You’re viewing a text-only version of this website that uses less data. View the main version of the website including all images and videos.
'ਉਨ੍ਹਾਂ ਨੇ ਫਟਿਆ ਗੱਦਾ ਬਦਲਣ ਤੋਂ ਇਨਕਾਰ ਕਰ ਦਿੱਤਾ', ਸਾਦਾ ਜੀਵਨ ਜਿਉਂਣ ਦਾ ਦਾਅਵਾ ਕਰਨ ਵਾਲੇ ਈਲੋਨ ਮਸਕ ਖ਼ਰਬਾਂ ਡਾਲਰਾਂ ਦਾ ਕਰਦੇ ਕੀ ਹਨ
- ਲੇਖਕ, ਟਿਫਨੀ ਵਰਥਾਈਮਰ ਅਤੇ ਐਲਿਸ ਡੇਵਿਸ
- ਰੋਲ, ਬੀਬੀਸੀ ਨਿਊਜ਼
ਟੈਸਲਾ ਦੇ ਮਾਲਕ ਇਲੋਨ ਮਸਕ ਕਈ ਸਾਲਾਂ ਤੋਂ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਰਹੇ ਹਨ ਅਤੇ ਹਾਲ ਹੀ ਵਿੱਚ ਜਦੋਂ ਉਹ ਪਹਿਲੇ ਅੱਧੇ-ਖਰਬਪਤੀ ਬਣੇ ਤਾਂ ਉਨ੍ਹਾਂ ਦੀ ਦੌਲਤ ਚਰਚਾ ਦਾ ਵਿਸ਼ਾ ਬਣ ਗਈ।
ਇਸ ਦੇ ਬਾਵਜੂਦ, ਮਸਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਨ੍ਹਾਂ ਦੀ ਜੀਵਨ ਸ਼ੈਲੀ ਬਹੁਤ ਕਾਫੀ ਜ਼ਿਆਦਾ ਸਾਦੀ ਹੈ। ਸਾਲ 2021 ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਟੈਕਸਾਸ ਵਿੱਚ 50,000 ਡਾਲਰ ਦੇ ਇੱਕ ਘਰ ਵਿੱਚ ਰਹਿੰਦੇ ਹਨ।
ਉਨ੍ਹਾਂ ਦੀ ਸਾਬਕਾ ਸਾਥੀ ਗ੍ਰੀਮਜ਼, ਜਿਨ੍ਹਾਂ ਨਾਲ ਉਨ੍ਹਾਂ ਦੇ ਦੋ ਬੱਚੇ ਹਨ, ਨੇ 2022 ਵਿੱਚ ਵੈਨਿਟੀ ਫੇਅਰ ਨੂੰ ਦੱਸਿਆ ਸੀ ਕਿ ਉਹ ਉਸ ਤਰ੍ਹਾਂ ਦੀ ਸ਼ਾਨਦਾਰ ਜੀਵਨ ਸ਼ੈਲੀ ਨਹੀਂ ਜਿਉਂਦੇ, ਜਿਹੋ-ਜਿਹਾ ਬਹੁਤ ਸਾਰੇ ਲੋਕ ਸੋਚਦੇ ਹਨ।
