ਇਰਾਕ ਤੋਂ ਚੀਨ ਜਾ ਰਹੇ ਜਹਾਜ਼ ਤੋਂ 'ਗਾਇਬ' ਹੋਇਆ ਭਾਰਤੀ ਕੈਡੇਟ ਕਰਨਦੀਪ ਸਿੰਘ, 'ਮੈਂ ਅਜੇ ਵੀ ਕੰਨਾਂ ਵਿੱਚ ਆਪਣੇ ਬੱਚੇ ਦੀ ਆਵਾਜ਼ ਸੁਣਦਾ ਹਾਂ'

ਤਸਵੀਰ ਸਰੋਤ, KARANDEEP'S FAMILY
- ਲੇਖਕ, ਆਸਿਫ ਅਲੀ
- ਰੋਲ, ਦੇਹਰਾਦੂਨ ਤੋਂ ਬੀਬੀਸੀ ਲਈ
ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੀ ਇੱਕ ਤੰਗ ਗਲੀ ਵਿੱਚ ਪਸਰੀ ਚੁੱਪ ਹੁਣ ਇੱਕ ਪਰਿਵਾਰ ਦੀ ਚਿੰਤਾ ਦੀ ਕਹਾਣੀ ਦੱਸਦੀ ਹੈ।
ਪਿਛਲੇ ਵੀਹ ਦਿਨਾਂ ਤੋਂ ਨਰਿੰਦਰ ਸਿੰਘ ਰਾਣਾ ਦਾ ਘਰ ਚਿੰਤਾ, ਉਮੀਦ ਅਤੇ ਸਵਾਲਾਂ ਵਿਚਕਾਰ ਝੂਲ ਰਿਹਾ ਹੈ। ਉਨ੍ਹਾਂ ਦਾ 22 ਸਾਲਾ ਪੁੱਤਰ, ਕਰਨਦੀਪ ਸਿੰਘ ਰਾਣਾ, ਜੋ ਮਰਚੈਂਟ ਨੇਵੀ ਵਿੱਚ ਕੈਡੇਟ ਵਜੋਂ ਕੰਮ ਕਰ ਰਿਹਾ ਸੀ, ਅਚਾਨਕ ਸਮੁੰਦਰ ਦੇ ਵਿਚਕਾਰ ਇੱਕ ਜਹਾਜ਼ ਤੋਂ ਲਾਪਤਾ ਹੋ ਗਿਆ।
ਕਰਨਦੀਪ 18 ਸਤੰਬਰ ਨੂੰ ਦੇਹਰਾਦੂਨ ਤੋਂ ਰਵਾਨਾ ਹੋਏ ਸਨ। ਉਨ੍ਹਾਂ ਨੇ ਇਰਾਕ ਤੋਂ ਚੀਨ ਲਈ ਕੱਚਾ ਤੇਲ ਲੈ ਕੇ ਜਾਣ ਵਾਲੇ ਤੇਲਵਾਹਕ ਜਹਾਜ਼ 'ਐਮਟੀ ਫਰੰਟ ਪ੍ਰਿੰਸੈਸ' 'ਤੇ ਸਵਾਰ ਹੋ ਕੇ ਆਪਣੀ ਯਾਤਰਾ ਸ਼ੁਰੂ ਕੀਤੀ ਸੀ।
ਇਹ ਜਹਾਜ਼ ਮਾਰਸ਼ਲ ਆਈਲੈਂਡਜ਼ ਦੇ ਝੰਡੇ ਤਹਿਤ ਚਲਾਇਆ ਜਾਂਦਾ ਹੈ ਅਤੇ ਸਿੰਗਾਪੁਰ-ਅਧਾਰਤ ਇੱਕ ਨਿੱਜੀ ਕੰਪਨੀ, ਐਗਜ਼ੀਕਿਊਟਿਵ ਸ਼ਿਪ ਮੈਨੇਜਮੈਂਟ (ਈਐਸਐਸ) ਇਸ ਦਾ ਸੰਚਾਲਨ ਕਰਦੀ ਹੈ, ਜੋ ਜਹਾਜ਼ ਦੇ ਚਾਲਕ ਦਲ ਦੀ ਭਰਤੀ ਅਤੇ ਪ੍ਰਬੰਧਨ ਦਾ ਕੰਮ ਕਰਦੀ ਹੈ।
ਕੰਪਨੀ ਦੇ ਅਨੁਸਾਰ, "20 ਸਤੰਬਰ ਨੂੰ ਜਦੋਂ ਕਿ ਐਮਟੀ ਫਰੰਟ ਪ੍ਰਿੰਸੈਸ ਸ਼੍ਰੀਲੰਕਾ ਦੇ ਦੱਖਣ-ਪੂਰਬ 'ਚ ਲਗਭਗ 150 ਨਾਟਿਕਲ ਮੀਲ ਦੂਰੀ 'ਤੇ ਸੀ, ਉਸੇ ਵੇਲੇ ਕੈਡੇਟ ਕਰਨਦੀਪ ਰਾਣਾ ਦੇ ਜਹਾਜ਼ ਤੋਂ ਲਾਪਤਾ ਪਾਏ ਗਏ।"
ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ "ਘਟਨਾ ਨੂੰ ਪੂਰੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨਾਲ ਲਿਆ ਹੈ" ਅਤੇ "ਜਾਂਚ ਵਿੱਚ ਸਾਰੀਆਂ ਸਮੁੰਦਰੀ ਅਤੇ ਕਾਨੂੰਨੀ ਏਜੰਸੀਆਂ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।''
ਪਰ ਕਰਨਦੀਪ ਦਾ ਪਰਿਵਾਰ ਕੰਪਨੀ ਦੇ ਇਨ੍ਹਾਂ ਦਾਅਵਿਆਂ ਤੋਂ ਸੰਤੁਸ਼ਟ ਨਹੀਂ ਹੈ। ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਸਬੰਧੀ ਬਹੁਤ ਸਾਰੀਆਂ ਵਿਰੋਧਾਭਾਸੀ ਗੱਲਾਂ ਦੱਸੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਅਜੇ ਤੱਕ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਗਈ ਹੈ।
"ਕਿਵੇਂ ਕੋਈ ਆਨ ਬੋਰਡ ਲਾਪਤਾ ਹੋ ਸਕਦਾ ਹੈ?"

ਤਸਵੀਰ ਸਰੋਤ, KARANDEEP'S FAMILY
ਕਰਨ ਦੇ ਪਿਤਾ ਨਰਿੰਦਰ ਸਿੰਘ ਰਾਣਾ ਕਹਿੰਦੇ ਹਨ, "ਜਦੋਂ ਮੈਨੂੰ ਦੱਸਿਆ ਗਿਆ ਕਿ ਮੇਰਾ ਪੁੱਤਰ ਲਾਪਤਾ ਹੋ ਗਿਆ, ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਨੂੰ ਦੱਸਿਆ ਗਿਆ ਕਿ ਉਹ ਲਗਭਗ 6 ਵਜੇ ਫੋਟੋਸ਼ੂਟ ਲਈ ਡੈੱਕ 'ਤੇ ਗਿਆ ਸੀ ਅਤੇ ਫਿਰ ਵਾਪਸ ਨਹੀਂ ਮੁੜਿਆ।"
ਰਾਣਾ ਦੱਸਦੇ ਹਨ ਕਿ ਇਹ ਜਾਣਕਾਰੀ ਉਨ੍ਹਾਂ ਨੂੰ ਮੁੰਬਈ ਤੋਂ ਇੱਕ ਕੈਪਟਨ ਰਿਸ਼ੀਕੇਸ਼ ਨੇ ਦਿੱਤੀ ਸੀ, ਪਰ ਗੱਲਬਾਤ ਵਿੱਚ ਬਹੁਤ ਸਾਰੇ ਵਿਰੋਧਾਭਾਸ ਸਨ।
