You’re viewing a text-only version of this website that uses less data. View the main version of the website including all images and videos.
ਫਿਲਰਜ਼ ਦੀ ਪ੍ਰਕਿਰਿਆ ਕੀ ਹੈ ਜਿਸ ਨੇ ਵਿਗਾੜਿਆ ਉਰਫੀ ਜਾਵੇਦ ਦਾ ਚਿਹਰਾ, ਕੀ ਹੈ ਇਸ ਦੀ ਲਾਗਤ ਤੇ ਖ਼ਤਰੇ
- ਲੇਖਕ, ਡਿੰਕਲ ਪੋਪਲੀ
- ਰੋਲ, ਬੀਬੀਸੀ ਪੱਤਰਕਾਰ
ਚੇਤਾਵਨੀ: ਕਹਾਣੀ ਵਿੱਚ ਕੁਝ ਤਸਵੀਰਾਂ ਤੇ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ
ਸੋਸ਼ਲ ਮੀਡੀਆ ਇੰਫਲੂਐੱਨਸਰ ਉਰਫ਼ੀ ਜਾਵੇਦ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ 'ਚ ਉਨ੍ਹਾਂ ਦਾ ਚਿਹਰਾ ਬੁਰੀ ਤਰ੍ਹਾਂ ਸੁੱਜਿਆ ਹੋਇਆ ਦੇਖਿਆ ਜਾ ਸਕਦਾ ਹੈ।
ਵੀਡੀਓ ਦੀ ਪਹਿਲੀ ਝਲਕ ਦੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਨੇ ਕੋਈ ਮਜ਼ਾਕੀਆ ਫਿਲਟਰ ਦੀ ਵਰਤੋਂ ਕੀਤੀ ਹੋਵੇ ਪਰ ਇਸ ਦੇ ਪਿੱਛੇ ਅਸਲ ਕਹਾਣੀ ਕੁਝ ਹੋਰ ਹੈ।
ਉਰਫ਼ੀ ਨੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਇਸ ਪੋਸਟ 'ਚ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਬੁੱਲ੍ਹਾਂ ਦੀ ਬਣਾਵਟ ਨੂੰ ਨਿਖ਼ਾਰਨ ਲਈ 'ਲਿਪ ਫਿਲਰ' ਨਾਂ ਦੀ ਇੱਕ ਕਾਸਮੈਟਿਕ ਪ੍ਰਕਿਰਿਆ ਦਾ ਸਹਾਰਾ ਲਿਆ ਸੀ।
ਪਰ ਬਾਅਦ ਵਿੱਚ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਹ ਬੁੱਲ੍ਹਾਂ ਨੂੰ ਫੁਲਾਵਟ ਅਤੇ ਭਰਵਾਂ ਆਕਾਰ ਦੇਣ ਵਾਲੇ ਲਿਪ ਫਿਲਰ 'ਮਿਸਪਲੇਸਡ' ਹਨ।