ਉਨ੍ਹਾਂ ਨੇ ਮੈਗਜ਼ੀਨ ਨੂੰ ਦੱਸਿਆ ਸੀ, "ਬ੍ਰੋ (ਇੱਥੇ ਬ੍ਰੋ ਦਾ ਮਤਲਬ ਭਰਾ ਨਹੀਂ ਹੈ, ਸਗੋਂ ਬਸ ਮਸਕ ਲਈ ਇੱਕ ਖਾਸ ਅੰਦਾਜ਼ 'ਚ ਵਰਤਿਆ ਗਿਆ ਸ਼ਬਦ ਹੈ) ਅਰਬਪਤੀਆਂ ਵਾਂਗ ਨਹੀਂ ਰਹਿੰਦੇ। ਕਈ ਵਾਰ ਬ੍ਰੋ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ।''
ਉਨ੍ਹਾ ਕਿਹਾ, ਮਸਕ ਨੇ ਇੱਕ ਵਾਰ ਨਵਾਂ ਗੱਦਾ ਖਰੀਦਣ ਤੋਂ ਇਨਕਾਰ ਕਰ ਦਿੱਤਾ ਸੀ ਭਾਵੇਂ ਗ੍ਰੀਮਜ਼ ਵਾਲੇ ਪਾਸੇ ਗੱਦੇ ਵਿੱਚ ਇੱਕ ਛੇਕ ਹੋ ਗਿਆ ਸੀ।
ਹਾਲਾਂਕਿ ਉਨ੍ਹਾਂ ਦੇ ਰੋਜ਼ਾਨਾ ਨਿਵਾਸ ਵਾਲੇ ਕੁਆਰਟਰ ਓਨੇ ਆਲੀਸ਼ਾਨ ਨਹੀਂ ਹਨ ਜਿੰਨਾ ਕਿ ਕੋਈ ਉਮੀਦ ਕਰ ਸਕਦਾ ਹੈ, ਪਰ ਉਨ੍ਹਾਂ ਨੂੰ ਵਿਲੱਖਣ ਕਾਰਾਂ ਦਾ ਸ਼ੌਕ ਹੈ, ਜਿਨ੍ਹਾਂ ਵਿੱਚ ਇੱਕ ਅਜਿਹੀ ਹੈ ਜੋ ਕਿ ਪਣਡੁੱਬੀ ਵਿੱਚ ਬਦਲ ਸਕਦੀ ਹੈ। ਉਨ੍ਹਾਂ ਕੋਲ ਲੱਖਾਂ ਡਾਲਰਾਂ ਦਾ ਇੱਕ ਨਿੱਜੀ ਜੈੱਟ ਕੁਲੈਕਸ਼ਨ ਵੀ ਹੈ।
ਫਿਰ 2022 ਵਿੱਚ ਉਨ੍ਹਾਂ ਨੇ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦ ਲਿਆ।
ਆਲੀਸ਼ਾਨ ਘਰ - ਜੋ ਮਸਕ ਨੇ ਵੇਚੇ
ਇੱਕ ਸਮੇਂ ਮਸਕ ਰੀਅਲ ਅਸਟੇਟ ਦੇ ਮਾਮਲੇ 'ਚ ਵੀ ਬਹੁਤ ਮਜ਼ਬੂਤ ਸਖ਼ਸ਼ੀਅਤ ਸਨ। ਵਾਲ ਸਟਰੀਟ ਜਰਨਲ ਨੇ 2019 ਵਿੱਚ ਰਿਪੋਰਟ ਦਿੱਤੀ ਸੀ ਕਿ ਉਨ੍ਹਾਂ ਨੇ ਲਗਭਗ ਸੱਤ ਸਾਲਾਂ ਵਿੱਚ ਸੱਤ ਘਰਾਂ 'ਤੇ 100 ਮਿਲੀਅਨ ਡਾਲਰ ਖ਼ਰਚ ਕੀਤੇ ਹਨ - ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੈਲੀਫੋਰਨੀਆਂ ਦੇ ਮਸ਼ਹੂਰ ਬੇਲ-ਏਅਰ ਇਲਾਕੇ ਵਿੱਚ ਇੱਕ-ਦੂਜੇ ਤੋਂ ਥੋੜ੍ਹੀ ਦੂਰੀ 'ਤੇ ਹੀ ਹਨ।
