ਦਿੱਲੀ ਚੋਣਾਂ ਤੋਂ ਬਾਅਦ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਕੌਣ ਹੋਵੇਗਾ 'ਸੁਪਰੀਮ'

    • ਲੇਖਕ, ਖੁਸ਼ਹਾਲ ਲਾਲੀ/ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਪੰਜਾਬ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਦੋ ਸਵਾਲ ਮੁੱਖ ਤੌਰ ਉੱਤੇ ਪੁੱਛੇ ਜਾ ਰਹੇ ਹਨ।

ਪਹਿਲਾ, ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਸੂਬਾ ਸਰਕਾਰ ਉੱਤੇ ਇਸ ਹਾਰ ਦਾ ਕੀ ਅਸਰ ਪਵੇਗਾ।

ਦੂਜਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੀਡਰਸ਼ਿਪ ਉੱਤੇ ਨਿੱਜੀ ਤੌਰ ਉੱਤੇ ਕਿਹੋ ਜਿਹਾ ਅਸਰ ਪਵੇਗਾ।

ਦਿੱਲੀ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 48 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ।

ਆਮ ਆਦਮੀ ਪਾਰਟੀ ਨੂੰ ਸਿਰਫ਼ 22 ਸੀਟਾਂ ਹੀ ਮਿਲੀਆਂ ਹਨ। ਕਾਂਗਰਸ ਇੱਕ ਵਾਰ ਮੁੜ ਆਪਣਾ ਖਾਤਾ ਨਹੀਂ ਖੋਲ੍ਹ ਸਕੀ।

ਇਸ ਰਿਪੋਰਟ ਵਿੱਚ ਅਸੀਂ ਦਿੱਲੀ ਚੋਣਾਂ ਵਿੱਚ 'ਆਪ' ਦੀ ਹਾਰ ਦਾ ਪੰਜਾਬ ਸਰਕਾਰ ਅਤੇ ਭਗਵੰਤ ਮਾਨ ਉੱਤੇ ਪੈਣ ਵਾਲੇ ਅਸਰ ਅਤੇ ਭਵਿੱਖ ਦੇ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ।

ਪੰਜਾਬ ਸਰਕਾਰ ਤੇ ਪਾਰਟੀ ਉੱਤੇ ਕੀ ਅਸਰ

ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉੱਤੇ ਇਲਜ਼ਾਮ ਲੱਗਦਾ ਹੈ ਕਿ ਉਹ ਪੰਜਾਬ ਸਰਕਾਰ ਨੂੰ ਆਪਣੇ ਤਰੀਕੇ ਨਾਲ ਚਲਾਉਂਦੀ ਹੈ। ਇਸ ਲਈ ਹੁਣ ਦਿੱਲੀ ਵਿੱਚੋਂ ਵਿਹਲੇ ਹੋਣ ਤੋਂ ਬਾਅਦ ਦਿੱਲੀ ਦੀ ਲੀਡਰਸ਼ਿਪ ਪੰਜਾਬ ਸਰਕਾਰ ਉੱਤੇ ਹੋਰ ਦਬਾਅ ਬਣਾਏਗੀ।

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਕਹਿੰਦੇ ਹਨ, ''ਪੰਜਾਬ ਵਿੱਚ ਸਰਕਾਰ ਚਲਾਉਣ ਲਈ 200 ਬੰਦੇ ਦਿੱਲੀ ਤੋਂ ਪੰਜਾਬ ਵਿੱਚ ਪਹਿਲਾਂ ਹੀ ਬਿਠਾਏ ਹੋਏ ਹਨ। ਹੁਣ ਦਿੱਲੀ ਵਾਲੇ ਅਜਿਹਾ ਦਖ਼ਲ ਹੋਰ ਵਧਾਉਣ ਦੀ ਕੋਸ਼ਿਸ਼ ਕਰਨਗੇ।''

ਪੰਜਾਬ ਵਿੱਚ ਦਿੱਲੀ ਦੇ ਦਖ਼ਲ ਦੀ ਸਭ ਤੋਂ ਵੱਡੀ ਮਿਸਾਲ ਅਰਵਿੰਦ ਕੇਜਰੀਵਾਲ ਦੇ ਵਿਵਾਦਤ ਪੀਏ ਬਿਭਵ ਕੁਮਾਰ ਦੀ ਪੰਜਾਬ ਵਿੱਚ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ਨਿਯੁਕਤੀ ਅਤੇ ਜ਼ੈੱਡ ਪਲੱਸ ਸੁਰੱਖਿਆ ਦਿੱਤੇ ਜਾਣ ਨੂੰ ਮੰਨਦੇ ਹਨ।

