ਹਰਪ੍ਰੀਤ ਸਿੰਘ ਦਾ ਅਸਤੀਫ਼ਾ ਸਿੱਖ ਕੌਮ ਤੇ ਜਥੇਦਾਰਾਂ ਦੀ ਸਥਿਤੀ ਬਾਰੇ ਕੀ ਸੰਕੇਤ ਦਿੰਦਾ ਹੈ? ਸਿੱਖ ਸਿਆਸਤ ’ਚ ਕੀ ਬਦਲਾਅ ਆ ਰਹੇ ਹਨ ?

    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਭਾਵੁਕ ਵੀਡੀਓ ਪਾਉਣ ਅਤੇ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਦੇ ਪੱਖ ਵਿੱਚ ਪੰਥਕ ਹਲਕਿਆਂ ਵੱਲੋਂ ‘ਇਸ ਔਖੀ ਘੜੀ’ ਵਿੱਚ ਨਾਲ ਖੜੇ ਹੋਣ ਦੀ ਗੱਲ ਆਖੀ ਜਾ ਰਹੀ ਹੈ।

ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਰੱਦ ਕਰ ਦਿੱਤਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਕੀਤੀ ਬਿਆਨਬਾਜ਼ੀ ਨੂੰ ਕਾਰਨ ਦੱਸਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਰਪ੍ਰੀਤ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਦੀ ਜਾਤ ਅਤੇ ਧੀਆਂ ਬਾਰੇ ਬੋਲਿਆ ਜਾ ਰਿਹਾ ਹੈ।

ਇਸੇ ਦੌਰਾਨ ਹਰਪ੍ਰੀਤ ਸਿੰਘ ਦੀ ਹਮਾਇਤ ਉੱਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਸਾਹਮਣੇ ਆ ਗਏ ਸਨ।

ਕਿਸੇ ਤਖ਼ਤ ਦੇ ਜਥੇਦਾਰ ਵਲੋਂ ਮਜ਼ਬੂਰੀ ਜਾਂ ਗ਼ੈਰ-ਸੁਰੱਖਿਅਤ ਸਥਿਤੀ ਦਾ ਹਵਾਲਾ ਦੇ ਕੇ ਅਸਤੀਫ਼ਾ ਦੇਣਾ ਅਕਾਲ ਤਖ਼ਤ ਅਤੇ ਉਸ ਦੇ ਸਰਵਉੱਚ ਅਹੁਦੇ ਦੇ ਰੁਤਬੇ ਦੀ ਮੌਜੂਦਾ ਸਥਿਤੀ ਉੱਤੇ ਵੀ ਸਵਾਲ ਖੜੇ ਕਰਦਾ ਹੈ।

ਇਸ ਘਟਨਾਕ੍ਰਮ ਨਾਲ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਪਨਪਦਾ ਟਕਰਾਅ ਵੀ ਉਭਰ ਕੇ ਸਾਹਮਣੇ ਆਇਆ ਹੈ।

ਕੀ ਜਥੇਦਾਰਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਖ਼ਿਲਾਫ਼ ਨਵਾਂ ਮੋਰਚਾ ਖੋਲ੍ਹਿਆ ਹੈ

ਸਵਾਲ ਉੱਠ ਰਹੇ ਹਨ ਕਿ ਕੀ ਸਿੱਖ ਪੰਥ ਦੇ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਰੁੱਧ ਮੋਰਚਾ ਖੋਲ੍ਹਿਆ ਹੈ?

