14 ਅਰਬ ਡਾਲਰ ਦਾ ਕ੍ਰਿਪਟੋ ਘੁਟਾਲਾ: ਕੌਣ ਹੈ ਇਸ ਦਾ ਰਹੱਸਮਈ ਮਾਸਟਰਮਾਈਂਡ? ਕਿਵੇਂ ਫੈਲਿਆ 'ਘੁਟਾਲਿਆਂ ਦਾ ਸਾਮਰਾਜ'

    • ਲੇਖਕ, ਜੋਨਾਥਨ ਹੇਡ
    • ਰੋਲ, ਦੱਖਣ-ਪੂਰਬ ਏਸ਼ੀਆ ਪੱਤਰਕਾਰ

ਸਿਰਫ਼ 37 ਸਾਲ ਦੇ ਚੇਨ ਜ਼ੀ 'ਤੇ ਇੱਕ ਵੱਡੇ ਸਾਈਬਰ-ਧੋਖਾਧੜੀ ਸਾਮਰਾਜ ਦਾ ਮਾਸਟਰਮਾਈਂਡ ਹੋਣ ਦਾ ਇਲਜ਼ਾਮ ਹੈ। ਇਹ ਇੱਕ ਅਜਿਹਾ ਅਪਰਾਧ ਹੈ ਜਿਸਨੇ ਬਹੁਤ ਸਾਰੇ ਲੋਕਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ।

ਹਲਕੀ ਦਾੜ੍ਹੀ ਅਤੇ ਬੱਚੇ ਵਰਗੇ ਚਿਹਰੇ ਵਾਲੇ ਚੇਨ ਜ਼ੀ ਆਪਣੀ ਉਮਰ ਤੋਂ ਵੀ ਜ਼ਿਆਦਾ ਜਵਾਨ ਦਿਖਾਈ ਦਿੰਦੇ ਹਨ। ਉਹ ਬਹੁਤ ਜਲਦੀ ਅਥਾਹ ਅਮੀਰ ਬਣ ਗਏ।

ਪਿਛਲੇ ਹਫ਼ਤੇ, ਅਮਰੀਕੀ ਨਿਆਂ ਵਿਭਾਗ ਨੇ ਉਨ੍ਹਾਂ 'ਤੇ ਕੰਬੋਡੀਆ ਵਿੱਚ ਇੱਕ ਘੁਟਾਲੇ ਦਾ ਇਲਜ਼ਾਮ ਲਗਾਇਆ, ਜਿਸਨੇ ਦੁਨੀਆਂ ਭਰ ਦੇ ਪੀੜਤਾਂ ਤੋਂ ਅਰਬਾਂ ਡਾਲਰ ਦੀ ਕ੍ਰਿਪਟੋਕਰੰਸੀ ਚੋਰੀ ਕੀਤੀ।

ਅਮਰੀਕੀ ਵਿੱਤ ਮੰਤਰਾਲੇ ਨੇ ਲਗਭਗ 14 ਅਰਬ ਡਾਲਰ ਮੁੱਲ ਦੇ ਬਿਟਕੁਆਇਨ ਜ਼ਬਤ ਕੀਤੇ ਹਨ। ਅਮਰੀਕਾ ਦਾ ਕਹਿਣਾ ਹੈ ਕਿ ਇਹ ਬਿਟਕੁਆਇਨ ਚੇਨ ਜ਼ੀ ਨਾਲ ਜੁੜੇ ਹੋਏ ਹਨ। ਵਿਭਾਗ ਨੇ ਕਿਹਾ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਜ਼ਬਤ ਹੈ।

ਚੇਨ ਜ਼ੀ ਦੀ ਕੰਪਨੀ, ਕੰਬੋਡੀਅਨ ਪ੍ਰਿੰਸ ਗਰੁੱਪ, ਆਪਣੀ ਵੈੱਬਸਾਈਟ 'ਤੇ ਉਨ੍ਹਾਂ ਨੂੰ ਇੱਕ "ਸਤਿਕਾਰਯੋਗ ਉੱਦਮੀ" ਵਜੋਂ ਦੱਸਦੀ ਹੈ।

ਵੈੱਬਸਾਈਟ ਦੇ ਅਨੁਸਾਰ, ਚੇਨ "ਇੱਕ ਅਜਿਹੇ ਉੱਦਮੀ ਹਨ ਜਿਨ੍ਹਾਂ ਨੇ ਪ੍ਰਿੰਸ ਗਰੁੱਪ ਨੂੰ ਕੰਬੋਡੀਆ ਵਿੱਚ ਇੱਕ ਮੋਹਰੀ ਵਪਾਰਕ ਸਮੂਹ ਬਣਾਇਆ।"

ਬੀਬੀਸੀ ਨੇ ਟਿੱਪਣੀ ਲਈ ਪ੍ਰਿੰਸ ਗਰੁੱਪ ਨਾਲ ਸੰਪਰਕ ਕੀਤਾ ਹੈ।

ਸਵਾਲ ਇਹ ਹੈ ਕਿ ਇਸ ਘੁਟਾਲੇ ਨੂੰ ਚਲਾਉਣ ਵਾਲੇ ਰਹੱਸਮਈ ਸ਼ਖਸ ਚੇਨ ਜ਼ੀ ਬਾਰੇ ਕਿੰਨੀ ਕੁ ਜਾਣਕਾਰੀ ਹੈ?

