ਪੰਜਾਬ ਪੁਲਿਸ ਦੇ ਕਥਿਤ ਮੁਕਾਬਲਿਆਂ 'ਚ ਮਾਰੇ ਨੌਜਵਾਨਾਂ ਦੇ ਪਰਿਵਾਰਾਂ ਦਾ ਦਰਦ, 'ਨਿਰਪੱਖ ਜਾਂਚ ਹੋਵੇ, ਪਤਾ ਲੱਗੇ ਮੁਕਾਬਲਾ ਕਿਉਂ ਹੋਇਆ'

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਸਾਡਾ ਬੱਚਾ ਇਸ ਤਰ੍ਹਾਂ ਦਾ ਨਹੀਂ ਸੀ। ਨਤੀਜਾ ਨਿਕਲਣਾ ਚਾਹੀਦਾ। ਉਹ ਕਿਵੇਂ ਇਸ ਵਾਰਦਾਤ ਵਿੱਚ ਸ਼ਾਮਲ ਹੋਇਆ। ਇਹ ਸਭ ਕਿਵੇਂ ਵਾਪਰਿਆ।"
ਇਹ ਸ਼ਬਦ ਲਖਵਿੰਦਰ ਸਿੰਘ ਦੇ ਹਨ ਜਿਨ੍ਹਾਂ ਨੇ ਬੀਤੇ 13 ਮਾਰਚ ਨੂੰ ਆਪਣੇ ਇਕਲੌਤੇ ਪੁੱਤਰ ਨੂੰ ਸਦਾ ਲਈ ਗੁਆ ਲਿਆ ਸੀ। ਪੰਜਾਬ ਪੁਲਿਸ ਨੇ ਉਸ ਨੂੰ ਇੱਕ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਸੀ।
ਲਖਵਿੰਦਰ ਸਿੰਘ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸ਼ੀਹਾਂ ਦੌਦ ਪਿੰਡ ਦੇ ਰਹਿਣ ਵਾਲੇ ਹਨ।
ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਘਰ ਦੇ ਹਾਲਾਤ ਦੇਖਣ ਤੋਂ ਬਾਅਦ ਸਾਫ਼ ਨਜ਼ਰ ਆਉਂਦਾ ਹੈ ਕਿ ਉਹ ਜਿੰਨੇ ਦੁਖੀ ਆਪਣੇ ਪੁੱਤ ਦੀ ਮੌਤ ਤੋਂ ਹਨ, ਉਸ ਤੋਂ ਵੀ ਵੱਧ ਡਰ ਅਤੇ ਸਹਿਮ ਦੇ ਸਾਏ ਹੇਠ ਜੀਅ ਰਹੇ ਹਨ।
ਲਖਵਿੰਦਰ ਸਿੰਘ ਦੇ ਪੁੱਤ ਜਸਪ੍ਰੀਤ ਸਿੰਘ ਉੱਤੇ ਆਪਣੇ ਹੀ ਪਿੰਡ ਦੇ 7 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਇਲਜ਼ਾਮ ਸਨ।
ਪੁਲਿਸ ਦੇ ਦਾਅਵੇ ਮੁਤਾਬਕ ਜਦੋਂ ਉਨ੍ਹਾਂ ਅਗਵਾ ਬੱਚੇ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਜਸਪ੍ਰੀਤ ਨੇ ਕਥਿਤ ਤੌਰ ਉੱਤੇ ਉਨ੍ਹਾਂ ਉੱਪਰ ਗੋਲੀਆਂ ਚਲਾ ਦਿੱਤੀਆਂ ਅਤੇ ਜਵਾਬ ਕਾਰਵਾਈ ਵਿੱਚ ਉਸਦੀ ਮੌਤ ਹੋ ਗਈ।
ਇਹ ਘਟਨਾ ਪਟਿਆਲਾ ਜ਼ਿਲ੍ਹੇ ਵਿੱਚ ਨਾਭਾ ਰੋਡ ਉੱਤੇ ਸਥਿਤ ਪੈਂਦੇ ਪਿੰਡ ਮੰਡੋੜ ਵਿਖੇ ਵਾਪਰੀ ਸੀ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਕਥਿਤ ਪੁਲਿਸ ਮੁਕਾਬਲੇ ਦੀ ਇਹ ਪਹਿਲੀ ਅਤੇ ਆਖ਼ਰੀ ਘਟਨਾ ਨਹੀਂ ਸੀ। ਇਸ ਘਟਨਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਕਥਿਤ ਪੁਲਿਸ ਮੁਕਾਬਲੇ ਹੋਏ ਹਨ। ਇਹ ਸਿਲਸਿਲਾ ਅਜੇ ਵੀ ਜਾਰੀ ਹੈ।
ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ 3 ਸਾਲਾਂ ਵਿੱਚ 195 ਕਥਿਤ ਪੁਲਿਸ ਮੁਕਾਬਲੇ ਹੋਏ ਹਨ ਜਿਨ੍ਹਾਂ ਵਿੱਚ 23 ਕਥਿਤ ਮੁਲਜ਼ਮ ਮਾਰੇ ਗਏ ਅਤੇ 160 ਤੋਂ ਵੱਧ ਮੁਲਜ਼ਮ ਜ਼ਖਮੀ ਹੋਏ ਹਨ।
ਭਾਵੇਂ ਕਿ ਪੰਜਾਬ ਸਰਕਾਰ ਜਾਂ ਪੁਲਿਸ ਨੇ ਕਥਿਤ ਪੁਲਿਸ ਮੁਕਾਬਲਿਆਂ ਦਾ ਅਧਿਕਾਰਤ ਡਾਟਾ ਸਾਂਝਾ ਨਹੀਂ ਕੀਤਾ ਹੈ, ਪਰ ਪਿਛਲੇ ਕੁਝ ਮਹੀਨਿਆਂ ਦੌਰਾਨ ਇਨ੍ਹਾਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋਣ ਅਤੇ ਸੂਬਾ ਸਰਕਾਰ ਦੇ ਮੰਤਰੀਆਂ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਇਸ ਵਰਤਾਰੇ ਨੂੰ ਜਾਇਜ਼ ਠਹਿਰਾਉਣ ਉੱਤੇ ਸਵਾਲ ਖੜ੍ਹੇ ਹੋਏ ਹਨ।
