ਜਥੇਦਾਰ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਨਾ-ਮਨਜ਼ੂਰ, 'ਜੇ ਜਥੇਦਾਰਾਂ ਦੀ ਜਾਤ ਪਰਖੀ ਜਾਵੇਗੀ ਤਾਂ ....' ਪੰਥਕ ਹਲਕਿਆਂ 'ਚ ਕੀ-ਕੀ ਸਵਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਨਾ-ਮਨਜ਼ੂਰ ਕਰ ਦਿੱਤਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਬੁੱਧਵਾਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਅਸਤੀਫ਼ਾ ਦਿੱਤਾ ਸੀ।

ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀ ਗਈ ਬਿਆਨਬਾਜ਼ੀ ਨੂੰ ਆਪਣੇ ਅਸਤੀਫ਼ੇ ਦਾ ਮੁੱਖ ਕਾਰਨ ਦੱਸਿਆ ਸੀ।

ਇਸੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਜਥੇਦਾਰ ਹਰਪ੍ਰੀਤ ਸਿੰਘ ਨੂੰ ਉਹਨਾਂ ਦੀ ਰਿਹਾਇਸ਼ 'ਤੇ ਮਿਲਣੀ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ।

ਇਸ ਤੋਂ ਪਹਿਲਾਂ ਅਕਾਲੀ ਦਲ ਨਾਲੋਂ ਅਲੱਗ ਹੋਏ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਕਈ ਬਾਗੀ ਅਕਾਲੀ ਆਗੂ ਵੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਪਹੁੰਚੇ ਅਤੇ ਉਹਨਾਂ ਇਸ ਘਟਨਾਕਰਮ ਨੂੰ ਸਿੱਖ ਪੰਥ ਲਈ ਮਾੜਾ ਕਰਾਰ ਦਿੱਤਾ।

ਇਸ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ।

ਉਨ੍ਹਾਂ ਕਿਹਾ,“ਸਾਰੇ ਪੱਖਾਂ ਨੂੰ ਦੇਖਦੇ ਹੋਏ ਸਿੰਘ ਸਾਹਿਬਾਨ ਜਥੇਦਾਰ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਰੱਦ ਕਰ ਦਿੱਤਾ ਗਿਆ।”

ਹਰਜਿੰਦਰ ਸਿੰਘ ਧਾਮੀ ਨੇ ਕਿਹਾ, “ਤੁਹਾਡੀਆਂ ਸੇਵਾਵਾਂ ਸਿੱਖ ਕੌਮ ਪ੍ਰਤੀ ਸ਼ਲਾਘਾਯੋਗ ਹਨ ਤੇ ਤੁਹਾਡੀਆਂ ਸੇਵਾਵਾਂ ਦੀ ਸ਼੍ਰੋਮਣੀ ਕਮੇਟੀ ਨੂੰ ਭਵਿੱਖ ਵਿੱਚ ਵੀ ਜ਼ਰੂਰਤ ਹੈ। ਮੈਂ ਬੇਨਤੀ ਕਰਦਾ ਕਿ ਜਿਵੇਂ ਅੱਗੇ ਤੁਸੀਂ ਪੰਜ ਸਿੰਘ ਸਾਹਿਬਾਨ ਤਖ਼ਤਾਂ ਦੀ ਅਗਵਾਈ ਕਰਦੇ ਰਹੇ ਹੋ, ਉਸੇ ਤਰ੍ਹਾਂ ਤੁਸੀਂ ਅੱਗੇ ਵੀ ਸਾਡੀ ਯੋਗ ਅਗਵਾਈ ਕਰਨੀ ਹੈ।”

