You’re viewing a text-only version of this website that uses less data. View the main version of the website including all images and videos.
ਰਤਨ ਟਾਟਾ ਦੀ 27 ਸਾਲਾ ਮੁੰਡੇ ਨਾਲ ਕਿਵੇਂ ਪਈ ਸੀ ਪੱਕੀ ਯਾਰੀ
ਭਾਰਤ ਦੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦਾ ਬੁੱਧਵਾਰ ਰਾਤ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ।
ਰਤਨ ਟਾਟਾ ਨੇ 86 ਸਾਲ ਦੀ ਉਮਰ ਵਿੱਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਏ।
ਸੱਤ ਅਕਤੂਬਰ ਨੂੰ ਉਨ੍ਹਾਂ ਨੂੰ ਨਿਯਮਤ ਸਿਹਤ ਜਾਂਚ ਲਈ ਹਸਪਤਾਲ ਕਰਵਾਇਆ ਗਿਆ ਸੀ। ਇਹ ਜਾਣਕਾਰੀ ਉਨ੍ਹਾਂ ਨੇ ਖ਼ੁਦ ਐਕਸ ਉੱਤੇ ਪੋਸਟ ਪਾ ਕੇ ਸਾਂਝੀ ਕੀਤੀ ਸੀ।
ਰਤਨ ਟਾਟਾ ਦੇ ਪਿਤਾ ਨਵਲ ਟਾਟਾ ਦੇ ਆਪਣੀ ਪਹਿਲੀ ਪਤਨੀ ਸੂਨੀ ਟਾਟਾ ਤੋਂ ਦੋ ਪੁੱਤਰ ਸਨ, ਰਤਨ ਅਤੇ ਜਿੰਮੀ।
ਰਤਨ ਟਾਟਾ ਮਹਿਜ਼ 10 ਸਾਲਾਂ ਦੇ ਸਨ ਜਦੋਂ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ।
ਰਤਨ ਟਾਟਾ 18 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਨਵਲ ਨੇ ਦੂਜਾ ਵਿਆਹ ਕਰਵਾ ਲਿਆ ਸੀ ਜਦਕਿ ਉਨ੍ਹਾਂ ਦੀ ਮਾਂ ਨੇ ਜਮਸ਼ੇਦਜੀ ਜੀਜਾਭਾਈ ਨਾਲ ਵਿਆਹ ਕਰਵਾ ਲਿਆ।
ਰਤਨ ਟਾਟਾ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਦਾਦੀ ਲੇਡੀ ਨਵਾਜ਼ਭਾਈ ਨੇ ਕੀਤਾ।
ਇਹ ਕਹਾਣੀ ਵਿੱਚ ਉਨ੍ਹਾਂ ਦੀ ਬਜ਼ੁਰਗੀ ਵਿੱਚ ਇੱਕ ਨੌਜਵਾਨ ਨਾਲ ਪਈ ਪੱਕੀ ਦੋਸਤੀ ਬਾਰੇ ਹੈ ਜੋ ਬੀਬੀਸੀ ਪੱਤਰਕਾਰ ਆਕ੍ਰਿਤੀ ਥਾਪਰ ਨੇ ਮਾਰਚ 2020 ਵਿੱਚ ਲਿਖੀ ਸੀ--
ਇੰਸਟਾਗ੍ਰਾਮ ਉੱਤੇ ਵਾਇਰਲ ਇੱਕ ਬਜ਼ੁਰਗ...
