ਦਿਮਾਗ 'ਚ ਲੱਗੀ ਚਿੱਪ ਨੇ ਬਦਲੀ ਇਸ ਅਪਾਹਜ ਸ਼ਖਸ ਦੀ ਜ਼ਿੰਦਗੀ, ਜਾਣੋ ਕਿਵੇਂ ਕੰਮ ਕਰਦੀ ਹੈ ਇਹ ਚਿੱਪ ਤੇ ਇਲੋਨ ਮਸਕ ਦਾ ਇਸ ਨਾਲ ਕੀ ਸਬੰਧ ਹੈ

    • ਲੇਖਕ, ਲਾਰਾ ਲੇਵਿੰਗਟਨ, ਲਿਵ ਮੈਕਮਾਹਨ ਅਤੇ ਟੋਮ ਗਰਕਨ
    • ਰੋਲ, ਬੀਬੀਸੀ ਨਿਊਜ਼

ਸੋਚੋ ਕਿ ਤੁਹਾਡੇ ਦਿਮਾਗ 'ਚ ਇੱਕ ਚਿੱਪ ਲੱਗੀ ਹੋਵੇ ਜੋ ਤੁਹਾਡੇ ਹਰ ਵਿਚਾਰ ਪੜ੍ਹ ਸਕੇ ਅਤੇ ਇੱਥੋਂ ਤੱਕ ਕਿ ਉਸ ਨੂੰ ਕੰਪਿਊਟਰ 'ਤੇ ਲਿਖ ਦੇਵੇ।

ਕਲਪਨਾ ਵਾਂਗ ਲੱਗ ਰਿਹਾ ਹੈ ਨਾ!

ਪਰ ਇਹ ਕੋਈ ਕਲਪਨਾ ਨਹੀਂ ਸਗੋਂ ਹਕੀਕਤ ਹੈ ਅਤੇ 30 ਸਾਲਾ ਨੋਲੈਂਡ ਆਰਬਾਹ ਇਸਦੀ ਜਿਉਂਦੀ-ਜਾਗਦੀ ਉਦਾਹਰਣ ਹਨ।

ਨੋਲੈਂਡ ਨੂੰ ਅਧਰੰਗ ਹੋ ਗਿਆ ਸੀ ਅਤੇ ਇਸ ਤੋਂ ਅੱਠ ਸਾਲ ਬਾਅਦ ਜਨਵਰੀ 2024 ਵਿੱਚ ਉਹ ਅਜਿਹੇ ਪਹਿਲੇ ਵਿਅਕਤੀ ਬਣ ਗਏ, ਜਿਨ੍ਹਾਂ ਨੂੰ ਅਮਰੀਕਾ ਦੀ ਨਿਊਰੋਟੈਕਨਾਲੋਜੀ ਫਰਮ ਨਿਊਰਾਲਿੰਕ ਤੋਂ ਅਜਿਹਾ ਯੰਤਰ ਪ੍ਰਾਪਤ ਹੋਇਆ।

ਹਾਲਾਂਕਿ ਇਹ ਕੋਈ ਪਹਿਲੀ ਅਜਿਹੀ ਚਿੱਪ ਨਹੀਂ ਸੀ। ਕੁਝ ਹੋਰ ਕੰਪਨੀਆਂ ਨੇ ਵੀ ਅਜਿਹੀਆਂ ਚਿੱਪਾਂ ਤਿਆਰ ਅਤੇ ਇਮਪਲਾਂਟ ਕੀਤੀਆਂ ਹਨ - ਪਰ ਨੋਲੈਂਡ ਦੀ ਚਿੱਪ ਨੇ ਨਿਊਰਾਲਿੰਕ ਦੇ ਸੰਸਥਾਪਕ ਇਲੋਨ ਮਸਕ ਦੇ ਕਾਰਨ ਲਾਜ਼ਮੀ ਤੌਰ 'ਤੇ ਵਧੇਰੇ ਧਿਆਨ ਖਿੱਚਿਆ।

ਪਰ ਨੋਲੈਂਡ ਕਹਿੰਦੇ ਹਨ ਕਿ ਮਹੱਤਵਪੂਰਨ ਚੀਜ਼ ਨਾ ਤਾਂ ਉਹ ਖੁਦ ਹਨ ਅਤੇ ਨਾ ਹੀ ਮਸਕ - ਸਗੋਂ ਵਿਗਿਆਨ ਹੈ।

ਉਨ੍ਹਾਂ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਕਿ ਉਹ ਜੋ ਕਰ ਰਹੇ ਸਨ, ਉਸ ਦੇ ਜੋਖਮਾਂ ਤੋਂ ਜਾਣੂ ਸਨ - ਪਰ "ਚੰਗਾ ਜਾਂ ਮਾੜਾ, ਜੋ ਵੀ ਹੋਵੇ, ਮੈਂ ਮਦਦ ਕਰਾਂਗਾ"।

