ਪੰਜਾਬ ਦੀ ਅੰਮ੍ਰਿਤਧਾਰੀ ਕੁੜੀ ਨੂੰ ਰਾਜਸਥਾਨ ਵਿੱਚ ਜੂਡੀਸ਼ੀਅਲ ਸਰਵਿਸਿਜ਼ ਦੀ ਭਰਤੀ ਪ੍ਰੀਖਿਆ ਦੇਣ ਤੋਂ 'ਰੋਕਣ' ਦਾ ਕੀ ਹੈ ਮਾਮਲਾ

ਤਸਵੀਰ ਸਰੋਤ, UGC
ਤਰਨਤਾਰਨ ਦੇ ਪਿੰਡ ਫੇਲੋਕੇ ਦੀ ਰਹਿਣ ਵਾਲੀ ਇੱਕ ਅੰਮ੍ਰਿਤਧਾਰੀ ਕੁੜੀ ਗੁਰਪ੍ਰੀਤ ਕੌਰ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੂੰ ਰਾਜਸਥਾਨ ਜੂਡੀਸ਼ੀਅਲ ਸਰਵਿਸਿਜ਼ (RJS) ਦੀ ਭਰਤੀ ਪ੍ਰੀਖਿਆ ਵਿੱਚ ਬੈਠਣ ਨਹੀਂ ਦਿੱਤਾ ਗਿਆ।
ਇਸ ਸਬੰਧੀ ਕੁੜੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇਹ ਦਾਅਵਾ ਕਰ ਰਹੀ ਹੈ ਕਿ ਉਸ ਨੂੰ ਕੜਾ ਅਤੇ ਕਿਰਪਾਨ ਪਾ ਕੇ ਇਮਤਿਹਾਨ ਵਿੱਚ ਬੈਠਣ ਤੋਂ ਰੋਕਿਆ ਗਿਆ।
ਪ੍ਰੀਖਿਆ ਸੈਂਟਰ ਦੇ ਬਾਹਰ ਬਣੀ ਵੀਡੀਓ ਵਿੱਚ ਕੁੜੀ ਬੋਲਦੀ ਦਿਖਾਈ ਦੇ ਰਹੀ ਹੈ, ਹਾਲਾਂਕਿ ਉਸਦਾ ਚਿਹਰਾ ਨਜ਼ਰ ਨਹੀਂ ਆ ਰਿਹਾ।
ਉਸਦਾ ਕਹਿਣਾ ਹੈ, ''ਆਰਟੀਕਲ 25 ਵਿੱਚ ਲਿਖਿਆ ਹੈ ਕਿ ਮੈਂ ਕਿਰਪਾਨ ਲਿਜਾ ਸਕਦੀ ਹਾਂ ਪਰ ਇਸ ਇਮਤਿਹਾਨ ਲਈ ਮੈਨੂੰ ਕਿਹਾ ਜਾ ਰਿਹਾ ਹੈ ਕਿ ਹਾਈਕੋਰਟ ਦੇ ਖ਼ਾਸ ਆਦੇਸ਼ ਹਨ ਕਿ ਕਿਰਪਾਨ ਜਾਂ ਕੜਾ ਕੁਝ ਵੀ ਲਿਜਾਇਆ ਨਹੀਂ ਜਾ ਸਕਦਾ।''
ਵੀਡੀਓ ਵਿੱਚ ਕੁੜੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ, ''10 ਵਜੇ ਪੇਪਰ ਸ਼ੁਰੂ ਹੋਣਾ ਸੀ, ਸਵਾ 9 ਵਜੇ ਐਂਟਰੀ ਸ਼ੁਰੂ ਹੋਣੀ ਸੀ ਅਤੇ ਮੈਂ ਸਭ ਤੋਂ ਪਹਿਲਾ ਆ ਕੇ ਲਾਈਨ ਵਿੱਚ ਖੜ੍ਹੀ ਸੀ। ਮੈਂ ਸਭ ਤੋਂ ਪਹਿਲਾਂ ਅੰਦਰ ਗਈ ਅਤੇ ਮੈਨੂੰ ਸਭ ਤੋਂ ਪਹਿਲਾਂ ਬਾਹਰ ਕੀਤਾ ਗਿਆ ਹੈ।''
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਧਾਰਮਿਕ ਅਤੇ ਸਿਆਸੀ ਹਲਕਿਆਂ ਵੱਲੋਂ ਵੀ ਪ੍ਰਤੀਕਰਮ ਆਏ ਹਨ।
ਅਕਾਲ ਤਖ਼ਤ ਸਾਹਿਬ ਨੇ ਲਿਆ ਨੋਟਿਸ

ਤਸਵੀਰ ਸਰੋਤ, Getty Images
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਦਾ ਨੋਟਿਸ ਲਿਆ ਹੈ।