ਕੁੱਲ ਮਿਲਾ ਕੇ, ਇਨ੍ਹਾਂ ਜਾਇਦਾਦਾਂ ਵਿੱਚ ਸਵੀਮਿੰਗ ਪੂਲ, ਇੱਕ ਟੈਨਿਸ ਕੋਰਟ, ਇੱਕ ਵਾਈਨ ਸੈਲਰ, ਇੱਕ ਨਿੱਜੀ ਲਾਇਬ੍ਰੇਰੀ ਅਤੇ ਇੱਕ ਬਾਲਰੂਮ ਸੀ। ਇਨ੍ਹਾਂ ਘਰਾਂ ਵਿੱਚੋਂ ਇੱਕ, ਰੈਂਚ ਹਾਊਸ ਸੀ ਜੋ ਕਦੇ ਵਿਲੀ ਵੋਂਕਾ ਦੇ ਦਿੱਗਜ ਅਦਾਕਾਰ ਜੀਨ ਵਾਈਲਡਰ ਦਾ ਸੀ।
ਪਰ ਸਾਲ 2020 ਵਿੱਚ ਮਸਕ ਨੇ ਆਪਣਾ ਮਨ ਬਦਲ ਲਿਆ। ਉਨ੍ਹਾਂ ਨੇ ਟਵੀਟ ਕੀਤਾ ਕਿ ਉਹ ਆਪਣੀਆਂ "ਲਗਭਗ ਸਾਰੀਆਂ ਭੌਤਿਕ ਸੰਪਤੀਆਂ ਵੇਚ ਦੇਣਗੇ" ਅਤੇ "ਘਰ ਨਹੀਂ ਖਰੀਦਣਗੇ''।
ਉਨ੍ਹਾਂ ਲਿਖਿਆ ਸੀ, "ਮੈਨੂੰ ਕੈਸ਼ ਦੀ ਲੋੜ ਨਹੀਂ ਹੈ। ਮੈਂ ਆਪਣੇ ਆਪ ਨੂੰ ਮੰਗਲ ਅਤੇ ਧਰਤੀ ਨੂੰ ਸਮਰਪਿਤ ਕਰ ਰਿਹਾ ਹਾਂ। ਜਾਇਦਾਦਾਂ ਸਿਰਫ਼ ਬੋਝ ਬਣ ਜਾਂਦੀਆਂ ਹਨ।''
ਉਨ੍ਹਾਂ ਨੇ ਤਿੰਨ ਬੈੱਡਰੂਮ ਵਾਲੀ ਇਹ ਜਾਇਦਾਦ ਵਾਈਲਡਰ ਦੇ ਭਤੀਜੇ, ਜੌਰਡਨ ਵਾਕਰ-ਪਰਲਮੈਨ ਨੂੰ ਹੀ ਵੇਚ ਦਿੱਤੀ ਅਤੇ ਇਸ ਨੂੰ ਖਰੀਦਣ ਲਈ ਉਨ੍ਹਾਂ ਨੂੰ ਲੱਖਾਂ ਡਾਲਰ ਦਾ ਕਰਜ਼ਾ ਵੀ ਦਿੱਤਾ।
ਪਰ ਜਦੋਂ ਵਾਕਰ-ਪਰਲਮੈਨ ਕਿਸ਼ਤਾਂ ਭਰਨ 'ਚ ਨਾਕਾਮਯਾਬ ਰਹੇ ਤਾਂ ਜੂਨ 2025 ਵਿੱਚ ਮਸਕ ਨੇ ਇਸ ਜਾਇਦਾਦ ਦੀ ਮਾਲਕੀ ਵਾਪਸ ਲੈ ਲਈ।