ਉਹ ਕਹਿੰਦੇ ਹਨ, "ਕਦੇ ਕਿਹਾ ਗਿਆ ਕਿ ਉਹ ਡੈੱਕ 'ਤੇ ਗਿਆ ਸੀ, ਕਦੇ ਕਿਹਾ ਗਿਆ ਕਿ ਉਸ ਨੂੰ ਆਖਰੀ ਵਾਰ ਚੀਫ਼ ਕੁੱਕ ਨੇ ਦੇਖਿਆ ਸੀ। ਪਰ ਜਹਾਜ਼ ਦੀ ਜਿਸ ਜਗ੍ਹਾਂ ਬਾਰੇ ਗੱਲ ਕੀਤੀ ਜਾ ਰਹੀ ਹੈ, ਉਸ ਤੋਂ ਸਮੁੰਦਰ ਬਹੁਤ ਹੇਠਾਂ ਹੈ, ਹੇਠਾਂ ਡਿੱਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।"
ਨਰਿੰਦਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਪ੍ਰਧਾਨ ਮੰਤਰੀ ਦਫ਼ਤਰ, ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ, "ਮੈਂ ਖੁਦ ਮੁੱਖ ਮੰਤਰੀ ਧਾਮੀ ਨੂੰ ਮਿਲਿਆ। ਉਨ੍ਹਾਂ ਨੇ ਭਰੋਸਾ ਦਿੱਤਾ, ਪਰ ਹੁਣ ਤੱਕ ਕੋਈ ਠੋਸ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ। ਨਾ ਹੀ ਕੰਪਨੀ ਤੋਂ ਕੋਈ ਸਹੀ ਜਵਾਬ ਮਿਲਿਆ, ਨਾ ਹੀ ਸਰਕਾਰ ਤੋਂ ਕੋਈ ਮਦਦ ਜਾਂ ਜਾਣਕਾਰੀ।"
ਉਹ ਅੱਗੇ ਦੱਸਦੇ ਹਨ, "ਇੱਕ ਦਿਨ ਦਿੱਲੀ ਤੋਂ ਦੋ ਲੋਕ ਆਏ ਸਨ ਜੋ ਖੁਦ ਨੂੰ ਕੰਪਨੀ ਦਾ ਪ੍ਰਤੀਨਿਧੀ ਦੱਸ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕਰਣ ਦੀ ਭਾਲ਼ ਜਾਰੀ ਹੈ। ਪਰ ਮੈਂ ਕਿਵੇਂ ਮੰਨ ਲਵਾਂ ਕਿ ਮੇਰਾ ਪੁੱਤਰ ਬਸ ਉਂਝ ਹੀ ਗਾਇਬ ਹੋ ਗਿਆ?"
ਇੱਕ ਮਾਂ ਦੀ ਅਰਦਾਸ, "ਬਸ ਮੇਰਾ ਬੱਚਾ ਮੁੜ ਆਵੇ''

ਤਸਵੀਰ ਸਰੋਤ, KARANDEEP'S FAMILY
ਉਹ ਕੰਧ 'ਤੇ ਟੰਗੀ ਆਪਣੇ ਪੁੱਤਰ ਦੀ ਬਚਪਨ ਦੀ ਫੋਟੋ ਨੂੰ ਦੇਖਦਿਆਂ ਮਾਂ ਸ਼ਸ਼ੀ ਰਾਣਾ ਦੀਆਂ ਅੱਖਾਂ ਭਰ ਆਉਂਦੀਆਂ ਹਨ। ਉਹ ਕਹਿੰਦੇ ਹਨ, "ਹੁਣ ਮੇਰੇ ਦਿਨ ਅਤੇ ਰਾਤਾਂ ਇੱਕੋ-ਜਿਹੀਆਂ ਹਨ। ਮੇਰਾ ਬੱਚਾ ਮੇਰੇ ਕੋਲ ਵਾਪਸ ਆ ਜਾਵੇ, ਇਹੀ ਅਰਦਾਸ ਹੈ।"
