ਬੁੱਤ-ਤਰਾਸ਼ੀ: ਇਨਸਾਨੀ ਰਿਸ਼ਤਿਆਂ ਅਤੇ ਉਨ੍ਹਾਂ ਨਾਲ ਜੁੜੇ ਜਜ਼ਬਾਤਾਂ ਦੀ ਕਹਾਣੀ, 'ਲੋਕਾਂ ਲਈ ਭਾਵੇਂ ਇਹ ਬੁੱਤ ਹੈ ਪਰ ਮੇਰੇ ਲਈ ਇਹ ਮਾਂ ਹੈ'

ਅਨੁਰੀਤ ਕੌਰ ਦੁਸਾਂਝ ਅਤੇ ਉਨ੍ਹਾਂ ਦੀ ਮਾਂ ਦਾ ਬੁੱਤ
ਤਸਵੀਰ ਕੈਪਸ਼ਨ, ਅਨੁਰੀਤ ਦੱਸਦੀ ਹੈ ਕਿ ਅੱਜ ਉਸ ਦੀ ਜ਼ਿੰਦਗੀ "ਮਾਂ" ਦੇ ਆਲ਼ੇ ਦੁਆਲੇ ਘੁੰਮਦੀ ਹੈ।
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਮੇਰੇ ਚਾਰ ਸਾਲ ਦੇ ਪੁੱਤਰ ਨੂੰ ਆਪਣੇ ਬਜ਼ੁਰਗਾਂ ਬਾਰੇ ਪਤਾ ਲੱਗ ਸਕੇ, ਇਸ ਲਈ ਮੈਂ ਆਪਣੇ ਦਾਦਾ ਅਤੇ ਦਾਦੀ ਜੀ ਦੇ ਬੁੱਤ ਬਣਾਏ ਹਨ, ਤੋਤਲੀ ਆਵਾਜ਼ ਵਿੱਚ ਰੋਜ਼ਾਨਾ ਜਦੋਂ ਉਹ ਬਾਬਾ ਜੀ ਅਤੇ ਬੀਜੀ ਆਖਦਾ ਹੈ, ਉਨ੍ਹਾਂ ਨੂੰ ਰੋਜ਼ਾਨਾ ਮੱਥਾ ਟੇਕਦਾ ਹੈ ਤਾਂ ਇਹ ਪਲ ਮੇਰੇ ਲਈ ਸਭ ਤੋਂ ਜ਼ਿਆਦਾ ਸਕੂਨ ਭਰੇ ਹੁੰਦੇ ਹਨ।"

ਇਨਸਾਨੀ ਰਿਸ਼ਤਿਆਂ ਅਤੇ ਉਨ੍ਹਾਂ ਨਾਲ ਜੁੜੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਹੋਏ ਇਹ ਬੋਲ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਪਿੰਡ ਪੱਤੀ ਸੰਧੂਆਂ ਦੇ ਕੁਲਦੀਪ ਸਿੰਘ ਸੰਧੂ ਦੇ ਹਨ।

ਕੁਲਦੀਪ ਸਿੰਘ ਸੰਧੂ ਦੇ ਦਾਦਾ ਬਹਾਦਰ ਸਿੰਘ ਸੰਧੂ ਅਤੇ ਦਾਦੀ ਦਲੀਪ ਕੌਰ ਸੰਧੂ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ, ਪਰ ਹੁਣ ਉਨ੍ਹਾਂ ਨੇ ਦੋਵਾਂ ਦੇ ਬੁੱਤ ਬਣਾ ਕੇ ਆਪਣੇ ਘਰ ਦੇ ਵਿਹੜੇ ਵਿੱਚ ਲਗਾਏ ਹਨ।

