You’re viewing a text-only version of this website that uses less data. View the main version of the website including all images and videos.
ਜਾਇਦਾਦ ਤੇ ਕਰਜ਼ੇ ਵਿੱਚ ਔਰਤਾਂ ਦਾ ਕਿੰਨਾ ਹਿੱਸਾ ਹੈ ਅਤੇ ਕਿਹੜੇ ਮਾਮਲਿਆਂ ਵਿੱਚ ਤੁਹਾਨੂੰ ਸਮਝੌਤਾ ਨਹੀਂ ਕਰਨਾ ਚਾਹੀਦਾ
- ਲੇਖਕ, ਨਾਗੇਂਦਰ ਸਾਈਂ ਕੁੰਡਾਵਰਮ
- ਰੋਲ, ਬੀਬੀਸੀ ਲਈ ਬਿਜ਼ਨਸ ਐਨਾਲਿਸਟ
ਔਰਤਾਂ ਘਰ ਦੀਆਂ ਗ੍ਰਹਿ ਮੰਤਰੀ ਹੁੰਦੀਆਂ ਹਨ, ਪਰ ਅਸਲ ਵਿੱਚ ਇਸਦੇ ਨਾਲ-ਨਾਲ ਉਹ ਵਿੱਤ ਮੰਤਰੀ ਵੀ ਹੁੰਦੀਆਂ ਹਨ। ਅਜਿਹਾ ਇਸ ਲਈ ਹੈ ਕਿਉਂਕਿ ਔਰਤਾਂ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਵਿੱਤੀ ਮਾਮਲਿਆਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਬਹੁਤ ਸਾਰੀਆਂ ਔਰਤਾਂ ਆਪਣੇ ਪਤੀਆਂ ਵੱਲੋਂ ਹਰ ਮਹੀਨੇ ਦਿੱਤੇ ਗਏ ਪੈਸੇ ਨੂੰ ਆਪਣੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਲਈ ਅਤੇ ਆਉਂਦੇ ਕੱਲ੍ਹ ਲਈ ਕੁਝ ਬਚਾਉਣ ਲਈ ਵਰਤਦੀਆਂ ਹਨ। ਜੇਕਰ ਪਤੀ-ਪਤਨੀ ਦੋਵੇਂ ਨੌਕਰੀ ਕਰਦੇ ਹਨ, ਤਾਂ ਵਿੱਤੀ ਤੌਰ 'ਤੇ ਵਧੇਰੇ ਸੁਤੰਤਰਤਾ ਹੁੰਦੀ ਹੈ।
ਹਾਲਾਂਕਿ, ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਕੀ ਦੋਵੇਂ ਵਿੱਤੀ ਜ਼ਿੰਮੇਵਾਰੀਆਂ ਸਾਂਝੀਆਂ ਕਰਨ ਵਿੱਚ ਬਰਾਬਰ ਤੌਰ 'ਤੇ ਪਾਰਦਰਸ਼ੀ ਹਨ।
ਕੀ ਦੋਵੇਂ ਸਾਥੀ ਬਰਾਬਰ ਤਰੀਕੇ ਨਾਲ ਨਿਵੇਸ਼ ਕਰਦੇ ਹਨ ਅਤੇ ਬਰਾਬਰ ਤਰੀਕੇ ਨਾਲ ਹੀ ਕਰਜ਼ਿਆਂ ਨੂੰ ਵੰਡਦੇ ਹਨ?
ਕੀ ਭਵਿੱਖ ਦੀ ਯੋਜਨਾ ਬਣਾਉਣ ਦੇ ਮਾਮਲੇ ਵਿੱਚ ਦੋਵੇਂ ਸਾਥੀ ਇੱਕੋ ਪੰਨੇ 'ਤੇ ਹਨ? ਕੀ ਹਰੇਕ ਸਾਥੀ ਨੂੰ ਆਪਣੇ ਦੁਆਰਾ ਲਏ ਜਾ ਰਹੇ ਕਰਜ਼ੇ ਬਾਰੇ ਪਤਾ ਹੈ?
