'ਸਿੱਖਿਆ ਕ੍ਰਾਂਤੀ ਮੁਹਿੰਮ' ਨੂੰ ਲੈਕੇ ਕਿਉਂ ਘਿਰੀ ਪੰਜਾਬ ਸਰਕਾਰ? ਅਧਿਆਪਕਾਂ ਤੋਂ ਕਰਵਾਏ ਗਏ ਪ੍ਰਚਾਰ ਦਾ ਕੀ ਹੈ ਪੂਰਾ ਮਾਮਲਾ

    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਸਰਕਾਰ ਨੇ ਸੋਮਵਾਰ ਤੋਂ ਸੂਬੇ ਭਰ ਵਿੱਚ 'ਪੰਜਾਬ ਸਿੱਖਿਆ ਕ੍ਰਾਂਤੀ' ਮੁਹਿੰਮ ਦੀ ਸ਼ੁਰੂਆਤ ਕੀਤੀ।

ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਪੰਜਾਬ ਦੇ ਸਾਰੇ ਮੰਤਰੀ ਅਤੇ ਵਿਧਾਇਕ ਸੂਬੇ ਦੇ ਵੱਖ-ਵੱਖ ਸਕੂਲਾਂ ਵਿੱਚ ਉਦਘਾਟਨ ਸਮਾਗਮ ਲਈ ਪਹੁੰਚੇ।

ਮੁੱਖ ਮੰਤਰੀ ਭਗਵੰਤ ਮਾਨ ਸਮੇਤ ਤਕਰੀਬਨ ਹਰ ਮੰਤਰੀ ਅਤੇ ਵਿਧਾਇਕ ਨੇ ਇਹ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਉਣ ਤੋਂ ਬਾਅਦ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਣ ਵਾਲੇ ਸਕੂਲ ਬਣ ਗਏ ਹਨ।

ਇੱਕ ਪਾਸੇ ਪੰਜਾਬ ਸਰਕਾਰ ਨੇ ਇਸ ਮੁਹਿੰਮ ਨੂੰ ਸ਼ੁਰੂ ਕਰਨ ਵੇਲੇ ਇਹ ਉਪਰੋਕਤ ਦਾਅਵੇ ਕੀਤੇ, ਦੂਜੇ ਪਾਸੇ ਇਹ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਈ।

ਦਰਅਸਲ ਮੁਹਿੰਮ ਦੇ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਸੂਬੇ ਭਰ ਦੇ ਸਰਕਾਰੀ ਸਕੂਲ ਅਧਿਆਪਕਾਂ ਅਤੇ ਹੈੱਡ ਮਾਸਟਰਾਂ ਨੂੰ ਵੱਟਸਐਪ ਰਾਹੀਂ ਸੋਸ਼ਲ ਮੀਡੀਆ ਉੱਤੇ ਸਰਕਾਰ ਦੀ ਇਸ ਮੁਹਿੰਮ ਬਾਰੇ ਪ੍ਰਚਾਰ ਕਰਨ ਲਈ ਕਿਹਾ ਗਿਆ।

ਹਾਲਾਂਕਿ ਇਸਦੇ ਬਾਰੇ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਪਰ ਵੱਟਸਐਪ ਰਾਹੀਂ ਤਕਰੀਬਨ ਹਰ ਜ਼ਿਲ੍ਹੇ ਵਿੱਚ ਅਧਿਆਪਕਾਂ ਨੂੰ ਇਹ ਸੰਦੇਸ਼ ਭੇਜੇ ਗਏ ਕਿ 7 ਅਪ੍ਰੈਲ ਨੂੰ 11 ਵਜੇ ਜਦੋਂ ਸਰਕਾਰ ਇਹ ਮੁਹਿੰਮ ਸ਼ੁਰੂ ਕਰ ਰਹੀ ਹੋਵੇ, ਉਦੋਂ ਸੋਸ਼ਲ ਮੀਡੀਆ ਉੱਤੇ ਹਰ ਸਕੂਲ ਇਸ ਮੁਹਿੰਮ ਦਾ ਪ੍ਰਚਾਰ ਕਰੇ।

ਸਿਰਫ ਪ੍ਰਚਾਰ ਹੀ ਨਹੀਂ ਬਕਾਇਦਾ #ਪੰਜਾਬਸਿੱਖਿਆਕ੍ਰਾਂਤੀ ਨਾਮ ਦਾ ਹੈਸ਼ਟੈਗ ਵਰਤ ਕੇ ਇਸ ਮੁਹਿੰਮ ਨੂੰ ਟਰੈਂਡ ਕਰਵਾਇਆ ਜਾਵੇ।

ਵੱਟਸਐਪ ਗਰੁੱਪਾਂ ਵਿੱਚ ਕੀ ਸੰਦੇਸ਼ ਆਏ?

ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਉਂਦੇ ਸਰਕਾਰੀ ਅਧਿਆਪਕਾਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਉੱਤੇ ਬੀਬੀਸੀ ਪੰਜਾਬੀ ਨਾਲ ਗੱਲ ਇਸ ਬਾਰੇ ਗੱਲ ਕੀਤੀ।

ਮੁਹਾਲੀ, ਪਟਿਆਲਾ, ਲੁਧਿਆਣਾ, ਰੋਪੜ ਜ਼ਿਲ੍ਹੇ ਵਿੱਚ ਸਰਕਾਰੀ ਅਧਿਆਪਕਾਂ ਨਾਲ ਹੋਈ ਗੱਲਬਾਤ ਵਿੱਚ ਪਤਾ ਲੱਗਿਆ ਕਿ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਬਣੇ ਹੋਏ ਸਰਕਾਰੀ ਸਕੂਲ ਗਰੁੱਪਾਂ ਵਿੱਚ ਸੰਦੇਸ਼ ਭੇਜੇ।

ਜਿਸਦੇ ਵਿੱਚ ਲਿਖਿਆ ਗਿਆ ਸੀ ਕਿ ਜਿਨ੍ਹਾਂ ਸਕੂਲਾਂ ਵਿੱਚ 7 ਅਪ੍ਰੈਲ ਨੂੰ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਪਹੁੰਚ ਰਹੇ ਹਨ ਉਹ ਸਕੂਲ ਐਕਸ ਉੱਤੇ ਆਪਣੇ ਸਕੂਲ ਦੇ ਨਾਮ ਦਾ, ਹੈੱਡ ਮਾਸਟਰ ਦੇ ਨਾਮ ਦਾ, ਹਰ ਅਧਿਆਪਕ ਦੇ ਨਾਮ ਖਾਤਾ ਖੋਲ੍ਹਣ।

ਜਦੋਂ ਇਸ ਮੁਹਿੰਮ ਸੰਬੰਧੀ ਪ੍ਰੋਗਰਾਮ ਸ਼ੁਰੂ ਹੋਵੇਗਾ ਉਸਦਾ ਪ੍ਰਸਾਰਣ ਇਨ੍ਹਾਂ ਖਾਤਿਆਂ ਉੱਤੇ ਕੀਤਾ ਜਾਵੇ। ਇਸ ਪ੍ਰੋਗਰਾਮ ਨਾਲ ਸੰਬੰਧਿਤ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਪਾਈਆਂ ਜਾਣ।

ਸੰਦੇਸ਼ ਵਿੱਚ ਲਿਖੀਆਂ ਗੱਲਾਂ ਕੀ ਸਨ?

ਕੁਝ ਅਧਿਆਪਕਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਵੱਟਸਐਪ ਉੱਤੇ ਜੋ ਸੰਦੇਸ਼ ਆਏ, ਉਸ ਦੇ ਵਿੱਚ ਹੇਠ ਲਿਖੀਆਂ ਗੱਲਾਂ ਲਿਖੀਆਂ ਹੋਈਆਂ ਸਨ।

'ਪੰਜਾਬ ਸਿੱਖਿਆ ਕ੍ਰਾਂਤੀ' ਪ੍ਰੋਗਰਾਮ ਨਾਲ ਸਬੰਧਿਤ ਸ਼ੋਸ਼ਲ ਮੀਡੀਆ ਦੀ ਵਰਤੋਂ ਲਈ ਜ਼ਰੂਰੀ ਨੁਕਤੇ।