ਇੰਸਟਾਗ੍ਰਾਮ ਉੱਤੇ ਬਜ਼ੁਰਗ ਬੰਦੇ ਹਰ ਰੋਜ ਵਾਇਰਲ ਨਹੀਂ ਹੁੰਦੇ। ਖ਼ਾਸ ਕਰਕੇ ਜਦੋਂ 80 ਤੋਂ 89 ਸਾਲਾ ਕੋਈ ਅਰਬਪਤੀ ਕਾਰੋਬਾਰੀ ਹੋਵੇ ਅਤੇ ਉਹ ਇਕੱਲੇ ਰਹਿਣ ਦੇ ਆਦੀ ਹੋਵੇ ਜੋ ਆਪਣਾ ਵਕਾਰ ਸਥਾਪਿਤ ਕਰ ਚੁੱਕਾ ਹੋਵੇ।
ਪਰ ਇਹ ਦੋਸਤੀ ਦੀ ਇੱਕ ਵਿਲੱਖਣ ਕਹਾਣੀ ਹੈ, ਜਿਸ ਕਾਰਨ ਰਤਨ ਟਾਟਾ ਭਾਰਤ ਦੇ ਨਵੇਂ ਸੋਸ਼ਲ ਮੀਡੀਆ ਸਟਾਰ ਵਜੋਂ ਉੱਭਰੇ ਹਨ।
ਦਰਅਸਲ, 27 ਸਾਲਾ ਸ਼ਾਂਤਨੂ ਨਾਇਡੂ ਦੀ ਮਦਦ ਦੇ ਬਿਨਾਂ ਦੁਨੀਆਂ ਇਸ ਨਵੇਂ 'ਮੈਨ ਕਰੱਸ਼' ਦੀ ਖੋਜ ਨਹੀਂ ਕਰ ਸਕਦੀ ਕਿਉਂਕਿ ਸ਼ਾਂਤਨੂ ਉਹ ਵਿਅਕਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਹੈਸ਼ਟੈਗ ਅਤੇ ਟਰੈਂਡ ਬਾਰੇ ਸਿਖਾਇਆ।
ਨਾਇਡੂ ਉਨ੍ਹਾਂ ਦੇ ਸਭ ਤੋਂ ਨੇੜਲੇ ਮਿੱਤਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਸਨ।
ਨਾਇਡੂ ਨੂੰ ਉਮੀਦ ਹੈ ਕਿ ਜਿਸ ਵਿਅਕਤੀ ਨੇ 21 ਸਾਲਾਂ ਤੱਕ ਟਾਟਾ ਸਮੂਹ ਦੀ ਲੂਣ ਤੋਂ ਲੈ ਕੇ ਸੌਫਟਵੇਅਰ ਤੱਕ ਅਗਵਾਈ ਕੀਤੀ, ਦੀਆਂ ਪੁਰਾਣੀਆਂ ਪਰਿਵਾਰਕ ਤਸਵੀਰਾਂ ਲੋਕਾਂ ਨੂੰ ਇਸ ਧਨਾਢ ਸ਼ਖ਼ਸ ਦੀ ਜ਼ਿੰਦਗੀ ਦੀ ਝਲਕ ਦਿਖਾਉਣਗੀਆਂ।
ਇਨ੍ਹਾਂ ਵਿੱਚ ਕੁੱਤਿਆਂ ਦੀਆਂ ਤਸਵੀਰਾਂ ਅਤੇ ਮੋਗੁਲ ਦੇ ਬਚਪਨ ਦੇ ਦਿਨਾਂ ਦੀਆਂ ਤਸਵੀਰਾਂ, ਜਿਨ੍ਹਾਂ ਵਿੱਚ ਉਹ ਪੰਜ ਦਹਾਕੇ ਪੁਰਾਣੀ ਤਸਵੀਰ ਵੀ ਸ਼ਾਮਲ ਹੈ, ਜਿਸ ਨੂੰ ਅੱਧਾ ਮਿਲੀਅਨ ਲੋਕਾਂ ਨੇ ਪਸੰਦ ਕੀਤਾ ਹੈ।
