ਅਕਾਲ ਤਖ਼ਤ ਜਥੇਦਾਰ ਬੋਲੇ, 'ਜੇ ਹਰਪ੍ਰੀਤ ਸਿੰਘ ਦਾ ਅਸਤੀਫਾ ਪਰਵਾਨ ਕੀਤਾ ਤਾਂ ਅਸੀਂ ਸਾਰੇ ਹੀ ਅਸਤੀਫਾ ਦੇਣ ਲਈ ਮਜਬੂਰ ਹੋਵਾਂਗੇ...'

ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਅਸਤੀਫ਼ਾ ਦੇ ਦਿੱਤਾ ਹੈ।

ਉਨ੍ਹਾਂ ਨੇ ਇੱਕ ਬੇਹੱਦ ਭਾਵੁਕ ਵੀਡੀਓ ਜਾਰੀ ਕਰਦਿਆਂ ਆਪਣੇ ਅਸਤੀਫ਼ੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਨੇ ਵੀਡੀਓ ਵਿੱਚ ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀ ਜਾ ਰਹੀ ਦੀ ਬਿਆਨਬਾਜ਼ੀ ਨੂੰ ਅਸਤੀਫ਼ੇ ਦਾ ਕਾਰਨ ਦੱਸਿਆ ਹੈ।

ਦਰਅਸਲ ਵਿਰਸਾ ਸਿੰਘ ਵਲਟੋਹਾ ਵੱਲ਼ੋਂ ਫੇਸਬੁੱਕ ਪੋਸਟ ਰਾਹੀਂ ਕੁਝ ਇਲਜ਼ਾਮ ਲਗਾਏ ਗਏ ਸਨ, ਇਸ ਮਗਰੋਂ ਜਥੇਦਾਰ ਵੱਲੋਂ ਵਲਟੋਹਾ ਨੂੰ ਸਬੂਤਾਂ ਸਮੇਤ ਪੇਸ਼ ਹੋ ਕੇ ਇਨ੍ਹਾਂ ਇਲਜ਼ਾਮਾਂ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ।

ਹਾਲਾਂਕਿ, ਵਿਰਸਾ ਸਿੰਘ ਨੇ ਲਿਖਤੀ ਰੂਪ ਵਿੱਚ ਆਪਣਾ ਸਪੱਸ਼ਟੀਕਰਨ ਜੱਥੇਦਾਰਾਂ ਸਾਹਮਣੇ ਪੇਸ਼ ਵੀ ਕਰ ਦਿੱਤਾ ਹੈ।

ਜਥੇਦਾਰ ਨੇ ਵੀਡੀਓ ਵਿੱਚ ਕੀ ਕਿਹਾ

ਅੱਜ ਜੇਥਦਾਰ ਵੱਲੋਂ ਜਾਰੀ ਕੀਤੀ ਵੀਡੀਓ ਵਿੱਚ ਉਹ ਬੇਹੱਦ ਭਾਵੁਕ ਨਜ਼ਰ ਆ ਰਹੇ ਹਨ ਅਤੇ ਆਪਣੇ ਅਸਤੀਫ਼ੇ ਦੇ ਨਾਲ-ਨਾਲ, ਆਪਣੀ ਸਕਿਓਰਿਟੀ ਵੀ ਸਰਕਾਰ ਨੂੰ ਵਾਪਸ ਕਰਨ ਬਾਰੇ ਦੱਸ ਰਹੇ ਹਨ।

ਵੀਡੀਓ ਵਿੱਚ ਉਹ ਕਹਿ ਰਹੇ ਹਨ, "ਮੈਂ ਕੌਮ ਨੂੰ, ਆਪਣੇ ਪੰਥ ਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਵਿਰਸਾ ਸਿੰਘ ਵਲਟੋਹਾ, ਜੋ ਲਗਤਾਰ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਕਰ ਰਿਹਾ ਹੈ, ਉਸ ਬਾਰੇ ਕੱਲ੍ਹ ਸ੍ਰੀ ਅਕਾਲ ਤਖ਼ਤ ਤੋਂ ਫ਼ੈਸਲਾ ਸੁਣਾਇਆ ਗਿਆ ਸੀ। ਪਰ ਫਿਰ ਵੀ ਲਗਾਤਾਰ ਹਰ ਘੰਟੇ ਕਿਰਦਾਰਕੁਸ਼ੀ ਕਰ ਰਿਹਾ ਹੈ।"