ਉਹ ਲਿਖਦੇ ਹਨ, "ਮੈਂ ਆਪਣੇ ਫਿਲਰਜ਼ ਨੂੰ ਡਿਜ਼ੋਲਵ ਕਰਨ (ਵਾਪਸ ਅਸਲ ਰੂਪ ਵਿੱਚ ਕਰਨ) ਦਾ ਫ਼ੈਸਲਾ ਕੀਤਾ ਕਿਉਂਕਿ ਇਹ ਸਹੀ ਤਰੀਕੇ ਨਾਲ ਨਹੀਂ ਭਰੇ ਗਏ ਸਨ।"
ਉਰਫੀ ਜਦੋਂ ਫਿਲਰਜ਼ ਡਿਜ਼ੋਲਵ ਕਰਵਾਉਣ ਗਏ ਤਾਂ ਉਸ ਪ੍ਰਕਿਰਿਆ ਦੌਰਾਨ ਉਨ੍ਹਾਂ ਦੇ ਚਿਹਰੇ ਉੱਤੇ ਸੋਜ ਆ ਗਈ।
ਉਹ ਕਹਿੰਦੇ ਹਨ, "ਮੈਂ ਇਹ ਪ੍ਰਕਿਰਿਆ ਕੁਦਰਤੀ ਤੌਰ 'ਤੇ ਦੁਬਾਰਾ ਕਰਵਾ ਲਵਾਂਗੀ। ਮੈਂ ਫਿਲਰਜ਼ ਨੂੰ ਬਿਲਕੁਲ ਵੀ ਨਾਂਹ ਨਹੀਂ ਕਹਿ ਰਹੀ। ਪਰ ਇਨ੍ਹਾਂ ਨੂੰ ਡਿਜ਼ੋਲਵ ਕਰਨਾ ਦਰਦਨਾਕ ਹੈ।"
ਉਹ ਅੱਗੇ ਲਿਖਦੇ ਹਨ, "ਨਾਲ ਹੀ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਫਿਲਰਜ਼ ਲਈ ਇੱਕ ਚੰਗੇ ਡਾਕਟਰ ਕੋਲ ਜਾਓ, ਫੈਂਸੀ ਕਲੀਨਿਕਾਂ ਵਾਲੇ ਇਹ ਸਾਰੇ ਡਾਕਟਰ ਕੁਝ ਨਹੀਂ ਜਾਣਦੇ।"
ਪਰ ਇਹ ਫ਼ਿਲਰ ਹੁੰਦੇ ਕੀ ਹਨ ? ਇਹ ਕਿਵੇਂ ਕੰਮ ਕਰਦੇ ਹਨ, ਇਸ 'ਤੇ ਕਿੰਨਾ ਖਰਚ ਆਉਂਦਾ ਹੈ ਅਤੇ ਇਹ ਸਿਹਤ ਉੱਤੇ ਕੀ ਅਸਰ ਪਾਉਂਦੇ ਹਨ ? ਜਾਣਦੇ ਹਾਂ ਇਸ ਰਿਪੋਰਟ ਵਿੱਚ
ਕੀ ਹੁੰਦੇ ਹਨ ਫ਼ਿਲਰਜ਼ ?
ਲੁਧਿਆਣਾ ਵਿੱਚ 'ਸਕਿਨਿਕ' ਨਾਮ ਦਾ ਕਾਸਮੈਟੋਲੋਜੀ ਕਲੀਨਿਕ ਚਲਾਉਣ ਵਾਲੇ ਚਮੜੀ ਰੋਗਾਂ ਦੇ ਮਾਹਰ ਡਾ. ਅਨੁਪਮਾ ਰਾਮਪਾਲ ਨੇ ਇਸ ਚਲਣ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ।
ਡਾ. ਅਨੁਪਮਾ ਕਹਿੰਦੇ ਹਨ, "ਫਿਲਰ ਹਾਈਲੂਰੋਨਿਕ ਐਸਿਡ ਦੇ ਅਣੂ ਹੁੰਦੇ ਹਨ, ਜਿਨ੍ਹਾਂ ਨੂੰ ਟੀਕੇ ਰਾਹੀਂ ਸਰੀਰ ਦੇ ਕਿਸੇ ਵੀ ਹਿੱਸੇ 'ਚ ਦਾਖ਼ਲ ਕੀਤਾ ਜਾ ਸਕਦਾ ਹੈ।"
