You’re viewing a text-only version of this website that uses less data. View the main version of the website including all images and videos.
ਪੰਜਾਬ ਸਰਕਾਰ ਦੇ 3 ਸਾਲ: ਸੀਐੱਮ ਭਗਵੰਤ ਮਾਨ ਦਾ ਵਿਜ਼ਨ ਕੀ, ਸੰਘਰਸ਼ਾਂ 'ਚੋਂ ਨਿਕਲੀ ਪਾਰਟੀ ਸੰਘਰਸ਼ ਵਿਰੋਧੀ ਕਿਵੇਂ ਹੋਈ?
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਆਪਣੀ ਜਾਂਚੇ ਉਹ ਤਾਂ ਵੱਡੇ ਘਰ ਜਾਂਦਾ ਏ, ਪਰ ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਏ,
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਏ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਹੀ ਪੰਜਾਬੀ ਕਵੀ ਗੁਰਭਜਨ ਗਿੱਲ ਦੀਆਂ ਲਿਖੀਆਂ ਇਹਨਾਂ ਸਤਰਾਂ ਨੂੰ ਸਟੇਜ ਤੋਂ ਗਾਉਂਦੇ ਹਨ। ਕਵੀ ਗੁਰਭਜਨ ਗਿੱਲ ਅਤੇ ਭਗਵੰਤ ਮਾਨ ਦੀ ਬਹੁਤ ਸਾਲਾਂ ਤੋਂ ਸਾਹਿਤਕ ਤੇ 'ਇਨਕਲਾਬੀ' ਵਿਚਾਰਾਂ ਦੀ ਸਾਂਝ ਹੈ।
ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੀ ਕਾਰਗੁਜਾਰੀ ਤੋਂ ਗੁਰਭਜਨ ਗਿੱਲ ਜ਼ਿਆਦਾ ਖੁਸ਼ ਦਿਖਾਈ ਨਹੀਂ ਦਿੰਦੇ।
16 ਮਾਰਚ 2022 ਨੂੰ ਭਗਵੰਤ ਮਾਨ ਨੇ ਪੁਰਾਣੀਆਂ ਸਰਕਾਰਾਂ ਦੀਆਂ ਰਵਾਇਤਾਂ ਤੋੜਦਿਆਂ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਭਾਰਤੀ ਇਨਕਲਾਬੀ ਭਗਤ ਸਿੰਘ ਦੇ ਜੱਦੀ ਪਿੰਡ ਖੜਕੜ ਕਲ੍ਹਾਂ ਵਿੱਚ ਸਹੁੰ ਚੁੱਕੀ ਸੀ।
ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਿਆਂ ਐਕਸ 'ਤੇ ਪੋਸਟ 'ਚ ਲਿਖਿਆ, "16 ਮਾਰਚ 2022 'ਚ ਖਟਕੜ ਕਲਾਂ ਵਿਖੇ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਦਾ ਪ੍ਰਣ ਲਿਆ ਸੀ, ਜਿਸ ਨੂੰ ਪੂਰਾ ਕਰਨ ਲਈ ਅਸੀਂ ਨੇਕ ਨੀਅਤ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਪੰਜਾਬੀਆਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਬਾਖ਼ੂਬੀ ਨਿਭਾਵਾਂਗੇ। ਪੰਜਾਬ 'ਚੋਂ ਨਸ਼ਿਆਂ ਦੀ ਮਾੜੀ ਅਲਾਮਤ ਨੂੰ ਖ਼ਤਮ ਕਰਨ ਲਈ ਚੱਲ ਰਹੇ ਯੁੱਧ ਨੂੰ ਮੁਕਾਮ ਤੱਕ ਪਹੁੰਚਾਵਾਂਗੇ।"
ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਆਮ ਕਰਕੇ ਚੰਡੀਗੜ੍ਹ ਵਿਖੇ ਪੰਜਾਬ ਰਾਜ ਭਵਨ ਵਿੱਚ ਹੁੰਦੇ ਰਹੇ ਸਨ। ਹਾਲਾਂਕਿ ਸੂਬੇ ਦੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਮੁਹਾਲੀ ਸਟੇਡੀਅਮ ਵਿੱਚ ਸਹੁੰ ਚੁੱਕੀ ਸੀ।
2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਦਾ ਫਤਵਾ ਕਿਸੇ ਸਿਆਸੀ ਇਨਕਲਾਬ ਤੋਂ ਘੱਟ ਨਹੀਂ ਸੀ। ਜਿਸ ਦੌਰਾਨ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤਿਆਂ ਸਨ।
ਬਰਨਾਲਾ ਦੇ ਭਦੌੜ ਹਲਕੇ ਤੋਂ ਮੋਬਾਇਲ ਰਿਪੇਅਰਿੰਗ ਦੀ ਦੁਕਾਨ ਕਰਦੇ ਸਧਾਰਨ ਘਰ ਦੇ ਮੁੰਡੇ ਲਾਭ ਸਿੰਘ ਉੱਦੋਕੇ ਨੇ ਕਾਂਗਰਸ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ।
