ਆਸਕਰ ’ਚ ‘ਅਮੈਰਿਕਨ ਸਿੱਖ’: ਕੇਸ ਕਤਲ ਕੀਤੇ, ਸਿੱਖੀ ਵੱਲ ਵਾਪਸੀ ਕੀਤੀ ਤੇ ਫ਼ਿਰ ਦੁਨੀਆ ਨੂੰ ਦੱਸੀ ਕਹਾਣੀ

    • ਲੇਖਕ, ਸੁਨੀਲ ਕਟਾਰੀਆ
    • ਰੋਲ, ਬੀਬੀਸੀ ਪੱਤਰਕਾਰ

ਐਨੀਮੇਸ਼ਨ ਸ਼ੌਰਟ ਫ਼ਿਲਮ ‘ਅਮੈਰਿਕਨ ਸਿੱਖ’ ਔਸਕਰ 2024 ਲਈ ਭੇਜੀ ਗਈ ਹੈ। ਇਹ ਫ਼ਿਲਮ ਅਮਰੀਕਾ ਰਹਿੰਦੇ ਇੱਕ ਸਿੱਖ ਵਿਅਕਤੀ ਵਿਸ਼ਵਜੀਤ ਸਿੰਘ ਦੀ ਕਹਾਣੀ ਉੱਤੇ ਅਧਾਰਿਤ ਹੈ।

ਵਿਸ਼ਵਜੀਤ ਸਿੰਘ ਇਸ ਫ਼ਿਲਮ ਦੇ ਸਹਿ-ਨਿਰਦੇਸ਼ਕ ਤੇ ਪ੍ਰੋਡਿਊਸਰ ਵੀ ਹਨ ਅਤੇ ਉਨ੍ਹਾਂ ਨੇ ਇਹ ਫ਼ਿਲਮ ਨਿਰਦੇਸ਼ਕ ਰਿਆਨ ਵੇਸਤਰਾ ਨਾਲ ਮਿਲ ਕੇ ਬਣਾਈ ਹੈ।

ਵਿਸ਼ਵਜੀਤ ਸਿੰਘ ਦੇ ਭਾਰਤੀ ਮੂਲ ਦੇ ਪਰਿਵਾਰ ਨੇ 1984 ਦਾ ਦੌਰ ਹੰਢਾਇਆ ਹੈ, ਜਿਸ ਦੌਰਾਨ ਸਿੱਖਾਂ ਨੂੰ ਨਫ਼ਰਤ ਦਾ ਸਾਹਮਣਾ ਕਰਨਾ ਪਿਆ।

ਇਸ ਮਗਰੋਂ ਸਾਲ 2001 ਵਿੱਚ ਅਮਰੀਕਾ ਵਿੱਚ ਹੋਏ 9/11 ਦੇ ਵਰਲਡ ਟ੍ਰੇਡ ਸੈਂਟਰ ’ਤੇ ਹਮਲੇ ਤੋਂ ਬਾਅਦ ਦੇ ਹਾਲਾਤਾਂ ਨੂੰ ਫ਼ਿਲਮ ਵਿੱਚ ਬਿਆਨ ਕੀਤਾ ਗਿਆ ਹੈ ਜਿਸ ਦੌਰਾਨ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਇਸ ਦੌਰਾਨ ਉਨ੍ਹਾਂ ਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ, ਸਿੱਖਾਂ ਪ੍ਰਤੀ ਲੋਕਾਂ ਦੇ ਨਜ਼ਰੀਏ ਨੂੰ ਬਦਲਣ ਦੀ ਕੋਸ਼ਿਸ਼ ਲਈ ਉਹ ਸਿੱਖ ਕੈਪਟਨ ਅਮੈਰਿਕਾ ਬਣਕੇ ਸੜਕਾਂ ਉੱਤੇ ਉੱਤਰਦੇ ਹਨ।

ਇਸ ਬਾਰੇ ਉਨ੍ਹਾਂ ਉੱਤੇ ਇੱਕ ਫ਼ਿਲਮ ਵੀ ਬਣਦੀ ਹੈ ਤੇ ਉੱਥੋਂ ਹੀ 2019 ਦਰਮਿਆਨ ‘ਅਮੈਰਿਕਨ ਸਿੱਖ’ ਫ਼ਿਲਮ ਦਾ ਵੀ ਮੁੱਢ ਬੱਝਦਾ ਹੈ।

ਵਿਸ਼ਵਜੀਤ ਸਿੰਘ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਦੀ ਕਹਾਣੀ, ਹਾਲਾਤ ਅਤੇ ਆਸਕਰ 2024 ਲਈ ਐਨੀਮੇਸ਼ਨ ਸ਼ੌਰਟ ਫ਼ਿਲਮ ਕੈਟੇਗਰੀ ਲਈ ‘ਅਮੈਰਿਕਨ ਸਿੱਖ’ ਫ਼ਿਲਮ ਭੇਜੇ ਜਾਣ ਸਣੇ ਇਸ ਦੁਆਲੇ ਘੁੰਮਦੇ ਹੋਰ ਪਹਿਲੂਆਂ ਉੱਤੇ ਚਰਚਾ ਕੀਤੀ।

ਆਸਕਰ ਲਈ ‘ਅਮੈਰਿਕਨ ਸਿੱਖ’ ਫ਼ਿਲਮ ਦੀ ਐਂਟਰੀ

ਵਿਸ਼ਵਜੀਤ ਸਿੰਘ ਮੁਤਾਬਕ ਆਸਕਰ ਵਿੱਚ ਕਿਸੇ ਵੀ ਤਰ੍ਹਾਂ ਦੀ ਐਂਟਰੀ ਲਈ ਪ੍ਰਕਿਰਿਆ ਕਾਫ਼ੀ ਲੰਬੀ ਹੁੰਦੀ ਹੈ। ਇਸੇ ਪ੍ਰਕਿਰਿਆ ਤਹਿਤ ਉਨ੍ਹਾਂ ਨੇ ਪਹਿਲਾਂ ਸਤੰਬਰ ਮਹੀਨੇ ਵਿੱਚ ‘ਅਮੈਰਿਕਨ ਸਿੱਖ’ ਫ਼ਿਲਮ ਦੀ ਸਕ੍ਰੀਨਿੰਗ ਲਾਸ ਏਂਜਲਸ ਸ਼ਹਿਰ ਵਿੱਚ ਕੀਤੀ।

ਵਿਸ਼ਵਜੀਤ ਸਿੰਘ ਮੁਤਾਬਕ ਇਸ ਸਕ੍ਰੀਨਿੰਗ ਤੋਂ ਬਾਅਦ ਹੀ ਉਨ੍ਹਾਂ ਦੀ ਫ਼ਿਲਮ ਆਸਕਰ ਲਈ ਕੁਲਾਈਫ਼ਾਈ ਹੋਈ।

