You’re viewing a text-only version of this website that uses less data. View the main version of the website including all images and videos.
ਜਗ ਬੈਂਸ: ਬਿੱਗ ਬ੍ਰਦਰ ਸ਼ੋਅ ਜਿੱਤਣ ਵਾਲੇ ਪਹਿਲੇ ਅਮਰੀਕੀ ਸਿੱਖ, ਜਿਸ ਨੇ ਗੇਮ ਲਈ ਆਪਣਾ ਇਹ ਸਿਧਾਂਤ ਨਹੀਂ ਛੱਡਿਆ
ਜਗ ਬੈਂਸ ਅਮਰੀਕਨ ਰਿਐਲਿਟੀ ਸ਼ੋਅ ‘ਬਿੱਗ ਬ੍ਰਦਰ’ ਜਿੱਤਣ ਵਾਲੇ ਪਹਿਲੇ ਅਮਰੀਕੀ ਸਿੱਖ ਬਣ ਗਏ ਹਨ। ਵਾਸ਼ਿੰਗਟਨ ਦੇ ਉਦਯੋਗਪਤੀ ਅਤੇ ਟਰੱਕਾਂ ਦੀ ਕੰਪਨੀ ਦੇ ਮਾਲਕ ਜਗ ਬੈਂਸ 100 ਦਿਨਾਂ ਤੱਕ ਇਸ ਸ਼ੋਅ ਦੇ 25ਵੇਂ ਸੀਜ਼ਨ ਹਿੱਸਾ ਰਹੇ ਸਨ।
ਬੈਂਸ ਨੂੰ ਸ਼ੋਅ ਜਿੱਤਣ ਤੋਂ ਬਾਅਦ ਇਨਾਮ ਵਿੱਚ 750,000 ਡਾਲਰ ਮਿਲਣਗੇ।
ਬੈਂਸ ਇਸੇ ਸਾਲ ਜੁਲਾਈ ਮਹੀਨੇ ਸ਼ੋਅ ਵਿੱਚ ਇੱਕ ਮਹਿਮਾਨ ਵਜੋਂ ਦਾਖ਼ਲ ਹੋਏ ਸਨ।
ਬਿੱਗ ਬ੍ਰਦਰ ਅਮਰੀਕਾ ਵਿੱਚ ਜੁਲਾਈ 2000 ਨੂੰ ਵਿੱਚ ਸ਼ੁਰੂ ਹੋਇਆ ਇੱਕ ਰਿਐਲਿਟੀ ਸ਼ੋਅ ਹੈ। ਭਾਰਤੀ ਟੀਵੀ ਸੀਰੀਜ਼ ਬਿੱਗ ਬੌਸ ਵੀ ਇਸੇ ਤਰਜ਼ ਦੀ ਹੀ ਹੈ।
ਬਿੱਗ ਬ੍ਰਦਰ ਵਿੱਚ ਵੀ ‘ਹਾਊਸ ਗੈਸਟ’ ਕਹਾਉਣ ਵਾਲੇ ਪ੍ਰਤੀਯੋਗੀ ਇੱਕ ਖ਼ਾਸ ਤੌਰ ’ਤੇ ਡਿਜ਼ਾਈਨ ਕੀਤੇ ਗਏ ਘਰ ਵਿੱਚ ਰਹਿੰਦੇ ਹਨ।
ਜਗ ਬੈਂਸ ਦੀ ਸ਼ੋਅ ਵਿੱਚ ਐਂਟਰੀ
ਸ਼ੋਅ ਵਿੱਚ ਦਾਖ਼ਲ ਹੋਣ ਮੌਕੇ ਜਗ ਬੈਂਸ ਨੇ ਇੱਕ ਇੰਸਟਾਗ੍ਰਾਮ ਪੋਸਟ ਪਾ ਕੇ ਆਪਣੇ ਜਜ਼ਬਾਤ ਸਾਂਝੇ ਕੀਤੇ ਸਨ।