ਇਸ ਦੌਰਾਨ ਪੰਜ ਵਾਰ ਦੇ ਅਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਦੋ ਵਾਰ ਦੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਨਿੱਜੀ ਸੀਟਾਂ ਵੀ ਨਹੀਂ ਬਚਾ ਸਕੇ ਸਨ।
ਇਹ ਸਿਆਸੀ ਉਲਟਫੇਰ ਭਗਵੰਤ ਮਾਨ ਦੀ ਅਗਵਾਈ ਵਿੱਚ ਵਾਪਰਿਆ ਸੀ।
ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਰੱਦ ਕਰਕੇ ਵਿਸ਼ਾਲ ਫਤਵੇ ਨਾਲ ਪੰਜਾਬ ਦੀ ਸਿਆਸੀ ਵਾਗਡੋਰ ਭਗਵੰਤ ਮਾਨ ਨੂੰ ਦਿੱਤੀ ਸੀ।
ਉਦੋਂ ਪੰਜਾਬ ਦੀ ਦਿਸ਼ਾ ਤੇ ਦਸ਼ਾ ਦੇ ਨਾਲ-ਨਾਲ ਪੂਰੇ ਸਿਸਟਮ ਨੂੰ ਬਦਲਣ ਦੇ ਦਾਅਵੇ ਅਤੇ ਵਾਅਦੇ ਕੀਤੇ ਗਏ ਸਨ। ਹੁਣ ਤਿੰਨ ਸਾਲ ਬੀਤਣ ਤੋਂ ਬਾਅਦ ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਨ੍ਹਾਂ ਤਿੰਨ ਸਾਲਾਂ ਦੌਰਾਨ ਭਗਵੰਤ ਮਾਨ ਨੇ ਪੰਜਾਬ ਨੂੰ ਕਿੰਨਾ ਬਦਲਿਆ ਤੇ ਉਹ ਆਪ ਕਿੰਨਾ ਬਦਲੇ।
ਭਗਵੰਤ ਮਾਨ ਦਾ ਮੁੱਖ ਮੰਤਰੀ ਵਜੋਂ ਵਿਜ਼ਨ
ਕਵੀ ਗੁਰਭਜਨ ਗਿੱਲ ਕਹਿੰਦੇ ਹਨ, ''ਭਗਵੰਤ ਮਾਨ ਦਾ ਵਿਜ਼ਨ ਇਹ ਹੈ ਕਿ ਸਟੇਟ ਇਮਾਨਦਾਰ ਹੋਵੇ ਪਰ ਇਹ ਕਿਵੇਂ ਹੋਵੇ, ਇਹ ਨਹੀਂ ਪਤਾ। ਪਿਛਲੇ ਤਿੰਨ ਸਾਲਾਂ ਦੌਰਾਨ ਮੁੱਖ ਮੰਤਰੀ ਬਾਰੇ ਇਹੀ ਸਭ ਤੋਂ ਮੋਟਾ ਜਿਹਾ ਪ੍ਰਭਾਵ ਮਿਲਦਾ ਹੈ।''
ਭਗਵੰਤ ਮਾਨ, ਸਰਕਾਰ ਬਣਨ ਤੋਂ ਪਹਿਲਾਂ ਐੱਮਪੀ ਹੁੰਦਿਆਂ ਅਕਸਰ ਕਹਿੰਦੇ ਸਨ ਕਿ ਜਦੋਂ ਉਹਨਾਂ ਨੇ ਕਿਸੇ ਮਸਲੇ ਨੂੰ ਸਮਝਣਾ ਹੁੰਦਾ ਸੀ ਤਾਂ ਉਹ ਸੀਨੀਅਰ ਪੱਤਰਕਾਰ ਹਮੀਰ ਸਿੰਘ ਨਾਲ ਵੀ ਗੱਲ ਕਰਦੇ ਸਨ।
ਮਾਨ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਹਮੀਰ ਸਿੰਘ ਕਹਿੰਦੇ ਹਨ, ''ਰਾਜਨੀਤੀ ਵਿੱਚ ਤੁਹਾਨੂੰ ਕਈ ਫੈਸਲੇ ਲੈਣੇ ਪੈਂਦੇ ਹਨ, ਇੱਕ ਟੀਮ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ ਪਰ ਭਗਵੰਤ ਮਾਨ ਇਹਨਾਂ ਚੀਜ਼ਾਂ ਵਿੱਚ ਪਿੱਛੇ ਰਹੇ ਹਨ।''
''ਉਨ੍ਹਾਂ ਬਾਰੇ ਇਹੀ ਪ੍ਰਭਾਵ ਮਿਲਦਾ ਹੈ ਕਿ ਉਹ ਪੰਜਾਬ ਵਿੱਚ ਆਪਣੀ ਟੀਮ ਖੜ੍ਹੀ ਕਰਨ ਵਿੱਚ ਕਾਮਯਾਬ ਨਹੀਂ ਹੋਏ, ਉਨ੍ਹਾਂ ਦੇ ਫੈਸਲੇ ਦਿੱਲੀ ਦੀ ਟੀਮ ਤੈਅ ਕਰਦੀ ਹੈ। ਉਨ੍ਹਾਂ ਸਣੇ ਪੂਰੇ ਮੰਤਰੀ ਮੰਡਲ ਨੂੰ ਦਿੱਲੀ ਹਾਈਕਮਾਂਡ ਵਲੋਂ ਭੇਜੇ ਬੰਦੇ ਚਲਾ ਰਹੇ ਹਨ।''
ਹਾਲਾਂਕਿ, ਭਗਵੰਤ ਮਾਨ ਦਾਅਵਾ ਕਰਦੇ ਹਨ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਵਿੱਚ 50,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
ਨਸ਼ਿਆਂ ਅਤੇ ਭ੍ਰਿਸ਼ਟਾਚਾਰੀਆਂ ਖਿਲਾਫ਼ ਮੁਹਿੰਮ ਚੱਲ ਰਹੀ ਹੈ, ਬਿਜਲੀ ਦੇ 300 ਯੂਨਿਟ ਹਰ ਮਹੀਨੇ ਮੁਫ਼ਤ ਦਿੱਤੇ ਜਾ ਰਹੇ ਹਨ, ਕਿਸਾਨਾਂ ਨੂੰ ਖੇਤਾਂ ਲਈ ਬਿਜਲੀ ਦਿਨ ਸਮੇਂ ਮਿਲਣ ਲੱਗੀ, ਨਹਿਰੀ ਪਾਣੀ ਦਾ ਪ੍ਰਬੰਧ ਬਿਹਤਰ ਹੋਇਆ ਹੈ, ਸਿਹਤ ਤੇ ਸਿੱਖਿਆ ਸਹੂਲਤਾਂ ਬਿਹਤਰ ਬਣੀਆਂ ਹਨ ਅਤੇ 'ਸੜਕੀ ਹਾਦਸਿਆਂ ਨੂੰ ਰੋਕਣ ਲਈ ਸੜਕ ਸੁਰੱਖਿਆ ਫੋਰਸ (SSF) ਦੇ ਗਠਨ ਨਾਲ ਇਹਨਾਂ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 48.10% ਘਟੀ ਹੈ।'
ਪਰ ਸੂਬੇ ਨੂੰ ਨਸ਼ੇ ਤੇ ਕਰਜ਼ਾ ਤੋਂ ਮੁਕਤ ਕਰਨ ਦਾ ਵਾਅਦਾ ਹਾਲੇ ਅਧੂਰਾ ਦਿਖਾਈ ਦਿੰਦਾ ਹੈ।
ਇਸ ਦੇ ਨਾਲ ਹੀ ਪੰਜਾਬ ਵਿੱਚ 16 ਮੈਡੀਕਲ ਕਾਲਜ ਖੋਲਣ ਦੀ ਗਰੰਟੀ ਹਾਲੇ ਤੱਕ ਪੂਰੀ ਨਹੀਂ ਹੋਈ।
ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿੱਚ ਦੋਸ਼ੀਆਂ ਨੂੰ ਸਜਾਵਾਂ ਨਾ ਦੁਆ ਸਕਣ ਕਾਰਨ ਉਨ੍ਹਾਂ ਉੱਤੇ ਆਪਣੀ ਦੀ ਪਾਰਟੀ ਦੇ ਕਈ ਆਗੂ ਸਵਾਲ ਖੜ੍ਹੇ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਅਕਸਰ ਮੀਡੀਆ ਸਾਹਮਣੇ ਵੀ ਆਉਂਦੇ ਰਹੇ ਹਨ।
ਕੀ ਭਗਵੰਤ ਮਾਨ ਖੁਦ ਸਿਸਟਮ ਦੇ ਰੰਗ 'ਚ ਰੰਗੇ ਗਏ
ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੇ ਇਕੱਠਾਂ ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਕਸਰ ਹੀ ਕਹਿੰਦੇ ਹਨ ਕਿ ਉਹ ਇੱਕ ਕਲਾਕਾਰ ਵਜੋਂ ਬਹੁਤ ਮਸ਼ਹੂਰ ਸਨ ਅਤੇ ਚੰਗੇ ਪੈਸੇ ਵੀ ਕਮਾ ਰਹੇ ਸਨ।
ਉਹ ਰਾਜਨੀਤੀ ਵਿੱਚ ਬਦਲਾਅ ਲਈ ਉਤਰਨ ਦਾ ਦਾਅਵਾ ਕਰਦੇ ਹਨ ਤਾਂ ਜੋ 'ਰਜਵਾੜਿਆਂ ਤੇ ਜਗੀਰਦਾਰਾਂ' ਤੋਂ ਬਿਨਾਂ ਆਮ ਘਰਾਂ ਦੇ ਧੀ-ਪੁੱਤ ਵੀ ਸੱਤਾ ਵਿੱਚ ਆ ਸਕਣ।
ਗੁਰਭਜਨ ਗਿੱਲ ਕਹਿੰਦੇ ਹਨ, ''ਭਗਵੰਤ ਮਾਨ ਖੱਬੇ-ਪੱਖੀ ਵਾਤਾਵਰਨ ਵਾਲੇ ਘਰ ਵਿੱਚ ਵੱਡੇ ਹੋਏ। ਉਹਨਾਂ ਦੇ ਪਿਤਾ ਮਾਸਟਰ ਮਹਿੰਦਰ ਸਿੰਘ ਵਿਗਿਆਨਿਕ ਸੋਚ ਵਾਲੇ ਅਧਿਆਪਕ ਸਨ, ਜੋ ਡੈਮੋਕਰੇਟਿਕ ਟੀਚਰ ਫਰੰਟ ਦੇ ਸੰਘਰਸ਼ਸ਼ੀਲ ਆਗੂ ਸਨ।"
"ਭਗਵੰਤ ਮਾਨ ਨੇ, ਜੋ ਸਿਧਾਂਤ ਉਸ ਮਾਹੌਲ ਵਿੱਚੋਂ ਹਾਸਲ ਕੀਤਾ, ਉਹ ਹੀ ਉਹਨਾਂ ਦੀ ਸ਼ਕਤੀ ਵੀ ਬਣੇ।''
ਭਗਵੰਤ ਮਾਨ ਨੇ ਇੱਕ ਸਮੇਂ ਪਾਰਟੀ ਦੇ ਢਾਂਚੇ ਵਿੱਚ ਦਿੱਲੀ ਮਾਡਲ ਦਾ ਵਿਰੋਧ ਕੀਤਾ ਸੀ ਅਤੇ ਪੰਜਾਬ ਦੀ ਨਬਜ਼ ਅਨੁਸਾਰ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਲਗਾਉਣ ਦੀ ਮੰਗ ਕੀਤੀ ਸੀ, ਜੋ ਕਿ ਲਾਗੂ ਵੀ ਹੋਈ।
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਜਦੋਂ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਲਈ ਵੱਖ-ਵੱਖ ਸਿਆਸਤਦਾਨਾਂ ਵਿਚੋਂ ਚਿਹਰਾ ਲੱਭਣ ਲਈ ਪਹੁੰਚ ਕਰ ਰਹੀ ਸੀ ਤਾਂ ਭਗਵੰਤ ਮਾਨ ਚੁੱਪ-ਚਾਪ ਆਪਣੀ ਸੰਗਰੂਰ ਵਾਲੀ ਰਿਹਾਇਸ਼ 'ਤੇ ਬੈਠ ਗਏ ਸਨ।
ਉਸ ਸਮੇਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਿਪਾਸਨਾ 'ਤੇ ਸਨ।
ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਸਮੇਤ ਕਈ ਆਗੂਆਂ ਨੇ ਭਗਵੰਤ ਮਾਨ ਨੂੰ ਐਕਟਿਵ ਹੋਣ ਲਈ ਅਪੀਲਾਂ ਕੀਤੀਆ ਪਰ ਭਗਵੰਤ ਮਾਨ ਓਨਾ ਸਮਾਂ ਘਰੋਂ ਬਾਹਰ ਨਹੀਂ ਨਿਕਲੇ, ਜਿੰਨਾਂ ਸਮਾਂ ਉਹਨਾਂ ਦੇ ਨਾਮ ਦਾ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਨਾ ਹੋਇਆ, ਇਸ ਤੋਂ ਪਹਿਲਾਂ ਉਹ ਆਪਣੇ ਘਰ ਹੀ ਬੈਠਕਾਂ ਕਰਦੇ ਰਹੇ ਸਨ।
ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਭਗਵੰਤ ਮਾਨ ਕਿਸਾਨ ਦਾ ਪੁੱਤ ਹੋਣ ਅਤੇ ਖੇਤਾਂ ਵਿੱਚ ਖੁਦ ਕੰਮ ਕਰਨ ਦੇ ਤਜ਼ਰਬੇ ਦੀਆਂ ਦਲੀਲਾਂ ਦਿੰਦੇ ਹਨ।
ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਸਮੇਂ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਸਰਹੱਦਾਂ ਉਪਰ ਬੈਠੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਪਰ ਹੁਣ ਪੰਜਾਬ ਵਿੱਚ ਕਿਸਾਨਾਂ ਅਤੇ ਭਗਵੰਤ ਮਾਨ ਵਿਚਕਾਰ ਟਕਰਾਅ ਬਣਿਆ ਹੋਇਆ ਹੈ।
