ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿੱਚ ਚੌਥਾ ਮੁਲਜ਼ਮ ਕੈਨੇਡਾ ਤੋਂ ਹੀ ਗ੍ਰਿਫ਼ਤਾਰ, ਭਾਰਤ ਦਾ ਨਾਗਰਿਕ ਹੈ ਅਮਨਦੀਪ ਸਿੰਘ

ਮਰਹੂਮ ਕੈਨੇਡੀਅਨ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ ਪੁਲਿਸ ਨੇ ਚੌਥੀ ਗ੍ਰਿਫ਼ਤਾਰੀ ਕੀਤੀ ਹੈ। ਜੋ ਕਿ ਇੱਕ ਭਾਰਤੀ ਨਾਗਰਿਕ ਹੈ।

ਹਰਦੀਪ ਸਿੰਘ (45) ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ 18 ਜੂਨ 2023 ਨੂੰ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲ਼ਾਕ ਕਰ ਦਿੱਤਾ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਕਤਲ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਗਏ ਸਨ। ਉਸ ਤੋਂ ਬਾਅਦ ਹੀ ਦੋਵਾਂ ਦੇਸਾਂ ਦੇ ਕੂਟਨੀਤਿਕ ਰਿਸ਼ਤਿਆ ਵਿੱਚ ਕਾਫ਼ੀ ਤਲਖ਼ੀ ਆ ਗਈ ਸੀ।

ਬੁੱਧਵਾਰ ਨੂੰ ਇੰਟਰਵਿਊ ਵਿੱਚ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਭਾਰਤ-ਕੈਨੇਡਾ ਸਬੰਧਾਂ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਜ਼ਿਕਰ ਕੀਤਾ ਹੈ।

ਭਾਰਤ ਨੇ ਇਸ ਕਤਲ ਵਿੱਚ ਕਿਸੇ ਵੀ ਤਰ੍ਹਾਂ ਦਾ ਹੱਥ ਹੋਣ ਦੇ ਇਲਜ਼ਮਾਂ ਨੂੰ ਹਮੇਸ਼ਾ ਪੁਰਜ਼ੋਰ ਤਰੀਕੇ ਨਾਲ ਰੱਦ ਕੀਤਾ ਹੈ।

ਨਿੱਝਰ ਦੇ ਕਰੀਬੀਆਂ ਮੁਤਾਬਕ ਉਨ੍ਹਾਂ ਨੂੰ ਕੈਨੇਡੀਅਨ ਸੂਹੀਆ ਏਜੰਸੀਆਂ ਨੇ ਨਿੱਝਰ ਨੂੰ ਮਾਰੇ ਜਾਣ ਤੋਂ ਪਹਿਲਾਂ ਸਾਵਧਾਨ ਕੀਤਾ ਸੀ।

3 ਮਈ ਨੂੰ ਗ੍ਰਿਫ਼ਤਾਰ ਕੀਤੇ ਗਏ ਤਿੰਨ ਸ਼ੱਕੀ ਹਨ- ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨ ਪ੍ਰੀਤ ਸਿੰਘ (28)।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਸ਼ੁੱਕਰਵਾਰ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਵਿਅਕਤੀ ਬਰੈਂਪਟਨ ਵਾਸੀ ਅਮਨਦੀਪ ਸਿੰਘ ਹੈ।

ਬ੍ਰਿਟਿਸ਼ ਕੋਲੰਬੀਆ ਦੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਮੁਲਜ਼ਮ ਪਹਿਲਾਂ ਹੀ ਓਂਟਾਰੀਓ ਦੀ ਪੀਲ ਰੀਜਨਲ ਪੁਲਿਸ ਦੀ ਹਿਰਾਸਤ ਵਿੱਚ ਸੀ। ਉਸ ਉੱਤੇ ਹਥਿਆਰਾਂ ਨਾਲ ਜੁੜੇ ਇਲਜ਼ਾਮ ਸਨ।

ਪੁਲਿਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਨਦੀਪ ਉੱਤੇ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਾਏ ਗਏ ਹਨ।

ਪੁਲਿਸ ਨੇ ਦੱਸਿਆ ਕਿ ਕੈਨੇਡਾ ਵਿੱਚ ਆਪਣਾ ਸਮਾਂ ਬਰੈਂਪਟਨ, ਓਂਟਾਰੀਓ, ਸਰੀ, ਬ੍ਰਿਟਿਸ਼ ਕੋਲੰਬੀਆ ਅਤੇ ਐਬਟਸਫੋਰਡ ਵਿੱਚ ਬਿਤਾਉਂਦਾ ਸੀ।

ਪੁਲਿਸ ਨੇ ਜਾਰੀ ਜਾਂਚ ਅਤੇ ਅਦਾਲਤੀ ਸੁਣਵਾਈ ਦਾ ਹਵਾਲਾ ਦਿੰਦਿਆਂ ਵਧੇਰੇ ਵੇਰਵੇ ਸਾਂਝੇ ਨਹੀਂ ਕੀਤੇ ਹਨ।

ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਕੌਣ ਸਨ

ਮਰਹੂਮ ਕੈਨੇਡੀਅਨ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ ਪੁਲਿਸ ਨੇ ਤਿੰਨ ਭਾਰਤੀ ਕੌਮੀਅਤ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਤਿੰਨ ਸ਼ੱਕੀ ਸਨ- ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨ ਪ੍ਰੀਤ ਸਿੰਘ (28)।

ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਨਿੱਝਰ ਦੇ ਪਿਛਲੇ 15 ਸਾਲ ਤੋਂ ਜਾਣਕਾਰ ਨੇ ਬੀਬੀਸੀ ਨੂੰ ਦੱਸਿਆ ਕਿ ਸਿੱਖ ਭਾਈਚਾਰਾ ਜਾਂਚ ਵਿੱਚ ਹੋਈ ਤਰੱਕੀ ਦੇਖ ਕੇ ਧੰਨਵਾਦੀ ਹੈ।

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਅਜੇ ਵੀ “ਜਨਤਕ ਸੁਰੱਖਿਆ ਬਾਰੇ ਖ਼ਦਸ਼ੇ ਅਤੇ ਬਹੁਤ ਜ਼ਿਆਦਾ ਤਣਾ” ਹੈ। ਭਾਈਚਾਰੇ ਵਿੱਚ “ਹਤਾਸ਼ਾ ਹੈ ਅਤੇ ਉਮੀਦ ਵੀ ਹੈ।”

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਹੈ ਕਿ ਕੈਨੇਡਾ ਵੱਲੋਂ ਭਾਰਤ ਸਰਕਾਰ ਨੂੰ ਇਨ੍ਹਾਂ ਤਿੰਨਾਂ ਭਾਰਤੀਆਂ ਦੀ ਗ੍ਰਿਫ਼ਤਾਰੀ ਬਾਰੇ ਅਧਿਕਾਰਤ ਤੌਰ ਉੱਤੇ ਜਾਣਕਾਰੀ ਦਿੱਤੀ ਗਈ ਹੈ।