ਸ਼ਸ਼ੀ ਕਹਿੰਦੇ ਹਨ ਕਿ ਉਨ੍ਹਾਂ ਨੇ ਆਖਰੀ ਵਾਰ ਆਪਣੇ ਪੁੱਤਰ ਨਾਲ 20 ਸਤੰਬਰ ਨੂੰ ਦੁਪਹਿਰ 12:30 ਵਜੇ ਗੱਲ ਕੀਤੀ ਸੀ। "ਉਹ ਪੂਰੀ ਤਰ੍ਹਾਂ ਠੀਕ ਸੀ। ਕੁਝ ਵੀ ਨਹੀਂ ਲੱਗਿਆ ਕਿ ਉਹ ਪਰੇਸ਼ਾਨ ਹੈ।"
ਉਹ ਕਹਿੰਦੇ ਹਨ, "ਕੰਪਨੀ ਨੇ ਸਾਨੂੰ ਸਾਫ-ਸਾਫ ਨਹੀਂ ਦੱਸਿਆ ਕਿ ਮੇਰੇ ਪੁੱਤਰ ਨਾਲ ਕੀ ਹੋਇਆ। ਉਨ੍ਹਾਂ ਨੇ ਬਸ ਕਿਹਾ ਕਿ ਉਹ ਜਹਾਜ਼ 'ਤੇ ਨਹੀਂ ਹੈ ਅਤੇ ਨਾ ਸਮੁੰਦਰ ਵਿੱਚ ਮਿਲਿਆ। ਪਰ ਇਹ ਕਿਵੇਂ ਹੋ ਸਕਦਾ ਹੈ? ਸਾਨੂੰ ਤਾਂ ਇਹੀ ਲੱਗਦਾ ਹੈ ਕਿ ਕੁਝ ਗੜਬੜ ਹੈ। ਮੇਰੇ ਬੇਟੇ ਨਾਲ ਕੁਝ ਗਲਤ ਹੋਇਆ ਹੈ।"
"ਮੈਂ ਹਰ ਜਗ੍ਹਾ ਈਮੇਲ ਕਰ ਰਹੀ ਹਾਂ"

ਕਰਨਦੀਪ ਦੇ ਭੈਣ, ਸਿਮਰਨ ਹੁਣ ਹਰ ਪੱਧਰ 'ਤੇ ਇਹ ਮਾਮਲਾ ਚੁੱਕਣ ਵਿੱਚ ਰੁੱਝੇ ਹੋਏ ਹਨ। ਉਹ ਕਹਿੰਦੇ ਹਨ, "ਜਿਸ ਕੈਪਟਨ ਨੇ ਮੇਰੇ ਪਿਤਾ ਨੂੰ ਦੱਸਿਆ ਸੀ ਕਿ ਕਰਣ ਲਾਪਤਾ ਹੈ, ਉਸੀ ਨੇ ਕਿਹਾ ਕਿ ਉਸ ਨੂੰ ਆਖਰੀ ਵਾਰ ਸ਼ਾਮ 5:45 ਵਜੇ ਲਾਈਫਬੋਟ ਨੇੜੇ ਦੇਖਿਆ ਗਿਆ ਸੀ। ਪਰ ਸ਼ਾਮ 5 ਵਜੇ ਤੋਂ ਬਾਅਦ ਕਿਸੇ ਨੂੰ ਵੀ ਡੈੱਕ 'ਤੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਤਾਂ ਉਹ ਉੱਥੇ ਕਿਵੇਂ ਪਹੁੰਚਿਆ?"
ਸਿਮਰਨ ਕਹਿੰਦੇ ਹਨ, "ਸਾਨੂੰ ਜਹਾਜ਼ ਵੱਲੋਂ ਦੱਸਿਆ ਗਿਆ ਕਿ ਇੱਕ ਕੈਮਰਾ ਅਤੇ ਇੱਕ ਜੁੱਤਾ ਡੈੱਕ 'ਤੇ ਮਿਲਿਆ। ਪਰ ਸਿਰਫ਼ ਕੈਮਰਾ ਅਤੇ ਜੁੱਤਾ ਮਿਲਣਾ ਬਹੁਤ ਡਰਾਉਣ ਵਾਲਾ ਹੈ। ਇਹ ਕੰਪਨੀ ਦੀ ਜ਼ਿਮੇਦਾਰੀ ਸੀ ਕਿ ਕਰਣ ਨੂੰ ਸੁਰੱਖਿਅਤ ਰੱਖੇ। ਆਨ ਡਿਊਟੀ ਕਿਵੇਂ ਕੋਈ ਗਾਇਬ ਹੋ ਸਕਦਾ ਹੈ?"
