You’re viewing a text-only version of this website that uses less data. View the main version of the website including all images and videos.
ਦੂਜਾ ਵਿਸ਼ਵ ਯੁੱਧ: ਜਦੋਂ 600 ਅਮਰੀਕੀ ਜਹਾਜ਼ ਹਿਮਾਲਿਆ ਵਿੱਚ ਦੁਰਘਟਨਾਗ੍ਰਸਤ ਹੋ ਗਏ
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਿੱਚ ਇੱਕ ਨਵੇਂ ਖੋਲ੍ਹੇ ਗਏ ਅਜਾਇਬ ਘਰ ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਹਿਮਾਲਿਆ ਵਿੱਚ ਦੁਰਘਟਨਾਗ੍ਰਸਤ ਹੋਏ ਅਮਰੀਕੀ ਜਹਾਜ਼ਾਂ ਦੇ ਅਵਸ਼ੇਸ਼ ਰੱਖੇ ਗਏ ਹਨ।
ਇਸ ਰਿਪੋਰਟ ਵਿੱਚ ਇੱਕ ਸਾਹਸੀ ਤੇ ਜੋਖਮ ਭਰੇ ਹਵਾਈ ਆਪ੍ਰੇਸ਼ਨ ਬਾਰੇ ਦੱਸਿਆ ਗਿਆ ਹੈ ਜੋ ਉਦੋਂ ਹੋਇਆ ਜਦੋਂ ਵਿਸ਼ਵ ਯੁੱਧ ਭਾਰਤ ਵਿੱਚ ਪਹੁੰਚ ਗਿਆ ਸੀ।
2009 ਤੋਂ ਭਾਰਤੀ ਅਤੇ ਅਮਰੀਕੀ ਟੀਮਾਂ ਨੇ ਭਾਰਤ ਦੇ ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਵਿੱਚ ਪਹਾੜਾਂ ਦੀ ਖਾਕ ਛਾਣੀ।
80 ਸਾਲ ਪਹਿਲਾਂ ਇੱਥੇ ਦੁਰਘਟਨਾਗ੍ਰਸਤ ਹੋਏ ਸੈਂਕੜੇ ਜਹਾਜ਼ਾਂ ਦੇ ਗੁਆਚੇ ਅਮਲਾ ਦਲ ਦੇ ਮਲਬੇ ਅਤੇ ਅਵਸ਼ੇਸ਼ਾਂ ਦੀ ਭਾਲ ਕੀਤੀ।
ਅਨੁਮਾਨ ਹੈ ਕਿ ਲਗਭਗ 600 ਅਮਰੀਕੀ ਟਰਾਂਸਪੋਰਟ ਜਹਾਜ਼ ਦੂਰ-ਦੁਰਾਡੇ ਖੇਤਰ ਵਿੱਚ ਦੁਰਘਟਨਾਗ੍ਰਸਤ ਹੋ ਗਏ। ਇਸ ਨਾਲ ਭਾਰਤ ਵਿੱਚ 42 ਮਹੀਨੇ ਤੱਕ ਚੱਲੇ ਦੂਜੇ ਵਿਸ਼ਵ ਯੁੱਧ ਦੇ ਜ਼ਿਕਰਯੋਗ ਅਤੇ ਅਕਸਰ ਭੁਲਾ ਦਿੱਤੇ ਜਾਣ ਵਾਲੇ ਸੈਨਿਕ ਅਭਿਆਨ ਦੌਰਾਨ ਘੱਟ ਤੋਂ ਘੱਟ 1,500 ਹਵਾਈ ਫ਼ੌਜੀਆਂ ਅਤੇ ਯਾਤਰੀਆਂ ਦੀ ਮੌਤ ਹੋ ਗਈ ਸੀ।