ਜਸਪਾਲ ਸਿੰਘ ਕਹਿੰਦੇ ਹਨ, ''ਲੋਕ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਪੰਜਾਬ ਵਿੱਚ 92 ਵਿਧਾਇਕ ਹਨ, ਕਿਸੇ ਤੋਂ ਵੀ ਅਸਤੀਫਾ ਦੁਆ ਕੇ ਕੇਜਰੀਵਾਲ ਨੂੰ ਪੰਜਾਬ ਵਿੱਚ ਲਿਆਂਦਾ ਜਾ ਸਕਦਾ ਹੈ।''

ਜਸਪਾਲ ਸਿੰਘ ਨਾਲ ਹੀ ਕਹਿੰਦੇ ਹਨ ਕਿ ਭਾਰਤੀ ਜਨਤਾ ਪਾਰਟੀ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਿੱਚ ਭੰਨ ਤੋੜ ਕਰਵਾ ਸਕਦੀ ਹੈ। ਅਜਿਹੀ ਸਿਆਸਤ ਜੇਕਰ ਹੁੰਦੀ ਹੈ ਤਾਂ ਪਾਰਟੀ ਵੀ ਖ਼ਤਰੇ ਵਿੱਚ ਪੈ ਸਕਦੀ ਹੈ।

''ਕੇਜਰੀਵਾਲ ਦੀ ਸੱਤਾ ਹੱਥੋਂ ਜਾ ਚੁੱਕੀ ਹੈ, ਉਨ੍ਹਾਂ ਲਈ ਸਭ ਤੋਂ ਵੱਡੀ ਪ੍ਰਮੁੱਖਤਾ ਪਾਰਟੀ ਨੂੰ ਬਚਾਉਣਾ ਹੋਵੇਗਾ, ਉਹ ਇਸ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਫੇਰ ਭਾਵੇਂ ਉਹ ਪਾਰਟੀ ਲੀਡਰਸ਼ਿਪ ਵਿੱਚ ਬਦਲਾਅ ਹੋਵੇ ਜਾਂ ਸਰਕਾਰ ਵਿੱਚ।''

ਕੀ ਭਗਵੰਤ ਮਾਨ ਮਜ਼ਬੂਤ ਹੋਣਗੇ

ਸੀਨੀਅਰ ਪੱਤਰਕਾਰ ਬਲਜੀਤ ਬੱਲੀ ਮੰਨਦੇ ਹਨ ਕਿ ਦਿੱਲੀ ਵਿੱਚੋਂ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਕਮਜ਼ੋਰ ਹੋ ਗਈ ਹੈ। ਇਸ ਦਾ ਸਿੱਧਾ ਅਰਥ ਇਹੀ ਨਿਕਲਦਾ ਹੈ ਕਿ ਜੇਕਰ ਕੇਂਦਰ ਕਮਜ਼ੋਰ ਹੁੰਦਾ ਹੈ ਤਾਂ ਸੂਬਾਈ ਲੀਡਰਸ਼ਿਪ ਆਪ ਹੀ ਮਜ਼ਬੂਤ ਹੋਵੇਗੀ।

ਬਲਜੀਤ ਬੱਲੀ ਸੁਤੰਤਰ ਪੱਤਰਕਾਰ ਹਨ, ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਨੂੰ ਕਵਰ ਕਰਦੇ ਆ ਰਹੇ ਹਨ।

ਬੱਲੀ ਕਹਿੰਦੇ ਹਨ, ''ਦਿੱਲੀ ਦੀ ਸੱਤਾ ਜਾਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਭਗਵੰਤ ਮਾਨ ਉੱਤੇ ਨਿਰਭਰਤਾ ਵਧੇਗੀ। ਉਨ੍ਹਾਂ ਨੂੰ ਪਾਰਟੀ ਚਲਾਉਣ ਲਈ ਪੰਜਾਬ ਸਰਕਾਰ ਦੇ ਸਰੋਤਾਂ ਦੀ ਲੋੜ ਪਵੇਗੀ। ਇਸ ਲਈ ਭਗਵੰਤ ਮਾਨ ਪਹਿਲਾਂ ਨਾਲੋਂ ਮਜ਼ਬੂਤ ਸਥਿਤੀ ਵਿੱਚ ਹੋਣਗੇ।''

