ਏਪੀ ਢਿੱਲੋਂ ਦੇ ਘਰ 'ਤੇ ਹਮਲਾ ਕਰਨ ਦੇ ਇਲਜ਼ਾਮ ਵਿੱਚ ਇੱਕ ਗ੍ਰਿਫ਼ਤਾਰ, ‘ਫਰਾਰ ਮੁਲਜ਼ਮ’ ਬਾਰੇ ਪੁਲਿਸ ਨੇ ਕੀ ਦੱਸਿਆ

ਕੈਨੇਡਾ ਪੁਲਿਸ ਨੇ ਬ੍ਰਿਟਿਸ਼ ਕੋਲੰਬੀਆ ਦੇ ਕੌਲਵੁੱਡ ਇਲਾਕੇ ਵਿੱਚ ਇੱਕ ਘਰ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਇੱਕ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ,ਜਦਕਿ ਇੱਕ ਦੀ ਪੁਲਿਸ ਨੂੰ ਅਜੇ ਵੀ ਭਾਲ ਹੈ।

ਕੈਨੇਡਾ ਦੇ ਮੀਡੀਆ ਅਦਾਰੇ ਸੀਬੀਸੀ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਜਿਸ ਘਰ ਉੱਤੇ ਹਮਲਾ ਹੋਇਆ ਸੀ, ਉਹ ਪੰਜਾਬੀ ਗਾਇਕ ਏਪੀ ਢਿੱਲੋਂ ਦਾ ਘਰ ਸੀ।

ਇਸੇ ਸਾਲ 2 ਸਿਤੰਬਰ ਨੂੰ ਕੈਨੇਡਾ ਰਹਿੰਦੇ ਪੰਜਾਬੀ ਗਾਇਕ ਅਤੇ ਰੈਪਰ ਏਪੀ ਢਿੱਲੋਂ ਦੇ ਘਰ ਉੱਤੇ ਹਮਲੇ ਦੀਆਂ ਖ਼ਬਰਾਂ ਆਈਆਂ ਸਨ।

ਘਟਨਾ ਦੀ ਜਾਂਚ ਕਰ ਰਹੀ ਪੁਲਿਸ ਨੇ ਬੁੱਧਵਾਰ ਨੂੰ ਇੱਕ ਸ਼ਖਸ ਨੂੰ ਗੋਲੀਆਂ ਚਲਾਉਣ ਅਤੇ ਦੋ ਗੱਡੀਆਂ ਨੂੰ ਅੱਗ ਲਾਉਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਕੀ ਦੱਸਿਆ ਹੈ

ਬੁੱਧਵਾਰ ਨੂੰ 30 ਅਕਤੂਬਰ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਵਿਨੀਪੈਗ ਵਾਸੀ 25 ਸਾਲਾ ਅਬਜੀਤ ਕਿੰਗਰਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਅਬਜੀਤ ਕਿੰਗਰਾ ਨੂੰ ਓਂਟਾਰੀਓ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਅਗਲੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਵੈਸਟ ਸ਼ੋਰ ਰੌਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਬੁਲਾਰੇ ਨੈਨਸੀ ਸੱਗਰ ਦਾ ਕਹਿਣਾ ਹੈ ਕਿ ਜਾਂਚ ਵਿੱਚ ਲੋੜੀਂਦੇ ਇੱਕ ਹੋਰ ਵਿਅਕਤੀ ਵਿਕਰਮ ਸ਼ਰਮਾ ਖਿਲਾਫ਼ ਗ੍ਰਿਫ਼ਤਾਰੀ ਅਨਐਂਡੋਰਸਡ ਵਰੰਟ ਜਾਰੀ ਕੀਤੇ ਗਏ ਹਨ।