ਮਰਨ ਵਾਲਿਆਂ ਵਿੱਚ ਅਮਰੀਕੀ ਅਤੇ ਚੀਨੀ ਪਾਇਲਟ, ਰੇਡੀਓ ਆਪਰੇਟਰ ਅਤੇ ਫੌਜੀ ਸ਼ਾਮਲ ਸਨ।
650,000 ਟਨ ਜੰਗੀ ਸਾਜ਼ੋ ਸਮਾਨ ਦੀ ਸਪਲਾਈ
ਆਪ੍ਰੇਸ਼ਨ ਦੌਰਾਨ ਕੁਨਮਿੰਗ ਅਤੇ ਚੁੰਗਕਿੰਗ (ਜਿਸ ਨੂੰ ਹੁਣ ਚੋਂਗਕਿੰਗ ਕਿਹਾ ਜਾਂਦਾ ਹੈ) ਵਿੱਚ ਚੀਨੀ ਬਲਾਂ ਦੀ ਮਦਦ ਕਰਨ ਲਈ ਭਾਰਤੀ ਸੂਬਿਆਂ ਅਸਾਮ ਅਤੇ ਬੰਗਾਲ ਤੋਂ ਮਹੱਤਵਪੂਰਨ ਹਵਾਈ ਆਵਾਜਾਈ ਮਾਰਗ ਬਣਾ ਕੇ ਰੱਖਿਆ ਗਿਆ।
ਧੁਰੀ ਸ਼ਕਤੀਆਂ (ਜਰਮਨੀ, ਇਟਲੀ, ਜਾਪਾਨ) ਅਤੇ ਮਿੱਤਰ ਦੇਸ਼ਾਂ (ਫਰਾਂਸ, ਗ੍ਰੇਟ ਬ੍ਰਿਟੇਨ, ਅਮਰੀਕਾ, ਸੋਵੀਅਤ ਯੂਨੀਅਨ, ਚੀਨ) ਵਿਚਕਾਰ ਯੁੱਧ ਬ੍ਰਿਟਿਸ਼ ਸ਼ਾਸਿਤ ਭਾਰਤ ਦੇ ਉੱਤਰ-ਪੂਰਬੀ ਹਿੱਸੇ ਤੱਕ ਪਹੁੰਚ ਗਿਆ ਸੀ।
ਭਾਰਤ ਦੀਆਂ ਸਰਹੱਦਾਂ ’ਤੇ ਜਾਪਾਨੀਆਂ ਦੇ ਅੱਗੇ ਵਧਣ ਤੋਂ ਬਾਅਦ ਹਵਾਈ ਕੋਰੀਡੋਰ ਇੱਕ ਜੀਵਨ ਰੇਖਾ ਬਣ ਗਿਆ, ਜਿਸ ਨੇ ਉੱਤਰੀ ਮਿਆਂਮਾਰ (ਉਸ ਸਮੇਂ ਬਰਮਾ ਵਜੋਂ ਜਾਣਿਆ ਜਾਂਦਾ ਸੀ) ਰਾਹੀਂ ਚੀਨ ਲਈ ਜ਼ਮੀਨੀ ਮਾਰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੰਦ ਕਰ ਦਿੱਤਾ।
ਅਪ੍ਰੈਲ 1942 ਵਿੱਚ ਸ਼ੁਰੂ ਕੀਤੀ ਗਈ ਅਮਰੀਕੀ ਫੌਜੀ ਕਾਰਵਾਈ ਨੇ ਪੂਰੇ ਰੂਟ ਵਿੱਚ 650,000 ਟਨ ਜੰਗੀ ਸਾਜ਼ੋ ਸਮਾਨ ਦੀ ਸਪਲਾਈ ਨੂੰ ਸਫ਼ਲਤਾਪੂਰਵਕ ਪਹੁੰਚਾਇਆ।
ਇਹ ਇੱਕ ਪ੍ਰਾਪਤੀ ਸੀ ਜਿਸ ਨੇ ਮਿੱਤਰ ਦੇਸ਼ਾਂ ਦੀ ਜਿੱਤ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤੀ ਪ੍ਰਦਾਨ ਕੀਤੀ।
20 ਜਹਾਜ਼ਾਂ ਤੇ ਕਈ ਲਾਪਤਾ ਹਵਾਈ ਫੌਜੀਆਂ ਦੇ ਅਵਸ਼ੇਸ਼ ਮਿਲੇ