ਇਹ ਦੋਵੇਂ ਇਕੱਠੇ ਸਭ ਕੁਝ ਕਰਦੇ ਸਨ। ਵਾਲ ਕਟਾਉਣ ਤੋਂ ਲੈ ਕੇ ਫ਼ਿਲਮਾਂ ਦੇਖਣ ਤੱਕ। ਉਨ੍ਹਾਂ ਦੀ ਇਹ 'ਅੰਤਰਪੀੜ੍ਹੀ ਵਾਲੀ ਦੋਸਤੀ' ਕਾਫ਼ੀ ਅਸਮਾਨ ਹੋ ਸਕਦੀ ਹੈ, ਪਰ ਨਾਇਡੂ ਦਾ ਕਹਿਣਾ ਹੈ, "ਇਹ ਵੀ ਬਹੁਤ ਖਾਸ ਹੈ।"
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਉਹ ਇੱਕ ਸ਼ਖ਼ਤ ਬੌਸ ਹਨ, ਇੱਕ ਵਧੀਆ ਸਲਾਹਕਾਰ ਅਤੇ ਇੱਕ ਸਮਝਦਾਰ ਦੋਸਤ ਹਨ।"
ਵੱਡੀਆਂ ਅੱਖਾਂ ਅਤੇ ਘੁੰਗਰਾਲੇ ਵਾਲਾਂ ਵਾਲਾ ਇਹ ਸ਼ਖ਼ਸ ਕਿਵੇਂ ਭਾਰਤ ਦੇ ਵਿਸ਼ਵ ਪੱਧਰ ਦੇ ਉੱਘੇ ਕਾਰੋਬਾਰੀਆਂ ਵਿੱਚੋਂ ਇੱਕ ਦਾ ਕਾਰੋਬਾਰੀ ਸਲਾਹਕਾਰ ਤੇ ਵਧੀਆ ਦੋਸਤ ਬਣ ਗਿਆ?
ਰਤਨ ਟਾਟਾ ਤੇ ਨਾਇਡੂ ਦੀ ਦੋਸਤੀ
ਦਰਅਸਲ, ਨਾਇਡੂ ਪੰਜਵੀਂ ਪੀੜ੍ਹੀ ਦੇ ਟਾਟਾ ਕਰਮਚਾਰੀ ਹਨ। ਬੇਸ਼ੱਕ ਉਨ੍ਹਾਂ ਦੇ ਪਰਿਵਾਰ ਦਾ ਟਾਟਾ ਬਰਾਂਡ ਨਾਲ ਗਹਿਰਾ ਰਿਸ਼ਤਾ ਹੈ, ਪਰ ਉਨ੍ਹਾਂ ਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਇਸ ਬਰਾਂਡ ਦੇ ਕਰਤਾ-ਧਰਤਾ ਸ਼ਖ਼ਸ ਨਾਲ ਮਿਲ ਕੇ ਕੰਮ ਕਰਨਗੇ।
ਇਹ ਕੁੱਤਿਆਂ ਪ੍ਰਤੀ ਆਪਸੀ ਪ੍ਰੇਮ ਸੀ ਜਿਸ ਨੇ ਦੋਵਾਂ ਨੂੰ ਇਕੱਠੇ ਕਰ ਦਿੱਤਾ, ਉਦੋਂ ਇਹ ਨੌਜਵਾਨ ਪੱਛਮੀ ਭਾਰਤ ਵਿੱਚ ਪੂਣੇ ਵਿਖੇ ਰਤਨ ਟਾਟਾ ਦੀ ਇੱਕ ਕੰਪਨੀ ਲਈ ਕੰਮ ਕਰ ਰਿਹਾ ਸੀ।
