ਮੈਂ ਸੁਤੰਤਰ ਸਿੱਖ ਰਾਜ ਦੀ ਹਮਾਇਤ ਨਹੀਂ ਕਰਦਾ-ਜਸਪਾਲ ਅਟਵਾਲ

ਇੱਕ ਕਥਿਤ ਸਿੱਖ ਵੱਖਵਾਦੀ ਜਿਸ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸ਼ਾਨ ਵਿੱਚ ਦਿੱਤੇ ਭੋਜ ਲਈ ਭੇਜੇ ਸੱਦੇ 'ਤੇ ਵਿਵਾਦ ਹੋ ਗਿਆ ਸੀ, ਹੁਣ ਉਨ੍ਹਾਂ ਨੇ ਇਸ 'ਤੇ ਮਾਫੀ ਮੰਗੀ ਹੈ।

ਭਾਰਤ ਫੇਰੀ ਦੌਰਾਨ ਜਸਟਿਨ ਟਰੂਡੋ ਨੂੰ ਜਸਪਾਲ ਸਿੰਘ ਅਟਵਾਲ ਨੂੰ ਰਿਸੈਪਸ਼ਨ 'ਤੇ ਸੱਦਾ ਦਿੱਤੇ ਜਾਣ ਕਰਕੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਵਿਵਾਦ ਮਗਰੋਂ ਇਹ ਸੱਦਾ ਵਾਪਸ ਲੈ ਲਿਆ ਗਿਆ ਸੀ।

ਅਟਵਾਲ ਕੈਨੇਡਾ ਵਿੱਚ ਭਾਰਤੀ ਮੂਲ ਦੇ ਨਾਗਰਿਕ ਹਨ। ਉਨ੍ਹਾਂ ਉੱਪਰ 1986 ਵਿੱਚ ਇੱਕ ਭਾਰਤੀ ਕੈਬਨਿਟ ਮੰਤਰੀ ਦੇ ਕਤਲ ਦੀ ਕੋਸ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲੱਗਿਆ ਸੀ।

ਉਨ੍ਹਾਂ ਉੱਪਰ ਤਤਕਾਲੀ ਸਿੱਖ ਕੱਟੜਪੰਥੀ ਗਰੁੱਪ ਨਾਲ ਜੁੜੇ ਹੋਣ ਦੇ ਵੀ ਇਲਜ਼ਾਮ ਹਨ।

ਖ਼ਬਰ ਏਜੰਸੀ ਏਐਫਪੀ ਮੁਤਾਬਕ 62 ਸਾਲਾ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ, "ਮੈਂ ਕੈਨੇਡਾ, ਭਾਰਤ, ਮੇਰੇ ਭਾਈਚਾਰੇ ਅਤੇ ਮੇਰੇ ਪਰਿਵਾਰ ਨੂੰ ਹੋਈ ਸ਼ਰਮਿੰਦਗੀ ਲਈ ਮਾਫ਼ੀ ਮੰਗਦਾ ਹਾਂ।"

"ਮੇਰਾ ਕਿਸੇ ਵੀ ਕਿਸਮ ਦੀ ਦਹਿਸ਼ਤਗਰਦੀ ਨਾਲ ਕੋਈ ਸੰਬੰਧ ਨਹੀਂ ਹੈ। ਮੈਂ ਕਿਸੇ ਸਿੱਖ ਦੇਸ ਦੀ ਹਮਾਇਤ ਨਹੀਂ ਕਰਦਾ। ਮੈਂ, ਉਨ੍ਹਾਂ ਸਾਰਿਆਂ ਸਿੱਖਾਂ ਵਾਂਗ ਜਿਨ੍ਹਾਂ ਕਦੇ ਇਸ ਗੱਲ ਦੀ ਹਮਾਇਤ ਕੀਤੀ ਸੀ, ਹੁਣ ਇਸ ਤੋਂ ਅੱਗੇ ਵਧ ਗਿਆ ਹਾਂ ਤੇ ਭਾਰਤ ਨਾਲ ਦੋਸਤਾਨਾ ਸੰਬੰਧ ਦਾ ਹਮਾਇਤੀ ਹਾਂ।"

ਅਟਵਾਲ ਦੇ ਸੱਦੇ ਕਰਕੇ ਭਾਰਤ ਦੌਰੇ 'ਤੇ ਗਏ ਵਫ਼ਦ ਨੂੰ ਸ਼ਰਮਿੰਦਗੀ ਉਠਾਉਣੀ ਪਈ ਸੀ।

ਉਨ੍ਹਾਂ ਨੂੰ ਸਪਸ਼ਟ ਕਰਨਾ ਪਿਆ ਸੀ ਕੈਨੇਡਾ ਸਰਕਾਰ ਸਿੱਖ ਅਜ਼ਾਦੀ ਦੀ 'ਖਾਲਿਸਤਾਨ ਲਹਿਰ' ਪ੍ਰਤੀ ਨਰਮ ਰੁੱਖ ਨਹੀਂ ਅਪਣਾ ਰਹੀ ਸੀ।

