ਉਰਫ਼ੀ ਜਾਵੇਦ: ‘ਰੋਜ਼ ਕੁੱਟਦੇ ਸੀ, ਗਾਲ੍ਹਾਂ ਕੱਢਦੇ ਸੀ, ਜੇਕਰ ਘਰੋਂ ਨਾ ਭੱਜਦੀ ਤਾਂ ਮਰ ਜਾਂਦੀ'

ਉਰਫ਼ੀ ਜਾਵੇਦ, ਉਹ ਨਾਮ ਜੋ ਅਕਸਰ ਹੀ ਆਪਣੇ ਪਹਿਰਾਵੇ ਅਤੇ ਬੇਬਾਕੀ ਕਰਕੇ ਚਰਚਾ ਵਿੱਚ ਰਹਿੰਦਾ ਹੈ।

ਆਪਣੇ ਕੱਪੜਿਆਂ ਕਰਕੇ ਸੋਸ਼ਲ ਮੀਡੀਆ ਉੱਤੇ ਅਕਸਰ ਉਰਫ਼ੀ ਜਾਵੇਦ ਨੂੰ ਅਲੋਚਨਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਦੇ ਜ਼ਿੰਦਗੀ ਜਿਊਣ ਦੇ ਢੰਗ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾਂਦੀਆਂ ਹਨ ਤੇ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਹਨ।

ਸੋਸ਼ਲ ਮੀਡੀਆ ਸਟਾਰ ਮੰਨੇ ਜਾਂਦੇ ਉਰਫ਼ੀ ਨੇ ਕੁਝ ਸਮਾਂ ਪਹਿਲਾਂ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਆਪਣੇ ਜ਼ਿੰਦਗੀ ਪ੍ਰਤੀ ਨਜ਼ਰੀਏ, ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਸਿੱਖੇ ਸਬਕਾਂ ਸਣੇ ਕਈ ਅਣਕਹੇ ਕਿੱਸੇ ਸਾਂਝੇ ਕੀਤੇ ਸਨ।

ਇਹ ਇੰਟਰਵਿਊ ਬੀਬੀਸੀ ਸਹਿਯੋਗੀ ਨਯਨਦੀਪ ਰਕਸ਼ਿਤ ਵਲੋਂ ਕੀਤਾ ਗਿਆ ਸੀ ਅਤੇ ਇਸੇ ਦੇ ਕੁਝ ਅੰਸ਼ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।

ਉਰਫ਼ੀ ਜਾਵੇਦ ਦੀ ਬੇਪਰਵਾਹੀ

ਸੋਸ਼ਲ ਮੀਡੀਆ ’ਤੇ ਨਜ਼ਰ ਮਾਰੀਏ ਤਾਂ ਉਰਫ਼ੀ ਦਾ ਅਕਸ ਇੱਕ ਬੇਬਾਕ ਅਤੇ ਸਮਾਜ ਦੀ ਪਰਵਾਹ ਨਾ ਕਰਨ ਵਾਲੀ ਕੁੜੀ ਦਾ ਨਜ਼ਰ ਆਉਂਦਾ ਹੈ।

ਜਦੋਂ ਉਰਫ਼ੀ ਨੂੰ ਇਸ ਬੇਪਰਵਾਹ ਰਵੱਈਏ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ,“ਹਾਂ ਮੈਨੂੰ ਬਚਪਨ ਤੋਂ ਹੀ ਇਸ ਤਰ੍ਹਾਂ ਦੇ ਕੱਪੜੇ ਪਾਉਣ ਦਾ ਸ਼ੌਕ ਸੀ। ਪਰ ਘਰ ਵਿੱਚ ਇਜਾਜ਼ਤ ਨਹੀ ਸੀ। ਪਰ ਮੁੰਬਈ ਆਉਣ ਤੋਂ ਬਾਅਦ ਹਾਲਾਤ ਨੇ ਮੈਨੂੰ ਅਜਿਹਾ ਕਰ ਸਕਣ ਦਾ ਹੌਸਲਾ ਦਿੱਤਾ।”