ਉਨ੍ਹਾਂ ਕਿਹਾ, "ਜੇ ਸਭ ਕੁਝ ਠੀਕ ਰਿਹਾ, ਤਾਂ ਮੈਂ ਨਿਊਰਾਲਿੰਕ ਦਾ ਸਾਥੀ ਬਣ ਕੇ ਉਸਦੀ ਮਦਦ ਕਰ ਸਕਦਾ ਹਾਂ। ਜੇਕਰ ਕੁਝ ਭਿਆਨਕ ਵਾਪਰਦਾ ਹੈ, ਤਾਂ ਮੈਨੂੰ ਪਤਾ ਸੀ ਕਿ ਉਹ ਇਸ ਤੋਂ ਕੁਝ ਸਿੱਖਣਗੇ ਹੀ।"

'ਕੋਈ ਕੰਟਰੋਲ ਨਹੀਂ, ਕੋਈ ਨਿੱਜਤਾ ਨਹੀਂ'

ਐਰੀਜ਼ੋਨਾ ਦੇ ਰਹਿਣ ਵਾਲੇ ਨੋਲੈਂਡ, 2016 ਵਿੱਚ ਗੋਤਾਖ਼ੋਰੀ ਸਮੇਂ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਅਤੇ ਇਸ ਵਿੱਚ ਉਨ੍ਹਾਂ ਦੇ ਮੋਢਿਆਂ ਤੋਂ ਹੇਠਾਂ ਦੇ ਸਰੀਰ ਨੂੰ ਅਧਰੰਗ ਮਾਰ ਗਿਆ ਸੀ। ਉਨ੍ਹਾਂ ਦੀਆਂ ਸੱਟਾਂ ਇੰਨੀਆਂ ਗੰਭੀਰ ਸਨ ਕਿ ਉਨ੍ਹਾਂ ਨੂੰ ਡਰ ਸੀ ਕਿ ਉਹ ਮੁੜ ਕਦੇ ਪੜ੍ਹਾਈ, ਖੇਡ ਜਾਂ ਕੰਮ ਨਹੀਂ ਕਰ ਸਕਣਗੇ।

ਉਹ ਕਹਿੰਦੇ ਹਨ, "ਤੁਹਾਡਾ ਕੋਈ ਕੰਟਰੋਲ ਨਹੀਂ ਹੈ, ਕੋਈ ਨਿੱਜਤਾ ਨਹੀਂ ਹੈ, ਅਤੇ ਇਹ ਔਖਾ ਹੈ। ਤੁਹਾਨੂੰ ਇਹ ਸਿੱਖਣਾ ਪਵੇਗਾ ਕਿ ਤੁਹਾਨੂੰ ਹਰ ਚੀਜ਼ ਲਈ ਦੂਜੇ ਲੋਕਾਂ 'ਤੇ ਨਿਰਭਰ ਕਰਨਾ ਪੈਂਦਾ ਹੈ।"

ਨਿਊਰਾਲਿੰਕ ਚਿੱਪ ਉਨ੍ਹਾਂ ਨੂੰ ਆਪਣੇ ਦਿਮਾਗ ਨਾਲ ਕੰਪਿਊਟਰਾਂ ਨੂੰ ਕੰਟਰੋਲ ਕਰਨ ਦੀ ਆਗਿਆ ਦੇ ਕੇ ਉਨ੍ਹਾਂ ਨੂੰ ਕੁਝ ਹੱਦ ਤੱਕ ਪਹਿਲਾਂ ਵਰਗੀ ਆਜ਼ਾਦੀ ਦੇਣ ਦੀ ਕੋਸ਼ਿਸ਼ ਕਰਦੀ ਹੈ।

ਇਹ ਕਿਵੇਂ ਕੰਮ ਕਰਦੀ ਹੈ

ਇਸ ਨੂੰ ਦਿਮਾਗੀ ਕੰਪਿਊਟਰ ਇੰਟਰਫੇਸ (ਬੀਸੀਆਈ) ਵਜੋਂ ਜਾਣਿਆ ਜਾਂਦਾ ਹੈ - ਜੋ ਮਨੁੱਖ ਦੇ ਵਿਚਾਰਾਂ ਨੂੰ ਸਮਝ ਕੇ ਕੰਮ ਕਰਦੀ ਹੈ।

