ਸਿੱਖਾਂ ਦੀਆਂ ਸ਼ਹੀਦੀਆਂ ਦਾ ਇਤਿਹਾਸ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਇਆ ਜਾਵੇਗਾ, ਕੀ ਸਿਰਫ਼ ਸ਼ਹੀਦੀਆਂ ਬਾਰੇ ਹੀ ਪੜ੍ਹਾਇਆ ਜਾਣਾ ਚਾਹੀਦਾ ਹੈ

ਦਿੱਲੀ ਯੂਨੀਵਰਸਿਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਕੋਰਸ ਸੁਤੰਤਰਤਾ ਅਤੇ ਬਟਵਾਰਾ ਅਧਿਐਨ ਕੇਂਦਰ ਵੱਲੋਂ ਲਿਆਂਦਾ ਗਿਆ ਹੈ
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਭਾਰਤੀ ਇਤਿਹਾਸ ਵਿੱਚ ਸਿੱਖ ਸ਼ਹਾਦਤ (1500- 1765)" ਦਾ ਕੋਰਸ ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਆਮ ਚੋਣਵੇਂ ਕੋਰਸ ਵਜੋਂ ਪੜ੍ਹਾਇਆ ਜਾਵੇਗਾ।

ਦਿੱਲੀ ਯੂਨੀਵਰਸਿਟੀ ਦੇ ਇੱਕ ਬਿਆਨ ਮੁਤਾਬਕ ਅਕਾਦਮਿਕ ਕੌਂਸਲ ਦੀ 5 ਜੁਲਾਈ ਨੂੰ ਹੋਈ ਮੀਟਿੰਗ ਵਿੱਚ ਕੌਂਸਲ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ।

ਇਹ ਕੋਰਸ ਸੁਤੰਤਰਤਾ ਅਤੇ ਵੰਡ ਅਧਿਐਨ ਕੇਂਦਰ (CIPS) ਵੱਲੋਂ ਲਿਆਂਦਾ ਗਿਆ ਹੈ।

ਯੂਨੀਵਰਸਿਟੀ ਦੇ ਸਾਰੇ ਕਾਲਜਾਂ ਲਈ ਇਹ ਅੰਡਰ-ਗ੍ਰੈਜੂਏਟ ਕੋਰਸ 4 ਕ੍ਰੈਡਿਟ ਦਾ ਹੈ ਜਿਸ ਵਿੱਚ ਦਾਖਲੇ ਦੀ ਯੋਗਤਾ ਲਈ ਕਿਸੇ ਵੀ ਸਟ੍ਰੀਮ ਵਿੱਚ 12ਵੀਂ ਜਮਾਤ ਪਾਸ ਕਰਨਾ ਜ਼ਰੂਰੀ ਹੈ।

ਸਿੱਖ ਸ਼ਹਾਦਤ ਦੇ ਇਤਿਹਾਸ ਬਾਰੇ ਕੀ ਪੜ੍ਹਾਇਆ ਜਾਵੇਗਾ?

ਯੂਨੀਵਰਸਿਟੀ ਮੁਤਾਬਕ ਇਸ ਕੋਰਸ ਦਾ ਮਕਸਦ ਸਿੱਖ ਭਾਈਚਾਰੇ ਨਾਲ ਜੁੜੇ ਇਤਿਹਾਸਕ ਸੰਦਰਭ, ਸਿੱਖ ਸ਼ਹਾਦਤ ਦੀਆਂ ਪ੍ਰਮੁੱਖ ਇਤਿਹਾਸਕ ਉਦਾਹਰਣਾਂ, ਧਾਰਮਿਕ ਅੱਤਿਆਚਾਰ ਅਤੇ ਸੱਤਾ ਦੇ ਜ਼ੁਲਮਾਂ ਵਿਰੁੱਧ ਲੜਾਈ ਨੂੰ ਸਮਝਣਾ ਹੈ।

ਚਾਰ ਯੂਨਿਟਾਂ ਦੇ ਇਸ ਕੋਰਸ ਵਿੱਚ ਸਿੱਖ ਧਰਮ ਦੇ ਵਿਕਾਸ, ਮੁਗ਼ਲ ਰਾਜ ਅਤੇ ਸਮਾਜ: ਪੰਜਾਬ, ਸ਼ਹੀਦੀ ਅਤੇ ਸਿੱਖ ਧਰਮ ਵਿੱਚ ਸ਼ਹੀਦੀ ਦਾ ਸੰਕਲਪ ਅਤੇ ਸਿੱਖ ਗੁਰੂਆਂ ਬਾਰੇ ਪੜਾਇਆ ਜਾਵੇਗਾ।