ਕੈਨੇਡਾ ਦੇ ਵਸਨੀਕ ਅਤੇ ਅੱਜਕੱਲ੍ਹ ਪਿੰਡ ਆਏ ਕੁਲਦੀਪ ਸਿੰਘ ਸੰਧੂ ਆਖਦੇ ਹਨ, “ਦਾਦਾ ਜੀ ਅਤੇ ਦਾਦੀ ਦੀ ਮੌਤ ਤੋਂ ਬਾਅਦ ਘਰ ਬਹੁਤ ਸੁੰਨਾ ਹੋ ਗਿਆ ਸੀ, ਘਰ ਵਿੱਚ ਉਨ੍ਹਾਂ ਦੀਆਂ ਫ਼ੋਟੋਆਂ ਸਨ ਪਰ ਉਹ ਸਿਰਫ਼ ਕਮਰੇ ਤੱਕ ਹੀ ਸੀਮਤ ਸਨ, ਚਾਰ ਸਾਲ ਪਹਿਲਾਂ ਜਦੋਂ ਮੇਰੇ ਘਰ ਪੁੱਤਰ ਦਾ ਜਨਮ ਹੋਇਆ ਤਾਂ ਮੈਂ ਸੋਚਿਆ ਇਸ ਨੂੰ ਆਪਣੇ ਬਜ਼ੁਰਗਾਂ ਬਾਰੇ ਪਤਾ ਹੋਣਾ ਚਾਹੀਦਾ ਹੈ, ਬੱਸ ਉਸ ਤੋਂ ਬਾਅਦ ਅਸੀਂ ਇਹ ਬੁੱਤ ਤਿਆਰ ਕਰਵਾਏ।“

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਨਵੀਂ ਪੀੜ੍ਹੀ ਨੂੰ ਬਜ਼ੁਰਗਾਂ ਬਾਰੇ ਦੱਸਣ ਲਈ ਤਿਆਰ ਕਰਵਾਏ ਬੁੱਤ

ਬਜ਼ੁਰਗਾਂ ਦੇ ਬੂੁੱਤ
ਤਸਵੀਰ ਕੈਪਸ਼ਨ, ਕੁਲਦੀਪ ਸਿੰਘ ਸੰਧੂ ਨੇ ਆਪਣੇ ਦਾਦਾ-ਦਾਦੀ ਦੇ ਬੁੱਤ ਤਿਆਰ ਕਰਵਾਏ ਹਨ

ਘਰ ਦੇ ਵਿਹੜੇ ਵਿੱਚ ਸ਼ੀਸ਼ੇ ਦੇ ਬਣੇ ਕੈਬਿਨ ’ਚ ਰੱਖੇ ਬਹਾਦਰ ਸਿੰਘ ਸੰਧੂ ਅਤੇ ਦਲੀਪ ਕੌਰ ਸੰਧੂ ਦੇ ਬੁੱਤ ਨੂੰ ਪਹਿਲੀ ਨਜ਼ਰ ਵਿੱਚ ਅਸਲੀ ਇਨਸਾਨ ਦੇ ਹੋਣ ਦਾ ਭੁਲੇਖਾ ਪੈਂਦਾ ਹੈ। ਹੂ-ਬ-ਹੂ ਆਮ ਇਨਸਾਨ ਵਾਂਗ ਬਹਾਦਰ ਸਿੰਘ ਸੰਧੂ ਦੇ ਸਿਰ ਉੱਤੇ ਦਸਤਾਰ, ਖੜ੍ਹੀਆਂ ਮੁੱਛਾਂ, ਹੱਥ ਵਿੱਚ ਖੂੰਡਾ, ਕੁੜਤਾ ਚਾਦਰਾ ਪਾਈ ਉਹ ਇੱਕ ਕੁਰਸੀ ਉੱਤੇ ਬੈਠੇ ਨਜ਼ਰ ਆਉਂਦੇ ਹਨ।

ਇਸੇ ਤਰੀਕੇ ਨਾਲ ਦਲੀਪ ਕੌਰ ਸੰਧੂ ਦਾ ਬੁੱਤ ਵੀ ਉਨ੍ਹਾਂ ਦੇ ਅਸਲੀ ਹੋਣ ਦਾ ਭੁਲੇਖਾ ਪਾਉਂਦਾ ਹੈ ਅਤੇ ਨੇੜੇ ਆਉਣ ਉੱਤੇ ਪਤਾ ਲੱਗਦਾ ਹੈ ਕਿ ਇਹ ਸਿਰਫ਼ ਬੁੱਤ ਹਨ।