ਟਰੂਡੋ ਦੀ ਭਾਰਤ ਫੇਰੀ ਦੌਰਾਨ ਕੈਨੇਡੀਅਨ ਸਫ਼ਾਰਤਖਾਨੇ ਵੱਲੋਂ ਭੇਜਿਆ ਸੱਦਾ ਰੱਦ ਕਰ ਦਿੱਤਾ ਗਿਆ ਸੀ।

ਟਰੂਡੋ ਨੇ ਕਿਹਾ ਸੀ ਕਿ ਅਟਵਾਲ ਨੂੰ ਸੱਦਾ ਇੱਕ ਸੰਸਦ ਮੈਂਬਰ ਨੇ ਭੇਜਿਆ ਸੀ।

ਜਸਪਾਲ ਸਿੰਘ ਅਟਵਾਲ ਨੂੰ ਭਾਰਤੀ ਕੈਬਨਟ ਮੰਤਰੀ ਮਲਕੀਤ ਸਿੰਘ ਸਿੱਧੂ 'ਤੇ ਉਨ੍ਹਾਂ ਦੀ ਨਿੱਜੀ ਕੈਨੇਡਾ ਫੇਰੀ ਦੌਰਾਨ ਵੈਨਕੂਵਰ ਵਿੱਚ ਗੋਲੀ ਮਾਰਨ ਲਈ ਤਿੰਨ ਹੋਰ ਵਿਅਕਤੀਆਂ ਸਮੇਤ ਮੁਜਰਮ ਪਾਇਆ ਗਿਆ ਸੀ।

ਉਨ੍ਹਾਂ ਨੂੰ 1992 ਵਿੱਚ ਜਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਸੀ।

ਉਸ ਸਮੇਂ ਤੋਂ ਹੀ ਉਹ ਕਹਿੰਦੇ ਰਹੇ ਹਨ ਕਿ ਉਹ ਕੈਨੇਡਾ ਵਿੱਚ ਭਾਰਤੀ-ਕੈਨੇਡੀਅਨ ਭਾਈਚਾਰੇ ਦੇ ਨੁਮਾਂਇੰਦੇ ਵਜੋਂ ਸਿਆਸਤ ਕਰਦੇ ਹਨ।

ਜਸਪਾਲ ਅਟਵਾਲ ਨੇ ਅੱਗੇ ਕਿਹਾ, "ਮੈਂ ਭਾਰਤ ਸਰਕਾਰ ਦੀ ਪੂਰੀ ਸਹਿਮਤੀ ਨਾਲ" ਕਈ ਵਾਰ ਭਾਰਤ ਗਿਆ ਹਨ। ਜਿਸ ਵਿੱਚ ਪਿਛਲੇ ਸਾਲ ਦੌਰਾਨ ਕੀਤੀਆਂ ਤਿੰਨ ਫੇਰੀਆਂ ਵੀ ਸ਼ਾਮਲ ਹਨ।"

ਅਟਵਾਲ ਨੇ ਕਿਹਾ ਕਿ ਆਪਣੀ ਤਾਜ਼ਾ ਫੇਰੀ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸਥਾਨਕ ਐਮਪੀ ਨੂੰ ਪਹੁੰਚ ਕੀਤੀ ਸੀ ਕਿ ਕੀ ਉਹ ਟਰੂਡੋ ਨਾਲ ਭਾਰਤ ਵਿੱਚ ਕਿਸੇ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹਨ।

ਮੈਨੂੰ ਲੱਗਿਆ ਕਿ ਕੋਈ ਸਮੱਸਿਆ ਨਹੀਂ ਹੋਵੇਗੀ। ਕਿਸੇ ਨੇ ਕਦੇ ਵੀ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਲਿਆਂਦਾ ਕਿ ਕੋਈ ਸਮੱਸਿਆ ਹੋ ਸਕਦੀ ਹੈ।

ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਵਸੋਂ ਹੈ ਅਤੇ ਟਰੂਡੋ ਦੀ ਕੈਬਨਟ ਵਿੱਚ ਵੀ ਸਿੱਖ-ਕੈਨੇਡੀਅਨ ਮੰਤਰੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)