ਉਹ ਕਹਿੰਦੇ ਹਨ, "17 ਸਤੰਬਰ ਨੂੰ ਕਰਣ ਨੇ ਮੈਨੂੰ ਇੱਕ ਵੌਇਸ ਮੈਸੇਜ ਭੇਜਿਆ ਸੀ। ਉਸ ਨੇ ਕਿਹਾ ਕਿ ਕੰਮ ਬਹੁਤ ਜ਼ਿਆਦਾ ਹੈ, ਕਈ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਅਤੇ ਕੈਪਟਨ ਉਸ 'ਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਪਾਉਂਦਾ ਹੈ। ਉਸ ਨੇ ਕਿਹਾ ਕਿ ਲੱਗਦਾ ਹੈ ਜਿਵੇਂ ਤਿੰਨ ਜਾਂ ਚਾਰ ਲੋਕਾਂ ਦਾ ਕੰਮ ਉਹ ਇੱਕਲਾ ਕਰ ਰਿਹਾ ਹੈ।''
ਸਿਮਰਨ ਨੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ, ਡੀਜੀ ਸ਼ਿਪਿੰਗ, ਐਮਆਰਸੀਸੀ ਕੋਲੰਬੋ, ਚੀਨ, ਸਿੰਗਾਪੁਰ ਅਤੇ ਸ਼੍ਰੀਲੰਕਾ ਦੇ ਦੂਤਾਘਰਾਂ ਨੂੰ ਈਮੇਲ ਭੇਜੇ। ਉਹ ਕਹਿੰਦੇ ਹਨ, "ਮੈਂ ਆਈਟੀਐੱਫ ਲੰਡਨ (ਇੰਟਰਨੈਸ਼ਨਲ ਟ੍ਰਾਂਸਪੋਰਟ ਵਰਕਰਜ਼ ਫੈਡਰੇਸ਼ਨ) ਨੂੰ ਵੀ ਲਿਖਿਆ ਕਿ ਐਮਟੀ ਫਰੰਟ ਪ੍ਰਿੰਸੈਸ ਜਹਾਜ਼ ਤੋਂ ਇੱਕ ਕੈਡੇਟ ਲਾਪਤਾ ਹੈ। ਉਸ ਤੋਂ ਬਾਅਦ ਹੀ ਕੁਝ ਜਵਾਬ ਆਉਣੇ ਸ਼ੁਰੂ ਹੋਏ।"
ਕੰਪਨੀ ਦੀ ਸਫਾਈ ਅਤੇ ਜਾਂਚ ਪ੍ਰਕਿਰਿਆ

ਕੰਪਨੀ, ਐਗਜ਼ੀਕਿਊਟਿਵ ਸ਼ਿਪ ਮੈਨੇਜਮੈਂਟ (ਈਐਸਐਮ) ਨੇ 10 ਅਕਤੂਬਰ ਨੂੰ ਇੱਕ ਵਿਸਤ੍ਰਿਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਡੇਟ ਕਰਣਦੀਪ ਸਿੰਘ ਰਾਣਾ ਦੇ ਲਾਪਤਾ ਹੋਣ ਨੂੰ "ਬਹੁਤ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨਾਲ ਲਿਆ ਗਿਆ ਹੈ।"