ਇਸ ਬਾਰੇ ਉਹ ਹੋਰ ਦੱਸਦੇ ਹਨ, ‘‘ਇਸ ਫ਼ਿਲਮ ਦਾ ਵਰਲਡ ਪ੍ਰੀਮੀਅਰ ਜੂਨ 2023 ਦੀ ਸ਼ੁਰੂਆਤ ਵਿੱਚ ਨਿਊਯਾਰਕ ਦੇ ਵੱਡੇ ਫ਼ਿਲਮ ਫ਼ੈਸਟੀਵਲ ‘ਟ੍ਰਿਬੇਕਾ’ ਵਿੱਚ ਕੀਤਾ ਗਿਆ।’’

ਉਨ੍ਹਾਂ ਮੁਤਾਬਕ ਇਸ ਫ਼ੈਸਟੀਵਲ ਵਿੱਚ ਕਾਫ਼ੀ ਲੋਕਾਂ ਨੂੰ ਇਹ ਫ਼ਿਲਮ ਪਸੰਦ ਆਈ।

ਵਿਸ਼ਵਜੀਤ ਸਿੰਘ ਕਹਿੰਦੇ ਹਨ ਕਿ ਇਸ ਫ਼ੈਸਟੀਵਲ ਮਗਰੋਂ ਹੀ ਫ਼ਿਲਮ ਦੀ ਚਰਚਾ ਛਿੜ ਗਈ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਹੋਣ ਵਾਲੇ ਕਈ ਫ਼ਿਲਮ ਫ਼ੈਸਟੀਵਲਾਂ ਦਾ ਹਿੱਸਾ ਬਣੀ।

ਉਨ੍ਹਾਂ ਮੁਤਾਬਕ ਇਸ ਫ਼ਿਲਮ ਸਦਕਾ ਉਨ੍ਹਾਂ ਲੰਘੇ ਕੁਝ ਮਹੀਨਿਆਂ ਵਿੱਚ ਕਈ ਐਵਾਰਡ ਵੀ ਜਿੱਤੇ ਹਨ।

ਕੌਣ ਹਨ ਵਿਸ਼ਵਜੀਤ ਸਿੰਘ

ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਪੈਦਾ ਹੋਏ ਅਤੇ ਹੁਣ ਨਿਊਯਾਰਕ ਸ਼ਹਿਰ ਵਿੱਚ ਰਹਿੰਦੇ ਵਿਸ਼ਵਜੀਤ ਸਿੰਘ ਇੱਕ ਇਲਸਟ੍ਰੇਟਰ, ਲੇਖਕ, ਕਲਾਕਾਰ ਅਤੇ ਕਾਰਟੂਨਿਸਟ ਹਨ।

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਆਪਣੀ 12ਵੀਂ ਦੀ ਪੜ੍ਹਾਈ ਤੋਂ ਬਾਅਦ ਇਕੱਲੇ ਵਿਸ਼ਵਜੀਤ ਸਿੰਘ ਮੁੜ ਅਮਰੀਕਾ ਪਰਤਦੇ ਹਨ ਤੇ ਉਨ੍ਹਾਂ ਦਾ ਪਰਿਵਾਰ ਭਾਰਤ ਹੀ ਰਹਿੰਦਾ ਹੈ।

ਉਨ੍ਹਾਂ ਦੇ ਨਾਨਕੇ ਤੇ ਦਾਦਕੇ ਪਰਿਵਾਰ ਪੰਜਾਬ ਤੋਂ ਹਨ।

ਵਿਸ਼ਵਜੀਤ ਸਿੰਘ ਦੇ ਪਿਤਾ ਭਾਰਤ ਸਰਕਾਰ ਲਈ ਕੰਮ ਕਰਦੇ ਸਨ ਅਤੇ ਅਮਰੀਕਾ ਵਿੱਚ ਭਾਰਤੀ ਸਫ਼ਾਰਤਖ਼ਾਨੇ ਵਿੱਚ ਨੌਕਰੀ ਕਰਦੇ ਸਨ।

ਪੇਸ਼ੇ ਵਜੋਂ ਵਿਸ਼ਵਜੀਤ ਸਿੰਘ ਇੱਕ ਇੰਜੀਨੀਅਰ ਹਨ ਪਰ ਉਨ੍ਹਾਂ ਨੇ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਕਲਾ ਵੱਲ ਧਿਆਨ ਦਿੱਤਾ।

ਕਾਲਜ ਦੌਰਾਨ ਤਾਅਨੇ ਤੇ ਕੇਸ ਕਤਲ ਕਰਨਾ

ਮਹਿਜ਼ ਚਾਰ ਸਾਲ ਦੀ ਉਮਰ ਵਿੱਚ ਪਰਿਵਾਰ ਨਾਲ ਭਾਰਤ ਜਾਣਾ ਤੇ ਸਕੂਲੀ ਪੜ੍ਹਾਈ ਮਗਰੋਂ ’84 ਦੇ ਦੌਰ ਦੌਰਾਨ ਉੱਚ ਸਿੱਖਿਆ ਲਈ ਮੁੜ ਅਮਰੀਕਾ ਪਰਤਨਾ ਵਿਸ਼ਵਜੀਤ ਸਿੰਘ ਲਈ ਸੌਖਾ ਨਹੀਂ ਸੀ।

ਕਾਲਜ ਵਿੱਚ ਦਾਖ਼ਲ ਹੁੰਦਿਆਂ ਹੀ ਉਨ੍ਹਾਂ ਨੂੰ ਦਾੜ੍ਹੀ ਅਤੇ ਦਸਤਾਰ ਕਾਰਨ ਕਈ ਗੱਲਾਂ ਵੀ ਸੁਣਨੀਆਂ ਪਈਆਂ।

ਵਿਸ਼ਵਜੀਤ ਦੱਸਦੇ ਹਨ, ‘‘ਜਦੋਂ ਮੈਂ ਲਾਸ ਏਂਜਲਸ ਆਇਆ ਤਾਂ ਬਗਾਨੇ ਲੋਕ ਸੜਕਾਂ ਉੱਤੇ ਮੈਨੂੰ ਕਹਿੰਦੇ ‘ਤੂੰ ਵਾਪਸ ਜਾ’ ਜਾਂ ਮੇਰੇ ਉੱਤੇ ਹੱਸਦੇ ਸਨ, ਗਾਲ੍ਹਾਂ ਕੱਢਦੇ ਸਨ।’’

‘‘ਮੈਨੂੰ ਇਹ ਸਭ ਅਜੀਬ ਲੱਗਿਆ ਕਿ ਮੈਂ ਇੱਥੋਂ ਦੀ ਪੈਦਾਇਸ਼ ਹਾਂ ਅਤੇ ਤੁਸੀਂ ਮੈਨੂੰ ਜਾਣਦੇ ਵੀ ਨਹੀਂ ਹੋ।’’

‘‘ਇਹੀ ਕੁਝ ਕਾਲਜ ਦੌਰਾਨ ਵੀ ਮੇਰੇ ਨਾਲ ਹੋਇਆ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਿੱਖ ਕੌਣ ਹੁੰਦੇ ਹਨ। ਲੋਕ ਮੈਨੂੰ ਤੰਗ ਕਰਦੇ ਸੀ, ਕਾਲਜ ਤੇ ਫ਼ਿਰ ਸੜਕਾਂ ਉੱਤੇ ਮੇਰੇ ਨਾਲ ਮਾੜਾ ਵਤੀਰਾ ਹੁੰਦਾ ਰਿਹਾ।’’

