You’re viewing a text-only version of this website that uses less data. View the main version of the website including all images and videos.
ਸਮੁੰਦਰ ਵਿਚਾਲੇ, ਪਰਿਵਾਰਾਂ ਤੋਂ ਦੂਰ ਇਨ੍ਹਾਂ ਭਾਰਤੀਆਂ ਨੂੰ ਕੈਦੀਆਂ ਵਾਂਗ ਕਿਉਂ ਰਹਿਣਾ ਪੈ ਰਿਹਾ ਹੈ
- ਲੇਖਕ, ਬਰਨਡ ਡਿਬਾਮਨ ਜੂਨੀਅਰ
- ਰੋਲ, ਬੀਬੀਸੀ ਪੱਤਰਕਾਰ
ਸੋਮਵਾਰ ਨੂੰ ਜਦੋਂ ‘ਡਾਲੀ’ ਨਾਂ ਦੇ ਜਹਾਜ਼ ਨੂੰ ਟੁੱਟ ਚੁੱਕੇ ਪੁਲ ਦੇ ਮਲਬੇ ਤੋਂ ਬਾਹਰ ਕੱਢਣ ਲਈ ਕੰਟਰੋਲਡ ਧਮਾਕੇ ਕੀਤੇ ਗਏ, ਉਦੋਂ ਲਗਭਗ ਦੋ ਦਰਜਨ ਚਾਲਕ ਦਲ ਦੇ ਮੈਂਬਰ ਇਸ ਵਿਸ਼ਾਲ ਜਹਾਜ਼ ਵਿੱਚ ਮੌਜੂਦ ਸਨ।
ਇਕੱਠੇ ਧਮਾਕੇ ਕਰਨ ਨਾਲ ਬਾਲਟੀਮੋਰ ਦੇ ਪ੍ਰਸਿੱਧ ਫ੍ਰਾਂਸਿਸ ਸਕੌਟ ਪੁਲ ਦੇ ਟੁਕੜੇ ਵੀ ਮੈਰੀਲੈਂਡ ਦੀ ਪਟਾਪਸਕੋ ਨਦੀ ਦੇ ਪਾਣੀ ਵਿੱਚ ਡੁੱਬ ਗਏ। ਸੱਤ ਹਫ਼ਤੇ ਪਹਿਲਾਂ ਜਹਾਜ਼ ਦੇ ਪੁਲ ਨਾਲ ਟਕਰਾਉਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਸੀ।
ਪ੍ਰਸ਼ਾਸਨ ਅਤੇ ਚਾਲਕ ਦਲ ਨੂੰ ਉਮੀਦ ਹੈ ਕਿ ਇਹ ਧਮਾਕੇ ਇੱਕ ਲੰਬੀ ਪ੍ਰਕਿਰਿਆ ਦੇ ਅੰਤ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦਾ ਮੰਨਣਾ ਹੈ ਕਿ ਦੁਨੀਆਂ ਤੋਂ ਅਲੱਗ-ਥਲੱਗ ਇਸ ਜਹਾਜ਼ ’ਤੇ ਮੌਜੂਦ 21 ਲੋਕ ਹਜ਼ਾਰਾਂ ਮੀਲ ਦੂਰ ਆਪਣੇ ਘਰਾਂ ਨੂੰ ਜਾ ਸਕਣਗੇ।
ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਲੋਕ ਆਪਣੇ ਘਰ ਕਦੋਂ ਪਰਤ ਸਕਣਗੇ।