ਉੱਚੀ ਉਡਾਣ

ਦੱਖਣੀ-ਪੂਰਬੀ ਚੀਨ ਦੇ ਫੁਜਿਆਨ ਸੂਬੇ ਵਿੱਚ ਵੱਡੇ ਹੋਏ ਚੇਨ ਨੇ ਪਹਿਲਾਂ ਇੱਕ ਇੰਟਰਨੈੱਟ ਗੇਮਿੰਗ ਕੰਪਨੀ ਦੀ ਸਥਾਪਨਾ ਕੀਤੀ। ਚੇਨ 2010 ਜਾਂ 2011 ਦੇ ਅਖੀਰ ਵਿੱਚ ਕੰਬੋਡੀਆ ਚਲੇ ਗਏ, ਜਿੱਥੇ ਉਨ੍ਹਾਂ ਨੇ ਪ੍ਰਾਪਰਟੀ ਦੇ ਕਾਰੋਬਾਰ ਵਿੱਚ ਕਦਮ ਰੱਖਿਆ।

ਜਿਸ ਦੌਰ 'ਚ ਉਹ ਕੰਬੋਡੀਆ ਪਹੁੰਚੇ, ਉਸ ਵੇਲੇ ਉੱਥੇ ਪ੍ਰਾਪਰਟੀ ਬਾਜ਼ਾਰ 'ਚ ਉਛਾਲ ਦਾ ਦੌਰ ਸੀ। ਸ਼ਕਤੀਸ਼ਾਲੀ ਅਤੇ ਸਿਆਸੀ ਰਸੂਖ ਵਾਲੇ ਲੋਕਾਂ ਅਤੇ ਚੀਨੀ ਪੂੰਜੀ ਨੇ ਇਸ ਨੂੰ ਹੋਰ ਹੁਲਾਰਾ ਦਿੱਤਾ।

ਇਸ ਵਿੱਚੋਂ ਕੁਝ ਪੂੰਜੀ ਸ਼ੀ ਜਿਨਪਿੰਗ ਦੀ 'ਬੈਲਟ ਐਂਡ ਰੋਡ ਇਨੀਸ਼ੀਏਟਿਵ' ਦੇ ਅੰਤਮ ਪੜਾਅ ਦੇ ਹਿੱਸੇ ਵਜੋਂ ਚੀਨ ਵੱਲੋਂ ਬਣਾਏ ਜਾ ਰਹੇ ਇੰਫ੍ਰਾਸਟ੍ਰਕਚਰ ਦੇ ਬੁਨਿਆਦੀ ਢਾਂਚੇ ਲਈ ਬਰਾਮਦ ਵਜੋਂ ਆ ਰਹੀ ਸੀ।

ਕੁਝ ਪੈਸਾ ਚੀਨ ਦੇ ਨਿਵੇਸ਼ਕਾਂ ਤੋਂ ਆ ਰਿਹਾ ਸੀ ਕਿਉਂਕਿ ਚੀਨ ਵਿੱਚ ਪ੍ਰਾਪਰਟੀ ਬਾਜ਼ਾਰ 'ਚ ਵਧਦੀਆਂ ਕੀਮਤਾਂ ਕਾਰਨ ਉਹ ਕਿਫਾਇਤੀ ਵਿਕਲਪਾਂ ਦੀ ਭਾਲ ਕਰ ਰਹੇ ਸਨ। ਕੰਬੋਡੀਆ ਜਾਣ ਵਾਲੇ ਚੀਨੀ ਸੈਲਾਨੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਸੀ।

ਰਾਜਧਾਨੀ ਨੋਮ ਪੇਨਹ ਤੇਜ਼ੀ ਨਾਲ ਬਦਲ ਰਹੀ ਸੀ। ਸਰ੍ਹੋਂ ਦੇ ਰੰਗ ਦੀਆਂ ਫ੍ਰੈਂਚ ਬਸਤੀਵਾਦੀ ਹਵੇਲੀਆਂ ਦੀ ਥਾਂ ਕੱਚ ਅਤੇ ਸਟੀਲ ਟਾਵਰ ਲੈ ਰਹੇ ਸਨ।

ਕਦੇ ਸ਼ਾਂਤ ਸਮੁੰਦਰੀ ਕਿਨਾਰੇ ਸੈਰਗਾਹ ਰਹੇ ਸਿਹਾਨੋਕਵਿਲੇ ਦਾ ਬਦਲਾਅ ਆਪਣੇ ਚਰਮ 'ਤੇ ਸੀ। ਉੱਥੇ ਸਿਰਫ਼ ਚੀਨੀ ਸੈਲਾਨੀ ਅਤੇ ਪ੍ਰਾਪਰਟੀ ਡੀਲਰ ਹੀ ਨਹੀਂ ਸਗੋਂ ਜੂਏਬਾਜ਼ ਵੀ ਆ ਰਹੇ ਸਨ।

ਨਵੇਂ ਕੈਸੀਨੋ ਖੁੱਲ੍ਹ ਗਏ, ਨਾਲ ਹੀ ਆਲੀਸ਼ਾਨ ਹੋਟਲ ਅਤੇ ਅਪਾਰਟਮੈਂਟ ਵੀ ਬਣ ਗਏ। ਖੂਬ ਪੈਸੇ ਕਮਾਏ ਜਾਣ ਦੀ ਸੰਭਾਵਨਾ ਬਣ ਗਈ ਸੀ।