ਸਿੱਖ ਮਾਮਲਿਆਂ ਦੇ ਮਾਹਰ ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ ਕਿ ਇਹ ਸਾਰਾ ਘਟਨਾਕ੍ਰਮ ਕਿਸੇ ਵੀ ਰੂਪ ਵਿੱਚ ਅਕਾਲੀ ਦਲ ਖ਼ਿਲਾਫ਼ ਨਹੀਂ ਹੈ ਸਗੋਂ ਅਕਾਲੀ ਦਲ ਤਾਂ ਇੱਕ ਸਮਾਜਿਕ-ਰਾਜਨੀਤਿਕ ਸੰਸਥਾ ਹੈ।

ਗੁਰਦਰਸ਼ਨ ਸਿੰਘ ਮੁਤਾਬਕ, “ਕਦੇ ਵੀ ਕਿਸੇ ਮੁਕੰਮਲ ਸੰਸਥਾ ਨੂੰ ਕਸੂਰਵਾਰ ਨਹੀਂ ਕਿਹਾ ਜਾ ਸਕਦਾ। ਹਾਂ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਜ਼ਰੂਰ ਕਿਹਾ ਜਾ ਸਕਦਾ ਹੈ।”

ਇਸ ਗੱਲ ਨਾਲ ਪੰਥਕ ਮਾਮਲਿਆਂ ਦੇ ਮਾਹਰ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਵੀ ਇਤਫ਼ਾਕ ਰੱਖਦੇ ਹਨ। ਉਹ ਕਹਿੰਦੇ ਹਨ ਕਿ ਇਸ ਨੂੰ ਅਕਾਲੀ ਦਲ ਖ਼ਿਲਾਫ਼ ਮੋਰਚਾ ਕਹਿਣਾ ਠੀਕ ਨਹੀਂ ਹੈ।

“ਇਸ ਸਾਰੇ ਵਰਤਾਰੇ ਨਾਲ ਜਥੇਦਾਰਾਂ ਦੀ ਧਾਰਮਿਕ ਹਸਤੀ ਨੂੰ ਜ਼ਰੂਰ ਠੇਸ ਲੱਗੀ ਹੈ। ਇਹ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਅਕਾਲੀ ਦਲ ਵਿੱਚੋਂ ਅਸਤੀਫ਼ਾ ਦੇ ਕੇ ਬਾਹਰ ਹੋਏ ਵਿਰਸਾ ਸਿੰਘ ਵਲਟੋਹਾ ਨੇ ਜੋ ਕੁਝ ਵੀ ਕਿਹਾ ਉਹ ਸੁਖਬੀਰ ਬਾਦਲ ਦੀ ਸਹਿਮਤੀ ਤੋਂ ਬਿਨ੍ਹਾਂ ਹੋਇਆ ਹੋਵੇ ਅਜਿਹਾ ਨਹੀਂ ਹੋ ਸਕਦਾ।”

ਅਕਾਲ ਤਖ਼ਤ ਦੇ ਜਥੇਦਾਰ ਦੇ ਅਸਤੀਫ਼ੇ ਦੇ ਕੀ ਮਾਅਨੇ ਹਨ

ਗੁਰਦਰਸ਼ਨ ਸਿੰਘ ਢਿੱਲੋਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਸਤੀਫ਼ਾ ਦੇਣ ਵਰਗਾ ਸਖ਼ਤ ਫ਼ੈਸਲਾ ਲੈਣ ਨੂੰ ਮੰਦਭਾਗਾ ਦੱਸਿਆ।

ਇਸ ਮਸਲੇ ਉੱਤੇ ਗੁਰਦਰਸ਼ਨ ਕਹਿੰਦੇ ਹਨ ਕਿ ਸਿੱਖ ਭਾਈਚਾਰੇ ਲਈ ਜਥੇਦਾਰ ਇੱਕ ਅਧਿਆਤਮਿਕ ਇਖ਼ਤਿਆਰ ਵਾਲਾ ਅਹੁਦਾ ਹੈ ਤੇ ਇਹ ਅਧਿਆਤਮਕ ਅਧਿਕਾਰ ਗੁਰੂਆਂ ਵਲੋਂ ਦਿੱਤਾ ਗਿਆ ਹੈ।