ਪਿਛਲੇ ਦਿਨੀ ਉਹ ਕਿਸਾਨਾਂ ਨਾਲ ਮੀਟਿੰਗ ਵਿਚਾਲੇ ਛੱਡ ਕੇ ਚਲੇ ਗਏ ਸਨ। ਮਾਨ ਕਿਸਾਨਾਂ ਦੇ ਧਰਨਿਆਂ ਦਾ ਵਿਰੋਧ ਕਰ ਰਹੇ ਹਨ।
ਇਹੀ ਨਹੀਂ ਕਿਸਾਨਾਂ ਦੇ ਚੰਡੀਗੜ੍ਹ ਕੂਚ ਨੂੰ ਫੇਲ੍ਹ ਕਰਨ ਲਈ ਜੋਗਿੰਦਰ ਸਿੰਘ ਉਗਰਾਹਾਂ ਵਰਗੇ ਵੱਡੇ ਕਿਸਾਨ ਆਗੂਆਂ ਸਣੇ ਸੂਬੇ ਭਰ ਵਿੱਚ ਸੈਕੜੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਹਮੀਰ ਸਿੰਘ ਕਹਿੰਦੇ ਹਨ, ''ਗੈਰ-ਜਮਹੂਰੀ ਅਪਰੋਚ ਪਾਰਟੀ ਦੇ ਅੰਦਰ ਹੀ ਹੈ।''
ਗੁਰਭਜਨ ਗਿੱਲ ਕਹਿੰਦੇ ਹਨ, ''ਪਹਿਲਾਂ ਕਿਸਾਨ ਜਥੇਬੰਦੀਆਂ ਸਿਰ ਉਪਰ ਬਿਠਾ ਲਈਆਂ ਗਈਆਂ। ਪਰ ਜਦੋਂ ਉਹ ਗਲ਼ ਨੂੰ ਆ ਗਈਆਂ ਤਾਂ ਕਿਹਾ 'ਭੱਜ ਜਾਵੋ'। ਇਹ ਵਿਜ਼ਨਰੀ ਦੀ ਨਿਸ਼ਾਨੀ ਨਹੀਂ ਹੈ।''
''ਸਿਆਣੀ ਗੱਲ ਇਹ ਹੁੰਦੀ ਕਿ ਉਹਨਾਂ ਕਹਿਣਾ ਸੀ ਕਿ ਹੁਣ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ ਤੇ ਦੋ ਮੰਤਰੀ ਤੁਹਾਡੇ ਨਾਲ ਗੱਲ ਕਰਨਗੇ। 'ਜਾਓ ਕਰ ਲਓ ਕੀ ਕਰਨਾ' ਕਹਿਣਾ ਸਟੇਟਸ਼ਮੈਨਸ਼ਿਪ ਦੀ ਨਿਸ਼ਾਨੀ ਨਹੀਂ ਹੈ।''
ਉਹ ਅੱਗੇ ਕਹਿੰਦੇ ਹਨ, ''ਚਾਰ ਭ੍ਰਿਸ਼ਟਾਚਾਰੀ ਤਹਿਸੀਲਦਾਰਾਂ ਨੂੰ ਫੜ ਕੇ ਕਹਿਣਾ ਕਿ ਸਾਰੇ ਹੀ ਭ੍ਰਿਸ਼ਟ ਹਨ, ਇਹ ਕਦੇ ਵੀ ਨਹੀਂ ਹੁੰਦਾ।''
ਸੰਘਰਸ਼ਾਂ 'ਚੋਂ ਨਿਕਲੀ ਪਾਰਟੀ ਸੰਘਰਸ਼ ਵਿਰੋਧੀ ਕਿਉਂ ?
ਆਮ ਆਦਮੀ ਪਾਰਟੀ ਦਾ ਜਨਮ ਧਰਨਿਆਂ ਅਤੇ ਸੰਘਰਸ਼ਾਂ ਵਿੱਚੋਂ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਮੌਜੂਦਾ ਸਮੇਂ ਪੰਜਾਬ ਸਰਕਾਰ ਸੜਕਾਂ ਜਾਮ ਕਰਨ ਅਤੇ ਧਰਨਿਆਂ ਨੂੰ ਸ਼ਖਤੀ ਨਾਲ ਲੈ ਰਹੀ ਹੈ।
ਕਿਸਾਨਾਂ ਖ਼ਿਲਾਫ਼ ਜ਼ਬਰ ਦੀ ਵਰਤੋਂ ਕੀਤੀ ਗਈ, ਬੇਰੁਜ਼ਗਾਰ ਅਧਿਆਪਕਾਂ, ਮੁਲਾਜ਼ਮ ਯੂਨੀਅਨਾਂ ਉੱਤੇ ਸੰਗਰੂਰ ਵਿੱਚਲੀ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪੁਲਸੀਆ ਜੋਰ ਦੀਆਂ ਤਸਵੀਰਾਂ ਆਏ ਦਿਨ ਮੀਡੀਆ ਵਿੱਚ ਆਉਂਦੀਆਂ ਹਨ।
ਸੀਨੀਅਰ ਪੱਤਰਕਾਰ ਹਮੀਰ ਸਿੰਘ ਕਹਿੰਦੇ ਹਨ, ''ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਧਰਨੇ ਲਗਾਏ ਸਨ ਪਰ 'ਆਪ' ਨੇ ਪੰਜਾਬ ਵਿੱਚ ਕੋਈ ਸੰਘਰਸ਼ ਨਹੀਂ ਲੜਿਆ।”
“ਇਸ ਪਾਰਟੀ ਕੋਲ ਪੰਜਾਬ ਦੇ ਸੰਘਰਸ਼ਾਂ ਦਾ ਕੋਈ ਤਜਰਬਾ ਨਹੀਂ ਹੈ। ਪਾਰਟੀ ਦਿੱਲੀ ਦੀ ਹਵਾ ਨਾਲ ਸੱਤਾ ਵਿੱਚ ਆਈ ਸੀ। ਭਗਵੰਤ ਮਾਨ ਪੀਪੀਪੀ ਵਿੱਚੋਂ ਆਏ ਅਤੇ ਲੋਕ ਸਭਾ ਮੈਂਬਰ ਵੱਜੋਂ ਜਿੱਤ ਗਏ ਸਨ।''
ਗੁਰਭਜਨ ਗਿੱਲ ਕਹਿੰਦੇ ਹਨ, ''ਹੁਣ (ਦਿੱਲੀ ਚੋਣਾਂ ਦੀ ਹਾਰ ਤੋਂ ਬਾਅਦ) ਇਹਨਾਂ ਨੂੰ ਧਰਤੀ ਦਿਖਾਈ ਦਿੱਤੀ ਹੈ। ਉਹਨਾਂ ਨੂੰ ਲੱਗਾ ਗਵਰਨੈਂਸ ਵੱਲ ਧਿਆਨ ਦੇਣ ਦੀ ਲੋੜ ਹੈ।''
ਭਗਵੰਤ ਮਾਨ ਦਾ ਨਿੱਜੀ ਸਫ਼ਰ
ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਵਿੱਚ ਹੋਇਆ। ਸਕੂਲੀ ਪੜ੍ਹਾਈ ਪਾਸ ਕਰਦਿਆਂ ਹੀ ਉਹ ਕਾਮੇਡੀ ਦੇ ਖੇਤਰ ਵਿੱਚ ਆ ਗਏ।
ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਪੜ੍ਹਦਿਆਂ ਉਨ੍ਹਾਂ ਕਾਮੇਡੀ ਅਤੇ ਕਵਿਤਾ ਬੋਲਣ ਦੇ ਕਈ ਅੰਤਰ ਕਾਲਜ ਮੁਕਾਬਲੇ ਜਿੱਤੇ।