ਜੇਕਰ ਅਸੀਂ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਸਾਲ 2016 ਤੋਂ 2022 ਤੱਕ ਪੁਲਿਸ ਮੁਕਾਬਲਿਆਂ ਵਿੱਚ ਹੋਈਆਂ ਮੌਤਾਂ ਬਾਰੇ ਗ੍ਰਹਿ ਮੰਤਰਾਲੇ ਵੱਲੋਂ ਲੋਕ ਸਭਾ ਵਿੱਚ ਜਾਰੀ ਇੱਕ ਬਿਆਨ ਤੋਂ ਜਾਣਕਾਰੀ ਮਿਲਦੀ ਹੈ।
ਗ੍ਰਹਿ ਮੰਤਰਾਲੇ ਨੇ 8 ਫਰਵਰੀ 2022 ਨੂੰ ਲੋਕ ਸਭਾ ਵਿੱਚ ਇੱਕ ਜਵਾਬ ਵਿੱਚ ਦੱਸਿਆ ਕਿ ਇੱਕ ਅਪ੍ਰੈਲ 2017 ਤੋਂ 10 ਮਾਰਚ 2022 ਤੱਕ ਪੁਲਿਸ ਮੁਕਾਬਲਿਆਂ ਵਿੱਚ ਹੋਈਆਂ ਮੌਤਾਂ ਦੇ ਪੰਜਾਬ ਵਿੱਚ 8 ਮਾਮਲੇ ਦਰਜ ਹੋਏ ਸਨ।
ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ, ਮਨੁੱਖੀ ਅਧਿਕਾਰਾਂ ਸੰਸਥਾਵਾਂ ਅਤੇ ਸਮਾਜਿਕ ਕਾਰਕੁਨਾਂ ਵੱਲੋਂ ਇਨ੍ਹਾਂ ਪੁਲਿਸ ਮੁਕਾਬਲਿਆਂ ਉੱਤੇ ਸਵਾਲ ਵੀ ਚੁੱਕੇ ਗਏ ਹਨ।
ਬੇ-ਭਰੋਸਗੀ ਅਤੇ ਇਨਸਾਫ਼
ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਜਸਪ੍ਰੀਤ ਸਿੰਘ ਦਾ ਸਹਿਮਿਆ ਹੋਇਆ ਪਰਿਵਾਰ ਇਨਸਾਫ਼ ਚਾਹੁੰਦਾ ਹੈ ਪਰ ਇਨਸਾਫ਼ ਦੀ ਆਵਾਜ਼ ਚੁੱਕਣ ਤੋਂ ਡਰਦਾ ਹੈ।
ਉਸ ਦੇ ਪਰਿਵਾਰਕ ਮੈਂਬਰ ਕਹਿੰਦੇ ਹਨ ਕਿ ਘਟਨਾ ਦੇ ਸਾਰੇ ਤੱਥ ਸਾਹਮਣੇ ਆਉਣੇ ਚਾਹੀਦੇ ਹਨ ਪਰ ਉਹ ਇਸ ਮੰਗ ਨੂੰ ਕਿਸੇ ਮੰਚ ਉੱਤੇ ਰੱਖਣ ਤੋਂ ਡਰ ਰਹੇ ਹਨ।
ਜਸਪ੍ਰੀਤ ਦੇ ਪਿਤਾ ਲਖਵਿੰਦਰ ਕਹਿੰਦੇ ਹਨ, "ਸਾਡਾ ਬੱਚਾ ਇਸ ਤਰ੍ਹਾਂ ਦਾ ਨਹੀਂ ਸੀ। ਨਤੀਜਾ ਨਿਕਲਣਾ ਚਾਹੀਦਾ। ਉਹ ਕਿਵੇਂ ਇਸ ਵਾਰਦਾਤ ਵਿੱਚ ਸ਼ਾਮਲ ਹੋਇਆ। ਇਹ ਸਭ ਕਿਵੇਂ ਵਾਪਰਿਆ।"
"ਅਸੀਂ ਤਾਂ ਕੁਝ ਨਹੀਂ ਕਰ ਸਕਦੇ। ਅਸੀਂ ਇੰਨੇ ਜੋਗੇ ਨਹੀਂ ਹਾਂ। ਅਸੀਂ ਕਿਸੇ ਦੇ ਖ਼ਿਲਾਫ਼ ਨਹੀਂ ਜਾ ਸਕਦੇ। ਸਾਡੀ ਇੰਨੀ ਪਹੁੰਚ ਨਹੀਂ ਹੈ।"
ਜਸਪ੍ਰੀਤ ਦੇ ਦਾਦਾ ਜਸਵਿੰਦਰ ਕਹਿੰਦੇ ਹਨ ਕਿ ਕਿਸੇ ਨਿਰਪੱਖ਼ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ ਕਿ ਪੁਲਿਸ ਮੁਕਾਬਲਾ ਕਿਉਂ ਹੋਇਆ।
"ਇੰਨਾ ਵੱਡਾ ਤਾਂ ਉਸ ਦਾ ਜੁਰਮ ਨਹੀਂ ਸੀ, ਜਿੰਨੀ ਸਜ਼ਾ ਮਿਲੀ ਅਤੇ ਪਹਿਲਾਂ ਉਹ ਕਿਸੇ ਵੀ ਤਰ੍ਹਾਂ ਦੇ ਅਪਰਾਧ ਵਿੱਚ ਸ਼ਾਮਲ ਨਹੀਂ ਸੀ। ਇਹ ਤੱਥ ਸਾਹਮਣੇ ਆਉਣੇ ਚਾਹੀਦੇ ਹਨ ਕਿ ਸਾਰੀ ਘਟਨਾ ਕਿਵੇਂ ਵਾਪਰੀ। ਕਿਸ ਨੇ ਉਸ ਨੂੰ ਫਸਾਇਆ।"

ਜਸਪ੍ਰੀਤ ਕੌਣ ਸੀ
22 ਸਾਲਾ ਜਸਪ੍ਰੀਤ ਸਿੰਘ ਆਪਣੇ ਲੁਧਿਆਣਾ ਜ਼ਿਲ੍ਹੇ ਵਿੱਚ ਖੰਨੇ ਨੇੜੇ ਪੈਂਦੇ ਪਿੰਡ ਸ਼ੀਹਾਂ ਦੌਦ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ।
ਪਿਛਲੇ ਢਾਈ ਸਾਲਾਂ ਤੋਂ ਉਹ ਕੈਨੇਡਾ ਰਹਿ ਰਿਹਾ ਸੀ। ਇੱਥੇ ਉਹ ਸਟੱਡੀ ਵੀਜ਼ੇ ਉੱਤੇ ਗਿਆ ਸੀ।