ਉਸ ਸਮੇਂ ਨਾਇਡੂ 'ਮੋਟੋਪਾਜ਼' (Motopaws) ਨਾਂ ਦੀ ਇੱਕ ਸਮਾਜਕ ਐੱਨਜੀਓ ਚਲਾ ਰਹੇ ਸਨ ਜੋ ਆਵਾਰਾ ਕੁੱਤਿਆਂ ਲਈ ਹਨੇਰੇ ਵਿੱਚ ਚਮਕਣ ਵਾਲੇ ਕਾਲਰ ਬਣਾਉਂਦੀ ਹੈ।
ਕੰਪਨੀ ਦੇ ਨਿਊਜ਼ਲੈਟਰ ਵਿੱਚ ਉਨ੍ਹਾਂ ਦੇ ਕਾਰਜ 'ਤੇ ਰੌਸ਼ਨੀ ਪਾਈ ਗਈ ਅਤੇ ਟਾਟਾ ਨੇ ਉਸ ਨੂੰ ਚਿੱਠੀ ਮੁੰਬਈ ਆਉਣ ਲਈ ਆਖਿਆ।
ਟਾਟਾ ਨੇ ਬੀਬੀਸੀ ਨੂੰ ਕੀਤੀ ਇੱਕ ਈਮੇਲ ਵਿੱਚ ਦੱਸਿਆ, "ਸ਼ਾਂਤਨੂ ਅਤੇ ਮੈਂ ਆਵਾਰਾ ਕੁੱਤਿਆਂ ਪ੍ਰਤੀ ਆਪਣੀ ਚਿੰਤਾ ਅਤੇ ਪਿਆਰ ਕਾਰਨ ਮਿਲੇ ਸਨ। ਉਨ੍ਹਾਂ ਨੇ ਕਾਲਜਾਂ ਦੇ ਨੌਜਵਾਨ ਵਿਦਿਆਰਥੀਆਂ ਦੀ ਇੱਕ ਟੀਮ ਦੀ ਅਗਵਾਈ ਕੀਤੀ, ਜਿਨ੍ਹਾਂ ਇਨ੍ਹਾਂ ਕੁੱਤਿਆਂ ਨੂੰ 'ਅਪਣਾਉਣ', ਉਨ੍ਹਾਂ ਨੂੰ ਪਿਆਰ ਕਰਨ, ਭੋਜਨ ਦੇਣ, ਉਨ੍ਹਾਂ ਲਈ ਘਰ ਲੱਭਣ ਅਤੇ ਉਨ੍ਹਾਂ ਨੂੰ ਆਪਣੇਪਣ ਦਾ ਅਹਿਸਾਸ ਦਿਵਾਇਆ ਹੈ।"
ਨਾਇਡੂ ਨੇ ਕਿਹਾ, "ਜਦੋਂ 'ਮੋਟੋਪਾਜ਼' ਆਪਣਾ ਦਾਇਰਾ ਵਧਾ ਰਿਹਾ ਸੀ ਤਾਂ ਅਸੀਂ ਨਜ਼ਦੀਕ ਆ ਗਏ। ਕੰਮਕਾਜ ਨਾਲ ਸਬੰਧਿਤ ਈਮੇਲਾਂ ਹੌਲੀ-ਹੌਲੀ ਇੱਕ ਦੂਜੇ ਬਾਰੇ ਸਵਾਲ ਪੁੱਛਣ ਵਿੱਚ ਬਦਲਣ ਲੱਗੀਆਂ। "
ਪਰ ਜਲਦੀ ਹੀ ਉਨ੍ਹਾਂ ਦੀ ਦੋਸਤੀ ਖਤਮ ਹੋ ਗਈ, ਨਾਇਡੂ ਨੂੰ ਅਮਰੀਕਾ ਵਿੱਚ ਯੂਨੀਵਰਸਿਟੀ ਜਾਣ ਲਈ ਭਾਰਤ ਛੱਡਣਾ ਪਿਆ।
ਉਨ੍ਹਾਂ ਨੇ ਕਿਹਾ, "ਮੈਂ ਸੱਚਮੁੱਚ ਬਹੁਤ ਦੁਖੀ ਸੀ ਕਿਉਂਕਿ ਮੈਨੂੰ ਲੱਗਿਆ ਕਿ ਮੈਂ ਟਾਟਾ ਵਿੱਚ ਇੱਕ ਚੰਗੇ ਦੋਸਤ ਨੂੰ ਮਿਲ ਗਿਆ ਸੀ।"