ਬੈਂਸ ਨੇ ਆਪਣੀ ਪੋਸਟ ਵਿੱਚ ਲਿਖਿਆ ਸੀ,“ਹੁਣ ਇਹ ਅਧਿਕਾਰਿਤ ਹੈ। ਮੈਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੈ ਕਿ ਮੈਂ ਬਿੱਗ ਬ੍ਰਦਰ - 25 ਦੀ ਦੁਨੀਆਂ ਵਿੱਚ ਹਾਊਸ ਗੈਸਟ ਵਜੋਂ ਦਾਖ਼ਲ ਹੋ ਰਿਹਾ ਹਾਂ।”
“ਇਨ੍ਹਾਂ ਗ਼ਰਮੀਆਂ ਵਿੱਚ ਬਿੱਗ ਬ੍ਰਦਰ ਦੇ ਜਿਸ ਸਫ਼ਰ ਉੱਤੇ ਮੈਂ ਨਿਕਲ ਰਿਹਾ ਹਾਂ ਸ਼ਬਦ ਮੇਰੇ ਚਾਅ ਅਤੇ ਮੇਰੇ ਅਹਿਸਾਸਾਂ ਨੂੰ ਜ਼ਾਹਰ ਨਹੀਂ ਕਰ ਸਕਦੇ। ਇੱਕ ਮੋਟੀਆਂ ਅੱਖਾਂ ਵਾਲੇ ਬੱਚੇ ਵਜੋਂ ਇਸ ਸ਼ੋਅ ਨੂੰ ਦੇਖਣ ਤੋਂ ਲੈ ਕੇ ਇਸ ਦਾ ਹਿੱਸਾ ਬਣਨ ਦਾ ਮੇਰੇ ਲਈ ਅਰਥ ਹੈ ਕਿਸੇ ਸੁਫ਼ਨੇ ਦਾ ਪੂਰਾ ਹੋ ਜਾਣਾ ਹੈ ।”
ਉਨ੍ਹਾਂ ਇਸ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਸੀ,"ਸ਼ੋਅ ਵਿੱਚ ਜਾਣ ਵਾਲੇ ਪਹਿਲੇ ਸਿੱਖ ਵਜੋਂ ਮੈਂ ਅਸਲੋਂ ਮਾਣ, ਨਿਮਰ ਅਤੇ ਖ਼ੁਸ਼ਕਿਸਮਤ ਮਹਿਸੂਸ ਕਰਦਾ ਹਾਂ।”
“ਮੈਂ ਆਪਣੇ ਭਾਈਚਾਰੇ ਦੀ ਨੁਮਾਇੰਦਗੀ ਕਰਨ ਅਤੇ ਦੁਨੀਆਂ ਨਾਲ ਆਪਣੀ ਕਹਾਣੀ ਸਾਂਝੀ ਕਰਨ ਦੇ ਇਸ ਮੌਕੇ ਲਈ ਤਹਿ ਦਿਲੋਂ ਧੰਨਵਾਦੀ ਹਾਂ। ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਬੇਮਿਸਾਲ ਸਾਥ ਤੋਂ ਬਿਨ੍ਹਾਂ ਇਥੋਂ ਤੱਕ ਕਦੀ ਨਹੀਂ ਸੀ ਪਹੁੰਚ ਸਕਦਾ।”
“ਤੁਸੀਂ ਹਮੇਸ਼ਾ ਮੇਰੇ 'ਤੇ ਭਰੋਸਾ ਕੀਤਾ ਮੈਨੂੰ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ, ਮੈਨੂੰ ਬੇਹੱਦ ਪਿਆਰ ਦਿੱਤਾ... ਤੁਹਾਡਾ ਧੰਨਵਾਦ।"
ਜਿੱਤ ਤੋਂ ਬਾਅਦ ਜਗ ਬੈਂਸ ਨੇ ਕੀ ਕਿਹਾ?