ਕੁਲਦੀਪ ਸਿੰਘ ਸੰਧੂ ਦੱਸਦੇ ਹਨ, “ਕਈ ਵਾਰ ਬਾਹਰੋਂ ਆਏ ਵਿਅਕਤੀ ਦਾਦਾ ਅਤੇ ਦਾਦੀ ਨੂੰ ਫ਼ਤਹਿ ਬੁਲਾਉਂਦੇ ਹਨ ਅਤੇ ਉਨ੍ਹਾਂ ਨਾਲ ਗੱਲਾਂ ਕਰਨ ਲੱਗ ਜਾਂਦੇ ਹਨ ਪਰ ਜਦੋਂ ਅੱਗੋਂ ਜਵਾਬ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ ਕੁਝ ਅਜੀਬ ਲੱਗਦਾ ਹੈ, ਫਿਰ ਅਸੀਂ ਦੱਸਦੇ ਹਾਂ ਕਿ ਇਹ ਸਿਰਫ਼ ਬੁੱਤ ਹਨ।”

ਕੁਲਦੀਪ ਸਿੰਘ ਦੀ ਭੂਆ ਅਤੇ ਦਲੀਪ ਕੌਰ ਦੀ ਪੁੱਤਰੀ ਨਛੱਤਰ ਕੌਰ ਦਾ ਕਹਿਣਾ ਹੈ, “ਇਨ੍ਹਾਂ ਬੁੱਤਾਂ ਤੋਂ ਬਾਅਦ ਮੇਰੇ ਪੇਕੇ ਘਰ ਵਿੱਚ ਗੇੜੇ ਵੱਧ ਗਏ ਹਨ, ਮੈਨੂੰ ਇੰਜ ਲੱਗਦਾ ਹੈ ਕਿ ਬੇਬੇ-ਬਾਪੂ ਹੁਣ ਵੀ ਘਰ ਵਿੱਚ ਹੀ ਮੌਜੂਦ ਹਨ।”

“ਬੁੱਤ ਘਰ ਆਉਣ ਨਾਲ ਮਾਂ ਦੀ ਕਮੀ ਪੂਰੀ ਹੋ ਗਈ”

ਅਨੁਰੀਤ ਮਾਂ ਦੇ ਬੂੁੱਤ ਦਾ ਸ਼ਿੰਗਾਰ ਕਰਦੇ ਹੋਏ
ਤਸਵੀਰ ਕੈਪਸ਼ਨ, ਅਨੁਰੀਤ ਮੁਤਾਬਕ ਉਹ ਮਾਨਸਿਕ ਤੌਰ ਉੱਤੇ ਟੁੱਟ ਚੁੱਕੀ ਸੀ ਪਰ ਜਦੋਂ ਦਾ ਮਾਂ ਦਾ ਬੁੱਤ ਘਰ ਆਇਆ ਹੈ, ਉਸ ਨੂੰ ਲੱਗਦਾ ਹੈ ਕਿ ਮਾਂ ਦੀ ਕਮੀ ਪੂਰੀ ਹੋ ਗਈ ਹੈ।

ਕੁਝ ਅਜਿਹੀ ਹੀ ਕਹਾਣੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਅਨੁਰੀਤ ਕੌਰ ਦੁਸਾਂਝ ਦੀ ਵੀ ਹੈ, ਜਿਸ ਦੀ ਮਾਤਾ ਕੁਲਜੀਤ ਕੌਰ ਦੀ ਮੌਤ 2022 ਵਿੱਚ ਹੋ ਗਈ ਸੀ। ਅਨੁਰੀਤ ਦੀ ਮਾਂ ਦੀ ਕਮੀ ਨੂੰ ਪੂਰਾ ਹੁਣ ਉਨ੍ਹਾਂ ਦਾ ਬੁੱਤ ਕਰ ਰਿਹਾ ਹੈ।

ਪੇਸ਼ੇ ਤੋਂ ਸੈਲੂਨ ਚਲਾਉਣ ਵਾਲੀ ਅਨੁਰੀਤ ਦੁਸਾਂਝ ਦੱਸਦੀ ਹੈ ਕਿ ਉਸ ਦਾ ਇਕਲੌਤਾ ਭਰਾ ਵਿਦੇਸ਼ ਵਿੱਚ ਹੈ ਅਤੇ ਮਾਤਾ ਹੀ ਉਸ ਦਾ ਇੱਕ ਮਾਤਰ ਸਹਾਰਾ ਸੀ ਪਰ ਅਚਾਨਕ ਉਨ੍ਹਾਂ ਦੀ ਮੌਤ ਤੋਂ ਬਾਅਦ ਉਹ ਘਰ ਵਿੱਚ ਇਕੱਲੀ ਰਹਿ ਗਈ।