ਸਿਆਸੀ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਲਾਏ ਇਲਜ਼ਾਮਾਂ ਵੱਲ ਇਸ਼ਾਰਾ ਕਰਦਿਆਂ ਗੁਰਦਰਸ਼ਨ ਕਹਿੰਦੇ ਹਨ ਕਿ ਤਖ਼ਤ ਦੇ ਜਥੇਦਾਰ ਬਾਰੇ ਗ਼ਲਤ ਬਿਆਨਬਾਜ਼ੀ ਕਰਨਾ ਚੰਗੀ ਗੱਲ ਨਹੀਂ ਹੈ ਅਤੇ ਇਹ ਸਿੱਖੀ ਰਵਾਇਤ ਵੀ ਨਹੀਂ ਹੈ।

ਉਹ ਕਹਿੰਦੇ ਹਨ, “ਜੋ ਮੌਜੂਦਾ ਸਥਿਤੀ ਬਣੀ ਹੈ ਉਹ ਬੇਹੱਦ ਮੰਦਭਾਗੀ ਹੈ। ਇਸ ਹੱਦ ਤੱਕ ਜਥੇਦਾਰ ਸਾਹਿਬਾਨ ਨੂੰ ਮਜ਼ਬੂਰ ਨਹੀਂ ਕਰਨਾ ਚਾਹੀਦਾ ਸੀ ਕਿ ਉਹ ਇਸ ਕਿਸਮ ਦਾ ਸਖ਼ਤ ਕਦਮ ਚੁੱਕਣ। ਸਦੀਆਂ ਦੇ ਸਿੱਖ ਇਤਿਹਾਸ ਵਿੱਚ ਹੁਣ ਤੱਕ ਕਦੇ ਵੀ ਅਜਿਹੇ ਹਾਲਾਤ ਪੈਦਾ ਨਹੀਂ ਹੋਏ।”

“ਹੁਣ ਜਥੇਦਾਰ ਸਾਹਿਬਾਨ ਦੇ ਪੱਧਰ ਉੱਤੇ ਗੁਰੂਆਂ ਦੀ ਵਿਰਾਸਤ ਨੂੰ ਜ਼ਹਿਨ ਵਿੱਚ ਰੱਖਕੇ ਇਸ ਸਥਿਤੀ ਨੂੰ ਸੁਚੱਜੇ ਢੰਗ ਨਾਲ ਨਜਿੱਠਣ ਦੀ ਲੋੜ ਹੈ।”

‘ਜਥੇਦਾਰ ਦੇ ਰੁਤਬੇ ਨੂੰ ਢਾਹ ਲੱਗੀ’

ਅਕਾਲ ਤਖ਼ਤ ਦੀ ਪੰਜਾਬੀਆਂ ਲਈ ਖ਼ਾਸਕਰ ਸਿੱਖ ਭਾਈਚਾਰੇ ਲਈ ਖ਼ਾਸ ਅਹਿਮੀਅਤ ਹੈ। ਐੱਸਜੀਪੀਸੀ ਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੀ ਹੈ।

ਮੌਜੂਦਾ ਸਥਿਤੀ ਵਿੱਚ ਹੋਈਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਸਿਆਸੀ ਤੌਰ ਉੱਤੇ ਨਕਾਰਇਆ ਪਰ ਅਕਾਲ ਤਖ਼ਤ ਅਤੇ ਐੱਸਜੀਪੀਸੀ ਦੀ ਅਹਿਮੀਅਤ ਸਿੱਖਾਂ ਦੇ ਮਨਾਂ ਵਿੱਚ ਮੌਜੂਦ ਹੈ।

ਪਰ ਸਿਆਸੀ ਘਟਨਾਕ੍ਰਮ ਦੇ ਪ੍ਰਤੀਕਰਮ ਵਿੱਚ ਕਿਸੇ ਤਖ਼ਤ ਦੇ ਜਥੇਦਾਰ ਦਾ ਅਸਤੀਫ਼ਾ ਦੇਣਾ ਕਈ ਸਵਾਲ ਖੜੇ ਕਰਦਾ ਹੈ। ਇਹਨਾਂ ਵਿੱਚ ਅਹਿਮ ਹੈ ਕਿ ਕੀ ਅਕਾਲ ਤਖ਼ਤ ਸਣੇ ਦੂਜੀਆਂ ਸਿੱਖ ਸੰਸਥਾਵਾਂ ਦਾ ਰੁਤਬਾ ਘੱਟਿਆ ਹੈ?