"ਖ਼ਾਸ ਤੌਰ ʼਤੇ ਮੈਨੂੰ ਨਿਸ਼ਾਨਾ ਬਣਾ ਕੇ, ਪਰ ਹੁਣ ਉਸ ਵੱਲੋਂ ਨਿੱਜਤਾ ਦੀਆਂ ਹੱਦਾਂ ਪਾਰ ਦਿੱਤੀਆਂ ਗਈਆਂ ਹਨ। ਸੁਨੇਹੇ ਭੇਜੇ ਜਾ ਰਹੇ ਹਨ।

ਜਥੇਦਾਰ ਨੇ ਅੱਗੇ ਕਿਹਾ ਕਿ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

"ਸਭ ਤੋਂ ਵੱਡੀ ਗੱਲ ਉਸ ਦੀ ਪੁਸ਼ਤਪਨਾਹੀ ਸ਼੍ਰੋਮਣੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਕਰ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਉਹ ਲੀਡਰ, ਜਿਨ੍ਹਾਂ ਨੂੰ ਪਰੰਪਰਾਵਾਂ ਅਤੇ ਮਰਿਯਾਦਾਵਾਂ ਦਾ ਕੋਈ ਗਿਆਨ ਨਹੀਂ, ਉਹ ਉਸ ਦੀ ਪੁਸ਼ਤਪਨਾਹੀ ਕਰ ਰਿਹਾ ਹੈ।"

"ਵਿਰਸਾ ਵਲਟੋਹੇ ਤੋਂ ਅਸੀਂ ਡਰਨ ਵਾਲੇ ਨਹੀਂ, ਪਰ ਸ਼੍ਰੋਮਣੀ ਅਕਾਲੀ ਦਲ ਦੇ ਥਰਡ ਕਲਾਸ ਨੇਤਾਵਾਂ ਦਾ ਤੇ ਸੋਸ਼ਲ ਮੀਡੀਆ ਵੱਲੋਂ ਉਸ ਦੀ ਪੁਸ਼ਤਪਨਾਹੀ ਕਰਨਾ, ਇਹ ਮਨ ਨੂੰ ਬਹੁਤ ਦੁਖੀ ਕਰਦਾ ਹੈ।"

"ਮੇਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਮਾਮਲੇ ਵਿੱਚ ਖ਼ਾਮੋਸ਼ ਹੈ। ਇਹੋ ਜਿਹੇ ਹਾਲਾਤ ਵਿੱਚ ਅਸੀਂ, ਖ਼ਾਸ ਤੌਰ ʼਤੇ ਮੈਂ ਤਖ਼ਤ ਸਾਹਿਬ ਦੀ ਸੇਵਾ ਨਹੀਂ ਕਰ ਸਕਦਾ।"

ਉਨ੍ਹਾਂ ਨੇ ਭਾਵੁਕਤਾ ਭਰੇ ਸ਼ਬਦਾਂ ਨਾਲ ਅੱਗੇ ਕਿਹਾ, "ਜਿੱਥੇ ਮੈਂ ਜਥੇਦਾਰ ਹਾਂ, ਉੱਥੇ ਮੈਂ ਧੀਆਂ ਦਾ ਪਿਉ ਵੀ ਹਾਂ। ਇਸ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪਣਾ ਅਸਤੀਫ਼ਾ ਦੇ ਰਿਹਾ ਹਾਂ।"