  • ਉਦਘਾਟਨ ਸਮਾਰੋਹ ਵਾਲੇ ਸਕੂਲ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮ ਉੱਪਰ ਸਮਾਰੋਹ ਦੀ ਕਵਰੇਜ ਨੂੰ ਲਾਈਵ ਕਰਨ।
  • ਉਹ ਸਕੂਲ, ਜਿਨ੍ਹਾਂ ਵਿੱਚ ਉਦਘਾਟਨ ਸਮਾਰੋਹ ਲੇਟ ਹੈ। ਉਹ ਵੀ ਆਪਣੇ ਸਕੂਲ ਨਾਲ ਸਬੰਧਿਤ ਰੀਲ, ਵੀਡੀਓ ਅਤੇ ਫੋਟੋਗ੍ਰਾਫ ਆਦਿ ਸ਼ੇਅਰ ਕਰਨ।
  • ਹਰ ਸਕੂਲ ਪ੍ਰਤੀ ਦਿਨ ਘੱਟੋ ਘੱਟ 5-10 ਪੋਸਟਾਂ ਸ਼ੇਅਰ ਕਰਨ।
  • ਹਰ ਇਕ ਪੋਸਟ/ਰੀਲ/ਵੀਡੀਓ/ਲਾਈਵ ਸ਼ੇਅਰ ਕਰਦੇ ਸਮੇਂ #punjabsikhyakranti ਹੈਸ਼ਟੈਗ ਵਰਤਣਾ ਅਤਿ ਜਰੂਰੀ ਹੈ। ਇਹ ਕੇਵਲ ਇਸੇ ਰੂਪ ਵਿੱਚ ਹੀ ਵਰਤਿਆ ਜਾਵੇ।
  • ਜੇਕਰ ਤੁਸੀਂ ਕਿਸੇ ਵੀ ਪੋਸਟ ਤੇ ਕੰਮੈਟ ਕਰਦੇ ਹੋ ਤਾਂ ਆਪਣੀ ਟਿੱਪਣੀ ਲਿਖਣ ਉਪਰੰਤ ਹੈਸ਼ਟੈਗ ਨੂੰ ਐਡ ਕਰ ਦਿਓ।
  • ਹਰ ਸਕੂਲ ਦਾ ਟਵਿੱਟਰ ਅਕਾਊਂਟ ਬਣਾ ਲਿਆ ਜਾਵੇ। ਉਸ ʼਤੇ ਜ਼ਰੂਰ ਪੋਸਟ ਕਰਨਾ ਹੈ ਅਤੇ ਹੈਸ਼ਟੈਗ #punjabsikhyakranti ਦੀ ਵਰਤੋਂ ਵੀ ਕਰਨੀ ਹੈ।

ਭਗਵੰਤ ਮਾਨ ਦੀ ਤਸਵੀਰ ਵਾਲੇ ਲੋਗੋ ਲਗਾਉਣ ਦੀ ਅਪੀਲ

ਅਧਿਆਪਕਾਂ ਨੇ ਦੱਸਿਆ ਕਿ ਇਨ੍ਹਾਂ ਨੁਕਤਿਆਂ ਤੋਂ ਇਲਾਵਾ ਸੰਦੇਸ਼ ਜਾਰੀ ਕਰ ਕੇ ਇਹ ਵੀ ਕਿਹਾ ਗਿਆ ਕਿ ਹਰ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵਾਲਾ ਲੋਗੋ ਲਗਾਇਆ ਜਾਵੇ।

ਵੱਟਸਐਪ ਗਰੁੱਪ ਵਿੱਚ ਭੇਜਿਆ ਗਿਆ ਸੰਦੇਸ਼ ਕੁਝ ਇਸ ਤਰ੍ਹਾਂ ਸੀ -

ਅਧਿਆਪਕਾਂ ਦੇ ਵੱਟਸਐਪ ਗਰੁੱਪ ਵਿੱਚ ਆਡੀਓ ਸੰਦੇਸ਼ ਸਾਂਝੇ ਕਰਨ ਵਾਲੇ ਅਧਿਆਪਕ ਨਾਲ ਬੀਬੀਸੀ ਨੇ ਗੱਲਬਾਤ ਕੀਤੀ। ਉਨ੍ਹਾਂ ਦਾ ਨਾਮ ਰਾਜਨ ਬਗਲਾ ਹੈ, ਉਹ ਇਸ ਸਮੇਂ ਸਰਕਾਰੀ ਮਿਡਲ ਸਕੂਲ, ਅਭੁਨ ਜ਼ਿਲ੍ਹਾ ਫਾਜ਼ਿਲਕਾ ਵਿੱਚ ਪੜ੍ਹਾ ਰਹੇ ਹਨ।