ਜਦੋਂ ਇਸ ਬਾਰੇ ਗੁਰਦਰਸ਼ਨ ਸਿੰਘ ਢਿੱਲੋਂ ਨੂੰ ਪੁੱਛਿਆ ਕਿ ਅਕਾਲ ਤਖ਼ਤ ਸਿੱਖਾਂ ਦੀ ਸਰਬਉੱਚ ਸੰਸਥਾ ਹੈ ਅਤੇ ਉਸ ਦਾ ਜਥੇਦਾਰ ਹੋਣਾ ਅਧਿਕਾਰ ਭਰਿਆ ਰੁਤਬਾ ਹੈ, ਜਥੇਦਾਰ ਦੇ ਕਹੇ ਬੋਲਾਂ ਨੂੰ ਸਾਰੇ ਸਵਿਕਾਰਦੇ ਹਨ ਪਰ ਫ਼ਿਰ ਵੀ ਜੇ ਕਿਸੇ ਤਖਤ ਦਾ ਜਥੇਦਾਰ ਕਿਸੇ ਮਸਲੇ ਉੱਤੇ ਇਹ ਕਹੇ ਕਿ ਉਹ ਇਸ ਅਹੁਦੇ ਉੱਤੇ ਕੰਮ ਨਹੀਂ ਕਰ ਸਕਦਾ ਤਾਂ ਕੀ ਮੰਨਿਆ ਜਾਵੇ ਕਿ ਹੁਣ ਉਸ ਦੇ ਅਹੁਦੇ ਦੀ ਅਹਿਮੀਅਤ ਘੱਟ ਗਈ ਹੈ?

ਗੁਰਦਰਸ਼ਨ ਕਹਿੰਦੇ ਹਨ,“ਇਹ ਉਸੇ ਤਰ੍ਹਾਂ ਹੈ ਜਿਵੇਂ ਸੁਪਰੀਮ ਕੋਰਟ ਦਾ ਜੱਜ ਕਹੇ ਕਿ ਮੈਂ ਕਿਸੇ ਮਾਮਲੇ ਵਿੱਚ ਫ਼ੈਸਲਾ ਨਹੀਂ ਲੈ ਸਕਦਾ। ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਰੇ ਤਾਂ ਇਹ ਬੇਸ਼ੱਕ ਮਾੜਾ ਵਰਤਾਰਾ ਹੈ।”

ਉਹ ਕਹਿੰਦੇ ਹਨ, “ਗਿਆਨੀ ਹਰਪ੍ਰੀਤ ਸਿੰਘ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਹ ਤਖ਼ਤ ਦੇ ਜਥੇਦਾਰ ਹੋਣ ਦੇ ਨਾਲ-ਨਾਲ ਧੀਆਂ ਦੇ ਪਿਤਾ ਵੀ ਹਨ।”

ਗੁਰਦਰਸ਼ਨ ਕਹਿੰਦੇ ਹਨ,“ਅਜਿਹੀ ਸਥਿਤੀ ਵਿੱਚ ਇਹ ਸਮਝਣਾ ਚਾਹੀਦਾ ਹੈ ਕਿ ਧੀਆਂ ਖ਼ਿਲਾਫ਼ ਕਿਸੇ ਵੀ ਕਿਸਮ ਦਾ ਰਵੱਈਆ ਮਨੁੱਖਤਾ ਨਹੀਂ ਸਵਿਕਾਰਿਆ ਜਾਂਦਾ। ਮੈਂ ਸਮਝਦਾ ਹਾਂ ਕਿ ਇਹ ਅਸਤੀਫ਼ਾ ਜਥੇਦਾਰ ਨਹੀਂ ਬਲਕਿ ਬੇਬੱਸੀ ਵਿੱਚ ਇੱਕ ਪਿਤਾ ਨੇ ਦਿੱਤਾ ਹੈ।”