ਵਿਸ਼ਵਜੀਤ ਸਿੰਘ ਦੀ ਦਿੱਖ ਨੂੰ ਲੈ ਕੇ ਉਨ੍ਹਾਂ ਨਾਲ ਹੁੰਦੇ ਵਤੀਰੇ ਨੂੰ ਦੇਖਦਿਆਂ ਉਨ੍ਹਾਂ ਨੇ ਆਪਣਾ ਸਰੂਪ ਬਦਲਣ ਬਾਰੇ ਸੋਚਿਆ ਅਤੇ ਖ਼ੁਦ ਹੀ ਆਪਣੇ ਕੇਸ ਕਤਲ ਕਰ ਲਏ। ਅਜਿਹਾ ਉਨ੍ਹਾਂ ਨੇ ਉੱਥੋਂ ਦੇ ਸੱਭਿਆਚਾਰ ਦੇ ਨਾਲ ਮਿਲ-ਜੁਲ ਕੇ ਚੱਲਣ ਕਾਰਨ ਕੀਤਾ।

ਇਸ ਬਾਰੇ ਉਹ ਦੱਸਦੇ ਹਨ, ‘‘ਮੈਂ ਸੋਚ ਲਿਆ ਸੀ ਕਿ ਹੁਣ ਇਹਨਾਂ ਵਿੱਚ ਢਲਣਾ ਚਾਹੁੰਦਾ ਹਾਂ ਤੇ ਰੁਕਣਾ ਨਹੀਂ ਚਾਹੁੰਦਾ ਕਿ ਲੋਕ ਮੈਨੂੰ ਦੇਖਣ ਤੇ ਕਹਿਣ ਇਹ ਕੌਣ ਹੈ। ਇਸ ਦੌਰਾਨ ਮੈਂ ਆਪਣੇ ਕੇਸ ਕਤਲ ਕਰ ਲਏ ਸੀ।’’

ਖ਼ੁਦ ਦੀ ਭਾਲ ਤੇ ਸਿੱਖੀ ਵੱਲ ਵਾਪਸੀ

ਵਿਸ਼ਵਜੀਤ ਸਿੰਘ ਨੇ ਭਾਵੇਂ ਲੋਕਾਂ ਦੇ ਤਾਅਨੇ-ਮਹਿਨਿਆਂ ਤੋਂ ਬਾਅਦ ਕੇਸ ਕਤਲ ਕਰ ਲਏ, ਪਰ ਉਨ੍ਹਾਂ ਦੀ ਬਤੌਰ ਸਿੱਖ ਖ਼ੁਦ ਦੀ ਭਾਲ ਦੀ ਸ਼ੁਰੂਆਤ ਵੀ ਹੁੰਦੀ ਹੈ।

ਵਿਸ਼ਵਜੀਤ ਮੁਤਾਬਕ ਇਸ ਤੋਂ ਬਾਅਦ 10 ਸਾਲਾਂ ਤੱਕ ਉਨ੍ਹਾਂ ਨੇ ਖ਼ੁਦ ਉੱਤੇ ਖੋਜ ਕੀਤੀ ਕਿ ਅਸਲ ਵਿੱਚ ਉਹ ਕੌਣ ਹਨ।

ਉਹ ਦੱਸਦੇ ਹਨ, ‘‘ਮੈਨੂੰ ਉਸ ਵੇਲੇ ਖ਼ਿਆਲ ਆਇਆ ਕਿ ਭਾਵੇਂ ਮੇਰਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਪਰ ਸਾਡਾ ਪਰਿਵਾਰ ਗੁਰਦੁਆਰਾ ਸਾਹਿਬ ਬਹੁਤ ਘੱਟ ਜਾਂਦਾ ਸੀ। ਸਾਡੀ ਬਾਣੀ ਨਾਲ ਕੋਈ ਕਨੈਕਸ਼ਨ ਨਹੀਂ ਸੀ। ਅਸੀਂ ਭਾਵੇਂ ਦੇਖਣ ਨੂੰ ਸਿੱਖ ਸੀ ਪਰ ਕੋਈ ਸਿੱਖੀ ਵੱਲ ਕੋਈ ਧਿਆਨ ਨਹੀਂ ਸੀ।’’

‘‘ਕੇਸ ਕਤਲ ਕਰਨ ਤੋਂ ਬਾਅਦ ਮੇਰੀ 10 ਸਾਲਾਂ ਦੀ ਯਾਤਰਾ ਦੌਰਾਨ ਮੈਨੂੰ ਕਿਤਾਬਾਂ ਨਾਲ ਸ਼ੌਂਕ ਪਿਆ, ਬੌਧ ਧਰਮ ਦੀਆਂ ਕਿਤਾਬਾਂ ਪੜ੍ਹੀਆਂ ਤੇ ਹੌਲੀ-ਹੌਲੀ ਮੈਂ ਗੁਰਦੁਆਰੇ ਜਾਣਾ ਸ਼ੁਰੂ ਕੀਤਾ। ਕੀਰਤਨ ਨਾਲ ਸ਼ੌਂਕ ਪਿਆ ਤੇ ਮੈਂ ਮੁੜ ਸਿੱਖੀ ਵਿੱਚ ਆਇਆ।’’

‘ਅਗਸਤ 2001 ’ਚ ਸਿੱਖੀ ਸਰੂਪ ਧਾਰਿਆ ਤੇ ਸਤੰਬਰ ’ਚ ਅਮਰੀਕਾ ਹਮਲਾ’

ਵਿਸ਼ਵਜੀਤ ਸਿੰਘ ਨੇ 10 ਸਾਲਾਂ ਮਗਰੋਂ ਸਿੱਖੀ ਸਰੂਪ ਧਾਰਿਆ ਸੀ।

ਇਸ ਬਾਰੇ ਉਹ ਦੱਸਦੇ ਹਨ, ‘‘ਮੈਂ ਅਗਸਤ 2001 ਵਿੱਚ ਵਰਲਡ ਟ੍ਰੇਡ ਸੈਂਟਰ ਉੱਤੇ ਹਮਲੇ ਤੋਂ ਇੱਕ ਮਹੀਨਾ ਪਹਿਲਾਂ ਹੀ ਦਸਤਾਰ ਸਜਾਈ ਸੀ ਤੇ ਸਿੱਖੀ ਸਰੂਪ ਵਿੱਚ ਆਇਆ ਸੀ।’’