ਪੁਲਿਸ ਦਾ ਮੰਨਣਾ ਹੈ ਕਿ 23 ਸਾਲਾ ਵਿਕਰਮ ਸ਼ਰਮਾ ਇਸ ਸਮੇਂ ਭਾਰਤ ਵਿੱਚ ਰਹਿ ਰਿਹਾ ਹੈ।

ਵਿਕਰਮ ਸ਼ਰਮਾ ਖਿਲਾਫ਼ ਵਰੰਟ ਜਿਸ ਉੱਤੇ ਪੁਲਿਸ ਵੱਲੋਂ ਬਿਆਨ ਜਾਰੀ ਕੀਤੇ ਜਾਣ ਸਮੇਂ ਜੱਜ ਨੇ ਦਸਤਖ਼ਤ ਨਹੀਂ ਕੀਤੇ ਸਨ, ਮੁਤਾਬਕ ਗੋਲੀਬਾਰੀ ਅਤੇ ਅੱਗਜ਼ਨੀ ਦਾ ਇਰਾਦਾ ਰੱਖਣ ਦੇ ਇਲਜ਼ਾਮ ਹਨ।

ਬਿਆਨ ਜਾਰੀ ਕਰਨ ਸਮੇਂ ਪੁਲਿਸ ਕੋਲ ਵਿਕਰਮ ਸ਼ਰਮਾ ਦੀ ਕੋਈ ਤਸਵੀਰ ਨਹੀਂ ਸੀ।

ਪੁਲਿਸ ਵੱਲੋਂ ਜਾਰੀ ਵੇਰਵੇ ਮੁਤਾਬਕ ਵਿਕਰਮ ਸ਼ਰਮਾ ਇੱਕ ਦੱਖਣ ਏਸ਼ੀਆਈ ਮੂਲ ਦਾ ਪੁਰਸ਼ ਹੈ ਜਿਸ ਦਾ ਕੱਦ ਪੰਜ ਫੁੱਟ ਨੌਂ ਇੰਚ ਹੈ। ਉਸਦਾ ਭਾਰ ਲਗਭਗ 90 ਕਿੱਲੋ, ਕਾਲੇ ਵਾਲ ਅਤੇ ਭੂਰੀਆਂ ਅੱਖਾਂ ਹਨ।

ਘਟਨਾ ਬਾਰੇ ਪੁਲਿਸ ਕੀ ਦਿੱਤੀ ਜਾਣਕਾਰੀ

ਪੁਲਿਸ ਮੁਤਾਬਕ ਉਸ ਦਿਨ ਗੋਲੀਆਂ ਚੱਲਣ ਅਤੇ ਦੋ ਗੱਡੀਆਂ ਨੂੰ ਅੱਗ ਲੱਗਣ ਦੀ ਇਤਲਾਹ ਮਿਲੀ ਸੀ। ਦੋ ਵਾਹਨ ਸੜਕ ਉੱਤੇ ਸੜ੍ਹ ਰਹੇ ਸਨ।

ਪੁਲਿਸ ਨੂੰ ਪਤਾ ਲੱਗਿਆ ਸੀ ਕਿ ਘਰ ਅਤੇ ਗਰਾਜ ਉੱਤੇ ਅੰਦਰ ਵੱਲ ਨੂੰ 14 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ।

ਪੁਲਿਸ ਨੇ ਘਰ ਦੇ ਅੰਦਰ ਮੌਜੂਦ ਸ਼ਖ਼ਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ ਅਤੇ ਦਮਕਲ ਵਿਭਾਗ ਨੇ ਅੱਗ ਉੱਤੇ ਕਾਬੂ ਪਾ ਲਿਆ।

ਪੁਲਿਸ ਨੇ ਉਸ ਸਮੇਂ ਕਿਹਾ ਸੀ ਕਿ ਇਹ ਇੱਕ “ਨਿਸ਼ਾਨੇ ਮਿੱਥ ਕੇ ਕੀਤਾ ਗਿਆ ਹਮਲਾ” ਸੀ ਅਤੇ ਆਮ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਸੀ।