ਪਰ ਦੋਵਾਂ ਦੇ ਸਬੰਧ ਮਜ਼ਬੂਤ ਹੋਏ। ਨਾਇਡੂ ਕੋਰਨੈੱਲ ਯੂਨੀਵਰਸਿਟੀ ਵਿੱਚ ਪੜ੍ਹ ਕੇ ਟਾਟਾ ਦੇ ਅਲਮਾ ਮੈਟਰ ਬਣੇ ਗਏ, ਯਾਨਿ ਰਤਨ ਟਾਟਾ ਨੇ ਵੀ ਆਪਣੀ ਪੜ੍ਹਾਈ ਇਥੋਂ ਹੀ ਕੀਤੀ ਸੀ।
ਕਾਰੋਬਾਰੀ ਸਲਾਹਕਾਰ
ਨਾਇਡੂ ਨੇ ਜਲਦੀ ਹੀ ਉਨ੍ਹਾਂ ਨੇ ਮੁੰਬਈ ਵਿੱਚ ਇੱਕ ਪਸ਼ੂਆਂ ਦੇ ਹਸਪਤਾਲ ਦਾ ਨਿਰਮਾਣ ਕਰਦੇ ਹੋਏ ਕਾਰੋਬਾਰੀ ਦੇ ਰੂਪ ਵਿੱਚ ਆਪਣੇ ਡਰੀਮ ਪ੍ਰਾਜੈਕਟ 'ਤੇ ਕੰਮ ਸ਼ੁਰੂ ਕੀਤਾ। ਰਤਨ ਟਾਟਾ ਉਨ੍ਹਾਂ ਦੀ ਗ੍ਰੈਜੂਏਸ਼ਨ ਵਿੱਚ ਵੀ ਸ਼ਾਮਲ ਹੋਏ ਸਨ।
ਨਾਇਡੂ ਨੇ ਕਿਹਾ, "ਮੈਂ ਇਸ ਲਈ ਉਨ੍ਹਾਂ ਨੂੰ ਕਿਹਾ ਸੀ ਤੇ ਉਨ੍ਹਾਂ ਨੇ 'ਹਾਂ' ਕਰ ਦਿੱਤੀ ਅਤੇ ਉਸ ਦਿਨ ਉਹ ਉੱਥੇ ਪਹੁੰਚੇ ਵੀ ਸਨ।"
ਨਾਇਡੂ ਨੇ ਭਾਰਤ ਵਾਪਸ ਆ ਕੇ ਟਾਟਾ ਦੇ ਕਾਰੋਬਾਰੀ ਸਲਾਹਕਾਰ ਵਜੋਂ ਵਿੱਚ ਨੌਕਰੀ ਸ਼ੁਰੂ ਕੀਤੀ।
ਉਨ੍ਹਾਂ ਕਿਹਾ, "ਇੱਕ ਮਿੰਟ ਵਿੱਚ ਹੀ ਮੇਰਾ ਸਭ ਕੁਝ ਬਦਲ ਗਿਆ। ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ ਇਸ ਤਰ੍ਹਾਂ ਬਦਲ ਜਾਵੇਗੀ।"
ਰਤਨ ਟਾਟਾ ਨੇ ਬੀਬੀਸੀ ਨੂੰ ਦੱਸਿਆ ਸੀ,"ਮੈਨੂੰ ਸ਼ਾਂਤਨੂ ਦੀ ਫੁਰਤੀ ਅਤੇ ਉਸ ਦੇ ਸਰੋਕਾਰ ਦੇਖ ਕੇ ਬਹੁਤ ਮਜ਼ਾ ਆਉਂਦਾ ਹੈ। ਅਸੀਂ ਇਸ ਦੁਨੀਆ ਵਿੱਚ 'ਕੁੱਤੇ ਦਾ ਕੁੱਤਾ ਵੈਰੀ' ਵਾਲੀ ਗੱਲ ਅਜੇ ਤੱਕ ਵੀ ਬਹੁਤੀ ਨਹੀਂ ਦੇਖੀ।"
ਟਾਟਾ ਦੇ ਕਾਰੋਬਾਰੀ ਸਲਾਹਕਾਰ ਦੇ ਰੂਪ ਵਿੱਚ ਇੱਕ ਆਮ ਦਿਨ ਕਿਵੇਂ ਦਾ ਲੱਗਦਾ ਸੀ?