ਇਸ ਦੇ ਨਾਲ ਹੀ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਦੀ ਜ਼ਿੰਦਗੀ ਤੇ ਸ਼ਹਾਦਤ ਤੋਂ ਇਲਾਵਾ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਬਾਰੇ ਪੜਾਇਆ ਜਾਵੇਗਾ।

ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ, ਚਾਰੇ ਸਾਹਿਬਜ਼ਾਦੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਅਤੇ ਸ਼ਹਾਦਤ ਵੀ ਇਸ ਕੋਰਸ ਦਾ ਹਿੱਸਾ ਹੋਵੇਗੀ।

ਇਸ ਤੋਂ ਇਲਾਵਾ ਸਿੱਖ ਯੋਧਿਆਂ, ਸ਼ਹੀਦਾਂ ਅਤੇ ਸਥਾਨਾਂ ਬਾਰੇ ਪੜਾਇਆ ਜਾਵੇਗਾ ਜਿਸ ਵਿੱਚ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਬੋਤਾ ਸਿੰਘ, ਭਾਈ ਤਾਰੂ ਸਿੰਘ, ਹਕੀਕਤ ਰਾਏ, ਮਾਈ ਭਾਗੋ, ਬੀਬੀ ਅਨੂਪ ਕੌਰ, ਸ੍ਰੀ ਹਰਿਮੰਦਰ ਸਾਹਿਬ, ਆਨੰਦਪੁਰ ਸਾਹਿਬ, ਸਰਹਿੰਦ, ਗੁਰਦੁਆਰਾ ਸੀਸ ਗੰਜ, ਗੁਰਦੁਆਰਾ ਰਕਾਬ ਗੰਜ ਅਤੇ ਲੋਹਗੜ੍ਹ ਦਾ ਕਿਲ੍ਹਾ ਵੀ ਸ਼ਾਮਿਲ ਹੈ।

ਸੁਮੇਲ ਸਿੰਘ ਸਿੱਧੂ

ਤਸਵੀਰ ਸਰੋਤ, Sumail singh Sidhu

ਸਿੱਖਾਂ ਤੇ ਮੁਗ਼ਲਾਂ ਦੇ ਆਪਸੀ ਸਬੰਧ ਕਿਹੋ ਜਿਹੇ ਸਨ?

ਇਤਿਹਾਸਕਾਰ ਮੰਨਦੇ ਹਨ ਕਿ ਜਦੋਂ ਸਿੱਖ ਧਰਮ ਦਾ ਉਦੈ ਹੋਇਆ ਤਾਂ ਉਸ ਸਮੇਂ ਮੁਗ਼ਲ ਸਾਮਰਾਜ ਆਪਣੇ ਸ਼ੁਰੂਆਤੀ ਦੌਰ ਵਿੱਚ ਸੀ।

ਸਿੱਖ ਵਿਚਾਰਧਾਰਾ ਦੇ ਇਤਿਹਾਸਕਾਰ ਸੁਮੇਲ ਸਿੰਘ ਸਿੱਧੂ ਕਹਿੰਦੇ ਹਨ, "ਮੁਗ਼ਲਾਂ ਤੇ ਸਿੱਖਾਂ ਦਾ ਸਫ਼ਰ ਬਰਾਬਰ-ਬਰਾਬਰ ਚੱਲਦਾ ਹੈ। ਦੋਵਾਂ ਦੀ ਆਪਸ ਵਿੱਚ ਸਹਿਮਤੀ ਅਤੇ ਅਸਹਿਮਤੀ ਵੀ ਨਾਲ-ਨਾਲ ਚੱਲਦੀ ਹੈ।"

"ਗੁਰੂ ਗੋਬਿੰਦ ਸਿੰਘ ਨੇ 1699 ਈ. ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ। ਇਸ ਤੋਂ ਪਹਿਲਾਂ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਰਾਜ ਵਿੱਚ ਪੰਜਵੇਂ ਗੁਰੂ ਅਰਜਨ ਦੇਵ ਦੀ 30 ਮਈ 1606 ਨੂੰ ਸ਼ਹਾਦਤ ਹੋ ਗਈ ਸੀ ਅਤੇ ਇਸ ਤੋਂ ਬਾਅਦ ਔਰੰਗਜੇਬ ਦੇ ਰਾਜ ਦੌਰਾਨ 1675 ਵਿੱਚ ਨੌਵੇਂ ਗੁਰੂ ਤੇਗ ਬਹਾਦਰ ਨੂੰ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਇਸੇ ਸਮੇਂ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਦੀ ਸ਼ਹਾਦਤ ਵੀ ਹੋਈ ਸੀ।"