ਇਸ ਲਈ, ਜਦੋਂ ਵਿੱਤ ਸਬੰਧੀ ਯੋਜਨਾ ਬਣਾਉਣ ਦੀ ਗੱਲ ਆਉਂਦੀ ਹੈ, ਤਾਂ ਕਈ ਚੀਜ਼ਾਂ ਭੂਮਿਕਾ ਨਿਭਾਉਂਦੀਆਂ ਹਨ। ਇਸ ਮਹਿਲਾ ਦਿਵਸ 'ਤੇ ਔਰਤਾਂ ਲਈ ਇੱਥੇ ਕੁਝ ਸੁਝਾਅ ਦਿੱਤੇ ਜਾ ਰਹੇ ਹਨ।
ਗ੍ਰਹਿ ਮੰਤਰੀ ਨੂੰ ਵਿੱਤ ਮੰਤਰੀ ਬਣਨਾ ਚਾਹੀਦਾ ਹੈ...
ਉਹ ਔਰਤਾਂ ਜੋ ਆਪਣੇ ਪਤੀਆਂ, ਬੱਚਿਆਂ, ਸਹੁਰਿਆਂ, ਮਾਪਿਆਂ ਅਤੇ ਭੈਣ-ਭਰਾਵਾਂ ਬਾਰੇ ਸੋਚਦੀਆਂ ਹਨ ਅਤੇ ਆਪਣੀਆਂ ਸੇਵਾਵਾਂ ਨਿਰਸਵਾਰਥ ਰੂਪ ਵਿੱਚ ਦਿੰਦੀਆਂ ਹਨ, ਉਹ ਸਾਰੀਆਂ ਔਰਤਾਂ ਆਪਣੇ-ਆਪਣੇ ਘਰ ਦੀਆਂ ਗ੍ਰਹਿ ਮੰਤਰੀ ਹੁੰਦੀਆਂ ਹਨ।
ਜੇਕਰ ਪਤੀ ਹਰ ਮਹੀਨੇ ਘਰ ਵਿੱਚ ਇੱਕ ਨਿਸ਼ਚਿਤ ਰਕਮ ਦਿੰਦਾ ਹੈ ਤਾਂ ਸੁਆਣੀਆਂ ਇਸਦਾ ਕੁਸ਼ਲਤਾ ਨਾਲ ਪ੍ਰਬੰਧਨ ਕਰਦੀਆਂ ਹਨ ਅਤੇ ਇਹ ਯਕੀਨੀ ਬਣਾਉਂਦੀਆਂ ਹਨ ਕਿ ਕੋਈ ਨੁਕਸਾਨ ਨਾ ਹੋਵੇ।
ਜੇਕਰ ਅਜਿਹੇ ਲੋਕ ਵਿੱਤੀ ਮੁੱਦਿਆਂ ਦੀ ਆਪਣੀ ਸਮਝ ਵੀ ਵਧਾ ਲੈਣ ਤਾਂ ਉਹ ਘਰ ਨੂੰ ਵਧੇਰੇ ਕੁਸ਼ਲਤਾ ਨਾਲ ਚਲਾ ਸਕਦੇ ਹਨ।
ਜੇਕਰ ਤੁਸੀਂ ਨੌਕਰੀ ਕਰ ਰਹੇ ਹੋ ਤਾਂ ਤੁਹਾਨੂੰ ਇਸ ਗਿਆਨ ਦੀ ਹੋਰ ਵੀ ਜ਼ਿਆਦਾ ਲੋੜ ਹੈ। ਇਸ ਲਈ ਤੁਹਾਨੂੰ ਆਪਣੇ ਘਰ ਵਿੱਚ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ।
ਇਹ ਸਿਰਫ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ "ਕੀ ਮੈਂ ਪੈਸੇ ਕਮਾਏ? ਕੀ ਮੈਂ ਆਪਣੇ ਲਈ ਕੁਝ ਬਚਾਇਆ ਅਤੇ ਫਿਰ ਆਪਣੇ ਪਤੀ ਨੂੰ ਦਿੱਤਾ?" ਤੁਹਾਨੂੰ ਆਪਣੇ ਪਤੀ ਦੀ ਸੋਚਣ ਦੀ ਸ਼ੈਲੀ, ਉਹ ਕਿੰਨਾ ਜੋਖ਼ਮ ਲੈ ਰਹੇ ਹਨ, ਕੀ ਉਹ ਸੁਰੱਖਿਅਤ ਨਿਵੇਸ਼ ਕਰ ਰਹੇ ਹਨ ਜਾਂ ਨਹੀਂ ਅਤੇ ਉਹ ਕਿੱਥੇ ਨਿਵੇਸ਼ ਕਰ ਰਹੇ ਹਨ, ਇਸ ਬਾਰੇ ਸਪੱਸ਼ਟ ਸਮਝ ਹੋਣੀ ਚਾਹੀਦੀ ਹੈ।
ਹਾਲਾਂਕਿ ਬਾਜ਼ਾਰ ਵਿੱਚ ਉਪਲੱਬਧ ਸਾਰੇ ਵਿੱਤੀ ਉਤਪਾਦਾਂ ਬਾਰੇ ਗਿਆਨ ਹੋਣਾ ਜ਼ਰੂਰੀ ਨਹੀਂ ਹੈ, ਪਰ ਇੱਕ ਵਿਆਪਕ ਦ੍ਰਿਸ਼ਟੀਕੋਣ ਜ਼ਰੂਰੀ ਹੈ।
ਧੋਖੇਬਾਜ਼ਾਂ ਦੇ ਜਾਲ ਵਿੱਚ ਨਾ ਫਸੋ...