298 ਮੀਟਰ ਲੰਬੇ ਜਹਾਜ਼ ਡਾਲੀ ਨੇ ਬਾਲਟੀਮੋਰ ਤੋਂ ਸ਼੍ਰੀਲੰਕਾ ਵੱਲ ਜਾਂਦੇ ਹੋਏ ਆਪਣੇ 27ਵੇਂ ਦਿਨ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਹੀ ਸੀ ਜਦੋਂ ਉਹ ਫ੍ਰਾਂਸਿਸ ਸਕੌਟ ਦੀ ਬ੍ਰਿਜ ਨਾਲ ਟਕਰਾ ਕੇ ਫਸ ਗਿਆ। ਨਤੀਜੇ ਵਜੋਂ ਇਸ ਜਹਾਜ਼ ’ਤੇ ਲੱਦਿਆ ਹਜ਼ਾਰਾਂ ਟਨ ਸਟੀਲ ਅਤੇ ਸੀਮਿੰਟ ਵੀ ਪਟਾਪਸਕੋ ਨਦੀ ਵਿੱਚ ਵਹਿ ਗਿਆ।
ਐੱਨਟੀਐੱਸਬੀ ਦੀ ਸ਼ੁਰੂਆਤੀ ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਘਟਨਾ ਤੋਂ ਪਹਿਲਾਂ ਜਹਾਜ਼ ’ਤੇ ਦੋ ਵਾਰ ਬਲੈਕਆਊਟ ਹੋਇਆ, ਜਿਸ ਨਾਲ ਇਸ ਜਹਾਜ਼ ਦੇ ਕਈ ਉਪਕਰਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੁਰਘਟਨਾ ਤੋਂ ਪਹਿਲਾਂ 10 ਘੰਟਿਆਂ ਦੇ ਅੰਦਰ ਜਹਾਜ਼ ਵਿੱਚ ਦੋ ਵਾਰ ਬਿਜਲੀ ਬੰਦ ਹੋਈ ਸੀ।
ਜਹਾਜ਼ ’ਤੇ ਮੌਜੂਦ ਚਾਲਕ ਦਲ ਵਿੱਚ 20 ਭਾਰਤੀ ਅਤੇ ਇੱਕ ਸ਼੍ਰੀਲੰਕਾ ਦਾ ਨਾਗਰਿਕ ਹੈ। ਇਹ ਲੋਕ ਵੀਜ਼ੇ ਸਬੰਧੀ ਪਾਬੰਦੀਆਂ, ਕਿਸੇ ਤੱਟ ’ਤੇ ਉਤਰਨ ਲਈ ਲਾਜ਼ਮੀ ਪਾਸ ਨਾ ਹੋਣ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (ਐੱਨਟੀਐੱਸਬੀ) ਅਤੇ ਐੱਫਬੀਆਈ ਦੀ ਜਾਂਚ ਦੀ ਵਜ੍ਹਾ ਕਾਰਨ ਜਹਾਜ਼ ਤੋਂ ਉਤਰ ਨਹੀਂ ਸਕੇ ਹਨ।
ਸੋਮਵਾਰ ਨੂੰ ਪ੍ਰਸ਼ਾਸਨ ਨੇ ਜਦੋਂ ਫਸੇ ਹੋਏ ਜਹਾਜ਼ ਨੂੰ ਕੱਢਣ ਲਈ ਜਾਣਬੁੱਝ ਕੇ ਛੋਟੇ ਧਮਾਕੇ ਕੀਤੇ, ਉਦੋਂ ਵੀ ਇਹ ਚਾਲਕ ਦਲ ਜਹਾਜ਼ ’ਤੇ ਹੀ ਰਿਹਾ।
ਇਨ੍ਹਾਂ ਕੰਟਰੋਲਡ ਧਮਾਕਿਆਂ ਤੋਂ ਪਹਿਲਾਂ ਅਮਰੀਕੀ ਕੋਸਟ ਗਾਰਡ ਐਡਮਿਰਲ ਸ਼ੈਨਨ ਗਿਲਰੀਥ ਨੇ ਕਿਹਾ ਕਿ ਚਾਲਕ ਦਲ ਫਾਇਰ ਕਰੂ ਦੇ ਨਾਲ ਡੈੱਕ ਦੇ ਹੇਠ ਹੀ ਰਹੇਗਾ।
ਐਡਮਿਰਲ ਗਿਲਰੀਥ ਨੇ ਕਿਹਾ, ‘‘ਉਹ ਜਹਾਜ਼ ਦਾ ਹਿੱਸਾ ਹਨ। ਜਹਾਜ਼ ਨੂੰ ਚਾਲੂ ਰੱਖਣ ਲਈ ਉਨ੍ਹਾਂ ਦਾ ਹੋਣਾ ਜ਼ਰੂਰੀ ਹੈ।’’