ਜਸਪ੍ਰੀਤ ਦੀ ਪਰਿਵਾਰ ਮੁਤਾਬਕ ਕੈਨੇਡਾ ਵਿੱਚ ਉਸ ਨੇ 'ਕੋਰਟ ਮੈਰਿਜ' ਕਰਵਾ ਲਈ ਸੀ ਅਤੇ ਇਸੇ ਸਾਲ ਅਕਤੂਬਰ ਮਹੀਨੇ ਪਿੰਡ ਵਿੱਚ ਆ ਕੇ ਉਸ ਨੇ ਰਹੁ-ਰੀਤਾਂ ਨਾਲ ਆਨੰਦ ਕਾਰਜ ਕਰਵਾਉਣਾ ਸੀ। ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ।
ਉਸ ਦੇ ਪਿਤਾ ਦੱਸਦੇ ਹਨ ਕਿ ਜਸਪ੍ਰੀਤ ਚੰਗੇ ਸੁਭਾਅ ਦਾ ਮਾਲਕ ਸੀ ਅਤੇ ਧਾਰਮਿਕ ਬਿਰਤੀ ਵਾਲਾ ਨੌਜਵਾਨ ਸੀ। ਉਸ ਉੱਤੇ ਕੋਈ ਵੀ ਪੁਲਿਸ ਕੇਸ ਦਰਜ ਨਹੀਂ ਸੀ।
ਉਨ੍ਹਾਂ ਦੱਸਿਆ ਕਿ ਉਹ ਕਦੇ ਵੀ ਕਿਸੇ ਝਗੜੇ ਜਾਂ ਵਿਵਾਦ ਵਿੱਚ ਸ਼ਾਮਲ ਨਹੀਂ ਰਿਹਾ।
ਜਸਪ੍ਰੀਤ ਦੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਉਹ ਪੰਜਾਬ ਵਾਪਸ ਆਇਆ ਹੋਇਆ ਹੈ।
ਉਸ ਦੇ ਪਿਤਾ ਲਖਵਿੰਦਰ ਦੱਸਦੇ ਹਨ ਕਿ ਉਨ੍ਹਾਂ ਦੀ ਨੂੰਹ ਨੇ ਘਟਨਾ ਮਗਰੋਂ ਦੱਸਿਆ ਕਿ ਜਸਪ੍ਰੀਤ ਕੁਝ ਦਿਨ ਵਾਸਤੇ 'ਸ੍ਰਪ੍ਰਾਈਜ਼ ਵਿਜ਼ਿਟ' ਉੱਤੇ ਪੰਜਾਬ ਆਇਆ ਸੀ। ਉਹ ਅਚਾਨਕ ਆਪਣੇ ਪਰਿਵਾਰ ਨੂੰ ਮਿਲ ਕੇ ਉਨ੍ਹਾਂ ਨੂੰ ਖੁਸ਼ ਕਰਨਾ ਚਾਹੁੰਦਾ ਸੀ।
ਲਖਵਿੰਦਰ ਕਹਿੰਦੇ ਹਨ ਕਿ ਉਹ ਆਪਣੇ ਪੁੱਤ ਦੀ ਪੰਜਾਬ ਫੇਰੀ ਤੋਂ ਅਣਜਾਣ ਸਨ।

ਪੁਲਿਸ ਮੁਕਾਬਲੇ ਵਾਲੇ ਦਿਨ ਜਸਪ੍ਰੀਤ ਦਾ ਪਰਿਵਾਰਕ ਕਿੱਥੇ ਸੀ
13 ਮਾਰਚ ਵਾਲੇ ਦਿਨ ਜਸਪ੍ਰੀਤ ਦੀ ਪਿਤਾ ਅਤੇ ਦਾਦਾ ਅਗਵਾ ਹੋਏ ਬੱਚੇ ਦੇ ਪਰਿਵਾਰ ਦੀ ਮਦਦ ਕਰ ਰਹੇ ਸਨ। ਉਹ ਪਰਿਵਾਰ ਨਾਲ ਮਿਲ ਕੇ ਅਗਵਾ ਹੋਏ ਬੱਚੇ ਨੂੰ ਲੱਭ ਰਹੇ ਸਨ ਅਤੇ ਸੀਸੀਟੀਵੀ ਕੈਮਰੇ ਵੀ ਫਰੋਲ ਰਹੇ ਸਨ।
ਉਹ ਦੱਸਦੇ ਹਨ, "ਅਸੀਂ ਤਾਂ ਪੀੜਤ ਪਰਿਵਾਰ ਨਾਲ ਬੱਚਾ ਲੱਭ ਰਹੇ ਸੀ, ਕੈਮਰੇ ਵੇਖ ਰਹੇ ਸੀ। 4 ਵਜੇ ਸਾਨੂੰ ਪੁਲਿਸ ਲੈ ਗਈ ਸੀ। ਸਾਨੂੰ ਪੁਲਿਸ ਪੁੱਛ ਰਹੀ ਸੀ ਤੁਹਾਡਾ ਪੁੱਤ ਕਿੱਥੇ ਹੈ। ਸਾਡੇ ਮੁਤਾਬਕ ਤਾਂ ਉਹ ਕੈਨੇਡਾ ਵਿੱਚ ਸੀ। ਸਾਨੂੰ ਪੁਲਿਸ 12 ਵਜੇ ਘਰ ਛੱਡ ਗਈ ਸੀ।''
"ਰਾਤ ਨੂੰ ਜਦੋਂ ਮੇਰੀ ਪਤਨੀ ਨੇ ਫੇਸਬੁੱਕ ਖੋਲ੍ਹਿਆ ਤਾਂ ਉਸ ਨੂੰ ਜਸਪ੍ਰੀਤ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋਣ ਬਾਰੇ ਪਤਾ ਲੱਗਿਆ।"
ਜਸਵਿੰਦਰ ਨੇ ਦਾਅਵਾ ਕੀਤਾ ਕਿ ਇਸ ਦਿਨ ਦੋ ਪੁਲਿਸ ਮੁਲਾਜ਼ਮ ਰਾਤ ਨੂੰ ਵੀ ਉਨ੍ਹਾਂ ਦੇ ਘਰ ਰੁਕੇ ਸਨ।

ਜਸਪ੍ਰੀਤ ਬਾਰੇ ਪੁਲਿਸ ਨੇ ਕੀ ਕਿਹਾ
ਪੁਲਿਸ ਨੇ 13 ਮਾਰਚ ਨੂੰ ਜਾਰੀ ਪ੍ਰੈੱਸ ਰਿਲੀਜ਼ ਵਿੱਚ ਕਿਹਾ ਸੀ ਕਿ ਨਾਭਾ ਰੋਡ 'ਤੇ ਪਿੰਡ ਮੰਡੌੜ ਵਿਖੇ ਹੋਏ ਪੁਲਿਸ ਮੁਕਾਬਲੇ ਵਿੱਚ ਇੱਕ ਬਦਮਾਸ਼ ਅਗਵਾਕਾਰ ਮਾਰਿਆ ਗਿਆ ਹੈ ਜਦਕਿ ਤਿੰਨ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।
ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਪੁਲਿਸ ਆਪਰੇਸ਼ਨ ਦੀ ਜਾਣਕਾਰੀ ਦਿੰਦਿਆਂ ਦੱਸਿਆ, "12 ਮਾਰਚ ਦੀ ਸ਼ਾਮ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਅਗਵਾਕਾਰਾਂ ਨੇ ਆਪਣੇ ਘਰ ਦੇ ਬਾਹਰ ਖੇਡ ਰਹੇ 7 ਸਾਲਾਂ ਦੇ ਭਵਕੀਰਤ ਸਿੰਘ ਨੂੰ ਉਸ ਦੇ ਪਿੰਡ ਖੰਨਾ-ਮਾਲੇਰਕੋਟਲਾ ਰੋਡ 'ਤੇ ਸਥਿਤ ਪਿੰਡ ਸ਼ੀਹਾਂ ਦੌਦ ਤੋਂ ਅਗਵਾ ਕਰ ਲਿਆ ਸੀ। ਅਗਵਾਕਾਰਾਂ ਨੇ ਪਰਿਵਾਰ ਕੋਲੋਂ ਇੱਕ ਕਰੋੜ ਰੁਪਏ ਦੀ ਫ਼ਿਰੌਤੀ ਦੀ ਰਕਮ ਦੀ ਮੰਗ ਕੀਤੀ ਸੀ।"
ਡੀਆਈਜੀ ਸਿੱਧੂ ਨੇ ਮੀਡੀਆ ਬਿਆਨ ਵਿੱਚ ਕਿਹਾ ਸੀ ਕਿ 12 ਮਾਰਚ ਨੂੰ ਬਾਅਦ ਦੁਪਹਿਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਗਵਾਕਾਰ ਪਟਿਆਲਾ ਜ਼ਿਲ੍ਹੇ 'ਚ ਨਾਭਾ ਸੜਕ 'ਤੇ ਪਿੰਡ ਮੰਡੌੜ ਨੇੜੇ ਤੇੜੇ ਹਨ, ਤਾਂ ਪਟਿਆਲਾ, ਮਾਲੇਰਕੋਟਲਾ ਅਤੇ ਖੰਨਾ ਪੁਲਿਸ ਦੀਆਂ ਟੀਮਾਂ ਨੇ ਤੁਰੰਤ ਸਾਂਝੀ ਕਾਰਵਾਈ ਕੀਤੀ।
ਇਸ ਦੌਰਾਨ ਅਗਵਾਕਾਰਾਂ ਨੇ ਸੀਸੀਟੀਵੀ ਕੈਮਰਿਆਂ ਤੋਂ ਬਚਣ ਲਈ ਬੱਚੇ ਨੂੰ ਫਾਰਚੂਨਰ ਗੱਡੀ ਵਿੱਚ ਬਿਠਾ ਲਿਆ ਸੀ। ਜਦਕਿ ਦੋ ਜਣੇ ਦੂਸਰੀ ਦਿਸ਼ਾ ਵੱਲ ਚੱਲ ਪਏ ਸਨ।
ਇਸ ਮੌਕੇ ਉਨ੍ਹਾਂ ਨੇ ਪੁਲਿਸ 'ਤੇ ਗੋਲੀ ਚਲਾਈ ਤਾਂ ਜਵਾਬੀ ਫਾਇਰਿੰਗ 'ਚ ਇੱਕ ਅਗਵਾਕਾਰ ਮਾਰਿਆ ਗਿਆ, ਜਿਸ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸ਼ੀਹਾਂ ਦੌਦ ਵਜੋਂ ਹੋਈ ਸੀ।
ਉਸ ਦੇ ਦੂਸਰੇ ਸਾਥੀਆਂ ਹਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਰਵੀ ਭਿੰਡਰ ਪੁੱਤਰ ਧਰਪਾਲ ਵਾਸੀ ਅਮਰਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਦੱਸਿਆ ਸੀ ਕਿ ਅਗਵਾਕਾਰਾਂ ਕੋਲੋਂ 32 ਬੋਰ ਦਾ ਇੱਕ ਪਿਸਤੌਲ ਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਵੀ ਬਰਾਮਦ ਹੋਇਆ ਸੀ।
ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵਿੱਤੀ ਇਨਾਮ ਅਤੇ ਤਰੱਕੀਆਂ
ਡੀਆਈਜੀ ਮਨਦੀਪ ਸਿੱਧੂ ਨੇ ਦੱਸਿਆ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਗੌਰਵ ਯਾਦਵ ਅਗਵਾ ਹੋਏ ਬੱਚੇ ਭਵਕੀਰਤ ਸਿੰਘ ਨੂੰ ਸੁਰੱਖਿਅਤ ਬਚਾਉਣ ਲਈ ਪੰਜਾਬ ਪੁਲਿਸ ਦੀ ਕਾਰਵਾਈ ਦੀ ਖ਼ੁਦ ਨਿਗਰਾਨੀ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਅਤੇ ਡੀਜੀਪੀ ਨੇ ਪੁਲਿਸ ਮੁਕਾਬਲਾ ਕਰਨ ਵਾਲੀ ਪੁਲਿਸ ਦੀ ਟੀਮ ਨੂੰ ਸ਼ਾਬਾਸ਼ ਦਿੰਦਿਆਂ 10 ਲੱਖ ਰੁਪਏ ਦਾ ਨਗ਼ਦ ਇਨਾਮ ਦਿੱਤਾ ਸੀ ਅਤੇ ਟੀਮ ਨੂੰ ਤਰੱਕੀਆਂ ਦਾ ਵਾਅਦਾ ਕੀਤਾ ਸੀ।
'ਆਪ' ਆਗੂਆਂ ਦਾ ਪੁਲਿਸ ਮੁਕਾਬਲਿਆਂ ਪ੍ਰਤੀ ਰੁਖ਼
"ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਕਾਨੂੰਨ ਨੂੰ ਆਪਣੇ ਹੱਥੀਂ ਲਊਗਾ, ਉਹਦੇ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਚਾਹੇ ਕੋਈ ਵਿਅਕਤੀ ਜੇਕਰ ਕਾਨੂੰਨ ਨੂੰ ਖ਼ਰਾਬ ਕਰਨ ਦਾ ਯਤਨ ਕਰੂਗਾ, ਕਾਨੂੰਨ ਨੂੰ ਤੋੜਨ ਦਾ ਯਤਨ ਕਰੂਗਾ, ਤਾਂ ਮੈਂ ਸਮਝਦਾ ਉਹਨੂੰ ਪੰਜਾਬ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਣਾ ਪਊਗਾ।"