"ਹਾਈਲੂਰੋਨਿਕ ਐਸਿਡ ਕੁਦਰਤੀ ਤੌਰ 'ਤੇ ਵੀ ਸਾਡੇ ਸਰੀਰ 'ਚ ਮੌਜੂਦ ਹੁੰਦਾ ਹੈ। ਇਸ ਦਾ ਮੁੱਖ ਉਦੇਸ਼ ਹੁੰਦਾ ਹੈ ਪਾਣੀ ਨੂੰ ਸੋਖਣਾ ਤਾਂ ਜੋ ਚਮੜੀ ਲਚੀਲੀ ਤੇ ਚਮਕਦਾਰ ਬਣੀ ਰਹੇ।"
"ਆਮ ਤੌਰ 'ਤੇ ਹਾਈਲੂਰੋਨਿਕ ਐਸਿਡ ਦੇ ਅਣੂ ਯਾਨਿ ਫ਼ਿਲਰ ਸਰੀਰ ਜਾ ਚਿਹਰੇ ਦੇ ਉਸ ਹਿੱਸੇ 'ਚ ਲਗਾਏ ਜਾਂਦੇ ਹਨ ਜਿਸ ਦੇ ਆਕਾਰ ਨੂੰ ਅਸੀਂ ਭਰਵਾਂ ਅਤੇ ਮੋਟਾ ਦਿਖਾਉਣਾ ਚਾਹੁੰਦੇ ਹਾਂ।"
"ਜੇਕਰ ਸਿਰਫ਼ ਚਿਹਰੇ ਦੀ ਗੱਲ ਕੀਤੀ ਜਾਵੇਂ ਤਾਂ ਇਹ ਆਮ ਤੌਰ 'ਤੇ ਗੱਲ਼ਾਂ, ਬੁੱਲ੍ਹਾਂ, ਨੱਕ, ਅੱਖਾਂ ਦੇ ਹੇਠਾਂ, ਜਬਾੜੇ, ਠੋਡੀ ਅਤੇ ਮੱਥੇ ਵਿੱਚ ਭਰੇ ਜਾਂਦੇ ਹਨ।"
ਪ੍ਰਕਿਰਿਆ ਕੀ ਹੁੰਦੀ ਹੈ ਤੇ ਖ਼ਰਚ ਕਿੰਨਾ ਆਉਂਦਾ ਹੈ ?
ਡਾ. ਅਨੁਪਮਾ ਰਾਮਪਾਲ ਨੇ ਦੱਸਿਆ ਕਿ ਇਹ ਪ੍ਰਕਿਰਿਆ ਮਹਿਜ਼ ਦੋ ਘੰਟੇ ਲੰਬੀ ਹੁੰਦੀ ਹੈ।
ਉਹ ਕਹਿੰਦੇ ਹਨ, "ਜਿੱਥੇ ਫ਼ਿਲਰ ਵਾਲਾ ਟੀਕਾ ਲਗਾਉਣਾ ਹੋਵੇ, ਉਸ ਥਾਂ 'ਤੇ ਪਹਿਲੇ ਕਰੀਮ ਲੱਗਾ ਕੇ ਉਸ ਨੂੰ ਸੁੰਨ ਕੀਤਾ ਜਾਂਦਾ ਹੈ ਤੇ ਫਿਰ ਫ਼ਿਲਰ ਇੰਜੈਕਟ ਕੀਤੇ ਜਾਂਦੇ ਹਨ।"
ਡਾ. ਅਨੁਪਮਾ ਦੱਸਦੇ ਹਨ ਕਿ ਇਸ ਪੂਰੀ ਪ੍ਰਕਿਰਿਆ ʼਤੇ 25 ਤੋਂ 35 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ ਅਤੇ ਇਸ ਦਾ ਅਸਰ 6 ਮਹੀਨੇ ਤੋਂ ਇੱਕ ਸਾਲ ਤੱਕ ਰਹਿੰਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ 25 ਤੋਂ 40 ਸਾਲ ਤੱਕ ਦੇ ਉਮਰ ਵਰਗ ਦੀਆਂ ਔਰਤਾਂ ਇਸ ਪ੍ਰਕਿਰਿਆ ਲਈ ਸਭ ਤੋਂ ਵੱਧ ਆਉਂਦੀਆਂ ਹਨ।