ਇਸ ਹਫ਼ਤੇ ਜਹਾਜ਼ ਦੇ ਬਾਹਰ ਨਿਕਲਣ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਇਹ ਅਸਪੱਸ਼ਟ ਹੈ ਕਿ ਜਹਾਜ਼ ਨੂੰ 3.7 ਕਿਲੋਮੀਟਰ ਦੂਰ ਤੱਟ ਤੱਕ ਕਦੋਂ ਲੈ ਜਾਇਆ ਜਾਵੇਗਾ।
‘ਦੁਖਦਾਈ ਸਥਿਤੀ’
ਜਹਾਜ਼ ’ਤੇ ਮੌਜੂਦ ਚਾਲਕ ਦਲ ਨਾਲ ਜਿਹੜੇ ਲੋਕ ਸੰਪਰਕ ਵਿੱਚ ਹਨ, ਉਨ੍ਹਾਂ ਵਿੱਚੋਂ ਇੱਕ ਜੋਸ਼ੁਆ ਮੇਸਿਕ ਵੀ ਹਨ। ਮੇਸਿਕ ਬਾਲਟੀਮੋਰ ਇੰਟਰਨੈਸ਼ਨਲ ਸੀਫੇਅਰਜ਼ ਸੈਂਟਰ ਦੇ ਸਹਾਇਕ ਨਿਰਦੇਸ਼ਕ ਹਨ।
ਇਹ ਇੱਕ ਗ਼ੈਰ ਲਾਭਕਾਰੀ ਸੰਸਥਾ ਹੈ ਜੋ ਮਰੀਨਰਜ਼ (ਜਹਾਜ਼ ’ਤੇ ਸਫ਼ਰ ਕਰਨ ਵਾਲਿਆਂ) ਦੇ ਅਧਿਕਾਰਾਂ ਲਈ ਕੰਮ ਕਰਦੀ ਹੈ।
ਮੇਸਿਕ ਦੇ ਮੁਤਾਬਕ ਜਾਂਚ ਲਈ ਐੱਫਬੀਆਈ ਨੇ ਚਾਲਕ ਦਲ ਦੇ ਮੈਂਬਰਾਂ ਦੇ ਮੋਬਾਇਲ ਫੋਨ ਜ਼ਬਤ ਕਰ ਲਏ ਹਨ, ਜਿਸ ਦੇ ਬਾਅਦ ਇਹ ਲੋਕ ਕਈ ਹਫ਼ਤੇ ਤੋਂ ਬਾਹਰੀ ਦੁਨੀਆਂ ਤੋਂ ਪੂਰੀ ਤਰ੍ਹਾਂ ਕੱਟ ਚੁੱਕੇ ਹਨ।
ਉਨ੍ਹਾਂ ਨੇ ਕਿਹਾ, ‘‘ਉਹ ਆਨਲਾਈਨ ਬੈਂਕਿੰਗ ਦੀ ਵਰਤੋਂ ਨਹੀਂ ਕਰ ਸਕਦੇ। ਉਹ ਆਪਣੇ ਘਰਾਂ ਦੇ ਬਿਲ ਨਹੀਂ ਭਰ ਸਕਦੇ। ਉਨ੍ਹਾਂ ਕੋਲ ਆਪਣਾ ਕੋਈ ਡੇਟਾ ਜਾ ਕਿਸੇ ਦਾ ਫੋਨ ਨੰਬਰ ਤੱਕ ਨਹੀਂ ਹੈ, ਇਸ ਤਰ੍ਹਾਂ ਇਹ ਲੋਕ ਅਸਲ ਵਿੱਚ ਹੁਣ ਅਲੱਗ-ਥਲੱਗ ਹਨ।
‘‘ਉਹ ਆਪਣੇ ਪਰਿਵਾਰਾਂ ਨਾਲ ਗੱਲ ਨਹੀਂ ਕਰ ਸਕਦੇ ਜਾਂ ਸੌਣ ਤੋਂ ਪਹਿਲਾਂ ਆਪਣੇ ਬੱਚਿਆਂ ਦੀ ਤਸਵੀਰ ਤੱਕ ਨਹੀਂ ਦੇਖ ਸਕਦੇ। ਇਹ ਸੱਚਮੁੱਚ ਦੁਖਦਾਈ ਸਥਿਤੀ ਹੈ।’’
