You’re viewing a text-only version of this website that uses less data. View the main version of the website including all images and videos.
ਸਿੱਖ ਪੁਲਿਸ ਅਫ਼ਸਰ ਨੂੰ ਪੱਛਮੀ ਬੰਗਾਲ ’ਚ ‘ਖਾਲਿਸਤਾਨੀ ਕਹੇ ਜਾਣ’ ਦਾ ਕੀ ਹੈ ਪੂਰਾ ਮਾਮਲਾ
- ਲੇਖਕ, ਪ੍ਰਭਾਕਰ ਮਣੀ ਤਿਵਾਰੀ
- ਰੋਲ, ਕੋਲਕਾਤਾ ਤੋਂ ਬੀਬੀਸੀ ਲਈ
ਪੱਛਮੀ ਬੰਗਾਲ ਵਿੱਚ ਇੱਕ ਆਈਪੀਐੱਸ ਅਫ਼ਸਰ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੂੰ ਡਿਊਟੀ ਵੇਲੇ ਇੱਕ ਭਾਜਪਾ ਆਗੂ ਨੇ ‘ਖਾਲਿਸਤਾਨੀ’ ਕਿਹਾ ਹੈ।
ਭਾਜਪਾ ਵੱਲੋਂ ਇਸ ਇਲਜ਼ਾਮ ਨੂੰ ਨਕਾਰਿਆ ਗਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕਾਂਗਰਸ ਵੱਲੋਂ ਇਸ ਮਸਲੇ ਉੱਤੇ ਭਾਜਪਾ ਦੀ ਨਿਖੇਧੀ ਕੀਤੀ ਹੈ।
ਦਰਅਸਲ ਪਿਛਲੇ ਕੁਝ ਦਿਨਾਂ ਤੋਂ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਵਿੱਚ ਹਿੰਸਾ ਭੜਕੀ ਹੋਈ ਹੈ। ਇਹ ਹਿੰਸਾ ਟੀਐੱਮਸੀ ਦੇ ਆਗੂ ਸ਼ੇਖ ਸ਼ਾਹਜਹਾਂ ਉੱਪਰ ਇੱਕ ਔਰਤ ਵੱਲੋਂ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਉਣ ਮਗਰੋਂ ਭੜਕੀ ਸੀ ਜਿਸ ਤੋਂ ਬਾਅਦ ਭਾਜਪਾ ਆਗੂ ਤੇ ਵਰਕਰ ਲਗਾਤਾਰ ਟੀਐੱਮਸੀ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।
20 ਫਰਵਰੀ ਨੂੰ ਵੀ ਭਾਜਪਾ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਸੰਦੇਸ਼ਖਾਲੀ ਜਾ ਰਹੇ ਸਨ, ਜਿਸ ਦੌਰਾਨ ਭਾਜਪਾ ਵਰਕਰਾਂ ਤੇ ਪੁਲਿਸ ਅਧਿਕਾਰੀ ਵਿਚਾਲੇ ਬਹਿਸ ਹੋਣ ਦਾ ਇੱਕ ਵੀਡੀਓ ਸਾਹਮਣੇ ਆਇਆ।
ਉਸ ਵੀਡੀਓ ਵਿੱਚ ਆਈਪੀਸੀਐਸ ਅਧਿਕਾਰੀ ਜਸਪ੍ਰੀਤ ਸਿੰਘ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਉਨ੍ਹਾਂ ਨੂੰ ਭਾਜਪਾ ਆਗੂ ਵੱਲੋਂ ਖਾਲਿਸਤਾਨੀ ਕਿਹਾ ਗਿਆ। ਉਸੇ ਵੀਡੀਓ ਵਿੱਚ ਭਾਜਪਾ ਵਿਧਾਇਕ ਅਗਨੀਮਿਤਰਾ ਪੌਲ ਅਫਸਰ ਦੇ ਇਲਜ਼ਾਮਾਂ ਨੂੰ ਨਕਾਰਦੇ ਨਜ਼ਰ ਆਏ ਤੇ ਕਿਹਾ ਕਿ ਉਨ੍ਹਾਂ ਨੇ ਆਪਣੀ ਡਿਊਟੀ ਪੂਰੀ ਨਹੀਂ ਕੀਤੀ।
ਇਸ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਆਪਣਾ ਆਪਾ ਗੁਆ ਬੈਠਦੇ ਹਨ।
ਆਈਪੀਐੱਸ ਅਫ਼ਸਰ ਜਸਪ੍ਰੀਤ ਸਿੰਘ ਫਿਰ ਕਹਿੰਦੇ ਨਜ਼ਰ ਆਏ, "ਤੁਸੀਂ ਮੈਨੂੰ ਇਸ ਲਈ ਖ਼ਾਲਿਸਤਾਨੀ ਕਹਿ ਰਹੇ ਹੋ ਕਿਉਂਕਿ ਮੈਂ ਪੱਗ ਬੰਨ੍ਹੀ ਹੋਈ ਹੈ। ਕੀ ਇਹ ਤੁਹਾਡੀ ਹਿੰਮਤ ਹੈ? ਜੇ ਕੋਈ ਪੁਲਿਸ ਵਾਲਾ ਪੱਗ ਬੰਨ੍ਹ ਕੇ ਆਪਣੀ ਡਿਊਟੀ ਕਰਦਾ ਹੈ ਤਾਂ ਉਹ ਖ਼ਾਲਿਸਤਾਨੀ ਹੋ ਗਿਆ ਹੈ?"
