ਸਿੱਧੂ ਮੂਸੇਵਾਲਾ: ਮਰਹੂਮ ਗਾਇਕ ਦਾ ਬੁੱਤ ਬਣਾ ਰਹੇ ਕਲਾਕਾਰ ਦੀ ਉਸ ਨਾਲ ਕੀ ਸਾਂਝ ਸੀ
- ਲੇਖਕ, ਜਸਬੀਰ ਸ਼ੇਤਰਾ
- ਰੋਲ, ਬੀਬੀਸੀ ਪੰਜਾਬੀ ਲਈ
'ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ'
ਇਹ ਸਤਰਾਂ ਸ਼ਿਵ ਕੁਮਾਰ ਬਟਾਲਵੀ ਨੇ ਹੋ ਸਕਦੈ ਸੁਭਾਵਿਕ ਹੀ ਲਿਖੀਆਂ ਹੋਣ, ਜੋ ਬਾਅਦ 'ਚ ਉਨ੍ਹਾਂ 'ਤੇ ਹੀ ਜੋਬਨ ਰੁੱਤੇ ਤੁਰ ਜਾਣ 'ਤੇ ਢੁਕੀਆਂ।
ਹੁਣ ਇਹੋ ਸਤਰਾਂ 29 ਸਾਲ ਦੀ ਉਮਰ 'ਚ ਜਹਾਨੋਂ ਤੁਰ ਗਏ ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇਵਾਲਾ ਉਰਫ ਸ਼ੁਭਦੀਪ ਸਿੰਘ ਸਿੱਧੂ ਦੇ ਬੁੱਤ 'ਤੇ ਉਕਰੀਆਂ ਗਈਆਂ ਹਨ।
ਰੇਤ ਦੇ ਟਿੱਬਿਆਂ 'ਚ ਜਿਸ ਸਿੱਧੂ ਮੂਸੇਵਾਲਾ ਨੇ ਸੱਚਮੁੱਚ ਹੀ ਬਾਲੀਵੁੱਡ ਹੀ ਨਹੀਂ ਦੁਨੀਆਂ ਭਰ ਦੇ ਲੋਕ ਢੁੱਕਣ ਲਾ ਦਿੱਤੇ ਹੁਣ ਉਥੇ ਇਸ ਗਾਇਕ ਦਾ ਆਦਮਕੱਦ ਬੁੱਤ ਸਥਾਪਤ ਹੋਵੇਗਾ।
ਭਾਵੇਂ ਆਪਣੇ ਗਾਣਿਆਂ ਕਰਕੇ ਸਿੱਧੂ ਮੂਸੇਵਾਲਾ ਹਮੇਸ਼ਾ ਯਾਦ ਰਹੇਗਾ ਪਰ ਪਿੰਡ 'ਚ ਉਸ ਦੀ ਬਣਨ ਵਾਲੀ ਯਾਦਗਾਰ 'ਚ ਲੱਗਣ ਵਾਲਾ ਇਹ ਆਦਮਕੱਦ ਵੀ ਉਸ ਨੂੰ ਅਮਰ ਰੱਖੇਗਾ।
ਸਿੱਧੂ ਮੂਸੇਵਾਲਾ ਦਾ ਘੱਲ ਕਲਾਂ ਵਿਚ ਬਣ ਰਿਹਾ ਬੁੱਤ
ਮੋਗਾ ਦੇ ਐਨ ਨੇੜੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਤੋਂ ਥੋੜ੍ਹਾ ਹਟਵਾਂ ਸਥਿਤ ਹੈ ਪਿੰਡ ਘੱਲ ਕਲਾਂ।
ਇੱਥੋਂ ਦਾ ਬੁੱਤ ਤਰਾਸ਼ ਆਰਟਿਸਟ ਮਨਜੀਤ ਸਿੰਘ ਗਿੱਲ ਆਪਣੇ ਭਰਾ ਸੁਰਜੀਤ ਸਿੰਘ ਗਿੱਲ ਨਾਲ ਮਿਲ ਕੇ ਸਿੱਧੂ ਮੂਸੇਵਾਲਾ ਦਾ ਬੁੱਤ ਬਣਾ ਰਹੇ ਹਨ।
ਉਨ੍ਹਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਦੋ ਬੁੱਤ ਤਰਾਸ਼ੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਬੁੱਤ, ਜਿਹੜਾ ਹੁਣ ਬਣਾਇਆ ਜਾ ਰਿਹਾ ਹੈ, ਉਹ ਆਪਣੇ ਪਿੰਡ 'ਚ ਹੀ ਬਣਾਈ ਹੋਈ 'ਮਹਾਨ ਦੇਸ਼ ਭਗਤ ਪਾਰਕ' ਵਿੱਚ ਸਥਾਪਤ ਕਰਨਗੇ।