ਨਾਇਡੂ ਨੇ ਦੱਸਿਆ ਸੀ "ਮੀਟਿੰਗਾਂ ਵਿੱਚ ਮੈਂ ਬਹੁਤ ਨੋਟਸ ਲੈਂਦਾ ਹਾਂ ਅਤੇ ਭਵਿੱਖ ਦੀਆਂ ਚਰਚਾਵਾਂ ਲਈ ਰਿਕਾਰਡ ਰੱਖਦਾ ਹਾਂ। ਜਿਵੇਂ ਜਿਵੇਂ ਟਾਟਾ ਅੱਗੇ ਵਧਦੇ ਹਨ, ਮੈਂ ਉਨ੍ਹਾਂ ਨੂੰ ਦਿਨ ਦੀਆਂ ਘਟਨਾਵਾਂ ਬਾਰੇ ਸੰਖੇਪ ਵਿੱਚ ਦੱਸਣ ਲਈ ਉੱਥੇ ਹੁੰਦਾ ਹਾਂ।"
"ਉਹ ਮੈਨੂੰ ਆਪਣੀਆਂ ਯੋਜਨਾਵਾਂ ਦੱਸਦੇ ਹਨ ਅਤੇ ਅਸੀਂ ਇੱਕ-ਇੱਕ ਕਰਕੇ ਉਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ। ਉਹ ਬਹੁਤ ਕੇਂਦਰਿਤ ਕਰਤਾ ਹਨ-ਬਿਨਾਂ ਰੁਕੇ ਚੱਲਣ ਵਾਲੇ।"
ਟਾਟਾ ਗਰੁੱਪ ਨੂੰ ਓਲਾ ਤੋਂ ਲੈ ਕੇ 73 ਤੋਂ ਜ਼ਿਆਦਾ ਭਾਰਤੀ ਸਟਾਰਟ-ਅਪਸ ਵਿੱਚ ਨਿਵੇਸ਼ ਕਰਨ ਲਈ ਜਾਣਿਆ ਜਾਂਦਾ ਹੈ।
ਇੰਸਟਾਗ੍ਰਾਮ 'ਤੇ ਰਤਨ ਟਾਟਾ
ਟਾਟਾ ਨੇ ਇੰਸਟਾਗ੍ਰਾਮ ਦੀ ਵਰਤੋਂ ਸ਼ੁਰੂ ਕੀਤੀ। ਨਾਇਡੂ ਨੇ ਨੌਜਵਾਨਾਂ ਨਾਲ ਜੁੜਨ ਵਿੱਚ ਉਨ੍ਹਾਂ ਦੀ ਮਦਦ ਕੀਤੀ ਅਤੇ ਸਫ਼ਲ ਸਟਾਰਟ-ਅਪ ਆਧਾਰ ਲਈ ਇੱਕ 'ਨੁਸਖ਼ਾ' ਵੀ ਸਾਂਝਾ ਕੀਤਾ।
ਉਸ ਨੇ ਇਸ 82 ਸਾਲਾ ਵਿਅਕਤੀ ਦੀਆਂ 20 ਸਾਲ ਦੀ ਉਮਰ ਵਾਲੀਆਂ ਤਸਵੀਰਾਂ ਨੂੰ 'ਥ੍ਰੋਬੈਕ ਥਰਸਡੇਅ' ਦੀ ਵਰਤੋਂ ਕਰਕੇ ਸਾਂਝਾ ਕੀਤਾ ਤਾਂ ਕਿ ਉਹ ਇੰਟਰਨੈੱਟ ਦੀ ਦੁਨੀਆਂ ਵਿੱਚ ਚਮਕ ਜਾਣ।
ਪਰ ਇਹ ਸਿਰਫ਼ ਕਾਰੋਬਾਰ ਹੀ ਨਹੀਂ ਹੈ, ਬਲਕਿ ਦੋਵੇਂ ਬਹੁਤ ਚੰਗੇ ਦੋਸਤ ਬਣੇ ਹੋਏ ਸਨ।