‘‘9/11 ਦਾ ਹਮਲਾ ਹੋਇਆ ਤੇ ਮੈਂ ਅਜਿਹੇ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਦਾੜ੍ਹੀ ਜਾਂ ਦਸਤਾਰ ਕਰਕੇ ਫੜ੍ਹੇ ਗਏ। ਕਈਆਂ ਉੱਤੇ ਹਮਲੇ ਹੋਏ, ਅਸੀਂ ਦੋ ਹਫ਼ਤੇ ਤੱਕ ਘਰ ਤੋਂ ਨਹੀਂ ਨਿਕਲੇ ਤੇ ਜਦੋਂ ਨਿਕਲੇ ਤਾਂ ਲੋਕਾਂ ਨੇ ਬਹੁਤ ਗੱਲਾਂ ਕੀਤੀਆਂ।’’

ਜਿੰਨ੍ਹਾਂ ਹਾਣ ਦੇ ਅਮਰੀਕੀ ਲੋਕਾਂ ਨਾਲ ਵਿਸ਼ਵਜੀਤ ਸਿੰਘ ਰਹਿੰਦੇ ਸਨ, ਉਨ੍ਹਾਂ ਦਾ ਵਤੀਰਾ ਵੀ ਇਸ ਹਮਲੇ ਤੋਂ ਬਾਅਦ ਬਦਲ ਜਾਂਦਾ ਹੈ।

ਵਿਸ਼ਵਜੀਤ ਸਿੰਘ ਦੱਸਦੇ ਹਨ, ‘‘ਸਾਡੇ ਹਾਣ ਦੇ ਅਮਰੀਕੀ ਲੋਕ ਸਾਨੂੰ ਬਗਾਨਾ ਦੇਖਣ ਲੱਗ ਪਏ। ਇਹ ਵੇਲਾ ਨਾ ਸਿਰਫ਼ ਸਾਡੇ ਸਿੱਖਾਂ ਲਈ ਸਗੋਂ ਕਈ ਹੋਰ ਧਰਮ ਦੇ ਲੋਕਾਂ ਲਈ ਵੀ ਕਾਫ਼ੀ ਔਖਾ ਸੀ।’’

ਇਸ ਵਤੀਰੇ ਤੇ ਲੋਕਾਂ ਦੇ ਨਜ਼ਰੀਏ ਨੂੰ ਬਦਲਣ ਲਈ ਵਿਸ਼ਵਜੀਤ ਸਿੰਘ ਦੀ ਜੱਦੋਜਹਿਦ ਸ਼ੁਰੂ ਹੁੰਦੀ ਹੈ।

ਇੱਕ ਕਾਰਟੂਨ ਨੇ ਦਿੱਤੀ ਪ੍ਰੇਰਣਾ

9/11 ਦੇ ਹਮਲੇ ਮਗਰੋਂ ਕਾਫ਼ੀ ਸਮਾਂ ਸਿੱਖਾਂ ਅਤੇ ਹੋਰ ਧਰਮ ਦੇ ਲੋਕਾਂ ਲਈ ਔਖਾ ਰਿਹਾ ਪਰ ਵਿਸ਼ਵਜੀਤ ਸਿੰਘ ਨੇ ਇਸ ਸਮੇਂ ਨੂੰ ਬਦਲਣ ਦੀ ਠਾਨ ਲਈ ਸੀ।

ਇਸੇ ਸਿਲਸਿਲੇ ਤਹਿਤ ਇੱਕ ਅਖ਼ਬਾਰ ਵਿੱਚ ਆਇਆ ਇੱਕ ਕਾਰਟੂਨ ਉਨ੍ਹਾਂ ਲਈ ਪ੍ਰੇਰਣਾ ਬਣਿਆ।

ਇਸ ਬਾਰੇ ਵਿਸ਼ਵਜੀਤ ਸਿੰਘ ਦੱਸਦੇ ਹਨ, ‘‘ਇਸ ਮਾਹੌਲ ਦੇ ਕੁਝ ਹਫ਼ਤਿਆਂ ਬਾਅਦ ਇੱਕ ਅਖ਼ਬਾਰ ਵਿੱਚ ਅਮਰੀਕੀ ਕਾਰਟਨਿਸਟ ਵੱਲੋਂ ਬਣਾਇਆ ਇੱਕ ਕਾਰਟੂਨ ਦੇਖਿਆ। ਇਸ ਕਾਰਟੂਨ ਵਿੱਚ ਇਹਨਾਂ ਹਾਲਾਤਾਂ ਕਰਕੇ ਸਿੱਖਾਂ ਅਤੇ ਹੋਰ ਲੋਕਾਂ ਨਾਲ ਹੁੰਦੇ ਨਫ਼ਰਤੀ ਅਪਰਾਧ ਤੋਂ ਬਾਅਦ ਦਿਖਾਇਆ ਗਿਆ ਸੀ ਕਿ ਜਿਹੜੇ ਲੋਕਾਂ ਨੇ ਦਸਤਾਰ ਸਜਾਈ ਜਾਂ ਦਾੜ੍ਹੀ ਰੱਖੀ ਹੈ, ਉਹ ਅਜਿਹਾ (ਹਮਲਾ) ਨਹੀਂ ਕਰਦੇ।’’

‘‘ਇਸ ਨਿੱਕੇ ਜਿਹੇ ਕਾਰਟੂਨ ਵਿੱਚ ਉਨ੍ਹਾਂ ਨੇ ਦਰਸਾਇਆ ਸੀ ਕਿ ਇਹ ਤਾਂ ਸਾਡੇ ਚੰਗੇ ਅਮਰੀਕੀ ਲੋਕ ਹਨ ਤੇ ਇਹਨਾਂ ਉੱਤੇ ਤਾਂ ਐਵੇਂ ਹੀ ਹਮਲੇ ਕੀਤੇ ਜਾ ਰਹੇ ਹਨ।’’

ਵਿਸ਼ਵਜੀਤ ਸਿੰਘ ਦੱਸਦੇ ਹਨ ਕਿ ਇਸੇ ਕਾਰਟੂਨ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੇ 2002 ਵਿੱਚ ਖ਼ੁਦ ਕਾਰਟੂਨਿਸਟ ਬਣਨ ਵੱਲ ਤਹੱਈਆ ਕੀਤਾ ਅਤੇ ਕਾਰਟੂਨ ਬਣਾਉਣੇ ਸ਼ੁਰੂ ਕੀਤੇ।

ਇਸ ਮਗਰੋਂ ਵਿਸ਼ਵਜੀਤ ਕਈ ਸਾਲਾਂ ਤੋਂ ਲਗਾਤਾਰ ਸਿੱਖ ਭਾਈਚਾਰੇ ਨੂੰ ਮੁੱਖ ਰੱਖਦਿਆਂ ਕਾਰਟੂਨ ਬਣਾਉਂਦੇ ਆ ਰਹੇ ਹਨ।

ਵਿਸ਼ਵਜੀਤ ਮੁਤਾਬਕ ਉਨ੍ਹਾਂ ਨੇ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਅਤੇ ਪੰਜਾਬੀਆਂ ਬਾਰੇ ਕਾਰਟੂਨ ਰਾਹੀਂ ਕਹਾਣੀਆਂ ਦੱਸੀਆਂ ਹਨ।