"ਮੇਰੀ ਜਾਤ ਤੱਕ ਪਰਖੀ ਜਾ ਰਹੀ ਹੈ, ਮੈਨੂੰ ਧਮਕੀ ਦਿੱਤੀ ਜਾ ਰਹੀ ਹੈ, ਗ਼ਲਤ-ਗੰਦੇ ਸੁਨੇਹੇ ਭਜਵਾਏ ਜਾ ਰਹੇ ਹਨ ਅਤੇ ਇਹ ਨਿੱਜਤਾ ਦੀਆਂ ਹੱਦਾਂ ਪਾਰ ਕਰਨੀਆਂ ਹਨ।"

ਸਿਕਿਓਰਿਟੀ ਵੀ ਮੋੜੀ

ਉਨ੍ਹਾਂ ਨੇ ਸਿੱਖ ਸੰਪ੍ਰਦਾਵਾਂ, ਜਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰੱਖੀ ਪੱਗ ਨੂੰ ਉਨ੍ਹਾਂ ਨੇ ਦਾਗ਼ ਨਹੀਂ ਲੱਗਣ ਦਿੱਤਾ।

"ਜਦੋਂ ਮੇਰੇ ʼਤੇ ਭਾਜਪਾ ਅਤੇ ਆਰਐੱਸਐੱਸ ਨਾਲ ਜੋੜਨ ਦੀਆਂ ਨਾਪਾਕ ਹਰਕਤਾਂ ਅਸਫ਼ਲ ਰਹੀਆਂ ਤਾਂ ਉਹ ਹੁਣ ਘਟੀਆਂ ਹਰਕਤਾਂ ਕਰ ਰਿਹਾ ਹੈ।"

ਇਸ ਦੌਰਾਨ ਉਨ੍ਹਾਂ ਨੇ ਸੇਵਾਵਾਂ ਦੌਰਾਨ ਹੋਈਆਂ ਗ਼ਲਤੀਆਂ ਲਈ ਕੌਮ ਕੋਲੋਂ ਮੁਆਫ਼ੀ ਮੰਗੀ।

ਉਨ੍ਹਾਂ ਵੀਡੀਓ ਵਿੱਚ ਇਹ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਹੁਣ ਨਿਮਾਣੇ ਸਿੱਖ ਵਜੋਂ ਵਿਚਰਨਾ ਹੈ ਅਤੇ ਭਾਰਤ ਸਰਕਾਰ ਅਤੇ ਪੰਜਾਬ ਆਪਣੀ ਸਿਕਿਓਰਿਟੀ ਵਾਪਸ ਲੈ ਲਏ।

ਉਨ੍ਹਾਂ ਨੇ ਕਿਹਾ ਕਿ ਉਹ ਹੁਣ ਇਸ ਸਕਿਓਰਿਟੀ ਨੂੰ ਨਹੀਂ ਰੱਖ ਸਕਦੇ।

ਅਸਤੀਫ਼ੇ ʼਤੇ ਪ੍ਰਤੀਕਿਰਿਆਵਾਂ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅੱਜ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਰਾਹੀਂ ਮਿਲੀ ਜਾਣਕਾਰੀ ਕਾਰਨ ਮਨ ਬੇਹੱਦ ਦੁਖੀ ਹੋਇਆ ਹੈ।

ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਆਪਣੇ ਬੱਚਿਆਂ ਅਤੇ ਪਰਿਵਾਰ ਲਈ ਮਾੜੀ ਸ਼ਬਦਾਵਲੀ ਵਰਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਉਨ੍ਹਾਂ ਨੇ ਆਪਣਾ ਅਸਤੀਫ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਭੇਜਿਆ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਕੱਲ੍ਹ ਦੀ ਪ੍ਰੈੱਸ ਕਾਨਫਰੰਸ ਵਿੱਚ ਵੀ ਕਿਹਾ ਸੀ ਕਿ ਵਿਦੇਸ਼ਾਂ ਵਿੱਚ ਮੇਰੇ ਬੱਚਿਆਂ ਦੀ ਵੀ ਰੇਕੀ ਕੀਤੀ ਗਈ ਕਿ ਉਹ ਕਿੱਥੇ ਰਹਿੰਦੇ ਹਨ, ਕੀ ਕਰਦੇ ਹਨ, ਉਨ੍ਹਾਂ ਕੋਲ ਕੀ-ਕੀ ਹੈ।"