ਜਿਉਂਦੇ ਰਹਿਣ ਲਈ ਘਰੋਂ ਭੱਜੀਆਂ ਤਿੰਨ ਭੈਣਾਂ

ਉਰਫ਼ੀ ਆਪਣੀਆਂ ਦੋ ਹੋਰ ਭੈਣਾਂ ਨਾਲ ਘਰੋਂ ਭੱਜ ਕੇ ਮੁੰਬਈ ਆਏ ਸਨ। ਇੱਕ ਭੈਣ ਉਨ੍ਹਾਂ ਤੋਂ 11 ਮਹੀਨੇ ਵੱਡੀ ਸੀ ਤਾਂ ਦੂਜੀ ਢਾਈ ਸਾਲ ਛੋਟੀ।

ਇਸ ਬਾਰੇ ਦੱਸਦਿਆਂ ਉਹ ਕਹਿੰਦੇ ਹਨ,“ਮੈਂ ਉਥੋਂ ਕੋਈ ਸੁਫ਼ਨਾ ਪੂਰਾ ਕਰਨ ਨਹੀਂ ਸੀ ਨਿਕਲੀ। ਅਸਲ ਵਿੱਚ ਘਰ ਦਾ ਮਾਹੌਲ ਇੰਨਾਂ ਤਣਾਅ ਭਰਿਆ ਸੀ ਕਿ ਜੇ ਉਸ ਘਰ ਤੋਂ ਨਾ ਭੱਜਦੀ ਤਾਂ ਮਰ ਜਾਣਾ ਸੀ।”

“ਰੋਜ਼ ਕੁੱਟਿਆ ਜਾਂਦਾ ਸੀ, ਰੋਜ਼ ਤੰਗ ਕੀਤਾ ਜਾਂਦਾ ਸੀ, ਗਾਲ੍ਹਾਂ ਕੱਢੀਆਂ ਜਾਂਦੀਆਂ ਸੀ। ਮੈਂ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਚੁੱਕੀ ਸੀ। ਮੇਰੀਆਂ ਸਾਰੀਆਂ ਭੈਣਾਂ ਹੀ ਇਸ ਸਭ ਵਿੱਚੋਂ ਲੰਘ ਰਹੀਆਂ ਸਨ।”

“ਮੇਰੇ ਪਿਤਾ ਬਹੁਤ ਦੁਰਵਿਵਹਾਰ ਕਰਦੇ ਸਨ। ਬਹੁਤ ਤੰਗ ਕਰਦੇ ਸਨ। ਅਸੀਂ ਉਸ ਮਾੜੇ ਰਵੱਈਏ ਤੋਂ ਬਚਣ ਲਈ ਭੱਜੀਆਂ ਸਨ।”

“ਜਦੋਂ ਘਰ ਛੱਡਿਆ ਤਾਂ ਦਿਮਾਗ ਵਿੱਚ ਕੋਈ ਸੁਫ਼ਨਾ ਨਹੀਂ ਸੀ ਕਿ ਮੈਂ ਫ਼ਿਲਮ ਸਟਾਰ ਬਣਨਾ ਹੈ। ਪਰ ਜਿਉਂਦੇ ਰਹਿਣ ਦੀ ਲੜਾਈ ਸੀ।”

ਤਿੰਨੋਂ ਭੈਣਾਂ ਘਰ ਤੋਂ ਭੱਜ ਕੇ ਪਹਿਲਾਂ ਲਖਨਊ ਗਈਆਂ।

ਮੁੰਬਈ- ਬਦਲਾਅ ਦਾ ਸਫ਼ਰ

ਕੁਝ ਸਮਾਂ ਭੈਣਾਂ ਨਾਲ ਬਿਤਾਉਣ ਤੋਂ ਬਾਅਦ ਬਾਅਦ ਉਰਫ਼ੀ ਦਾ ਇਕੱਲਿਆਂ ਦਾ ਸਫ਼ਰ ਸੁਰੂ ਹੋਇਆ।

ਕਰੀਬ ਛੇ ਮਹੀਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬਿਤਾਉਣ ਤੋਂ ਬਾਅਦ ਉਹ ਆਪਣੀ ਕਿਸਤਮ ਅਜ਼ਮਾਉਣ ਮੁੰਬਈ ਚਲੇ ਗਏ ਸਨ।