ਸੋਸ਼ਲ ਮੀਡੀਆ ਰਾਹੀਂ ਉਸ ਨੂੰ ਬੁੱਤ ਤਰਾਸ਼ ਇਕਬਾਲ ਸਿੰਘ ਗਿੱਲ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਆਪਣੀ ਮਾਂ ਵਰਗਾ ਹੂ-ਬ-ਹੂ ਬੁੱਤ ਤਿਆਰ ਕਰ ਕੇ ਦੇਣ ਦੀ ਬੇਨਤੀ ਕੀਤੀ।

ਅਨੁਰੀਤ ਮੁਤਾਬਕ ਉਹ ਮਾਨਸਿਕ ਤੌਰ ਉੱਤੇ ਟੁੱਟ ਚੁੱਕੀ ਸੀ ਪਰ ਜਦੋਂ ਦਾ ਮਾਂ ਦਾ ਬੁੱਤ ਘਰ ਆਇਆ ਹੈ, ਉਸ ਨੂੰ ਲੱਗਦਾ ਹੈ ਕਿ ਮਾਂ ਦੀ ਕਮੀ ਪੂਰੀ ਹੋ ਗਈ ਹੈ।

ਅਨੁਰੀਤ ਦੱਸਦੀ ਹੈ ਕਿ ਅੱਜ ਉਸ ਦੀ ਜ਼ਿੰਦਗੀ "ਮਾਂ" ਦੇ ਆਲ਼ੇ-ਦੁਆਲੇ ਘੁੰਮਦੀ ਹੈ, ਸਰਦੀਆਂ ਵਿੱਚ ਉਸ ਦੇ ਮੋਢਿਆਂ 'ਤੇ ਸ਼ਾਲ ਲਪੇਟਣ ਤੋਂ ਲੈ ਕੇ ਉਨ੍ਹਾਂ ਦੇ ਜਨਮ ਦਿਨ 'ਤੇ ਕੇਕ ਕੱਟਣ ਤੱਕ।

ਉਨ੍ਹਾਂ ਦੱਸਿਆ ਕਿ ਤੀਆਂ ਦੇ ਤਿਉਹਾਰ ਮੌਕੇ ਉਨ੍ਹਾਂ ਨੇ ਮਾਂ ਦੇ ਹੱਥਾਂ ਉੱਤੇ ਮਹਿੰਦੀ ਲਗਾਈ ਅਤੇ ਦੀਵਾਲੀ ’ਤੇ ਘਰ ਵਿੱਚ ਦੀਪਮਾਲਾ ਕੀਤੀ ਅਤੇ ਪਟਾਕੇ ਚਲਾਏ। ਅਨੁਰੀਤ ਮੁਤਾਬਕ ਜਦੋਂ ਉਹ ਭਾਵੁਕ ਹੋ ਜਾਂਦੀ ਹੈ ਤਾਂ ਮਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਰੋ ਕੇ ਆਪਣਾ ਮਨ ਹਲਕਾ ਕਰ ਲੈਂਦੀ ਹੈ।

ਘਰ ਦੇ ਮੁੱਖ ਕਮਰੇ ਵਿੱਚ ਰੱਖੇ ਆਪਣੀ ਮਾਂ ਦੇ ਬੁੱਤ ਨੂੰ ਅਨੁਰੀਤ ਨੇ ਗਹਿਣੇ ਪਾਏ ਹੋਏ ਹਨ। ਅਨੁਰੀਤ ਹਫ਼ਤੇ ਵਿੱਚ ਇੱਕ ਦਿਨ ਆਪਣੀ ਮਾਂ ਦੇ ਬੁੱਤ ਨੂੰ ਇਸ਼ਨਾਨ ਕਰਵਾਉਂਦੀ ਹੈ, ਫਿਰ ਹਾਰ ਸ਼ਿੰਗਾਰ ਕਰਦੀ ਹੈ।