ਡਾ. ਅਨੁਪਮਾ ਮੰਨਦੇ ਹਨ ਕਿ ਇਸ ਪ੍ਰਕਿਰਿਆ ਦੇ ਮਸ਼ਹੂਰ ਹੋਣ ਪਿੱਛੇ ਸੋਸ਼ਲ ਮੀਡਿਆ ਅਤੇ ਉੱਪਰੀ ਸੁੰਦਰਤਾ ਨਾਲ ਜੁੜੇ ਸਮਾਜਿਕ ਦਬਾਅ ਕਾਫੀ ਹੱਦ ਤੱਕ ਜ਼ਿੰਮੇਵਾਰ ਹਨ।
ਉਨ੍ਹਾਂ ਨੇ ਦੱਸਿਆ, "ਅੱਜ ਕੱਲ ਇਹ ਤਕਨੀਕਾਂ ਆਮ ਲੋਕਾਂ ਦੀ ਪਹੁੰਚ 'ਚ ਹਨ। ਸੋਸ਼ਲ ਮੀਡਿਆ ਤੋਂ ਪ੍ਰਭਾਵਿਤ ਹੋ ਕੇ ਜਾਂ ਦੋਸਤਾਂ ਦੀਆਂ ਗੱਲਾਂ 'ਚ ਆ ਕੇ ਜੋ ਵੀ ਆਪਣੇ ਨੈਣ ਨਕਸ਼ ਤੋਂ ਨਾ ਖੁਸ਼ ਹੁੰਦਾ ਹੈ ਉਹ ਬਹੁਤ ਹੀ ਆਸਾਨੀ ਨਾਲ ਇਸ ਪ੍ਰਕਿਰਿਆ ਦੀ ਚੌਣ ਕਰ ਸਕਦਾ ਹੈ।"
ਫ਼ਿਲਰਜ਼ 'ਡਿਜ਼ੋਲਵ' ਕਰਨ ਤੋਂ ਕੀ ਭਾਵ ਹੈ?
ਡਾ. ਅਨੁਪਮਾ ਰਾਮਪਾਲ ਦਸੱਦੇ ਹਨ ਕੀ ਹਾਈਲੂਰੋਨਿਕ ਐਸਿਡ ਦੇ ਟੀਕੇ ਨੂੰ 'ਬਲਾਇੰਡ ਸਪੋਟਸ' 'ਚ ਹੀ ਭਰਿਆ ਜਾਂਦਾ ਹੈ ਯਾਨੀ ਮਾਹਰ ਇਸ ਟੀਕੇ ਨੂੰ ਆਪਣੇ ਅੰਦਾਜ਼ੇ ਨਾਲ ਹੀ ਲਗਾਉਂਦੇ ਹਨ।
ਜਦੋਂ ਇਹ ਟੀਕਾ ਕਿਸੇ ਸਿਖਲਾਈ ਪ੍ਰਾਪਤ ਪੇਸ਼ੇਵਰ ਜਾਂ ਸਹੀ ਸਾਵਧਾਨੀਆਂ ਤੋਂ ਬਿਨਾਂ ਲਗਾਇਆ ਜਾਂਦਾ, ਤਾਂ ਫਿਲਰ ਨਿਰਧਾਰਿਤ ਥਾਂ ਤੋਂ ਉੱਪਰ ਜਾਂ ਹੇਠਾਂ ਖਿਸਕ ਕਰ ਸਕਦੇ ਹਨ।
ਇਸ ਨਾਲ ਇਹ ਉੱਚੇ-ਨੀਵੇਂ ਜਾਂ ਬੇਢੰਗੇ ਹੋ ਸਕਦੇ ਹਨ।
ਡਾ. ਅਨੁਪਮਾ ਦੱਸਦੇ ਹਨ, "ਉਦਾਹਰਣ ਵਜੋਂ, ਜੇਕਰ ਫਿਲਰਜ਼ ਦਾ ਟੀਕਾ ਬੁੱਲ੍ਹਾਂ ਵਿੱਚ ਲਗਾਇਆ ਜਾਵੇਂ, ਤਾਂ ਇਹ ਸੰਭਾਵਨਾ ਹੁੰਦੀ ਹੈ ਕਿ ਇਹ ਬੁੱਲ੍ਹਾਂ ਦੇ ਉੱਪਰ ਤੱਕ ਜਾ ਸਕਦਾ ਹੈ, ਜਿਸ ਨਾਲ ਅਸਮਾਨਤਾ ਪੈਦਾ ਹੋ ਸਕਦੀ ਹੈ। ਕਈ ਵਾਰ, ਜੇਕਰ ਗਾਹਕ ਨਤੀਜਿਆਂ ਤੋਂ ਖੁਸ਼ ਨਾ ਹੋਵੇ, ਤਾਂ ਪ੍ਰਕਿਰਿਆ ਨੂੰ ਉਲਟਾਇਆ ਵੀ ਜਾ ਸਕਦਾ ਹੈ।"