ਗ੍ਰਿਫ਼ਤਾਰ ਸ਼ੱਕੀਆਂ ਬਾਰੇ ਕੀ ਦੱਸਿਆ ਗਿਆ

ਆਈਐੱਚਆਈਟੀ ਦੇ ਇੰਚਾਰਜ ਅਫ਼ਸਰ ਸੁਪਰਟੈਂਨਡੇਂਟ ਮਨਦੀਪ ਮੂਕਰ ਨੇ ਦੱਸਿਆ, "ਇਹ ਜਾਂਚ ਅਜੇ ਮੁੱਕੀ ਨਹੀ ਹੈ। ਅਸੀਂ ਜਾਣਦੇ ਹਾਂ ਕੀ ਇਸ ਕਤਲਕਾਂਡ ਵਿੱਚ ਕਈ ਹੌਰ ਲੋਕਾਂ ਨੇ ਵੀ ਭੂਮਿਕਾ ਨਿਭਾਈ ਹੋ ਸਕਦੀ ਹੈ। ਅਸੀਂ ਉਨ੍ਹਾਂ ਲੋਕਾਂ ਨੂੰ ਪਛਾਨਣ ਅਤੇ ਗਿਰਫ਼ਤਾਰ ਕਰਨ ਤੱਕ ਜਾਂਚ ਜਾਰੀ ਰਖਾਂਗੇ।"

ਹਾਲਾਂਕਿ ਪੁਲਿਸ ਵੱਲੋਂ ਕਤਲ ਦੇ ਇਰਾਦੇ ਬਾਰੇ ਕੁਝ ਨਹੀਂ ਕਿਹਾ ਗਿਆ।

ਪੁਲਿਸ ਮੁਾਤਬਕ ਇਹ ਵਿਅਕਤੀ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨ ਪ੍ਰੀਤ ਸਿੰਘ (28) ਹਨ।

ਉਨ੍ਹਾਂ ਨੇ ਕਿਹਾ ਕਿ ਇਹ ਤਿੰਨੇ, ਐਡਮਿੰਟਨ, ਐਲਬਰਟਾ ਵਿੱਚ ਰਹਿ ਰਹੇ ਸਨ, ਜਿੱਥੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਇਨ੍ਹਾਂ ਉੱਪਰ ਪਹਿਲੇ ਦਰਜੇ ਦੇ ਕਤਲ, ਅਤੇ ਕਤਲ ਕਰਨ ਦੀ ਸਾਜਿਸ਼ ਕਰਨ ਦੇ ਇਲਜ਼ਾਮ ਲਾਏ ਗਏ ਹਨ।

ਪੁਲਿਸ ਨੇ ਕਿਹਾ ਕਿ ਤਿੰਨੇ ਜਣੇ ਤਿੰਨ ਤੋਂ ਪੰਜ ਸਾਲ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ।

ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ, ਜਿਸ ਵਿੱਚ ਇਨ੍ਹਾਂ ਦੇ “ਭਾਰਤ ਸਰਕਾਰ ਨਾਲ ਸੰਬੰਧ” ਹੋਣ ਦਾ ਪਹਿਲੂ ਵੀ ਸ਼ਾਮਲ ਹੈ।

ਪੁਲਿਸ ਦੇ ਅਸਿਸਟੈਂਟ ਕਮਿਸ਼ਨਰ ਡੇਵਿਡ ਟੇਬੁਲ ਨੇ ਕਿਹਾ,“ਬਿਨਾਂ ਸ਼ੱਕ ਅੱਜ ਫੜੇ ਗਏ ਲੋਕਾਂ ਦੀ ਸ਼ਮੂਲੀਅਤ ਬਾਰੇ ਹੀ ਨਹੀਂ। (ਸਗੋਂ) ਇਨ੍ਹਾਂ ਪਹਿਲੂਆਂ ਬਾਰੇ ਵੱਖੋ-ਵੱਖ ਜਾਂਚਾਂ ਚੱਲ ਰਹੀਆਂ ਹਨ।”

ਉਨ੍ਹਾਂ ਨੇ ਕਿਹਾ ਜਾਂਚਕਰਤਾ ਭਾਰਤੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਸਨ ਪਰ ਸਹਿਯੋਗ ਕਈ ਸਾਲਾਂ ਤੋਂ ਬਹੁਤ “ਮੁਸ਼ਕਲ ਅਤੇ ਸਗੋਂ ਚੁਣੌਤੀਪੂਰਨ” ਰਿਹਾ ਹੈ।

ਪੁਲਿਸ ਨੇ ਕਿਹਾ ਕਿ ਕਤਲ ਵਿੱਚ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਹਨ ਅਤੇ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।

