1984 ਦੇ ਸਿੱਖ ਕਤਲੇਆਮ ਨੂੰ ਤਸਵੀਰਾਂ ਜ਼ਰੀਏ ਯਾਦ ਕਰਦਿਆਂ

31 ਅਕਤੂਬਰ 1984 ਦੀ ਸਵੇਰ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ।

ਉਹ ਰਾਜਧਾਨੀ ਦਿੱਲੀ ਵਿੱਚ ਆਪਣੀ ਸਰਕਾਰੀ ਰਿਹਾਇਸ਼ ਵਿੱਚੋਂ ਸਵੇਰੇ ਨਿਕਲ ਹੀ ਰਹੇ ਸਨ ਕਿ, ਉਨ੍ਹਾਂ ਦੇ ਦੋ ਅੰਗ ਰਾਖਿਆਂ ਨੇ ਉਨ੍ਹਾਂ ਵੱਲ ਗੋਲੀਆਂ ਚਲਾ ਦਿੱਤੀਆਂ।

ਅਜ਼ਾਦੀ ਘੁਲਾਟੀਏ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਧੀ ਇੰਦਰਾ ਦਾ ਦੇਸ ਦੇ ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦਾ ਚੌਥਾ ਕਾਰਜ ਕਾਲ ਸੀ।

ਕਤਲ ਤੋਂ ਇੱਕ ਦਿਨ ਪਹਿਲਾਂ ਹੀ ਉੜੀਸਾ ਦੇ ਇੱਕ ਸਿਆਸੀ ਜਲਸੇ ਵਿੱਚ ਉਨ੍ਹਾਂ ਨੇ ਕਿਹਾ ਸੀ, “ਮੈਨੂੰ ਕੋਈ ਫਿਕਰ ਨਹੀਂ ਜੇ ਦੇਸ ਸੇਵਾ ਵਿੱਚ ਮੇਰੀ ਜਾਨ ਵੀ ਚਲੀ ਜਾਵੇ। ਜੇ ਮੈਂ ਅੱਜ ਵੀ ਮਰ ਜਾਵਾਂ, ਮੇਰੇ ਖੂਨ ਦਾ ਹਰ ਕਤਰਾ ਦੇਸ ਨੂੰ ਇੱਕ ਨਵੀਂ ਊਰਜਾ ਦੇਵੇਗਾ।”

ਇੰਦਰਾ ਗਾਂਧੀ ਨੇ ਸੰਨ 1971 ਵਿੱਚ ਭਾਰਤ ਦੇ ਪੱਛਮ ਵਿੱਚ ਬੰਗਾਲਦੇਸ਼ ਨੂੰ ਪਾਕਿਸਤਾਨ ਤੋਂ ਅਜ਼ਾਦੀ ਹਾਸਲ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਸਾਲ 1975 ਦੇ ਜੂਨ ਮਹੀਨੇ ਤੋਂ ਅਗਲੇ ਸਾਲ ਮਾਰਚ ਦੇ 12 ਮਹੀਨਿਆਂ ਦੇ ਅਰਸੇ ਲਈ ਪੂਰੇ ਦੇਸ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਸੀ। ਇਸ ਅਰਸੇ ਨੂੰ ਮੀਡੀਆ ਦੀ ਵਿਆਪਕ ਸੈਂਸਰਸ਼ਿਪ, ਨਾਗਰਿਕ ਹੱਕਾਂ ਉੱਤੇ ਆਇਦ ਰੋਕਾਂ ਅਤੇ ਜਨ- ਨਸਬੰਦੀ ਅਭਿਆਨ ਲਈ ਜਾਣਿਆ ਜਾਂਦਾ ਹੈ।

ਇੰਦਰਾ ਐਮਰਜੈਂਸੀ ਤੋਂ ਬਾਅਦ ਹੋਈਆਂ ਆਮ ਚੋਣਾਂ, ਸਮੇਤ ਆਪਣੀ ਸੀਟ 'ਤੇ ਹਾਰ ਗਏ। ਕੁਝ ਹੀ ਮਹੀਨਿਆਂ ਵਿੱਚ ਉਨ੍ਹਾਂ ਨੇ ਫੈਸਲਾਕੁੰਨ ਬਹੁਮਤ ਨਾਲ ਸਰਕਾਰ ਵਿੱਚ ਵਾਪਸੀ ਕੀਤੀ।

1980ਵਿਆਂ ਦੌਰਾਨ, ਸਿੱਖ ਵੱਖਵਾਦੀਆਂ ਨੇ ਪੰਜਾਬ ਵਿੱਚ ਇੱਕ ਅਜ਼ਾਦ ਹੋਮਲੈਂਡ ਦੀ ਮੰਗ ਕਰਨੀ ਸ਼ੁਰੂ ਕੀਤੀ। ਸਾਲ 1984 ਵਿੱਚ ਇੰਦਰਾ ਨੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਸਮੂਹ ਵਿੱਚ ਮੋਰਚਾਬੰਦੀ ਕਰਕੇ ਬੈਠੇ ਵੱਖਵਾਦੀਆਂ ਖਿਲਾਫ਼ ਵੱਡੀ ਫੌਜੀ ਕਾਰਵਾਈ ਦੇ ਹੁਕਮ ਦਿੱਤੇ।

ਸਾਕਾ ਨੀਲਾ ਤਾਰਾ ਦੀ ਫੌਜੀ ਕਾਰਵਾਈ ਵਿੱਚ ਫੌਜੀਆਂ ਅਤੇ ਸ਼ਰਧਾਲੂਆਂ ਸਮੇਤ ਕਰੀਬ 400 ਜਣਿਆਂ ਦੀ ਜਾਨ ਗਈ। ਸਿੱਖ ਗਰੁੱਪ ਇਸ ਸਰਕਾਰੀ ਅੰਕੜੇ ਨਾਲ ਸਹਿਮਤ ਨਹੀਂ ਹਨ, ਉਨ੍ਹਾਂ ਮੁਤਾਬਕ ਗਿਣਤੀ ਹਜ਼ਾਰਾਂ ਵਿੱਚ ਸੀ।

ਕੁਝ ਹੀ ਮਹੀਨਿਆਂ ਬਾਅਦ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸਿੱਖ ਅੰਗ ਰਾਖਿਆਂ ਨੇ ਕਤਲ ਕਰ ਦਿੱਤਾ। ਉਸ ਤੋਂ ਮਗਰੋਂ ਕੁਝ ਦਿਨਾਂ ਦੇ ਅੰਦਰ ਹੀ ਦਿੱਲੀ ਵਿੱਚ ਸਿੱਖ ਵਿਰੋਧੀ ਕਤਲੇਆਮ ਵਿੱਚ 3000 ਤੋਂ ਜ਼ਿਆਦਾ ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ।

ਕਤਲੇਆਮ ਦੇ 40 ਸਾਲ ਬੀਤ ਜਾਣ ਦੇ ਬਾਅਦ ਵੀ ਇਨਸਾਫ਼ ਦੀ ਗੁਹਾਰ ਲਾ ਰਹੇ ਹਨ। ਕਈ ਮੁਲਜ਼ਮ ਬਰੀ ਹੋ ਚੁੱਕੇ ਹਨ ਅਤੇ ਕਈ ਮੁਕੱਦਮੇ ਅਜੇ ਵੀ ਅਦਾਲਤਾਂ ਵਿੱਚ ਸੁਣਵਾਈ ਅਧੀਨ ਹਨ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)