ਉਨ੍ਹਾਂ ਦੱਸਿਆ, "1704 ਵਿੱਚ ਚਮਕੌਰ ਸਾਹਿਬ ਦੀ ਲੜਾਈ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ, ਅਜੀਤ ਸਿੰਘ ਅਤੇ ਜੁਝਾਰ ਸਿੰਘ, ਤਿੰਨ ਪਿਆਰੇ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਅਤੇ ਗੁਰੂ ਦੇ 37 ਸਿੰਘ ਜਾਨਾਂ ਵਾਰ ਗਏ।"

"ਦੋ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਸਮੇਤ ਪਹਿਲਾਂ ਹੀ ਸਰਸਾ ਨਦੀ ਨੂੰ ਪਾਰ ਕਰਨ ਸਮੇਂ ਵਿਛੜ ਚੁੱਕੇ ਸਨ।"

ਇਤਿਹਾਸਕਾਰ ਸੁਮੇਲ ਸਿੰਘ ਸਿੱਧੂ

ਗੁਰੂ ਗੋਬਿੰਦ ਸਿੰਘ ਨੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਉਸ ਦੇ ਜ਼ੁਲਮਾਂ ਵਿਰੁੱਧ ਸਾਲ 1705 ਵਿੱਚ 'ਜ਼ਫਰਨਾਮਾ' ਲਿਖਿਆ ਸੀ, ਜੋ ਫ਼ਾਰਸੀ ਭਾਸ਼ਾ ਵਿੱਚ ਸੀ।

ਇਤਿਹਾਸਕਾਰ ਸੁਮੇਲ ਸਿੰਘ ਸਿੱਧੂ ਕਹਿੰਦੇ ਹਨ, "ਸਿੱਖ ਲਹਿਰ ਦਾ ਇਸਲਾਮ ਨਾਲ ਝਗੜਾ ਨਹੀਂ ਸੀ। ਦਰਅਸਲ, ਸਿੱਖ ਧਰਮ ਹਿੰਦੂ ਅਤੇ ਮੁਸਲਮਾਨ ਸੰਪਰਦਾਇਤਾ ਖ਼ਿਲਾਫ਼ ਲੋਕਾਂ ਦਾ ਸਾਂਝਾ ਮੋਰਚਾ ਹੈ।"

ਸੁਮੇਲ ਸਿੰਘ ਸਿੱਧੂ ਮੁਤਾਬਕ, "ਸਿੱਖਾਂ ਦੀ ਮੁਗ਼ਲਾਂ ਨਾਲ ਧਾਰਮਿਕ ਲੜਾਈ ਨਹੀਂ ਸੀ, ਸਗੋਂ ਇਹ ਵਿਚਾਰਧਾਰਾ ਦੀ ਲੜਾਈ ਸੀ।"

ਉਹ ਕਹਿੰਦੇ ਹਨ, "ਉਸ ਦੌਰ ਵਿੱਚ ਕੋਈ ਵੀ ਸੱਤਾ ਆਪਣੇ ਖ਼ਿਲਾਫ਼ ਕਿਸੇ ਲਹਿਰ ਨੂੰ ਬਰਦਾਸ਼ਤ ਨਹੀਂ ਕਰਦੀ ਸੀ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਕਰੀਬ 10 ਸਾਲ ਪਹਿਲਾਂ ਔਰੰਗਜ਼ੇਬ ਨੇ ਸੂਫੀ ਸੰਤ ਸਰਮਦ ਕਾਸ਼ਾਨੀ ਨੂੰ ਦਿੱਲੀ ਵਿੱਚ ਸ਼ਹੀਦ ਕੀਤਾ ਸੀ।"

"ਇਸੇ ਦੀ ਇੱਕ ਉਦਾਹਰਣ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਵੱਧਦੀ ਤਾਕਤ ਨੂੰ ਦੇਖ ਪਹਾੜੀ ਰਾਜੇ ਮੁਗ਼ਲਾਂ ਦਾ ਸਾਥ ਦੇ ਰਹੇ ਸਨ।"

ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ, ''ਸਿੱਖ ਧਰਮ ਦੇ ਪਹਿਲੇ ਗੁਰੂ ਤੋਂ ਲੈ ਕੇ ਦੱਸਵੇਂ ਗੁਰੂ ਤੱਕ ਕੋਈ ਵੀ ਮੁਸਲਮਾਨ ਵਿਰੋਧੀ ਨਹੀਂ ਸੀ। ਸਿੱਖਾਂ ਦੀ ਲੜਾਈ ਸੱਤਾ ਖ਼ਿਲਾਫ਼ ਸੀ, ਨਾ ਕਿ ਕਿਸੇ ਧਰਮ ਵਿਰੁੱਧ। ਮੁਗਲਾਂ ਦਾ ਵੀ ਜ਼ਿਆਦਾ ਧਿਆਨ ਸੱਤਾ ਵੱਲ ਹੀ ਸੀ। ਇਸੇ ਤਰ੍ਹਾਂ ਬਾਬਰ ਨੇ ਵੀ ਇਬਰਾਹਿਮ ਲੋਧੀ ਨੂੰ ਹਰਾ ਕੇ ਸੱਤਾ ਉਪਰ ਕਬਜਾ ਕੀਤਾ ਸੀ। ਉਹ ਦੋਵੇਂ ਹੀ ਮੁਸਲਮਾਨ ਸਨ।''

ਸਿੱਖ ਇਤਿਹਾਸਕਾਰ ਗੁਰਦਰਸ਼ਨ ਢਿੱਲੋਂ ਕਹਿੰਦੇ ਹਨ, "ਸਿੱਖਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਵੈਰ ਨਹੀਂ ਸਗੋਂ ਸਿੱਖਾਂ ਦੀ ਲੜਾਈ ਬੁਰਾਈ ਖ਼ਿਲਾਫ਼ ਹੈ। ਜੋ ਵੀ ਬੰਦਾ ਬੁਰਾਈ ਜਾਂ ਲੁੱਟ ਕਰਦਾ ਹੈ, ਸਿੱਖਾਂ ਦੀ ਉਸ ਨਾਲ ਦੁਸ਼ਮਣੀ ਹੈ।"

"ਸਿੱਖ ਧਰਮ ਮਨੁੱਖਤਾ ਦਾ ਹੈ, ਅਸੀਂ ਕਿਸੇ ਨਾਲ ਭੇਦ-ਭਾਵ ਨਹੀਂ ਕਰਦੇ। ਦਸਵੇਂ ਗੁਰੂ ਦੇ ਸਿੱਖਾਂ ਨੇ ਤਾਂ ਲੜਾਈਆਂ ਸਮੇਂ ਵੀ ਜ਼ਖ਼ਮੀ ਹੋਏ ਵਿਰੋਧੀਆਂ ਨੂੰ ਪਾਣੀ ਪਿਲਾਇਆ ਸੀ।"

ਗੁਰੂ ਗੋਬਿੰਦ ਸਿੰਘ ਜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਰੂ ਗੋਬਿੰਦ ਸਿੰਘ ਜੀ

ਹਿੰਸਾ ਦਾ ਕੀ ਇਤਿਹਾਸ ਹੈ?

ਮੁਗ਼ਲਾਂ ਦਾ ਇਤਿਹਾਸ ਭਾਰਤ ਦੀਆਂ ਯੂਨੀਵਰਸਿਟੀਆਂ ਦੇ ਗ੍ਰੈਜੂਏਟ ਅਤੇ ਪੋਸਟ- ਗ੍ਰੈਜੂਏਟ ਕੋਰਸਾਂ ਵਿੱਚ ਪੜ੍ਹਾਇਆ ਜਾਂਦਾ ਹੈ।

ਗੁਰਦਰਸ਼ਨ ਢਿੱਲੋਂ ਕਹਿੰਦੇ ਹਨ, "ਜੋ ਚੀਜ਼ਾਂ ਰਿਕਾਰਡ ਦਾ ਹਿੱਸਾ ਹਨ, ਉਹ ਪੜ੍ਹਾਈਆਂ ਜਾਣੀਆਂ ਚਾਹੀਦੀਆਂ ਹਨ।"

ਸੁਮੇਲ ਸਿੰਘ ਸਿੱਧੂ ਕਹਿੰਦੇ ਹਨ, "ਜਦੋਂ ਅਸੀਂ ਇਕੱਲੀਆਂ ਸ਼ਹਾਦਤਾਂ ਬਾਰੇ ਪੜ੍ਹਾਉਂਦੇ ਹਾਂ ਤਾਂ ਉਸ ਦੇ ਆਲੇ-ਦੁਆਲੇ ਦੀਆਂ ਗੱਲਾਂ ਨੂੰ ਅਦਿੱਖ ਕਰ ਦਿੰਦੇ ਹਾਂ। ਜਿਵੇਂ ਕਿ ਇਹ ਸਿਰਫ਼ ਲੜਾਈਆਂ ਦਾ ਹੀ ਇਤਿਹਾਸ ਹੈ।"