ਉਰਫ਼ੀ ਦੱਸਦੇ ਹਨ ਕਿ ਉਹ ਮਹਿਜ਼ 19 ਸਾਲਾਂ ਦੇ ਸਨ ਜਦੋਂ ਮੁੰਬਈ ਆਏ ਸਨ।

ਉਰਫ਼ੀ ਕਹਿੰਦੇ ਹਨ,“ਮੇਰੇ ਲਈ ਮੁੰਬਈ ਹਰ ਹਾਲ ਮੇਰੇ ਪੁਰਾਣੇ ਘਰ ਨਾਲੋਂ ਚੰਗਾ ਸੀ। ਮੈਂ ਲੋਕਾਂ ਨੂੰ ਮਿਲ ਰਹੀ ਸੀ, ਮੌਜ ਮਸਤੀ ਕਰ ਰਹੀ ਸੀ।”

“ਪਿਛਲੇ ਘਰ ਵਿੱਚ ਮੈਨੂੰ ਕਿਤੇ ਜਾਣ ਦੀ ਇਜਾਜ਼ਤ ਨਹੀਂ ਸੀ ਤੇ ਇੱਥੇ ਹੁਣ ਮੈਂ ਆਪਣੀ ਮਰਜ਼ੀ ਦੀ ਮਾਲਕ ਸੀ, ਜੋ ਮੇਰਾ ਮਨ ਸੀ ਉਹ ਕਰ ਰਹੀ ਸੀ, ਕਿਤੇ ਵੀ ਜਾ ਸਕਦੀ ਸੀ, ਪਾਰਟੀ ਕਰ ਸਕਦੀ ਸੀ।”

ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ

ਉਰਫ਼ੀ ਦੱਸਦੇ ਹਨ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ ਅਤੇ ਲੱਗਦਾ ਸੀ ਕਿ ਹੀਰੋਇਨ ਬਣਨਾ ਹੈ। ਪਰ ਉਹ ਆਪਣੇ ਆਪ ਨੂੰ ਇੱਕ ਮਾੜੀ ਅਦਾਕਾਰਾ ਕਹਿੰਦੇ ਹਨ।

ਉਹ ਕਹਿੰਦੇ ਹਨ ਕਿ ਜਦੋਂ ਮੁੰਬਈ ਆ ਕੇ ਉਨ੍ਹਾਂ ਆਡੀਸ਼ਨ ਦੇਣੇ ਸ਼ੁਰੂ ਕੀਤੇ ਅਤੇ ਆਪਣੇ ਆਪ ਨੂੰ ਸਕਰੀਨ ’ਤੇ ਦੇਖਿਆ ਤਾਂ ਆਪਣੀ ਦਿੱਖ ਵਿੱਚ ਬਦਲਾਅ ਕਰਨ ਵੱਲ ਉਨ੍ਹਾਂ ਦਾ ਧਿਆਨ ਗਿਆ। ਉਨ੍ਹਾਂ ਮੁਤਾਬਕ ਕਈ ਲੋਕਾਂ ਨੇ ਵੀ ਉਨ੍ਹਾਂ ਨੂੰ ਅਜਿਹਾ ਕਰਨ ਦੀ ਸਲਾਹ ਦਿੱਤੀ ਸੀ।

ਉਰਫ਼ੀ ਨੇ ਦੰਦ ਠੀਕ ਕਰਵਾਏ ਫ਼ਿਰ ਆਪਣੇ ਬੁੱਲ਼ਾਂ ਦੀ ਸਰਜਰੀ ਕਰਵਾਈ। ਉਰਫ਼ੀ ਚਹਿਰੇ ਦੀ ਸੁੰਦਰਤਾ ਨੂੰ ਕਿਸੇ ਅਦਾਕਾਰ ਲਈ ਅਹਿਮ ਮੰਨਦੇ ਹਨ।