ਕੰਪਨੀ ਦੇ ਅਨੁਸਾਰ, "ਘਟਨਾ ਦੀ ਰਿਪੋਰਟ ਮਿਲਦੇ ਹੀ ਜਹਾਜ਼ ਅਤੇ ਸਮੁੰਦਰੀ ਅਧਿਕਾਰੀਆਂ ਦੇ ਤਾਲਮੇਲ ਨਾਲ ਪੂਰੇ ਪੈਮਾਨੇ 'ਤੇ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਇਸ ਕਾਰਜ ਵਿੱਚ ਸ਼੍ਰੀਲੰਕਾ ਦੁਆਰਾ ਤਾਇਨਾਤ ਦੋ ਹੋਰ ਮਰਚੈਂਟ ਨੇਵੀ ਜਹਾਜ਼ ਅਤੇ ਸ਼੍ਰੀਲੰਕਾ ਵੱਲੋਂ ਤਾਇਨਾਤ ਹੈਲੀਕਾਪਟਰ ਵੀ ਸ਼ਾਮਲ ਸਨ। ਸਮੁੰਦਰ ਅਤੇ ਹਵਾ ਦੇ ਮਾਧਿਅਮ ਰਹਿਣ 96 ਘੰਟੇ ਦੀ ਖੋਜ ਦੇ ਬਾਵਜੂਦ ਕੈਡੇਟ ਰਾਣਾ ਦਾ ਪਤਾ ਨਹੀਂ ਲੱਗ ਸਕਿਆ।"
ਈਐਸਐਮ ਨੇ ਕਿਹਾ ਕਿ ਉਹ ਪਰਿਵਾਰ ਨਾਲ "ਲਗਾਤਾਰ ਸੰਪਰਕ ਵਿੱਚ" ਹੈ ਅਤੇ "ਹਰ ਸੰਭਵ ਭਾਵਨਾਤਮਕ, ਪ੍ਰਸ਼ਾਸਨਿਕ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰ ਰਹੀ ਹੈ।"
ਕੰਪਨੀ ਦੇ ਅਨੁਸਾਰ, "24 ਸਤੰਬਰ ਨੂੰ ਸਾਡੇ ਪ੍ਰਤੀਨਿਧੀ ਦਿੱਲੀ ਵਿੱਚ ਪਰਿਵਾਰ ਨਾਲ ਮਿਲੇ ਅਤੇ ਪਰਿਵਾਰ ਦੀ ਜਹਾਜ਼ ਦੇ ਚਾਲਕ ਦਲ ਨਾਲ 45 ਮਿੰਟ ਦੀ ਗੱਲਬਾਤ ਵੀ ਕਰਵਾਈ ਗਈ।"

ਕੰਪਨੀ ਨੇ ਦੱਸਿਆ ਕਿ ਇੱਕ ਸੁਤੰਤਰ ਸਰਵੇਅਰ ਨਿਯੁਕਤ ਕੀਤਾ ਗਿਆ ਹੈ, ਜਿਸ ਨੇ 7 ਅਕਤੂਬਰ ਨੂੰ ਜਹਾਜ਼ ਦਾ ਦੌਰਾ ਕੀਤਾ।
ਕੰਪਨੀ ਨੇ ਕਿਹਾ, "ਸਰਵੇਅਰ ਆਪਣੀ ਰਿਪੋਰਟ ਅੰਤਰਰਾਸ਼ਟਰੀ ਸਮੁੰਦਰੀ ਮਾਪਦੰਡਾਂ ਅਨੁਸਾਰ ਤਿਆਰ ਕਰੇਗਾ ਅਤੇ ਇਸਨੂੰ ਫਲੈਗ ਸਟੇਟ, ਡੀਜੀ ਸ਼ਿਪਿੰਗ (ਭਾਰਤ), ਆਈਟੀਐਫ ਅਤੇ ਭਾਰਤੀ ਦੂਤਾਘਰ (ਚੀਨ) ਨਾਲ ਸਾਂਝਾ ਕਰੇਗਾ। ਪਰਿਵਾਰ ਨੂੰ ਵੀ ਰਿਪੋਰਟ ਦੀ ਇੱਕ ਕਾਪੀ ਪ੍ਰਦਾਨ ਕੀਤੀ ਜਾਵੇਗੀ।"
ਈਐਸਐਮ ਨੇ ਕਿਹਾ, "ਅਜਿਹੇ ਸਮੇਂ ਅਫਵਾਹਾਂ ਅਤੇ ਗੈਰ-ਪ੍ਰਮਾਣਿਤ ਜਾਣਕਾਰੀ ਤੇਜ਼ੀ ਨਾਲ ਫੈਲ ਸਕਦੀ ਹੈ, ਪਰ ਕੰਪਨੀ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਸਾਰੇ ਤੱਥ ਸਿਰਫ ਅਧਿਕਾਰਤ ਪ੍ਰਕਿਰਿਆਵਾਂ ਰਾਹੀਂ ਹੀ ਸਾਹਮਣੇ ਆਉਣ।"