ਐੱਸਜੀਪੀਸੀ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਟਿੱਪਣੀ ਕੀਤੀ ਹੈ।

ਉਨ੍ਹਾਂ ਕਿਹਾ,“ਸਿੰਘ ਸਾਹਿਬਾਨ ਨੇ ਹਦਾਇਤ ਕੀਤੀ ਸੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਕੁਝ ਸ਼ਿਕਾਇਤਾਂ ਹਨ, ਉਸ ਬਾਰੇ ਹਾਲੇ ਕੋਈ ਵੀ ਬਿਆਨ ਨਾ ਦਿੱਤਾ ਜਾਵੇ ਪਰ ਇਸ ਦੇ ਬਾਵਜੂਦ ਕਈ ਲੋਕ ਸਿਆਸੀ ਰੋਟੀਆਂ ਸੇਕ ਰਹੇ ਹਨ।”

ਹਰਜਿੰਦਰ ਸਿੰਘ ਧਾਮੀ ਨੇ ਕਿਹਾ, “ਤਖ਼ਤਾਂ ਦੇ ਸਿੰਘ ਸਾਹਿਬਾਨ ਸਾਡੇ ਸਤਿਕਾਰਤਯੋਗ ਹਨ, ਇਸ ਲਈ ਜਨਤਕ ਤੌਰ ’ਤੇ ਕੁਝ ਕਹਿਣ ਨਾਲੋਂ ਅੰਦਰ ਰਹਿ ਕੋਈ ਸੁਝਾਅ ਜਾਂ ਗੱਲ ਕਰੀ ਜਾਵੇ।”

ਪੰਥਕ ਹਲਕਿਆਂ 'ਚ ਕੀ-ਕੀ ਸਵਾਲ

ਸਾਬਕਾ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ ਦਮਦਮਾ ਸਾਹਿਬ ਵਿਖੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਪਹੁੰਚੇ ਹਨ।

ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਇਸ ਘਟਨਾਕ੍ਰਮ ਨੂੰ ਬੇਹੱਦ ਮੰਦਭਾਗਾ ਦੱਸਿਆ ਹੈ ਅਤੇ ਕਿਹਾ ਕਿ ਕੌਮ ਜ਼ਰੂਰ ਇਸ ਵਰਤਾਰੇ ਵਿੱਚੋਂ ਨਵਾਂ ਰਾਹ ਲੱਭੇਗੀ। ਨਾਲ ਹੀ ਉਨ੍ਹਾਂ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਡੱਟ ਕੇ ਖੜ੍ਹੇ ਹੋਣ ਦੀ ਗੱਲ ਕਹੀ ਹੈ।

ਉਨ੍ਹਾਂ ਨੇ ਕਿਹਾ, "ਉਨ੍ਹਾਂ ਦੀ ਭਾਵੁਕ ਅਪੀਲ ਵਿੱਚ ਉਨ੍ਹਾਂ ਆਪ ਗੱਲ ਕਹੀ ਕਿ ਉਨ੍ਹਾਂ ਦੀ ਜਾਤ ਤੱਕ ਪਰਖੀ ਗਈ, ਉਨ੍ਹਾਂ ਦੇ ਪਰਿਵਾਰ ਤੱਕ ਗੱਲਾਂ ਕੀਤੀਆਂ ਗਈਆਂ, ਉਨ੍ਹਾਂ ਨੂੰ ਨਿੱਜੀ ਤੌਰ ʼਤੇ ਤਾਂ ਚੁਭਦੀਆਂ ਸਨ ਸਗੋਂ ਸੁਣਨ ਵਾਲੇ ਨੂੰ ਵੀ ਚੁਭੀਆਂ।"

ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ, "ਉਸ ਵੇਲੇ ਕੁਦਰਤੀ ਤੌਰ ʼਤੇ ਹੀ ਬੰਦੇ ʼਤੇ ਅਸਰ ਹੁੰਦਾ ਹੈ ਪਰ ਜਿਹੜੇ ਲੋਕ ਜਾਤ ਪਰਖਦੇ ਹਨ, ਉਨ੍ਹਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਗੁਰੂ ਸਾਹਿਬ ਨੇ ਪੰਥ ਦੀ ਸਿਰਜਨਾ ਕੀਤੀ ਸੀ ਤਾਂ ਉਦੋਂ ਵੀ ਅਜਿਹੇ ਸਰਮਾਏਦਾਰਾਂ ਨੇ ਦਲਿਤ ਸਮਾਜ ਦੇ ਲੋਕਾਂ ਨੂੰ ਦਰਕਾਉਣ ਦੀ, ਭਜਾਉਣ ਦੀ ਕੋਸ਼ਿਸ਼ ਕੀਤੀ ਸੀ।"