ਕੈਪਟਨ ਸਿੱਖ ਅਮੈਰਿਕਾ ਬਣ ਸੜਕਾਂ ’ਤੇ ਉੱਤਰਨਾ

ਵਿਸ਼ਵਜੀਤ ਸਿੰਘ ਦੀ ਸੋਚ ਤੇ ਮਕਸਦ ਸਿੱਖੀ ਸਰੂਪ ਨੂੰ ਆਪਣੀ ਕਲਾ ਰਾਹੀਂ ਪੇਸ਼ ਕਰਨਾ ਸੀ। ਦਿਨ ਵੇਲੇ ਬਤੌਰ ਇੰਜੀਨੀਅਰ ਨੌਕਰੀ ਅਤੇ ਰਾਤ ਵੇਲੇ ਕਾਰਟੂਨ ਬਣਾਉਣ ਵੱਲ ਵਿਸ਼ਵਜੀਤ ਲੱਗੇ ਰਹੇ।

ਵਿਸ਼ਵਜੀਤ ਸਿੰਘ ਦੱਸਦੇ ਹਨ ਕਿ 10 ਸਾਲਾਂ ਮਗਰੋਂ ਉਨ੍ਹਾਂ ਨੇ ਇੱਕ ਫ਼ਿਲਮ ਦਾ ਪੋਸਟਰ ਦੇਖਿਆ ਤੇ ਇਹ ਫ਼ਿਲਮ ਸੀ 2011 ਵਿੱਚ ਆਈ ‘ਕੈਪਟਨ ਅਮੈਰਿਕਾ।’

ਇਸੇ ਫ਼ਿਲਮ ਤੋਂ ਵਿਸ਼ਵਜੀਤ ਨੂੰ ‘ਕੈਪਟਨ ਸਿੱਖ ਅਮੈਰਿਕਾ’ ਬਣਨ ਦਾ ਖ਼ਿਆਲ ਆਇਆ।

ਇਸ ਬਾਰੇ ਉਹ ਕਹਿੰਦੇ ਹਨ, ‘‘ਇਸ ਫ਼ਿਲਮ ਦਾ ਪੋਸਟਰ ਦੇਖ ਕੇ ਇਹੀ ਮਨ ਵਿੱਚ ਤਸਵੀਰ ਉੱਭਰੀ ਕਿ ਕੈਪਟਨ ਅਮੈਰਿਕਾ ਤਾਂ ਸਿੱਖ ਵੀ ਹੋ ਸਕਦਾ ਹੈ। ਮੇਰੇ ਵਾਂਗ ਹੀ ਕਈ ਲੋਕ ਅਮਰੀਕਾ ਦੀ ਪੈਦਾਇਸ਼ ਹਨ।’’

‘‘ਇਸ ਤੋਂ ਬਾਅਦ ਮੈਂ ਕੈਪਟਨ ਸਿੱਖ ਅਮੈਰਿਕਾ ਦਾ ਇੱਕ ਪੋਸਟਰ ਬਣਾਇਆ ਤੇ ਉਸ ਨੂੰ ਲੈ ਕੇ ਨਿਊਯਾਰਕ ਸ਼ਹਿਰ ਦੇ ‘ਕੋਮਿਕੋਨ’ ਫ਼ੈਸਟੀਵਲ ਵਿੱਚ ਗਿਆ। ਇਹ ਪੋਸਟਰ ਮੈਂ ਉੱਥੇ ਲੋਕਾਂ ਨੂੰ ਦਿਖਾਇਆ, ਕਈਆਂ ਨੂੰ ਪਸੰਦ ਆਇਆ ਤੇ ਕਈਆਂ ਨੂੰ ਨਹੀਂ। ਕੁਝ ਲੋਕ ਕਹਿੰਦੇ ਇਹ ਦਸਤਾਰ-ਦਾੜ੍ਹੀ ਕਿਵੇਂ ਹੈ।’’

ਵਿਸ਼ਵਜੀਤ ਸਿੰਘ ਮੁਤਾਬਕ ਇਸੇ ਕੋਮਿਕੋਨ ਫ਼ੈਸਟੀਵਲ ਵਿੱਚ ਇੱਕ ਯਹੂਦੀ-ਅਮਰੀਕੀ ਫ਼ੋਟੋਗ੍ਰਾਫ਼ਰ ਇਓਨਾ ਅਬੂਦ ਵੀ ਆਏ ਹੋਏ ਸਨ ਤੇ ਉਨ੍ਹਾਂ ਨੇ ਹੀ ਕੈਪਟਨ ਅਮੈਰਿਕਾ ਵਾਲੇ ਕੱਪੜੇ ਅਗਲੇ ਸਾਲ ਉਨ੍ਹਾਂ (ਵਿਸ਼ਵਜੀਤ) ਨੂੰ ਪਹਿਨਣ ਨੂੰ ਕਹੇ।

ਵਿਸ਼ਵਜੀਤ ਮੁਤਾਬਕ ਉਨ੍ਹਾਂ ਨੇ ਫ਼ੋਟੋਗ੍ਰਾਫ਼ਰ ਅਬੂਦ ਦੇ ਇਸ ਵਿਚਾਰ ਨੂੰ ਮੰਨਣ ਤੋਂ ਇਨਕਾਰ ਕੀਤਾ ਕਿਉਂਕਿ ਲੋਕ ਤਾਂ ਪਹਿਲਾਂ ਹੀ ਉਨ੍ਹਾਂ ਨੂੰ ਮਾੜੇ ਸ਼ਬਦਾਂ ਨਾਲ ਮੁਖ਼ਾਤਬ ਹੁੰਦੇ ਹਨ।

ਵਿਸ਼ਵਜੀਤ ਸਿੰਘ ਦੱਸਦੇ ਹਨ, ‘‘ਅਬੂਦ ਆਪਣੇ ਵਿਚਾਰ ਉੱਤੇ ਦ੍ਰਿੜ ਸਨ ਅਤੇ ਮੈਨੂੰ ਮਨਾਉਣ ਲਈ ਉਨ੍ਹਾਂ ਨੂੰ ਇੱਕ ਸਾਲ ਲੱਗ ਗਿਆ। ਉਨ੍ਹਾਂ ਨੇ ਕਿਹਾ ਕਿ ਤੁਸੀਂ ਇਹ ਕੱਪੜੇ ਪਹਿਨੋ ਅਤੇ ਅਸੀਂ ਇੱਕ ਫੋਟੋਸ਼ੂਟ ਕਰਦੇ ਹਾਂ ਤੇ ਲੋਕਾਂ ਦੀ ਪ੍ਰਤਿਕਿਰਿਆ ਦੇਖਦੇ ਹਾਂ।’’