ਬਹੁਤ ਸਾਰੀਆਂ ਔਰਤਾਂ ਵਿੱਤੀ ਤੌਰ 'ਤੇ ਆਪਣੇ ਪਤੀ ਦੀ ਮਦਦ ਕਰਨਾ ਚਾਹੁੰਦੀਆਂ ਹਨ ਅਤੇ ਇਸੇ ਉਤਸੁਕਤਾ ਵਿੱਚ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ 'ਤੇ ਭਰੋਸਾ ਕਰ ਬੈਠਦੀਆਂ ਹਨ।
ਹਾਲ ਹੀ ਵਿੱਚ, ਚਿਟ ਆਦਿ ਦੇ ਨਾਮ 'ਤੇ ਲੋਕਾਂ ਨਾਲ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਲਈ, ਭਾਵੇਂ ਤੁਸੀਂ ਕਿੰਨੇ ਵੀ ਸਿਆਣੇ ਹੋ, ਅਜਿਹੇ ਘੁਟਾਲਿਆਂ ਵਿੱਚ ਨਾ ਫਸੋ ਅਤੇ ਸਹੀ ਥਾਂ ਪੈਸੇ ਲਗਾਓ।
ਇਨ੍ਹਾਂ ਸਕੀਮਾਂ ਤੋਂ ਵੱਧ ਤੋਂ ਵੱਧ ਰਿਟਰਨ ਸਿਰਫ 12 ਫੀਸਦ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਲਈ, ਹੋਰ ਨਿਵੇਸ਼ ਸਾਧਨਾਂ 'ਤੇ ਵਿਚਾਰ ਕਰਨਾ ਬਿਹਤਰ ਹੈ ਭਾਵੇਂ ਉਹ ਅਜਿਹੀਆਂ ਸਕੀਮਾਂ ਦੇ ਮੁਕਾਬਲੇ ਦੋ ਤੋਂ ਤਿੰਨ ਫੀਸਦ ਘੱਟ ਰਿਟਰਨ ਹੀ ਕਿਉਂ ਨਾ ਦਿੰਦੇ ਹੋਣ।
ਤੁਹਾਡੇ ਖੁਦ ਲਈ ਇੱਕ ਖਾਸ ਬਜਟ...