ਸਮਾਜ ਦੇ ਉਲਟ ਰੁਖ਼

ਉਰਫ਼ੀ ਨੂੰ ਜਦੋਂ ਪੁੱਛਿਆ ਗਿਆ ਕਿ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਸ਼ਖਸੀਅਤ ਨੂੰ ਲੈ ਕੇ ਹਰ ਰੋਜ਼ ਵੱਖ-ਵੱਖ ਤਰੀਕੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਜਵਾਬ ਦਿੱਤਾ,“ਜਦੋਂ ਵੀ ਕੋਈ ਸਮਾਜ ਚੇਤਨਾ ਦੇ ਖ਼ਿਲਾਫ਼ ਕੁਝ ਕਰਦਾ ਹੈ ਤਾਂ ਸ਼ੁਰੂ ਵਿੱਚ ਵਿਰੋਧ ਹੁੰਦਾ ਹੀ ਹੈ।”

ਆਪਣੀ ਗੱਲ ਨੂੰ ਤਰਕ ਭਰਪੂਰ ਬਣਾਉਣ ਲਈ ਉਹ ਉਦਾਹਰਣ ਦਿੰਦੇ ਹਨ,ׅ“ਜਦੋਂ ਰਾਜੀਵ ਗਾਂਧੀ ਪਹਿਲੀ ਵਾਰ ਕੰਪਿਊਟਰ ਲੈ ਕੇ ਭਾਰਤ ਆਏ ਸਨ ਤਾਂ ਉਨ੍ਹਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਅੱਜ ਸਾਡੇ ਸਾਰਿਆਂ ਦੇ ਹੱਥਾਂ ਵਿੱਚ ਕੰਪਿਊਟਰ ਹੈ।”

ਉਰਫ਼ੀ ਨੂੰ ਉਨ੍ਹਾਂ ਲਈ ਸੋਸ਼ਲ ਮੀਡੀਆ ਉੱਤੇ ਦਿੱਤੇ ਜਾਣ ਵਾਲੇ ਲੇਬਲ ਚੰਗੇ ਨਹੀਂ ਲੱਗਦੇ ਅਤੇ ਉਹ ਅਜਿਹਾ ਕਰਨ ਵਾਲਿਆਂ ਦੀ ਭਰੋਸੇਯੋਗਤਾ ਉੱਤੇ ਸਵਾਲ ਖੜ੍ਹਾ ਕਰਦੇ ਹਨ।

“ਜੇ ਇੰਟਰਨੈੱਟ ਉੱਤੇ ਕੋਈ ਵੀ ਕਿਸੇ ਬਾਰੇ ਮਾੜਾ ਬੋਲੇ ਤਾਂ ਉਸ ਗੱਲ ਦਾ ਬੁਰਾ ਮੰਨਣ ਦੀ ਲੋੜ ਨਹੀਂ ਹੈ। ਨੈਤਿਕ ਤੌਰ ’ਤੇ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਪ੍ਰਤੀ ਮਾਣ- ਸਨਮਾਨ ਭਰਿਆ ਰਵੱਈਆ ਰੱਖੀਏ।''

ਡਿਪਰੈਸ਼ਨ ਦਾ ਦੌਰ

ਉਰਫ਼ੀ ਆਪਣੇ ਨਾਲ ਫ਼ਿਲਮ ਇੰਡਸਟਰੀ ਵਿੱਚ ਵਾਪਰੀ ਇੱਕ ਨਿਰਾਸ਼ਾਜਨਕ ਘਟਨਾ ਬਾਰੇ ਦੱਸਦੇ ਹਨ।

ਉਹ ਦੱਸਦੇ ਹਨ, “ਇੱਕ ਵਾਰ ਮੈਨੂੰ ਕਿਸੇ ਪ੍ਰੋ਼ਡਿਊਸਰ ਨੇ ਵੈੱਬਸੀਰੀਜ਼ ਵਿੱਚ ਰੋਲ ਦਿੱਤਾ ਪਰ ਜਦੋਂ ਸੈੱਟ ’ਤੇ ਪਹੁੰਚੀ ਤਾਂ ਉਨ੍ਹਾਂ ਨੇ ਮੈਨੂੰ ਸੈਕਸ ਸੀਨ ਫ਼ਿਲਮਾਉਣ ਲਈ ਕਿਹਾ। ਇਨਕਾਰ ਕਰਨ ਉੱਤੇ ਮੇਰੇ ਕੱਪੜੇ ਉਤਾਰਣ ਦੀ ਕੋਸ਼ਿਸ਼ ਕੀਤੀ ਗਈ।”