ਮੌਜੂਦਾ ਚੋਣਾਂ ਦੇ ਹਵਾਲੇ ਨਾਲ ਬਲਜੀਤ ਬੱਲੀ ਕਹਿੰਦੇ ਹਨ ਕਿ ਮੁੱਖ ਮੰਤਰੀ ਸਣੇ ਪੂਰਾ ਮੰਤਰੀ ਮੰਡਲ, ਵਿਧਾਇਕ ਦਿੱਲੀ ਵਿੱਚ ਬੈਠੇ ਰਹੇ। ਪੰਜਾਬ ਦੇ ਮੁੱਖ ਮੰਤਰੀ ਦੇ ਹੈਲੀਕਾਪਟਰ ਤੋਂ ਲੈ ਕੇ ਪੰਜਾਬ ਪੁਲਿਸ ਦੀ ਸਕਿਊਰਿਟੀ ਤੱਕ ਪੰਜਾਬ ਸਰਕਾਰ ਦੀ ਮਸ਼ੀਨਰੀ ਨੇ ਹੀ ਇਹ ਚੋਣਾਂ ਲੜੀਆਂ।

ਇਹੀ ਲੋੜ ਭਵਿੱਖ ਵਿੱਚ ਵੀ ਰਹਿਣੀ ਹੈ। ਇਸ ਲਈ ਭਗਵੰਤ ਮਾਨ ਨੇ ਜੇਕਰ ਹੁਣ ਮਜ਼ਬੂਤੀ ਨਾਲ ਫੈਸਲੇ ਲਏ ਤਾਂ ਉਹ ਕੇਂਦਰੀ ਲੀਡਰਸ਼ਿਪ ਨਾਲੋਂ ਮਜ਼ਬੂਤ ਹੋਣਗੇ।

ਰਾਜੌਰੀ ਗਾਰਡਨ ਤੋਂ ਚੋਣ ਜਿੱਤਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਜਿਵੇਂ ਬਿਆਨ ਦਿੱਤਾ, ''ਭਾਜਪਾ ਸਰਕਾਰ ਬਣਨ ਤੋਂ ਬਾਅਦ ਹੁਣ ਕੇਜਰੀਵਾਲ ਤੋਂ ਘੁਟਾਲਿਆਂ ਦਾ ਹਿਸਾਬ ਲਿਆ ਜਾਵੇਗਾ। ਕੇਜਰੀਵਾਲ ਜੇਲ੍ਹ ਵੀ ਜਾਣਗੇ।''

ਮਾਹਰ ਮੰਨਦੇ ਹਨ ਕਿ ਜੇਕਰ ਕੇਜਰੀਵਾਲ ਤੇ ਆਪ ਦੀ ਲੀਡਰਸ਼ਿਪ ਖਿਲਾਫ਼ ਮੁੜ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਉਸ ਹਾਲਾਤ ਵਿੱਚ ਵੀ ਪੰਜਾਬ ਦੀ ਲੀਡਰਿਸ਼ਪ ਨੂੰ ਮਜ਼ਬੂਤੀ ਮਿਲੇਗੀ।

ਭਗਵੰਤ ਮਾਨ ਲਈ ਕੀ ਇਹ ਮੌਕਾ ਹੈ

ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦੇ ਪ੍ਰੋਫੈਸਰ ਭੁਪਿੰਦਰ ਬਰਾੜ ਵੀ ਬਲਜੀਤ ਬੱਲੀ ਦੀ ਦਲੀਲ ਨੂੰ ਹੀ ਅੱਗੇ ਵਧਾਉਂਦੇ ਦਿਖਦੇ ਹਨ।

ਉਹ ਕਹਿੰਦੇ ਹਨ, ''ਭਗਵੰਤ ਮਾਨ ਨੂੰ ਹੁਣ ਇੱਕ ਚੰਗਾ ਮੌਕਾ ਮਿਲ ਗਿਆ ਹੈ ਕਿ ਉਹ ਇਹ ਦੱਸ ਸਕੇ ਕਿ ਜਿਹੜੇ ਦਿੱਲੀ ਦੇ ਸਿੱਖਿਆ ਅਤੇ ਸਿਹਤ ਮਾਡਲ ਦਿੱਲੀ ਵਿੱਚ ਫੇਲ੍ਹ ਹੋ ਗਏ ਹਨ, ਹੁਣ ਇਹ ਪੰਜਾਬ ਵਿੱਚ ਵੀ ਨਹੀਂ ਚੱਲਣੇ।''