ਇਸ ਸਭ ਦੇ ਬਾਵਜੂਦ, ਚੇਨ ਦੀ ਉਡਾਣ ਹੈਰਾਨ ਕਰਨ ਵਾਲੀ ਸੀ।

ਸਾਲ 2014 ਵਿੱਚ, ਉਨ੍ਹਾਂ ਨੇ ਆਪਣੀ ਚੀਨੀ ਨਾਗਰਿਕਤਾ ਤਿਆਗ ਦਿੱਤੀ ਅਤੇ ਕੰਬੋਡੀਅਨ ਨਾਗਰਿਕ ਬਣ ਗਏ। ਇਸ ਨਾਲ ਉਨ੍ਹਾਂ ਨੂੰ ਆਪਣੇ ਨਾਮ 'ਤੇ ਜ਼ਮੀਨ ਖਰੀਦਣ ਦੀ ਇਜਾਜ਼ਤ ਮਿਲ ਗਈ, ਪਰ ਇਸ ਲਈ ਉਨ੍ਹਾਂ ਨੂੰ ਘੱਟੋ-ਘੱਟ ਢਾਈ ਲੱਖ ਡਾਲਰ ਦਾ ਨਿਵੇਸ਼ ਕਰਨਾ ਜਾਂ ਸਰਕਾਰ ਨੂੰ ਦਾਨ ਦੇਣਾ ਜ਼ਰੂਰੀ ਸੀ।

ਇਹ ਸਪਸ਼ਟ ਨਹੀਂ ਹੋ ਸਕਿਆ ਕਿ ਚੇਨ ਜ਼ੀ ਕੋਲ ਇਨਾਂ ਪੈਸੇ ਕਿੱਥੋਂ ਆਇਆ। ਸਾਲ 2019 ਵਿੱਚ ਆਈਲ ਆਫ਼ ਮੈਨ ਵਿੱਚ ਬੈਂਕ ਖਾਤੇ ਲਈ ਅਰਜ਼ੀ ਦਿੰਦੇ ਸਮੇਂ ਉਨ੍ਹਾਂ ਨੇ ਆਪਣੇ ਇੱਕ ਅਨਾਮ ਚਾਚੇ ਦਾ ਜ਼ਿਕਰ ਕੀਤਾ ਸੀ, ਜਿਨ੍ਹਾਂ ਨੇ ਚੇਨ ਨੂੰ 2011 ਵਿੱਚ ਆਪਣੀ ਪਹਿਲੀ ਪ੍ਰਾਪਰਟੀ ਕੰਪਨੀ ਸ਼ੁਰੂ ਕਰਨ ਲਈ 20 ਲੱਖ ਡਾਲਰ ਦਿੱਤੇ ਸਨ।

ਹਾਲਾਂਕਿ, ਚੇਨ ਨੇ ਇਸ ਦਾ ਕੋਈ ਸਬੂਤ ਨਹੀਂ ਦਿੱਤਾ ਸੀ।

ਚੇਨ ਜ਼ੀ ਨੇ 2015 ਵਿੱਚ ਪ੍ਰਿੰਸ ਗਰੁੱਪ ਦੀ ਸਥਾਪਨਾ ਕੀਤੀ। ਉਸ ਸਮੇਂ ਉਹ ਸਿਰਫ 27 ਸਾਲ ਦੇ ਸਨ।

ਉਨ੍ਹਾਂ ਨੇ ਸਾਲ 2018 ਵਿੱਚ ਪ੍ਰਿੰਸ ਬੈਂਕ ਸਥਾਪਤ ਕਰਨ ਲਈ ਇੱਕ ਕਮਰਸ਼ੀਅਲ ਬੈਂਕਿੰਗ ਲਾਇਸੈਂਸ ਪ੍ਰਾਪਤ ਕੀਤਾ।

ਉਸੇ ਸਾਲ ਉਨ੍ਹਾਂ ਨੇ ਸਾਈਪ੍ਰਸ ਦਾ ਪਾਸਪੋਰਟ ਲਿਆ, ਜਿਸ ਦੇ ਬਦਲੇ ਉਨ੍ਹਾਂ ਨੇ ਘੱਟੋ-ਘੱਟ 2.5 ਲੱਖ ਡਾਲਰ ਦਾ ਨਿਵੇਸ਼ ਕੀਤਾ।

ਹੁਣ ਉਨ੍ਹਾਂ ਨੂੰ ਯੂਰਪੀਅਨ ਸੰਘ ਵਿੱਚ ਸੌਖਾ ਪ੍ਰਵੇਸ਼ ਮਿਲ ਗਿਆ। ਬਾਅਦ ਵਿੱਚ ਉਨ੍ਹਾਂ ਨੇ ਵਾਨੁਅਤੁ ਦੀ ਨਾਗਰਿਕਤਾ ਵੀ ਪ੍ਰਾਪਤ ਕੀਤੀ।

ਉਨ੍ਹਾਂ ਨੇ ਕੰਬੋਡੀਆ ਦੀ ਤੀਜੀ ਏਅਰਲਾਈਨ ਸ਼ੁਰੂ ਕੀਤੀ ਅਤੇ ਸਾਲ 2020 ਵਿੱਚ ਚੌਥੀ ਏਅਰਲਾਈਨ ਚਲਾਉਣ ਲਈ ਪ੍ਰਮਾਣ ਪੱਤਰ ਪ੍ਰਾਪਤ ਕੀਤਾ।