ਭਾਵੁਕ ਹੁੰਦੀ ਅਨੁਰੀਤ ਆਖਦੀ ਹੈ, "ਲੋਕਾਂ ਲਈ ਭਾਵੇਂ ਇਹ ਬੁੱਤ ਹੈ ਪਰ ਮੇਰੇ ਲਈ ਇਹ ਮਾਂ ਹੈ। ਮੈਂ ਇਸ ਨਾਲ ਗੱਲਾਂ ਕਰਦੀ ਹਾਂ ਅਤੇ ਜਿਸ ਦਿਨ ਤੋਂ ਇਹ ਬੁੱਤ ਘਰ ਵਿੱਚ ਆਇਆ ਹੈ, ਮੇਰੀ ਮਾਂ ਦੀ ਕਮੀ ਪੂਰੀ ਹੋ ਗਈ ਹੈ।”

ਸਿੱਧੂ ਮੂਸੇਵਾਲਾ ਦੇ ਬੁੱਤ ਮਗਰੋਂ ਮਿਲਿਆ ਹੁੰਗਾਰਾ

ਇਕਬਾਲ ਸਿੰਘ ਗਿੱਲ
ਤਸਵੀਰ ਕੈਪਸ਼ਨ, ਕਾਰਬਨ ਫਾਈਬਰ ਦੇ ਬੁੱਤ ਨੂੰ ਤਰਾਸ਼ ਰਹੇ ਮੋਗਾ ਜ਼ਿਲ੍ਹੇ ਦੇ ਮਾਣੂਕੇ ਪਿੰਡ ਦੇ ਇਕਬਾਲ ਸਿੰਘ ਗਿੱਲ

ਕਾਰਬਨ ਫਾਈਬਰ ਦੇ ਇਨ੍ਹਾਂ ਬੁੱਤਾਂ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂਕੇ ਦੇ ਇਕਬਾਲ ਸਿੰਘ ਗਿੱਲ ਤਿਆਰ ਕਰ ਰਹੇ ਹਨ। ਪੇਸ਼ੇ ਵਜੋਂ ਬੁੱਤ ਤਰਾਸ਼ੀ ਦਾ ਕੰਮ ਕਰਨ ਵਾਲੇ ਇਕਬਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਹ ਕਰੀਬ 2010 ਤੋਂ ਇਸ ਕੰਮ ਵਿੱਚ ਲੱਗੇ ਹੋਏ ਹਨ ਪਰ ਫਾਈਬਰ ਦੇ ਬੁੱਤ ਉਸ ਨੇ ਤਿੰਨ ਸਾਲ ਪਹਿਲਾਂ ਤਿਆਰ ਕਰਨੇ ਸ਼ੁਰੂ ਕੀਤੇ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੁਣ ਤੱਕ 50 ਤੋਂ ਜ਼ਿਆਦਾ ਫਾਈਬਰ ਦੇ ਬੁੱਤ ਤਿਆਰ ਕਰ ਚੁੱਕੇ ਇਕਬਾਲ ਸਿੰਘ ਗਿੱਲ ਦਾ ਕਹਿਣਾ ਹੈ, "ਖ਼ੁਸ਼ੀ ਹੁੰਦੀ ਹੈ ਕਿ ਮੇਰੀ ਕਲਾ ਰਾਹੀਂ ਲੋਕਾਂ ਨੂੰ ਸਕੂਨ ਮਿਲਦਾ ਹੈ।”

ਇਕਬਾਲ ਸਿੰਘ ਗਿੱਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਬੁੱਤ ਵੀ ਤਿਆਰ ਕਰ ਚੁੱਕੇ ਹਨ ਜੋ ਇਸ ਸਮੇਂ ਮੂਸੇ ਪਿੰਡ ਵਿੱਚ ਲੱਗਿਆ ਹੋਇਆ ਹੈ।

ਉਨ੍ਹਾਂ ਆਖਿਆ ਕਿ ਜਦੋਂ ਉਹ ਮੂਸੇਵਾਲ ਦਾ ਬੁੱਤ ਤਿਆਰ ਕਰ ਰਹੇ ਸਨ ਤਾਂ ਉਹ ਕਈ ਵਾਰ ਭਾਵੁਕ ਹੋਏ ਪਰ ਫਿਰ ਲੋਕਾਂ ਦੇ ਪਿਆਰ ਦੇ ਸਦਕੇ ਉਸ ਨੇ ਮੂਸੇਵਾਲ ਦਾ ਬੁੱਤ ਕਰ ਤਿਆਰ ਦਿੱਤਾ।

