ਲੈਪਟਸਪਾਇਰੋਸਿਸ: ਭਗਵੰਤ ਮਾਨ ਜਿਸ ਬਿਮਾਰੀ ਨਾਲ ਜੂਝ ਰਹੇ ਹਨ, ਉਹ ਕੀ ਹੈ

ਬੀਤੇ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ-ਏ-ਇਲਾਜ ਸਨ ਅਤੇ ਹੁਣ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਹਸਪਤਾਲ ਵੱਲੋ ਜਾਰੀ ਕੀਤੇ ਗਏ ਮੈਡੀਕਲ ਬੁਲੇਟਿਨ ਦੇ ਮੁਤਾਬਕ ਭਗਵੰਤ ਮਾਨ ਦੀ ਸਿਹਤ ਜਾਂਚ ਵਿੱਚ ਲੈਪਟਸਪਾਇਰੋਸਿਸ ਹੋਣ ਦੀ ਖ਼ਬਰ ਹੈ। ਇਸ ਤੋਂ ਬਾਅਦ ਜਾਨਵਰਾਂ, ਮਿੱਟੀ ਅਤੇ ਦੂਸ਼ਿਤ ਪਾਣੀ ਤੋਂ ਹੋਣ ਵਾਲੀ ਇਸ ਬੀਮਾਰੀ ਬਾਰੇ ਲੋਕ ਜਾਨਣਾ ਚਾਹੁੰਦੇ ਹਨ।

ਇਹ ਬੀਮਾਰੀ ਲਾਗ ਵਾਲੇ ਜਾਨਵਰਾਂ, ਮਿੱਟੀ ਅਤੇ ਪਾਣੀ ਤੋਂ ਹੋ ਸਕਦੀ ਹੈ।

ਇਸ ਦੇ ਜੀਵਾਣੂ ਲਾਗ ਵਾਲੇ ਜਾਨਵਰਾਂ ਜਿਵੇਂ— ਚੂਹੇ, ਗਾਵਾਂ, ਸੂਰ ਤੇ ਕੁੱਤੇ ਦੇ ਪਿਸ਼ਾਬ ਵਿੱਚ ਹੁੰਦੇ ਹਨ।

ਪੀੜਤ ਜੀਵਾਂ ਦੇ ਪਿਸ਼ਾਬ ਨਾਲ ਦੂਸ਼ਿਤ ਮਿੱਟੀ ਜਾਂ ਪਾਣੀ ਜੇ ਮੂੰਹ, ਅੱਖਾਂ ਜਾਂ ਜ਼ਖਮਾਂ ਰਾਹੀਂ ਤੁਹਾਡੇ ਸਰੀਰ ਦੇ ਅੰਦਰ ਚਲਿਆ ਜਾਵੇ ਤਾਂ ਇਹ ਬੀਮਾਰੀ ਹੋ ਸਕਦੀ ਹੈ।

ਜਾਨਵਰਾਂ ਨਾਲ ਕੰਮ ਕਰਦੇ ਹੋਏ ਪੀੜਤ ਜਾਨਵਰ ਦੇ ਖੂਨ ਜਾਂ ਮਾਸ ਦੇ ਸੰਪਰਕ ਵਿੱਚ ਆਉਣ ਨਾਲ ਇਹ ਦਿੱਕਤ ਆ ਸਕਦੀ ਹੈ।

ਹਾਲਾਂਕਿ ਪਾਲਤੂ ਜਾਨਵਰਾਂ ਤੋਂ ਲੈਪਟਸਪਾਇਰੋਸਿਸ ਦੀ ਲਾਗ ਦੇ ਮਾਮਲੇ ਦੁਰਲਭ ਹਨ।

ਭਗਵੰਤ ਮਾਨ ਦੀ ਸਿਹਤ

ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡਿਓਲੋਜੀ ਵਿਭਾਗ ਦੇ ਮੁਖੀ ਡਾ. ਆਰਕੇ ਜਸਵਾਲ ਮੁਕਾਬਕ ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਦੀ ਜਾਂਚ ਕੀਤੀ ਹੈ।

ਡਾ. ਜਸਵਾਲ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਹੈ ਅਤੇ ਉਹ ਪਲਮਨਰੀ ਆਰਟਰੀ ਪਰੈਸ਼ਰ ਦੇ ਇਲਾਜ ਨੂੰ ਵੀ ਹੁੰਗਾਰਾ ਦੇ ਰਹੇ ਹਨ।