ਸੌਖੇ ਸ਼ਬਦਾਂ ਵਿੱਚ, ਜਦੋਂ ਕੋਈ ਵਿਅਕਤੀ ਹਿੱਲਣ ਬਾਰੇ ਸੋਚਦਾ ਹੈ ਤਾਂ ਇਸ ਨਾਲ ਦਿਮਾਗ 'ਚ ਜੋ ਹਲਚਲ (ਛੋਟੇ-ਛੋਟੇ ਬਿਜਲੀ ਦੇ ਪ੍ਰਭਾਵ) ਹੁੰਦੀ ਹੈ, ਇਹ ਚਿੱਪ ਉਨ੍ਹਾਂ ਹਲਚਲਾਂ ਨੂੰ ਸਮਝ ਲੈਂਦੀ ਹੈ ਅਤੇ ਫਿਰ ਉਨ੍ਹਾਂ ਨੂੰ ਡਿਜੀਟਲ ਕਮਾਂਡਾਂ ਵਿੱਚ ਅਨੁਵਾਦ ਕਰ ਦਿੰਦੀ ਹੈ - ਜਿਵੇਂ ਕਿ ਸਕ੍ਰੀਨ 'ਤੇ ਕਰਸਰ ਨੂੰ ਹਿਲਾਉਣਾ।

ਇਹ ਇੱਕ ਗੁੰਝਲਦਾਰ ਵਿਸ਼ਾ ਹੈ ਜਿਸ 'ਤੇ ਵਿਗਿਆਨੀ ਦਹਾਕਿਆਂ ਤੋਂ ਕੰਮ ਕਰ ਰਹੇ ਹਨ।

ਜ਼ਾਹਰ ਤੌਰ 'ਤੇ, ਇਲੋਨ ਮਸਕ ਦੀ ਇਸ ਖੇਤਰ ਵਿੱਚ ਸ਼ਮੂਲੀਅਤ ਨੇ ਤਕਨਾਲੋਜੀ ਅਤੇ ਨੋਲੈਂਡ, ਦੋਵਾਂ ਨੂੰ ਸੁਰਖੀਆਂ ਵਿੱਚ ਲਿਆ ਦਿੱਤਾ ਹੈ।

ਇਸੇ ਕਾਰਨ ਨਿਊਰਾਲਿੰਕ ਨੂੰ ਬਹੁਤ ਸਾਰਾ ਨਿਵੇਸ਼ ਪ੍ਰਾਪਤ ਕਰਨ ਵਿੱਚ ਵੀ ਮਦਦ ਮਿਲੀ ਹੈ। ਪਰ ਨਾਲ ਸੁਰੱਖਿਆ ਸਬੰਧੀ ਮੁੱਦੇ ਨੂੰ ਲੈ ਕੇ ਵੀ ਖਾਸੇ ਸਵਾਲ ਚੁੱਕੇ ਜਾ ਰਹੇ ਹਨ।

'ਉਹ ਵੀ ਓਨੇ ਹੀ ਉਤਸ਼ਾਹਿਤ ਸਨ ਜਿੰਨਾ ਮੈਂ ਸੀ'

ਜਦੋਂ ਨੋਲੈਂਡ ਦੇ ਟ੍ਰਾਂਸਪਲਾਂਟ ਦਾ ਐਲਾਨ ਕੀਤਾ ਗਿਆ ਤਾਂ ਮਾਹਰਾਂ ਨੇ ਇਸ ਨੂੰ ਇੱਕ "ਮਹੱਤਵਪੂਰਨ ਮੀਲ ਦਾ ਪੱਥਰ" ਦੱਸਿਆ, ਜਦਕਿ ਨਾਲ ਹੀ ਚੇਤਾਵਨੀ ਵੀ ਦਿੱਤੀ (ਖਾਸ ਕਰਕੇ "ਆਪਣੀ ਕੰਪਨੀ ਲਈ ਪ੍ਰਚਾਰ ਪੈਦਾ ਕਰਨ" ਵਿੱਚ ਮਸਕ ਦੀ ਮੁਹਾਰਤ ਨੂੰ ਦੇਖਦੇ ਹੋਏ) ਕਿ ਇਸਦਾ ਸੱਚਮੁੱਚ ਮੁਲਾਂਕਣ ਕਰਨ ਵਿੱਚ ਸਮਾਂ ਲੱਗੇਗਾ।

ਮਸਕ ਉਸ ਸਮੇਂ ਜਨਤਕ ਤੌਰ 'ਤੇ ਸਾਵਧਾਨ ਸਨ ਅਤੇ ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਿਰਫ਼ ਇਹ ਲਿਖਿਆ- "ਸ਼ੁਰੂਆਤੀ ਨਤੀਜੇ ਨਿਊਰੋਨ ਸਪਾਈਕ ਖੋਜ ਦਾ ਵਾਅਦਾ ਕਰਦੇ ਹਨ।"