1992 ਤੋਂ 2013 ਤੱਕ ਉਨ੍ਹਾਂ ਨੇ ਕਾਮੇਡੀ ਦੀਆਂ 25 ਐਲਬਮਜ਼ ਰਿਕਾਰਡ ਕਰਵਾਈਆਂ ਅਤੇ ਰਿਲੀਜ਼ ਕੀਤੀਆਂ। ਉਨ੍ਹਾਂ ਨੇ 5 ਗਾਣਿਆਂ ਦੀਆਂ ਟੇਪਾਂ ਰਿਲੀਜ਼ ਕੀਤੀਆਂ।
ਜੁਗਨੂੰ, ਝੰਡਾ ਅਤੇ ਬੀਬੋ ਭੂਆ ਵਰਗੇ ਕਾਮੇਡੀ ਪਾਤਰ ਭਗਵੰਤ ਮਾਨ ਦੀ ਦੇਣ ਹਨ।
2011 ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਤੇ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਵਿੱਚੋਂ ਬਗਾਵਤ ਕਰ ਦਿੱਤੀ। ਇਸ ਦੌਰਾਨ ਭਗਵੰਤ ਮਾਨ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਮੁਲਾਕਾਤ ਹੋਈ। ਮਨਪ੍ਰੀਤ ਬਾਦਲ ਨੇ ਭਗਵੰਤ ਮਾਨ ਨੂੰ ਸਰਗਰਮ ਸਿਆਸਤ ਵਿੱਚ ਆਉਣ ਲਈ ਪ੍ਰੇਰਿਆ।
ਫਰਵਰੀ 2012 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਗਵੰਤ ਨੇ ਹਲਕਾ ਲਹਿਰਾਗਾਗਾ ਤੋਂ ਪੀਪੀਪੀ ਦੇ ਉਮੀਦਵਾਰ ਵਜੋਂ ਚੋਣ ਲੜੀ ਪਰ ਉਹ ਕਾਂਗਰਸ ਆਗੂ ਰਾਜਿੰਦਰ ਕੌਰ ਭੱਠਲ ਤੋਂ ਹਾਰ ਗਏ।
ਸਾਲ 2014 ਵਿੱਚ ਆਮ ਆਦਮੀ ਪਾਰਟੀ ਹਿੱਸਾ ਬਣੇ ਭਗਵੰਤ ਦੋ ਵਾਰ ਸੰਗਰੂਰ ਤੋਂ ਲੋਕ ਸਭਾ ਮੈਂਬਰ ਬਣੇ। ਇਸ ਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ ਦੀ ਪ੍ਰਧਾਨ ਵਜੋਂ ਵਾਗਡੋਰ ਸੰਭਾਲੀ।
ਉਹ ਧੂੰਆਂਧਾਰ ਰੈਲੀਆਂ, ਵਿਰੋਧੀਆਂ ਖਿਲਾਫ਼ ਟਿੱਪਣੀਆਂ ਕਰਨ ਕਰ ਕੇ ਲੋਕਾਂ ਵਿੱਚ ਵਧੇਰੇ ਮਕਬੂਲ ਹੋਏ।
ਪਰ ਸ਼ਰਾਬ ਪੀ ਕੇ ਜਨਤਕ ਸਮਾਗਮਾਂ ਵਿੱਚ ਜਾਣ ਦੇ ਇਲਜ਼ਾਮ ਉਨ੍ਹਾਂ ਦਾ ਅੱਜ ਵੀ ਪਿੱਛਾ ਨਹੀਂ ਛੱਡ ਰਹੇ, ਉਹ ਆਮ ਆਦਮੀ ਪਾਰਟੀ ਦੀ ਸ਼ਕਤੀ ਵੀ ਹਨ ਅਤੇ ਪਾਰਟੀ ਦਾ ਭਾਰ ਵੀ।
ਦਿੱਲੀ ਦੇ ਗਲਬੇ ਤੋਂ ਛੁਟਕਾਰਾ ਨਹੀਂ ਕਰਵਾ ਸਕੇ
ਭਗਵੰਤ ਮਾਨ 2022 ਤੋਂ ਜਦੋਂ ਦੇ ਮੁੱਖ ਮੰਤਰੀ ਬਣੇ ਹਨ ਤਾਂ ਵਿਰੋਧੀ ਧਿਰਾਂ ਇਲਜ਼ਾਮ ਲਗਾਉਂਦੀਆਂ ਹਨ ਕਿ ਉਹਨਾਂ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ।
ਇਸ ਦੌਰਾਨ ਭਗਵੰਤ ਮਾਨ ਨੂੰ ਆਜ਼ਾਦੀ ਨਾਲ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ।
ਸਰਕਾਰ ਦੇ ਸ਼ੁਰੂਆਤੀ ਸਮੇਂ ਕਿਹਾ ਗਿਆ ਕਿ ਦਿੱਲੀ ਦੇ ਵਿਧਾਇਕ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਰਾਜ ਸਭਾ ਭੇਜੇ ਗਏ ਰਾਘਵ ਚੱਢਾ 'ਸੁਪਰ ਸੀਐੱਮ' ਵੱਜੋਂ ਕੰਮ ਕਰ ਰਹੇ ਹਨ।
ਪਿਛਲੇ ਸਮੇਂ ਦੌਰਾਨ ਜਦੋਂ ਮੁੱਖ ਮੰਤਰੀ ਦੀ ਮੀਡੀਆ ਟੀਮ (ਪਨਮੀਡੀਆ) ਵਿੱਚੋਂ ਉਨ੍ਹਾਂ ਦੇ ਨਜ਼ਦੀਕੀਆਂ ਤੇ ਸਲਾਹਕਾਰਾਂ ਦੀ ਛੁੱਟੀ ਕੀਤੀ ਗਈ। ਕੇਜਰੀਵਾਲ ਦੇ ਸਾਬਕਾ ਸਲਾਹਕਾਰ ਬਿਭਵ ਨੂੰ ਭਗਵੰਤ ਮਾਨ ਦਾ ਸਲਾਹਕਾਰ ਲਾਇਆ ਗਿਆ ਤਾਂ ਦਿੱਲੀ ਦੇ ਗਲਬੇ ਹੇਠ ਕੰਮ ਕਰਨ ਦੇ ਇਲਜ਼ਾਮਾਂ ਨੇ ਮੁੜ ਜੋਰ ਫੜਿਆ।
ਭਾਵੇਂ ਕਿ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ 'ਸਰਕਾਰ ਪਹਿਲੇ ਦਿਨ ਤੋਂ ਹੀ ਸੁਤੰਤਰ' ਤਰੀਕੇ ਨਾਲ ਕੰਮ ਕਰ ਰਹੀ ਹੈ।
ਪਰ ਜਦੋਂ ਪਿਛਲੇ ਦਿਨੀ 2025 ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਅਤੇ ਇਸ ਦੌਰਾਨ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਹਾਰ ਗਏ।
ਪਰ ਸਵਾਲ ਉੱਠੇ ਕਿ ਕੀ ਕੌਮੀ ਕਨਵੀਨਰ ਦੀ ਹਾਰ ਤੋਂ ਬਾਅਦ ਭਗਵੰਤ ਮਾਨ ਦਾ ਸਿਆਸੀ ਕੱਦ ਉੱਚਾ ਹੋ ਗਿਆ ਹੈ?