ਜਹਾਜ਼ ’ਤੇ ਮੌਜੂਦ ਚਾਲਕ ਦਲ ਦੀ ਇਸ ਦੁਰਦਸ਼ਾ ਨੇ ਇਨ੍ਹਾਂ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਦੋ ਯੂਨੀਅਨਾਂ ਦਾ ਵੀ ਧਿਆਨ ਖਿੱਚਿਆ ਹੈ। ਇਨ੍ਹਾਂ ਵਿੱਚੋਂ ਇੱਕ ‘ਸਿੰਗਾਪੁਰ ਮੈਰੀਟਾਈਮ ਆਫ਼ੀਸਰਜ਼ ਯੂਨੀਅਨ’ ਹੈ ਅਤੇ ਦੂਜੀ ‘ਸਿੰਗਾਪੁਰ ਆਰਗੇਨਾਈਜੇਸ਼ਨ ਆਫ਼ ਸੀਮੈਨ’ ਹੈ।
11 ਮਈ ਨੂੰ ਸਾਂਝੇ ਕੀਤੇ ਇੱਕ ਬਿਆਨ ਵਿੱਚ ਇਨ੍ਹਾਂ ਯੂਨੀਅਨਾਂ ਨੇ ਕਿਹਾ ਸੀ ਕਿ ‘‘ਭਾਵਨਾਤਮਕ ਸੰਕਟ ਅਤੇ ਅਪਰਾਧਿਕ ਮੁਕੱਦਮੇ ਦੇ ਡਰ ਕਾਰਨ ਇਨ੍ਹਾਂ ਲੋਕਾਂ ਦਾ ਮਨੋਬਲ ਡਿੱਗ ਗਿਆ ਹੈ।’’
ਬਿਆਨ ਵਿੱਚ ਕਰੂ ਮੈਂਬਰਾਂ ਦਾ ਫ਼ੋਨ ‘ਜਲਦੀ ਵਾਪਸ ਕਰਨ’ ਦੀ ਵੀ ਮੰਗ ਕੀਤੀ ਗਈ ਹੈ। ਇਸ ਦੇ ਮੁਤਾਬਕ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਬੰਦ ਹੋਣ ਨਾਲ ਕਰੂ ਮੈਂਬਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ।
ਸੀਫ਼ੇਅਰਰਜ਼ ਇੰਟਰਨੈਸ਼ਨਲ ਯੂਨੀਅਨ ਦੇ ਪ੍ਰਧਾਨ ਡੇਵ ਹਿੰਡੇਲ ਨੇ ਕਿਹਾ, ‘‘ਜਾਂਚ ਕਿੰਨੀ ਵੀ ਲੰਬੀ ਚੱਲੇ, ਚਾਲਕ ਦਲ ਦੇ ਮੈਂਬਰਾਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ।’’
ਉਹ ਕਹਿੰਦੇ ਹਨ, ‘‘ਅਸੀਂ ਅਧਿਕਾਰੀਆਂ ਤੋਂ ਇਸ ਗੱਲ ਦਾ ਧਿਆਨ ਰੱਖਣ ਦੀ ਮੰਗ ਕਰਦੇ ਹਾਂ ਕਿ ਜਹਾਜ਼ ’ਤੇ ਚੱਲਣ ਵਾਲੇ ਲੋਕ ਆਪਣੇ ਨਿੱਜੀ ਕੰਮ, ਬਿਲ ਭੁਗਤਾਨ ਆਦਿ ਮੋਬਾਇਲ ਤੋਂ ਹੀ ਕਰਦੇ ਹਨ। ਇਸ ਤੋਂ ਵੀ ਅਹਿਮ ਇਹ ਹੈ ਕਿ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਲਈ ਫ਼ੋਨ ਰਾਹੀਂ ਹੀ ਪੈਸੇ ਭੇਜਦੇ ਹਨ। ਕਰੂ ਮੈਂਬਰ ਮੁੱਢਲੀਆਂ ਚੀਜ਼ਾਂ ਦੀ ਅਣਹੋਂਦ ਵਿੱਚ ਕਾਫ਼ੀ ਨਿਰਾਸ਼ ਮਹਿਸੂਸ ਕਰ ਰਹੇ ਹਨ।’’