ਪੁਲਿਸ ਮੁਤਾਬਕ ਘਰ ਦੇ ਬਾਹਰ ਇੱਕ ਕਾਲੇ ਰੰਗ ਦਾ ਟਰੱਕ ਅਤੇ ਇੱਕ ਛੋਟੀ ਗੱਡੀ ਸੜ ਰਹੀ ਸੀ।

2 ਸਿਤੰਬਰ ਨੂੰ ਕੀ ਵਾਪਰਿਆ ਸੀ

ਸਿਤੰਬਰ ਵਿੱਚ ਵੈਨਕੂਵਰ ਵਿਚਲੇ ਇੱਕ ਘਰ ਉੱਤੇ ਗੋਲੀਬਾਰੀ ਦੀ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਪਲੈਟਫਾਰਮਜ਼ ਉੱਤੇ ਜਾਰੀ ਹੋਈ ਸੀ।

ਭਾਰਤੀ ਖ਼ਬਰ ਅਦਾਰਿਆਂ ਵੱਲੌਂ ਇਹ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਕਿ ਇਸ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗੋਦਾਰਾ ਵੱਲੋਂ ਲਈ ਗਈ ਸੀ।

ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਏ ਜਾਣ ਦੇ ਮਾਮਲੇ ਵਿੱਚ ਵੀ ਆ ਚੁੱਕਾ ਹੈ।

ਏਪੀ ਢਿੱਲੋਂ ਦੇ 9 ਅਗਸਤ ਨੂੰ ਆਏ ਗੀਤ 'ਓਲਡ ਮਨੀ' ਵਿੱਚ ਸਲਮਾਨ ਖ਼ਾਨ ਅਤੇ ਸੰਜੇ ਦੱਤ ਵੀ ਆਏ ਸਨ।

ਗੁਰਦਾਸਪੁਰ ਦਾ ਹੈਰੀ ਬਣਿਆ ਮਸ਼ਹੂਰ ਰੈਪਰ

ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੂਲਿਆਂਵਾਲ ਦੇ ਰਹਿਣ ਵਾਲੇ ਏਪੀ ਢਿੱਲੋਂ ਦਾ ਅਸਲ ਨਾਮ ਅੰਮ੍ਰਿਤਪਾਲ ਸਿੰਘ ਹੈ।

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਏਪੀ ਢਿੱਲੋਂ ਨੂੰ ਉਨ੍ਹਾਂ ਦਾ ਪਰਿਵਾਰ ਤੇ ਪਿੰਡ ਦੇ ਲੋਕ ਹੈਰੀ ਕਹਿ ਕੇ ਬੁਲਾਉਂਦੇ ਹਨ।

ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਣ ਵਾਲੇ ਅੰਮ੍ਰਿਤਪਾਲ ਸਿੰਘ ਉਰਫ਼ ਹੈਰੀ ਨੇ ਸਿਰਫ਼ ਚਾਰ ਸਾਲਾਂ ਵਿੱਚ ਹੀ ਅਜਿਹਾ ਮੁਕਾਮ ਹਾਸਲ ਕਰ ਲਿਆ ਕਿ ਅੱਜ ਦੁਨੀਆਂ ਭਰ ਵਿੱਚ ਉਨ੍ਹਾਂ ਦੇ ਚਰਚੇ ਹਨ।

10 ਜਨਵਰੀ 1993 ਨੂੰ ਜਨਮੇ ਏਪੀ ਢਿੱਲੋਂ ਨੂੰ ਦੁਨੀਆਂ ਅੱਜ ਇੱਕ ਮਸ਼ਹੂਰ ਪੌਪ ਗਾਇਕ, ਰੈਪਰ, ਸੰਗੀਤਕਾਰ, ਲੇਖਕ ਤੇ ਪ੍ਰੋਡਿਊਸਰ ਵਜੋਂ ਜਾਣਦੀ ਹੈ।

ਕੈਨੇਡਾ ਵਿੱਚ ਪੜ੍ਹਾਈ ਦੇ ਨਾਲ ਗਾਇਕੀ ਦੇ ਸ਼ੌਂਕ ਨੂੰ ਵੀ ਬਰਕਰਾਰ ਰੱਖਦਿਆਂ ਏਪੀ ਢਿੱਲੋਂ ਨੇ ‘ਫੇਕ’ ਗਾਣੇ ਦੇ ਨਾਲ ਸਾਲ 2019 ਵਿੱਚ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ ਸਿਰਫ਼ ਆਡੀਓ ਰਿਲੀਜ਼ ਕਰਕੇ ਕੀਤੀ।