ਪ੍ਰੋਫੈਸਰ ਬਰਾੜ ਕਹਿੰਦੇ ਹਨ, ''ਇਸ ਲਈ ਭਗਵੰਤ ਮਾਨ ਨੂੰ ਪੰਜਾਬ ਦੀ ਨਬਜ਼ ਨੂੰ ਸਮਝਦਿਆਂ ਹੋਇਆ, ਖੇਤੀਬਾੜੀ, ਸਿੱਖਿਆ, ਸਿਹਤ, ਰੁਜ਼ਗਾਰ ਲਈ ਆਪਣੀ ਯੋਜਨਾ ਅਤੇ ਮਾਡਲ ਤਿਆਰ ਕਰਨਾ ਪਵੇਗਾ। ਪਰ ਸ਼ਰਤ ਇਹ ਹੈ ਕਿ ਕੀ ਭਗਵੰਤ ਮਾਨ ਕੋਲ ਇੰਨੀ ਸਮਝ ਹੈ ਕਿ ਉਹ ਪੰਜਾਬ ਨੂੰ ਲੋੜੀਂਦਾ ਮਾਡਲ ਬਣਾ ਸਕਣ ਅਤੇ ਜੁਅਰਤ ਨਾਲ ਇਸ ਨੂੰ ਦਿੱਲੀ ਤੋਂ ਲਾਗੂ ਕਰਵਾ ਸਕਣ।''

ਪੱਤਰਕਾਰ ਜਸਪਾਲ ਸਿੱਧੂ ਮੰਨਦੇ ਹਨ ਕਿ ਜੇਕਰ ਭਗਵੰਤ ਮਾਨ, ਕੇਜਰੀਵਾਲ ਜਾਂ ਦਿੱਲੀ ਲੀਡਰਸ਼ਿਪ ਅੱਗੇ ਪੰਜਾਬ ਦੀਆਂ ਲੋੜਾਂ ਮੁਤਾਬਕ ਪੰਜਾਬ ਮਾਡਲ ਲਾਗੂ ਕਰਨ ਦੀ ਖੁੱਲ੍ਹ ਲੈ ਲੈਂਦੇ ਹਨ ਤਾਂ ਇਹ ਪੰਜਾਬ ਵਿੱਚ ਪਾਰਟੀ ਲਈ ਚੰਗਾ ਹੋਵੇਗਾ।

ਨਹੀਂ ਤਾਂ ਜਿਸ ਤਰ੍ਹਾਂ ਦੇ ਹਾਲਾਤ ਹਨ, ਪਾਰਟੀ ਲਈ 2022 ਵਾਂਗ 2027 ਵਿੱਚ ਪ੍ਰਦਰਸ਼ਨ ਕਿਸੇ ਵੀ ਸੂਰਤ ਵਿੱਚ ਸੰਭਵ ਨਹੀਂ ਹੋਵੇਗਾ, ਕਿਉਂਕਿ ਦਿੱਲੀ ਦੀ ਹਾਰ ਨਾਲ ਪਾਰਟੀ ਕਾਡਰ ਵਿੱਚ ਟੁੱਟ ਭੰਨ ਹੋਵੇਗੀ ਅਤੇ ਮਾਯੂਸੀ ਆਵੇਗੀ।

ਕੇਜਰੀਵਾਲ ਸੁਪਰੀਮੋ ਹੈ ਤੇ ਰਹਿਣਗੇ

ਡਾਕਟਰ ਪ੍ਰਮੋਦ ਕੁਮਾਰ ਇੰਸਟੀਚਿਊਟ ਆਫ਼ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ ਦੇ ਚੇਅਰਮੈਨ ਅਤੇ ਸਿਆਸੀ ਟਿੱਪਣੀਕਾਰ ਹਨ।

ਡਾਕਟਰ ਪ੍ਰਮੋਦ ਕੁਮਾਰ ਭਗਵੰਤ ਮਾਨ ਦੇ ਮਜ਼ਬੂਤ ਹੋਣ ਦੀ ਦਲੀਲ ਨਾਲ ਬਹੁਤਾ ਇਤਫਾਕ ਨਹੀਂ ਰੱਖਦੇ, "ਅਰਵਿੰਦ ਕੇਜਰੀਵਾਲ ਬੇਸ਼ੱਕ ਦਿੱਲੀ ਦੀ ਚੋਣ ਹਾਰ ਗਏ ਹਨ ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਕਮਜ਼ੋਰ ਹੋ ਗਏ ਹਨ।''