ਉਨ੍ਹਾਂ ਨੇ ਕਿਹਾ, "ਆਡੀਓ ਮੇਰੀ ਹੀ ਹੈ, ਇਹ ਸੰਦੇਸ਼ ਸਾਨੂੰ ਵੀ ਸੀਨੀਅਰ ਅਧਿਕਾਰੀਆਂ ਵੱਲੋਂ ਭੇਜਿਆ ਗਿਆ ਸੀ ਜਿਸਨੂੰ ਮੈਂ ਅੱਗੇ ਹੋਰ ਅਧਿਆਪਕਾਂ ਨਾਲ ਸਾਂਝਾ ਕੀਤਾ। ਮੇਰੀ ਆਡੀਓ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਾਕਾਰਤਮਕ ਸੰਦੇਸ਼ ਨਹੀਂ ਸੀ।"

"ਉਸਦੇ ਵਿੱਚ ਇਹੀ ਕਿਹਾ ਗਿਆ ਕਿ ਜੋ ਗਰਾਂਟਸ ਸਕੂਲ ਵਿੱਚ ਆਈਆਂ ਜਾਂ ਸਕੂਲ ਦੀਆਂ ਉਪਲਬਧੀਆਂ ਬਾਰੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਨਾ ਹੈ। ਮੈਨੂੰ ਨਹੀਂ ਲੱਗਦਾ ਕਿ ਇਸਦੇ ਵਿੱਚ ਕੁਝ ਗ਼ਲਤ ਹੈ। ਜੇਕਰ ਸਰਕਾਰੀ ਸਕੂਲਾਂ ਵਿੱਚ ਕੁਝ ਚੰਗਾ ਹੋ ਰਿਹਾ ਤਾਂ ਸੋਸ਼ਲ ਮੀਡੀਆ ਉੱਤੇ ਉਸਦੀ ਮਸ਼ਹੂਰੀ ਕਰਨ ਵਿੱਚ ਕੀ ਹਰਜ਼ ਹੈ।"

ਹਰਜੋਤ ਬੈਂਸ ਦੇ ਟਵੀਟ ਨੂੰ ਰੀਟਵੀਟ ਕਰਨ ਦੇ ਆਏ ਸੰਦੇਸ਼

ਅਸੀਂ ਵੱਖ-ਵੱਖ ਸਕੂਲਾਂ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਹੋਣ ਤੋਂ ਬਾਅਦ ਅਧਿਆਪਕਾਂ ਨਾਲ ਗੱਲ ਕਰਕੇ ਪੁੱਛਿਆ ਕਿ ਕੀ ਅੱਜ ਵੀ ਕੋਈ ਸੰਦੇਸ਼ ਆਇਆ ਤਾਂ ਉਨ੍ਹਾਂ ਨੇ ਇੱਕ ਸਕਰੀਨਸ਼ੌਟ ਭੇਜ ਕੇ ਦੱਸਿਆ ਕਿ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਮੁਹਾਲੀ ਦੇ ਇੱਕ ਸਕੂਲ ਵਿੱਚ ਕੀਤੀ ਗਈ ਸ਼ਿਰਕਤ ਦੇ ਟਵੀਟ ਨੂੰ ਸਕੂਲ ਦੇ ਟਵੀਟਰ ਅਕਾਊਂਟਸ ਉੱਤੇ ਰੀਟਵੀਟ ਕਰਨ ਲੈ ਕਿਹਾ ਗਿਆ ਹੈ।

ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਘੇਰਿਆ

ਭਾਜਪਾ ਆਗੂ ਅਤੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿਰਸਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾ ਕੇ ਪੰਜਾਬ ਸਰਕਾਰ ਨੂੰ ਇਸ ਮਸਲੇ ਉੱਤੇ ਘੇਰਿਆ।

ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਐਕਸ ਅਕਾਊਂਟਸ ਉੱਤੇ ਡੇਢ ਮਿੰਟ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਦਿੱਲੀ ਨੂੰ ਬਰਬਾਦ ਕਰਨ ਤੋਂ ਬਾਅਦ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਪੰਜਾਬ ਚਲੇ ਗਏ।