ਪਾਇਲਟਾਂ ਨੇ ਖ਼ਤਰਨਾਕ ਉਡਾਣ ਮਾਰਗ ਨੂੰ ‘ਦਿ ਹੰਪ’ ਦਾ ਨਾਂ ਦਿੱਤਾ ਜੋ ਪੂਰਬੀ ਹਿਮਾਲਿਆ ਦੀਆਂ ਖਤਰਨਾਕ ਉਚਾਈਆਂ ਨੂੰ ਦਰਸਾਉਂਦਾ ਹੈ, ਮੁੱਖ ਤੌਰ 'ਤੇ ਅੱਜ ਦੇ ਅਰੁਣਾਚਲ ਪ੍ਰਦੇਸ਼ ਵਿੱਚ ਜਿੱਥੋਂ ਉਨ੍ਹਾਂ ਨੂੰ ਜਾਣਾ ਪੈਂਦਾ ਸੀ।
ਪਿਛਲੇ 14 ਸਾਲਾਂ ਵਿੱਚ ਪਰਬਤਾਰੋਹੀ, ਵਿਦਿਆਰਥੀਆਂ, ਡਾਕਟਰਾਂ, ਫੋਰੈਂਸਿਕ ਪੁਰਾਤੱਤਵ ਵਿਗਿਆਨੀਆਂ ਅਤੇ ਬਚਾਅ ਮਾਹਿਰਾਂ ਦੀਆਂ ਭਾਰਤੀ-ਅਮਰੀਕੀ ਟੀਮਾਂ ਨੇ ਮਿਆਂਮਾਰ ਅਤੇ ਚੀਨ ਦੀ ਸਰਹੱਦ ਨਾਲ ਲੱਗਦੇ ਅਰੁਣਾਚਲ ਪ੍ਰਦੇਸ਼ ਵਿੱਚ ਸੰਘਣੇ ਖੰਡੀ ਜੰਗਲਾਂ ਵਿੱਚ 15,000 ਫੁੱਟ (4,572 ਮੀਟਰ) ਤੱਕ ਦੀ ਉਚਾਈ ਤੱਕ ਪਹੁੰਚ ਕੇ ਖੇਤਰ ਨੂੰ ਗਾਹਿਆ ਹੈ।
ਉਨ੍ਹਾਂ ਵਿੱਚ ਅਮਰੀਕੀ ਰੱਖਿਆ ਪੀਓਡਬਲਯੂ/ਐੱਮਆਈਏ ਅਕਾਉਂਟਿੰਗ ਏਜੰਸੀ (ਡੀਪੀਏਏ) ਦੇ ਮੈਂਬਰ ਸ਼ਾਮਲ ਹਨ ਜੋ ਅਜਿਹੀ ਅਮਰੀਕੀ ਏਜੰਸੀ ਹੈ ਜੋ ਇਸ ਕਾਰਵਾਈ ਵਿੱਚ ਲਾਪਤਾ ਸੈਨਿਕਾਂ ਨਾਲ ਸਬੰਧਿਤ ਹੈ।
ਸਥਾਨਕ ਆਦਿਵਾਸੀਆਂ ਦੀ ਮਦਦ ਨਾਲ ਉਨ੍ਹਾਂ ਦਾ ਮਹੀਨੇ ਭਰ ਦਾ ਅਭਿਆਨ ਦੁਰਘਟਨਾਗ੍ਰਸਤ ਸਥਾਨਾਂ ਤੱਕ ਪਹੁੰਚ ਗਿਆ ਜਿਸ ਵਿੱਚ ਘੱਟੋ-ਘੱਟ 20 ਜਹਾਜ਼ਾਂ ਅਤੇ ਕਈ ਲਾਪਤਾ ਹਵਾਈ ਫੌਜੀਆਂ ਦੇ ਅਵਸ਼ੇਸ਼ ਮਿਲੇ ਹਨ।
ਇਹ ਇੱਕ ਚੁਣੌਤੀਪੂਰਨ ਕੰਮ ਹੈ। ਦੋ ਦਿਨ ਦੀ ਸੜਕ ਯਾਤਰਾ ਤੋਂ ਪਹਿਲਾਂ ਛੇ ਦਿਨ ਦੀ ਯਾਤਰਾ ਦੇ ਬਾਅਦ ਇੱਕ ਦੁਰਘਟਨਾ ਸਥਾਨ ਲੱਭਿਆ ਗਿਆ।
ਭਿਆਨਕ ਬਰਫ਼ੀਲੇ ਤੂਫਾਨ ਦੀ ਮਾਰ ਹੇਠ ਆਉਣ ਤੋਂ ਬਾਅਦ ਇੱਕ ਮਿਸ਼ਨ ਤਿੰਨ ਹਫਤਿਆਂ ਤੱਕ ਪਹਾੜਾਂ ਵਿੱਚ ਫਸਿਆ ਰਿਹਾ।