ਭਾਵੇਂ ਤੁਹਾਡੇ ਪਤੀ ਕਮਾਉਂਦੇ ਹੋਣ ਅਤੇ ਪਰਿਵਾਰ ਦੇ ਖਰਚੇ ਚੁੱਕਦੇ ਹੋਣ ਜਾਂ ਫਿਰ ਤੁਸੀਂ ਆਪ ਵੀ ਨੌਕਰੀ ਕਰਦੇ ਹੋਵੋ, ਬਜਟ ਬਣਾਉਣਾ ਮਹੱਤਵਪੂਰਨ ਹੈ।
ਕਿੰਨਾ ਪੈਸਾ ਆ ਰਿਹਾ ਹੈ ਅਤੇ ਕਿੰਨਾ ਬਾਹਰ ਜਾ ਰਿਹਾ ਹੈ, ਇਸਦਾ ਰਿਕਾਰਡ ਹੋਣਾ ਚਾਹੀਦਾ ਹੈ। ਬੱਚਿਆਂ ਦੀ ਪੜ੍ਹਾਈ, ਧੀ ਦੇ ਵਿਆਹ ਲਈ ਸੋਨਾ ਅਤੇ ਨਵੇਂ ਘਰ ਲਈ ਡਾਊਨ ਪੇਮੈਂਟ ਵਰਗੀਆਂ ਚੀਜ਼ਾਂ ਲਈ ਪਹਿਲਾਂ ਤੋਂ ਯੋਜਨਾ ਬਣਾਉਣਾ ਖਾਸ ਤੌਰ 'ਤੇ ਮਹੱਤਵਪੂਰਨ ਹੈ।
ਇਸ ਲਈ, ਪਤੀ-ਪਤਨੀ ਦੋਵਾਂ ਨੂੰ ਇਨ੍ਹਾਂ ਚੀਜ਼ਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਪਸ ਵਿੱਚ ਚਰਚਾ ਕਰਨੀ ਚਾਹੀਦੀ ਹੈ ਕਿ ਉਹ ਕਿੱਥੇ ਅਤੇ ਕਿੰਨੇ ਸਮੇਂ ਲਈ ਬੱਚਤ ਕਰਨਾ ਚਾਹੁੰਦੇ ਹਨ। ਜੇ ਜ਼ਰੂਰੀ ਹੋਵੇ, ਤਾਂ ਉਨ੍ਹਾਂ ਨੂੰ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ।
ਆਮ ਤੌਰ 'ਤੇ, ਅਸੀਂ ਘਰ ਦੇ ਖਰਚੇ ਦੇਣ ਤੋਂ ਬਾਅਦ ਬਚੇ ਪੈਸੇ ਬਚਾਉਂਦੇ ਹਾਂ। ਜੇਕਰ ਤੁਸੀਂ ਦੋਹਰੀ ਆਮਦਨ ਵਾਲੇ ਵਰਗ ਵਿੱਚ ਹੋ (ਜਿੱਥੇ ਤੁਸੀਂ ਦੋਵੇਂ ਕਮਾਉਂਦੇ ਹੋ) ਤਾਂ ਤੁਹਾਨੂੰ ਆਪਣੀ ਇੱਕ ਤਨਖਾਹ ਵਿੱਚੋਂ ਵੱਧ ਤੋਂ ਵੱਧ ਰਕਮ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਾਂ ਦੋਵਾਂ ਦੀ ਆਮਦਨ ਦਾ ਘੱਟੋ-ਘੱਟ 30 ਫੀਸਦ ਬਚਾਇਆ ਜਾਣਾ ਚਾਹੀਦਾ ਹੈ।
ਅਜਿਹੀ ਖਰੀਦਦਾਰੀ ਜਿਸ ਦੀ ਲੋੜ ਨਾ ਹੋਵੇ, ਘੱਟ ਤੋਂ ਘੱਟ ਕਰਨੀ ਚਾਹੀਦਾ ਹੈ। ਤੁਹਾਡੇ ਦੋਵਾਂ ਵਿੱਚੋਂ ਕਿਸੇ ਨੂੰ ਇਹ ਜਾਣਨ ਦੀ ਲੋੜ ਹੈ ਕਿ ਕੀ ਜ਼ਰੂਰੀ ਹੈ ਅਤੇ ਕੀ ਫਜ਼ੂਲ। ਬੇਲੋੜੀਆਂ ਐਸ਼ੋ-ਆਰਾਮ ਦੀਆਂ ਚੀਜ਼ਾਂ ਵਿੱਚ ਉਲਝ ਕੇ ਪੂਰੇ ਪਰਿਵਾਰ ਨੂੰ ਮੁਸੀਬਤ ਵਿੱਚ ਨਹੀਂ ਪਾਉਣਾ ਚਾਹੀਦਾ।
ਕੀ ਤੁਹਾਡਾ ਕੋਈ ਸਾਂਝਾ ਬੈਂਕ ਖਾਤਾ ਹੈ?