ਉਨ੍ਹਾਂ ਮੁਤਾਬਕ ਭਰਤੀ ਕਰਨ ਸਮੇਂ ਉਨ੍ਹਾਂ ਨੂੰ ਟਰੌਪੀਕਲ ਫੀਵਰ ਦਾ ਖ਼ਦਸ਼ਾ ਸੀ, ਲੇਕਿਨ ਖੂਨ ਦੀ ਜਾਂਚ ਵਿੱਚ ਲੈਪਟਸਪਾਇਰੋਸਿਸ ਦੀ ਪੁਸ਼ਟੀ ਹੋਈ ਹੈ। ਭਗਵੰਤ ਮਾਨ ਨੂੰ ਯੋਗ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀਆਂ ਸਾਰੀਆਂ ਜਾਂਚ ਰਿਪੋਰਟਾਂ ਵਿੱਚ ਸੰਤੋਖਜਨਕ ਸੁਧਾਰ ਹੈ।

ਲੈਪਟਸਪਾਇਰੋਸਿਸ ਕੀ ਹੈ?

ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੀ ਵੈਬਸਾਈਟ ਮੁਤਾਬਕ ਲੈਪਟਸਪਾਇਰੋਸਿਸ, ਲੈਪਟੋਸਪੀਰਾ ਨਾਮ ਦੇ ਬੈਕਟੀਰੀਅਮ ਤੋਂ ਹੁੰਦੀ ਹੈ। ਇਹ ਕਈ ਕਿਸਮ ਦੇ ਜਾਨਵਰਾਂ ਅਤੇ ਮਨੁੱਖਾਂ ਨੂੰ ਪੀੜਤ ਕਰ ਸਕਦੀ ਹੈ।

ਇਲਾਜ ਤੋਂ ਬਿਨਾਂ ਲੈਪਟਸਪਾਇਰੋਸਿਸ ਲੋਕਾਂ ਵਿੱਚ ਗੁਰਦਿਆਂ ਨੂੰ ਨੁਕਸਾਨ ਪਹੁੰਚੀ ਸਕਦੀ ਹੈ। ਰੀੜ ਦੀ ਹੱਡੀ ਅਤੇ ਦਿਮਾਗ ਦੇ ਦੁਆਲੇ ਦੀ ਮੈਂਬਰੇਨ ਵਿੱਚ ਸੋਜਿਸ਼ (ਮੇਨਿਨਜਾਈਟਿਸ), ਲੀਵਰ ਦੀ ਖ਼ਰਾਬੀ, ਸਾਹ ਵਿੱਚ ਦਿੱਕਤ ਤੋਂ ਲੈ ਕੇ ਮੌਤ ਤੱਕ ਦੀ ਵਜ੍ਹਾ ਬਣ ਸਕਦੀ ਹੈ।

ਲੈਪਟਸਪਾਇਰੋਸਿਸ ਦੇ ਹਰ ਸਾਲ ਦੁਨੀਆਂ ਭਰ ਵਿੱਚ ਕਰੀਬ 10 ਲੱਖ ਮਾਮਲੇ ਮਿਲਦੇ ਹਨ ਅਤੇ 60 ਹਜ਼ਾਰ ਮੌਤਾਂ ਹੁੰਦੀਆਂ ਹਨ।

ਮਨੁੱਖਾਂ ਵਾਂਗ ਹੀ ਜਾਨਵਰਾਂ ਨੂੰ ਵੀ ਇਸਦੀ ਲਾਗ ਦੂਸ਼ਿਤ ਪਿਸ਼ਾਬ ਜਾਂ ਸਰੀਰਕ ਤਰਲ ਦੇ ਸੰਪਰਕ ਵਿੱਚ ਆਉਣ, ਦੂਸ਼ਿਤ ਮਿੱਟੀ ਤੇ ਪਾਣੀ ਦੇ ਸੰਪਰਕ ਵਿੱਚ ਆਉਣ ਤੋਂ ਹੁੰਦਾ ਹੈ।

ਜਾਨਵਰਾਂ ਵਿੱਚ ਇਸਦੇ ਲੱਛਣ ਵੱਖ-ਵੱਖ ਹੋ ਸਕਦੇ ਹਨ ਅਤੇ ਕੁਝ ਵਿੱਚ ਇਸਦੇ ਲੱਛਣ ਬਿਲਕੁਲ ਵੀ ਨਜ਼ਰ ਨਹੀਂ ਆਉਂਦੇ।

