10 ਸਾਲਾ ਬ੍ਰਿਟਿਸ਼-ਪਾਕਿਸਤਾਨੀ ਬੱਚੀ ਸਾਰਾ ਸ਼ਰੀਫ ਦੇ ਕਤਲ ਕੇਸ 'ਚ ਪਿਤਾ ਨੂੰ ਉਮਰ ਕੈਦ ਦੀ ਸਜ਼ਾ

ਸਾਰਾ ਸ਼ਰੀਫ਼

ਤਸਵੀਰ ਸਰੋਤ, Surrey Police

ਤਸਵੀਰ ਕੈਪਸ਼ਨ, ਸਾਰਾ ਸ਼ਰੀਫ਼ 10 ਅਗਸਤ, 2023 ਨੂੰ ਆਪਣੇ ਘਰ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੀ ਸੀ
    • ਲੇਖਕ, ਦਿਵਿਆ ਤਲਵਾਰ, ਕਲੇਅਰ ਐਲੀਸਨ ਤੇ ਐਮਿਲੀ ਕੌਡੀ-ਸਟੈਂਪ
    • ਰੋਲ, ਬੀਬੀਸੀ ਪੱਤਰਕਾਰ

10 ਸਾਲਾ ਬ੍ਰਿਟਿਸ਼-ਪਾਕਿਸਤਾਨੀ ਬੱਚੀ ਸਾਰਾ ਸ਼ਰੀਫ਼ ਦੇ ਕਤਲ ਮਾਮਲੇ ਵਿੱਚ ਉਸ ਦੇ ਪਿਤਾ ਅਤੇ ਮਤਰੇਈ ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਸਾਰਾ ʼਤੇ ʻਤਸ਼ੱਦਦʼ ਕੀਤਾ ਗਿਆ ਸੀ, ਉਸ ਨੂੰ ਸਾੜਣ ਅਤੇ ਕੁੱਟਣ ਦਾ ਸਿਲਸਿਲਾ ਦੋ ਸਾਲਾਂ ਤੱਕ ਚੱਲਿਆ ਸੀ।

ਇਸ ਤੋਂ ਬਾਅਦ 2023 ਵਿੱਚ ਉਸ ਦੀ ਲਾਸ਼ ਸਰੀ ਦੇ ਵੋਕਿੰਗ ਵਿੱਚ ਉਸ ਦੇ ਪਰਿਵਾਰ ਦੇ ਘਰੋਂ ਮਿਲੀ ਸੀ।

ਕ੍ਰਿਸਚੀਅਨ ਫੂਲਰ, ਹੇਲੀਨਾ ਵਿਕਲਸਨ ਅਤੇ ਡੇਨੀਅਲ ਸੈਂਡਫੋਲਡ ਦੀ ਰਿਪੋਰਟ ਮੁਤਾਬਕ, ਸਾਰਾ ਦੇ ਪਿਤਾ 43 ਸਾਲਾ ਉਰਫਾਨ ਸ਼ਰੀਫ ਨੂੰ ਕਤਲ ਦੇ ਦੋਸ਼ ਵਿੱਚ ਘੱਟੋ-ਘੱਟ 40 ਸਾਲ ਦੀ ਸਜ਼ਾ ਸੁਣਾਈ ਗਈ ਜਦਕਿ ਉਸ ਦੀ 30 ਸਾਲਾ ਮਤਰੇਈ ਮਾਂ ਬੇਨਾਸ਼ ਬਤੂਲ ਨੂੰ ਘੱਟੋ-ਘੱਟ 33 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਇਸ ਤੋਂ ਇਲਾਵਾ ਸਾਰਾ ਦੇ ਇੱਕ ਹੋਰ ਰਿਸ਼ਤੇਦਾਰ ਫੈਸਲ ਮਲਿਕ ਨੂੰ 16 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਸਾਰਾ ਦੇ ਪਿਤਾ ਉਰਫਾਨ ਸ਼ਰੀਫ ਅਤੇ ਮਤਰੇਈ ਮਾਂ ਬੇਨਾਸ਼ ਬਤੂਲ

ਤਸਵੀਰ ਸਰੋਤ, Surrey Police

ਤਸਵੀਰ ਕੈਪਸ਼ਨ, ਸਾਰਾ ਦੇ ਪਿਤਾ ਉਰਫਾਨ ਸ਼ਰੀਫ ਅਤੇ ਮਤਰੇਈ ਮਾਂ ਬੇਨਾਸ਼ ਬਤੂਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ

ਨਵੰਬਰ 2024 ਵਿੱਚ ਸਾਰਾ ਸ਼ਰੀਫ ਦੇ ਪਿਤਾ ਨੇ ਅਦਾਲਤ ਵਿੱਚ ਜਿਊਰੀ ਸਾਹਮਣੇ ਕਿਹਾ ਸੀ, "ਮੈਂ ਧਰਤੀ ’ਤੇ ਸਭ ਤੋਂ ਮਾੜਾ ਪਿਤਾ ਹਾਂ।"

ਉਰਫਾਨ ਸ਼ਰੀਫ ਤੋਂ ਜਦੋਂ ਅਦਾਲਤ ਵਿੱਚ ਪੁੱਛ-ਗਿੱਛ ਕੀਤੀ ਜਾ ਰਹੀ ਸੀ, ਉਨ੍ਹਾਂ ਸਵਿਕਾਰਿਆ,“ਉਹ ਮੇਰੇ ਕਰਕੇ ਮਰੀ।”

ਸਾਰਾ ਦੀ ਲਾਸ਼ ਮਿਲਣ ਤੋਂ ਇੱਕ ਦਿਨ ਪਹਿਲਾਂ ਯਾਨਿ 9 ਅਗਸਤ, 2023 ਨੂੰ ਸਾਰਾ ਦੇ ਪਿਤਾ ਉਰਫ਼ਾਨ ਸ਼ਰੀਫ, ਮਤਰੇਈ ਮਾਂ ਬੇਨਾਸ਼ ਬਾਤੂਲ ਅਤੇ ਉਨ੍ਹਾਂ ਦੇ ਭਰਾ ਫ਼ੈਸਲ ਮਲਿਕ ਬੱਚਿਆਂ ਸਮੇਤ 9 ਯੂਕੇ ਛੱਡ ਗਏ ਸਨ।

ਪੋਸਟ-ਮਾਰਟਮ ਰਿਪੋਰਟ ਵਿੱਚ ਪਤਾ ਲੱਗਿਆ ਸੀ ਕਿ ਸਾਰਾ ਨੂੰ ਕਾਫ਼ੀ ਜ਼ਿਆਦਾ ਅਤੇ ਗੰਭੀਰ ਸੱਟਾਂ ਲੱਗੀਆਂ ਸਨ।

ਉਸ ਸਮੇਂ ਮਾਪਿਆਂ ਨੇ ਉਸ ਦੇ ਕਤਲ ਤੋਂ ਇਨਕਾਰ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਯੂਕੇ ਦੀ ਅਦਾਲਤ ਵਿੱਚ ਚੱਲੀ।

ਇਸ ਖ਼ਬਰ ਵਿਚਲੇ ਕੁਝ ਹਵਾਲੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਦਾਲਤੀ ਕਾਰਵਾਈ ਦੌਰਾਨ ਪਿਤਾ ਨੇ ਕੀ ਕਿਹਾ ਸੀ

ਸਾਰਾ ਦੇ ਪਿਤਾ ਉਰਫ਼ਾਨ ਸ਼ਰੀਫ਼ ਦੇ ਬਿਆਨ ਵਿੱਚ ਕਈ ਦਰਦਨਾਕ ਖ਼ੁਲਾਸੇ ਹੋਏ ਸਨ।

ਉਰਫ਼ਾਨ ਨੇ ਅਦਾਲਤ ਵਿੱਚ ਸੁਣਵਾਈ ਦੌਰਾਨ ਇਹ ਸਵੀਕਾਰ ਕੀਤਾ ਕਿ ਜਦੋਂ ਜਿਰ੍ਹਾ ਵੱਲੋਂ ਜਵਾਬੀ-ਪੁੱਛ ਪੜਤਾਲ ਕੀਤੀ ਜਾ ਰਹੀ ਸੀ, ਉਸ ਸਮੇਂ ਉਨ੍ਹਾਂ ਦਾ ਵਿਵਹਾਰ ਬੇਰਹਿਮ ਅਤੇ ਨਿਰਦਈ ਸੀ।