13 ਮਾਰਚ ਨੂੰ ਅਗਵਾ ਹੋਏ ਬੱਚੇ ਨੂੰ ਸ਼ੀਹਾਂ ਦੌਦ ਵਿੱਚ ਪਰਿਵਾਰ ਨੂੰ ਸੌਂਪਦਿਆਂ ਇਹ ਬਿਆਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮੇ ਨੇ ਦਿੱਤਾ ਸੀ। ਇਸ ਤੋਂ ਇਲਾਵਾ ਪਾਰਟੀ ਦੇ ਹੋਰਨਾਂ ਆਗੂਆਂ ਨੇ ਵੀ ਪੁਲਿਸ ਮੁਕਾਬਲਿਆਂ ਦੀ ਹਮਾਇਤ ਕੀਤੀ ਸੀ।
ਉਧਰ, ਅਗਵਾ ਹੋਏ ਬੱਚੇ ਦੇ ਦਾਦਾ ਗੁਰਜੰਟ ਸਿੰਘ ਨੇ ਪੁਲਿਸ ਕਾਰਵਾਈ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਬੱਚਾ ਜਸਪ੍ਰੀਤ ਤੋਂ ਬਰਾਮਦ ਕਰ ਲਿਆ ਗਿਆ ਸੀ। ਇਸ ਲਈ ਪੁਲਿਸ ਨੇ ਢੁਕਵੀਂ ਕਾਰਵਾਈ ਕੀਤੀ ਹੈ।
18 ਮਾਰਚ ਨੂੰ ਲੁਧਿਆਣਾ ਵਿੱਚ ਹੋਏ ਇੱਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਸੀ ਵੱਡੇ-ਵੱਡੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਅਤੇ ਜੇਕਰ ਕੋਈ ਭੱਜਦਾ ਹੈ ਤਾਂ ਪੁਲਿਸ ਮੁਕਾਬਲੇ ਦੌਰਾਨ ਗੋਲੀਆਂ ਚਲਾਈਆਂ ਜਾਂਦੀਆਂ ਸਨ।
ਅਰਵਿੰਦ ਕੇਜਰੀਵਾਲ ਇਨ੍ਹਾਂ ਪੁਲਿਸ ਮੁਕਾਬਲਿਆਂ ਨੂੰ ਪੰਜਾਬ ਸਰਕਾਰ ਦੀਆਂ ਉਪਲੱਬਧੀਆਂ ਵਿੱਚ ਜੋੜ ਰਹੇ ਸਨ।

ਰਾਜਪੁਰਾ ਵਿੱਚ ਪੁਲਿਸ ਮੁਕਾਬਲਾ
ਲਖਵਿੰਦਰ ਸਿੰਘ ਵਾਂਗ ਹੀ ਰਾਜਪੁਰਾ ਦਾ ਇੱਕ ਪਰਿਵਾਰ ਆਪਣੇ ਪੁੱਤ ਦੇ ਹੋਏ ਪੁਲਿਸ ਮੁਕਾਬਲੇ ਉੱਤੇ ਸਵਾਲ ਖੜ੍ਹਾ ਕਰ ਰਿਹਾ ਹੈ।
ਇਹ ਕਥਿਤ ਪੁਲਿਸ ਮੁਕਾਬਲਾ 10 ਮਾਰਚ ਨੂੰ ਰਾਜਪੁਰਾ ਨੇੜੇ ਹੋਇਆ ਸੀ। ਜਿਸ ਵਿੱਚ ਤੇਜਿੰਦਰ ਸਿੰਘ ਉਰਫ਼ ਤੇਜ਼ੀ ਨਾਂ ਦਾ ਨੌਜਵਾਨ ਜਖ਼ਮੀ ਹੋਇਆ ਸੀ ਜੋ ਇਸ ਵੇਲੇ ਜੇਲ੍ਹ ਵਿੱਚ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਮੁਲਜ਼ਮ ਦੀ ਮਾਤਾ ਕਮਲਜੀਤ ਕੌਰ ਨੇ ਇਲਜ਼ਾਮ ਲਾਏ, ਕਿ "ਪੁਲਿਸ ਨੇ ਝੂਠਾ ਮੁਕਾਬਲਾ ਕਰ ਕੇ ਉਸ ਦੇ ਪੁੱਤ ਉੱਤੇ ਗੋਲੀ ਚਲਾਈ।"
ਉਨ੍ਹਾਂ ਦੱਸਿਆ ਕਿ ਤੇਜਿੰਦਰ ਘਰੋਂ ਦਵਾਈ ਲੈਣ ਲਈ ਨਿਕਲਿਆ ਸੀ ਪਰ ਉਹ ਡਾਕਟਰ ਕੋਲ ਨਹੀਂ ਪਹੁੰਚਿਆ।
ਉਹ ਇਹ ਵੀ ਇਲਜ਼ਾਮ ਲਗਾਉਂਦੇ ਹਨ, "ਸਾਡੇ ਪੁੱਤ ਨੂੰ ਹਿਰਾਸਤ ਵਿੱਚ ਕਿਸੇ ਹੋਰ ਜਗ੍ਹਾ ਤੋਂ ਲਿਆ ਗਿਆ ਅਤੇ ਕਥਿਤ ਪੁਲਿਸ ਮੁਕਾਬਲੇ ਕਿਸੇ ਹੋਰ ਜਗ੍ਹਾ ਬਣਾਇਆ ਗਿਆ।"
ਕਮਲਜੀਤ ਕੌਰ ਨੇ ਦੱਸਿਆ, "ਦੋ ਪੁਲਿਸ ਮੁਲਜ਼ਮਾਂ ਨੇ ਤੇਜਿੰਦਰ ਨੂੰ ਹਿਰਾਸਤ ਵਿੱਚ ਲਿਆ। ਬਾਅਦ ਵਿੱਚ ਇੱਕ ਅਧਿਕਾਰੀ ਨੇ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਗੋਲੀ ਮਾਰਨ ਤੋਂ ਪਹਿਲਾਂ ਪੁਲਿਸ ਨੇ ਉਸ ਨੂੰ ਉਨ੍ਹਾਂ ਵੱਲ ਪਿੱਠ ਕਰਨ ਲਈ ਕਿਹਾ। ਪਰ ਮੇਰੇ ਪੁੱਤ ਨੇ ਉਨ੍ਹਾਂ ਨੂੰ ਲੱਤ ਦੇ ਬਜਾਇ ਹਿੱਕ ਵਿੱਚ ਗੋਲੀ ਮਾਰਨ ਦੀ ਚੁਣੌਤੀ ਦਿੱਤੀ ਸੀ।"