ਦਰਅਸਲ, ਨੋਲੈਂਡ ਨੇ ਕਿਹਾ ਸੀ ਕਿ ਅਰਬਪਤੀ - ਜਿਨ੍ਹਾਂ ਨਾਲ ਉਨ੍ਹਾਂ ਨੇ ਆਪਣੀ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਗੱਲ ਕੀਤੀ ਸੀ - ਕਿਤੇ ਜ਼ਿਆਦਾ ਆਸ਼ਾਵਾਦੀ ਸਨ।

ਉਨ੍ਹਾਂ ਕਿਹਾ ਸੀ, "ਮੈਨੂੰ ਲੱਗਦਾ ਹੈ ਕਿ ਉਹ ਸ਼ੁਰੂਆਤ ਕਰਨ ਲਈ ਓਨੇ ਹੀ ਉਤਸ਼ਾਹਿਤ ਸਨ ਜਿੰਨਾ ਕਿ ਮੈਂ ਸੀ।''

ਫਿਰ ਵੀ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਿਊਰਾਲਿੰਕ, ਸਿਰਫ ਇਸਦੇ ਮਾਲਕ ਤੱਕ ਸੀਮਿਤ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਇਸ ਨੂੰ "ਇਲੋਨ ਮਸਕ ਡਿਵਾਈਸ" ਨਹੀਂ ਮੰਨਦੇ।

ਹਾਲਾਂਕਿ, ਅਮਰੀਕੀ ਸਰਕਾਰ ਵਿੱਚ ਉਨ੍ਹਾਂ ਦੀ ਵਧਦੀ ਵਿਵਾਦਪੂਰਨ ਭੂਮਿਕਾ ਨੂੰ ਦੇਖਦੇ ਹੋਏ ਅਜੇ ਇਹ ਦੇਖਣਾ ਬਾਕੀ ਹੈ ਕਿ ਕੀ ਬਾਕੀ ਦੁਨੀਆਂ ਵੀ ਇਸ ਨੂੰ ਇਸੇ ਤਰ੍ਹਾਂ ਦੇਖਦੀ ਹੈ।

ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਡਿਵਾਈਸ ਦਾ ਨੋਲੈਂਡ ਦੀ ਜ਼ਿੰਦਗੀ 'ਤੇ ਕਿੰਨਾ ਪ੍ਰਭਾਵ ਪਿਆ ਹੈ।

'ਇਹ ਸੰਭਵ ਨਹੀਂ ਹੋਣਾ ਚਾਹੀਦਾ ਪਰ ਅਸਲ ਵਿੱਚ ਹੈ'

ਨੋਲੈਂਡ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਜਦੋਂ ਨੋਲੈਂਡ ਹੋਸ਼ ਵਿੱਚ ਆਏ ਤਾਂ ਸ਼ੁਰੂ ਵਿੱਚ ਉਹ ਆਪਣੀਆਂ ਉਂਗਲਾਂ ਨੂੰ ਹਿਲਾਉਣ ਬਾਰੇ ਸੋਚ ਕੇ ਸਕ੍ਰੀਨ 'ਤੇ ਕਰਸਰ ਨੂੰ ਕੰਟਰੋਲ ਕਰਨ ਦੇ ਯੋਗ ਸਨ।

ਉਨ੍ਹਾਂ ਕਿਹਾ, "ਸੱਚ ਦੱਸਾਂ ਤਾਂ ਮੈਨੂੰ ਨਹੀਂ ਪਤਾ ਸੀ ਕਿ ਕੀ ਉਮੀਦ ਕਰਨੀ ਚਾਹੀਦੀ ਹੈ - ਇਹ ਬਹੁਤ ਹੀ ਵਿਗਿਆਨਕ ਕਲਪਨਾ ਲੱਗਦਾ ਹੈ।''

ਪਰ ਸਕਰੀਨ 'ਤੇ ਆਪਣੇ ਨਿਊਰੋਨਸ ਨੂੰ ਸਪਾਇਕ ਕਰਦੇ ਦੇਖਣ ਤੋਂ ਬਾਅਦ ਉਨ੍ਹਾਂ ਕਿਹਾ ਕਿ "ਇਹ ਸਭ ਸਮਝ ਵਿੱਚ ਆਇਆ" ਕਿ ਉਹ ਸਿਰਫ਼ ਆਪਣੇ ਵਿਚਾਰਾਂ ਨਾਲ ਆਪਣੇ ਕੰਪਿਊਟਰ ਨੂੰ ਕੰਟਰੋਲ ਕਰ ਸਕਦਾ ਹੈ।