ਚੰਦੂਮਾਜਰਾ ਨੇ ਅੱਗੇ ਕਿਹਾ, "ਪਰ ਗੁਰੂ ਸਾਹਿਬ ਨੇ ਸਰਮਾਏਦਾਰਾਂ ਦੀ ਪਰਵਾਹ ਨਹੀਂ ਕੀਤੀ ਅਤੇ ਦਲਿਤਾਂ ਨੂੰ, ਕਿਰਤੀਆਂ ਨੂੰ ਅਤੇ ਕਾਮਿਆਂ ਨੂੰ ਮਾਣ ਦਿੱਤਾ ਸੀ। ਤਖ਼ਤਾਂ ʻਤੇ ਕੇਵਲ ਅਮੀਰ ਲੋਕ ਨਹੀਂ ਬੈਠ ਸਕਦੇ, ਤਖ਼ਤਾਂ ਦੀ ਜ਼ਿੰਮੇਦਾਰੀ ਗਰੀਬ, ਕਿਰਤੀ ਬੰਦਾ ਵੀ ਸੰਭਾਵ ਸਕਦਾ ਅਤੇ ਜਾਤ-ਪਾਤ ਦਾ ਤਾਂ ਸਿੱਖੀ ਵਿੱਚ ਵੈਸੇ ਕੋਈ ਸੰਦਰਭ ਨਹੀਂ ਹੈ।"

ਉਹਨਾਂ ਕਿਹਾ, "ਜਥੇਦਾਰ ਦੀ ਭਾਵੁਕ ਅਪੀਲ ʼਤੇ ਸਾਰਿਆਂ ਨੂੰ ਦੁੱਖ ਪਹੁੰਚਿਆ। ਜੇ ਤਖ਼ਤਾਂ ਦੇ ਜਥੇਦਾਰਾਂ ਦੀ ਜਾਤ ਪਰਖੀ ਜਾਵੇਗੀ, ਜੇ ਉਨ੍ਹਾਂ ਨੂੰ ਡਰਾਉਣ ਤੱਕ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਖ਼ਾਸ ਕਰਕੇ ਆਪਣੇ ਆਪ ਨੂੰ ਅਕਾਲੀ ਅਖਵਾਉਣ ਵਾਲੇ ਲੋਕ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਨਹੀਂ ਕਰਨਗੇ ਤਾਂ ਕੌਣ ਕਰੇਗਾ।"

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਆਪਣੇ ਫੇਸਬੁੱਕ ਖਾਤੇ ’ਤੇ ਵੀਡੀਓ ਜਾਰੀ ਕਰ ਕੇ ਸਮੂਹ ਤਖ਼ਤਾਂ ਦੇ ਜਥੇਦਾਰਾਂ ਨਾਲ ਖੜ੍ਹਨ ਦੀ ਗੱਲ ਕਹੀ ਹੈ।

ਉਨ੍ਹਾਂ ਕਿਹਾ, “ਜਥੇਦਾਰ ਹਰਪ੍ਰੀਤ ਸਿੰਘ ਨੂੰ ਆਪਣੇ ਅਸਤੀਫ਼ੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।”