ਕਮਲਜੀਤ ਕੌਰ ਨੇ ਇਲਜ਼ਾਮ ਲਗਾਏ ਕਿ ਪੁਲਿਸ ਨੇ ਖ਼ੁਦ ਹੀ ਆਪਣੇ ਵ੍ਹੀਕਲ ਉੱਤੇ ਗੋਲੀਆਂ ਚਲਾਈਆਂ ਸਨ।
ਤਜਿੰਦਰ ਸਿੰਘ ਦੀ ਮਾਤਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਕੇ ਆਏ ਹਨ ਜਿੱਥੇ ਉਨ੍ਹਾਂ ਨੂੰ ਇਹ ਵੇਰਵੇ ਤਜਿੰਦਰ ਵੱਲੋਂ ਦੱਸੇ ਗਏ ਸਨ।

ਤਸਵੀਰ ਸਰੋਤ, ANI
ਐੱਸਐੱਸਪੀ ਨਾਨਕ ਸਿੰਘ ਨੇ ਕੀ ਜਾਣਕਾਰੀ ਦਿੱਤੀ ਸੀ
ਪਟਿਆਲਾ ਦੇ ਐੱਸਐੱਸਪੀ ਨਾਨਕ ਸਿੰਘ ਨੇ ਇਸ ਪੁਲਿਸ ਮੁਕਾਬਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਪੁਲਿਸ ਨੇ ਨਾਕੇ ਉੱਤੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਮੁਲਜ਼ਮ ਨੇ ਕਥਿਤ ਤੌਰ ਉੱਤੇ ਪੁਲਿਸ ਉੱਤੇ ਫਾਇਰ ਕੀਤੇ, ਜਿਹੜੇ ਪੁਲਿਸ ਵ੍ਹੀਕਲ ਉੱਤੇ ਲੱਗੇ।
ਜਵਾਬੀ ਕਾਰਵਾਈ ਵਿੱਚ ਮੁਲਜ਼ਮ ਦੀ ਖੱਬੀ ਲੱਤ ਉੱਤੇ ਪੈਰ ਕੋਲ ਗੋਲੀ ਲੱਗੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਉੱਤੇ ਪੰਜ ਕੇਸ ਪਹਿਲਾਂ ਹੀ ਦਰਜ ਹਨ, ਜਿਨ੍ਹਾਂ ਵਿੱਚੋਂ ਇੱਕ ਕਤਲ, ਇੱਕ ਐੱਨਡੀਪੀਐੱਸ ਅਤੇ ਇੱਕ ਆਰਮਜ਼ ਐਕਟ ਦਾ ਹੈ। ਉਨਾਂ ਦੱਸਿਆ ਕਿ ਮੁਲਜ਼ਮ ਦੇ ਸਬੰਧ ਬੰਬੀਹਾ ਗੈਂਗ ਨਾਲ ਵੀ ਹਨ।
ਉਨ੍ਹਾਂ ਜਾਣਕਾਰੀ ਦਿੱਤੀ ਸੀ ਕਿ ਮੁਲਜ਼ਮ ਤੋਂ ਇੱਕ ਰਿਵਾਲਵਰ ਅਤੇ ਕਈ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ।
ਹੋਰ ਕਿਹੜੇ ਪੁਲਿਸ ਮੁਕਾਬਲੇ ਚਰਚਾ ਵਿੱਚ ਆਏ
17 ਮਾਰਚਃ ਅੰਮ੍ਰਿਤਸਰ ਦੇ ਠਾਕੁਰ ਦੁਆਰੇ ਮੰਦਿਰ 'ਤੇ ਹੋਏ ਗ੍ਰਨੇਡ ਹਮਲੇ ਦੇ ਹਮਲੇ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਗੁਰਸਿਦਕ ਸਿੰਘ ਉਰਫ਼ ਸਿਦਕ, ਬਾਲ ਸੱਚੰਦਰ ਪਿੰਡ ਵਿੱਚ ਹੋਏ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।
16 ਮਾਰਚ: ਅੰਮ੍ਰਿਤਸਰ ਦੇ ਪਿੰਡ ਸ਼ੇਰੀਬਾਘਾ ਵਿਖੇ ਗੋਲੀਬਾਰੀ ਦੌਰਾਨ ਕਤਲ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਬਿਸ਼ੰਬਰਜੀਤ ਸਿੰਘ ਕਥਿਤ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ।
22 ਦਸੰਬਰ: ਪੰਜਾਬ ਅਤੇ ਯੂਪੀ ਪੁਲਿਸ ਦੀ ਉੱਥੋਂ ਦੇ ਪੀਲੀਭੀਤ ਵਿੱਚ ਸਾਂਝੀ ਕਾਰਵਾਈ ਦੌਰਾਨ ਖ਼ਾਲਿਸਤਾਨੀ ਮੌਡਿਊਲ ਦਾ ਕਥਿਤ ਹਿੱਸਾ ਹੋਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਮੁਲਜ਼ਮ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਮਾਰੇ ਗਏ ਸਨ।
ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੀ ਪ੍ਰਤੀਕਿਰਿਆ ਦਿੱਤੀ

ਤਸਵੀਰ ਸਰੋਤ, AMAN ARORA/FB