ਇਸ ਦੌਰਾਨ ਨੋਲੈਂਡ ਨਿਊਰਾਲਿੰਕ ਦੇ ਉਤਸ਼ਾਹਿਤ ਕਰਮਚਾਰੀਆਂ ਨਾਲ ਘਿਰੇ ਹੋਏ ਸਨ।

ਸਮੇਂ ਦੇ ਨਾਲ-ਨਾਲ ਇਹ ਹੋਰ ਵੀ ਬਿਹਤਰ ਹੋ ਗਿਆ ਹੈ ਅਤੇ ਚਿੱਪ ਦਾ ਇਸਤੇਮਾਲ ਕਰਨ ਦੀ ਉਨ੍ਹਾਂ ਦੀ ਯੋਗਤਾ ਵਿੱਚ ਸੁਧਾਰ ਹੋਇਆ ਹੈ। ਇੱਥੋਂ ਤੱਕ ਕਿ ਉਹ ਹੁਣ ਸ਼ਤਰੰਜ ਅਤੇ ਵੀਡੀਓ ਗੇਮਾਂ ਵੀ ਖੇਡ ਸਕਦੇ ਹਨ।

ਨੋਲੈਂਡ ਨੇ ਕਿਹਾ, "ਮੈਂ ਇਹ ਖੇਡ ਖੇਡਦਾ ਹੋਇਆ ਵੱਡਾ ਹੋਇਆ ਹਾਂ।" ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਉਹ ਅਪਾਹਜ ਹੋ ਗਏ ਤਾਂ ਉਨ੍ਹਾਂ ਨੂੰ "ਇਹ ਛੱਡਣਾ ਪਿਆ" ਸੀ।

ਨੋਲੈਂਡ ਦੱਸਦੇ ਹਨ, "ਹੁਣ ਮੈਂ ਖੇਡਾਂ ਵਿੱਚ ਆਪਣੇ ਦੋਸਤਾਂ ਨੂੰ ਹਰਾ ਰਿਹਾ ਹਾਂ, ਜੋ ਕਿ ਅਸਲ ਵਿੱਚ ਸੰਭਵ ਨਹੀਂ ਹੋਣਾ ਚਾਹੀਦਾ ਪਰ ਇਹ ਸੰਭਵ ਹੈ।"

ਇਸ ਵਿੱਚ ਕੀ ਸਮੱਸਿਆਵਾਂ ਹਨ

ਨੋਲੈਂਡ ਇਸ ਗੱਲ ਦੀ ਵੱਡੀ ਉਦਾਹਰਣ ਹਨ ਕਿ ਕਿਵੇਂ ਤਕਨੀਕ ਦੀ ਵਰਤੋਂ ਕਰਕੇ ਕਿਸੇ ਦੀ ਜ਼ਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਪਰ ਇਸ ਦੇ ਕਈ ਮਾੜੇ ਪਹਿਲੂ ਵੀ ਹੋ ਸਕਦੇ ਹਨ।

ਸਸੇਕਸ ਯੂਨੀਵਰਸਿਟੀ ਵਿੱਚ ਨਿਊਰੋਸਾਇੰਸ ਦੇ ਪ੍ਰੋਫੈਸਰ ਅਨਿਲ ਸੇਠ ਕਹਿੰਦੇ ਹਨ, "ਮੁੱਖ ਸਮੱਸਿਆਵਾਂ ਵਿੱਚੋਂ ਇੱਕ ਹੈ - ਨਿੱਜਤਾ।"

ਬੀਬੀਸੀ ਨਾਲ ਗੱਲ ਕਰਦਿਆਂ ਅਨਿਲ ਕਹਿੰਦੇ ਹਨ, "ਇਸ ਲਈ ਜੇਕਰ ਅਸੀਂ ਆਪਣੀ ਦਿਮਾਗੀ ਗਤੀਵਿਧੀ ਨੂੰ ਨਿਰਯਾਤ ਕਰ ਰਹੇ ਹਾਂ [...] ਤਾਂ ਅਸੀਂ ਨਾ ਸਿਰਫ਼ ਸਾਡੇ ਕੰਮਾਂ ਤੱਕ ਪਹੁੰਚ ਦੀ ਆਗਿਆ ਦੇ ਰਹੇ ਹਾਂ, ਸਗੋਂ ਸੰਭਾਵੀ ਤੌਰ 'ਤੇ ਆਪਣੇ ਵਿਚਾਰਾਂ ਤੱਕ ਵੀ ਪਹੁੰਚ ਦੇ ਰਹੇ ਹਾਂ। ਜਿਵੇਂ ਕਿ - ਸਾਡਾ ਵਿਸ਼ਵਾਸ ਕੀ ਹੈ ਅਤੇ ਅਸੀਂ ਕੀ ਮਹਿਸੂਸ ਕਰਦੇ ਹਾਂ।''