ਲਾਗ ਵਾਲੇ ਜਾਨਵਰਾਂ ਦਾ ਪਿਸ਼ਾਬ ਨਾਲ ਦੂਸ਼ਿਤ ਪਾਣੀ ਜਦੋਂ ਮਾਨਸੂਨ ਦੇ ਮੌਸਮ ਵਿੱਚ ਸੜਕਾਂ ਤੇ ਟੋਇਆਂ ਰਾਹੀਂ ਮਨੁੱਖਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਲੈਪਟਸਪਾਇਰੋਸਿਸ ਦਾ ਖ਼ਤਰਾ ਪੈਦਾ ਕਰਦਾ ਹੈ।

ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸ ਵਿੱਚ ਵਾਇਰੋਲੋਜੀ ਦੇ ਪ੍ਰੋਫੈਸਰ ਡਾ਼ ਰਵੀ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, “ਲੈਪਟਸਪਾਇਰੋਸਿਸ ਇੱਕ ਚੂਹਿਆਂ ਵਿੱਚ ਮਿਲਣ ਵਾਲਾ ਬੈਕਟੀਰੀਆ ਹੈ। ਇਹ ਹੜ੍ਹਾਂ ਦੌਰਾਨ ਚੂਹਿਆਂ ਦੀ ਮੌਤ ਕਾਰਨ ਮਨੁੱਖਾਂ ਤੱਕ ਪਹੁੰਚਦਾ ਹੈ। ਇਹ ਬੈਕਟੀਰੀਆ ਤੋਂ ਪੈਦਾ ਹੋਣ ਵਾਲੀ ਬੀਮਾਰੀ ਹੈ ਜੋ ਜਾਨਵਰਾਂ ਤੇ ਮਨੁੱਖਾਂ ਨੂੰ ਪ੍ਰਭਾਵਿਤ ਕਰਦੀ ਹੈ।”

ਗੁਜਰਾਤ ਦੇ ਸਿਹਤ ਵਿਭਾਗ ਮੁਤਾਬਕ ਇਹ ਬੀਮਾਰੀ ਮਨੁੱਖਾਂ ਵਿੱਚ ਗਾਵਾਂ-ਮੱਝਾਂ, ਬੱਕਰੀਆਂ ਦੀ ਸਫ਼ਾਈ, ਖ਼ਾਸ ਕਰ ਉਨ੍ਹਾਂ ਦੇ ਮਲ-ਮੂਤਰ ਨੂੰ ਟਿਕਾਣੇ ਲਾਉਣ ਸਮੇਂ ਮਨੁੱਖਾਂ ਵਿੱਚ ਆ ਸਕਦੀ ਹੈ। ਇਹ ਬੀਮਾਰੀ ਮਨੁੱਖਾਂ ਵਿੱਚ ਅੱਖਾਂ, ਨੱਕ ਅਤੇ ਮੂੰਹ ਤੋਂ ਵੀ ਦਾਖਲ ਹੋ ਸਕਦੀ ਹੈ।

ਲੈਪਟੋਸਪੀਰੋਸਿਸ ਦੇ ਲੱਛਣ

ਬ੍ਰਿਟੇਨ ਦੀ ਜਨਤਕ ਸਿਹਤ ਸੇਵਾ ਐੱਨਐੱਚਐੱਸ ਦੀ ਵੈਬਸਾਈਟ ਮੁਤਾਬਕ ਜ਼ਿਆਦਾਤਰ ਲੋਕਾਂ ਵਿੱਚ ਜਾਂ ਤਾਂ ਇਸਦੇ ਕੋਈ ਲੱਛਣ ਨਜ਼ਰ ਨਹੀਂ ਆਉਂਦੇ ਜਾਂ ਉਨ੍ਹਾਂ ਨੂੰ ਹਲਕਾ ਫਲੂ ਮਹਿਸੂਸ ਹੁੰਦਾ ਹੈ। ਜਦਕਿ ਕੁਝ ਲੋਕ ਗੰਭੀਰ ਬੀਮਾਰ ਵੀ ਹੋ ਸਕਦੇ ਹਨ।