"ਵਿਰਸਾ ਸਿੰਘ ਵਲਟੋਹਾ ਵੱਲੋਂ ਪੋਸਟਾਂ ਪਾ ਕੇ ਸਿੰਘ ਸਾਹਿਬਾਨ ਨੂੰ ਜ਼ਲੀਲ ਕਰਨ ਦਾ ਯਤਨ, ਬਾਦਸਤੂਰ ਜਾਰੀ ਹੈ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕਰਦਾ ਹਾਂ ਕਿ ਉਨ੍ਹਾਂ ਦਾ ਅਸਤੀਫ਼ਾ ਨਾ ਮਨਜ਼ੂਰ ਕੀਤਾ ਜਾਵੇ।"

"ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਆਪਣੇ ਦਿੱਤੇ ਅਸਤੀਫ਼ੇ ʼਤੇ ਮੁੜ ਵਿਚਾਰ ਜ਼ਰੂਰ ਕਰਨ। ਜੇਕਰ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕੀਤਾ ਜਾਂਦਾ ਹੈ ਤਾਂ ਅਸੀਂ ਸਾਰੇ, ਮੈਂ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਅਸਤੀਫ਼ਾ ਦੇਣ ਲਈ ਮਜਬੂਰ ਹੋ ਜਾਵਾਂਗਾ।"

ਉਨ੍ਹਾਂ ਨੇ ਕਿਹਾ, "ਪੰਥ ਵਿੱਚ ਅਜਿਹਾ ਘਟਨਾਕ੍ਰਮ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਵਾਪਰਿਆ ਹੈ ਕਿ ਕਿਸੇ ਜਥੇਦਾਰ ਦੇ ਪਰਿਵਾਰ ਉੱਤੇ ਵੱਡੀ ਇਲਜ਼ਾਮਤਰਾਸ਼ੀ ਕੀਤੀ ਗਈ ਹੈ। ਕਿਸੇ ਪਰਿਵਾਰ ਤੇ ਕਿਸੇ ਦੀਆਂ ਧੀਆਂ ʼਤੇ ਅਜਿਹੀਆਂ ਮਾੜੀਆਂ ਟਿੱਪਣੀਆਂ ਕਰਨੀਆਂ ਸਿੱਖ ਲਈ ਸ਼ੋਭਾ ਨਹੀਂ ਦਿੰਦੀਆਂ।"

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸਰਪ੍ਰਸਤ ਸਰਦਾਰ ਸੁਖਦੇਵ ਸਿੰਘ ਢੀਡਸਾ ਨੇ ਕਿਹਾ ਹੈ ਕਿ ਅੱਜ ਦਾ ਦਿਨ ਬੜਾ ਮੰਦਭਾਗਾ ਹੈ ਅਤੇ ਮਨ ਨੂੰ ਡੂੰਘੀ ਠੇਸ ਪਹੁੰਚੀ ਹੈ।

ਉਨ੍ਹਾਂ ਨੇ ਕਿਹਾ, "ਅਸੀਂ ਹੀ ਨਹੀਂ, ਸਮੁੱਚੀ ਕੌਮ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨਾਲ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਵੀ ਅਪੀਲ ਕਰਦਾ ਹਾਂ ਕਿ ਅਜਿਹੇ ਫ਼ੈਸਲੇ ਨਾ ਕਰੋ, ਅਜਿਹੀਆਂ ਪਿਰਤਾਂ ਨਾ ਪਾਓ ਜਿਸ ਨਾਲ ਸਾਡੇ ਤਖ਼ਤ ਸਾਹਿਬਾਨਾਂ ਦੀ ਸਰਬਉਚਤਾ ਨੂੰ ਠੇਸ ਪਹੁੰਚੇ।"