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੀਬੀਸੀ ਵੱਲੋਂ ਕਥਿਤ ਪੁਲਿਸ ਮੁਕਾਬਲਿਆਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ, "ਜੇ ਕੋਈ ਨਸ਼ਾ ਵੇਚੇਗਾ, ਲੋਕਾਂ ਦੇ ਬੱਚਿਆਂ ਦੀਆਂ ਨਸਾਂ ਦੇ ਵਿੱਚ ਜ਼ਹਿਰ ਘੋਲੇਗਾ, ਜੇ ਕੋਈ ਕਿਸੇ ਤੋਂ ਫਿਰੋਤੀਆਂ ਮੰਗੇਗਾ, ਜੇ ਕੋਈ ਕਿਸੇ ਦਾ ਕਤਲ ਕਰ ਕੇ ਭੱਜੇਗਾ, ਚਾਹੇ ਉਹ ਐਂਟੀ ਸੋਸ਼ਲ ਐਲੀਮੈਂਟ ਹੋਵੇ, ਚਾਹੇ ਕੋਈ ਗੈਂਗਸਟਰ ਜਾਂ ਕੋਈ ਨਸ਼ਾ ਤਸਕਰ ਹੋਵੇ, ਪੁਲਿਸ ਉਸ ਦਾ ਪਿੱਛਾ ਕਰੇਗੀ। ਫਿਰ ਜਦੋਂ ਕੋਈ ਆਹਮਣਾ-ਸਾਹਮਣਾ ਹੋਵੇਗਾ ਤਾਂ ਫਿਰ ਉੱਥੇ ਪੁਲਿਸ ਅੱਗੋਂ ਗੋਲੀ ਚਲਾਏਗੀ।"
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆ ਖ਼ਿਲਾਫ਼ ਯੁੱਧ ਸ਼ੁਰੂ ਕੀਤਾ ਗਿਆ ਹੈ ਅਤੇ ਵਿਰੋਧੀ ਪਾਰਟੀਆਂ ਵੱਲੋਂ ਇਸ ਉੱਤੇ ਸਿਆਸਤ ਕੀਤੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਵਿੱਚ ਕੋਈ ਵੀ ਝੂਠਾ ਮੁਕਾਬਲਾ ਨਹੀਂ ਹੋ ਰਿਹਾ।
"ਜੇਕਰ ਕੋਈ ਅਮਨ ਕਾਨੂੰਨ ਦੀ ਸਥਿਤੀ ਨੂੰ ਆਪਣੇ ਹੱਥਾਂ ਵਿੱਚ ਲਵੇਗਾ, ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।"
ਸਮਾਜਿਕ ਕਾਰਕੁਨਾਂ ਨੇ ਕੀ ਕਿਹਾ
ਡਾ. ਪਿਆਰੇ ਲਾਲ ਗਰਗ ਕਹਿੰਦੇ ਹਨ, "ਜਿੱਥੇ ਕਾਨੂੰਨ ਰਾਜ ਹੁੰਦਾ ਹੈ, ਉੱਥੇ ਕਾਨੂੰਨ ਦੇ ਹਿਸਾਬ ਨਾਲ ਬੰਦੇ ਨੂੰ ਸਜ਼ਾ ਦਿੱਤੀ ਜਾਂਦੀ ਹੈ। ਜਦ ਤੱਕ ਉਹ ਦੋਸ਼ੀ ਸਾਬਤ ਨਹੀਂ ਹੁੰਦਾ, ਉਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ।"
"ਹੁਣ ਜਿਹੜਾ ਕੰਮ ਹੋ ਰਿਹਾ ਹੈ, ਇਹ ਰਾਜ ਕੋਈ ਚੁਣੀ ਹੋਈ ਸਰਕਾਰ ਵਾਲਾ ਨਹੀਂ ਹੈ। ਇਹ ਤਾਂ ਜਿਸ ਦੇ ਹੱਥ ਲਾਠੀ, ਉਸ ਦੀ ਮੱਝ ਵਾਲਾ ਰਾਜ ਹੈ। ਇਹ ਡਾਂਗ ਤੇ ਡੰਡੇ ʼਤੇ ਜ਼ੋਰ ਦਾ ਰਾਜ ਹੈ। ਇਹ ਵਿਤਕਰਾ ਵੀ ਹੈ, ਇਹ ਗ਼ੈਰ-ਕਾਨੂੰਨੀ ਵੀ ਹੈ। ਇਹ ਸਾਡੇ ਨਾਗਰਿਕ ਅਧਿਕਾਰਾਂ ਅਤੇ ਮਨੁੱਖੀ ਅਧਿਕਾਰਾਂ ਉੱਤੇ ਹਮਲਾ ਵੀ ਹੈ।"

ਕਾਨੂੰਨੀ ਮਾਹਰਾਂ ਨੇ ਕੀ ਕਿਹਾ
ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਸਿਮਰਨਜੀਤ ਸਿੰਘ ਕਹਿੰਦੇ ਹਨ, "ਭਾਰਤ ਦੇ ਸੰਵਿਧਾਨ ਦਾ ਆਰਟੀਕਲ 21, ਜਿਹੜਾ ਮੌਲਿਕ ਅਧਿਕਾਰ ਨਾਲ ਸਬੰਧਤ ਹੈ, ਕਹਿੰਦਾ ਹੈ ਕਿ ਕਾਨੂੰਨ ਦੁਆਰਾ ਸਥਾਪਿਤ ਉਚਿਤ ਪ੍ਰਕਿਰਿਆ ਤੋਂ ਬਿਨਾਂ ਕਿਸੇ ਨੂੰ ਵੀ ਉਸ ਦੀ ਜ਼ਿੰਦਗੀ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।"
ਸਿਮਰਨਜੀਤ ਸਿੰਘ ਮਨੁੱਖੀ ਅਧਿਕਾਰ ਕਾਰਕੁਨ ਹਨ ਅਤੇ ਉਨ੍ਹਾਂ ਗੁਰਦਾਸਪੁਰ ਦੇ ਤਿੰਨ ਨੌਜਵਾਨਾਂ ਦੇ ਉੱਤਰ ਪ੍ਰਦੇਸ਼ ਵਿੱਚ ਕਥਿਤ ਪੁਲਿਸ ਮੁਕਾਬਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ।