ਇਸ ਬਾਰੇ ਹਮੀਰ ਸਿੰਘ ਕਹਿੰਦੇ, ''ਪੰਜਾਬ ਦੀ ਸਰਕਾਰ ਅੱਜ ਵੀ ਦਿੱਲੀ ਤੋਂ ਚੱਲਦੀ ਹੈ। ਦਿੱਲੀ ਤੋਂ ਲੋਕ ਲਗਾਏ ਜਾਂਦੇ ਹਨ। ਭਗਵੰਤ ਮਾਨ ਹੀ ਮੁੱਖ ਮੰਤਰੀ ਹੈ, ਇਹ ਸੁਨੇਹਾ ਹਾਲੇ ਤੱਕ ਲੋਕਾਂ ਵਿੱਚ ਨਹੀਂ ਗਿਆ। ਇਹ ਗੱਲ ਸੁਣਾਈ ਦਿੰਦੀ ਹੈ ਕਿ ਪੰਜਾਬ ਦਿੱਲੀ ਚਲਾ ਰਹੀ ਹੈ।"
"ਭਗਵੰਤ ਦੀ ਟੀਮ ਦੇ ਕਈ ਬੰਦੇ ਹਟਾ ਦਿੱਤੇ ਗਏ ਹਨ। ਮੁੱਖ ਮੰਤਰੀ ਦਾ ਆਪਣਾ ਕੋਈ ਗਰੁੱਪ ਹਾਲੇ ਤੱਕ ਦਿਖਾਈ ਨਹੀਂ ਦਿੰਦਾ।''
ਗੁਰਭਜਨ ਗਿੱਲ ਕਹਿੰਦੇ ਹਨ, ''ਦਿੱਲੀ ਦਾ ਪ੍ਰਭਾਵ ਹੈ ਅਤੇ ਇਹ ਹੋਣਾ ਵੀ ਚਾਹੀਦਾ ਹੈ। ਭਾਵੇਂ ਕਾਂਗਰਸ ਜਾਂ ਹੋਰ ਵੀ ਕੋਈ ਪਾਰਟੀ ਹੋਏ, ਉਹਨਾਂ ਨੇ ਆਪਣੇ ਹੈਡਕੁਆਰਟਰ ਤੋਂ ਸੇਧ ਲੈਣੀ ਹੀ ਹੁੰਦੀ ਹੈ। ਇਸ ਵਿੱਚ ਭਗਵੰਤ ਮਾਨ ਦਾ ਕੋਈ ਕਸੂਰ ਨਹੀਂ ਹੈ।"
"ਪਾਰਟੀ ਮੁੱਖ ਮੰਤਰੀ ਨੂੰ ਗਾਇਡ ਕਰ ਰਹੀ ਹੈ ਪਰ ਅਸਫ਼ਲਤਾਵਾਂ ਭਗਵੰਤ ਮਾਨ ਦੇ ਖਾਤੇ ਪਾਈਆਂ ਜਾ ਰਹੀਆਂ ਹਨ ਅਤੇ ਉਹ ਸਫ਼ਲਤਾਵਾਂ ਪਾਰਟੀ ਖਾਤੇ ਪਾਉਣੀਆਂ ਚਾਹੁੰਦੀ ਹੈ, ਜੋ ਲੋਕ ਪੈਣ ਨਹੀਂ ਦੇ ਰਹੇ।''
ਤਿੰਨ ਸਾਲਾਂ ਵਿੱਚ ਕਿੰਨਾ ਬਦਲੇ ਭਗਵੰਤ ਮਾਨ
ਭਗਵੰਤ ਮਾਨ ਪਹਿਲੇ ਹੀ ਦਿਨ ਤੋਂ ਸੁਨਣ ਵਾਲਿਆਂ ਨੂੰ ਆਪਣੀ ਜ਼ੁਬਾਨ ਦੇ ਰਸ ਅਤੇ ਦਲੀਲਾਂ ਕਾਰਨ ਕੀਲ ਲੈਣ ਵਾਲੇ ਬੁਲਾਰੇ ਵੱਜੋਂ ਜਾਣੇ ਜਾਂਦੇ ਹਨ।
ਸੜਕਾਂ 'ਤੇ ਧਰਨਿਆਂ ਨੂੰ ਸੰਬੋਧਨ, ਲੋਕ ਸਭਾ ਵਿੱਚ ਦਲੀਲਾਂ ਅਤੇ ਵਿਧਾਨ ਸਭਾ ਵਿੱਚ ਉਹਨਾਂ ਦੀਆਂ ਸਪੀਚਾਂ ਦੀ ਅਕਸਰ ਚਰਚਾ ਹੁੰਦੀ ਹੈ।
ਮਾਨ ਦੇ ਨਿਸ਼ਾਨੇ ਉਪਰ ਅਕਸਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਆਗੂਆਂ ਦੀ ਕਾਰਜਪ੍ਰਣਾਲੀ ਹੁੰਦੀ ਹੈ।
ਭਗਵੰਤ ਮਾਨ ਵੀਆਈਪੀ ਕਲਚਰ ਦੇ ਆਲੋਚਕ ਸਨ ਪਰ ਉਹਨਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਸਵਾਲ ਵਿਰੋਧੀਆਂ ਵੱਲੋਂ ਉਹਨਾਂ ਉਪਰ ਵੀ ਚੁੱਕੇ ਜਾ ਰਹੇ ਹਨ।
ਉਹ ਆਪ ਦਰਜਨਾਂ ਗੱਡੀਆਂ ਦੇ ਕਾਫ਼ਲੇ ਨਾਲ ਚੱਲਦੇ ਹਨ। ਉਹਨਾਂ ਦਾ ਦਿੱਲੀ ਦੇ ਸਾਬਕਾ ਸੀਐੱਮ ਕੇਜਰੀਵਾਲ ਸਣੇ ਕਈ ਹੋਰ ਆਗੂਆਂ ਨੂੰ ਆਪਣੇ ਸਰਕਾਰੀ ਹੈਲੀਕਾਪਟਰ ਵਿੱਚ ਥਾਂ-ਥਾਂ ਲੈ ਕੇ ਜਾਣਾ ਵੀ ਲੋਕਾਂ ਨੂੰ ਖਟਕਦਾ ਹੈ।
ਕੇਜਰੀਵਾਲ ਨਾਲ ਪੰਜਾਬ ਵਿੱਚ ਗੱਡੀਆਂ ਦੇ ਕਾਫ਼ਲੇ, ਭਗਵੰਤ ਮਾਨ ਦੇ ਮਾਤਾ ਅਤੇ ਪਤਨੀ ਵੱਲੋਂ ਉਦਘਾਟਨ ਕਰਨੇ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਨਿੱਜੀ ਗਤੀਵਿਧੀਆਂ ਕਾਰਨ ਉਹ ਵਿਰੋਧੀਆਂ ਦੇ ਨਿਸ਼ਾਨੇ ਉਪਰ ਰਹੇ ਹਨ।