ਬਾਲਟੀਮੋਰ ਤੋਂ ਆਉਣ ਵਾਲੇ ਜਹਾਜ਼ਾਂ ਦਾ ਲੇਖਾ-ਜੋਖਾ ਰੱਖਣ ਵਾਲੇ ਇੱਕ ਪ੍ਰੋਗਰਾਮ ‘ਅਪੋਸਟਲਸ਼ਿਪ ਆਫ਼ ਸੀ’ ਚਲਾਉਣ ਵਾਲੇ ਐਂਡਰਿਊ ਮਿਡਲਟਨ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਦੋ ਹਫ਼ਤੇ ਪਹਿਲਾਂ ਚਾਲਕ ਦਲ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਇੰਨੀ ਚਿੰਤਾ ਦੇ ਬਾਵਜੂਦ ਉਨ੍ਹਾਂ ਵਿੱਚ ਇੱਕ ‘ਸਕਾਰਾਤਮਕਤਾ’ ਦੇਖੀ ਗਈ।
ਉਨ੍ਹਾਂ ਨੇ ਕਿਹਾ, ‘‘ਇੱਕ ਵਾਰ ਜਦੋਂ ਅਸੀਂ ਉਨ੍ਹਾਂ ਤੋਂ ਨਾਂ ਪੁੱਛਿਆ ਅਤੇ ਇਹ ਜਾਣਨਾ ਚਾਹਿਆ ਕਿ ਉਹ ਭਾਰਤ ਦੇ ਕਿਸ ਹਿੱਸੇ ਤੋਂ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਸ਼ਾਦੀਸ਼ੁਦਾ ਹਨ ਜਾਂ ਉਨ੍ਹਾਂ ਦੇ ਬੱਚੇ ਹਨ ਤਾਂ ਫਿਰ ਸਾਨੂੰ ਇਸ ਵਿੱਚ ਸਫਲਤਾ ਮਿਲ ਗਈ।”
‘‘ਇਸ ਦੇ ਬਾਅਦ ਉਹ ਇੱਕ-ਦੂਜੇ ਨਾਲ ਥੋੜ੍ਹਾ ਹਾਸਾ ਮਜ਼ਾਕ ਕਰਨ ਲੱਗੇ। ਕੁਝ ਪਲਾਂ ਲਈ ਉਨ੍ਹਾਂ ਦਾ ਧਿਆਨ ਚਿੰਤਾ ਨਾਲ ਭਰੇ ਹੋਏ ਘਟਨਾਕ੍ਰਮ ਤੋਂ ਹਟਾਉਣ ਲਈ ਅਸੀਂ ਪੂਰੀ ਕੋਸ਼ਿਸ਼ ਕੀਤੀ।’’
ਅੱਗੇ ਕੀ ਹੋਵੇਗਾ?
ਮੇਸਿਕ ਦੱਸਦੇ ਹਨ ਕਿ ਫਿਲਹਾਲ ਜਹਾਜ਼ ’ਤੇ ਮੌਜੂਦ ਲੋਕਾਂ ਨੂੰ ਸਿਮ ਕਾਰਡ ਅਤੇ ਟੈਂਪਰੇਰੀ ਮੋਬਾਇਲ ਫੋਨ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਇੰਟਰਨੈੱਟ ਨਹੀਂ ਹੈ।
ਇਨ੍ਹਾਂ ਨੂੰ ਅਲੱਗ-ਅਲੱਗ ਕਮਿਊਨਿਟੀ ਗਰੁੱਪਾਂ ਅਤੇ ਕੁਝ ਹੋਰ ਲੋਕਾਂ ਨੇ ਵੀ ਖਾਣ-ਪੀਣ ਦੀਆਂ ਚੀਜ਼ਾਂ, ਰਜ਼ਾਈਆਂ ਆਦਿ ਪਹੁੰਚਾਈਆਂ ਹਨ।
ਬੀਬੀਸੀ ਨੇ ਡਾਲੀ ਅਤੇ ਪੁਲ ਦੇ ਢਹਿਣ ਦੇ ਬਾਅਦ ਸਰਕਾਰੀ ਕਾਰਵਾਈ ਦੀ ਨਿਗਰਾਨੀ ਕਰਨ ਵਾਲੀ ‘ਯੂਨੀਫਾਈਡ ਕਮਾਂਡ’ ਨਾਲ ਸੰਪਰਕ ਕੀਤਾ ਤਾਂ ਕਿ ਇਹ ਸਪੱਸ਼ਟ ਹੋ ਸਕੇ ਕਿ ਚਾਲਕ ਦਲ ਦੇ ਮੈਂਬਰ ਜਹਾਜ਼ ਤੋਂ ਕਦੋਂ ਬਾਹਰ ਨਿਕਲ ਸਕਣਗੇ ਅਤੇ ਉਨ੍ਹਾਂ ਨੂੰ ਕਦੋਂ ਵਾਪਸ ਘਰ ਭੇਜਿਆ ਜਾਵੇਗਾ।