"ਇਸ ਮੁਲਕ ਵਿੱਚ ਜੋ ਟੂ-ਨੇਸ਼ਨ ਥਿਊਰੀ ਹੈ (ਹਿੰਦੂ ਅਤੇ ਮੁਸਲਮਾਨ) ਜਾਂ ਫਿਰਕੂ ਵਿਚਾਰ ਹੈ, ਉਸ ਨੂੰ ਅਕਾਦਮਿਕ ਜਾਮਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।"

ਸਿੱਧੂ ਮੁਤਾਬਕ, "ਸਾਰੇ ਮੁਗ਼ਲ ਰਾਜੇ ਇੱਕੋ ਜਿਹੇ ਨਹੀਂ ਸਨ। ਅਕਬਰ ਗੁਰੂ ਅਮਰ ਦਾਸ ਦੇ ਦਰਬਾਰ ਵਿੱਚ ਆਉਂਦੇ ਸਨ। ਅਕਬਰ ਲੰਗਰ ਵੀ ਸ਼ੱਕਦੇ ਸਨ। ਅਕਬਰ ਦਾ ਕੱਟੜ ਮੁਲਸਮਾਨ ਵਿਦਵਾਨ ਵਿਰੋਧ ਕਰਦੇ ਸਨ। ਅਜਿਹੇ ਵਿੱਚ ਫ਼ਾਰਸੀ, ਤੁਰਕੀ ਅਤੇ ਸੰਸਕ੍ਰਿਤ ਤੋਂ ਆਪਸ ਵਿੱਚ ਕਾਫ਼ੀ ਅਨੁਵਾਦ ਵੀ ਹੋਏ ਤਾਂ ਕਿ ਕੋਈ ਸਾਂਝੀ ਗੱਲ ਬਣਾਈ ਜਾ ਸਕੇ।"

ਉਹ ਕਹਿੰਦੇ ਹਨ, "ਇੱਕ ਪਾਸੇ ਸ਼ੇਖ ਅਹਿਮਦ ਸਰਹਿੰਦੀ ਗੁਰੂ ਅਰਜਨ ਦੇਵ ਦੇ ਖ਼ਿਲਾਫ਼ ਜਹਾਂਗੀਰ ਨੂੰ ਉਕਸਾਉਂਦਾ ਹੈ ਅਤੇ ਦੂਜੇ ਪਾਸੇ ਸਾਂਈ ਮੀਆਂ ਮੀਰ ਅਰਜਨ ਦੇਵ ਦੇ ਹੱਕ ਵਿੱਚ ਹਾਅ ਦੀ ਨਾਅਰਾ ਮਾਰਦੇ ਹਨ । ਸਾਂਈ ਮੀਆਂ ਮੀਰ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨੀਂਹ ਵੀ ਰੱਖੀ ਜਾਂਦੀ ਹੈ।"

ਸਿੱਧੂ ਮੁਤਾਬਕ, "ਜਦੋਂ ਤੱਕ ਅਸੀਂ ਇਤਿਹਾਸ ਦੇ ਪਰਤਦਰ ਸਵਾਲਾਂ ਨੂੰ ਠੁਕਵੇਂ ਸੰਦਰਭਾਂ ਵਿੱਚ ਨਹੀਂ ਦੇਖਦੇ, ਉੱਦੋਂ ਤੱਕ ਭਾਰਤ ਵਿੱਚ ਦੋ-ਕੌਮਾਂ ਦੇ ਸਿਧਾਂਤ ਦੀ ਵੰਡਵਾਦੀ ਨੀਤੀ ਨੂੰ ਹੀ ਤਕੜਾ ਕਰ ਰਹੇ ਹੋਵਾਂਗੇ। ਵੰਡਵਾਦੀ ਵਿਚਾਰਧਾਰਾ ਲਈ ਇਤਿਹਾਸ ਦਾ ਅੱਧ-ਕਚਰਾ ਪਾਠ ਕਿਸੇ ਵੀ ਸੱਭਿਅਕ ਸਮਾਜ ਲਈ ਚੰਗੀ ਖ਼ਬਰ ਨਹੀਂ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)