"ਅਜਿਹੇ ਕਾਰਨਾਮਿਆਂ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹਾਸ਼ੀਏ ʼਤੇ ਆਇਆ ਹੈ। ਸੋ ਪੰਥ ਦੇ ਵਡੇਰੇ ਹਿਤਾਂ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਕੋਈ ਚੰਗਾ ਹੱਲ ਕੱਢਣ ਤੇ ਅਸਤੀਫ਼ਾ ਨਾ ਮਨਜ਼ੂਰ ਕਰਨ।"

ਉਧਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਸੁੱਚਾ ਸਿੰਘ ਛੋਟੇਪੁੱਰ ਨੇ ਸਾਂਝੇ ਤੌਰ ʼਤੇ ਬਿਆਨ ਜਾਰੀ ਕੀਤਾ।

ਉਨ੍ਹਾਂ ਨੇ ਵੀ ਇਸ ਬਿਆਨ ਵਿੱਚ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਾ ਕਰਨ ਕਿਉਂਕਿ ਅਜਿਹਾ ਕਰਨਾ ਸਿੱਖ ਕੌਮ ਨਾਲ ਬੇਇਨਸਾਫ਼ੀ ਹੋਵੇਗੀ।

ਉਨ੍ਹਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਨੂੰ ਸਿੱਖ ਕੌਮ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ।

ਇਸ ਦੇ ਨਾਲ ਹੀ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ ਜੱਥੇਦਾਰ ਸਾਹਿਬ ਆਪਣੇ ਅਸਤੀਫ਼ੇ ʼਤੇ ਮੁੜ ਗੌਰ ਫ਼ੁਰਮਾਉਣਗੇ।

ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਤੋਂ ਕੱਢਣ ਦਾ ਆਦੇਸ਼

ਦਰਅਸਲ ਵਿਰਸਾ ਸਿੰਘ ਵਲਟੋਹਾ ਨੇ 12 ਅਕਤੂਬਰ ਨੂੰ ਸੁਖਬੀਰ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਐਲਾਨੇ ਜਾਣ ਮਗਰੋਂ ਸਜ਼ਾ ਸੁਣਾਉਣ ਵਿੱਚ ਕੀਤੀ ਜਾ ਰਹੀ ਦੇਰੀ ਦੇ ਸੰਦਰਭ ਵਿੱਚ ਫੇਸਬੁੱਕ ਪੋਸਟ ਸਾਂਝੀ ਕੀਤੀ ਗਈ ਸੀ।

ਉਨ੍ਹਾਂ ਨੇ ਲਿਖਿਆ ਕਿ ਜਥੇਦਾਰ ਸਾਹਿਬਾਨ ਉੱਤੇ ਅੰਦਰਖ਼ਾਤੇ ਬਹੁਤ ਦਬਾਅ ਪਾਇਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਦੰਡ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਗੂਹੀਣ ਵੀ ਕਰਨਾ ਹੈ।

ਵਲਟੋਹਾ ਨੇ ਅੱਗੇ ਲਿਖਿਆ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਬਾਰੇ ਦਬਾਅ ਪਾਉਣ ਵਾਲਿਆਂ ਵਿੱਚ ਕੇਂਦਰੀ ਹਕੂਮਤ ਭਾਜਪਾ ਤੇ ਆਰਐੱਸਐੱਸ ਦੇ ਨਾਲ-ਨਾਲ ਦੇਸ਼ ਵਿਦੇਸ਼ 'ਚ ਬੈਠੇ ਸਿੱਖੀ ਸਰੂਪ ਵਾਲੇ ਉਹ ਲੋਕ ਵੀ ਸ਼ਾਮਲ ਹਨ ਜੋ ਹਮੇਸ਼ਾ ਹੀ ਅਕਾਲੀ ਦਲ ਦੇ ਵਿਰੋਧੀ ਰਹੇ ਹਨ।