ਹਾਲਾਂਕਿ ਉਸ ਵੇਲੇ ਇਸ ਗਾਣੇ ਨੂੰ ਬਹੁਤੀ ਪ੍ਰਸਿੱਧੀ ਨਹੀਂ ਮਿਲੀ ਸੀ ਪਰ ਏਪੀ ਢਿੱਲੋਂ ਦੇ ਮਸ਼ਹੂਰ ਹੋ ਜਾਣ ਤੋਂ ਬਾਅਦ ਉਨ੍ਹਾਂ ਦਾ ਇਹ ਗਾਣਾ ਵੀ ਕਾਫ਼ੀ ਸੁਣਿਆ ਗਿਆ।

ਉਨ੍ਹਾਂ ਦਾ ਦੂਜਾ ਗਾਣਾ ਫਰਾਰ ਵੀ ਕੋਈ ਖ਼ਾਸ ਕਮਾਲ ਨਾ ਦਿਖਾ ਸਕਿਆ। ਹਾਲਾਂਕਿ ਉਨ੍ਹਾਂ ਦੇ ਡੈਡਲੀ ਗਾਣੇ ਨੇ ਉਨ੍ਹਾਂ ਨੂੰ ਪ੍ਰਸਿੱਧੀ ਜ਼ਰੂਰ ਦੁਆਈ।

ਇਹ ਉਨ੍ਹਾਂ ਦਾ ਉਹ ਪਹਿਲਾਂ ਗਾਣਾ ਸੀ ਜਿਸ ਨੂੰ ਯੂਕੇ ਏਸ਼ੀਅਨ ਚਾਰਟ ਉੱਤੇ 11ਵਾਂ ਅਤੇ ਯੂਕੇ ਪੰਜਾਬੀ ਚਾਰਟ ਉੱਤੇ 5ਵਾਂ ਨੰਬਰ ਮਿਲਿਆ... ਇੱਕ ਨਵੇਂ ਮਿਊਜ਼ਿਕ ਬੈਂਡ ਲਈ ਯੂਕੇ ਚਾਰਟ ਉੱਪਰ ਆਉਣਾ ਵੱਡੀ ਗੱਲ ਸੀ।

ਫਿਰ 2020 ਵਿੱਚ ਰਿਲੀਜ਼ ਹੋਇਆ ‘ਬ੍ਰਾਊਨ ਮੁੰਡੇ’ ਗਾਣਾ, ਜਿਸ ਨੇ ਕੁਝ ਹੀ ਦਿਨਾਂ ਵਿੱਚ ਏਪੀ ਢਿੱਲੋਂ ਨੂੰ ਸਿਖ਼ਰਾਂ ’ਤੇ ਪਹੁੰਚਾ ਦਿੱਤਾ। ਇਹ ਗਾਣਾ ਹਰ ਪਾਸੇ ਚਰਚਾ ਵਿੱਚ ਸੀ। ਯੂਟਿਊਬ ਉੱਤੇ ਇਸ ਗਾਣੇ ਨੂੰ 600 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।

ਇਸ ਗਾਣੇ ਤੋਂ ਮਿਲੀ ਪ੍ਰਸਿੱਧੀ ਨੇ ਏਪੀ ਢਿੱਲੋਂ ਨੂੰ ਇੱਕ ਨਵਾਂ ਮੁਕਾਮ ਦਿੱਤਾ ਤੇ ਫਿਰ ਉਨ੍ਹਾਂ ਦਾ ਹਰ ਗਾਣਾ ਸੈਂਸੇਸ਼ਨ ਬਣਦਾ ਗਿਆ। ਭਾਵੇਂ ਉਹ ਐਕਸਕਿਊਜ਼ਿਸ ਹੋਵੇ, ਤੇਰੇ ’ਤੇ, ਮਝੇਲ, ਮਾਝੇ ਆਲੇ ਜਾਂ ਫਿਰ ਇਨਸੇਨ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)