  • ਤੇਜ਼ ਬੁਖਾਰ
  • ਸਿਰ ਦਰਦ
  • ਪਿੰਡਾ ਦਰਦ
  • ਪੇਟ ਦਰਦ
  • ਬੀਮਾਰ ਮਹਿਸੂਸ ਕਰਨਾ
  • ਦਸਤ
  • ਅੱਖਾਂ ਦੇ ਸਫ਼ੈਦ ਹਿੱਸੇ ਵਿੱਚ ਲਾਲੀ
  • ਚਮੜੀ ਜਾਂ ਅੱਖਾਂ ਦੇ ਚਿੱਟੇ ਹਿੱਸੇ ਵਿੱਚ ਪਿਲੱਤਣ ( ਜੋ ਗੂੜ੍ਹੇ ਰੰਗ ਵਾਲੇ ਲੋਕਾਂ ਵਿੱਚ ਦੇਖ ਸਕਣੀ ਮੁਸ਼ਕਿਲ ਹੁੰਦੀ ਹੈ, ਪੀਲੀਆ।
  • ਭੁੱਖ ਨਾ ਲੱਗਣਾ
  • ਨੀਲ
  • ਪਿਸ਼ਾਬ ਵਿੱਚ ਰੁਕਾਵਟ
  • ਜੋੜਾਂ ਦੀ ਸੋਜਿਸ਼- ਗਿੱਟੇ, ਗੋਡੇ ਅਤੇ ਹੱਥ
  • ਛਾਤੀ ਵਿੱਚ ਦਰਦ
  • ਸਾਹ ਚੜ੍ਹਨਾ

ਅਜਿਹੇ ਲੱਛਣ ਨਜ਼ਰ ਆਉਣ ਉੱਤੇ ਤੁਹਾਨੂੰ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਲੈਪਟਸਪਾਇਰੋਸਿਸ ਦਾ ਵਿਕਾਸ ਤੇ ਇਲਾਜ

ਸੀਡੀਸੀ ਮੁਤਾਬਕ ਇਸਦੇ ਜ਼ਿਆਦਾਤਰ ਲੱਛਣਾਂ ਨੂੰ ਕਿਸੇ ਹੋਰ ਬੀਮਾਰੀ ਨਾਲ ਜੋੜਿਆ ਜਾ ਸਕਦਾ ਹੈ।

ਆਮ ਤੌਰ ਉੱਤੇ ਲੈਪਟਸਪਾਇਰੋਸਿਸ ਨੂੰ ਬੈਕਟੀਰੀਆ ਦੇ ਸੰਪਰਕ ਵਿੱਚ ਆਉਣ ਤੋਂ ਵਿਕਸਿਤ ਹੋਣ ਵਿੱਚ 2-30 ਦਿਨ ਲਗਦੇ ਹਨ। ਇਸਦੇ ਵਿਕਾਸ ਵਿੱਚ ਦੋ ਪੜਾਅ ਹੋ ਸਕਦੇ ਹਨ—

ਪਹਿਲੇ ਪੜਾਅ ਵਿੱਚ, ਮਰੀਜ਼ ਨੂੰ ਬੁਖਾਰ, ਕਾਂਬਾ, ਸਿਰ ਦਰਦ, ਮਾਸਪੇਸ਼ੀਆਂ ਦਾ ਦਰਦ, ਉਲਟੀਆਂ ਜਾਂ ਦਸਤ ਹੋ ਸਕਦੇ ਹਨ। ਮਰੀਜ਼ ਨੂੰ ਕੁਝ ਸਮੇਂ ਤੱਕ ਠੀਕ ਮਹਿਸੂਸ ਹੋ ਸਕਦਾ ਹੈ ਪਰ ਫਿਰ ਬੀਮਾਰ ਪੈ ਜਾਂਦਾ ਹੈ।

ਕੁਝ ਲੋਕਾਂ ਲਈ ਇਹ ਦੂਜਾ ਪੜਾਅ ਜ਼ਿਆਦਾ ਘਾਤਕ ਸਾਬਤ ਹੋ ਸਕਦਾ ਹੈ। ਇਸ ਦੌਰਾਨ ਗੁਰਦੇ ਅਤੇ ਲੀਵਰ ਨਾਕਾਮ ਹੋ ਸਕਦੇ ਹਨ ਜਾਂ ਮੇਨਿਨਜਾਈਟਿਸ ਦੀ ਸ਼ਿਕਾਇਤ ਹੋ ਸਕਦੀ ਹੈ।

ਅਕਸਰ ਤੁਹਾਡਾ ਡਾਕਟਰ ਹੀ ਇਸ ਦਾ ਇਲਾਜ ਕਰ ਸਕਦਾ ਹੈ। ਲਾਗ ਠੀਕ ਕਰਨ ਲਈ ਤੁਹਾਨੂੰ ਐਂਟੀ-ਬਾਇਓਟਿਕ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ। ਜ਼ਿਆਦਾਤਰ ਲੋਕ ਕੁਝ ਦਿਨਾਂ ਜਾਂ ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ।