ਸ਼ੋਅ ਜਿੱਤਣ ਤੋਂ ਬਾਅਦ ਬੈਂਸ ਬਹੁਤ ਉਤਸ਼ਾਹਿਤ ਨਜ਼ਰ ਆਏ। ਉਨ੍ਹਾਂ ਆਪਣੇ 100 ਦਿਨਾਂ ਦੇ ਸਫ਼ਰ ਦਾ ਜ਼ਿਕਰ ਬੇਹੱਦ ਉਤਸ਼ਾਹ ਨਾਲ ਕੀਤਾ।
ਉਨ੍ਹਾਂ ਦੱਸਿਆ, “ਇਮਾਨਦਾਰੀ ਨਾਲ ਕਹਾਂ ਤਾਂ ਪਹਿਲਾਂ ਤਾਂ ਮੈਂ ਇਸ ਸਭ ਵਿੱਚ ਆਪਣੀ ਜਗ੍ਹਾ ਨਹੀਂ ਸੀ ਬਣਾ ਪਾ ਰਿਹਾ ਸੀ।”
“ਪਰ ਜਿਵੇਂ ਜਿਵੇਂ ਸਮਾਂ ਬੀਤਿਆ ਮੈਂ ਬਿਹਤਰ ਹੁੰਦਾ ਗਿਆ। ਹਰ ਹਫ਼ਤੇ ਮੈਂ ਬਿਹਤਰ ਹੋ ਰਿਹਾ ਸੀ। ਮੇਰਾ ਇਸ ਗੇਮ ਵਿੱਚ ਸਫ਼ਰ ਸ਼ਾਨਦਾਰ ਰਿਹਾ। ਮੈਂ ਸ਼ੋਅ ਤੋਂ ਬਾਹਰ ਹੋਇਆ... ਪਰ ਹੁਣ ਅੰਤ ਵਿੱਚ ਮੈਂ ਇਹ ਸਮਝਦਾ ਹਾਂ ਕਿ ਮੈਂ ਇਹ ਗੇਮ ਬਿਹਤਰੀਨ ਤਰੀਕੇ ਨਾਲ ਖੇਡੀ।”
ਜਗ ਨੇ ਇੱਕ ਨਿੱਜੀ ਯੂਟਿਊਬ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਦੱਸਿਆ ਕਿ ਉਹ ਬਹੁਤ ਖ਼ੁਸ਼ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਆਪਣੀ ਤਿਆਰੀ ਬਾਰੇ ਦੱਸਿਆ ਕਿ,“ਮੈਂ ਇਸ ਗੇਮ ਨੂੰ ਇੱਕ ਗੇਮ ਵਜੋਂ ਖੇਡਿਆ। ਇਸ ਲਈ ਬਹੁਤ ਸਖ਼ਤ ਮਿਹਨਤ ਕੀਤੀ ਸੀ। ਇਹ ਸਭ ਆਪਣੇ ਆਪ ਨਹੀਂ ਵਾਪਰਿਆ।”
”ਇਸ ਗੇਮ ਵਿੱਚ ਬਹੁਤ ਵੱਡੇ ਅਤੇ ਗੁੰਝਲਦਾਰ ਫ਼ੈਸਲੇ ਲੈਣੇ ਪੈਂਦੇ ਹਨ। ਪਰ ਮੈਂ ਇਹ ਗੇਮ ਆਪਣੇ ਤਰੀਕੇ ਨਾਲ ਖੇਡਣਾ ਚਾਹੁੰਦਾ ਸੀ। ਤਾਂ ਕਿ ਵਰ੍ਹਿਆਂ ਬਾਅਦ ਜਦੋਂ ਮੈਂ ਆਪਣੇ ਕੀਤੇ ਨੂੰ ਦੇਖਾਂ ਤਾਂ ਮਾਣ ਮਹਿਸੂਸ ਕਰਾਂ। ਪੈਸਿਆਂ ਅਤੇ ਮਾਣ ਤੋਂ ਪਰੇ ਆਪ ਸੰਤੁਸ਼ਟ ਮਹਿਸੂਸ ਕਰਾਂ।”