ਅਦਾਲਤ ਵਿੱਚ ਦੱਸਿਆ ਗਿਆ ਸੀ ਕਿ ਪਿਛਲੇ ਸਾਲ ਵੋਕਿੰਗ, ਸਰੀ ਵਿੱਚ ਸਾਰਾ ਦੇ ਪਰਿਵਾਰਕ ਘਰ ਵਿੱਚ ਮ੍ਰਿਤਕ ਪਾਏ ਜਾਣ ਤੋਂ ਪਹਿਲਾਂ ਸਾਰਾ ਨਾਲ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਦੁਰਵਿਵਹਾਰ ਕੀਤਾ ਗਿਆ ਸੀ। ਉਸ ਦੀ ਕੁੱਟ-ਮਾਰ ਕੀਤੀ ਜਾਂਦੀ ਰਹੀ ਸੀ ਅਤੇ ਉਸ ਦੇ ਸਰੀਰ ਉੱਤੇ ਸਾੜੇ ਜਾਣ ਅਤੇ ਦਬਾਏ ਜਾਣ ਦੇ ਨਿਸ਼ਾਨ ਮੌਜੂਦ ਸਨ।

42 ਸਾਲਾ ਉਰਫ਼ਾਨ ਸ਼ਰੀਫ, ਸਾਰਾ ਦੀ 30 ਸਾਲਾ ਮਤਰੇਈ ਮਾਂ ਬੇਨਾਸ਼ ਬਤੂਲ, ਅਤੇ 29 ਸਾਲਾ ਚਾਚਾ ਫੈਸਲ ਮਲਿਕ ਨੇ ਬੱਚੀ ਦੇ ਕਤਲ ਵਿੱਚ ਕਿਸੇ ਕਿਸਮ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ।

ਪੋਸਟਮਾਰਟਮ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਸਾਰਾ ਦੀ 8 ਅਗਸਤ 2023 ਨੂੰ ਮੌਤ ਤੋਂ ਪਹਿਲਾਂ ਉਸ ਦੇ ਸਰੀਰ ਉੱਤੇ ‘ਸੰਭਾਵਿਤ ਤੌਰ ’ਤੇ ਮਨੁੱਖੀ ਦੰਦਾਂ ਦੇ ਨਿਸ਼ਾਨ ਸਨ’, ਲੋਹੇ ਦੀ ਕਿਸੇ ਚੀਜ਼ ਨਾਲ ਸਾੜਨ ਅਤੇ ਗ਼ਰਮ ਪਾਣੀ ਨਾਲ ਝੁਲਸਣ ਸਣੇ ਦਰਜਨਾਂ ਸੱਟਾਂ ਸਨ।

ਸ਼ਰੀਫ ਨੇ ਅਦਾਲਤ ਵਿੱਚ ਮੰਨਿਆ ਕਿ ਘਰ ਵਿੱਚ ਸਾਰਾ ਨਾਲ ਅਜਿਹੀ ਹਿੰਸਾ ਆਮ ਸੀ।

ਇਸ ਤੋਂ ਇਲਾਵਾ ਸ਼ਰੀਫ਼ ਨੇ ਕਿਹਾ ਕਿ ਸਾਰਾ ਦਾ ਭਰਾ ਮਲਿਕ ਇਸ ਗੱਲ ਤੋਂ ਅਣਜਾਣ ਸੀ ਕਿ ਸਾਰਾ ਨਾਲ ਕੁੱਟਮਾਰ ਕੀਤੀ ਜਾਂਦਾ ਸੀ।

ਇਸਤਗਾਸਾ ਪੱਖ ਨੇ ਸ਼ਰੀਫ਼ ਦੇ ਇਸ ਬਿਆਨ ਨੂੰ ਚੁਣੌਤੀ ਦਿੱਤੀ ਹੈ ਕਿ ਕਿਵੇਂ ਤਿੰਨ ਬੈੱਡਰੂਮ ਵਾਲੇ ਛੋਟੇ ਜਿਹੇ ਘਰ ਵਿੱਚ ਕਿਸੇ ਇੱਕ ਪਰਿਵਾਰਕ ਮੈਂਬਰ ਨਾਲ ਹੋ ਰਹੀ ਅੱਤ ਦਰਜੇ ਦੀ ਹਿੰਸਾ ਤੋਂ ਉਸੇ ਘਰ ਵਿੱਚ ਰਹਿੰਦੇ ਹੋਰ ਲੋਣ ਅਣਜਾਣ ਰਹਿ ਸਕਦੇ ਹਨ।

ਸ਼ਰੀਫ ਨੇ ਕਿਹਾ, ''ਫੈਸਲ ਮਲਿਕ ਤੋਂ ਪਰਦਾ ਰੱਖਿਆ ਗਿਆ ਸੀ।”