ਸਿਮਰਨਜੀਤ ਸਿੰਘ ਕਹਿੰਦੇ ਹਨ, "ਪੁਲਿਸ ਦਾ ਕੰਮ ਹੈ ਅਪਰਾਧ ਦੀ ਜਾਂਚ ਕਰਨਾ, ਅਦਾਲਤ ਦਾ ਕੰਮ ਹੈ, ਉਸ ਦੇ ਵਿੱਚ ਟਰਾਇਲ ਕਰਨਾ ਅਤੇ ਸਬੂਤਾਂ ਨੂੰ ਦੇਖਣ ਤੋਂ ਬਾਅਦ ਸਜ਼ਾ ਸੁਣਾਉਣਾ। ਜੇ ਫਾਂਸੀ ਦੀ ਸਜ਼ਾ ਬਣਦੀ ਹੈ ਤਾਂ ਅਦਾਲਤ ਫਾਂਸੀ ਦੀ ਸਜ਼ਾ ਸੁਣਾ ਸਕਦੀ ਹੈ ਅਤੇ ਜੇ ਉਮਰ ਕੈਦ ਦੀ ਸਜ਼ਾ ਬਣਦੀ ਹੈ ਤਾਂ ਅਦਾਲਤ ਉਮਰ ਕੈਦ ਦੀ ਸਜ਼ਾ ਸੁਣਾ ਸਕਦੀ ਹੈ।"
"ਹੁਣ ਨਵਾਂ ਕੰਮ ਕੀ ਸ਼ੁਰੂ ਹੋ ਗਿਆ ਹੈ ਜਿਸ ਵਿੱਚ ਕਿ ਪੁਲਿਸ ਮੁੰਡਿਆਂ ਨੂੰ ਗੈਂਗਸਟਰ ਅਤੇ ਅੱਤਵਾਦੀ ਗਰਦਾਨ ਕੇ ਕਥਿਤ ਪੁਲਿਸ ਮੁਕਾਬਲੇ ਕਰਦੀ ਹੈ। ਕਾਨੂੰਨ ਮੁਤਾਬਕ ਤੁਸੀਂ ਕਿਸੇ ਨੂੰ ਉਨ੍ਹਾਂ ਸਮਾਂ ਗੈਂਗਸਟਰ ਜਾਂ ਅੱਤਵਾਦੀ ਨਹੀਂ ਕਹਿ ਸਕਦੇ ਜਦ ਤੱਕ ਕੇਸ ਅਦਾਲਤ ਵਿੱਚ ਸੁਣਵਾਈ ਅਧੀਨ ਹੈ।"
ਸਿਮਰਨਜੀਤ ਸਿੰਘ ਮੁਤਾਬਕ, "ਇਹ ਬਹੁਤ ਖ਼ਤਰਨਾਕ ਗੱਲ ਹੈ ਕਿ ਪੁਲਿਸ ਆਪ ਹੀ ਪੁਲਿਸ ਹੈ ਅਤੇ ਆਪ ਹੀ ਅਦਾਲਤ ਹੈ। ਅਸੀਂ ਇਸ ਮਾਮਲੇ ਉੱਤੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੂੰ ਚਿੱਠੀ ਵੀ ਲਿਖੀ ਹੈ ਕਿ ਇਸ ਮਸਲੇ ਦਾ ਸੂਓ-ਮੋਟੋ ਨੋਟਿਸ ਲਿਆ ਜਾਵੇ।"
"90ਵੇਂ ਦਹਾਕੇ ਵਿੱਚ ਵੀ ਪੁਲਿਸ ਦੀਆਂ ਕਹਾਣੀਆਂ ਇਹੋ ਜਿਹੀਆਂ ਹੀ ਹਨ, ਜਿਹੜੀਆਂ ਹੁਣ ਹਨ। ਸਿਆਸਤਦਾਨਾਂ ਦੇ ਕਥਿਤ ਪੁਲਿਸ ਮੁਕਾਬਲਿਆਂ ਨੂੰ ਹੱਲਾਸ਼ੇਰੀ ਦੇਣ ਵਾਲੇ ਬਿਆਨ ਗੈਂਗ ਜਿੰਮੇਦਰਾਨਾ ਹਨ।"

ਤਸਵੀਰ ਸਰੋਤ, Getty Images
ਪੰਜਾਬ ਪੁਲਿਸ ਨੇ ਮੁਕਾਬਲਿਆਂ ਬਾਰੇ ਕੀ ਕਿਹਾ
ਬੀਬੀਸੀ ਪੰਜਾਬੀ ਨੇ ਲੁਧਿਆਣਾ ਅਤੇ ਪਟਿਆਲਾ ਵਿੱਚ ਹੋਏ ਜਿਨ੍ਹਾਂ ਕਥਿਤ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਦੋ ਨੌਜਵਾਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ, ਉਸ ਬਾਰੇ ਪੁਲਿਸ ਦਾ ਪੱਖ਼ ਜਾਣਨ ਲਈ ਪਟਿਆਲਾ ਦੇ ਐੱਸਐੱਸਪੀ ਨਾਨਕ ਸਿੰਘ ਅਤੇ ਡੀਆਈਜੀ ਮਨਦੀਪ ਸਿੰਘ ਸਿੱਧੂ ਕੋਲੋਂ ਪ੍ਰਤੀਕਿਰਿਆ ਲੈਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।
ਇਸ ਤਰ੍ਹਾਂ ਪੰਜਾਬ ਪੁਲਿਸ ਹੈੱਡਕੁਆਟਰ ਦੇ ਅਧਿਕਾਰਤ ਬੁਲਾਰੇ ਆਈਜੀ ਸੁਖਚੈਨ ਸਿੰਘ ਗਿੱਲ ਨੂੰ ਵੀ ਉਨ੍ਹਾਂ ਦੇ ਵੱਟਸਐਪ ਉੱਤੇ ਲਿਖਤੀ ਸਵਾਲ ਭੇਜੇ ਦੇ ਜਵਾਬ ਮੰਗਿਆ, ਪਰ ਉਨ੍ਹਾਂ ਨੇ ਵੀ ਸਵਾਲਾਂ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਇਸੇ ਦੌਰਾਨ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੀ ਅਧਿਕਾਰਤ ਮੇਲ ਉੱਤੇ ਸਵਾਲ ਭੇਜ ਦੇ ਪੁਲਿਸ ਦਾ ਪੱਖ਼ ਜਾਣਨਾ ਚਾਹਿਆ। ਪਰ ਉਨ੍ਹਾਂ ਵੱਲੋਂ ਵੀ ਜਵਾਬ ਨਹੀਂ ਦਿੱਤਾ ਗਿਆ। ਜੇਕਰ ਬਾਅਦ ਵਿੱਚ ਜਵਾਬ ਆਏਗਾ, ਇਸ ਰਿਪੋਰਟ ਨੂੰ ਅਪਡੇਟ ਕਰ ਦਿੱਤਾ ਜਾਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