ਸਾਲ 2021 ਵਿੱਚ ਮਸਕ ਨੇ ਟਵੀਟ ਕੀਤਾ ਕਿ ਉਨ੍ਹਾਂ ਦਾ "ਮੁੱਢਲਾ ਘਰ (ਪ੍ਰਾਇਮਰੀ ਹਾਊਸ)" ਇੱਕ ਸਧਾਰਨ ਪ੍ਰੀਫੈਬਰੀਕੇਟਿਡ ਘਰ ਸੀ, ਜਿਸ ਦੀ ਕੀਮਤ ਲਗਭਗ 50,000 ਡਾਲਰ ਸੀ ਅਤੇ ਟੈਕਸਾਸ ਦੇ ਦੱਖਣੀ ਸਿਰੇ 'ਤੇ ਸੀ, ਜਿੱਥੇ ਉਨ੍ਹਾਂ ਦੀ ਏਰੋਸਪੇਸ ਕੰਪਨੀ ਸਪੇਸਐਕਸ ਵੀ ਹੈ। ਇਹ ਖੇਤਰ ਹੁਣ ਅਧਿਕਾਰਤ ਤੌਰ 'ਤੇ ਸਟਾਰਬੇਸ ਨਾਮਕ ਇੱਕ ਸ਼ਹਿਰ ਬਣ ਗਿਆ ਹੈ।
ਮਸਕ ਨੇ ਉਸ ਸਧਾਰਨ ਘਰ ਬਾਰੇ ਕਿਹਾ ਸੀ, "ਇਹ ਵਾਕਈ ਸ਼ਾਨਦਾਰ ਹੈ''।
ਅਗਲੇ ਸਾਲ, ਮਸਕ ਨੇ ਕਿਹਾ ਕਿ ਉਨ੍ਹਾਂ ਕੋਲ ਘਰ ਨਹੀਂ ਹੈ। ਉਨ੍ਹਾਂ ਨੇ ਇਸ ਤੱਥ ਨੂੰ ਇੱਕ ਮਿਸਾਲ ਵਜੋਂ ਪੇਸ਼ ਕੀਤਾ ਇਹ ਦਿਖਾਉਣ ਲਈ ਕਿ ਅਥਾਹ ਦੌਲਤ ਦੇ ਬਾਵਜੂਦ ਉਨ੍ਹਾਂ ਦਾ ਰਹਿਣ-ਸਹਿਣ ਕਿੰਨਾ ਸਾਦਾ ਹੈ।
ਉਨ੍ਹਾਂ ਨੇ ਮੀਡੀਆ ਸੰਗਠਨ ਟੇਡ (TED) ਦੇ ਮੁਖੀ ਕ੍ਰਿਸ ਐਂਡਰਸਨ ਨੂੰ ਕਿਹਾ, "ਮੈਂ ਸੱਚਮੁੱਚ ਦੋਸਤਾਂ ਦੇ ਘਰਾਂ ਵਿੱਚ ਰਹਿ ਰਿਹਾ ਹਾਂ। ਜੇ ਮੈਂ ਬੇਅ ਏਰੀਆ ਜਾਂਦਾ ਹਾਂ, ਜਿੱਥੇ ਟੇਸਲਾ ਦੀ ਜ਼ਿਆਦਾਤਰ ਇੰਜੀਨੀਅਰਿੰਗ ਕੀਤੀ ਜਾਂਦੀ ਹੈ, ਤਾਂ ਮੈਂ ਸਿਰਫ਼ ਦੋਸਤਾਂ ਦੇ ਖਾਲੀ ਕਮਰਿਆਂ ਵਿੱਚ ਹੀ ਰਹਿੰਦਾ ਹਾਂ।"
ਇਹ ਕੋਈ ਨਵੀਂ ਗੱਲ ਨਹੀਂ ਹੈ - ਸਾਲ 2015 ਵਿੱਚ, ਉਸ ਸਮੇਂ ਦੇ ਗੂਗਲ ਦੇ ਸੀਈਓ ਲੈਰੀ ਪੇਜ ਨੇ ਲੇਖਕ ਐਸ਼ਲੀ ਵੈਂਸ ਨੂੰ ਕਿਹਾ ਸੀ ਕਿ ਮਸਕ "ਇੱਕ ਤਰ੍ਹਾਂ ਨਾਲ ਬੇਘਰ" ਸਨ।
"ਉਹ ਈਮੇਲ ਕਰਦੇ ਹਨ ਅਤੇ ਕਹਿੰਦੇ ਹਨ ਕਿ 'ਮੈਨੂੰ ਨਹੀਂ ਪਤਾ ਕਿ ਅੱਜ ਰਾਤ ਕਿੱਥੇ ਰਹਿਣਾ ਹੈ। ਕੀ ਮੈਂ ਆ ਸਕਦਾ ਹਾਂ?'"