"ਇੱਕ ਵਾਰ ਜਦੋਂ ਤੁਸੀਂ ਆਪਣੇ ਜ਼ਹਿਨ ਦੇ ਅੰਦਰ ਦੀ ਚੀਜ਼ ਤੱਕ ਪਹੁੰਚ ਪ੍ਰਾਪਤ ਕਰ ਲੈਂਦੇ ਹੋ, ਤਾਂ ਫਿਰ ਨਿੱਜੀ ਨਿੱਜਤਾ ਤੱਕ ਪਹੁੰਚ ਲਈ ਅਸਲ ਵਿੱਚ ਕੋਈ ਹੋਰ ਰੁਕਾਵਟ ਨਹੀਂ ਰਹਿ ਜਾਂਦੀ।"

ਪਰ ਇਹ ਨੋਲੈਂਡ ਲਈ ਚਿੰਤਾ ਦਾ ਵਿਸ਼ਾ ਨਹੀਂ ਹੈ - ਇਸ ਦੀ ਬਜਾਏ, ਉਹ ਚਿੱਪਸ ਨੂੰ ਇਸ ਮਾਮਲੇ ਵਿੱਚ ਹੋਰ ਵੀ ਅੱਗੇ ਵਧਦੇ ਦੇਖਣਾ ਚਾਹੁੰਦਾ ਹੈ ਕਿ ਉਹ ਕੀ-ਕੀ ਕਰ ਸਕਦੀਆਂ ਹਨ।

ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅੱਗੇ ਜਾ ਕੇ ਇਹ ਯੰਤਰ ਉਨ੍ਹਾਂ ਆਪਣੀ ਵ੍ਹੀਲਚੇਅਰ ਜਾਂ ਭਵਿੱਖ ਦੇ ਮਨੁੱਖੀ ਰੋਬੋਟਾਂ ਨੂੰ ਵੀ ਕੰਟਰੋਲ ਕਰਨ ਦੀ ਆਗਿਆ ਦੇ ਸਕਦਾ ਹੈ।

ਤਕਨਾਲੋਜੀ ਦੀਆਂ ਸੀਮਾਵਾਂ

ਹਾਲਾਂਕਿ, ਤਕਨਾਲੋਜੀ ਆਪਣੀ ਮੌਜੂਦਾ ਅਤੇ ਵਧੇਰੇ ਸੀਮਤ ਸਥਿਤੀ ਵਿੱਚ ਹੋਣ ਦੇ ਬਾਵਜੂਦ, ਇਹ ਸਭ ਕੁਝ ਸੁਚਾਰੂ ਢੰਗ ਨਾਲ ਨਹੀਂ ਚੱਲ ਰਿਹਾ ਹੈ।

ਇੱਕ ਵਾਰ, ਡਿਵਾਈਸ ਵਿੱਚ ਇੱਕ ਸਮੱਸਿਆ ਕਾਰਨ ਉਨ੍ਹਾਂ ਦੇ ਕੰਪਿਊਟਰ ਨੇ ਉਸ ਸਮੇਂ ਕੰਟਰੋਲ ਗੁਆ ਦਿੱਤਾ ਸੀ ਜਦੋਂ ਇਹ ਉਨ੍ਹਾਂ ਦੇ ਦਿਮਾਗ ਤੋਂ ਅੰਸ਼ਕ ਤੌਰ 'ਤੇ ਵੱਖ ਹੋ ਗਿਆ ਸੀ।

ਨੋਲੈਂਡ ਕਹਿੰਦੇ ਹਨ ਕਿ "ਕਿਹਾ ਜਾਵੇ ਤਾਂ ਇਹ ਸੱਚਮੁੱਚ ਪਰੇਸ਼ਾਨ ਕਰਨ ਵਾਲਾ ਸੀ।''

"ਮੈਨੂੰ ਨਹੀਂ ਪਤਾ ਸੀ ਕਿ ਮੈਂ ਕਦੇ ਨਿਊਰਾਲਿੰਕ ਦੀ ਵਰਤੋਂ ਦੁਬਾਰਾ ਕਰ ਵੀ ਸਕਾਂਗਾ ਜਾਂ ਨਹੀਂ।"

ਜਦੋਂ ਇੰਜੀਨੀਅਰਾਂ ਨੇ ਸਾਫਟਵੇਅਰ ਨੂੰ ਐਡਜਸਟ ਕੀਤਾ ਅਤੇ ਕਨੈਕਸ਼ਨ ਠੀਕ ਹੋ ਗਿਆ ਅਤੇ ਪਹਿਲਾਂ ਨਾਲੋਂ ਵੀ ਚੰਗਾ ਕੰਮ ਕਰਨ ਲੱਗ ਪਿਆ। ਪਰ ਇਸ ਅਚਾਨਕ ਆਈ ਦਿੱਕਤ ਨੇ ਉਨ੍ਹਾਂ ਚਿੰਤਾਵਾਂ ਵੱਲ ਇਸ਼ਾਰਾ ਕੀਤਾ ਜੋ ਮਾਹਿਰ ਅਕਸਰ ਤਕਨਾਲੋਜੀ ਦੀਆਂ ਸੀਮਾਵਾਂ ਬਾਰੇ ਪ੍ਰਗਟ ਕਰਦੇ ਰਹੇ ਹਨ।