ਵਿਸ਼ਵਜੀਤ ਨੇ ਜੂਨ 2013 ਵਿੱਚ ਕੈਪਟਨ ਅਮੈਰਿਕਾ ਵਾਲੇ ਕੱਪੜੇ ਪਹਿਨੇ ਅਤੇ ਨਿਊ ਯਾਰਕ ਦੀਆਂ ਸੜਕਾਂ ਉੱਤੇ ਨਿਕਲੇ। ਉਨ੍ਹਾਂ ਮੁਤਾਬਕ ਇਸ ਰਾਹੀਂ ਉਨ੍ਹਾਂ ਨਾਲ ਬਹੁਤ ਹੈਰਾਨ ਕਰਨ ਵਾਲੀਆਂ ਗੱਲਾਂ ਵਾਪਰੀਆਂ।

ਉਸ ਵੇਲੇ ਨੂੰ ਯਾਦ ਕਰਦਿਆਂ ਵਿਸ਼ਵਜੀਤ ਦੱਸਦੇ ਹਨ, ‘‘ਮੈਨੂੰ ਤਾਂ ਲੱਗਿਆ ਕਿ ਸ਼ਾਇਦ ਲੋਕੀ ਤੰਗ ਕਰਨਗੇ ਤੇ ਕਹਿਣਗੇ ਕਿ ਇਹ ਕੱਪੜੇ ਕਿਉਂ ਪਹਿਨੇ ਹਨ? ਪਰ ਜਦੋਂ ਲੋਕਾਂ ਨੇ ਮੈਨੂੰ ਕੈਪਟਨ ਅਮੈਰਿਕਾ ਦੀ ਡਰੈੱਸ ਵਿੱਚ ਦੇਖਿਆ ਤਾਂ ਜਿਵੇਂ ਦੁਨੀਆ ਹੀ ਬਦਲ ਗਈ।’’

‘‘ਉਸ ਦਿਨ ਬਗਾਨਿਆਂ ਨੇ ਮੈਨੂੰ ਜੱਫ਼ੀਆਂ ਪਾਈਆਂ, ਤਸਵੀਰਾਂ ਖਿਚਵਾਈਆਂ, ਕੋਈ ਵਿਆਹ ਹੋ ਰਿਹਾ ਸੀ ਤਾਂ ਮੈਨੂੰ ਉੱਥੇ ਸੱਦਾ ਦਿੱਤਾ ਗਿਆ, ਪੁਲਿਸ ਅਫ਼ਸਰ ਕਹਿੰਦੇ ਸਾਡੇ ਨਾਲ ਫੋਟੋਆਂ ਖਿਚਵਾਓ।’’

ਉਹ ਅੱਗੇ ਦੱਸਦੇ ਹਨ, ‘‘ਲੋਕਾਂ ਨੇ ਬਹੁਤ ਹੀ ਉਤਸਾਹ ਨਾਲ ਵਿਵਹਾਰ ਕੀਤਾ ਜਿਵੇਂ ਮੈਂ ਸੁਪਰਹੀਰੋ ਜਾਂ ਕੋਈ ਸਟਾਰ ਹਾਂ। ਬੱਸ ਇਸੇ ਦਿਨ ਤੋਂ ਬਾਅਦ ਮੈਨੂੰ ਲੱਗਿਆ ਕਿ ਕੁਝ ਤਾਂ ਵੱਖਰਾ ਹੋਇਆ ਤੇ ਕੋਈ ਨਵੀਂ ਚੀਜ਼ ਲੱਭੀ ਹੈ।’’

ਵਿਸ਼ਵਜੀਤ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਕੈਪਟਨ ਸਿੱਖ ਅਮੈਰਿਕਾ ਵਾਲੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਲੋਕਾਂ ਨੇ ਸੱਦੇ ਦੇਣੇ ਸ਼ੁਰੂ ਕਰ ਦਿੱਤੇ ਕਿ ਉਨ੍ਹਾਂ ਦੇ ਸਕੂਲ ਆਓ, ਕੰਪਨੀ ਵਿੱਚ ਆਓ ਤੇ ਆਪਣੀ ਕਹਾਣੀ ਦੱਸੋ।

ਇਸ ਮਗਰੋਂ ਹੀ ਵਿਸ਼ਵਜੀਤ ਨੇ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਕਾਰਟੂਨ ਤੇ ਕਲਾ ਵੱਲ ਰੁਖ਼ ਕਰ ਲਿਆ ਤੇ ਆਪਣੀ ਕਹਾਣੀ ਲੋਕਾਂ ਨੂੰ ਦੱਸਣੀ ਸ਼ੁਰੂ ਕੀਤੀ।

‘ਅਮੈਰਿਕਨ ਸਿੱਖ’ ਫ਼ਿਲਮ ਦਾ ਵਿਚਾਰ

ਸਿਲਸਿਲਾ ਅੱਗੇ ਵੱਧਦਾ ਹੈ ਤਾਂ ਵਿਸ਼ਵਜੀਤ ਸਿੰਘ ਆਪਣੀ ਤੇ ਆਪਣੇ ਭਾਈਚਾਰੇ ਬਾਰੇ ਕਹਾਣੀ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਨ। ਇਸ ਤਹਿਤ ਉਹ ਨਸਲੀ ਹਮਲੇ, ਹਿੰਸਾ ਅਤੇ ਹੋਰ ਅਪਰਾਧਾਂ ਸਣੇ ਮਾੜੇ ਵਤੀਰੇ ਦੀ ਗੱਲ ਜਾਰੀ ਰੱਖਦੇ ਹਨ।

ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਫ਼ਿਲਮ ਨਿਰਦੇਸ਼ਕ ਰਿਆਨ ਵੇਸਤਰਾ ਨਾਲ ਹੁੰਦੀ ਹੈ, ਜੋ ਪਹਿਲਾਂ ਹੀ ਵਿਸ਼ਵਜੀਤ ਸਿੰਘ ਉੱਤੇ ਇੱਕ ਦਸਤਾਵੇਜ਼ੀ ਫ਼ਿਲਮ ‘ਰੈੱਡ, ਵ੍ਹਾਈਟ ਐਂਡ ਬੀਅਰਡ’ ਬਣਾ ਚੁੱਕੇ ਸਨ।

‘ਰੈੱਡ, ਵ੍ਹਾਈਟ ਐਂਡ ਬੀਅਰਡ’ ਫ਼ਿਲਮ ਰਾਹੀਂ ਰਿਆਨ ਇਹ ਦਿਖਾ ਚੁੱਕੇ ਸਨ ਕਿ ਜਦੋਂ ਵਿਸ਼ਵਜੀਤ ਕੈਪਟਨ ਅਮੈਰਿਕਾ ਵਾਲੇ ਕੱਪੜੇ ਪਹਿਨਦੇ ਹਨ ਤਾਂ ਲੋਕ ਉਨ੍ਹਾਂ ਨਾਲ ਚੰਗਾ ਵਤੀਰਾ ਰੱਖਦੇ ਹਨ ਅਤੇ ਜਦੋਂ ਉਹ ਸਾਦੇ ਕੱਪੜਿਆਂ ਵਿੱਚ ਆ ਜਾਂਦੇ ਹਨ ਤਾਂ ਮੁੜ ਮਾੜਾ ਵਤੀਰਾ ਸ਼ੁਰੂ ਹੋ ਜਾਂਦਾ ਹੈ।