ਪਿਛਲੇ ਕੁਝ ਸਾਲਾਂ ਤੋਂ ਬਹੁਤ ਸਾਰੇ ਕਿਆਸ ਲਗਾਏ ਜਾ ਰਹੇ ਹਨ ਕਿ ਮਸਕ ਅਮਰੀਕਾ ਭਰ ਵਿੱਚ ਜਾਇਦਾਦਾਂ ਖਰੀਦ ਰਹੇ ਹਨ, ਹਾਲਾਂਕਿ ਟੈਕਸਾਸ ਦਾ ਘਰ ਉਨ੍ਹਾਂ ਦਾ ਇੱਕੋ-ਇੱਕ ਅਧਿਕਾਰਤ ਘਰ ਦਿਖਾਈ ਦਿੰਦਾ ਹੈ।
ਦੁਨੀਆਂ 'ਚ ਸਭ ਤੋਂ ਵਿਲੱਖਣ ਤੇ ਸ਼ਾਨਦਾਰ ਕਾਰਾਂ
ਹਾਲਾਂਕਿ ਮਸਕ ਜਾਇਦਾਦ 'ਤੇ ਜ਼ਿਆਦਾ ਖ਼ਰਚ ਨਹੀਂ ਕਰਦੇ, ਪਰ ਕਾਰਾਂ ਦੇ ਮਾਮਲੇ 'ਚ ਗੱਲ ਗੱਲ ਵੱਖਰੀ ਹੈ।
ਟੇਸਲਾ ਦਾ ਮਾਲਕ ਹੋਣ ਦੇ ਨਾਤੇ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਬਹੁਤ ਸਾਰੀਆਂ ਅਸਾਧਾਰਨ ਅਤੇ, ਕੁਝ ਮਾਮਲਿਆਂ ਵਿੱਚ ਤਾਂ ਬਿਲਕੁਲ ਹਟ ਕੇ ਗੱਡੀਆਂ ਹਨ। ਉਨ੍ਹਾਂ ਕੋਲ ਅਜਿਹੀਆਂ ਗੱਡੀਆਂ ਦੀ ਇੱਕ ਵੱਡੀ ਕੁਲੈਕਸ਼ਨ ਹੈ।
ਇਨ੍ਹਾਂ ਵਿੱਚ ਇੱਕ ਫੋਰਡ ਮਾਡਲ ਟੀ ਸ਼ਾਮਲ ਹੈ, ਜਿਸ ਨੂੰ 20ਵੀਂ ਸਦੀ ਦੀ ਪਹਿਲੀ ਕਿਫਾਇਤੀ ਕਾਰ ਵਜੋਂ ਜਾਣਿਆ ਜਾਂਦਾ ਹੈ, ਜਿਸ ਨੇ ਕਾਰ ਉਦਯੋਗ ਵਿੱਚ ਕ੍ਰਾਂਤੀ ਲਿਆ ਦਿੱਤੀ ਸੀ।
ਉਨ੍ਹਾਂ ਦੀਆਂ ਹੋਰ ਕਾਰਾਂ ਵਿੱਚ - 1967 ਦੀ ਜੈਗੁਆਰ ਈ-ਟਾਈਪ ਰੋਡਸਟਰ ਸ਼ਾਮਲ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਮਸਕ ਨੂੰ ਬਚਪਨ ਤੋਂ ਹੀ ਇਸ ਦਾ ਜਨੂੰਨ ਸੀ; 1997 ਦੀ ਮੈਕਲਾਰੇਨ ਐਫ1, ਜਿਸ ਦਾ ਉਨ੍ਹਾਂ ਕੋਲੋਂ ਐਕਸੀਡੈਂਟ ਹੋ ਗਿਆ ਸੀ ਅਤੇ ਵੇਚਣ ਤੋਂ ਪਹਿਲਾਂ ਮਸਕ ਨੇ ਉਸ ਦੀ ਮੁਰੰਮਤ 'ਤੇ ਕਾਫ਼ੀ ਖਰਚਾ ਕੀਤਾ; ਅਤੇ ਇੱਕ ਟੇਸਲਾ ਰੋਡਸਟਰ, ਜੋ ਕਿ ਵਿਕਰੀ ਲਈ ਜਾਣ ਵਾਲਾ ਪਹਿਲਾ ਟੇਸਲਾ ਮਾਡਲ ਸੀ ਅਤੇ ਜਿਸ ਨੂੰ ਮਸਕ ਨੇ ਸਾਲ 2018 ਵਿੱਚ ਪੁਲਾੜ ਵਿੱਚ ਲਾਂਚ ਕੀਤਾ ਸੀ।