ਕੰਪਨੀ ਨੇ ਕਿਹਾ ਕਿ ਇਹ ਘਟਨਾ ਉਸ ਦੇ ਪੂਰੇ ਸੰਗਠਨ ਨੂੰ ਡੂੰਘਾ ਪ੍ਰਭਾਵਿਤ ਕਰ ਚੁੱਕੀ ਹੈ ਅਤੇ ਜਹਾਜ਼ ਦੇ ਚਾਲਕ ਦਲ ਨੂੰ ਮਨੋਵਿਗਿਆਨਕ ਸਲਾਹ ਵੀ ਦਿੱਤੀ ਜਾ ਰਹੀ ਹੈ।''
ਕੰਪਨੀ ਨੇ ਅੱਗੇ ਕਿਹਾ, "ਅਸੀਂ ਆਪਣੇ ਚਾਲਕ ਦਲ, ਕੈਡੇਟ ਰਾਣਾ ਦੇ ਪਰਿਵਾਰ ਅਤੇ ਉਨ੍ਹਾਂ ਕਦਰਾਂ-ਕੀਮਤਾਂ ਦੇ ਨਾਲ ਖੜ੍ਹੇ ਹਾਂ ਜੋ ਸਾਡੇ ਸਮੁੰਦਰੀ ਭਾਈਚਾਰੇ ਦੀ ਪਛਾਣ ਹਨ।''
ਪਰਿਵਾਰ ਨੂੰ ਉਮੀਦ

ਤਸਵੀਰ ਸਰੋਤ, KARANDEEP'S FAMILY
ਰਾਣਾ ਪਰਿਵਾਰ ਹੁਣ ਹਰ ਰੋਜ਼ ਜਵਾਬਾਂ ਦੀ ਉਡੀਕ ਕਰਦਾ ਹੈ। ਪਿਤਾ ਨਰਿੰਦਰ ਸਿੰਘ ਰਾਣਾ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਕਰਣ ਕਿਤੇ ਹੈ, ਬਸ ਸਾਨੂੰ ਉਸ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਮੈਂ ਅਜੇ ਵੀ ਆਪਣੇ ਕੰਨਾਂ ਵਿੱਚ ਆਪਣੇ ਬੱਚੇ ਦੀ ਆਵਾਜ਼ ਸੁਣਦਾ ਹਾਂ।"
ਮਾਂ ਕਹਿੰਦੀ ਹੈ, "ਜੇ ਮੇਰਾ ਪੁੱਤਰ ਜ਼ਿੰਦਾ ਹੈ ਤਾਂ ਉਸਨੂੰ ਵਾਪਸ ਲਿਆਓ ਤੇ ਜੇ ਨਹੀਂ ਹੈ ਤਾਂ ਸੱਚ ਦੱਸੋ। ਮੈਂ ਬਸ ਇਹ ਜਾਣਨਾ ਚਾਹੁੰਦੀ ਹਾਂ ਕਿ ਮੇਰੇ ਬੱਚੇ ਨਾਲ ਕੀ ਹੋਇਆ ਹੈ।"
ਸਿਮਰਨ ਹਰ ਰੋਜ਼ ਇੱਕ ਨਵੀਂ ਈਮੇਲ ਲਿਖਦੇ ਹਨ ਅਤੇ ਜਵਾਬ ਦੀ ਉਡੀਕ ਕਰਦੇ ਹਨ। ਉਹ ਕਹਿੰਦੇ ਹਨ, "ਹਰ ਸਵੇਰ ਮੈਂ ਇਹ ਸੋਚ ਕੇ ਉੱਠਦੀ ਹਾਂ ਕਿ ਸ਼ਾਇਦ ਅੱਜ ਮੈਨੂੰ ਕੋਈ ਈਮੇਲ ਜਾਂ ਜਵਾਬ ਮਿਲੇਗਾ, ਕੋਈ ਚੰਗੀ ਖ਼ਬਰ ਮਿਲੇਗੀ। ਮੈਂ ਬਸ ਚਾਹੁੰਦੀ ਹਾਂ ਕਿ ਕਰਣ ਨੂੰ ਇਨਸਾਫ਼ ਮਿਲੇ ਅਤੇ ਦੁਨੀਆਂ ਉਸ ਦਾ ਸੱਚ ਜਾਣੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