ਜਦੋਂ ਦੋਵੇਂ ਪਤੀ-ਪਤਨੀ ਨੌਕਰੀ ਕਰਦੇ ਹਨ ਅਤੇ ਦੋਵੇਂ ਕਮਾਉਂਦੇ ਹਨ, ਤਾਂ ਇੱਕ ਸਾਂਝਾ ਖਾਤਾ ਹੋਣਾ ਜ਼ਰੂਰੀ ਹੈ। ਤੁਹਾਡੇ ਦੋਵਾਂ ਦੀ ਜ਼ਿਆਦਾਤਰ ਕਮਾਈ ਇਸ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਖਾਤੇ ਤੋਂ ਲੋਨ ਦੀ ਕਿਸ਼ਤ, ਘਰੇਲੂ ਖਰਚੇ, ਬੱਚਿਆਂ ਦੀਆਂ ਸਕੂਲ ਫੀਸਾਂ ਆਦਿ ਦਾ ਭੁਗਤਾਨ ਕਰਨਾ ਬਿਹਤਰ ਰਹਿੰਦਾ ਹੈ। ਇਸ ਖਾਤੇ ਤੋਂ ਨਿਵੇਸ਼ ਕਰਨਾ ਵੀ ਬਿਹਤਰ ਹੈ।
ਨਾਲ ਹੀ, ਤੁਹਾਨੂੰ ਆਪਣੀਆਂ ਨਿੱਜੀ ਜ਼ਰੂਰਤਾਂ ਲਈ ਵੀ ਕੁਝ ਰਕਮ ਆਪਣੇ ਕੋਲ ਰੱਖਣੀ ਚਾਹੀਦੀ ਹੈ। ਜੇਕਰ ਤੁਹਾਡੇ ਪਤੀ ਨੂੰ ਬਹੁਤ ਜ਼ਿਆਦਾ ਖਰਚ ਕਰਨ ਦੀ ਆਦਤ ਹੈ, ਤਾਂ ਤੁਹਾਨੂੰ ਇਸ ਆਦਤ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਤੁਹਾਡਾ ਇਹ ਰਵੱਈਆ ਵਿੱਤੀ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰੇਗਾ।
ਕ੍ਰੈਡਿਟ ਕਾਰਡ ਤੋਂ ਸਾਵਧਾਨ...
ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਕ੍ਰੈਡਿਟ ਕਾਰਡ ਵੀ ਪ੍ਰਦਾਨ ਕਰਦੀਆਂ ਹਨ। ਕ੍ਰੈਡਿਟ ਕਾਰਡ ਦੇ ਮਾਮਲੇ ਵਿੱਚ ਬੈਂਕਾਂ ਦੁਆਰਾ ਦਿੱਤੀ ਜਾਂਦੀ 40-50 ਦਿਨਾਂ ਦੀ ਕ੍ਰੈਡਿਟ ਸੀਮਾ ਦਾ ਫਾਇਦਾ ਚੁੱਕਣਾ ਹੀ ਠੀਕ ਰਹਿੰਦਾ ਹੈ। ਨਹੀਂ ਤਾਂ, ਤੁਹਾਨੂੰ 36-48 ਫੀਸਦ ਤੱਕ ਵਿਆਜ ਦੇਣਾ ਪਵੇਗਾ, ਜੋ ਕਿ ਇੱਕ ਅਸਹਿ ਬੋਝ ਹੈ।
ਇਸ ਲਈ ਜਿੰਨੀ ਜਲਦੀ ਹੋ ਸਕੇ ਇਸਦਾ ਭੁਗਤਾਨ ਕਰੋ। ਹੋਰ ਨਿਵੇਸ਼ਾਂ ਨੂੰ ਪਾਸੇ ਰੱਖੋ ਅਤੇ ਪਹਿਲਾਂ ਇਨ੍ਹਾਂ ਕਰਜ਼ਿਆਂ ਦਾ ਭੁਗਤਾਨ ਕਰੋ।
ਗਹਿਣੇ ਕੋਈ ਨਿਵੇਸ਼ ਨਹੀਂ ਹਨ...