ਹਾਲਾਂਕਿ, ਸਭ ਤੋਂ ਅਸਾਧਾਰਨ ਕਾਰ 1976 ਦੀ ਲੋਟਸ ਐਸਪ੍ਰਿਟ ਹੈ, ਜਿਸ ਨੂੰ ਜੇਮਜ਼ ਬਾਂਡ ਨੇ 1977 ਦੀ ਫਿਲਮ 'ਦ ਸਪਾਈ ਹੂ ਲਵਡ ਮੀ' ਵਿੱਚ ਚਲਾਇਆ ਸੀ।
ਇਸ ਫਿਲਮ ਵਿੱਚ, ਵੈੱਟ ਨੇਲੀ ਨਾਮ ਦੀ ਕਾਰ, ਇੱਕ ਪਣਡੁੱਬੀ ਵਿੱਚ ਬਦਲ ਸਕਦੀ ਹੈ। ਮਸਕ ਨੇ ਸਾਲ 2013 ਵਿੱਚ ਇੱਕ ਨਿਲਾਮੀ ਵਿੱਚ ਲਗਭਗ 1 ਮਿਲੀਅਨ ਡਾਲਰ ਵਿੱਚ ਇਹ ਕਾਰ ਖਰੀਦੀ ਸੀ। ਇਸ ਨੂੰ ਖਰੀਦਣ ਦਾ ਮਕਸਦ ਇਸ ਕਾਰ ਦੀ ਪਣਡੁੱਬੀ-ਪਰਿਵਰਤਨ ਸਮਰੱਥਾ ਨੂੰ ਇੱਕ ਵਾਰ ਫਿਰ ਹਕੀਕਤ ਬਣਾਉਣਾ ਸੀ।
ਕੰਮ 'ਤੇ ਜਹਾਜ਼ 'ਚ ਜਾਂਦੇ ਹਨ
ਮਸਕ ਨੇ ਸਵੀਕਾਰ ਕੀਤਾ ਹੈ ਕਿ ਇੱਹ ਹੋਰ ਚੀਜ਼ ਜਿਸ 'ਤੇ ਉਹ ਖੁਸ਼ੀ-ਖੁਸ਼ੀ ਖਰਚ ਕਰ ਦਿੰਦੇ ਹਨ, ਉਹ ਹੈ - ਹਵਾਈ ਜਹਾਜ਼। ਪਰ ਨਾਲ ਹੀ ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਇਸ ਦਾ ਕਾਰਨ ਉਨ੍ਹਾਂ ਦਾ ਆਪਣੇ ਕੰਮ ਪ੍ਰਤੀ ਸਮਰਪਣ ਹੈ।
ਉਨ੍ਹਾਂ ਨੇ ਸਾਲ 2022 ਦੇ ਇੱਕ ਟੇਡ (TED) ਇੰਟਰਵਿਊ ਵਿੱਚ ਕਿਹਾ ਸੀ, "ਜੇ ਮੈਂ ਹਵਾਈ ਜਹਾਜ਼ ਦੀ ਵਰਤੋਂ ਨਾ ਕਰਾਂ, ਤਾਂ ਮੇਰੇ ਕੋਲ ਕੰਮ ਕਰਨ ਲਈ ਘੰਟੇ ਘੱਟ ਜਾਂਦੇ ਹਨ।"
ਉਨ੍ਹਾਂ ਦੇ ਇਸ ਕੁਲੈਕਸ਼ਨ ਵਿੱਚ ਕਈ ਨਿੱਜੀ ਜੈੱਟ ਸ਼ਾਮਲ ਹਨ, ਜਿਨ੍ਹਾਂ ਵਿੱਚ ਲੱਖਾਂ ਡਾਲਰਾਂ ਦੇ ਗਲਫਸਟ੍ਰੀਮ ਮਾਡਲ ਸ਼ਾਮਲ ਹਨ।