ਉਨ੍ਹਾਂ ਦੀ ਕੰਪਨੀ ਨੇ ਨੋਮ ਪੇਨਹ ਵਿੱਚ ਲਗਜ਼ਰੀ ਮਾਲ ਬਣਾਏ ਅਤੇ ਸਿਹਾਨੋਕਵਿਲੇ ਵਿੱਚ ਪੰਜ-ਸਿਤਾਰਾ ਹੋਟਲ ਬਣਾਇਆ।

ਉੱਥੇ ਹੀ ਉਨ੍ਹਾਂ ਨੇ "ਬੇਅ ਆਫ਼ ਲਾਈਟਸ" ਨਾਮਕ 16 ਅਰਬ ਡਾਲਰ ਦੀ ਇੱਕ "ਈਕੋ-ਸਿਟੀ" ਬਣਾਉਣ ਦੀ ਯੋਜਨਾ 'ਤੇ ਵੀ ਕੰਮ ਸ਼ੁਰੂ ਕੀਤਾ।

ਸਾਲ 2020 ਵਿੱਚ ਚੇਨ ਜ਼ੀ ਨੂੰ "ਨੇਕ ਓਕਨਹਾ" ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਕੰਬੋਡੀਆ ਦੇ ਰਾਜਾ ਦੁਆਰਾ ਦਿੱਤਾ ਜਾਂਦਾ ਸਭ ਤੋਂ ਉੱਚਾ ਸਨਮਾਨ ਹੈ।

ਇਸ ਖਿਤਾਬ ਲਈ ਸਰਕਾਰ ਨੂੰ ਘੱਟੋ-ਘੱਟ 5 ਲੱਖ ਡਾਲਰ ਦਾ ਦਾਨ ਦੇਣਾ ਜ਼ਰੂਰੀ ਹੁੰਦਾ ਹੈ।

ਉਨ੍ਹਾਂ ਨੂੰ 2017 ਤੋਂ ਕੰਬੋਡੀਆ ਦੇ ਗ੍ਰਹਿ ਮੰਤਰੀ, ਸਰ ਖੇਂਗ ਦੇ ਅਧਿਕਾਰਤ ਸਲਾਹਕਾਰ ਬਣਿਆ ਗਿਆ ਸੀ।

ਚੇਨ ਜ਼ੀ ਉਨ੍ਹਾਂ ਦੇ ਪੁੱਤਰ, ਸਰ ਸੋਖਾ ਦੇ ਕਾਰੋਬਾਰੀ ਭਾਈਵਾਲ ਸਨ ਅਤੇ ਕੰਬੋਡੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੁਨ ਸੇਨ ਦੇ ਅਧਿਕਾਰਤ ਸਲਾਹਕਾਰ ਵੀ ਸਨ।

ਬਾਅਦ ਵਿੱਚ ਹੁਨ ਸੇਨ ਦੇ ਪੁੱਤਰ, ਹੁਨ ਮਾਨੇਟ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਚੇਨ ਜ਼ੀ ਉਨ੍ਹਾਂ ਦੇ ਵੀ ਸਲਾਹਕਾਰ ਬਣੇ।

ਸਥਾਨਕ ਮੀਡੀਆ ਵਿੱਚ ਚੇਨ ਜ਼ੀ ਦੀ ਇੱਕ ਪਰਉਪਕਾਰੀ ਵਿਅਕਤੀ ਵਜੋਂ ਪ੍ਰਸ਼ੰਸਾ ਕੀਤੀ ਗਈ, ਜਿਨ੍ਹਾਂ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਸਕਾਲਰਸ਼ਿਪਾਂ ਲਈ ਫੰਡ ਦਿੱਤਾ ਅਤੇ ਕੰਬੋਡੀਆ ਨੂੰ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਕਾਫ਼ੀ ਦਾਨ ਦਿੱਤੇ।

ਫਿਰ ਵੀ ਉਹ ਇੱਕ ਰਹੱਸਮਈ ਸ਼ਖਸੀਅਤ ਰਹੇ ਜੋ ਹਮੇਸ਼ਾ ਸੁਰਖੀਆਂ ਤੋਂ ਬਚਦੇ ਰਹੇ ਅਤੇ ਬਹੁਤ ਘੱਟ ਜਨਤਕ ਬਿਆਨ ਦਿੰਦੇ ਰਹੇ।

ਜੈਕ ਐਡਮੋਵਿਚ ਡੇਵਿਸ ਇੱਕ ਪੱਤਰਕਾਰ ਹਨ ਜਿਨ੍ਹਾਂ ਨੇ ਚੇਨ ਜ਼ੀ ਬਾਰੇ ਤਿੰਨ ਸਾਲਾਂ ਤੱਕ ਖੋਜ ਕੀਤੀ ਹੈ। ਉਨ੍ਹਾਂ ਦੀ ਰਿਪੋਰਟ ਪਿਛਲੇ ਸਾਲ ਰੇਡੀਓ ਫ੍ਰੀ ਏਸ਼ੀਆ 'ਤੇ ਪ੍ਰਕਾਸ਼ਤ ਹੋਈ ਹੈ।