ਭਾਵੇਂ ਕਿ ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਦੀ ਮਾਂ ਅਤੇ ਭੈਣ ਦੇ ਸਮਾਗਮਾਂ ਉੱਤੇ ਰੋਕ ਵੀ ਲੱਗ ਗਈ ਹੈ। ਜਿਸ ਬਾਰੇ ਕਿਹਾ ਗਿਆ ਕਿ ਇਹ ਵੀ ਦਿੱਲੀ ਦੇ ਪ੍ਰਭਾਵ ਹੇਠ ਹੀ ਕੀਤਾ ਗਿਆ ਹੈ।
ਤਿੰਨ ਸਾਲਾਂ ਬਾਅਦ ਵੀ ਮੁੱਖ ਮੰਤਰੀਆਂ ਦੀਆਂ ਦਲੀਲਾਂ ਪੁਰਾਣੀਆਂ ਹੀ ਹਨ।
ਹਮੀਰ ਸਿੰਘ ਮੁਤਾਬਕ, ''ਪਹਿਲਾਂ ਵਾਲੇ ਭਗਵੰਤ ਮਾਨ ਅਤੇ ਮੁੱਖ ਮੰਤਰੀ ਵਿੱਚ ਜ਼ਿਆਦਾ ਫਰਕ ਨਹੀਂ ਦਿਖਾਈ ਦਿੰਦਾ। ਉਹਨਾਂ ਦੀਆਂ ਦਲੀਲਾਂ ਵੀ ਪੁਰਾਣੀਆਂ ਹਨ। ਹਾਂ, ਪਰ ਉਹ ਬਹੁਤ ਚੰਗੇ ਬੁਲਾਰੇ ਹਨ, ਜਿਸ ਲਈ ਲੋਕ ਅੱਜ ਵੀ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਹਨ। ਉਹਨਾਂ ਦੇ ਭਾਸ਼ਣਾਂ ਵਿੱਚ ਗੰਭੀਰ ਸਿਆਸਤਦਾਨ ਵਾਲੀ ਝਲਕ ਨਹੀਂ ਪੈਂਦੀ।''
ਗੁਰਭਜਨ ਗਿੱਲ ਕਹਿੰਦੇ ਹਨ, ''ਜਦੋਂ ਉਹਨਾਂ ਦੀ ਸਪੀਚ ਦਾ ਮਚਿਉਰਟੀ ਲੈਵਲ ਹੁੰਦਾ ਹੈ ਤਾਂ ਲੋਕਾਂ ਨੂੰ ਚੰਗਾ ਲੱਗਦਾ ਹੈ, ਲਗਾਤਾਰ ਟਿੱਚਰਾਂ ਨਹੀਂ ਚੱਲਦੀਆਂ ਹੁੰਦੀਆਂ।''
ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਚੰਨੀ ਸਮੇਤ ਵਿਰੋਧੀ ਧਿਰ ਦੇ ਆਗੂ ਅਕਸਰ ਕਹਿੰਦੇ ਹਨ ਕਿ, ''ਸਟੇਜ ਚਲਾਉਣ ਤੇ ਸਟੇਟ ਚਲਾਉਣ ਵਿੱਚ ਫ਼ਰਕ ਹੁੰਦਾ ਹੈ।''
ਮੁੱਖ ਮੰਤਰੀ ਭਗਵੰਤ ਮਾਨ ਬਾਰੇ ਵਿਰੋਧੀਆਂ ਅਤੇ ਮੀਡੀਆ ਤੇ ਸਿਆਸੀ ਮਾਹਰਾਂ ਬਾਰੇ ਉੱਠਾਏ ਜਾਂਦੇ ਇਹਨਾਂ ਸਵਾਲਾਂ ਦੇ ਜਵਾਬ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨਾਲ ਸਪੰਰਕ ਨਹੀਂ ਹੋ ਸਕਿਆ।
ਜਦੋਂ ਮੁੱਖ ਮੰਤਰੀ ਦਾ ਜਵਾਬ ਆਵੇਗਾ ਤਾਂ ਕਹਾਣੀ ਵਿੱਚ ਲਗਾ ਦਿੱਤਾ ਜਾਵੇਗਾ।
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਕਹਿੰਦੇ ਹਨ, ''ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਨੇ 52,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਸਰਕਾਰ ਸਿਹਤ ਅਤੇ ਸਿੱਖਿਆ ਉਪਰ ਲਗਾਤਾਰ ਧਿਆਨ ਦੇ ਰਹੀ ਹੈ ਜਦਕਿ ਚੰਨੀ ਹੁਰਾਂ ਨੇ ਤਿੰਨ ਮਹੀਨਿਆਂ ਦੀ ਸਰਕਾਰ ਦੌਰਾਨ ਸਿਰਫ਼ ਮੰਜੇ ਹੀ ਬੁਣੇ ਹਨ।''
ਮੁੱਖ ਮੰਤਰੀ ਵੱਲੋਂ ਦਿੱਤੀਆਂ ਜਾਂਦੀਆਂ ਦਲੀਲਾਂ ਬਾਰੇ ਪੁੱਛੇ ਜਾਣ 'ਤੇ ਅਮਨ ਅਰੋੜਾ ਕਹਿੰਦੇ ਹਨ ਕਿ ਸਰਕਾਰ ਹਰ ਦਿਨ ਨਵੇਂ-ਨਵੇਂ ਕੰਮ ਕਰ ਰਹੀ ਹੈ।
ਕਿਹੜੇ ਵਾਅਦੇ ਪੂਰੇ ਹੋਏ, ਕਿਹੜੇ ਰਹਿ ਗਏ?