ਕਤਲ ਕਾਂਡ ਦੀ ਜਾਂਚ ਇੰਟੀਗਰੇਟਿਡ ਹੋਮੀਸਾਇਡ ਇਨਵੇਸਟੀਗੇਸ਼ਨ (ਆਈਐੱਟਆਈਟੀ) ਟੀਮ ਕਰ ਰਹੀ ਹੈ। ਜਦਕਿ ਸਰੀ ਆਰਸੀਐੱਮਪੀ, ਲੋਅਰ ਮੇਨਲੈਂਡ ਇੰਟੀਗਰੇਟਿਡ ਟੀਮਾਂ ਤੋਂ ਉਨਟੈਰਿਓ ਦੀਆਂ ਸਹਿਯੌਗੀ ਸੰਸਥਾਵਾਂ ਨੇ ਟੀਮ ਦਾ ਸਾਥ ਦਿੱਤਾ ਹੈ।

ਮਈ 3, 2024 ਦੀ ਸਵੇਰੇ, ਆਈਐੱਚਆਈਟੀ ਦੇ ਜਾਂਚ ਅਧਿਕਾਰੀਆਂ ਨੇ, ਬੀਸੀ ਆਰਸੀਐੱਮਪੀ, ਐਲਬਰਟਾ ਆਰਸੀਐੱਮਪੀ ਅਤੇ ਐਡਮਿੰਟਨ ਪੁਲਿਸ ਸਰਵਿਸ ਦੇ ਮੈਂਬਰਾਂ ਦੇ ਸਹਿਯੋਗ ਨਾਲ, ਇਨ੍ਹਾਂ ਤਿੰਨ ਵਿਆਕਤੀਆਂ ਨੂੰ ਹਿਰਾਸਤ ਚ ਲਿਆ ਹੈ।

ਜਾਂਚ ਨੂੰ ਹੋਰ ਅਗਾਂਹ ਵਧਾਉਣ ਦੀ ਉਮੀਦ ਨਾਲ, ਜਾਂਚ ਟੀਮ ਨੇ ਮੁਲਜ਼ਮਾਂ ਅਤੇ ਕਤਲ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਰਤੀ ਗਈ ਟੋਇਓਟਾ ਕਰੋਲਾ ਗੱਡੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।

ਪੁਲਿਸ ਨੂੰ ਸ਼ੱਕ ਹੈ ਕਿ ਇਹ ਗੱਡੀ ਮੁਲਜ਼ਮਾਂ ਨੇ ਸਰੀ ਜਾਂ ਆਸ ਪਾਸ ਦੇ ਇਲਾਕਿਆਂ ਵਿੱਚ ਵਰਤੀ ਹੋ ਸਕਦੀ ਹੈ। ਇਸ ਬਾਰੇ ਇਤਲਾਹ ਦੇਣ ਦੀ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ।

ਹਰਦੀਪ ਸਿੰਘ ਨਿੱਝਰ ਕੌਣ ਸਨ?

ਕਤਲ ਦੀ ਇਹ ਵਾਰਦਾਤ 18 ਜੂਨ ਦੀ ਰਾਤ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਵਿੱਚ ਵਾਪਰੀ ਸੀ। ਨਿੱਝਰ ਉਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ।

ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਸੀ। ਭਾਰਤ ਸਰਕਾਰ ਅਨੁਸਾਰ, ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਮਾਡਿਊਲ ਮੈਂਬਰਾਂ ਨੂੰ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।

ਪੰਜਾਬ ਸਰਕਾਰ ਅਨੁਸਾਰ, ਕੌਮੀ ਜਾਂਚ ਏਜੰਸੀ (NIA) ਤਰਫੋਂ ਨਿੱਝਰ ਦੀ ਕੁੱਲ 11 ਕਨਾਲ 13.5 ਮਰਲੇ ਜ਼ਮੀਨ ਜਲੰਧਰ ਦੇ ਫਿਲੌਰ ਸਬ-ਡਿਵੀਜ਼ਨ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਭਾਰਾ ਸਿੰਘ ਪੁਰਾ ਵਿੱਚ ਜ਼ਬਤ ਕੀਤੀ ਗਈ ਸੀ।