ਜੈਕ ਐਡਮੋਵਿਚ ਦੱਸਦੇ ਹਨ, "ਮੈਂ ਜਿਨ੍ਹਾਂ ਲੋਕਾਂ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਸਿੱਧੇ ਤੌਰ 'ਤੇ ਉਨ੍ਹਾਂ ਨਾਲ ਕੰਮ ਕੀਤਾ ਹੈ, ਉਨ੍ਹਾਂ ਨਾਲ ਕਮਰੇ 'ਚ ਰਹੇ ਹਨ, ਉਨ੍ਹਾਂ ਸਾਰੀਆਂ ਨੇ ਉਨ੍ਹਾਂ ਨੂੰ ਬਹੁਤ ਨਿਮਰ, ਬਹੁਤ ਸ਼ਾਂਤ, ਬਹੁਤ ਸੰਤੁਲਿਤ ਦੱਸਿਆ ਹੈ।''

"ਮੈਨੂੰ ਲੱਗਦਾ ਹੈ ਕਿ ਉਹ ਉਸ ਤਰ੍ਹਾਂ ਦਾ ਦਿਖਾਵਾ ਕਰਨ ਵਾਲਾ ਵਿਅਕਤੀ ਨਹੀਂ ਬਣਨਾ ਚਾਹੁੰਦੇ ਸਨ, ਜਿਸ ਦੀਆਂ ਅਖਬਾਰਾਂ 'ਚ ਖਬਰਾਂ ਛਪਣ। ਇਹ ਸਿਆਣਪ ਵਾਲੀ ਗੱਲ ਸੀ। ਇੱਥੋਂ ਤੱਕ ਕਿ ਜਿਹੜੇ ਲੋਕ ਹੁਣ ਉਨ੍ਹਾਂ ਨਾਲ ਜੁੜਨਾ ਨਹੀਂ ਚਾਹੁੰਦੇ ਸਨ, ਉਹ ਵੀ ਉਨ੍ਹਾਂ ਤੋਂ ਪ੍ਰਭਾਵਿਤ ਸਨ।"

ਪਰ ਇਹ ਸਾਰਾ ਪੈਸਾ ਅਤੇ ਤਾਕਤ ਕਿੱਥੋਂ ਆਈ?

'ਅੰਤਰਰਾਸ਼ਟਰੀ ਅਪਰਾਧਾਂ ਦੀ ਫੇਹਰਿਸਤ'

ਸਾਲ 2019 ਵਿੱਚ, ਸਿਹਾਨੋਕਵਿਲੇ ਵਿੱਚ ਪ੍ਰਾਪਰਟੀ ਦਾ ਬੁਲਬੁਲਾ ਫਟ ਗਿਆ। ਔਨਲਾਈਨ ਜੂਏ ਦੇ ਕਾਰੋਬਾਰ ਨੇ ਚੀਨੀ ਅਪਰਾਧਿਕ ਗਿਰੋਹਾਂ ਨੂੰ ਆਕਰਸ਼ਿਤ ਕੀਤਾ, ਜਿਨ੍ਹਾਂ ਨੇ ਫਿਰ ਆਪਸ ਵਿੱਚ ਹਿੰਸਕ ਸੰਘਰਸ਼ ਸ਼ੁਰੂ ਕਰ ਲਿਆ। ਸੈਲਾਨੀ ਵੀ ਡਰ ਗਏ ਸਨ।

ਚੀਨ ਦੇ ਦਬਾਅ ਹੇਠ ਤਤਕਾਲੀ ਪ੍ਰਧਾਨ ਮੰਤਰੀ ਹੁਨ ਸੇਨ ਨੇ ਉਸੇ ਸਾਲ ਅਗਸਤ ਵਿੱਚ ਔਨਲਾਈਨ ਜੂਏ 'ਤੇ ਪਾਬੰਦੀ ਲਗਾ ਦਿੱਤੀ ਸੀ।

ਸ਼ਹਿਰ ਦਾ ਮੁੱਖ ਕਾਰੋਬਾਰ ਢਹਿਣ ਨਾਲ ਲਗਭਗ 4 ਲੱਖ 50 ਹਜ਼ਾਰ ਚੀਨੀ ਲੋਕ ਇੱਥੋਂ ਛੱਡ ਕੇ ਚਲੇ ਗਏ। ਪ੍ਰਿੰਸ ਗਰੁੱਪ ਦੇ ਬਹੁਤ ਸਾਰੇ ਫਲੈਟ ਖਾਲੀ ਹੋ ਗਏ।

ਫਿਰ ਵੀ ਚੇਨ ਜ਼ੀ ਨੇ ਆਪਣੇ ਵਪਾਰਕ ਹਿੱਤਾਂ ਦਾ ਵਿਸਥਾਰ ਕਰਨਾ ਅਤੇ ਖੁੱਲ੍ਹ ਕੇ ਖਰਚ ਕਰਨਾ ਜਾਰੀ ਰੱਖਿਆ।

ਬ੍ਰਿਟਿਸ਼ ਅਧਿਕਾਰੀਆਂ ਦੇ ਅਨੁਸਾਰ, ਸਾਲ 2019 ਵਿੱਚ ਉਨ੍ਹਾਂ ਨੇ ਉੱਤਰੀ ਲੰਦਨ ਵਿੱਚ 1.2 ਕਰੋੜ ਪੌਂਡ ਦੀ ਇੱਕ ਹਵੇਲੀ ਅਤੇ 9.5 ਕਰੋੜ ਪੌਂਡ ਦੀ ਆਫ਼ਿਸ ਬਿਲਡਿੰਗ ਖਰੀਦੀ।

ਅਮਰੀਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਨਿਊਯਾਰਕ ਵਿੱਚ ਜਾਇਦਾਦਾਂ, ਨਿੱਜੀ ਜੈੱਟ ਅਤੇ ਸੁਪਰਯਾਟ, ਅਤੇ ਪਿਕਾਸੋ ਦੀ ਇੱਕ ਪੇਂਟਿੰਗ ਖਰੀਦੀ।

ਅਮਰੀਕਾ ਦਾ ਇਲਜ਼ਾਮ ਹੈ ਕਿ ਚੇਨ ਕੋਲ ਇਸ ਦੇ ਲਈ ਪੈਸਾ ਔਨਲਾਈਨ ਧੋਖਾਧੜੀ, ਮਨੁੱਖੀ ਤਸਕਰੀ ਅਤੇ ਮਨੀ ਲਾਂਡਰਿੰਗ ਰਾਹੀਂ ਆਇਆ।

ਅਮਰੀਕਾ ਅਤੇ ਯੂਕੇ ਨੇ ਚੇਨ ਜ਼ੀ ਅਤੇ ਪ੍ਰਿੰਸ ਗਰੁੱਪ ਨਾਲ ਜੁੜੀਆਂ 128 ਕੰਪਨੀਆਂ ਅਤੇ ਸੱਤ ਵੱਖ-ਵੱਖ ਦੇਸ਼ਾਂ ਦੇ 17 ਵਿਅਕਤੀਆਂ 'ਤੇ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ 'ਤੇ ਚੇਨ ਜ਼ੀ ਦੇ ਘੁਟਾਲੇ ਦੇ ਸਾਮਰਾਜ ਨੂੰ ਚਲਾਉਣ ਵਿੱਚ ਮਦਦ ਕਰਨ ਦਾ ਇਲਜ਼ਾਮ ਹੈ।

ਅਮਰੀਕਾ ਅਤੇ ਯੂਕੇ ਵਿੱਚ ਚੇਨ ਜ਼ੀ ਨਾਲ ਜੁੜੀਆਂ ਜਾਇਦਾਦਾਂ ਨੂੰ ਹੁਣ ਜ਼ਬਤ ਕਰ ਲਿਆ ਗਿਆ ਹੈ।

ਪਾਬੰਦੀਆਂ ਦੇ ਐਲਾਨ ਵਿੱਚ ਸ਼ੈੱਲ ਕੰਪਨੀਆਂ ਅਤੇ ਕ੍ਰਿਪਟੋਕਰੰਸੀ ਵਾਲੇਟਸ ਦੇ ਇੱਕ ਵਿਸਤ੍ਰਿਤ ਜਾਲ਼ ਦੀ ਗੱਲ ਕਹੀ ਗਈ ਹੈ।

ਜਿਨ੍ਹਾਂ ਦੀ ਵਰਤੋਂ ਪੈਸੇ ਦੇ ਮੂਲ ਸਰੋਤ ਨੂੰ ਛੁਪਾਉਣ ਲਈ ਫੰਡ ਟ੍ਰਾਂਸਫਰ ਕਰਨ ਲਈ ਕੀਤੀ ਗਈ ਸੀ।

ਪਾਬੰਦੀਆਂ ਲਗਾਉਣ ਦੇ ਆਦੇਸ਼ ਵਿੱਚ ਕਿਹਾ ਗਿਆ ਹੈ, "ਪ੍ਰਿੰਸ ਗਰੁੱਪ ਦਾ ਟ੍ਰਾਂਸਨੈਸ਼ਨਲ ਕ੍ਰਾਈਮ ਆਰਗੇਨਾਈਜ਼ੇਸ਼ਨ ਕਈ ਤਰ੍ਹਾਂ ਦੇ ਅੰਤਰਰਾਸ਼ਟਰੀ ਅਪਰਾਧਾਂ ਰਾਹੀਂ ਪੈਸੇ ਕਮਾਉਂਦਾ ਹੈ। ਇਨ੍ਹਾਂ ਵਿੱਚ ਸੈਕਸਟੋਰਸ਼ਨ, ਮਨੀ ਲਾਂਡਰਿੰਗ, ਧੋਖਾਧੜੀ ਅਤੇ ਗੈਰ-ਕਾਨੂੰਨੀ ਔਨਲਾਈਨ ਜੂਆ ਸ਼ਾਮਲ ਹੈ। ਨਾਲ ਹੀ ਇਹ ਸਮੂਹ ਕੰਬੋਡੀਆ ਵਿੱਚ ਘੱਟੋ-ਘੱਟ 10 ਘੁਟਾਲੇ ਵਾਲੇ ਟਿਕਾਣਿਆਂ ਦੇ ਸੰਚਾਲਨ ਨੂੰ ਅੱਗੇ ਵਧਾਉਣ ਲਈ ਗੁਲਾਮ ਬਣਾਏ ਗਏ ਮਜ਼ਦੂਰਾਂ ਦੀ ਉਦਯੋਗਿਕ ਪੱਧਰ 'ਤੇ ਤਸਕਰੀ, ਤਸ਼ੱਦਦ ਅਤੇ ਜਬਰੀ ਵਸੂਲੀ ਵਿੱਚ ਵੀ ਸ਼ਾਮਲ ਹੈ।"