ਮਾਹਰ ਲਿਪ ਫਿਲਰਾਂ ਨੂੰ ਡਿਜ਼ੋਲਵ ਕਰਨ ਲਈ ਹਾਈਲੂਰੋਨੀਡੇਜ਼ ਨਾਮ ਦੀ ਇੱਕ ਐਨਜ਼ਾਈਮ ਦੀ ਵਰਤੋਂ ਕਰਦੇ ਹਨ। ਇਹ ਪਦਾਰਥ ਸਿਰਫ਼ ਹਾਈਲੂਰੋਨਿਕ ਐਸਿਡ-ਅਧਾਰਤ ਫਿਲਰਜ਼ ਨੂੰ ਨਸ਼ਟ ਕਰਦਾ ਹੈ।
ਆਮ ਤੌਰ 'ਤੇ, ਉਲਟਾਉਣ ਦੀ ਪ੍ਰਕਿਰਿਆ ਵਿੱਚ ਪੇਚੀਦਗੀਆਂ ਸ਼ਾਮਲ ਨਹੀਂ ਹੁੰਦੀਆਂ। ਹਾਲਾਂਕਿ, ਕੁਝ ਮਾਮਲਿਆਂ ਵਿੱਚ, ਇਹ "ਐਮਟੀ ਪਾਕਟਸ' ਛੱਡ ਸਕਦਾ ਹੈ, ਭਾਵ ਇੱਕ ਗੁਬਾਰੇ ਦੇ ਸਮਾਨ ਜਿਸ ਨੂੰ ਫੁਲਾਇਆ ਗਿਆ ਹੋਵੇ ਅਤੇ ਫਿਰ ਉਸ ਦੀ ਹਵਾ ਕੱਢ ਦਿੱਤੀ ਗਈ ਹੋਵੇ।
ਕੀ ਹਨ ਇਸ ਨਾਲੇ ਜੁੜੇ ਖਦਸ਼ੇ ?
ਸਕਿਨੋਵੇਸ਼ਨ ਕਲੀਨਿਕਸ ਦੇ ਸੰਸਥਾਪਕ ਨਿਰਦੇਸ਼ਕ ਅਤੇ ਚਮੜੀ ਰੋਗ ਮਾਹਿਰ ਡਾ. ਅਨਿਲ ਗੰਜੂ ਨੇ ਇਸ ਬਾਰੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਜੇਕਰ ਮਾਹਰਾਂ ਰਾਹੀਂ ਇਹ ਪ੍ਰਕਿਰਿਆ ਕੀਤੀ ਜਾਵੇ ਤਾਂ ਇਹ ਕਾਫੀ ਹੱਦ ਤੱਕ ਸੁਰੱਖਿਅਤ ਹੁੰਦੀ ਹੈ।
ਉਹ ਇਹ ਵੀ ਕਹਿੰਦੇ ਹਨ ਕਿ ਇਸ ਦਾ ਮਤਲਬ ਇਹ ਨਹੀਂ ਕਿ ਇਸ ਨਾਲ ਜੁੜੇ ਸਿਹਤ ਸਬੰਧੀ ਖ਼ਤਰੇ ਬਿਲਕੁਲ ਨਾ ਬਰਾਬਰ ਹੋ ਜਾਣ।
ਡਾ. ਗੰਜੂ ਨੇ ਦੱਸਿਆ, "ਫ਼ਿਲਰਜ਼ ਚਮੜੀ ਦੀ ਵੱਖ-ਵੱਖ ਤੈਹਾਂ 'ਚ ਭਰੇ ਜਾਂਦੇ ਹਨ। ਪਰ ਜੇਕਰ ਇਹ ਗ਼ਲਤੀ ਨਾਲ ਵੀ ਕਿਸੇ ਖੂਨ ਦੀ ਨਾੜੀ 'ਚ ਇੰਜੈਕਟ ਹੋ ਜਾਵੇਂ ਤਾਂ ਕਾਫ਼ੀ ਗੰਭੀਰ ਸਮੱਸਿਆ ਹੋ ਸਕਦੀ ਹੈ।"