ਸਿੱਖਸ ਫਾਰ ਜਸਟਿਸ ਦੇ ਖਿਲਾਫ ਇੱਕ ਵੱਖਰੇ ਖਾਲਿਸਤਾਨ ਰਾਸ਼ਟਰ ਲਈ ਆਪਣੀ ਆਨਲਾਈਨ ਮੁਹਿੰਮ "ਸਿੱਖ ਰੈਫਰੈਂਡਮ 2020" ਲਈ ਇੱਕ ਕੇਸ ਦੇ ਸਬੰਧ ਵਿੱਚ 2020 ਵਿੱਚ ਪੰਜਾਬ ਵਿੱਚ ਨਿੱਝਰ ਦੀ ਜਾਇਦਾਦ ਕੁਰਕ ਕੀਤੀ ਗਈ ਸੀ।

ਨਿੱਝਰ 1997 ਵਿੱਚ ਕੈਨੇਡਾ ਗਏ ਸੀ। ਉਨ੍ਹਾਂ ਦੇ ਮਾਤਾ-ਪਿਤਾ ਕੋਵਿਡ-19 ਲੌਕਡਾਊਨ ਤੋਂ ਪਹਿਲਾਂ ਪਿੰਡ ਆਏ ਸਨ। ਨਿੱਝਰ ਵਿਆਹੇ ਸੀ ਤੇ ਉਨ੍ਹਾਂ ਦੇ ਦੋ ਪੁੱਤਰ ਹਨ। ਕੈਨੇਡਾ ਵਿੱਚ ਨਿੱਝਰ ਪਲੰਬਰ ਵਜੋਂ ਕੰਮ ਕਰਦੇ ਸੀ।

ਭਾਰਤੀ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਮੁਤਾਬਕ ਨਿੱਝਰ ’ਤੇ ਇਲਜ਼ਾਮ ਸਨ ਕਿ ਉਹ ਕਥਿਤ ਤੌਰ 'ਤੇ ਕੇਟੀਐੱਫ਼ (ਖਾਲਿਸਤਾਨ ਟਾਈਗਰ ਫੋਰਸ) ਦੇ ਮੁਖੀ ਜਗਤਾਰ ਸਿੰਘ ਤਾਰਾ ਨਾਲ ਮੁਲਾਕਾਤ ਕਰਨ ਲਈ 2013-14 ਵਿੱਚ ਪਾਕਿਸਤਾਨ ਗਏ ਸੀ।

ਤਾਰਾ ਨੂੰ 2015 ਵਿੱਚ ਥਾਈਲੈਂਡ ਵਿੱਚ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ ਸੀ।

ਏਜੰਸੀ ਮੁਤਾਬਕ ਨਿੱਝਰ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਵੀ ਜੁੜੇ ਹੋਏ ਸੀ। ਨਿੱਝਰ ਨੂੰ ਹਾਲ ਹੀ 'ਚ ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਲਈ ਹੋਈ ਵੋਟਿੰਗ ਦੌਰਾਨ ਦੇਖਿਆ ਗਿਆ ਸੀ।

ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾਅ ਦੇ ਪੜਾਅ

ਜੇ ਕਿਹਾ ਜਾਵੇ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਨਿੱਝਰ ਦੇ ਕਤਲ ਤੋਂ ਬਾਅਦ ਹੀ ਖ਼ਰਾਬ ਹੋਏ ਹਨ। ਇਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਖ਼ਰਾਬ ਹੋ ਰਹੇ ਹਨ