ਮੁਹਿੰਮਾਂ ਵਿੱਚ ਸ਼ਾਮਲ ਫੋਰੈਂਸਿਕ ਮਾਨਵ-ਵਿਗਿਆਨੀ ਵਿਲੀਅਮ ਬੇਲਚਰ ਕਹਿੰਦੇ ਹਨ, ‘‘ਸਪਾਟ ਜਲਥਲੀ ਮੈਦਾਨਾਂ ਤੋਂ ਲੈ ਕੇ ਪਹਾੜਾਂ ਤੱਕ, ਇਹ ਚੁਣੌਤੀਪੂਰਨ ਇਲਾਕਾ ਹੈ। ਮੌਸਮ ਇੱਕ ਸਮੱਸਿਆ ਹੋ ਸਕਦਾ ਹੈ ਅਤੇ ਸਾਡੇ ਕੋਲ ਕੰਮ ਕਰਨ ਲਈ ਆਮ ਤੌਰ ’ਤੇ ਸਿਰਫ਼ ਪਤਝੜ ਅਤੇ ਸਰਦੀਆਂ ਦੀ ਸ਼ੁਰੂਆਤ ਦਾ ਮੌਸਮ ਹੁੰਦਾ ਹੈ।’’
ਇੱਥੇ ਖੋਜਾਂ ਬਹੁਤ ਹੋਈਆਂ ਹਨ: ਆਕਸੀਜਨ ਟੈਂਕ, ਮਸ਼ੀਨ ਗਨ, ਫਿਊਜ਼ਲੇਜ ਸੈਕਸ਼ਨ ਮਿਲੇ ਹਨ।
‘ਮਿਊਜ਼ੀਅਮ ਭਾਰਤ ਤੇ ਦੁਨੀਆ ਲਈ ਇੱਕ ਤੋਹਫ਼ਾ’
ਮਲਬੇ ਵਿੱਚੋਂ ਖੋਪੜੀਆਂ, ਹੱਡੀਆਂ, ਜੁੱਤੀਆਂ ਅਤੇ ਘੜੀਆਂ ਮਿਲੀਆਂ ਹਨ ਅਤੇ ਮ੍ਰਿਤਕਾਂ ਦੀ ਪਛਾਣ ਲਈ ਡੀਐੱਨਏ ਨਮੂਨੇ ਲਏ ਗਏ ਹਨ।
ਇੱਕ ਲਾਪਤਾ ਏਅਰਮੈਨ ਦੇ ਅਵਸ਼ੇਸ਼ ਵਜੋਂ ਬਰੇਸਲੇਟ ਇੱਕ ਪਿੰਡ ਵਾਸੀ ਤੋਂ ਮਿਲਿਆ, ਜਿਸ ਨੇ ਇਸ ਨੂੰ ਮਲਬੇ ਵਿੱਚੋਂ ਬਰਾਮਦ ਕੀਤਾ।
ਕੁਝ ਦੁਰਘਟਨਾਗ੍ਰਸਤ ਸਥਾਨਾਂ ਨੂੰ ਸਥਾਨਕ ਪਿੰਡਾਂ ਦੇ ਲੋਕਾਂ ਨੇ ਪਿਛਲੇ ਸਾਲਾਂ ਵਿੱਚ ਸਾਫ਼ ਕਰ ਦਿੱਤਾ ਹੈ ਅਤੇ ਐਲੂਮੀਨੀਅਮ ਨੂੰ ਕਬਾੜ ਵਜੋਂ ਵੇਚ ਦਿੱਤਾ।
ਇਹ ਅਤੇ ਇਨ੍ਹਾਂ ਤਬਾਹ ਹੋਏ ਜਹਾਜ਼ਾਂ ਨਾਲ ਸਬੰਧਤ ਹੋਰ ਵਸਤਾਂ ਹੁਣ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਵਸੇ ਅਰੁਣਾਚਲ ਪ੍ਰਦੇਸ਼ ਦੇ ਇੱਕ ਸੁੰਦਰ ਸ਼ਹਿਰ ਪਾਸੀਘਾਟ ਵਿੱਚ ਨਵੇਂ ਖੋਲ੍ਹੇ ਗਏ ‘ਦਿ ਹੰਪ ਮਿਊਜ਼ੀਅਮ’ ਵਿੱਚ ਸੁਸ਼ੋਭਿਤ ਹਨ।
ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ 29 ਨਵੰਬਰ ਨੂੰ ਇਸ ਮਿਊਜ਼ੀਅਮ ਦਾ ਉਦਘਾਟਨ ਕਰਦੇ ਹੋਏ ਕਿਹਾ, ‘‘ਇਹ ਸਿਰਫ਼ ਅਰੁਣਾਚਲ ਪ੍ਰਦੇਸ਼ ਜਾਂ ਪ੍ਰਭਾਵਿਤ ਪਰਿਵਾਰਾਂ ਲਈ ਇੱਕ ਤੋਹਫ਼ਾ ਨਹੀਂ ਹੈ, ਬਲਕਿ ਭਾਰਤ ਅਤੇ ਦੁਨੀਆ ਲਈ ਇੱਕ ਤੋਹਫ਼ਾ ਹੈ।’’
ਅਜਾਇਬ ਘਰ ਦੇ ਡਾਇਰੈਕਟਰ ਓਕੇਨ ਤਾਯੇਂਗ ਨੇ ਕਿਹਾ: ‘‘ਇਹ ਅਰੁਣਾਚਲ ਪ੍ਰਦੇਸ਼ ਦੇ ਸਾਰੇ ਸਥਾਨਕ ਲੋਕਾਂ ਦੀ ਵੀ ਮਾਨਤਾ ਹੈ ਜੋ ਦੂਜਿਆਂ ਦੀ ਯਾਦ ਦਾ ਸਨਮਾਨ ਕਰਨ ਦੇ ਇਸ ਮਿਸ਼ਨ ਦਾ ਇੱਕ ਅਨਿੱਖੜਵਾਂ ਅੰਗ ਸਨ ਅਤੇ ਹੁਣ ਵੀ ਹਨ।’’
ਇਹ ਅਜਾਇਬ ਘਰ ਇਸ ਰੂਟ ’ਤੇ ਉਡਾਣ ਭਰਨ ਦੇ ਖ਼ਤਰਿਆਂ ’ਤੇ ਸਪੱਸ਼ਟ ਰੂਪ ਨਾਲ ਰੋਸ਼ਨੀ ਪਾਉਂਦਾ ਹੈ।
ਜਹਾਜ਼ 25,000 ਫੁੱਟ ਦੀ ਉਚਾਈ ’ਤੇ ਉਲਟ ਗਿਆ
ਯੂਐੱਸ ਏਅਰ ਫੋਰਸ ਪਾਇਲਟ ਮੇਜਰ ਜਨਰਲ ਵਿਲੀਅਮ ਐੱਚ ਟਨਰ ਆਪ੍ਰੇਸ਼ਨ ਦੀਆਂ ਆਪਣੀਆਂ ਯਾਦਾਂ ਵਿੱਚ ਆਪਣੇ ਸੀ-46 ਕਾਰਗੋ ਜਹਾਜ਼ ਨੂੰ ਸਿੱਧੀਆਂ ਢਲਾਣਾਂ, ਚੌੜੀਆਂ ਘਾਟੀਆਂ, ਡੂੰਘੀਆਂ ਖੱਡਾਂ, ਤੰਗ ਨਦੀਆਂ ਅਤੇ ਗੂੜ੍ਹੇ ਭੂਰੇ ਰੰਗ ਦੀਆਂ ਨਦੀਆਂ ਉੱਤੇ ਪਿੰਡਾਂ ਉੱਪਰੋਂ ਉਡਾਣ ਭਰਨ ਨੂੰ ਯਾਦ ਕਰਦੇ ਹਨ।
ਉਡਾਣਾਂ ਜੋ ਅਕਸਰ ਨੌਜਵਾਨ ਅਤੇ ਤਾਜ਼ੇ ਸਿਖਲਾਈ ਪ੍ਰਾਪਤ ਪਾਇਲਟਾਂ ਦੁਆਰਾ ਸੰਚਾਲਿਤ ਕੀਤੀਆਂ ਜਾਂਦੀਆਂ ਸਨ, ਡਿੱਕ-ਡੋਲੇ ਖਾਣ ਵਾਲੀਆਂ ਸਨ।
ਟਨਰ ਦੇ ਅਨੁਸਾਰ, ਦਿ ਹੰਪ ’ਤੇ ਮੌਸਮ, ‘‘ਮਿੰਟ ਦਰ ਮਿੰਟ, ਮੀਲ ਦਰ ਮੀਲ’’ ਬਦਲਦਾ ਰਿਹਾ।
ਇੱਕ ਸਿਰਾ ਭਾਰਤ ਦੇ ਨੀਵੇਂ, ਭਾਫ਼ ਨਾਲ ਭਰੇ ਜੰਗਲਾਂ ਵਿੱਚ ਸਥਾਪਤ ਕੀਤਾ ਗਿਆ ਸੀ; ਦੂਜਾ ਪੱਛਮੀ ਚੀਨ ਦੇ ਮੀਲ-ਉੱਚੇ ਪਠਾਰ ਵਿੱਚ ਸੀ।