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਿਆਨ ਜਾਰੀ ਕਰਦਿਆਂ ਇਸ ਨੂੰ ਭਾਰਤੀ ਸੰਵਿਧਾਨ ਦੀ ਵੱਡੀ ਉਲੰਘਣਾ ਅਤੇ ਸਿੱਖਾਂ ਵਿਰੁੱਧ ਨਫ਼ਰਤੀ ਵਿਤਕਰਾ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੁਨੀਆ ਅੰਦਰ ਕਿਸ ਨੂੰ ਨਹੀਂ ਪਤਾ ਕਿ ਅੰਮ੍ਰਿਤਧਾਰੀ ਸਿੱਖ ਕਕਾਰ ਵਜੋਂ ਕਿਰਪਾਨ ਪਾਉਂਦੇ ਹਨ, ਪਰ ਦੇਸ਼ ਅੰਦਰ ਵਾਰ-ਵਾਰ ਸਿੱਖਾਂ ਨੂੰ ਉਨ੍ਹਾਂ ਦੀ ਵੱਖਰੀ ਪਛਾਣ ਅਤੇ ਧਾਰਮਿਕ ਅਕੀਦਿਆਂ ਕਾਰਨ ਜਾਣਬੁਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਜਥੇਦਾਰ ਗੜਗੱਜ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਕਿ ਤਾਜ਼ਾ ਮਾਮਲੇ ਅਤੇ ਪਿਛਲੇ ਮਾਮਲਿਆਂ ਨੂੰ ਲੈ ਕੇ ਤੁਰੰਤ ਹੀ ਇੱਕ ਉੱਚ ਪੱਧਰੀ ਸਾਂਝਾ ਵਫ਼ਦ ਤਿਆਰ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰਾਜਸਥਾਨ ਦੇ ਮੁੱਖ ਮੰਤਰੀ ਅਤੇ ਰਾਜਸਥਾਨ ਹਾਈ ਕੋਰਟ ਦੇ ਰਜਿਸਟਰਾਰ ਨਾਲ ਮੁਲਾਕਾਤ ਕਰੇ।
ਇਸ ਦੇ ਨਾਲ ਹੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰੀ ਵੱਲੋਂ ਇਸ ਸਬੰਧੀ ਵੇਰਵੇ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਨਾਲ ਵੀ ਸਾਂਝੇ ਕੀਤੇ ਗਏ ਹਨ।
ਸਿਆਸੀ ਸਿੱਖ ਆਗੂਆਂ ਵੱਲੋਂ ਨਿੰਦਾ

ਤਸਵੀਰ ਸਰੋਤ, Getty Images
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੁੱਪਰ ਇਸ ਮਾਮਲੇ ਨੂੰ ਚਿੰਤਾਜਨਕ ਅਤੇ ਨਿੰਦਣਯੋਗ ਦੱਸਿਆ ਹੈ।
ਉਨ੍ਹਾਂ ਲਿਖਿਆ, ''ਤਰਨਤਾਰਨ ਸਾਹਿਬ ਜ਼ਿਲ੍ਹੇ ਦੀ ਇੱਕ ਅੰਮ੍ਰਿਤਧਾਰੀ ਸਿੱਖ ਬੱਚੀ, ਗੁਰਪ੍ਰੀਤ ਕੌਰ ਨੂੰ ਪੂਰਨਿਮਾ ਯੂਨੀਵਰਸਿਟੀ, ਜੈਪੁਰ ਵਿਖੇ ਹੋ ਰਹੀ ਰਾਜਸਥਾਨ ਜੂਡੀਸ਼ੀਅਲ ਸਰਵਿਸਿਜ਼ (RJS) ਦੀ ਪ੍ਰੀਖਿਆ ਵਿੱਚ ਸਿਰਫ਼ ਆਪਣੇ ਧਰਮਿਕ ਚਿੰਨ੍ਹ 'ਕੜਾ' ਅਤੇ 'ਕਿਰਪਾਨ' ਧਾਰਨ ਕੀਤੇ ਹੋਣ ਕਰਕੇ ਪ੍ਰੀਖਿਆ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ। ''
ਉਨ੍ਹਾਂ ਅੱਗੇ ਲਿਖਿਆ, ''ਮੈਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਜੀ ਨੂੰ ਅਪੀਲ ਕਰਦਾ ਹਾਂ ਕਿ ਤੁਰੰਤ ਇਸ ਮਾਮਲੇ 'ਚ ਦਖ਼ਲ ਦੇ ਕੇ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨੂੰ ਇਹੋ ਜਿਹੀ ਤਕਲੀਫ਼ ਨਾ ਝੱਲਣੀ ਪਵੇ।''
ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਂਕਸ ਉੱਤੇ ਲਿਖਿਆ, ''ਸਾਡਾ ਸੰਵਿਧਾਨ ਸਾਨੂੰ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਦੀ ਸਪੱਸ਼ਟ ਤੌਰ 'ਤੇ ਆਗਿਆ ਦਿੰਦਾ ਹੈ। ਹਰ ਕੋਈ ਅੰਮ੍ਰਿਤਧਾਰੀ ਸਿੱਖ ਲਈ 'ਕੜੇ' ਅਤੇ 'ਕਿਰਪਾਨ' ਦੀ ਮਹੱਤਤਾ ਨੂੰ ਸਮਝਦਾ ਹੈ। ਫਿਰ ਵੀ, ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।''

ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕੀ ਕਿਹਾ
ਰਾਜਸਥਾਨ ਵਿੱਚ ਬੀਬੀਸੀ ਹਿੰਦੀ ਦੇ ਸਹਿਯੋਗੀ ਪੱਤਰਕਾਰ ਮੋਹਰ ਸਿੰਘ ਮੀਣਾ ਨੇ ਇਸ ਮਸਲੇ ਉੱਤੇ ਪੂਰਨਿਮਾ ਯੂਨੀਵਰਸਿਟੀ, ਜੈਪੂਰ ਦੇ ਰਜਿਸਟਰਾਰ ਡਾ. ਦੇਵੇਂਦਰ ਸੋਮਵੰਸ਼ੀ ਨਾਲ ਗੱਲਬਾਤ ਕੀਤੀ।
ਉਨ੍ਹਾਂ ਕਿਹਾ, ''ਸਿੱਖ ਭਾਈਚਾਰੇ ਦੇ ਪੰਜ ਉਮੀਦਵਾਰ ਪ੍ਰੀਖਿਆ ਦੇਣ ਲਈ ਉੱਥੇ ਪਹੁੰਚੇ ਸਨ, ਇਨ੍ਹਾਂ ਵਿੱਚੋਂ ਇੱਕ ਲੜਕੀ ਵੀ ਸੀ। ਗੇਟ 'ਤੇ ਡਿਊਟੀ ਉੱਪਰ ਤਾਇਨਾਤ ਸਟਾਫ਼ ਦੇ ਸਮਝਾਉਣ ਤੋਂ ਬਾਅਦ ਚਾਰੇ ਨੌਜਵਾਨਾਂ ਨੇ ਆਪਣੀਆਂ ਕਿਰਪਾਨਾਂ ਅਤੇ ਕੜੇ ਉਤਾਰ ਕੇ ਮੰਦਰ ਵਿੱਚ ਰੱਖ ਦਿੱਤੇ ਅਤੇ ਪ੍ਰੀਖਿਆ ਦੇਣ ਲਈ ਸੈਂਟਰ ਵਿੱਚ ਦਾਖਲ ਹੋਏ। ਪਰ, ਇੱਕ ਕੁੜੀ ਨੇ ਉਨ੍ਹਾਂ ਨੂੰ ਉਤਾਰਨ ਤੋਂ ਇਨਕਾਰ ਕਰ ਦਿੱਤਾ ਅਤੇ ਪ੍ਰੀਖਿਆ ਨਹੀਂ ਦਿੱਤੀ।"
ਉਨ੍ਹਾਂ ਅੱਗੇ ਕਿਹਾ, "ਇਹ ਨਿਯਮ ਯੂਨੀਵਰਸਿਟੀ ਵੱਲੋਂ ਨਹੀਂ ਸਗੋਂ ਜੋਧਪੁਰ ਹਾਈ ਕੋਰਟ ਦੀ ਪ੍ਰੀਖਿਆ ਕਰਵਾਉਣ ਵਾਲਿਆਂ ਵੱਲੋਂ ਨਿਰਧਾਰਤ ਕੀਤੇ ਗਏ ਸਨ। ਇਹ ਨਿਯਮ ਸਾਰਿਆਂ 'ਤੇ ਬਰਾਬਰ ਲਾਗੂ ਹੁੰਦੇ ਹਨ। ਉਦਾਹਰਣ ਵਜੋਂ, ਜੇਕਰ ਕੋਈ ਮੁਸਲਮਾਨ ਭਾਈਚਾਰੇ ਤੋਂ ਹੈ ਅਤੇ ਤਵੀਤ ਪਾਇਆ ਹੈ, ਤਾਂ ਇਸਦੀ ਵੀ ਇਜਾਜ਼ਤ ਨਹੀਂ ਹੈ। ਸਾਰਿਆਂ ਲਈ ਇੱਕੋ ਜਿਹੇ ਨਿਯਮ ਹਨ। ਉਮੀਦਵਾਰ ਨਿਯਮ ਜਾਣਦੇ ਹਨ।"
ਉਨ੍ਹਾਂ ਦੱਸਿਆ, "ਹਾਈ ਕੋਰਟ ਦੇ ਜਿਸ ਜੱਜ ਨੂੰ ਦਾਖਲਾ ਪ੍ਰੀਖਿਆ ਲਈ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਸੀ, ਇਹ ਕੁੜੀ ਉਨ੍ਹਾਂ ਨਾਲ ਵੀ ਮੁਲਾਕਾਤ ਕਰਕੇ ਗਈ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