ਉਨ੍ਹਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਦੀ ਅਪੀਲ ਕੀਤੀ ਹੈ ਅਤੇ ਇਸ ਸਾਰੇ ਘਟਨਾਕ੍ਰਮ ਲਈ ਅਕਾਲੀ ਦਲ ਦੀ ਲੀਡਰਸ਼ੀਪ ਨੂੰ ਜ਼ਿੰਮੇਵਾਰ ਠਹਿਰਾਇਆ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ,“ਵਿਰਸਾ ਸਿੰਘ ਵਲਟੋਹਾ ਵੱਲੋਂ ਪੋਸਟਾਂ ਪਾ ਕੇ ਸਿੰਘ ਸਾਹਿਬਾਨ ਨੂੰ ਜ਼ਲੀਲ ਕਰਨ ਦਾ ਯਤਨ, ਬਾਦਸਤੂਰ ਜਾਰੀ ਹੈ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕਰਦਾ ਹਾਂ ਕਿ ਉਨ੍ਹਾਂ ਦਾ ਅਸਤੀਫ਼ਾ ਨਾ ਮਨਜ਼ੂਰ ਕੀਤਾ ਜਾਵੇ।"

"ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਆਪਣੇ ਦਿੱਤੇ ਅਸਤੀਫ਼ੇ ʼਤੇ ਮੁੜ ਵਿਚਾਰ ਜ਼ਰੂਰ ਕਰਨ। ਜੇਕਰ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕੀਤਾ ਜਾਂਦਾ ਹੈ ਤਾਂ ਅਸੀਂ ਸਾਰੇ, ਮੈਂ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਅਸਤੀਫ਼ਾ ਦੇਣ ਲਈ ਮਜਬੂਰ ਹੋ ਜਾਵਾਂਗਾ।"

ਜਥੇਦਾਰ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਵਲਟੋਹਾ ਨੇ ਕੀ-ਕੀ ਕਿਹਾ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਬੀਤੇ ਦਿਨ ਇੱਕ ਭਾਵੁਕ ਵੀਡੀਓ ਜਾਰੀ ਕਰਦਿਆਂ ਆਪਣੇ ਅਸਤੀਫ਼ੇ ਬਾਰੇ ਜਾਣਕਾਰੀ ਦਿੱਤੀ ਸੀ।

ਉਨ੍ਹਾਂ ਨੇ ਵੀਡੀਓ ਵਿੱਚ ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਅਸਤੀਫ਼ੇ ਦਾ ਕਾਰਨ ਦੱਸਿਆ ਹੈ।

ਇਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਫੇਸਬੁੱਕ ’ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਵਾਬ ਦਿੱਤਾ ਹੈ ਅਤੇ ਆਪਣੇ ’ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।

ਉਨ੍ਹਾਂ ਕਿਹਾ, “ਜਿਹੜੇ ਦੋਸ਼ ਮੇਰੇ ’ਤੇ ਲਗਾਏ ਗਏ ਹਨ, ਉਨ੍ਹਾਂ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ। ਜਥੇਦਾਰ ਸਾਹਿਬਾਨ ਮੇਰੇ ਲਈ ਸਤਿਕਾਰਯੋਗ ਹਨ ਅਤੇ ਉਨ੍ਹਾਂ ਦਾ ਪਰਿਵਾਰ ਮੇਰੇ ਆਪਣੇ ਪਰਿਵਾਰ ਵਾਂਗ ਹੈ। ਜੇਕਰ ਉਨ੍ਹਾਂ ਕੋਲ ਇਸ ਮੁਤੱਲਕ ਕੋਈ ਸਬੂਤ ਹਨ ਤਾਂ ਜਨਤਕ ਤੌਰ ’ਤੇ ਪੇਸ਼ ਕਰਨ।”

ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸਿੱਖਾਂ ਦੇ ਸਰਵਉੱਚ ਅਹੁਦੇ ’ਤੇ ਬੈਠੇ ਜਥੇਦਾਰ ਸਾਹਿਬਾਨ ਉਨ੍ਹਾਂ ਦੀ ਕਿਰਦਾਰਕੁਸ਼ੀ ਨਾ ਕਰਨ।