“ਤਿੰਨ ਦਿਨ ਬਾਅਦ ਮੈਂ ਇਸ ਮਾਮਲੇ ’ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ। ਪਰ ਇੱਕ ਮਹੀਨਾ ਬਾਅਦ ਮੇਰੇ ’ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਗਿਆ।”

ਉਰਫ਼ੀ ਮੁਤਾਬਕ ਦਬਾਅ ਤੋਂ ਬਾਅਦ ਉਨ੍ਹਾਂ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਸੀ।

ਉਰਫ਼ੀ ਦੱਸਦੇ ਹਨ ਕਿ ਇਹ ਦੌਰ ਅਜਿਹਾ ਸੀ ਜਦੋਂ ਉਨ੍ਹਾਂ ਨੇ ਡਿਪਰੈਸ਼ਨ ਮਹਿਸੂਸ ਕੀਤਾ ਸੀ।

ਉਰਫ਼ੀ ਦੇ ਕੱਪੜੇ ਬਣਾਉਣ ’ਚ ਮਿਹਨਤ

ਕੱਪੜੇ ਤਿਆਰ ਕਰਨ ’ਤੇ ਬਹੁਤ ਮਿਹਨਤ ਲੱਗਦੀ ਹੈ। ਕਈ ਵਾਰ ਮਹੀਨਾ- ਮਹੀਨਾ ਇੱਕ ਹੀ ਡਰੈਸ ਬਣਾਉਣ ਨੂੰ ਲੱਗ ਜਾਂਦਾ ਹੈ।

ਉਰਫ਼ੀ ਮੁਤਾਬਕ ਉਨ੍ਹਾਂ ਨੇ ਕਈ ਵਾਰ ਕਰੀਏਟੀਵਿਟੀ ਬਲਾਕ ਦਾ ਵੀ ਸਾਹਮਣਾ ਕੀਤਾ ਜਦੋਂ ਕੋਈ ਨਵਾਂ ਕਲਾਤਮਕ ਖ਼ਿਆਲ ਜ਼ਹਿਨ ਵਿੱਚ ਨਹੀਂ ਆਉਂਦਾ।

ਉਰਫ਼ੀ ਜਦੋਂ ਮਸ਼ਹੂਰ ਓਟੀਟੀ ਸ਼ੋਅ ਬਿੱਗ ਬਾਸ ਦਾ ਹਿੱਸਾ ਬਣੇ ਸਨ ਤਾਂ ਕਰੀਬ ਹਫ਼ਤੇ ਬਾਅਦ ਹੀ ਸ਼ੋਅ ਤੋਂ ਬਾਹਰ ਹੋ ਗਏ ਸਨ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਦੁਬਾਰਾ ਸ਼ੋਅ ਵਿੱਚ ਜਾਣਾ ਚਾਹੁਣਗੇ ਤਾਂ ਉਰਫ਼ੀ ਨੇ ਕਿਹਾ,“ਹੁਣ ਮੈਂ ਬਹੁਤ ਵੱਖਰੀ ਦੁਨੀਆਂ ਵਿੱਚ ਹਾਂ। ਮੈਂ ਮੇਕਅਪ ਅਤੇ ਵਾਲ ਬਣਾਏ ਬਿਨ੍ਹਾਂ ਨਹੀਂ ਰਹਿ ਸਕਦੀ। ਉਥੇ ਜਾ ਕੇ ਮੇਰੇ ਤੋਂ ਕੰਮ ਵੀ ਨਹੀਂ ਹੋਣਾ।”

ਉਰਫ਼ੀ ਕਹਿੰਦੇ ਹਨ ਕਿ ਨਾ ਤਾਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਆਇਆ ਤੇ ਨਾ ਹੀ ਆਉਣ ਦੀ ਹਿੰਮਤ ਕਰਦਾ ਹੈ।

ਉਰਫ਼ੀ ਨੇ ਕਿਹਾ,“ਮੁੰਡਿਆਂ ਨੂੰ ਲੱਗਦਾ ਹੈ ਜੇ ਪ੍ਰਪੋਜ਼ ਕੀਤਾ ਤਾਂ ਸੋਸ਼ਲ ਮੀਡੀਆ ਉੱਤੇ ਸਟੋਰੀ ਪਾ ਦੇਵੇਗੀ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)