ਉਹ ਕਹਿੰਦੇ ਹਨ, “ਗੇਮ ਵਿਚਲੇ ਰਿਸ਼ਤੇ ਅਤੇ ਗੇਮ ਤੋਂ ਬਾਹਰ ਉਨ੍ਹਾਂ ਲੋਕਾਂ ਨਾਲ ਰਿਸ਼ਤਾ ਜੋ ਬਿੱਗ ਬ੍ਰਦਰ ਦੇ ਘਰ ਵਿੱਚ ਮੇਰੇ ਨਾਲ ਖੇਡ ਰਹੇ ਸਨ ਬਿਲਕੁਲ ਅਲੱਗ ਹਨ।”
ਜਗ ਨੇ ਦੱਸਿਆ ਕਿ ਉਨ੍ਹਾਂ ਇਸ ਗੇਮ ਦੀ ਤਿਆਰੀ ਲਈ ਬਿੱਗ ਬਰਦਰ ਦੇ ਕਈ ਸੀਜ਼ਨ ਦੇਖੇ ਸਨ।
ਬੈਂਸ ਦਾ ਵੋਟਾਂ ਮੰਗਣ ਦਾ ਅੰਦਾਜ਼
ਬੈਂਸ ਦਾ ਆਪਣੀ ਜਿੱਤ ਲਈ ਵੋਟਾਂ ਮੰਗਣ ਦਾ ਅੰਦਾਜ਼ ਬਹੁਤ ਹੀ ਆਤਮ-ਵਿਸ਼ਵਾਸ ਭਰਿਆ ਸੀ।
ਆਪਣੀ ਜਿੱਤ ਲਈ ਵੋਟਾਂ ਮੰਗਦੇ ਹੋਏ ਬੈਂਸ ਨੇ ਜ਼ਬਰਦਸਤ ਭਾਸ਼ਣ ਦਿੱਤਾ ਅਤੇ ਕਿਹਾ, “ਮੈਂ ਇਸ ਘਰ ਵਿੱਚ ਸਭ ਤੋਂ ਪ੍ਰਭਾਵਸ਼ਾਲੀ, ਨਿਪੁੰਨ ਅਤੇ ਰਣਨੀਤੀ ਬਣਾ ਕੇ ਖੇਡਣ ਵਾਲਾ ਖਿਡਾਰੀ ਹਾਂ।
“ਮੈਂ ਨਾ ਸਿਰਫ਼ ਇਸ ਜਿੱਤ ਦਾ ਹੱਕਦਾਰ ਹਾਂ ਮੈਂ ਇਹ ਜਿੱਤ ਕਮਾਈ ਹੈ।”
ਮੈਂ ਬਿੱਗ ਬਰਦਰ ਦਾ ਪਹਿਲਾ ਸਿੱਖ ਹਾਊਸਗੈਸਟ ਸੀ। ਤੇ ਇੰਨਾਂ ਹੀ ਨਹੀਂ ਅੱਜ ਰਾਤ ਤੁਸੀਂ ਸਭ ਨੇ ਸਹੀ ਫ਼ੈਸਲਾ ਲੈਣਾ ਹੈ ਅਤੇ ਮੈਨੂੰ ਬਿੱਗ ਬਰਦਰ ਦੇ ਪਹਿਲੇ ਸਿੱਖ ਜੇਤੂ ਦੇ ਤਾਜ ਪਹਿਨਾਉਣਾ ਹੈ।”
“ਇਹ ਸਹੀ ਕਦਮ ਹੈ, ਮੈਂ ਇਸ ਨੂੰ ਆਪਣੇ ਸਫ਼ਰ ਦੇ ਹਰ ਕਦਮ ’ਤੇ ਕਮਾਇਆ ਹੈ।”
ਜਗ ਬੈਂਸ ਅਮਰੀਕਾ ਦੇ ਵਾਸ਼ਿੰਗਟਨ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਵਾਸ਼ਿੰਗਟਨ ਦੇ ਹੀ ਓਮੈਕ ਹਾਈ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ ਹੈ।