'ਘੁਟਾਲਿਆਂ ਦਾ ਸਾਮਰਾਜ'

ਚੀਨ ਵੀ ਘੱਟੋ-ਘੱਟ ਸਾਲ 2020 ਤੋਂ ਪ੍ਰਿੰਸ ਗਰੁੱਪ ਦੀ ਜਾਂਚ ਕਰ ਰਿਹਾ ਹੈ। ਕੰਪਨੀ ਦੇ ਖਿਲਾਫ ਕਈ ਅਦਾਲਤੀ ਕੇਸ ਦਾਇਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਔਨਲਾਈਨ ਧੋਖਾਧੜੀ ਯੋਜਨਾਵਾਂ ਚਲਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ।

ਬੀਜਿੰਗ ਮਿਊਂਸੀਪਲ ਪਬਲਿਕ ਸਿਕਿਓਰਿਟੀ ਬਿਊਰੋ ਨੇ ਕੰਬੋਡੀਆ ਵਿੱਚ ਸਥਿਤ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਔਨਲਾਈਨ ਜੂਆ ਸਿੰਡੀਕੇਟ, ਪ੍ਰਿੰਸ ਗਰੁੱਪ ਦੀ ਜਾਂਚ ਲਈ ਇੱਕ ਟਾਸਕ ਫੋਰਸ ਬਣਾਈ ਹੈ।

ਅਮਰੀਕਾ ਅਤੇ ਯੂਕੇ ਦਾ ਇਲਜ਼ਾਮ ਹੈ ਕਿ ਇਸ ਦੇ ਕੇਂਦਰ ਵਿੱਚ 'ਗੋਲਡਨ ਫਾਰਚੂਨ ਸਾਇੰਸ ਐਂਡ ਟੈਕਨਾਲੋਜੀ ਪਾਰਕ' ਵਰਗੇ ਕਾਰੋਬਾਰ ਸਨ, ਜੋ ਕਿ ਵੀਅਤਨਾਮੀ ਸਰਹੱਦ ਦੇ ਨੇੜੇ ਕ੍ਰੇ ਥਾਮ ਵਿੱਚ ਪ੍ਰਿੰਸ ਗਰੁੱਪ ਦੁਆਰਾ ਬਣਾਇਆ ਗਿਆ ਇੱਕ ਪਰਿਸਰ ਹੈ।

ਅਤੀਤ ਵਿੱਚ ਪ੍ਰਿੰਸ ਗਰੁੱਪ ਨੇ ਘੁਟਾਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਦਾ ਹੁਣ ਗੋਲਡਨ ਫਾਰਚੂਨ ਨਾਲ ਕੋਈ ਸਬੰਧ ਨਹੀਂ ਹੈ।

ਹਾਲਾਂਕਿ, ਯੂਐਸ ਅਤੇ ਯੂਕੇ ਦੇ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿਚਕਾਰ ਅਜੇ ਵੀ ਸਪਸ਼ਟ ਵਪਾਰਕ ਸਬੰਧ ਹਨ।

ਪੱਤਰਕਾਰ ਐਡਮੋਵਿਚ ਡੇਵਿਸ ਨੇ ਚੇਨ ਜ਼ੀ ਮਾਮਲੇ ਦੀ ਜਾਂਚ ਕਰਨ ਲਈ ਗੋਲਡਨ ਫਾਰਚੂਨ ਦੇ ਨੇੜੇ-ਤੇੜੇ ਰਹਿਣ ਵਾਲੇ ਅਤੇ ਕੰਮ ਕਰਨ ਵਾਲੇ ਕਈ ਲੋਕਾਂ ਦੇ ਇੰਟਰਵਿਊ ਲਏ ਹਨ।

ਉਨ੍ਹਾਂ ਨੇ ਦੱਸਿਆ ਕਿ ਇਸ ਪਰਿਸਰ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਚੀਨੀ, ਵੀਅਤਨਾਮੀ ਅਤੇ ਮਲੇਸ਼ੀਅਨ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਨ੍ਹਾਂ ਲੋਕਾਂ ਨੂੰ ਔਨਲਾਈਨ ਘੁਟਾਲੇ ਕਰਨ ਲਈ ਮਜਬੂਰ ਕੀਤਾ ਗਿਆ।

ਐਡਮੋਵਿਚ ਡੇਵਿਸ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਚੇਨ ਜ਼ੀ ਆਪਣਾ ਕਾਰੋਬਾਰ ਵੱਡੇ ਪੱਧਰ 'ਤੇ ਚਲਾਉਂਦੇ ਹਨ। ਬਹੁਤ ਸਾਰੇ ਲੋਕਾਂ ਲਈ ਇਹ ਗੱਲ ਅਸਹਿਜ ਕਰਨ ਵਾਲੀ ਹੋਣੀ ਚਾਹੀਦੀ ਹੈ ਕਿ ਚੇਨ ਜ਼ੀ ਨੂੰ ਸਿੰਗਾਪੁਰ, ਲੰਦਨ ਜਾਂ ਅਮਰੀਕਾ ਵਿੱਚ ਇਹ ਸਾਰੀਆਂ ਜਾਇਦਾਦਾਂ ਕਦੇ ਵੀ ਹਾਸਲ ਨਹੀਂ ਕਰਨੀਆਂ ਚਾਹੀਦੀਆਂ ਸਨ। ਵਕੀਲਾਂ, ਅਕਾਊਂਟੈਂਟਾਂ, ਰੀਅਲ ਅਸਟੇਟ ਏਜੰਟਾਂ, ਬੈਂਕਰਾਂ, ਸਾਰਿਆਂ ਨੂੰ ਇਸ ਸਮੂਹ ਨੂੰ ਦੇਖ ਕੇ ਕਹਿਣਾ ਚਾਹੀਦਾ ਸੀ ਕਿ 'ਰੁਕੋ, ਇਹ ਠੀਕ ਨਹੀਂ ਹੈ'। ਪਰ ਕਿਸੇ ਨੇ ਉਨ੍ਹਾਂ ਨੂੰ ਨਹੀਂ ਰੋਕਿਆ।"