ਵੱਡਾ ਕਾਰੋਬਾਰ

ਨਿਊਰਾਲਿੰਕ ਉਨ੍ਹਾਂ ਬਹੁਤ ਸਾਰੀਆਂ ਕੰਪਨੀਆਂ ਵਿੱਚੋਂ ਇੱਕ ਹੈ ਜੋ ਇਸ ਬਾਰੇ ਖੋਜ ਕਰ ਰਹੀਆਂ ਹਨ ਕਿ ਸਾਡੇ ਦਿਮਾਗ ਦੀ ਸ਼ਕਤੀ ਨੂੰ ਡਿਜੀਟਲ ਰੂਪ ਵਿੱਚ ਕਿਵੇਂ ਵਰਤਣਾ ਹੈ।

ਸਿੰਕ੍ਰੋਨ ਅਜਿਹੀ ਹੀ ਇੱਕ ਫਰਮ ਹੈ, ਜਿਸਦਾ ਕਹਿਣਾ ਹੈ ਕਿ ਉਸਦੇ ਸਟੈਂਟ੍ਰੋਡ ਡਿਵਾਈਸ ਨੂੰ ਇਮਪਲਾਂਟ ਕਰਨ ਲਈ ਜ਼ਿਆਦਾ ਵੱਡੀ ਸਰਜਰੀ ਦੀ ਲੋੜ ਨਹੀਂ ਹੁੰਦੀ ਹੈ। ਕੰਪਨੀ ਮੁਤਾਬਕ, ਉਨ੍ਹਾਂ ਦੇ ਇਸ ਡਿਵਾਈਸ ਦਾ ਉਦੇਸ਼ ਮੋਟਰ ਨਿਊਰੋਨ ਬਿਮਾਰੀ ਵਾਲੇ ਲੋਕਾਂ ਦੀ ਮਦਦ ਕਰਨਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਇੰਪਲਾਂਟ ਕਰਨ ਲਈ ਓਪਨ ਬ੍ਰੇਨ ਸਰਜਰੀ ਦੀ ਬਜਾਏ, ਇਸ ਨੂੰ ਵਿਅਕਤੀ ਦੀ ਗਰਦਨ ਵਿੱਚ ਗਲੇ ਦੀ ਨਾੜੀ ਵਿੱਚ ਪਾਇਆ ਜਾਂਦਾ ਹੈ ਅਤੇ ਫਿਰ ਇੱਕ ਖੂਨ ਦੀਆਂ ਨਾੜੀ ਰਾਹੀਂ ਵਿਅਕਤੀ ਦੇ ਦਿਮਾਗ ਤੱਕ ਭੇਜਿਆ ਜਾਂਦਾ ਹੈ।

ਨਿਊਰਾਲਿੰਕ ਵਾਂਗ, ਅੰਤ ਵਿੱਚ ਇਹ ਯੰਤਰ ਵੀ ਦਿਮਾਗ ਦੇ ਮੋਟਰ ਖੇਤਰ ਨਾਲ ਜੁੜ ਜਾਂਦਾ ਹੈ।

ਮੁੱਖ ਤਕਨਾਲੋਜੀ ਅਧਿਕਾਰੀ ਰਿੱਕੀ ਬੈਨਰਜੀ ਨੇ ਕਿਹਾ, "ਇਹ ਉਦੋਂ ਪਛਾਣਦਾ ਹੈ ਜਦੋਂ ਕੋਈ ਵਿਅਕਤੀ ਆਪਣੀ ਉਂਗਲੀ 'ਤੇ ਟੈਪ ਕਰਨ ਜਾਂ ਨਾ ਕਰਨ ਬਾਰੇ ਸੋਚ ਰਿਹਾ ਹੁੰਦਾ ਹੈ।''

"ਉਨ੍ਹਾਂ ਅੰਤਰਾਂ ਨੂੰ ਪਛਾਣ ਕੇ ਇਹ ਇੱਕ ਡਿਜੀਟਲ ਮੋਟਰ ਆਊਟਪੁੱਟ ਬਣਾਉਣ ਦੀ ਆਗਿਆ ਦਿੰਦਾ ਹੈ।"

ਉਸ ਆਊਟਪੁੱਟ ਨੂੰ ਫਿਰ ਇੱਕ ਕੰਪਿਊਟਰ ਸਿਗਨਲ ਵਿੱਚ ਬਦਲ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਵਰਤਮਾਨ ਵਿੱਚ 10 ਲੋਕ ਵਰਤ ਰਹੇ ਹਨ।