ਭਾਵੇਂ ਲੱਗਣ ਲੱਗੇ ਕਿ ਠੀਕ ਹੋ ਰਹੇ ਹੋ ਫਿਰ ਵੀ ਐਂਟੀ-ਬਾਇਓਟਿਕ ਦਵਾਈਆਂ ਦਾ ਕੋਰਸ ਪੂਰਾ ਜ਼ਰੂਰ ਕਰਨਾ ਚਾਹੀਦਾ ਹੈ।

ਗੰਭੀਰ ਲੱਛਣਾਂ ਦੀ ਸਥਿਤੀ ਵਿੱਚ ਹਸਪਤਾਲ ਭਰਤੀ ਵੀ ਕਰਨਾ ਪੈ ਸਕਦਾ ਹੈ।

ਬਚਾਅ ਕਿਵੇਂ ਕਰੀਏ

ਇਹ ਬੀਮਾਰੀ ਤੁਹਾਨੂੰ ਪਾਣੀ ਵਾਲੀਆਂ ਖੇਡਾਂ ਜਾਂ ਜਾਨਵਰਾਂ ਜਾਂ ਮੀਟ ਦੇ ਕਾਰੋਬਾਰ ਵਿੱਚ ਲੱਗੇ ਹੋਣ ਦੀ ਸੂਰਤ ਵਿੱਚ ਜ਼ਿਆਦਾ ਰਹਿੰਦੀ ਹੈ। ਐੱਨਐੱਚਐੱਸ ਮੁਤਾਬਕ ਲੈਪਟਸਪਾਇਰੋਸਿਸ ਤੋਂ ਬਚਾਅ ਲਈ ਹੇਠ ਲਿਖੇ ਲਿਖੀਆਂ ਸਾਵਧਾਨੀਆਂ ਵਰਤ ਸਕਦੇ ਹੋ---

  • ਜਾਨਵਰਾਂ ਅਤੇ ਜਾਨਵਰਾਂ ਦੇ ਉਤਪਾਦਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਹੱਥ ਧੋਣੇ।
  • ਜ਼ਖਮਾਂ ਨੂੰ ਜਿੰਨੀ ਜਲਦੀ ਹੋ ਸਕੇ ਸਾਫ਼ ਕਰੋ।
  • ਜ਼ਖਮਾਂ/ਕੱਟਾਂ ਨੂੰ ਪਾਣੀ ਤੋਂ ਬਚਾ ਕੇ ਰੱਖੋ
  • ਜੇ ਤੁਹਾਨੂੰ ਆਪਣੇ ਕੰਮ ਤੋਂ ਇਸ ਦਾ ਖ਼ਤਰਾ ਹੈ ਤਾਂ ਸੁਰੱਖਿਆ ਕੱਪੜੇ ਪਾਓ।
  • ਜੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਲਾਗ ਵਾਲੇ ਪਾਣੀ ਦੇ ਸੰਪਰਕ ਵਿੱਚ ਆਏ ਹੋ ਤਾਂ ਜਿੰਨਾ ਛੇਤੀ ਹੋ ਸਕੇ ਨਹਾ ਲਓ।
  • ਧਿਆਨ ਦਿਓ ਕਿ ਤੁਹਾਡੇ ਕੁੱਤੇ ਨੂੰ ਲੈਪਟਸਪਾਇਰੋਸਿਸ ਦਾ ਟੀਕਾ ਲੱਗਿਆ ਹੈ। ਮਨੁੱਖਾਂ ਲਈ ਕੋਈ ਟੀਕਾ ਨਹੀਂ ਹੈ।
  • ਜਾਨਵਰਾਂ ਦੇ ਪਿਸ਼ਾਬ ਵਾਲੇ ਪਾਣੀ ਜਾਂ ਮਿੱਟੀ ਦੇ ਸੰਪਰਕ ਵਿੱਚ ਆਉਣ ਤੋਂ ਬਚੋ।
  • ਮਰੇ ਜਾਨਵਰਾਂ ਨੂੰ ਨੰਗੇ ਹੱਛੀਂ ਨਾ ਛੂਹੋ।
  • ਨਦੀਆਂ, ਨਹਿਰਾਂ ਜਾਂ ਝੀਲਾਂ ਦਾ ਪਾਣੀ ਨਾ ਪੀਓ ਜਾਂ ਪੀਣ ਤੋਂ ਪਹਿਲਾਂ ਉਬਾਲ ਲਓ ਜਾਂ ਹੋਰ ਤਰੀਕੇ ਨਾਲ ਕਿਰਮ ਰਹਿਤ ਕਰ ਲਓ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)