ਜ਼ਿਕਰਯੋਗ ਹੈ ਕਿ ਭਾਰਤ ਤੋਂ ਬਾਹਰ ਸਿੱਖ ਸਭ ਤੋਂ ਜ਼ਿਆਦਾ ਕੈਨੇਡਾ ਵਿੱਚ ਵਸਦੇ ਹਨ। ਪਰ ਉੱਥੇ ਸਰਗਰਮ ਸਿੱਖ ਵੱਖਵਾਦੀਆਂ ਕਾਰਨ ਦੋਵਾਂ ਦੇਸਾਂ ਦੇ ਆਗੂ ਆਪਸ ਵਿੱਚ ਖਹਿਬੜਦੇ ਰਹੇ ਹਨ।

ਹਾਲਾਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪੂਰਬ ਅਧਿਕਾਰੀ ਵਾਂਗ ਹੀ ਕਹਿੰਦੇ ਰਹੇ ਹਨ ਕਿ ਕੈਨੇਡਾ ਸੰਯੁਕਤ ਭਾਰਤ ਦਾ ਹਮਾਇਤੀ ਹੈ।

ਹਾਲਾਂਕ, ਦੋਵਾਂ ਵਿਚਕਾਰ ਸਬੰਧਾਂ 'ਚ ਪਹਿਲਾਂ ਵੀ ਕੁਝ ਤਣਾਅ ਆਏ ਸਨ, ਜਦੋਂ ਕੈਨੇਡਾ ਨੇ 1974 ਅਤੇ 1998 ਵਿੱਚ ਭਾਰਤੀ ਪ੍ਰਮਾਣੂ ਪ੍ਰੀਖਣਾਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ।

ਇਸ ਤੋਂ ਮਗਰੋਂ, 2005 ਵਿੱਚ ਏਅਰ ਇੰਡੀਆ ਬੰਬ ਧਮਾਕੇ ਦੇ ਮੁਲਜ਼ਮਾਂ ਦੋ ਕੈਨੇਡੀਅਨ ਸਿੱਖਾਂ ਨੂੰ ਬਰੀ ਕੀਤੇ ਜਾਣ ਤੋਂ ਬਾਅਦ ਭਾਰਤ ਨੇ ਨਿਰਾਸ਼ਾ ਜ਼ਾਹਰ ਕੀਤੀ ਸੀ।

ਫਰਵਰੀ 2018 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੇ ਪਰਿਵਾਰ ਸਮੇਤ ਭਾਰਤ ਦੀ ਇੱਕ ਹਫ਼ਤੇ ਦੀ ਸਰਕਾਰੀ ਫੇਰੀ ਉੱਤੇ ਆਏ।

ਫੇਰੀ ਦਾ ਮਕਸਦ ਤਾਂ ਦੋਵਾਂ ਦੇਸਾਂ ਦੇ ਰਿਸ਼ਤਿਆਂ ਵਿੱ ਗਰਮਜੋਸ਼ੀ ਲਿਆਉਣਾ ਸੀ ਪਰ ਇਹ ਦੋਵਾਂ ਦੇਸਾਂ ਦਰਮਿਆਨ ਕੂਟਨੀਤਿਕ ਨਮੋਸ਼ੀ ਦਾ ਕਰਨ ਬਣ ਗਈ।

ਦੋ ਸਮਾਗਮ ਜਿਨ੍ਹਾਂ ਵਿੱਚ ਜਸਟਿਨ ਟਰੂਡੋ ਖੁਦ ਵੀ ਸ਼ਾਮਲ ਸਨ ਕੈਨੇਡਾ ਵਾਸੀ ਜਸਪਾਲ ਸਿੰਘ ਅਟਵਾਲ ਨੂੰ ਦੇਖਿਆ ਗਿਆ ਜੋ ਕਿ ਇੱਕ ਭਾਰਤੀ ਸਿਆਸਤਦਾਨ ਦੇ ਕਤਲ ਦੇ ਕੇਸ ਵਿੱਚ ਭਾਰਤ ਵਿੱਚ ਸਜ਼ਾ ਯਾਫ਼ਤਾ ਹੈ।