ਮੁੱਖ ਮੰਤਰੀ ਭਗਵੰਤ ਮਾਨ ਸਭ ਵਰਗਾਂ ਲਈ ਬਰਾਬਰ ਮੌਕੇ ਹੋਣ ਦੀ ਵਕਾਲਤ ਕਰਦੇ ਹਨ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਰੁਖ ਰੱਖਣ ਦਾ ਦਾਅਵਾ ਕਰਦੇ ਹਨ।
ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਅਤੇ ਕਰਜ਼ ਮੁਕਤ ਕਰਨ ਦੇ ਵਾਅਦੇ ਕੀਤੇ ਗਏ ਸਨ।
ਪਿਛਲੇ ਸਾਲ ਮਾਰਚ ਵਿੱਚ ਸੂਬੇ ਦਾ ਸਾਲਾਨਾ ਬਜਟ ਪੇਸ਼ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿੱਤੀ ਸਾਲ 2024-25 ਦੇ ਅੰਤ ਤੱਕ ਪੰਜਾਬ ਦਾ ਕਰਜ਼ਾ 3.74 ਲੱਖ ਕਰੋੜ ਰੁਪਏ ਨੂੰ ਛੂਹ ਜਾਣ ਦਾ ਅਨੁਮਾਨ ਲਗਾਇਆ ਸੀ, ਜੋ ਸੂਬੇ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ 46 ਫ਼ੀਸਦੀ ਤੋਂ ਵੱਧ ਬਣਦਾ ਹੈ।
ਜਾਣਕਾਰ ਮੰਨਦੇ ਹਨ ਕਿ ਇਹ ਪੰਜਾਬ ਦੀ ਕੁੱਲ ਆਮਦਨ ਤੋਂ ਸਾਢੇ ਤਿੰਨ ਗੁਣਾ ਜ਼ਿਆਦਾ ਕਰਜ਼ਾ ਹੈ।
ਮਾਰਚ 2022 ਵਿੱਚ ਸੱਤਾ ਵਿੱਚ ਆਈ ਸਰਕਾਰ ਨੇ ਫ਼ਰਵਰੀ 2025 ਵਿੱਚ ਨਸ਼ਿਆਂ ਨੂੰ ਰੋਕਣ ਲਈ ਆਪਣੀ ਮੁਹਿੰਮ ਤੇਜ ਕੀਤੀ ਹੈ ਜਿਸ ਨੂੰ 'ਬੁਲਡੋਜ਼ਰ ਮੁਹਿੰਮ' ਵੀ ਕਿਹਾ ਜਾ ਰਿਹਾ ਹੈ।
ਪੰਜਾਬ ਸਰਕਾਰ ਨੇ ਕੇਂਦਰ ਵੱਲੋਂ ਲਿਆਂਦੇ ਡਰਾਫ਼ਟ 'ਨੈਸ਼ਨਲ ਪਾਲਿਸੀ ਫ਼ਰੇਮਵਰਕ ਆਨ ਐਗਰੀਕਲਚਰਲ ਮਾਰਕਿਟਿੰਗ' ਨੂੰ ਕਿਸਾਨ ਵਿਰੋਧੀ ਕਹਿ ਕੇ ਵਿਧਾਨ ਸਭਾ ਵਿੱਚ ਰੱਦ ਕੀਤਾ।
ਅਮਨ ਅਰੋੜਾ ਕਹਿੰਦੇ ਹਨ, ''ਸਰਕਾਰ ਨੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਾ ਦਿੱਤਾ, ਹਰ ਮਹੀਨੇ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ।"
"ਸੂਬੇ ਵਿੱਚ 8 ਟੋਲ ਬੰਦ ਕਰ ਦਿੱਤੇ ਗਏ ਹਨ। ਸੜਕੀ ਹਾਦਸਿਆਂ ਨੂੰ ਰੋਕਣ ਲਈ ਸੜਕ ਸੁਰੱਖਿਆ ਫੋਰਸ (SSF) ਦਾ ਗਠਨ ਕੀਤਾ ਸੀ ਅਤੇ ਨਸ਼ਿਆਂ ਖ਼ਿਲਾਫ਼ ਸਰਕਾਰ ਸਖ਼ਤ ਮੁਹਿੰਮ ਚਲਾ ਰਹੀ ਹੈ।''
ਹਾਲਾਂਕਿ ਸਰਕਾਰ ਨੇ 16 ਮੈਡੀਕਲ ਕਾਲਜ ਖੋਲਣ ਦਾ ਦਾਅਵਾ ਕੀਤਾ ਸੀ ਜਿੰਨਾ ਵਿੱਚੋਂ ਹਾਲੇ ਤੱਕ ਇੱਕ ਵੀ ਮੈਡੀਕਲ ਕਾਲਜ ਨਹੀਂ ਖੁੱਲ ਸਕਿਆ ਪਰ ਮੁੱਖ ਮੰਤਰੀ ਨੇ ਪਿਛਲੇ ਦਿਨੀਂ ਕਿਹਾ ਹੈ ਕਿ ਕਪੂਰਥਲਾ, ਹੁਸ਼ਿਆਰਪੁਰ ਤੇ ਸੰਗਰੂਰ ਵਿੱਚ ਜਲਦ ਹੀ ਮੈਡੀਕਲ ਕਾਲਜ ਖੋਲੇ ਜਾਣਗੇ।
ਇਸ ਤੋਂ ਇਲਾਵਾ ਸਰਕਾਰ ਦਾ ਸਭ ਤੋਂ ਵੱਡਾ ਚੋਣ ਵਾਅਦਾ, ਔਰਤਾਂ ਨੂੰ 1000 ਰੁਪਏ ਮਹੀਨਾ ਮਿਲਣ ਦਾ ਰਾਹ, ਹਾਲੇ ਵੀ ਸੂਬੇ ਦੀਆਂ ਔਰਤਾਂ ਤੱਕ ਰਹੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