ਡਾਊਨਡਰਾਫਟ ਵਿੱਚ ਫਸੇ ਭਾਰੀ ਲੋਡ ਕੀਤੇ ਟਰਾਂਸਪੋਰਟ ਜਹਾਜ਼ ਤੇਜ਼ੀ ਨਾਲ 5,000 ਫੁੱਟ ਹੇਠਾਂ ਉਤਰ ਸਕਦੇ ਹਨ, ਫਿਰ ਸਮਾਨ ਗਤੀ ਨਾਲ ਰਫ਼ਤਾਰ ਨਾਲ ਅੱਗੇ ਵਧ ਸਕਦੇ ਹਨ।
ਟਨਰ ਇੱਕ ਜਹਾਜ਼ ਬਾਰੇ ਲਿਖਦੇ ਹਨ ਜੋ 25,000 ਫੁੱਟ ਦੀ ਉਚਾਈ ’ਤੇ ਇੱਕ ਡਾਊਨਡਰਾਫਟ ਦਾ ਸਾਹਮਣਾ ਕਰਨ ਤੋਂ ਬਾਅਦ ਉਲਟ ਗਿਆ।
ਇਸ ਬਸੰਤ ਰੁੱਤੇ ਚੱਲੀਆਂ ਤੇਜ਼ ਹਵਾਵਾਂ, ਗੜੇਮਾਰੀ ਨਾਲ ਆਏ ਤੂਫਾਨਾਂ ਨੇ ਮੁੱਢਲੇ ਨੇਵੀਗੇਸ਼ਨ ਉਪਰਕਨਾਂ ਨਾਲ ਜਹਾਜ਼ਾਂ ਨੂੰ ਕੰਟਰੋਲ ਕਰਨ ਲਈ ਸਭ ਤੋਂ ਵੱਡੀ ਚੁਣੌਤੀ ਪੇਸ਼ ਕੀਤੀ।
ਲਾਈਫ ਮੈਗਜ਼ੀਨ ਦੇ ਪੱਤਰਕਾਰ ਥੀਓਡੋਰ ਵ੍ਹਾਈਟ, ਜਿਨ੍ਹਾਂ ਨੇ ਇੱਕ ਰਿਪੋਰਟ ਲਿਖਣ ਲਈ ਇਸ ਮਾਰਗ ’ਤੇ ਪੰਜ ਵਾਰ ਉਡਾਣ ਭਰੀ, ਉਨ੍ਹਾਂ ਨੇ ਲਿਖਿਆ ਕਿ ‘‘ਬਿਨਾਂ ਪੈਰਾਸ਼ੂਟ ਦੇ ਚੀਨੀ ਫੌਜੀਆਂ ਨੂੰ ਲੈ ਜਾ ਰਹੇ ਇੱਕ ਜਹਾਜ਼ ਦੇ ਪਾਇਲਟ ਨੇ ਆਪਣੇ ਜਹਾਜ਼ ਦੇ ਬਰਫ਼ ਜੰਮ ਜਾਣ ਦੇ ਬਾਅਦ ਕਰੈਸ਼-ਲੈਂਡਿੰਗ ਕਰਨ ਦਾ ਫੈਸਲਾ ਕੀਤਾ।’’
‘‘ਸਹਿ-ਪਾਇਲਟ ਅਤੇ ਰੇਡੀਓ ਆਪਰੇਟਰ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ ਅਤੇ ‘‘ਇੱਕ ਵੱਡੇ ਗਰਮ ਖੰਡੀ ਦਰੱਖਤ’ ’ਤੇ ਉਤਰਨ ਵਿੱਚ ਕਾਮਯਾਬ ਰਹੇ।’’
‘‘ਉਹ ਮਿੱਤਰ ਮੂਲ ਨਿਵਾਸੀਆਂ ਵੱਲੋਂ ਲੱਭੇ ਜਾਣ ਤੋਂ ਪਹਿਲਾਂ 15 ਦਿਨਾਂ ਤੱਕ ਭਟਕਦੇ ਰਹੇ।’’
ਲਾਪਤਾ ਹਵਾਈ ਫੌਜੀ ਹੁਣ ਦੰਤਕਥਾ ਬਣ ਗਏ
ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਸਥਾਨਕ ਭਾਈਚਾਰਿਆਂ ਨੇ ਅਕਸਰ ਦੁਰਘਟਨਾਵਾਂ ਤੋਂ ਬਚੇ ਹੋਏ ਜ਼ਖਮੀਆਂ ਨੂੰ ਬਚਾਇਆ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ। (ਬਾਅਦ ਵਿੱਚ ਪਤਾ ਲੱਗਾ ਕਿ ਜਹਾਜ਼ ਸੁਰੱਖਿਅਤ ਉਤਰ ਗਿਆ ਸੀ ਅਤੇ ਕੋਈ ਜਾਨ ਨਹੀਂ ਗਈ ਸੀ।)