ਉਹ ਦੱਸਦੇ ਹਨ ਕਿ ਅੱਖਾਂ ਦੇ ਹੇਠਾਂ ਅਤੇ ਮੱਥੇ ʼਤੇ ਫ਼ਿਲਰ ਲਗਾਉਣਾ ਸਭ ਤੋਂ ਵੱਧ ਗੁੰਝਲਦਾਰ ਹੁੰਦਾ ਹੈ ਕਿਉਂਕਿ ਜੇਕਰ ਇਸ ਹਿੱਸੇ 'ਚ ਕੋਈ ਗ਼ਲਤੀ ਹੋ ਜਾਵੇ ਤਾਂ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ।
ਉਨ੍ਹਾਂ ਨੇ ਦੱਸਿਆ, "ਆਮ ਮਾੜੇ ਪ੍ਰਭਾਵਾਂ ਵਿੱਚ ਟੀਕੇ ਵਾਲੀ ਥਾਂ 'ਤੇ ਨੀਲ ਪੈਣਾ, ਲਾਲੀ, ਸੋਜਿਸ਼, ਦਰਦ ਅਤੇ ਖੁਜਲੀ ਸ਼ਾਮਲ ਹਨ। ਜਦਕਿ ਵਧੇਰੇ ਗੰਭੀਰ, ਪਰ ਘੱਟ ਆਮ, ਮਾੜੇ ਪ੍ਰਭਾਵਾਂ ਵਿੱਚ ਲਾਗ, ਐਲਰਜੀ ਵਾਲੀਆਂ ਪ੍ਰਤੀਕਿਰਿਆਵਾਂ, ਨੈਕਰੋਸਿਸ (ਟਿਸ਼ੂ ਦਾ ਨਸ਼ਟ ਹੋਣਾ) ਅਤੇ ਨਜ਼ਰ ਦੀਆਂ ਸਮੱਸਿਆਵਾਂ ਸ਼ਾਮਲ ਹਨ।"
ਜ਼ਿਆਦਾਤਰ ਮਾਮਲਿਆਂ ਵਿੱਚ ਗ਼ਲਤੀ ਕਿੱਥੇ ਹੁੰਦੀ ਹੈ ?
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਜਰਨਲ ਸਕੱਤਰ ਡਾ. ਰੋਹਿਤ ਰਾਮਪਾਲ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਦੀ ਹਿਦਾਇਤਾਂ ਮੁਤਾਬਕ ਫ਼ਿਲਰਸ ਅਤੇ ਹੋਰ ਕਾਸਮੈਟੋਲੋਜੀ ਨਾਲ ਸਬੰਧਤ ਪ੍ਰਕਿਰਿਆਵਾਂ ਕਰਨ ਦੀ ਇਜਾਜ਼ਤ ਸਿਰਫ਼ ਚਮੜੀ ਰੋਗ ਦੇ ਮਾਹਰਾਂ ਨੂੰ ਜਾਂ ਪਲਾਸਟਿਕ ਸਰਜਨਾਂ ਨੂੰ ਹੀ ਹੈ।
ਪਰ ਇਸ ਦੇ ਬਾਵਜੂਦ ਬਹੁਤ ਸਾਰੇ ਪਾਰਲਰ, ਡੈਂਟਲ ਅਤੇ ਹੋਰ ਖ਼ੇਤਰ ਨਾਲ ਜੁੜੇ ਲੋਕ ਵੀ ਆਪਣੇ ਵਪਾਰਕ ਕਲੀਨਿਕਸ ਖੋਲ੍ਹ ਕੇ ਇਹ ਸਭ ਸੇਵਾਵਾਂ ਆਫ਼ਰ ਕਰਦੇ ਹਨ।
ਡਾ. ਰੋਹਿਤ ਰਾਮਪਾਲ ਨੇ ਕਿਹਾ, "ਭਾਵੇਂ ਉਹ ਇਸ ਵਿਸ਼ੇ ਬਾਰੇ ਮਾਹਰ ਨਹੀਂ ਹੁੰਦੇ ਪਰ ਮਾਰਕੀਟਿੰਗ ਅਤੇ ਘੱਟ ਖ਼ਰਚ ਦਾ ਲਾਲਚ ਦੇ ਕੇ ਉਹ ਲੋਕਾਂ ਨੂੰ ਅਕਸਰ ਆਕਰਸ਼ਿਤ ਕਰ ਲੈਂਦੇ ਹਨ।"