“ਇਸੇ ਤਰ੍ਹਾਂ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਜਾਤ ਬਾਰੇ ਵੀ ਟਿੱਪਣੀਆਂ ਕੀਤੀਆਂ ਹਨ। ਜੋ ਕਿ ਬਹੁਤ ਮੰਦਭਾਗਾ ਹੈ। ਸਿੱਖ ਧਰਮ ਵਿੱਚ ਇਹ ਵਰਤਾਰਾ ਮਨਜ਼ੂਰ ਨਹੀਂ ਕੀਤੀ ਜਾ ਸਕਦਾ।”

ਜਸਪਾਲ ਸਿੰਘ ਵੀ ਕਹਿੰਦੇ ਹਨ ਕਿ ਪਰਿਵਾਰਕ ਪੱਧਰ ਉੱਤੇ ਜਾਂ ਇੱਥੋਂ ਤੱਕ ਕਿ ਮਨੁੱਖਤਾ ਦੇ ਪੱਧਰ ਉੱਤੇ ਕਿਸੇ ਵੀ ਵਿਅਕਤੀ ਦੇ ਪਰਿਵਾਰ ਨੂੰ ਤੰਗ-ਪਰੇਸ਼ਾਨ ਕਰਨਾ ਸਵਿਕਾਰਿਆ ਨਹੀਂ ਜਾ ਸਕਦਾ।

ਜਥੇਦਾਰ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਬਾਰੇ ਉਹ ਕਹਿੰਦੇ ਹਨ, “ਜਥੇਦਾਰ ਸਾਹਿਬਾਨ ਨੂੰ ਅਜਿਹੇ ਵਰਤਾਰੇ (ਅਸਤੀਫ਼ੇ) ਲਈ ਮਜ਼ਬੂਰ ਕੀਤਾ ਗਿਆ ਹੈ ਅਤੇ ਇਹ ਸਭ ਸਿਆਸਤ ਤੋਂ ਪ੍ਰੇਰਿਤ ਹੈ। ਪਰ ਇਸ ਨਾਲ ਸਿੱਖਾਂ ਦੇ ਜ਼ਿਹਨ ਵਿੱਚ ਜੋ ਜਥੇਦਾਰਾਂ ਦੀ ਹਸਤੀ ਸੀ ਉਸ ਨੂੰ ਖੋਰਾ ਲੱਗਿਆ ਹੈ।”

“ਇਸ ਘਟਨਾਕ੍ਰਮ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਕਾਲੀ ਦਲ ਸਾਹਮਣੇ ਜਥੇਦਾਰਾਂ ਦੀ ਕੀ ਹੈਸੀਅਤ ਹੈ।”

ਜਸਪਾਲ ਸਿੰਘ ਮੁਤਾਬਕ, “ਅਸਲ ਵਿੱਚ ਜਥੇਦਾਰ ਐੱਸਜੀਪੀਸੀ ਦੇ ਮੁਲਾਜ਼ਮ ਹੁੰਦੇ ਹਨ ਤੇ ਐੱਸਜੀਪੀਸੀ ਅਕਾਲੀ ਦਲ ਦੇ ਕੰਟਰੋਲ ਅਧੀਨ ਹੀ ਹੈ। ਇਸ ਤਰ੍ਹਾਂ ਅੰਤ ਨੂੰ ਜਥੇਦਾਰਾਂ ਨੂੰ ਅਕਾਲੀ ਦਲ ਦੇ ਆਗੂਆਂ ਜਾਂ ਕਹਿ ਲਵੋ ਬਾਦਲ ਪਰਿਵਾਰ ਦੀ ਅਧੀਨਗੀ ਮੰਨਣੀ ਪੈਂਦੀ ਹੈ।”

“ਇਸੇ ਲਈ ਉਨ੍ਹਾਂ ਦਾ ਰੁਤਬਾ ਘਟਿਆ ਹੈ।”