ਕਾਰਬਨ ਫਾਈਵਰ ਦੇ ਬੁੱਤ
ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਦਾ ਬੁੱਤ ਵੀ ਇਕਬਾਲ ਸਿੰਘ ਗਿੱਲ ਨੇ ਹੀ ਬਣਾਇਆ ਹੈ, ਜੋ ਮੂਸੇ ਪਿੰਡ ਲੱਗਾ ਹੈ

ਗਿੱਲ ਮੁਤਾਬਕ ਮੂਸੇਵਾਲਾ ਦਾ ਬੁੱਤ ਤਿਆਰ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰੇ ਲੋਕਾਂ ਨੇ ਬੁੱਤ ਤਿਆਰ ਕਰਵਾਉਣ ਲਈ ਉਸ ਕੋਲ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਬੁੱਤ ਨੂੰ ਤਿਆਰ ਕਰਨ ਤੋਂ ਪਹਿਲਾਂ ਸਬੰਧਤ ਵਿਅਕਤੀ ਦੀ ਤਸਵੀਰ, ਉਸ ਦਾ ਭਾਰ ਅਤੇ ਕੱਦ ਦੀ ਜਾਣਕਾਰੀ ਲੈਂਦੇ ਹਨ, ਇਸ ਤੋਂ ਬਾਅਦ ਫਿਰ ਕੰਕਰੀਟ ਦਾ ਇੱਕ ਢਾਂਚਾ ਤਿਆਰ ਕਰਦੇ ਹਨ ਅਤੇ ਫਿਰ ਪੜਾਅ ਵਾਰ ਬੁੱਤ ਨੂੰ ਉਸ ਦਾ ਰੂਪ ਦਿੰਦੇ ਹਨ।

ਇਕਬਾਲ ਸਿੰਘ ਗਿੱਲ ਮੁਤਾਬਕ ਇੱਕ ਮੂਰਤੀ ਨੂੰ ਬਣਾਉਣ ਵਿੱਚ ਲਗਭਗ ਇੱਕ ਮਹੀਨੇ ਦਾ ਸਮਾਂ ਲੱਗਦਾ ਹੈ ਅਤੇ ਹਰੇਕ ਦੀ ਲਾਗਤ 95,000 ਤੋਂ 1.5 ਲੱਖ ਰੁਪਏ ਦੇ ਵਿਚਕਾਰ ਹੁੰਦੀ ਹੈ।

ਇਕਬਾਲ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਇਨ੍ਹਾਂ ਮੂਰਤੀਆਂ ਨੂੰ ਆਪਣੇ ਸਮਾਗਮਾਂ ਅਤੇ ਤਿਉਹਾਰਾਂ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਨ। ਇਸ ਲਈ ਮੂਰਤੀਆਂ ਦੇ ਹੱਥ ਅਤੇ ਪੈਰ ਹਿੱਲਣ ਯੋਗ ਕਰਨ ਦੇ ਨਾਲ-ਨਾਲ ਉਹ ਕੱਪੜੇ ਬਦਲਣ ਦੀ ਵਿਵਸਥਾ ਵੀ ਕਰਦੇ ਹਨ।

ਇਕਬਾਲ ਸਿੰਘ ਦੱਸਦੇ ਹਨ ਕਿ ਉਹ ਸਿਰਫ਼ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਬਜ਼ੁਰਗਾਂ ਦੇ ਹੀ ਬੁੱਤ ਬਣਾਉਂਦੇ ਹਨ, ਨੌਜਵਾਨਾਂ ਦੇ ਨਹੀਂ।

ਇਕਬਾਲ ਸਿੰਘ ਦਾ ਕਹਿਣਾ ਹੈ ਕਿ ਨੌਜਵਾਨਾਂ ਦੀ ਮੌਤ ਵਧੇਰੇ ਦੁੱਖ ਦੇਣ ਵਾਲੀ ਹੁੰਦੀ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਲੋਕ ਗ਼ਮਗੀਨ ਰਹਿਣ। ਬਲਕਿ ਮੈਂ ਸੋਚਦਾ ਹਾਂ ਕਿ ਉਹ ਨੌਜਵਾਨਾਂ ਦੀ ਮੌਤ ਭੁੱਲ ਕੇ ਨਵੀਂ ਜ਼ਿੰਦਗੀ ਜਿਊਣ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)