"ਅੱਜ ਮੈਂ ਹੈਰਾਨ ਸੀ ਕਿ ਉਨ੍ਹਾਂ ਨੇ ਅਧਿਆਪਕਾਂ ਨੂੰ ਇਹ ਹੁਕਮ ਕਿਵੇਂ ਜਾਰੀ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਅਕਾਊਂਟਸ ਬਣਾਉਣੇ ਚਾਹੀਦੇ ਹਨ। ਨਾਲ ਇਹ ਵੀ ਕਿਹਾ ਜਦੋਂ ਵੀ ਉਨ੍ਹਾਂ ਦਾ ਕੋਈ ਮੰਤਰੀ ਜਾਂ ਵਿਧਾਇਕ ਸਕੂਲ ਆਉਂਦਾ ਹੈ, ਤਾਂ ਉਸਦਾ ਸਿੱਧਾ ਪ੍ਰਸਾਰਣ ਸੋਸ਼ਲ ਮੀਡੀਆ ਉੱਤੇ ਕਰੋ। ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ, ਅਧਿਆਪਕ ਉਨ੍ਹਾਂ ਦੀਆਂ ਵੀਡੀਓ ਬਣਾਉਣਗੇ ਤਾਂ ਬੱਚੇ ਕਿਵੇਂ ਪੜ੍ਹਨਗੇ?"

ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਰਕਾਰ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ਉੱਤੇ ਲਿਖਿਆ, "ਸੋਸ਼ਲ ਮੀਡੀਆ ਦੀ ਲਤ ਵਿਚ ਫਸੀ ਭਗਵੰਤ ਮਾਨ ਸਰਕਾਰ ਹੁਣ ਆਪਣੀ ਵਾਹ-ਵਾਹ ਲਈ ਅਧਿਆਪਕਾਂ ਨੂੰ ਵੀ ਆਈਟੀ ਸੈੱਲ ਵਜੋਂ ਵਰਤ ਰਹੀ ਹੈ।"

"ਅਧਿਆਪਕਾਂ ਨੂੰ ਟਵਿੱਟਰ ਅਕਾਊਂਟ ਬਣਾਉਣ, #PunjabSikhyaKranti ਹੈਸ਼ਟੈਗ ਵਰਤਣ ਤੇ ਸਿਰਫ਼ ਸਕਾਰਾਤਮਕ ਪੋਸਟਾਂ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਸਕੂਲਾਂ ਦੀ ਰੂਟੀਨ ਆਮ ਮੁਰੰਮਤ ਨੂੰ ਵੀ "ਕ੍ਰਾਂਤੀ" ਵਜੋਂ ਦਿਖਾਇਆ ਜਾ ਸਕੇ! ਇਹ ਸਿੱਖਿਆ ਕ੍ਰਾਂਤੀ ਨਹੀਂ, ਸਰਕਾਰੀ ਪ੍ਰਚਾਰ ਮੁਹਿੰਮ ਹੈ!"

ਸਕੂਲ ਪ੍ਰਿੰਸੀਪਲ ਦੀ ਵੱਟਸਐਪ ਡੀਪੀ ਉੱਤੇ ਲੱਗੀ ਭਗਵੰਤ ਮਾਨ ਦੀ ਫੋਟੋ

ਨਾਮ ਨਾ ਦੱਸਣ ਦੀ ਸ਼ਰਤ ਉੱਤੇ ਪੰਜਾਬ ਦੇ ਮਾਲਵਾ ਇਲਾਕੇ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਨੇ ਬੀਬੀਸੀ ਨੂੰ ਦੱਸਿਆ ਕਿ ਅਸੀਂ ਪਿੱਛਲੇ ਕਈ ਦਿਨਾਂ ਤੋਂ ਇਸ ਸਰਕਾਰੀ ਪ੍ਰੋਗਰਾਮ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸੀ।

"ਬੇਸ਼ੱਕ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਸੀ ਪਰ ਅਸੀਂ ਫਿਰ ਵੀ ਸਰਕਾਰ ਦੇ ਇਸ ਪ੍ਰੋਗਰਾਮ ਵਿੱਚ ਉਨ੍ਹਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ। "

"ਅਸੀਂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਸਕੂਲ ਸਟਾਫ ਹਰ ਕਿਸੇ ਨੂੰ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮਾਂ ਲਈ ਤਿਆਰ ਕੀਤਾ। ਜਿਵੇਂ ਹੀ ਸਾਨੂੰ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਸੋਸ਼ਲ ਮੀਡੀਆ ਅਕਾਊਂਟਸ ਬਣਾਉਣ ਦਾ ਹੁਕਮ ਆਇਆ ਤਾਂ ਅਸੀਂ ਤੁਰੰਤ ਟਵਿੱਟਰ ਉੱਤੇ ਸਕੂਲ ਦੇ ਅਕਾਊਂਟਸ ਖੋਲ੍ਹ ਲਏ ਅਤੇ ਜਿਸ ਕਿਸੇ ਵੀ ਅਧਿਆਪਕ ਤੋਂ ਹੋ ਸਕਿਆ ਉਨ੍ਹਾਂ ਨੇ ਆਪਣੀ ਵੱਟਸਐਪ ਡੀਪੀ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਗੋ ਵਾਲੀ ਲਗਾ ਦਿੱਤੀ।"

ਅਧਿਆਪਕ ਯੂਨੀਅਨ ਨੇ ਸਰਕਾਰ ਦਾ ਕੀਤਾ ਵਿਰੋਧ

ਡੇਮੋਕ੍ਰੈਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਪੰਜਾਬ ਸਰਕਾਰ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਕਦਮ ਨੇ ਸਕੂਲ ਪ੍ਰਿੰਸੀਪਲਾਂ ਅਤੇ ਮੁਖੀਆਂ ਨੂੰ 'ਇਵੈਂਟ ਮੈਨੇਜਰ' ਬਣਾ ਦਿੱਤਾ ਹੈ।

ਇਨ੍ਹਾਂ ਸਮਾਗਮਾਂ 'ਤੇ ਖਰਚ ਕਰਨ ਦੀ ਬਜਾਏ, ਸਰਕਾਰ ਨੂੰ ਸਕੂਲ ਭਲਾਈ ਲਈ ਫੰਡ ਅਲਾਟ ਕੀਤੇ ਜਾਣੇ ਚਾਹੀਦੇ ਹਨ।

ਪੰਜਾਬ ਸਰਕਾਰ ਨੇ ਵਿਰੋਧੀਆਂ ਨੂੰ ਕੀ ਦਿੱਤਾ ਜਵਾਬ

ਨਵਾਂਸ਼ਹਿਰ ਵਿੱਚ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਦੇ ਸਾਹਮਣੇ ਜਵਾਬ ਦਿੱਤਾ ਕੀ "ਅਸੀਂ ਸਕੂਲ ਵਿੱਚ ਕੋਈ ਹਿੱਸਾ ਪਾਉਣ ਨਹੀਂ ਆਏ, ਸੋਸ਼ਲ ਮੀਡੀਆ ਉੱਤੇ ਸਕੂਲਾਂ ਦੀ ਮੋਨੀਟਰਿੰਗ ਕਰਨਾ ਕੋਈ ਮਾੜੀ ਗੱਲ ਨਹੀਂ ਹੈ।"

ਇਸੇ ਜਵਾਬ ਨੂੰ ਅੱਗੇ ਵਧਾਉਂਦਿਆ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਦਿੱਲੀ ਵਿੱਚ ਮਾਪਿਆਂ ਦਾ ਧਿਆਨ ਕਰੇ।

ਉਨ੍ਹਾਂ ਕਿਹਾ, "ਤੁਸੀਂ ਦਿੱਲੀ ਦੇ ਮਾਪਿਆਂ ਦੀ ਜੇਬਾਂ ਉੱਤੇ ਡਾਕੇ ਮਾਰ ਰਹੇ ਹੋ ਤੇ ਪੰਜਾਬ ਦੇ ਸਕੂਲਾਂ ਵਿੱਚ ਹੋ ਰਹੇ ਕੰਮਾਂ ਬਾਰੇ ਬੋਲ ਰਹੇ ਹਨ। ਜੋ ਲੋਕ ਪੰਜਾਬ ਬਿਆਨ ਦੇ ਰਹੇ ਹਨ ਉਹ ਦਿੱਲੀ ਦੇ ਸਕੂਲਾਂ ਵੱਲ ਧਿਆਨ ਦੇਣ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)