ਜਵਾਬੀ ਪੁੱਛ-ਗਿੱਛ ਤਹਿਤ, ਉਨ੍ਹਾਂ ਤੋਂ ਸਾਰਾ ਦੀ ਪਿੱਠ ਸੜਨ ਅਤੇ ਉਸ ਦੇ ਸਰੀਰ ਉੱਤੇ ਲੱਗੇ ਕੱਟਣ ਦੇ ਨਿਸ਼ਾਨਾਂ ਬਾਰੇ ਪੁੱਛਗਿੱਛ ਕੀਤੀ ਗਈ, ਜਿਸਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।

ਉਰਫ਼ਾਨ ਮਲਿਕ ਦਾ ਸਕੈਚ
ਤਸਵੀਰ ਕੈਪਸ਼ਨ, ਅਦਾਲਤ ਵਿੱਚ ਪੁੱਛ-ਗਿੱਛ ਦੌਰਾਨ ਉਰਫ਼ਾਨ ਸ਼ਰੀਫ਼ ਨੇ ਕਿਹਾ, “ਉਹ ਮੇਰੇ ਕਾਰਨ ਮਰੀ।”

ਸਖ਼ਤ ਪੁੱਛ-ਗਿੱਛ ਦੌਰਾਨ ਕੀ ਹੋਏ ਸਨ ਖੁਲਾਸੇ

ਸਰਕਾਰੀ ਵਕੀਲ ਬਿਲ ਐਮਲਿਨ ਜੋਨਸ ਕੇਸੀ ਨੇ ਸ਼ਰੀਫ਼ ਨੂੰ ਪੁੱਛਿਆ,"ਉਸ ਸਮੇਂ ਜਦੋਂ ਸਾਰਾ ਨੂੰ ਲੋਹੇ ਦੀ ਕਿਸੇ ਚੀਜ਼ ਨਾਲ ਦਬਾਇਆ ਜਾ ਰਿਹਾ ਸੀ, ਕਿਸੇ ਨੇ ਫ਼ੜਿਆ ਵੀ ਹੋਵੇਗਾ। ਉਸ ਸਮੇਂ ਘੱਟੋ-ਘੱਟ ਦੋ ਲੋਕਾਂ ਨੂੰ ਉਸ ਨੂੰ ਫੜਨਾ ਪਿਆ ਹੋਵੇਗਾ।"

ਸ਼ਰੀਫ਼ ਨੇ ਜਵਾਬ ਦਿੱਤਾ,"ਮੈਨੂੰ ਨਹੀਂ ਪਤਾ ਕਿ ਇਹ ਕਿਵੇਂ ਹੋਇਆ।"

ਐਮਲਿਨ ਜੋਨਸ ਕੇਸੀ ਨੇ ਪੁੱਛਿਆ ਕਿ ਕੀ ਕਿਸੇ ਨੂੰ ਸਾਰਾ ਨੂੰ ਫੜ ਕੇ ਰੱਖਿਆ ਸੀ।

ਸ਼ਰੀਫ ਨੇ ਅਦਾਲਤ ਨੂੰ ਕਿਹਾ, “ਮੈਂ ਨਹੀਂ ਜਾਣਦਾ ਸਰ, ਇਹ ਜ਼ਰੂਰ ਬੱਚੇ ਹੋ ਸਕਦੇ ਹਨ।”

ਐਮਲਿਨ ਜੋਨਸ ਕੇਸੀ ਨੇ ਪੁੱਛਿਆ: "ਤੁਸੀਂ ਕਿੰਨਾਂ ਝੁਕੋਗੇ?"

ਅਦਾਲਤ ਵਿੱਚ ਪਹਿਲਾਂ ਇੱਕ ਖੂਨ ਨਾਲ ਲਿਬੜਿਆ ਕ੍ਰਿਕਟ ਬੈਟ, ਸਾਰਾ ਦਾ ਡੀਐੱਨਏ ਲੱਗਿਆ ਇੱਕ ਰੋਲਿੰਗ ਪਿੰਨ, ਪਰਿਵਾਰ ਦੇ ਘਰ ਦੇ ਨੇੜੇ ਮਿਲੀ ਰਾਡ, ਇੱਕ ਬੈਲਟ ਅਤੇ ਰੱਸੀ ਸਬੂਤਾਂ ਵਜੋਂ ਪੇਸ਼ ਕੀਤੀ ਗਈ ਸੀ।