ਵਿਸ਼ਵਜੀਤ ਮੁਤਾਬਕ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਰਿਆਨ ਨੇ 2018-19 ਦਰਮਿਆਨ ਸਿੱਖਾਂ ਬਾਰੇ ਦੁਨੀਆ ਨੂੰ ਹੋਰ ਦੱਸਣ ਦੇ ਇਰਾਦੇ ਨਾਲ ‘ਅਮੈਰਿਕਨ ਸਿੱਖ’ ਫ਼ਿਲਮ ਦਾ ਵਿਚਾਰ ਰੱਖਿਆ ਤੇ ਕਿਹਾ ਕਿ ‘ਮੈਂ ਤੁਹਾਡੀ ਕਹਾਣੀ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦਾ ਹਾਂ।’

‘ਅਮੈਰਿਕਨ ਸਿੱਖ’ ਬਾਰੇ ਗੱਲ ਕਰਦਿਆਂ ਵਿਸ਼ਵਜੀਤ ਕਹਿੰਦੇ ਹਨ, ‘‘ਅਸੀਂ ਕੋਈ ਚਾਰ ਸਾਲ ਲਗਾਏ, ਪੈਸੇ ਇਕੱਠੇ ਕੀਤੇ ਅਤੇ ਫ਼ਿਲਮ ਬਣਾਈ।’’

‘ਅਮੈਰਿਕਨ ਸਿੱਖ’ – ’84 ਤੇ 9/11 ਦਾ ਹਮਲਾ ਤੇ ਸਿੱਖਾਂ ਪ੍ਰਤੀ ਵਤੀਰਾ

ਤਕਰਬੀਨ 10 ਮਿੰਟਾਂ ਦੀ ਇਸ ਐਨੀਮੇਸ਼ਨ ਸ਼ੌਰਟ ਫ਼ਿਲਮ ਦੀ ਸ਼ੁਰੂਆਤ ਭਾਰਤ ਵਿੱਚ ਹੋਏ 1984 ਦੇ ਸਿੱਖ ਕਤਲੇਆਮ ਤੋਂ ਹੁੰਦੀ ਹੈ।

ਜਦੋਂ ਵਿਸ਼ਵਜੀਤ ਸਿੰਘ ਮਹਿਜ਼ ਚਾਰ ਸਾਲ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਭਾਰਤ ਆਉਂਦਾ ਹੈ, ਦਿੱਲੀ ਵਿੱਚ ਉਹ ਇੱਕ ਸਿੱਖ ਸਕੂਲ ਵਿੱਚ ਪਹਿਲੀ ਤੋਂ 12ਵੀਂ ਤੱਕ ਦੀ ਪੜ੍ਹਾਈ ਕਰਦੇ ਹਨ।

ਉਨ੍ਹਾਂ ਦੀ ਸਕੂਲੀ ਪੜ੍ਹਾਈ ਦੌਰਾਨ ਹੀ 1984 ਦਾ ਘਟਨਾਕ੍ਰਮ ਵਾਪਰਦਾ ਹੈ।

ਵਿਸ਼ਵਜੀਤ ਸਿੰਘ ਦੱਸਦੇ ਹਨ, ‘‘ਦਿੱਲੀ ਵਿੱਚ ਰਹਿੰਦਿਆਂ ਉਸ ਸਮੇਂ ਸਾਡੇ ਘਰ ਵੀ ਭੀੜ ਆਈ ਸੀ। ਸਾਡੀ ਕਿਸਮਤ ਚੰਗੀ ਸੀ ਕਿ ਅਸੀਂ ਬੱਚ ਗਏ। ਪਰ ਉਸ ਘੱਲੂਘਾਰੇ-ਕਤਲੇਆਮ ਵਿੱਚ ਬਹੁਤ ਲੋਕਾਂ ਦੀਆਂ ਜਾਨਾਂ ਗਈਆਂ ਸਨ।’’

ਕਿਉਂਕਿ ਵਿਸ਼ਵਜੀਤ ਸਿੰਘ ਅਮਰੀਕਾ ਦੇ ਨਾਗਰਿਕ ਹਨ ਇਸ ਲਈ ਉਹ ਭਾਰਤ ਵਿੱਚ ਹਾਈ ਸਕੂਲ ਦੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਅਮਰੀਕਾ ਪਰਤ ਆਉਂਦੇ ਹਨ।

ਵਿਸ਼ਵਜੀਤ ਆਪਣੀ ਕਾਲਜ ਦੀ ਪੜ੍ਹਾਈ ਅਮਰੀਕਾ ਵਿੱਚ ਹੀ ਪੂਰੀ ਕਰਦੇ ਹਨ ਅਤੇ ਇਸ ਮਗਰੋਂ ਕੰਮ ਦੀ ਭਾਲ ਵਿੱਚ ਲਗਦੇ ਹਨ।

ਕਈ ਸਾਲ ਲੰਘ ਜਾਣ ਤੋਂ ਬਾਅਦ 11 ਸਤੰਬਰ 2001 ਨੂੰ ਜਦੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਰਲਡ ਟ੍ਰੇਡ ਸੈਂਟਰ ਉੱਤੇ ਅਲ ਕਾਇਦਾ ਵੱਲੋਂ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਅਲ ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦੀਆਂ ਤਸਵੀਰਾਂ ਪੂਰੀ ਦੁਨੀਆ ਵਿੱਚ ਖ਼ਬਰਾਂ ਦਾ ਹਿੱਸਾ ਬਣਦੀਆਂ ਹਨ।

ਲਾਦੇਨ ਦੇ ਖੁੱਲ੍ਹੇ ਦਾੜੇ ਅਤੇ ਸਿਰ ਉੱਤੇ ਦਸਤਾਰ ਵਾਲੀ ਦਿੱਖ ਅਮਰੀਕਾ ਹੀ ਨਹੀਂ ਦੁਨੀਆ ਭਰ ਵਿੱਚ ਰਹਿੰਦੇ ਸਿੱਖਾਂ ਲਈ ਚਿੰਤਾ ਦਾ ਸਬੱਬ ਬਣਦੀਆਂ ਹਨ।

ਉਨ੍ਹਾਂ ਵਿੱਚੋਂ ਹੀ ਇੱਕ ਸਿੱਖ ਵਿਸ਼ਵਜੀਤ ਸਿੰਘ ਪ੍ਰਤੀ ਲੋਕਾਂ ਦਾ ਵਤੀਰਾ ਬਦਲ ਜਾਂਦਾ ਹੈ।

9/11 ਦੇ ਹਮਲੇ ਮਗਰੋਂ ਕੋਈ ਉਨ੍ਹਾਂ ਨੂੰ ਤਾਲਿਬਾਨ ਕਹਿੰਦਾ, ਕੋਈ ਗਾਲ੍ਹਾਂ ਕੱਢਦਾ ਤਾਂ ਕੋਈ ਹੋਰ ਮਾੜੇ ਸ਼ਬਦਾਂ ਦਾ ਇਸਤੇਮਾਲ ਕਰਦਿਆਂ ਤਾਅਨੇ ਮਹਿਨੇ ਮਾਰਦਾ ਸੀ।