ਹੈਰਾਨੀ ਦੀ ਗੱਲ ਨਹੀਂ ਕਿ ਰੇਡੀਓ ‘ਮੇਅਡੇ’ ਕਾਲਾਂ ਨਾਲ ਭਰਿਆ ਹੋਇਆ ਸੀ।
ਟਨਰ ਨੇ ਲਿਖਿਆ ਹੈ ਕਿ ਜਹਾਜ਼ ਆਪਣੇ ਮਾਰਗ ਤੋਂ ਇੰਨੇ ਦੂਰ ਉਡਾਏ ਗਏ ਸਨ ਕਿ ਉਹ ਪਹਾੜਾਂ ਨਾਲ ਟਕਰਾ ਗਏ, ਪਾਇਲਟਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ 50 ਮੀਲ ਦੇ ਅੰਦਰ ਸਨ।’’
ਇਕੱਲੇ ਇੱਕ ਤੂਫਾਨ ਨੇ ਨੌਂ ਜਹਾਜ਼ਾਂ ਨੂੰ ਕਰੈਸ਼ ਕਰ ਦਿੱਤਾ, ਜਿਸ ਵਿੱਚ 27 ਚਾਲਕ ਦਲ ਅਤੇ ਯਾਤਰੀ ਮਾਰੇ ਗਏ।
ਉਨ੍ਹਾਂ ਨੇ ਲਿਖਿਆ, ‘‘ਇਨ੍ਹਾਂ ਬੱਦਲਾਂ ਵਿੱਚ, ਪੂਰੇ ਰਸਤੇ ਵਿੱਚ ‘ਟਰਬੂਲੈਂਸ’ ਇੰਨੀ ਤੀਬਰ ਹੋਵੇਗੀ ਜਿੰਨੀ ਮੈਂ ਪਹਿਲਾਂ ਜਾਂ ਬਾਅਦ ਵਿੱਚ ਦੁਨੀਆ ਵਿੱਚ ਕਿਤੇ ਵੀ ਨਹੀਂ ਵੇਖੀ ਹੈ।’’
ਲਾਪਤਾ ਹਵਾਈ ਫੌਜੀਆਂ ਦੇ ਮਾਪਿਆਂ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਬੱਚੇ ਅਜੇ ਵੀ ਜ਼ਿੰਦਾ ਹਨ।
1945 ਵਿੱਚ ਇੱਕ ਕਵਿਤਾ ਵਿੱਚ ਲਾਪਤਾ ਏਅਰਮੈਨ, ਜੋਸਫ਼ ਡੁਨਾਵੇ ਦੀ ਮਾਂ, ਪਰਲ ਡੁਨਾਵੇ ਨੇ ਲਿਖਿਆ: ‘‘ਮੇਰਾ ਪੁੱਤਰ ਕਿੱਥੇ ਹੈ? ਮੈਂ ਦੁਨੀਆ ਨੂੰ ਦੱਸਣਾ ਪਸੰਦ ਕਰਾਂਗੀ/ਕੀ ਉਸ ਦਾ ਮਿਸ਼ਨ ਪੂਰਾ ਹੋ ਗਿਆ ਹੈ ਅਤੇ ਉਸ ਨੇ ਧਰਤੀ ਨੂੰ ਹੇਠਾਂ ਛੱਡ ਦਿੱਤਾ ਹੈ? / ਕੀ ਉਹ ਉਸ ਖੂਬਸੂਰਤ ਧਰਤੀ ’ਤੇ ਹੈ, ਝਰਨੇ ਤੋਂ ਪਾਣੀ ਪੀ ਰਿਹਾ ਹੈ, ਜਾਂ ਕੀ ਉਹ ਅਜੇ ਵੀ ਭਾਰਤ ਦੇ ਜੰਗਲਾਂ ਅਤੇ ਪਹਾੜਾਂ ਵਿੱਚ ਭਟਕ ਰਿਹਾ ਹੈ?’’