ਸਾਰਾ ਸ਼ਰੀਫ਼
ਤਸਵੀਰ ਕੈਪਸ਼ਨ, ਸਾਰਾ ਸ਼ਰੀਫ਼ ਦੇ ਸਰੀਰ ਉੱਤੇ ਦਰਜਨਾਂ ਨਿਸ਼ਾਨ ਸਨ

ਸ਼ਰੀਫ ਨੂੰ ਐਮਲਿਨ ਜੋਨਸ ਕੇਸੀ ਨੇ ਕਈ ਸਵਾਲ ਕੀਤੇ ਸਨ।

"ਜਦੋਂ ਤੁਸੀਂ ਕ੍ਰਿਕਟ ਬੱਲੇ ਨਾਲ ਸਾਰਾ ਨੂੰ ਇੰਨਾ ਕੁੱਟਿਆ ਕਿ ਤੁਸੀਂ ਉਸ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ, ਤਾਂ ਕੀ ਤੁਸੀਂ ਉਸਨੂੰ ਸੱਚਮੁੱਚ ਗੰਭੀਰ ਸੱਟ ਮਾਰਨ ਦਾ ਇਰਾਦਾ ਰੱਖਦੇ ਸਨ?"

ਸ਼ਰੀਫ਼ ਨੇ ਕਿਹਾ,"ਨਹੀਂ ਸਰ।"

ਜੱਜਾਂ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਇਹ ਸ਼ਰੀਫ ਦਾ ਮਾਮਲਾ ਇਹ ਸੀ ਕਿ ਸਾਰਾ ਦੀ ਮਤਰੇਈ ਮਾਂ ਬਤੂਲ ਸਾਰਾ ਦੀ ਮੌਤ ਲਈ ਜ਼ਿੰਮੇਵਾਰ ਸੀ ਅਤੇ ਉਨ੍ਹਾਂ ਨੇ ਆਪਣੀ ਪਤਨੀ ਨੂੰ ਬਚਾਉਣ ਲਈ ਇੱਕ ਫ਼ੋਨ ਕਾਲ ਅਤੇ ਇੱਕ ਲਿਖਤੀ ਬਿਆਨ ਵਿੱਚ ਝੂਠੇ ਇਕਬਾਲ ਕੀਤੇ ਸਨ।

ਬੁੱਧਵਾਰ ਨੂੰ ਉਰਫ਼ਾਨ ਸ਼ਰੀਫ਼ ਨੇ ਆਪਣਾ ਬਿਆਨ ਬਦਲਦੇ ਹੋਏ ਕਿਹਾ, "ਉਹ ਮੇਰੇ ਕਾਰਨ ਮਰ ਗਈ।"

ਬਾਅਦ ਵਿੱਚ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਸਾਰਾ ਨੂੰ ਜਾਨੋਂ ਮਾਰਨ ਦਾ ਇਰਾਦਾ ਰੱਖਦੇ ਸਨ।

ਉਰਫਾਨ ਸ਼ਰੀਫ, ਬੇਨਾਸ਼ ਬਤੂਲ ਅਤੇ ਫੈਸਲ ਮਲਿਕ

ਤਸਵੀਰ ਸਰੋਤ, Surrey Police

ਤਸਵੀਰ ਕੈਪਸ਼ਨ, ਉਰਫ਼ਾਨ ਸ਼ਰੀਫ, ਬੇਨਾਸ਼ ਬਤੂਲ ਅਤੇ ਫੈਸਲ ਮਲਿਕ

2023 ਨੂੰ ਕੀ ਕੁਝ ਵਾਪਰਿਆ

8 ਅਗਸਤ – ਸਾਰਾ ਦੇ ਪਿਤਾ ਉਰਫ਼ਾਨ ਸ਼ਰੀਫ ਨੇ ਪਾਕਿਸਤਾਨ ਲਈ ਵਨ-ਵੇ ਟਿਕਟਾਂ ਬੁੱਕ ਕੀਤੀਆਂ

9 ਅਗਸਤ - ਸ਼ਰੀਫ, ਉਨ੍ਹਾਂ ਦੀ ਪਤਨੀ ਬੇਨਾਸ਼ ਬਤੂਲ ਅਤੇ ਉਨ੍ਹਾਂ ਦੇ ਭਰਾ ਫੈਸਲ ਮਲਿਕ, ਸਾਰਾ ਦੇ ਪੰਜ ਭੈਣ-ਭਰਾਵਾਂ ਨਾਲ ਇਸਲਾਮਾਬਾਦ ਚਲੇ ਗਏ