ਅਜਿਹੇ ਇੱਕ ਹੀ ਵਿਅਕਤੀ ਨੇ ਆਪਣਾ ਆਖਰੀ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਉਹ ਐਪਲ ਦੇ ਵਿਜ਼ਨ ਪ੍ਰੋ ਹੈੱਡਸੈੱਟ ਨਾਲ ਇਸ ਡਿਵਾਈਸ ਦੀ ਵਰਤੋਂ ਕਰਨ ਵਾਲਾ ਦੁਨੀਆਂ ਦਾ ਪਹਿਲਾ ਵਿਅਕਤੀ ਸੀ।

ਮਾਰਕ ਨੇ ਕਿਹਾ ਕਿ ਇਸ ਨੇ ਉਨ੍ਹਾਂ ਨੂੰ ਦੂਰ-ਦੁਰਾਡੀਆਂ ਥਾਵਾਂ 'ਤੇ ਵਰਚੁਅਲੀ ਛੁੱਟੀਆਂ ਮਨਾਉਣ ਦਾ ਮੌਕਾ ਦਿੱਤਾ ਹੈ। ਇਸ ਦੇ ਨਾਲ ਉਨ੍ਹਾਂ ਨੇ ਆਸਟ੍ਰੇਲੀਆ ਦੇ ਸੋਹਣੇ ਵਗਦੇ ਝਰਨਿਆਂ ਵਿੱਚ ਖੜ੍ਹੇ ਹੋਣ ਤੋਂ ਲੈ ਕੇ ਨਿਊਜ਼ੀਲੈਂਡ ਦੇ ਸ਼ਾਨਦਾਰ ਪਹਾੜਾਂ ਤੱਕ ਦੀ ਸੈਰ ਕੀਤੀ ਹੈ।

ਉਨ੍ਹਾਂ ਕਿਹਾ, "ਮੈਂ ਭਵਿੱਖ ਵਿੱਚ ਇੱਕ ਅਜਿਹੀ ਦੁਨੀਆਂ ਦੇਖ ਸਕਦਾ ਹਾਂ ਜਿੱਥੇ ਇਹ ਤਕਨਾਲੋਜੀ ਸੱਚਮੁੱਚ ਉਸ ਵਿਅਕਤੀ ਲਈ ਬਹੁਤ ਵੱਡਾ ਫ਼ਰਕ ਪਾ ਸਕਦੀ ਹੈ ਜਿਸ ਨੂੰ ਇਹ ਜਾਂ ਅਧਰੰਗ ਹੈ।''

ਪਰ ਨੋਲੈਂਡ ਲਈ ਨਿਊਰਾਲਿੰਕ ਚਿੱਪ ਦੇ ਨਾਲ ਇੱਕ ਚੇਤਾਵਨੀ ਵੀ ਹੈ - ਉਹ ਇੱਕ ਅਧਿਐਨ ਦਾ ਹਿੱਸਾ ਬਣਨ ਲਈ ਸਹਿਮਤ ਹੋਏ ਹਨ ਜਿਸਦੇ ਤਹਿਤ ਇਸ ਚਿੱਪ ਨੂੰ ਛੇ ਸਾਲਾਂ ਲਈ ਹੀ ਲਗਾਇਆ ਹੈ, ਅਤੇ ਉਸ ਤੋਂ ਬਾਅਦ ਦਾ ਭਵਿੱਖ ਉਨ੍ਹਾਂ ਲਈ ਸਪੱਸ਼ਟ ਨਹੀਂ ਹੈ।

ਨੋਲੈਂਡ ਦਾ ਮੰਨਣਾ ਹੈ ਕਿ ਇਸ ਸਮੇਂ ਉਨ੍ਹਾਂ ਨਾਲ ਜੋ ਵੀ ਹੋ ਰਿਹਾ ਹੈ, ਉਨ੍ਹਾਂ ਦਾ ਤਜਰਬਾ ਉਸ ਚੀਜ਼ ਦੀ ਮਹਿਜ਼ ਨਿੱਕੀ ਜਿਹੀ ਝਲਕ ਹੈ ਜੋ ਆਉਣ ਵਾਲੇ ਸਮੇਂ ਵਿੱਚ ਹਕੀਕਤ ਬਣ ਸਕਦੀ ਹੈ।

ਉਨ੍ਹਾਂ ਕਿਹਾ, "ਅਸੀਂ ਦਿਮਾਗ ਬਾਰੇ ਬਹੁਤ ਘੱਟ ਜਾਣਦੇ ਹਾਂ ਅਤੇ ਇਹ ਸਾਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਦੇ ਰਿਹਾ ਹੈ।''

ਯਾਸਮੀਨ ਮੋਰਗਨ-ਗ੍ਰਿਫਿਥ ਦੁਆਰਾ ਵਾਧੂ ਰਿਪੋਰਟਿੰਗ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)