ਉਹ ਉਨ੍ਹਾਂ ਜਹਾਜ਼ਾਂ ਦੀ ਵਰਤੋਂ ਅਮਰੀਕਾ ਵਿੱਚ ਸਥਿਤ ਸਪੇਸਐਕਸ ਅਤੇ ਟੇਸਲਾ ਦੇ ਠਿਕਾਣਿਆਂ ਵਿਚਕਾਰ ਯਾਤਰਾ ਕਰਨ ਅਤੇ ਅੰਤਰਰਾਸ਼ਟਰੀ ਯਾਤਰਾ ਲਈ ਵੀ ਕਰਦੇ ਹਨ।
ਪਰਉਪਕਾਰੀ ਅਕਸ ਅਤੇ ਆਲੋਚਨਾ
ਅਮਰੀਕੀ ਰੈਗੂਲੇਟਰੀ ਦਸਤਾਵੇਜ਼ਾਂ ਦੇ ਅਨੁਸਾਰ, ਮਸਕ ਨੇ ਚੈਰਿਟੀ ਲਈ ਅਰਬਾਂ ਡਾਲਰ ਦੇ ਸ਼ੇਅਰ ਦਾਨ ਕੀਤੇ ਹਨ ਅਤੇ ਵੱਖ-ਵੱਖ ਕਾਰਜਾਂ ਲਈ ਸੈਂਕੜੇ ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਪਰ ਉਨ੍ਹਾਂ ਦੇ ਇਨ੍ਹਾਂ ਕੰਮਾਂ ਨੂੰ ਆਲੋਚਨਾ ਝੱਲਣੀ ਪਈ ਹੈ।
ਨਿਊਯਾਰਕ ਟਾਈਮਜ਼ ਨੇ ਪਿਛਲੇ ਸਾਲ ਉਨ੍ਹਾਂ ਨੂੰ "ਬੇਤਰਤੀਬ ਅਤੇ ਬਹੁਤ ਹੱਦ ਤੱਕ ਸੁਆਰਥੀ - ਜਿਸ ਨਾਲ ਉਨ੍ਹਾਂ ਨੂੰ ਆਪਣੇ ਕਾਰੋਬਾਰਾਂ ਲਈ ਟੈਕਸ ਲਈ ਵੱਡੀਆਂ ਛੋਟਾਂ ਅਤੇ ਕਾਰੋਬਾਰ ਲਈ ਮਦਦ ਦਾ ਹੱਕ ਮਿਲ ਸਕੇ ਕਿਹਾ ਸੀ''।
ਉਨ੍ਹਾਂ ਦੀ ਚੈਰੀਟੇਬਲ ਸੰਸਥਾ, ਮਸਕ ਫਾਊਂਡੇਸ਼ਨ, ਦੀ ਵੈੱਬਸਾਈਟ 'ਤੇ ਦੱਸਿਆ ਗਿਆ ਹੈ ਕਿ ''ਇਹ ਮਹਾਨ ਵਿਗਿਆਨਕ ਖੋਜ, ਤਕਨੀਕੀ ਨਵੀਨਤਾ, ਅਤੇ ਸੰਭਾਵਨਾਵਾਂ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਵਾਲੇ ਯਤਨਾਂ ਰਾਹੀਂ ਮਨੁੱਖਤਾ ਦੀ ਤਰੱਕੀ ਨੂੰ ਅੱਗੇ ਵਧਾਉਣ ਲਈ ਸਮਰਪਿਤ ਹੈ।"
ਪਰ ਨਿਊਯਾਰਕ ਟਾਈਮਜ਼ ਨੇ ਰਿਪੋਰਟ ਦਿੱਤੀ ਕਿ ਲਗਾਤਾਰ ਤਿੰਨ ਸਾਲਾਂ ਲਈ ਫਾਊਂਡੇਸ਼ਨ ਕੋਲ ਲੋੜੀਂਦੀ ਦਾਨ ਰਕਮ ਤੋਂ ਘੱਟ ਪੈਸੇ ਰਹੇ। ਅਖਬਾਰ, ਜਿਸ ਨੇ ਫਾਊਂਡੇਸ਼ਨ ਦੀਆਂ ਟੈਕਸ ਫਾਈਲਿੰਗਾਂ ਦੀ ਸਮੀਖਿਆ ਕੀਤੀ, ਨੇ ਇਹ ਵੀ ਪਾਇਆ ਕਿ ਇਸ ਦੇ ਬਹੁਤ ਸਾਰੇ ਦਾਨ ਮਸਕ ਨਾਲ ਜੁੜੀਆਂ ਸੰਸਥਾਵਾਂ ਨੂੰ ਹੀ ਗਏ ਸਨ।