ਇਹ ਵੀ ਪੜ੍ਹੋ:

ਤਸਵੀਰ ਸਰੋਤ, jasbir shetra/bbc
ਮਨਜੀਤ ਸਿੰਘ ਗਿੱਲ ਮੁਤਾਬਿਕ ਦੂਜਾ ਆਦਮਕੱਦ ਬੁੱਤ ਵੀ ਉਹ ਜਲਦ ਬਣਾਉਣਾ ਸ਼ੁਰੂ ਕਰ ਦੇਣਗੇ। ਉਹ ਇਸ ਬੁੱਤ 'ਚ ਕੋਈ ਕਮੀ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੇ ਤੇ ਇਸ ਦੀ ਤਿਆਰੀ ਲਈ ਉਹ ਪੂਰੀ ਮਿਹਨਤ ਕਰ ਰਹੇ ਹਨ।

ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਸ ਨੂੰ ਘੇਰ ਕੇ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਕਤਲ ਕੀਤਾ ਜਾਣਾ ਸਮੁੱਚੇ ਸਮਾਜ ਲਈ ਦੁੱਖਦਾਇਕ ਅਤੇ ਪ੍ਰੇਸ਼ਾਨੀ ਵਾਲਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਹੈ।
ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।

ਸਿੱਧੂ ਮੂਸੇਵਾਲਾ ਦੇ ਦੋਸਤਾਂ ਤੇ ਪ੍ਰਸ਼ੰਸਕਾਂ ਨੇ ਮਨਜੀਤ ਸਿੰਘ ਗਿੱਲ ਨੂੰ ਯਾਦਗਾਰ 'ਤੇ ਸਥਾਪਤ ਕਰਨ ਲਈ ਇਹ ਬੁੱਤ ਬਣਾਉਣ ਲਈ ਆਖਿਆ ਹੈ।
ਮੂਸੇਵਾਲਾ ਨਾ ਬੁੱਤਸਾਜ਼ ਦੀ ਕੀ ਸਾਂਝ
ਪਰ ਮਨਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਪਣੀ ਸਾਂਝ ਵੀ ਸਿੱਧੂ ਮੂਸੇਵਾਲਾ ਨਾਲ ਸੀ, ਜਿਸ ਕਰਕੇ ਉਹ ਤਨਦੇਹੀ ਨਾਲ ਇਹ ਕੰਮ ਨੇਪਰੇ ਚਾੜ੍ਹਨਗੇ।
ਮਨਜੀਤ ਗਿੱਲ ਨੇ ਦੱਸਿਆ ਕਿ ਉਸ ਨੇ 2006 'ਚ ਸਮਾਜਿਕ ਤਾਣੇ-ਬਾਣੇ ਤੇ ਸਾਧ-ਬਾਬਿਆਂ ਬਾਰੇ ਇਕ ਗਾਣਾ ਲਿਖ ਕੇ ਸੋਸ਼ਲ ਮੀਡੀਆ 'ਤੇ ਪਾਇਆ ਸੀ।
ਜਿਸ ਨੂੰ ਦੇਖ ਪੜ੍ਹ ਕੇ ਸਿੱਧੂ ਮੂਸੇਵਾਲਾ ਨੇ ਖੁਦ ਉਨ੍ਹਾਂ ਨੂੰ ਫੋਨ ਕਰਕੇ ਵਧਾਈ ਦਿੱਤੀ ਸੀ ਅਤੇ ਪੁੱਛਿਆ ਸੀ ਕਿ ਉਹ ਕਦੋਂ ਤੋਂ ਗਾਣੇ ਲਿਖਦੇ ਹਨ।
ਇਸ 'ਤੇ ਮਨਜੀਤ ਗਿੱਲ ਨੇ ਦੱਸਿਆ ਸੀ ਕਿ ਇਹ ਪਹਿਲਾ ਹੀ ਗਾਣਾ ਹੈ।