ਉਨ੍ਹਾਂ ਦੇ ਲਿੰਕਡਿਨ ਪ੍ਰੋਫਾਇਲ ਮੁਤਾਬਕ ਉਨ੍ਹਾਂ ਨੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਤੋਂ ਕੰਪੈਰਿਟਿਵ ਹਿਸਟਰੀ ਆਫ ਆਈਡੀਆਜ਼ ਵਿੱਚ ਬੀਏ ਕੀਤੀ ਹੈ। ਇਸ ਮਗਰੋਂ ਉਨ੍ਹਾਂ ਨੇ ਇਸੇ ਯੂਨੀਵਰਸਿਟੀ ਤੋਂ ਬੀਬੀਏ ਦੀ ਪੜ੍ਹਾਈ ਕੀਤੀ।
ਬਿੱਗ ਬ੍ਰਦਰ ਸ਼ੋਅ ਕੀ ਹੈ?
ਅਮਰੀਕਾ ਵਿੱਚ ਬਿੱਗ ਬਰਦਰ ਸ਼ੋਅ ਜੁਲਾਈ 2000 ਵਿੱਚ ਸ਼ੁਰੂ ਹੋਇਆ ਸੀ। ਇਹ ਇੱਕ ਰਿਐਲਿਟੀ ਸ਼ੋਅ ਹੈ ਜਿਸ ਦਾ ਨਾਮ ਮਸ਼ਹੂਰ ਲੇਖਕ ਜੌਰਜ ਓਰਵੈਲ ਦੇ ਨਾਵਲ 1949 ਦੇ ਇੱਕ ਕਿਰਦਾਰ ’ਤੇ ਅਧਾਰਿਤ ਹੈ।
ਬਾਹਰ ਦੀ ਦੁਨੀਆਂ ਤੋਂ ਵੱਖਰ ਬਣੇ ਘਰ ਵਿੱਚ ਇਸ ਗੇਮ ਦੇ ਪ੍ਰਤੀਯੋਗੀਆਂ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ ਖੇਡਣ ਲਈ ਕੁਝ ਟਾਸਕ ਦਿੱਤੇ ਜਾਂਦੇ ਹਨ। ਵੋਟਿੰਗ ਦੇ ਆਧਾਰ ਤੇ ਪ੍ਰਤੀਯੋਗੀਆਂ ਵਿੱਚ ਕੁਝ ਗੇਮ ਦਾ ਹਿੱਸਾ ਰਹਿੰਦੇ ਹਨ ਤਾਂ ਕੁਝ ਗੇਮ ਤੋਂ ਬਾਹਰ ਹੋ ਜਾਂਦੇ ਹਨ।
ਪ੍ਰਤੀਯੋਗੀਆਂ ਦੀ ਕਾਰਗੁਜ਼ਾਰੀ ਦੀ ਲਗਾਤਾਰ ਨਿਗਰਾਨੀ ਕੀਤੀ ਜਾਂਦੀ ਹੈ।
ਅੰਤ ਵਿੱਚ ਵੋਟਿੰਗ ਦੇ ਆਧਾਰ ਉੱਤੇ ਹੀ ਇੱਕ ਜੇਤੂ ਐਲਾਨਿਆਂ ਜਾਂਦਾ ਹੈ ਜਿਸ ਨੂੰ 750000 ਅਮਰੀਕਨ ਡਾਲਰ ਇਨਾਮ ਰਾਸ਼ੀ ਵਜੋਂ ਦਿੱਤੇ ਜਾਂਦੇ ਹਨ।