ਜ਼ਿਆਦਾਤਰ ਔਰਤਾਂ ਲਈ, ਨਿਵੇਸ਼ ਦਾ ਪਹਿਲਾ ਮਤਲਬ ਹੁੰਦਾ ਹੈ - ਸੋਨਾ। ਉਹ ਸੋਨੇ ਨੂੰ ਗਹਿਣਿਆਂ ਵਜੋਂ ਅਤੇ ਕਿਸੇ ਵੀ ਜ਼ਰੂਰਤ ਸਮੇਂ ਵਰਤਣ ਦੇ ਇਰਾਦੇ ਨਾਲ ਖਰੀਦ ਲੈਂਦੀਆਂ ਹਨ।
ਪਰ, ਜਦੋਂ ਤੁਸੀਂ ਸੋਨੇ ਦੇ ਗਹਿਣੇ ਖਰੀਦਦੇ ਹੋ, ਤਾਂ ਉਨ੍ਹਾਂ ਦੀ ਬਣਾਈ (ਮੇਕਿੰਗ ਚਾਰਜਿਜ਼) ਦੇ ਨਾਮ 'ਤੇ 15-30 ਫੀਸਦ ਵਾਧੂ ਪੈਸੇ ਦੇਣੇ ਪੈਂਦੇ ਹਨ। ਇਹ ਸਾਡੇ ਰਿਟਰਨ ਨੂੰ ਪ੍ਰਭਾਵਿਤ ਕਰਦਾ ਹੈ। ਇਸੇ ਲਈ ਜੇਕਰ ਤੁਸੀਂ ਸੋਨੇ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਈਟੀਐੱਫ, ਗੋਲਡ ਬਾਂਡ ਅਤੇ ਡਿਜੀਟਲ ਗੋਲਡ ਲੈਣਾ ਬਿਹਤਰ ਰਹਿੰਦਾ ਹੈ।
ਸ਼ੇਅਰ ਬਾਜ਼ਾਰ...
ਨਿਵੇਸ਼ ਦਾ ਮਤਲਬ ਸਿਰਫ਼ ਸੋਨਾ, ਰੀਅਲ ਅਸਟੇਟ ਅਤੇ ਚਿਟਾਂ ਵਰਗੀਆਂ ਸਕੀਮਾਂ ਨਹੀਂ ਹੁੰਦਾ। ਇਸਦੇ ਹੋਰ ਪਹਿਲੂਆਂ ਨੂੰ ਸਮਝਣਾ ਵੀ ਜ਼ਰੂਰੀ ਹੈ। ਇਕੁਇਟੀ ਮਾਰਕੀਟ ਵਿੱਚ ਮਿਉਚੁਅਲ ਫੰਡ ਖਾਸ ਤੌਰ 'ਤੇ ਚੰਗੇ ਹਨ।
ਜੇਕਰ ਤੁਸੀਂ ਉਨ੍ਹਾਂ ਬਾਰੇ ਜ਼ਿਆਦਾ ਨਹੀਂ ਜਾਣਦੇ ਹੋ, ਤਾਂ ਤੁਸੀਂ ਲੰਬੇ ਸਮੇਂ ਲਈ ਨਿਫਟੀ ਬੀਜ਼ ਅਤੇ ਫਾਈਵ ਸਟਾਰ ਦਰਜਾ ਪ੍ਰਾਪਤ ਵੱਡੇ-ਕੈਪ ਫੰਡਾਂ ਵਿੱਚ ਨਿਵੇਸ਼ ਕਰ ਸਕਦੇ ਹੋ। ਤੁਸੀਂ ਆਪਣੇ ਬੱਚਿਆਂ ਦੀ ਉੱਚ ਸਿੱਖਿਆ, ਵਿਆਹ, ਰਿਟਾਇਰਮੈਂਟ ਆਦਿ ਨੂੰ ਧਿਆਨ 'ਚ ਰੱਖ ਕੇ ਨਿਵੇਸ਼ ਕਰ ਸਕਦੇ ਹੋ।
ਯੋਜਨਾਬੰਦੀ ਵਿੱਚ ਹਿੱਸੇਦਾਰੀ
ਕੀ ਤੁਸੀਂ ਆਪਣੇ ਪਤੀ ਵੱਲੋਂ ਲਏ ਗਏ ਵਿੱਤੀ ਫੈਸਲਿਆਂ ਵਿੱਚ ਸ਼ਾਮਲ ਹੋ ਜਾਂ ਨਹੀਂ? ਇਹ ਬਹੁਤ ਮਹੱਤਵਪੂਰਨ ਹੈ। ਕਿਉਂਕਿ, ਭਾਵੇਂ ਲਾਭ ਹੋਵੇ ਜਾਂ ਨੁਕਸਾਨ, ਇਸਦਾ ਖਮਿਆਜ਼ਾ ਤੁਹਾਨੂੰ ਦੋਵਾਂ ਨੂੰ ਭੁਗਤਣਾ ਪੈਂਦਾ ਹੈ। ਇਹ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰਦਾ ਹੈ।
ਇਸ ਲਈ, ਫੈਸਲਾ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਤੁਹਾਨੂੰ ਦੋਵਾਂ ਨੂੰ ਬੈਠ ਕੇ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਇਸ ਮਾਮਲੇ 'ਚ ਤੁਸੀਂ ਮਾਹਿਰਾਂ ਦੀ ਸਲਾਹ ਵੀ ਲੈ ਸਕਦੇ ਹੋ।
ਆਪਣੇ ਜੀਵਨ ਸਾਥੀ ਨੂੰ ਇਹ ਜ਼ਰੂਰ ਦੱਸੋ ਕਿ ਤੁਹਾਡੇ ਕੋਲ ਕਿਹੜੀਆਂ ਜਾਇਦਾਦਾਂ ਅਤੇ ਕਰਜ਼ੇ ਹਨ। ਜੇਕਰ ਜੀਵਨ ਵਿੱਚ ਕੋਈ ਅਣਹੋਣੀ ਹੋ ਜਾਵੇ ਤਾਂ ਉਸ ਮਾੜੀ ਸਥਿਤੀ 'ਚ ਇਹ ਜਾਣਕਾਰੀ ਤੁਹਾਡੇ ਸਾਥੀ ਲਈ ਲਾਭਦਾਇਕ ਹੋ ਸਕਦੀ ਹੈ।
ਐਮਰਜੈਂਸੀ ਫੰਡ...