ਉਨ੍ਹਾਂ ਨੇ ਕਿਹਾ, "ਥੋੜ੍ਹੇ ਪੈਸੇ ਬਚਾਉਣ ਖਾਤਰ ਗ਼ੈਰ-ਮਾਹਰ ਕੋਲੋਂ ਅਜਿਹਾ ਇਲਾਜ ਕਰਵਾਉਣਾ ਭਾਰੀ ਪੈ ਸਕਦਾ ਹੈ। ਇਸ ਨਾਲ ਇਲਾਜ ਦੌਰਾਨ ਜਾਂ ਬਾਅਦ 'ਚ ਵੀ ਕਾਫ਼ੀ ਸਮੱਸਿਆਵਾਂ ਆ ਸਕਦੀਆਂ ਹਨ।"
ਡਾ. ਰੋਹਿਤ ਰਾਮਪਾਲ ਕਹਿੰਦੇ ਹਨ ਕਿ ਸਭ ਤੋਂ ਜ਼ਰੂਰੀ ਹੈ ਕਿ ਅਜਿਹੀ ਪ੍ਰਕਿਰਿਆਵਾਂ ਲਈ ਮਾਹਰ ਕੋਲ ਹੀ ਜਾਣਾ ਚਾਹੀਦਾ ਹੈ।
ਹੋਰ ਕਿਹੜੀਆਂ ਗੱਲਾਂ ਦਾ ਰੱਖਿਆ ਜਾਵੇ ਧਿਆਨ
ਚਮੜੀ ਰੋਗਾਂ ਦੇ ਮਾਹਰ ਡਾ. ਅਨੁਪਮਾ ਰਾਮਪਾਲ ਨੇ ਦੱਸਿਆ ਕਿ ਫ਼ਿਲਰ ਕਰਵਾਉਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਹੇਠ ਦਿੱਤੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ-
- ਸਲਾਹ-ਮਸ਼ਵਰਾ ਅਤੇ ਖੋਜ: ਇੱਕ ਯੋਗ ਪੇਸ਼ੇਵਰ ਨਾਲ ਸਲਾਹ ਕਰੋ। ਇੱਕ ਪ੍ਰਮਾਣਿਤ ਚਮੜੀ ਦੇ ਮਾਹਰ ਜਾਂ ਪਲਾਸਟਿਕ ਸਰਜਨ ਨੂੰ ਚੁਣੋ ਜਿਸ ਕੋਲ ਡਰਮਲ ਫਿਲਰ ਲਗਾਉਣ ਦਾ ਤਜਰਬਾ ਹੋਵੇ।
- ਪ੍ਰਕਿਰਿਆ ਨੂੰ ਸਮਝੋ: ਵਰਤੇ ਜਾ ਰਹੇ ਖ਼ਾਸ ਕਿਸਮ ਦੇ ਫਿਲਰ, ਇਸ ਦੀ ਮਿਆਦ ਅਤੇ ਸੰਭਾਵੀ ਮਾੜੇ ਪ੍ਰਭਾਵਾਂ ਬਾਰੇ ਪੁੱਛੋ।
- ਡਾਕਟਰ ਨਾਲ ਆਪਣੀ ਮੈਡੀਕਲ ਹਿਸਟਰੀ ਸਾਂਝੀ ਕਰੋ
- ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਤੋਂ ਬਚੋ
- ਸ਼ਰਾਬ ਅਤੇ ਸਿਗਰਟਨੋਸ਼ੀ ਨੂੰ ਸੀਮਤ ਕਰੋ
- ਆਪਣੇ ਡਾਕਟਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ
- ਕਿਸੇ ਵੀ ਬੇਅਰਾਮੀ ਬਾਰੇ ਦੱਸੋ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