ਇਸ ਤੋਂ ਇਲਾਵਾ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਦਾ ਫੇਰੀ ਦੌਰਾਨ ਭਾਰਤੀ ਪਹਿਰਾਵਾ ਪਾਉਣ ਤੋਂ ਵੀ ਮਜ਼ਾਕ ਬਣਾਇਆ ਗਿਆ।

ਜੂਨ 2023 ਵਿੱਚ ਕੈਨੇਡਾ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਭਾਰਤ ਕੈਨੇਡਾ ਵਿੱਚ ਵਿਦੇਸ਼ੀ ਦਖ਼ਲ ਦਾ ਸਭ ਤੋਂ ਵੱਡਾ ਸਰੋਤ ਹੈ।

ਉਸ ਤੋਂ ਪਹਿਲਾਂ ਉਸੇ ਮਹੀਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਇੱਕ ਪਰੇਡ ਦੌਰਾਨ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਪ੍ਰਦਰਸ਼ਿਤ ਕੀਤੇ ਜਾਣ ਦੀ ਆਗਿਆ ਦਿੱਤੇ ਜਾ ਤੋਂ ਕੈਨੇਡਾ ਦੀ ਆਲੋਚਨਾ ਕੀਤੀ ਸੀ।

ਦੋ ਹਫ਼ਤਿਆਂ ਬਾਅਦ ਹੀ ਹਰਦੀਪ ਸਿੰਘ ਨਿੱਝਰ ਦਾ ਸਰੀ ਦੇ ਗੁਰਦੁਆਰੇ ਦੀ ਪਾਰਕਿੰਗ ਵਿੱਚ ਕਤਲ ਕਰ ਦਿੱਤਾ ਗਿਆ।

ਸੰਤਬਰ 2023 ਵਿੱਚ ਕੈਨੇਡਾ ਦੀ ਟਰੇਡ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਨਿੱਝਰ ਕਤਲ ਕੇਸ ਵਿੱਚ ਕੈਨੇਡਾ ਨਾਲ ਸਹਿਯੋਗ ਨਹੀਂ ਕਰਦਾ ਅਸੀਂ ਉਸ ਨਾਲ ਕਾਰੋਬਾਰੀ ਗੱਲਬਾਤ ਅੱਗੇ ਨਹੀਂ ਵਧਾਵਾਂਗੇ।

ਉਸੇ ਮਹੀਨੇ ਵਿੱਚ ਟਰੂਡੋ ਭਾਰਤ ਵਿੱਟ ਜੀ20 ਸੰਮੇਲਨ ਵਿੱਚ ਸ਼ਾਮਲ ਹੋਏ ਅਤੇ ਵਾਪਸ ਜਾਣ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਕੈਨੇਡਾ ਦੀ ਸੰਸਦ ਵਿੱਚ 18 ਸਤੰਬਰ ਨੂੰ ਬਿਆਨ ਦਿੱਤਾ ਕਿ ਨਿੱਝਰ ਦੇ ਕਤਲ ਪਿੱਛੇ “ਭਾਰਤ ਸਰਕਾਰ ਦਾ ਸੰਭਾਵੀ ਸੰਬੰਧ ਹੋਣ ਦੇ ਭਰੋਸੇਯੋਗ ਇਲਜ਼ਮਾਂ ਦੀ ਜਾਂਚ ਕੀਤੀ” ਜਾ ਰਹੀ ਹੈ।

ਹਾਲਾਂਕਿ ਮੋਦੀ ਸਰਕਾਰ ਨੇ ਕੈਨੇਡਾ ਅਤੇ ਅਮਰੀਕਾ ਵਿੱਚ ਗੈਰ-ਨਿਆਂਇਕ ਹੱਤਿਆਵਾਂ ਵਿੱਚ ਆਪਣੀ ਸ਼ਮੂਲੀਅਤ ਦੇ ਇਲਜ਼ਮਾਂ ਤੋਂ ਇਨਕਾਰ ਕੀਤਾ ਹੈ।