ਇਸ ਸਬੰਧੀ, ਇਲੋਨ ਮਸਕ ਅਤੇ ਮਸਕ ਫਾਊਂਡੇਸ਼ਨ ਨਾਲ ਟਿੱਪਣੀ ਲਈ ਸੰਪਰਕ ਕੀਤਾ ਗਿਆ ਹੈ।
ਜਦੋਂ ਪਹਿਲਾਂ ਇੱਕ ਵਾਰ ਉਨ੍ਹਾਂ ਨੂੰ ਚੈਰੀਟੇਬਲ ਕੰਮ ਬਾਰੇ ਪੁੱਛਿਆ ਗਿਆ ਸੀ, ਤਾਂ ਮਸਕ ਰਵਾਇਤੀ ਚੈਰੀਟੇਬਲ ਦਾਨਾਂ ਪ੍ਰਤੀ ਸ਼ੰਕਾ 'ਚ ਨਜ਼ਰ ਆਏ ਸਨ।
ਸਾਲ 2022 ਵਿੱਚ ਉਨ੍ਹਾਂ ਨੇ ਕ੍ਰਿਸ ਐਂਡਰਸਨ ਨੂੰ ਕਿਹਾ ਸੀ, "ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਚੰਗਿਆਈ ਦੀ ਮਹਿਜ਼ ਧਾਰਨਾ ਦੀ ਬਜਾਏ, ਵਾਕਈ ਇਸ 'ਚ ਵਿਸ਼ਵਾਸ ਕਰਦੇ ਹੋ ਤਾਂ ਦਾਨ ਵਾਲਾ ਕੰਮ ਬਹੁਤ ਮੁਸ਼ਕਲ ਹੈ।''
ਮਸਕ ਮੁਤਾਬਕ, ਉਨ੍ਹਾਂ ਦੇ ਕਾਰੋਬਾਰਾਂ ਦੀ ਹੋਂਦ ਹੀ ਦੂਜਿਆਂ ਦੀ ਭਲਾਈ 'ਤੇ ਨਿਰਭਰ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਸੀ, "ਜੇ ਤੁਸੀਂ ਕਹਿੰਦੇ ਹੋ ਕਿ ਪਰਉਪਕਾਰ ਮਨੁੱਖਤਾ ਪ੍ਰਤੀ ਪਿਆਰ ਹੈ, ਤਾਂ ਉਹ ਪਰਉਪਕਾਰੀ ਹਨ।''
ਉਨ੍ਹਾਂ ਕਿਹਾ ਕਿ ਟੇਸਲਾ "ਟਿਕਾਊ ਊਰਜਾ ਨੂੰ ਗਤੀ ਦੇ ਰਹੀ ਹੈ", ਜਦਕਿ ਸਪੇਸਐਕਸ "ਲੰਮੇ ਸਮੇਂ ਤੱਕ ਮਨੁੱਖਤਾ ਨੂੰ ਬੱਚੇ ਰੱਖਣ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ" ਅਤੇ ਨਿਊਰਾਲਿੰਕ "ਏਆਈ ਨਾਲ ਦਿਮਾਗੀ ਸੱਟਾਂ ਅਤੇ ਹੋਂਦ ਦੇ ਜੋਖਮ ਨੂੰ ਹੱਲ ਕਰਨ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