ਅਕਾਲ ਤਖ਼ਤ ਤੇ ਅਕਾਲੀ ਦਲ ਵਿਚਕਾਰ ਟਕਰਾਅ ਦਾ ਅਸਰ

ਅਕਾਲੀ ਦਲ ਦੇ ਸੱਤਾ ਵਿਚਲੇ ਸਮੇਂ ਹੋਈਆਂ ਕਥਿਤ ਭੁੱਲਾਂ ਲਈ ਸੁਖਬੀਰ ਬਾਦਲ ਸਣੇ ਕਈ ਅਕਾਲੀ ਆਗੂ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋ ਚੁੱਕੇ ਹਨ ਅਤੇ ਦਾਅਵਾ ਕੀਤਾ ਹੈ ਕਿ ਅਕਾਲ ਤਖ਼ਤ ਵਲੋਂ ਦਿੱਤੇ ਜਾਣ ਵਾਲੇ ਕਿਸੇ ਵੀ ਹੁਕਮ ਦੀ ਪਾਲਣਾ ਕਰਨ ਨੂੰ ਰਾਜ਼ੀ ਹਨ।

ਪਰ ਹੁਣ ਜੋ ਸਾਬਕਾ ਅਕਾਲੀ ਆਗੂ ਅਤੇ ਜਥੇਦਾਰਾਂ ਦਰਮਿਆਨ ਟਕਰਾਅ ਸਾਹਮਣੇ ਆਇਆ ਹੈ ਉਸ ਦਾ ਅਕਾਲੀ ਦਲ ਉੱਤੇ ਕੀ ਅਸਰ ਪਵੇਗਾ?

ਇਸ ਦੇ ਜਵਾਬ ਵਿੱਚ ਗੁਰਦਰਸ਼ਨ ਸਿੰਘ ਕਹਿੰਦੇ ਹਨ ਕਿ ਅਕਾਲੀ ਦਲ ਸਿੱਖਾਂ ਦੀ ਸਮਾਜਿਕ-ਸਿਆਸੀ ਸੰਸਥਾ ਹੋਣ ਨਾਤੇ ਅਕਾਲ ਤਖ਼ਤ ਅਧੀਨ ਹੈ।

ਉਹ ਕਹਿੰਦੇ ਹਨ ਕਿ ਅਕਾਲੀ ਦਲ ਵਿੱਚ ਕਿਸ ਕਿਸਮ ਦੇ ਲੋਕ ਆਉਂਦੇ ਹਨ। ਇਹ ਜ਼ਰੂਰ ਫ਼ਰਕ ਪਾਏਗਾ।

''ਹਾਂ, ਅਕਾਲੀ ਦਲ ਨੂੰ ਇੱਕ ਸੰਸਥਾ ਦੇ ਰੂਪ ਵਿੱਚ ਢਾਹ ਨਹੀਂ ਲੱਗੇਗੀ ਪਰ ਸਿਆਸੀ ਆਗੂਆਂ ਨੂੰ ਜ਼ਰੂਰ ਲੱਗ ਸਕਦੀ ਹੈ।''

ਜਸਪਾਲ ਸਿੰਘ ਕਹਿੰਦੇ ਹਨ, “ਸੁਖਬੀਰ ਬਾਦਲ ਦਾ ਅਕਾਲ ਤਖ਼ਤ ਉੱਤੇ ਜਾਣਾ ਮਹਿਜ਼ ਸਿੱਖਾਂ ਨੂੰ ਦਿਖਾਉਣਾ ਹੈ ਕਿ ਉਹ ਤਖ਼ਤ ਦੀ ਸਰਵ-ਉੱਚਤਾ ਨੂੰ ਸਵਿਕਾਰਦੇ ਹਨ।”