ਹੁਣ, ਅਮਰੀਕਾ ਅਤੇ ਯੂਕੇ ਦੀਆਂ ਪਾਬੰਦੀਆਂ ਤੋਂ ਬਾਅਦ ਹਰ ਕੋਈ ਪ੍ਰਿੰਸ ਸਮੂਹ ਤੋਂ ਆਪਣੇ ਆਪ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਕੰਬੋਡੀਅਨ ਸੈਂਟਰਲ ਬੈਂਕ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਭਰੋਸਾ ਦਿੱਤਾ ਗਿਆ ਹੈ ਕਿ ਲੋਕ ਪ੍ਰਿੰਸ ਬੈਂਕ ਤੋਂ ਆਪਣੇ ਪੈਸੇ ਕਢਵਾ ਸਕਣਗੇ।

ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਕੋਰੀਆਈ ਬੈਂਕਾਂ ਵਿੱਚ ਜਮ੍ਹਾਂ 64 ਮਿਲੀਅਨ ਡਾਲਰ ਦੀ ਰਕਮ ਜ਼ਬਤ ਕਰ ਲਈ ਹੈ।

ਸਿੰਗਾਪੁਰ ਅਤੇ ਥਾਈਲੈਂਡ ਆਪਣੇ ਅਧਿਕਾਰ ਖੇਤਰਾਂ ਵਿੱਚ ਪ੍ਰਿੰਸ ਦੀਆਂ ਸਹਾਇਕ ਕੰਪਨੀਆਂ ਦੀ ਜਾਂਚ ਕਰਨ ਦਾ ਵਾਅਦਾ ਕਰ ਰਹੇ ਹਨ। ਜਿਨ੍ਹਾਂ 18 ਲੋਕਾਂ 'ਤੇ ਅਮਰੀਕਾ ਅਤੇ ਯੂਕੇ ਦੀ ਨਜ਼ਰ ਹੈ, ਉਨ੍ਹਾਂ ਵਿੱਚੋਂ 3 ਸਿੰਗਾਪੁਰ ਦੇ ਹਨ।

ਕੰਬੋਡੀਆ ਨੇ ਅਮਰੀਕਾ ਅਤੇ ਯੂਕੇ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਉਨ੍ਹਾਂ ਕੋਲ ਆਪਣੇ ਇਲਜ਼ਾਮਾਂ ਦਾ ਸਮਰਥਨ ਕਰਨ ਲਈ ਕਾਫ਼ੀ ਸਬੂਤ ਹਨ।

ਪਰ ਇੰਨੇ ਲੰਬੇ ਸਮੇਂ ਤੱਕ ਚੇਨ ਜ਼ੀ ਦੇ ਇੰਨੇ ਨੇੜੇ ਰਹਿਣ ਤੋਂ ਬਾਅਦ, ਕੰਬੋਡੀਆ ਦੇ ਸੱਤਾਧਾਰੀ ਵਰਗ ਲਈ ਉਨ੍ਹਾਂ ਤੋਂ ਆਪਣੇ ਆਪ ਨੂੰ ਦੂਰ ਕਰਨਾ ਮੁਸ਼ਕਲ ਹੋਵੇਗਾ।

ਕੰਬੋਡੀਆ ਪਹਿਲਾਂ ਹੀ ਘੁਟਾਲੇ ਦੇ ਕਾਰੋਬਾਰਾਂ ਪ੍ਰਤੀ ਆਪਣੀ ਸਹਿਣਸ਼ੀਲਤਾ ਨੂੰ ਲੈ ਕੇ ਵਧਦੇ ਦਬਾਅ ਦਾ ਸਾਹਮਣਾ ਕਰ ਰਿਹਾ ਸੀ।

ਅਤੇ ਚੇਨ ਜ਼ੀ ਦਾ ਕੀ ਹੋਇਆ?

ਪਿਛਲੇ ਹਫ਼ਤੇ ਪਾਬੰਦੀਆਂ ਦਾ ਐਲਾਨ ਦੇ ਐਲਾਨ ਤੋਂ ਮਗਰੋਂ ਉਨ੍ਹਾਂ ਬਾਰੇ ਕੁਝ ਵੀ ਸੁਣਿਆ ਜਾਂ ਦੇਖਿਆ ਨਹੀਂ ਗਿਆ ਹੈ। ਕਦੇ ਕੰਬੋਡੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀਆਂ ਵਿੱਚੋਂ ਇੱਕ ਇਹ ਰਹੱਸਮਈ ਉਦਯੋਗਪਤੀ ਹੁਣ ਗਾਇਬ ਹੋ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)