ਆਸਕਰ ਲਈ ਅਗਲਾ ਪੜਾਅ

ਕਈ ਫ਼ਿਲਮ ਫ਼ੈਸਟੀਵਲਾਂ ਵਿੱਚ ‘ਅਮੈਰਿਕਨ ਸਿੱਖ’ ਫ਼ਿਲਮ ਦੀ ਸਕ੍ਰੀਨਿੰਗ ਅਤੇ ਐਵਾਰਡ ਜਿੱਤਣ ਮਗਰੋਂ ਆਸਕਰ ਲਈ ਐਂਟਰੀ ਤਾਂ ਹੋ ਗਈ ਪਰ ਅਜੇ ਅਗਲੇ ਪੜਾਅ ਬਾਕੀ ਹਨ।

ਵਿਸ਼ਵਜੀਤ ਸਿੰਘ ਮੁਤਾਬਕ ਐਨੀਮੇਸ਼ਨ ਸ਼ੌਰਟ ਫ਼ਿਲਮ ਦੀ ਕੈਟੇਗਰੀ ਵਿੱਚ ਇਹ ਫ਼ਿਲਮ ਭੇਜੀ ਗਈ ਹੈ, ਇਸ ਕੈਟੇਗਰੀ ਵਿੱਚ ਕੁੱਲ 15 ਫ਼ਿਲਮਾਂ ਹਨ।

ਉਹ ਅੱਗੇ ਦੱਸਦੇ ਹਨ, ‘‘ਇਸ ਤੋਂ ਅਗਲਾ ਪੜਾਅ ਵੋਟਿੰਗ ਦਾ ਹੁੰਦਾ ਹੈ, ਜੋ ਦਸੰਬਰ ਦੇ ਆਖ਼ਿਰ ਵਿੱਚ ਹੁੰਦੀ ਹੈ। ਇਸ ਕੈਟੇਗਰੀ ਅਧੀਨ ਪੰਜ ਫ਼ਿਲਮਾਂ ਨੂੰ ਥਾਂ ਮਿਲਦੀ ਹੈ ਜਿੰਨ੍ਹਾਂ ਦੀ ਨੋਮੀਨੇਸ਼ਨ ਦਾ ਐਲਾਨ ਜਨਵਰੀ ਮਹੀਨੇ ਵਿੱਚ ਹੁੰਦਾ ਹੈ।’’

ਵਿਸ਼ਵਜੀਤ ਸਿੰਘ ਮੁਤਾਬਕ ਇਸ ਤੋਂ ਬਾਅਦ ਆਖਰੀ ਪੜਾਅ ਸਿੱਧਾ ਆਸਕਰ ਐਵਾਰਡ ਸੈਰੇਮਨੀ ਦਾ ਹੁੰਦਾ ਹੈ, ਜੋ ਮਾਰਚ ਮਹੀਨੇ ਦੀ 10 ਤਾਰੀਕ ਨੂੰ ਹੋਵੇਗੀ।

ਹੁਣ ਕੀ ਹਨ ਹਾਲਾਤ

’84 ਸਿੱਖ ਕਤਲੇਆਮ, 9/11 ਦਾ ਵਰਲਡ ਟ੍ਰੇਡ ਸੈਂਟਰ ਉੱਤੇ ਹਮਲਾ, ਉਸ ਮਗਰੋਂ ਨਸਲੀ ਹਿੰਸਾ ਬਾਰੇ ਕਾਰਟੂਨ, ਕਲਾ ਅਤੇ ਫ਼ਿਲਮਾਂ ਰਾਹੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣਾ ਵਿਸ਼ਵਜੀਤ ਸਿੰਘ ਲਈ ਭਾਵੇਂ ਸੌਖਾ ਨਹੀਂ ਰਿਹਾ। ਪਰ ਕਿਸੇ ਹੱਦ ਤੱਕ ਉਨ੍ਹਾਂ ਮੁਤਾਬਕ ਉਹ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਵਿੱਚ ਸਫ਼ਲ ਹੋਏ ਹਨ।

ਪਰ ਸਵਾਲ ਇਹ ਹੈ ਕਿ ਇਹਨਾਂ ਕੋਸ਼ਿਸ਼ਾਂ ਨੇ ਕੀ ਕੁਝ ਬਦਲਿਆ ਅਤੇ ਹੁਣ ਸਿੱਖਾਂ ਲਈ ਅਮਰੀਕਾ ਵਰਗੇ ਮੁਲਕ ਵਿੱਚ ਹਾਲਾਤ ਕਿਹੋ ਜਿਹੇ ਹਨ?

ਇਸ ਸਵਾਲ ਦੇ ਜਵਾਬ ਵਿੱਚ ਵਿਸ਼ਵਜੀਤ ਸਿੰਘ ਕਹਿੰਦੇ ਹਨ, ‘‘9/11 ਹਮਲੇ ਨੂੰ 22 ਸਾਲ ਹੋ ਚੁੱਕੇ ਹਨ, ਪਰ ਹਾਲੇ ਵੀ ਕਈ ਅਮਰੀਕੀਆਂ ਨੂੰ ਸਿੱਖਾਂ ਬਾਰੇ ਜਾਗਰੂਕਤਾ ਬਹੁਤ ਘੱਟ ਹੈ। ਕਿਉਂਕਿ ਲੋਕਾਂ ਨੂੰ ਨਹੀਂ ਪਤਾ ਕਿ ਸਿੱਖ ਕੌਣ ਹੁੰਦੇ ਹਨ, ਇਸ ਲਈ ਸਾਡੇ ਨਾਲ ਮੁੜ ਨਫ਼ਰਤੀ ਅਪਰਾਧ ਹੋਣੇ ਸ਼ੁਰੂ ਹੋ ਗਏ ਹਨ।’’

‘‘ਇਹ ਚੀਜ਼ਾਂ ਖ਼ਤਮ ਨਹੀਂ ਹੋਈਆਂ ਪਰ ਜਿਸ ਤਰ੍ਹਾਂ ਹਾਲਾਤ ਉੱਤੇ-ਥੱਲੇ ਹੁੰਦੇ ਹਨ, ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਹਨ।’’

‘‘ਇਸੇ ਲਈ ਮੈਂ ਆਪਣੇ ਤਜਰਬੇ ਤੋਂ ਇਹ ਸਿੱਖਿਆ ਹੈ ਕਿ ਕਾਰਟੂਨ, ਕਿਤਾਬ, ਕਲਾ, ਫ਼ਿਲਮਾਂ ਆਦਿ ਬਹੁਤ ਮਜ਼ਬੂਤ ਮਾਧਿਅਮ ਹਨ ਤੇ ਇਹਨਾਂ ਰਾਹੀਂ ਅਸੀਂ ਆਪਣੀ ਕਹਾਣੀ ਦੱਸਣੀ ਹੈ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)