ਜਥੇਦਾਰ ਹਰਪ੍ਰੀਤ ਸਿੰਘ ਨੇ ਜਾਰੀ ਕੀਤੀ ਵੀਡੀਓ ਵਿੱਚ ਆਪਣੇ ਅਸਤੀਫ਼ੇ ਦੇ ਨਾਲ-ਨਾਲ, ਆਪਣੀ ਸਕਿਉਰਿਟੀ ਵੀ ਸਰਕਾਰ ਨੂੰ ਵਾਪਸ ਕਰਨ ਬਾਰੇ ਦੱਸਿਆ ਸੀ।

ਉਨ੍ਹਾਂ ਕਿਹਾ,“ਮੈਂ ਕੌਮ ਨੂੰ, ਆਪਣੇ ਪੰਥ ਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਵਿਰਸਾ ਸਿੰਘ ਵਲਟੋਹਾ, ਜੋ ਲਗਾਤਾਰ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਕਰ ਰਿਹਾ ਹੈ, ਉਸ ਬਾਰੇ ਕੱਲ੍ਹ ਸ੍ਰੀ ਅਕਾਲ ਤਖ਼ਤ ਤੋਂ ਫ਼ੈਸਲਾ ਸੁਣਾਇਆ ਗਿਆ ਸੀ। ਪਰ ਫਿਰ ਵੀ ਲਗਾਤਾਰ ਹਰ ਘੰਟੇ ਕਿਰਦਾਰਕੁਸ਼ੀ ਕਰ ਰਿਹਾ ਹੈ। ਖ਼ਾਸ ਤੌਰ ’ਤੇ ਮੈਨੂੰ ਨਿਸ਼ਾਨਾ ਬਣਾ ਕੇ, ਪਰ ਹੁਣ ਉਸ ਵੱਲੋਂ ਨਿੱਜਤਾ ਦੀਆਂ ਹੱਦਾਂ ਪਾਰ ਦਿੱਤੀਆਂ ਗਈਆਂ ਹਨ।"

ਜਥੇਦਾਰ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

"ਵਿਰਸਾ ਵਲਟੋਹੇ ਤੋਂ ਅਸੀਂ ਡਰਨ ਵਾਲੇ ਨਹੀਂ, ਪਰ ਸ਼੍ਰੋਮਣੀ ਅਕਾਲੀ ਦਲ ਦੇ ਥਰਡ ਕਲਾਸ ਨੇਤਾਵਾਂ ਦੇ ਸੋਸ਼ਲ ਮੀਡੀਆ ਵੱਲੋਂ ਉਸ ਦੀ ਪੁਸ਼ਤਪਨਾਹੀ ਕਰਨਾ, ਇਹ ਮਨ ਨੂੰ ਬਹੁਤ ਦੁਖੀ ਕਰਦਾ ਹੈ। ਮੇਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਮਾਮਲੇ ਵਿੱਚ ਖ਼ਾਮੋਸ਼ ਹੈ। ਇਹੋ ਜਿਹੇ ਹਾਲਾਤ ਵਿੱਚ ਅਸੀਂ, ਖ਼ਾਸ ਤੌਰ ʼਤੇ ਮੈਂ ਤਖ਼ਤ ਸਾਹਿਬ ਦੀ ਸੇਵਾ ਨਹੀਂ ਕਰ ਸਕਦਾ।"

ਉਨ੍ਹਾਂ ਨੇ ਭਾਵੁਕਤਾ ਭਰੇ ਸ਼ਬਦਾਂ ਨਾਲ ਅੱਗੇ ਕਿਹਾ, "ਜਿੱਥੇ ਮੈਂ ਜਥੇਦਾਰ ਹਾਂ, ਉੱਥੇ ਮੈਂ ਧੀਆਂ ਦਾ ਪਿਉ ਵੀ ਹਾਂ। ਇਸ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪਣਾ ਅਸਤੀਫ਼ਾ ਦੇ ਰਿਹਾ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)