ਲਾਪਤਾ ਹਵਾਈ ਫੌਜੀ ਹੁਣ ਦੰਤਕਥਾ ਸਮਾਨ ਬਣ ਗਏ ਹਨ।
ਵ੍ਹਾਈਟ ਦੱਸਦੇ ਹਨ, ‘‘ਇਹ ਹੰਪ ਪੁਰਸ਼ ਸਾਰਾ ਦਿਨ ਅਤੇ ਸਾਰੀ ਰਾਤ, ਹਰ ਦਿਨ ਅਤੇ ਹਰ ਰਾਤ ਸਾਲ ਭਰ ਜਾਪਾਨੀਆਂ, ਜੰਗਲਾਂ, ਪਹਾੜਾਂ ਅਤੇ ਮਾਨਸੂਨ ਨਾਲ ਲੜਦੇ ਹਨ।’’
‘‘ਉਹ ਜਿਸ ਇਕਲੌਤੀ ਦੁਨੀਆ ਨੂੰ ਜਾਣਦੇ ਹਨ, ਉਹ ਜਹਾਜ਼ ਹਨ। ਉਹ ਉਨ੍ਹਾਂ ਨੂੰ ਸੁਣਨਾ, ਉਨ੍ਹਾਂ ਨੂੰ ਉਡਾਉਣਾ, ਉਨ੍ਹਾਂ ’ਤੇ ਪੈਚ ਲਗਾਉਣਾ, ਉਨ੍ਹਾਂ ਦੀ ਬੁਰਾਈ ਕਰਨਾ ਕਦੇ ਬੰਦ ਨਹੀਂ ਕਰਦੇ ਹਨ। ਫਿਰ ਵੀ ਉਹ ਚੀਨ ਵੱਲ ਜਾਂਦੇ ਜਹਾਜ਼ਾਂ ਨੂੰ ਦੇਖ ਕੇ ਕਦੇ ਨਹੀਂ ਥੱਕਦੇ।’’
ਇਹ ਆਪ੍ਰੇਸ਼ਨ ਅਸਲ ਵਿੱਚ ਵਿਸ਼ਵ ਜੰਗ ਦੇ ਬਾਅਦ ਹਵਾਈ ਸਾਜ਼ੋ ਸਮਾਨ ਦਾ ਇੱਕ ਸਾਹਸੀ ਕਾਰਨਾਮਾ ਸੀ ਜੋ ਭਾਰਤ ਦੇ ਦਰ ਤੱਕ ਪਹੁੰਚ ਗਿਆ ਸੀ।
ਤਾਯੇਂਗ ਕਹਿੰਦੇ ਹਨ, ‘‘ਅਰੁਣਾਚਲ ਪ੍ਰਦੇਸ਼ ਦੀਆਂ ਪਹਾੜੀਆਂ ਅਤੇ ਲੋਕ ਹੰਪ ਆਪ੍ਰੇਸ਼ਨ ਦੁਆਰਾ ਦੂਜੇ ਵਿਸ਼ਵ ਯੁੱਧ ਦੇ ਡਰਾਮੇ, ਬਹਾਦਰੀ ਅਤੇ ਦੁਖਾਂਤ ਵਿੱਚ ਸ਼ਾਮਲ ਹੋ ਗਏ ਸਨ।’’
ਇਹ ਇੱਕ ਅਜਿਹੀ ਕਹਾਣੀ ਹੈ ਜਿਸ ਨੂੰ ਬਹੁਤ ਘੱਟ ਲੋਕ ਜਾਣਦੇ ਹਨ।