ਡਾਲੀ ਦਾ ਸੰਚਾਲਨ ਦੇਖਣ ਵਾਲੀ ਸਿੰਗਾਪੁਰ ਦੀ ਕੰਪਨੀ ਸਿਨਰਜੀ ਮਰੀਨ ਦੇ ਬੁਲਾਰੇ ਡੈਰੇਲ ਵਿਲਸਨ ਨੇ ਬੀਬੀਸੀ ਨੂੰ ਦੱਸਿਆ ਕਿ ‘‘ਚੰਗੀ ਤਰ੍ਹਾਂ ਨਾਲ ਸਥਿਤੀ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਬਾਲਟੀਮੋਰ ਭੇਜੇ ਗਏ ਕੰਪਨੀ ਦੇ ਪ੍ਰਤੀਨਿਧ ਪਹਿਲੇ ਦਿਨ ਤੋਂ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ।’’
ਵਿਲਸਨ ਨੇ ਕਿਹਾ, ‘‘ਸਾਡੀ ਸਮਰੱਥਾ ਦੇ ਅਨੁਸਾਰ ਉਨ੍ਹਾਂ ਦੀ ਹਰ ਜ਼ਰੂਰਤ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ। ਭਾਰਤ ਵਿੱਚ ਬਣਿਆ ਖਾਣਾ ਵੀ ਜਹਾਜ਼ ’ਤੇ ਭੇਜਿਆ ਜਾ ਰਿਹਾ ਹੈ ਤਾਂ ਕਿ ਉੱਥੇ ਖਾਣਾ ਬਣਾਉਣ ਵਾਲਿਆਂ ਨੂੰ ਆਰਾਮ ਮਿਲ ਸਕੇ।’’
ਬਹੁਤ ਸਾਰੇ ਧਾਰਮਿਕ ਗੁਰੂ ਜਹਾਜ਼ ’ਤੇ ਸਵਾਰ ਲੋਕਾਂ ਦੀ ਸੇਵਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਭਾਵਨਾਤਮਕ ਰੂਪ ਨਾਲ ਹੌਸਲਾ ਵੀ ਦੇ ਰਹੇ ਹਨ।
ਵਿਲਸਨ ਕਹਿੰਦੇ ਹਨ, ‘‘ਇਹ ਸਾਡੇ ਲਈ ਬਹੁਤ ਛੋਟੀ ਚੀਜ਼ ਹੈ, ਪਰ ਇਸ ਨਾਲ ਬਹੁਤ ਹਿੰਮਤ ਮਿਲਦੀ ਹੈ।’’
ਹਾਲਾਂਕਿ, ਉਹ ਇਹ ਨਹੀਂ ਦੱਸ ਸਕੇ ਕਿ ਕਰੂ ਮੈਂਬਰ ਕਦੋਂ ਜਹਾਜ਼ ਤੋਂ ਆਉਣਗੇ। ਉਹ ਕਹਿੰਦੇ ਹਨ ਕਿ ਜਾਂਚ ਜਾਰੀ ਹੈ ਅਤੇ ਜਹਾਜ਼ ਨੂੰ ਇਨ੍ਹਾਂ ਲੋਕਾਂ ਤੋਂ ਬਿਹਤਰ ਹੋਰ ਕੋਈ ਨਹੀਂ ਜਾਣ ਸਕਦਾ। ਇਹ ਲੋਕ ਜਹਾਜ਼ ਦੇ ਸੰਚਾਲਨ ਦਾ ਅਭਿੰਨ ਹਿੱਸਾ ਹਨ।
ਮੇਸਿਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜਹਾਜ਼ ਸ਼ਿਪਿੰਗ ਚੈਨਲ ਤੋਂ ਜਿਵੇਂ ਹੀ ਬਾਹਰ ਨਿਕਲੇਗਾ, ਉਹ ਭਾਵਨਾਤਮਕ ਸਹਾਰਾ ਦੇਣ ਲਈ ਜਹਾਜ਼ ’ਤੇ ਚੜ੍ਹ ਜਾਣਗੇ।
ਉਨ੍ਹਾਂ ਦਾ ਮੰਨਣਾ ਹੈ ਕਿ ਚਾਲਕ ਦਲ ਦੇ ਛੋਟੇ-ਛੋਟੇ ਸਮੂਹ, ਸ਼ਾਇਦ ਪੰਜ-ਪੰਜ ਲੋਕਾਂ ਨੂੰ ਜਲਦੀ ਹੀ ਕਿਸੇ ਤੱਟ ’ਤੇ ਉਤਰਨ ਲਈ ਜ਼ਰੂਰੀ ਪਾਸ ਮਿਲ ਜਾਵੇਗਾ। ਹਾਲਾਂਕਿ, ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਸਖ਼ਤ ਪਾਬੰਦੀਆਂ ਹੋਣਗੀਆਂ।
ਉਦਾਹਰਨ ਲਈ, ਹੋ ਸਕਦਾ ਹੈ ਕਿ ਉਹ ਜਦੋਂ ਤੱਕ ਤੱਟੀ ਇਲਾਕੇ ਵਿੱਚ ਰਹਿਣ, ਉਨ੍ਹਾਂ ਨੂੰ ਹਰ ਸਮੇਂ ਆਪਣੇ ਨਾਲ ਕਿਸੇ ਇੱਕ ਸੁਰੱਖਿਆ ਕਰਮਚਾਰੀ ਨੂੰ ਰੱਖਣਾ ਪਏ।
ਉਨ੍ਹਾਂ ਨੇ ਕਿਹਾ, ‘‘ਮੈਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਜਹਾਜ਼ ’ਤੇ ਮੌਜੂਦ ਲੋਕ ਕੀ ਕਰਨਾ ਚਾਹੁੰਦੇ ਹਨ। ਮੈਂ ਨਹੀਂ ਚਾਹੁੰਦਾ ਕਿ ਉਹ ਉਨ੍ਹਾਂ ਚੀਜ਼ਾਂ ਵਿੱਚ ਉਲਝਣ ਜੋ ਉਨ੍ਹਾਂ ਨੂੰ ਪਸੰਦ ਨਾ ਹੋਣ। ਇਸ ਲਈ ਮੈਂ ਇੱਕ ਸਥਾਨਕ ਕ੍ਰਿਕੇਟ ਕਲੱਬ ਨਾਲ ਸੰਪਰਕ ਕੀਤਾ ਹੈ ਤਾਂ ਕਿ ਉਹ ਇਹ ਦੱਸ ਸਕੇ ਕਿ ਕੀ ਕੋਈ ਮੈਚ ਕਰਵਾਇਆ ਜਾ ਸਕਦਾ ਹੈ।’’
ਮੇਸਿਕ ਨੇ ਕਿਹਾ ਕਿ ਚਾਲਕ ਦਲ ਦੇ ਕੁਝ ਮੈਂਬਰਾਂ ਜਿਵੇਂ ਕਿ ਜਹਾਜ਼ ਦੇ ਕੈਪਟਨ ਨੇ ਕੁਦਰਤ ਦੇ ਵਿਚਕਾਰ ਸਿਰਫ਼ ਸ਼ਾਂਤ ਮਨ ਨਾਲ ਬੈਠਣ ਦੀ ਰੁਚੀ ਦਿਖਾਈ ਹੈ।
ਉਹ ਕਹਿੰਦੇ ਹਨ, ‘‘ਅਸੀਂ ਬਸ ਉਨ੍ਹਾਂ ਨੂੰ ਖੁੱਲ੍ਹੀ ਹਵਾ ਵਿੱਚ ਸਾਹ ਲੈਣ ਵਿੱਚ ਮਦਦ ਕਰਨਾ ਚਾਹੁੰਦੇ ਹਾਂ। ਉਹ ਪੂਰਾ ਸਮਾਂ ਜਹਾਜ਼ ਵਿੱਚ ਬੰਦ ਹਨ। ਉਨ੍ਹਾਂ ਨੂੰ ਵੀ ਆਜ਼ਾਦੀ ਦਾ ਆਨੰਦ ਲੈਣਾ ਚਾਹੀਦਾ ਹੈ, ਜਿਸ ਦਾ ਆਨੰਦ ਅਸੀਂ ਰੋਜ਼ਾਨਾ ਲੈਂਦੇ ਹਾਂ।’’