ਇਸ ਮਗਰੋਂ ਜਥੇਦਾਰ ਵੱਲੋਂ ਵਲਟੋਹਾ ਨੂੰ ਸਬੂਤਾਂ ਸਮੇਤ ਪੇਸ਼ ਹੋ ਕੇ ਇਨ੍ਹਾਂ ਇਲਜ਼ਾਮਾਂ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਵਿਰਸਾ ਸਿੰਘ ਨੇ ਲਿਖਤੀ ਰੂਪ ਵਿੱਚ ਆਪਣਾ ਸਪੱਸ਼ਟੀਕਰਨ ਜੱਥੇਦਾਰਾਂ ਸਾਹਮਣੇ ਪੇਸ਼ ਵੀ ਕੀਤਾ।

ਇਸ ਤੋਂ ਬਾਅਦ, ਤਖ਼ਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾਂ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ, ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿੱਚੋਂ ਕੱਢਣ ਦਾ ਆਦੇਸ਼ ਦਿੱਤਾ ਸੀ।

ਜਥੇਦਾਰਾਂ ਵੱਲੋਂ ਕਿਹਾ ਗਿਆ ਸੀ ਕਿ ਵਿਰਸਾ ਸਿੰਘ ਵਲਟੋਹਾ ਨੂੰ ਅਹੁਦਿਆਂ ਤੋਂ ਬਰਖ਼ਾਸਤ ਕਰ ਕੇ ਅਗਲੇ 10 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਜਾਏ।

ਅਕਾਲੀ ਦਲ ਦੇ ਨੇਤਾ ਵਿਰਸਾ ਸਿੰਘ ਵਲਟੋਹਾ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਵਲਟੋਹਾ ਤੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਅਤੇ ਵਿਸ਼ਵਾਸਘਾਤ ਕੀਤਾ ਗਿਆ ਅਤੇ ਹਾਜ਼ਰੀ ਮੌਕੇ ਉਨ੍ਹਾਂ ਵੱਲੋਂ ਕੋਈ ਵੀ ਸਬੂਤ ਪੇਸ਼ ਨਹੀ ਕੀਤੇ ਗਏ।

ਹਾਲਾਂਕਿ, ਵਿਰਸਾ ਸਿੰਘ ਵਲਟੋਹਾ ਨੇ ਆਪਣਾ ਸਪੱਸ਼ਟੀਕਰਨ ਕਿਹਾ ਸੀ, "ਮੈਂ ਕਿਸੇ ਵੀ ਜਥੇਦਾਰ ਸਾਹਿਬਾਨ ਦਾ ਜਾਤੀ ਤੌਰ ʼਤੇ ਬਤੌਰ ਇੱਕ ਨਿਮਾਣਾ ਸਿੱਖ ਨਿਰਾਦਰ ਕਰਨ ਬਾਰੇ ਸੋਚ ਵੀ ਨਹੀਂ ਸਕਦਾ।"

"ਜੋ ਕੁਝ ਮੀਡੀਆ ਵਿੱਚ ਬਿਆਨ ਕਰਦਿਆਂ ਮੈਥੋਂ ਫਲੌਅ ਵਿੱਚ ਬੋਲਦਿਆਂ ਹੋਇਆਂ ਜਥੇਦਾਰ ਅਕਾਲ ਤਖ਼ਤ ਸਾਹਬ ਬਾਰੇ ਸ਼ਬਦ ਵਰਤੇ ਗਏ ਹਨ ਉਸ ਦੀ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ। ਗੁਰੂ ਦਾ ਸਿੱਖ ਭੁੱਲਣਹਾਰ ਹੈ। ਮੈਂ ਇਸ ਵਰਤਾਰੇ ਦੀ ਸਾਰੇ ਜਥੇਦਾਰ ਸਾਹਿਬਾਨਾਂ ਅਤੇ ਸਿੰਘ ਸਹਿਬਾਨਾਂ ਤੋਂ ਮਾਫੀ ਮੰਗਦਾ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)