ਤਸਵੀਰ ਸਰੋਤ, JASBIR SHAETRA/BBC
ਸਿੱਧੂ ਮੂਸੇਵਾਲਾ ਦਾ ਦੂਜੀ ਵਾਰ ਮਨਜੀਤ ਸਿੰਘ ਗਿੱਲ ਨੂੰ ਕਿਸਾਨ ਸੰਘਰਸ਼ ਦੌਰਾਨ ਉਦੋਂ ਫੋਨ ਆਇਆ ਜਦੋਂ ਮਨਜੀਤ ਸਿੰਘ ਗਿੱਲ ਵੱਲੋਂ ਤਿਆਰ ਕੀਤੀ 'ਬਲਦਾਂ ਦੀ ਜੋੜੀ' ਟਰਾਲੀ ਰਾਹੀਂ ਦਿੱਲੀ ਹੱਦਾਂ 'ਤੇ ਚੱਲਦੇ ਸੰਘਰਸ਼ 'ਚ ਪਹੁੰਚੀ।
ਇਸ 'ਤੇ ਗਾਇਕ ਸਿੱਧੂ ਮੂਸੇਵਾਲਾ ਨੇ ਦੂਜੀ ਵਾਰ ਫ਼ੋਨ ਕਰਕੇ ਮਨਜੀਤ ਗਿੱਲ ਦੀ ਪਿੱਠ ਥਾਪੜੀ ਸੀ।
ਕਿਸਾਨੀ ਅੰਦੋਲਨ ਦੌਰਾਨ ਵੀ ਕਲਾਕਾਰ ਦੀ ਹੋਈ ਸੀ ਚਰਚਾ
ਮਨਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਗੀਤਾਂ ਰਾਹੀਂ ਜਿਸ ਤਰ੍ਹਾਂ ਬੇਬਾਕੀ ਨਾਲ ਸੱਚ ਬਿਆਨਦਾ ਸੀ ਉਸੇ ਕਰਕੇ ਉਸ ਦੇ ਚਾਹੁਣ ਵਾਲੇ ਦੁਨੀਆਂ ਭਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਨ।
ਉਨ੍ਹਾਂ ਨੇ ਕਿਹਾ ਕਿ ਪੰਜ-ਛੇ ਸਾਲ ਦੇ ਛੋਟੇ ਜਿਹੇ ਅਰਸੇ ਦੇ ਕਰੀਅਰ 'ਚ ਦੁਨੀਆਂ ਭਰ 'ਚ ਨਾਮਣਾ ਖੱਟਣ ਵਾਲੇ ਲੱਖਾਂ ਲੋਕਾਂ ਦੇ ਚਹੇਤੇ ਗਾਇਕ ਸਿੱਧੂ ਮੂਸੇਵਾਲਾ ਦਾ ਇਸ ਤਰ੍ਹਾਂ ਚਲੇ ਜਾਣਾ ਅਸਹਿ ਹੈ।
ਉਹ ਹੁਣ ਇਸ ਆਦਮ ਕੱਦ ਬੁੱਤ ਰਾਹੀਂ ਹੀ ਗਾਇਕ ਨੂੰ ਆਪਣੀ ਸ਼ਰਧਾਂਜਲੀ ਦੇਣਾ ਚਾਹੁੰਦੇ ਹਨ।
ਮਨਜੀਤ ਸਿੰਘ ਗਿੱਲ ਤੇ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਦੋਵੇਂ ਬੁੱਤ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਜਲਦ ਇਹ ਤਿਆਰ ਕਰ ਲਏ ਜਾਣਗੇ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਇਹ ਬੁੱਤ ਬਣਾਉਣ ਲਈ ਉਹ ਕੋਈ ਰੁਪਿਆ ਨਹੀਂ ਲੈ ਰਹੇ ਸਗੋਂ ਆਪਣਾ ਇਕ ਤਰ੍ਹਾਂ ਨਾਲ ਫਰਜ਼ ਹੀ ਅਦਾ ਕਰ ਰਹੇ ਹਨ ਕਿਉਂਕਿ ਹੁਣ ਇਸ ਤੋਂ ਵੱਧ ਕੁਝ ਕੀਤਾ ਵੀ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