“ਪਰ ਅਸਲ ਵਿੱਚ ਤਾਂ ਉਹ ਅਕਾਲੀ ਦਲ ਵਿੱਚ ਬਿਹਤਰੀ ਲਈ ਲੋੜੀਂਦੇ ਮੂਲ ਬਦਲਾਵਾਂ ਲਈ ਵੀ ਤਿਆਰ ਨਹੀਂ ਹਨ।”

ਭਵਿੱਖ ਦੀਆਂ ਕੀ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ

ਗੁਰਦਰਸ਼ਨ ਕਹਿੰਦੇ ਹਨ, “ਮੈਂ ਭਵਿੱਖ ਲਈ ਆਸਵੰਦ ਹਾਂ। ਸਿੱਖ ਧਰਮ ਹਮੇਸ਼ਾਂ ਪਹਿਲਾਂ ਨਾਲੋਂ ਮਜ਼ਬੂਤ ਹੀ ਹੋਇਆ ਹੈ। ਹਾਲ ਦੇ ਸਾਲਾਂ ਵਿੱਚ ਵੀ ਸਿੱਖ ਧਰਮ ਵਿਕਸਿਤ ਹੀ ਹੋਇਆ ਹੈ। ਸਿੱਖ ਪਛਾਣ ਦੇ ਮੁੱਦੇ ਉੱਤੇ ਵੀ ਸਿੱਖਾਂ ਨੇ ਮਜ਼ਬੂਤੀ ਨਾਲ ਪਹਿਰਾ ਦਿੱਤਾ ਹੈ।”

ਜਸਪਾਲ ਸਿੰਘ ਭਵਿੱਖ ਬਾਰੇ ਕਹਿੰਦੇ ਹਨ ਕਿ, “ਜਿਸ ਸਮੇਂ ਇਹ ਸੰਸਥਾਵਾਂ (ਅਕਾਲ ਤਖ਼ਤ, ਐੱਸਜੀਪੀਸੀ) ਹੋਂਦ ਵਿੱਚ ਆਈਆਂ ਸਨ, ਹੁਣ ਉਸ ਨਾਲੋਂ ਪ੍ਰਸਥਿਤੀਆਂ ਬਿਲਕੁਲ ਬਦਲ ਚੁੱਕੀਆਂ ਹਨ। ਬਦਲਾਅ ਮਨੁੱਖੀ ਸੱਭਿਅਤਾ ਦਾ ਨਿਯਮ ਹੈ ਅਤੇ ਇਹ ਨਿਰੰਤਰ ਚੱਲਣ ਵਾਲਾ ਵਰਤਾਰਾ ਹੈ।”

“ਹੁਣ ਦੀ ਸਥਿਤੀ ਵਿੱਚ ਜਥੇਦਾਰ ਦੀ ਕੋਈ ਬੁਕਤ ਨਹੀਂ ਹੈ ਤੇ ਭਵਿੱਖ ਵਿੱਚ ਹਾਲਾਤ ਹੋਰ ਮਾੜੇ ਹੀ ਹੋਣੇ ਹਨ। ਖਾਲਸਾ ਰਾਜ ਦਾ ਨਾਅਰਾ ਲਾਉਣ ਵਾਲੇ ਅਕਾਲ ਤਖ਼ਤ ਦੀ ਪ੍ਰਭੂਸੱਤਾ ਨੂੰ ਤਾਂ ਕਾਇਮ ਕਰ ਨਹੀਂ ਸਕੇ ਤਾਂ ਖਾਲਸਾ ਰਾਜ ਕਿਵੇਂ ਆ ਸਕਦਾ ਹੈ।”

“ਮਨੁੱਖ ਨੂੰ ਧਰਮ ਦੀ ਲੋੜ ਹੈ, ਪਰ ਧਰਮ ਜ਼ਰੀਏ ਸੱਤਾ ਚਲਾਉਣਾ ਹੁਣ ਸੰਭਵ ਨਹੀਂ ਬਲਕਿ ਸਥਿਤੀ ਇਹ ਹੈ ਕਿ ਸੱਤਾ ਧਰਮ ਨੂੰ ਚਲਾ ਰਹੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)