10 ਅਗਸਤ – ਸਾਰੇ ਪਾਕਿਸਤਾਨ ਪਹੁੰਚੇ, ਸਰੀ ਪੁਲਿਸ ਨੂੰ ਵੋਕਿੰਗ ਵਿੱਚ ਸਾਰਾ ਦੀ ਲਾਸ਼ ਮਿਲੀ।

ਮੰਨਿਆ ਜਾਂਦਾ ਹੈ ਕਿ ਤਿੰਨ ਬਾਲਗ਼ ਅਤੇ ਪੰਜ ਬੱਚੇ ਜੇਹਲਮ ਸ਼ਹਿਰ ਗਏ ਸਨ ਜਿੱਥੇ ਉਹ ਕੁਝ ਦਿਨ ਰੁਕੇ ਸਨ।

15 ਅਗਸਤ – ਪਾਕਿਸਤਾਨ ਨੂੰ ਇੰਟਰਪੋਲ ਤੋਂ ਉਨ੍ਹਾਂ ਨੂੰ ਲੱਭਣ ਲਈ ਬੇਨਤੀ ਮਿਲੀ ਪਰ ਉਹ ਉਨ੍ਹਾਂ ਨੂੰ ਲੱਭਣ ਵਿੱਚ ਅਸਮਰੱਥ ਰਹੇ।

6 ਸਤੰਬਰ – ਉਰਫ਼ਾਨ ਸ਼ਰੀਫ ਅਤੇ ਬੇਨਾਸ਼ ਬਤੂਲ ਨੇ ਇੱਕ ਵੀਡੀਓ ਬੀਬੀਸੀ ਨੂੰ ਭੇਜਿਆ। ਸ਼ਰੀਫ ਇਸ ਵਿੱਚ ਕੁਝ ਵੀ ਨਹੀਂ ਸਨ ਬੋਲੇ ਪਰ ਬਤੂਲ ਨੇ ਸਾਰਾ ਦੀ ਮੌਤ ਨੂੰ ‘ਘਟਨਾ’ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਯੂਕੇ ਦੇ ਅਧਿਕਾਰੀਆਂ ਨਾਲ ਸਹਿਯੋਗ ਕਰਨ ਲਈ ਤਿਆਰ ਹਨ।

9 ਸਤੰਬਰ - ਦੋ ਆਦਮੀਆਂ ਨੇ ਸਿਆਲਕੋਟ ਤੋਂ ਯੂਕੇ ਵਾਪਸ ਜਾਣ ਲਈ ਸ਼ਰੀਫ, ਬਤੂਲ ਅਤੇ ਮਲਿਕ ਲਈ ਜਹਾਜ਼ ਦੀਆਂ ਟਿਕਟਾਂ ਖਰੀਦੀਆਂ।

11 ਸਤੰਬਰ - ਪਾਕਿਸਤਾਨ ਵਿੱਚ ਪੁਲਿਸ ਨੇ ਜੇਹਲਮ ਵਿੱਚ ਉਰਫ਼ਾਨ ਦੇ ਪਿਤਾ ਦੇ ਘਰ ਪੰਜ ਬੱਚਿਆਂ ਦਾ ਪਤਾ ਲਗਾਇਆ

13 ਸਤੰਬਰ - ਸਾਰਾ ਦੇ ਪਿਤਾ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦਾ ਭਰਾ ਦੁਬਈ ਰਾਹੀਂ ਪਾਕਿਸਤਾਨ ਤੋਂ ਯੂਕੇ ਪਹੁੰਚੇ। ਜਿੱਥੇ ਤਿੰਨਾਂ ਨੂੰ ਉਰਫ਼ਾਨ ਸ਼ਰੀਫ (41), ਬੇਨਾਸ਼ ਬਤੂਲ (29) ਅਤੇ ਫੈਜ਼ਲ ਮਲਿਕ (28) ਨੂੰ ਜਹਾਜ਼ ਤੋਂ ਉਤਰਨ ਤੋਂ ਤੁਰੰਤ ਬਾਅਦ ਕਤਲ ਦੇ ਸ਼ੱਕ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ।

ਅਤੇ ਹੁਣ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)