''ਪੰਜਾਬ ਇਕੱਲਾ ਸੂਬਾ ਹੈ, ਜਿੱਥੇ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ। ਇਸ ਲਈ ਹੁਣ ਪੰਜਾਬ ਵਿਚ ਅਰਵਿੰਦ ਕੇਜਰੀਵਾਲ ਦਾ ਦਖ਼ਲ ਵਧੇਗਾ। ਉਹ ਪਾਰਟੀ ਸੁਪਰੀਮੋ ਹਨ, ਉਹ ਚੋਣ ਹਾਰੇ ਹਨ ਪਰ ਪਾਰਟੀ ਦੀ ਕਮਾਂਡ ਅੱਜ ਵੀ ਉਹਨਾਂ ਕੋਲ ਹੀ ਹੈ।''

ਡਾਕਟਰ ਪ੍ਰਮੋਦ ਕਹਿੰਦੇ ਹਨ ਕਿ ਦਿੱਲੀ ਵਿੱਚ ਹਾਰ ਤੋਂ ਬਾਅਦ ਵੀ ਪੰਜਾਬ ਦੇ ਫੈਸਲੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਵੱਲੋਂ ਹੀ ਲਏ ਜਾਣਗੇ। ਹੁਣ ਸਗੋਂ ਪੰਜਾਬ ਉੱਤੇ ਅਰਵਿੰਦ ਕੇਜਰੀਵਾਲ ਜ਼ਿਆਦਾ ਨਜ਼ਰ ਰੱਖਣਗੇ, ਕਿਉਂਕਿ 2027 ਦੀਆਂ ਚੋਣਾਂ ਵਿੱਚ ਪਾਰਟੀ ਪੰਜਾਬ ਵਿੱਚ ਹਾਰਨ ਦਾ ਜੋਖ਼ਮ ਨਹੀਂ ਲੈ ਸਕਦੀ।

ਇਸ ਲਈ ਅਰਵਿੰਦ ਕੇਜਰੀਵਾਲ ਪੰਜਾਬ ਦੀ ਸੱਤਾ ਵਿੱਚ ਬਣੇ ਰਹਿਣ ਲਈ ਹਰ ਤਰੀਕਾ ਵਰਤਣਗੇ, ਉਹ ਚਾਹੁਣਗੇ ਤਾਂ ਪੰਜਾਬ ਦੀ ਲੀਡਰਸ਼ਿਪ ਵੀ ਬਦਲੀ ਜਾ ਸਕਦੀ ਹੈ।

ਡਾਕਟਰ ਪ੍ਰਮੋਦ ਕਹਿੰਦੇ ਹਨ, ''ਜਿਹੜੇ ਲੋਕ ਇਹ ਸੋਚ ਰਹੇ ਹਨ ਕਿ ਕੇਜਰੀਵਾਲ ਦੇ ਹਾਰਨ ਨਾਲ ਭਗਵੰਤ ਮਾਨ ਦਾ ਕੱਦ ਵੱਧ ਗਿਆ ਹੈ ਉਹ ਗ਼ਲਤ ਹਨ। ਭਗਵੰਤ ਮਾਨ ਨੂੰ ਹੁਣ ਵੀ ਕੇਜਰੀਵਾਲ ਦੇ ਅਨੁਸਾਰ ਹੀ ਚੱਲਣਾ ਪਵੇਗਾ।''

''ਖੁਦ ਫੈਸਲੇ ਲੈਣ ਲਈ ਭਗਵੰਤ ਮਾਨ ਕੋਲ ਬਹੁ ਗਿਣਤੀ ਵਿਧਾਇਕਾਂ ਦਾ ਸਮਰਥਨ ਅਤੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਚਾਹੀਦਾ ਹੈ। ਪੰਜਾਬ ਸਬੰਧੀ ਫੈਸਲੇ ਲੈਣ ਲਈ ਭਗਵੰਤ ਮਾਨ ਨੂੰ ਕੇਜਰੀਵਾਲ ਦੀ ਮਨਜ਼ੂਰੀ ਲੈਣੀ ਹੀ ਪਵੇਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)