ਅਕਤੂਬਰ 2023 ਵਿੱਚ ਭਾਰਤ ਨੇ 40 ਕੈਨੇਡੀਅਨ ਕੂਟਨੀਤਿਕਾਂ ਦੀ ਡਿਪਲੋਮੈਟਿਕ ਇਮਿਊਨਿਟੀ ਰੱਦ ਕਰ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੀ ਸੁਰੱਖਿਆ ਖ਼ਤਮ ਕਰਕੇ ਵਾਪਸ ਬੁਲਾਉਣ ਲਈ ਕਿਹਾ।

20 ਅਕਤੂਬਰ ਨੂੰ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਯਾਤਰਾ ਦੌਰਾਨ ਸਾਵਧਾਨ ਰਹਿਣ ਦੀ ਸਲਾਹਕਾਰੀ ਜਾਰੀ ਕੀਤੀ।

ਇਸੇ ਘਟਨਾਕ੍ਰਮ ਵਿੱਚ ਭਾਰਤੀ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਕਿਹਾ, "ਜੇ ਸਥਿਤੀ ਬਿਹਤਰ ਹੋ ਜਾਂਦੀ ਹੈ ਤਾਂ ਅਸੀਂ ਕੈਨੇਡਾ ਨਾਲ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨੀਆਂ ਚਾਹਾਂਗੇ।"

ਇਸ ਕਾਰਨ ਕੈਨੇਡੀਅਨ ਸਫਾਰਤਖਾਨੇ ਦੇ ਕਰੀਬ ਦੋ ਤਿਹਾਈ ਅਮਲੇ ਨੂੰ ਭਾਰਤ ਛੱਡ ਕੇ ਵਾਪਸ ਜਾਣਾ ਪਿਆ।

ਜਨਵਰੀ 2024 ਵਿੱਚ ਕੈਨੇਡਾ ਦੀਆਂ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੀ ਜਾਂਚ ਕਰ ਰਹੇ ਅਜ਼ਾਦ ਕਮਿਸ਼ਨ ਨੇ ਇਸ ਸੰਬੰਧ ਵਿੱਚ ਓਟਾਵਾ ਪ੍ਰੋਵਿੰਸ ਤੋਂ ਜਾਣਕਾਰੀ ਦੀ ਮੰਗ ਕੀਤੀ।

ਭਾਰਤ ਨੇ ਕਿਹਾ ਕਿ ਕੈਨੇਡਾ ਸਿੱਖ ਵੱਖਵਾਦੀਆਂ ਨੂੰ ਜੋ ਖੁੱਲ਼੍ਹ ਦੇ ਰਿਹਾ ਹੈ ਉਹ ਭਾਰਤ ਲਈ ਹੀ ਨਹੀਂ ਸਗੋਂ ਕੈਨੇਡਾ ਦੇ ਮਾਹੌਲ ਲਈ ਵੀ ਸਹੀ ਨਹੀਂ ਹੈ।

ਮਈ 2024 ਦੇ ਪਹਿਲੇ ਹਫ਼ਤੇ ਦੌਰਾਨ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਨਿੱਝਰ ਦੇ ਕਤਲ ਅਤੇ ਭਾਰਤ ਨਾਲ ਰਿਸ਼ਤਿਆਂ ਦਾ ਜ਼ਿਕਰ ਕੀਤਾ ਅਤੇ ਭਾਰਤ ਨੇ ਇਸ ਬਾਰੇ ਇਤਰਾਜ਼ ਜਤਾਇਆ।

ਤਾਜ਼ਾ ਘਟਨਾਕ੍ਰਮ ਵਿੱਚ ਕੈਨੇਡਾ ਪੁਲਿਸ ਨੇ ਨਿੱਝਰ ਦੇ ਕਤਲ ਦੇ ਸੰਬੰਧ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)