ਨਾਇਡੂ ਹੁਣ ਅਕਸਰ ਰਤਨ ਟਾਟਾ ਦੇ ਨਾਲ ਹੀ ਰਹਿੰਦੇ ਸਨ। 'ਵੀਕਐਂਡ ਡਿਨਰ ਇੱਕ ਰਵਾਇਤ ਬਣ ਗਿਆ ਹੈ ਜਿੱਥੇ ਉਹ ਖੁੱਲ੍ਹ ਕੇ ਗੱਲਾਂ ਕਰਦੇ ਸਨ। ਕਈ ਵਾਰ ਅਸੀਂ ਫ਼ਿਲਮਾਂ ਦੇਖਦੇ ਹਾਂ-ਵਿਸ਼ਵ ਯੁੱਧ 'ਤੇ ਕੁਝ ਵੀ ਜੋ ਪਸੰਦ ਹੁੰਦਾ ਹੈ।"
ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਐਕਸ਼ਨ ਕਾਮੇਡੀ ਫ਼ਿਲਮਾਂ ਵੀ ਪਸੰਦ ਹਨ ਜਿਵੇਂ 'ਦਿ ਅਦਰ ਗਾਇਜ਼' ਅਤੇ 'ਦਿ ਲੋਨ ਰੇਂਜਰ'।
ਨਾਇਡੂ ਨੇ ਦੱਸਿਆ ਕਿ ਇਹ ਇਜ਼ਰਾਇਲ ਦੇ ਸੁਰੱਖਿਆ ਬਲ ਜਿਸ ਨੂੰ 'ਫੌਦਾ' ਕਹਿੰਦੇ ਹਨ, ਉਸ ਦੇ ਅਨੁਭਵ ਬਾਰੇ ਇੱਕ ਨੈੱਟਫਲਿੱਕਸ ਸੀਰੀਜ਼ ਹੈ ਜਿਸਨੂੰ ਟਾਟਾ ਬਹੁਤ ਪਸੰਦ ਕਰਦੇ ਸਨ।
ਬੀਬੀਸੀ ਦੀ ਇੱਕ ਰੇਡਿਓ ਇੰਟਰਵਿਊ ਦੌਰਾਨ ਮੈਨੂੰ ਟਾਟਾ ਅਤੇ ਨਾਇਡੂ ਨਾਲ ਮਿਲਣ ਦਾ ਮੌਕਾ ਮਿਲਿਆ।
ਦੋਵਾਂ ਵਿਚਕਾਰ ਬਹੁਤ ਸਾਂਝ ਸੀ, ਟਾਟਾ ਨੇ ਆਪਣੀਆਂ ਰਿਟਾਇਰਮੈਂਟ ਯੋਜਨਾਵਾਂ ਅਤੇ ਕੁੱਤਿਆਂ ਪ੍ਰਤੀ ਪਿਆਰ ਬਾਰੇ ਗੱਲਾਂ ਕੀਤੀਆਂ ਸਨ।
ਨਾਇਡੂ ਮੁਸਕਰਾਉਂਦੇ ਹੋਏ ਦੱਸਦੇ ਹਨ, "ਜੇਕਰ ਮੈਂ ਕਿਸੇ ਕਾਰਨ ਪਰੇਸ਼ਾਨ ਹੁੰਦਾ ਹਾਂ ਜਾਂ ਮੈਨੂੰ ਕੋਈ ਖੁਸ਼ੀ ਹੁੰਦੀ ਹੈ ਤਾਂ ਉਹ ਪਹਿਲੇ ਵਿਅਕਤੀ ਹੋਣਗੇ ਜਿਨ੍ਹਾਂ ਨਾਲ ਮੈਂ ਗੱਲ ਕਰਾਂਗਾ।"
"ਬੁਨਿਆਦ ਉੱਥੇ ਹੈ, ਪਰ ਇਹ ਲਗਾਤਾਰ ਖਿੜਨ ਵਾਲੇ ਦਰੱਖਤ ਦੀ ਵਾਂਗ ਹੈ। ਟਾਟਾ ਹਮੇਸ਼ਾ ਮੇਰੇ ਲਈ ਉਪਲੱਬਧ ਰਹੇ ਹਨ ਅਤੇ ਮੈਂ ਉਨ੍ਹਾਂ ਲਈ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹਾਂ।"
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)