ਜਸਪ੍ਰੀਤ ਸਿੰਘ ਇਹ ਕਹਿੰਦੇ ਨਜ਼ਰ ਆ ਰਹੇ ਹਨ, "ਜਦੋਂ ਮੈਂ ਤੁਹਾਡੇ ਧਰਮ ਬਾਰੇ ਕੁਝ ਨਹੀਂ ਕਹਿ ਰਿਹਾ, ਤਾਂ ਤੁਸੀਂ ਮੇਰੇ ਧਰਮ ਬਾਰੇ ਕੁਝ ਕਿਵੇਂ ਕਹਿ ਸਕਦੇ ਹੋ?"
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਜਸਪ੍ਰੀਤ ਸਿੰਘ ਧਮਾਖਾਲੀ ਵਿੱਚ ਤੈਨਾਤ ਹਨ।
ਮਮਤਾ ਬੈਨਰਜੀ ਨੇ ਭਾਜਪਾ ਨੂੰ ਘੇਰਿਆ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਦੀ ਵੰਡ ਦੀ ਸਿਆਸਤ ਨੇ 'ਬੇਸ਼ਰਮੀ ਨਾਲ ਸੰਵਿਧਾਨਕ ਸੀਮਾਵਾਂ ਦੀ ਉਲੰਘਣਾ' ਕੀਤੀ ਹੈ।
ਉਨ੍ਹਾਂ ਨੇ ਆਪਣੇ ਇੱਕ ਟਵੀਟ ਵਿੱਚ ਇਸ ਨਾਲ ਜੁੜੀ ਵੀਡੀਓ ਵੀ ਸ਼ੇਅਰ ਕੀਤੀ ਹੈ।
ਮਮਤਾ ਨੇ ਕਿਹਾ, "ਭਾਜਪਾ ਦੇ ਮੁਤਾਬਕ ਪੱਗ ਬੰਨਣ ਵਾਲਾ ਹਰੇਕ ਵਿਅਕਤੀ ਹੈ, ਖ਼ਾਲਿਸਤਾਨੀ ਹੈ।"
“ਮੈਂ ਆਪਣੇ ਸਿੱਖ ਭਰਾਵਾਂ ਅਤੇ ਭੈਣਾਂ ਦੀ ਸਾਖ ਨੂੰ ਕਮਜ਼ੋਰ ਕਰਨ ਵਾਲੀ ਇਸ ਕੋਸ਼ਿਸ਼ ਦੀ ਨਿੰਦਾ ਕਰਦੀ ਹਾਂ। ਜੋ ਸਾਡੀ ਕੌਮ ਪ੍ਰਤੀ ਆਪਣੀਆਂ ਕੁਰਬਾਨੀਆਂ ਤੇ ਅਟੁੱਟ ਦ੍ਰਿੜਤਾ ਲਈ ਸਤਿਕਾਰੇ ਜਾਂਦੇ ਹਨ।”
“ਅਸੀਂ ਬੰਗਾਲ ਦੀ ਸਮਾਜਿਕ ਸਦਭਾਵਨਾ ਦੀ ਰੱਖਿਆ ਲਈ ਦ੍ਰਿੜ੍ਹ ਹਾਂ ਅਤੇ ਇਸ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸਖ਼ਤ ਕਾਨੂੰਨੀ ਉਪਾਅ ਕਰਾਂਗੇ।”
ਪੰਜਾਬ ਕਾਂਗਰਸ ਆਗੂ ਪ੍ਰਤਾਪ ਸਿੰਘ ਭਾਜਪਾ ਨੇ ਇਸ ਦੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਇਹ ਘਟਨਾ ਸ਼ਬਦਾਂ ਤੋਂ ਪਰੇ 'ਸ਼ਰਮਨਾਕ' ਹੈ।
ਉਨ੍ਹਾਂ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ, "ਪੱਛਮੀ ਬੰਗਾਲ ਵਿੱਚ ਭਾਜਪਾ ਵਰਕਰ ਇੱਕ ਸਿੱਖ ਆਈਪੀਐੱਸ ਅਧਿਕਾਰੀ ਨੂੰ ਖ਼ਾਲਿਸਤਾਨੀ ਕਹਿ ਰਹੇ ਹਨ ਕਿਉਂਕਿ ਉਹ ਆਪਣੀ ਡਿਊਟੀ ਕਰ ਰਿਹਾ ਹੈ। ਕੀ ਭਾਜਪਾ ਸਿੱਖਾਂ ਬਾਰੇ ਇਹੀ ਸੋਚਦੀ ਹੈ?"
"ਇਹ ਗੁੰਡਾਗਰਦੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਤੇ ਸਿੱਖਾਂ ਨੂੰ ਖ਼ਾਲਿਸਤਾਨੀਆਂ ਵਜੋਂ ਪੇਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"