾਂ ਨੂੰ 42 ਵਿੱਚੋਂ 18 ਸੀਟਾਂ ਮਿਲੀਆਂ। ਇਹ ਭਗਵਾਂ ਪਾਰਟੀ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ।
ਸੈਂਟਰ ਫਾਰ ਸਟੱਡੀਜ਼ ਇਨ ਸੋਸ਼ਲ ਸਾਇੰਸਜ਼ ਦੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਮੈਦੁਲ ਇਸਲਾਮ ਕਹਿੰਦੇ ਹਨ, "ਜੇਕਰ ਸੂਬਾ ਪ੍ਰਸ਼ਾਸਨ ਅਜਿਹੀਆਂ ਘਟਨਾਵਾਂ ਵਿੱਚ ਸ਼ਾਮਲ ਮੁਲਜ਼ਮਾਂ ਦੇ ਸਿਆਸੀ ਅਤੇ ਭਾਈਚਾਰਕ ਰੰਗ ਨੂੰ ਵੇਖੇ ਬਿਨਾਂ ਸਖ਼ਤ ਕਾਰਵਾਈ ਨਹੀਂ ਕਰਦਾ ਹੈ ਤਾਂ ਸੂਬੇ ਵਿੱਚ ਅਜਿਹੀਆਂ ਛੋਟੇ-ਪੱਧਰ ਦੀਆਂ ਫਿਰਕੂ ਝੜਪਾਂ ਹੋਣ ਦੀ ਸੰਭਾਵਨਾ ਹੈ।"
ਉਨ੍ਹਾਂ ਕਿਹਾ, "ਮੁਸਲਮਾਨ ਆਬਾਦੀ ਵਾਲੇ ਇਲਾਕਿਆਂ ਵਿੱਚ ਛੋਟੇ ਪੱਧਰ ਦੀ ਫਿਰਕੂ ਹਿੰਸਾ ਨੇ ਹਮੇਸ਼ਾ ਭਾਜਪਾ ਨੂੰ ਵੱਡਾ ਚੋਣ ਲਾਭ ਦਿੱਤਾ ਹੈ। ਇਸ ਤੱਥ ਨੂੰ ਦੇਖਦੇ ਹੋਏ ਕਿ ਸੂਬੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪੁਲਿਸ ਪ੍ਰਸ਼ਾਸਨ ਅਜਿਹੀ ਹਿੰਸਾ 'ਤੇ ਆਸਾਨੀ ਨਾਲ ਕਾਰਵਾਈ ਨਹੀਂ ਕਰ ਸਕਦਾ।''
ਦੂਜੀ ਛੋਟੀ ਵਿਰੋਧੀ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਲਗਾਤਾਰ ਇਹ ਦੇਖਿਆ ਹੈ ਅਤਿਅੰਤ ਧਰੁਵੀਕਰਨ ਦਾ ਫਾਇਦਾ ਏਆਈਟੀਸੀ ਅਤੇ ਭਾਜਪਾ ਦੋਵਾਂ ਨੂੰ ਚੋਣਾਂ ਦੌਰਾਨ ਹੁੰਦਾ ਹੈ।

ਤਸਵੀਰ ਸਰੋਤ, Getty Images
ਅਰਥਸ਼ਾਸਤਰੀ ਅਮਰਤਿਆ ਸੇਨ ਦੇ ਪ੍ਰਤਿਚੀ ਇੰਸਟੀਚਿਊਟ ਦੇ ਰਾਸ਼ਟਰੀ ਖੋਜ ਕੋਆਰਡੀਨੇਟਰ ਅਤੇ ਰਾਜਨੀਤਿਕ ਵਿਸ਼ਲੇਸ਼ਕ ਸਾਬੀਰ ਅਹਿਮਦ ਨੇ ਕਿਹਾ, "ਪਿਛਲੇ 10 ਸਾਲਾਂ ਵਿੱਚ, ਬੰਗਾਲ ਵਿੱਚ ਫਿਰਕੂ ਹਿੰਸਾ ਅਤੇ ਤਣਾਅ ਲਗਾਤਾਰ ਵਧਿਆ ਹੈ, ਹਾਲਾਂਕਿ ਸਾਡੇ ਕੋਲ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਤੋਂ ਕੋਈ ਅੰਕੜਾ ਨਹੀਂ ਹੈ।''
ਉਨ੍ਹਾਂ ਕਿਹਾ, "ਫਿਰ ਵੀ ਅਸੀਂ ਤਜ਼ਰਬੇ ਨਾਲ ਇਹ ਸਥਾਪਿਤ ਕਰ ਸਕਦੇ ਹਾਂ ਕਿ ਅਰਧ-ਸ਼ਹਿਰੀ ਤੋਂ ਪੇਂਡੂ ਖੇਤਰਾਂ ਤੱਕ ਫਿਰਕੂ ਹਿੰਸਾ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਨਾਲ ਇੱਕ ਜ਼ਬਰਦਸਤ ਧਰੁਵੀਕਰਨ ਹੋਇਆ ਹੈ, ਜਿਸਨੇ ਬਦਲੇ ਵਿੱਚ ਸੱਤਾਧਾਰੀ ਪਾਰਟੀ ਅਤੇ ਭਾਜਪਾ ਦੋਵਾਂ ਦੀ ਚੋਣਤਮਕ ਤੌਰ 'ਤੇ ਮਦਦ ਕੀਤੀ ਜਾਪਦੀ ਹੈ।''
ਉਹ ਚੇਤਾਵਨੀ ਦਿੰਦੇ ਹਨ ਕਿ ਸਥਿਤੀ ਹੋਰ ਵਿਗੜ ਸਕਦੀ ਹੈ।
ਏਆਈਟੀਸੀ ਦੇ ਇੱਕ ਸੂਤਰ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਸਥਿਤੀ ਹੋਰ ਨਾ ਵਿਗੜੇ, ਮੁੱਖ ਮੰਤਰੀ ਮਮਤਾ ਬੈਨਰਜੀ ਨੇ 16 ਅਪ੍ਰੈਲ ਨੂੰ ਮੁਸਲਿਮ ਭਾਈਚਾਰੇ ਦੇ ਆਗੂਆਂ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਹੈ।
ਏਆਈਟੀਸੀ ਦੇ ਸੂਤਰ ਨੇ ਕਿਹਾ, "ਉਹ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਿੱਧੇ ਤੌਰ 'ਤੇ ਨਿਗਰਾਨੀ ਕਰ ਰਹੇ ਹਨ ਅਤੇ ਸ਼ਨੀਵਾਰ ਰਾਤ ਨੂੰ ਸਾਰੇ ਉੱਚ ਅਧਿਕਾਰੀਆਂ ਨੂੰ ਮੁਰਸ਼ੀਦਾਬਾਦ ਭੇਜਿਆ ਗਿਆ, ਜਿਸ ਵਿੱਚ ਪੁਲਿਸ ਮੁਖੀ ਵੀ ਸ਼ਾਮਲ ਹਨ।"
ਭਾਜਪਾ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਆਪਣੇ ਉੱਚ ਆਗੂਆਂ ਨੂੰ ਮੁਰਸ਼ੀਦਾਬਾਦ ਭੇਜਣ ਅਤੇ ਸੋਮਵਾਰ ਤੋਂ ਇੱਕ ਉੱਚ-ਆਕਟਾਇਨ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