ਐਮਰਜੈਂਸੀ ਫੰਡ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਹਾਨੂੰ ਘੱਟੋ-ਘੱਟ ਆਪਣੀ ਤਿੰਨ ਮਹੀਨਿਆਂ ਦੀ ਤਨਖ਼ਾਹ ਬਚਾਉਣੀ ਚਾਹੀਦੀ ਹੈ। ਤੁਸੀਂ ਇਸ ਨੂੰ ਫਿਕਸਡ ਡਿਪਾਜ਼ਿਟ, ਲਿਕਵਿਡ ਫੰਡ ਆਦਿ ਵਿੱਚ ਨਿਵੇਸ਼ ਕਰ ਸਕਦੇ ਹੋ।
ਵਿੱਤੀ ਮਾਮਲੇ ਵਿੱਚ ਕੁਝ ਕਰਨ ਤੋਂ ਨਾ ਡਰੋ। ਜੇਕਰ ਤੁਸੀਂ ਸਟਾਕ ਮਾਰਕੀਟ ਵਿੱਚ ਕੁਝ ਕਰਨਾ ਚਾਹੁੰਦੇ ਹੋ, ਤਾਂ ਇਸ ਵਿੱਚ ਆਉਣ ਤੋਂ ਪਹਿਲਾਂ ਇਸ ਬਾਰੇ ਸਿੱਖ ਲਵੋ। ਨਾਲ ਹੀ ਆਪਣੇ ਸਾਥੀ ਨੂੰ ਵੀ ਇਸ ਬਾਰੇ ਜ਼ਰੂਰ ਦੱਸੋ।
ਭਾਵੇਂ ਤੁਹਾਨੂੰ ਫਾਇਦਾ ਹੋਵੇ ਜਾਂ ਨੁਕਸਾਨ, ਇਸ ਨੂੰ ਨਿੱਜੀ ਤੌਰ 'ਤੇ ਨਾ ਲਓ। ਜੇ ਕੁਝ ਗਲਤ ਹੋ ਜਾਂਦਾ ਹੈ, ਤਾਂ ਕੋਈ ਅਜਿਹਾ ਵਿੱਤੀ ਫੈਸਲਾ ਨਾ ਲਓ ਜਿਸ ਨਾਲ ਨੁਕਸਾਨ ਦੀ ਭਰਪਾਈ ਹੋਣ ਦੀ ਬਜਾਏ ਹੋਰ ਵੱਡਾ ਨੁਕਸਾਨ ਹੋ ਜਾਵੇ।
ਸਿਹਤ ਹੈ ਸਭ ਤੋਂ ਜ਼ਰੂਰੀ
ਆਪਣੀ ਸਿਹਤ ਦੇ ਨਾਲ-ਨਾਲ ਆਪਣੇ ਪਰਿਵਾਰ ਵਿੱਚ ਵੀ ਨਿਵੇਸ਼ ਕਰਨਾ ਮਹੱਤਵਪੂਰਨ ਹੈ। ਜੇ ਸੰਭਵ ਹੋਵੇ, ਤਾਂ ਕੈਂਸਰ ਦੀ ਦੇਖਭਾਲ ਵਰਗੇ ਵਾਧੂ ਬੀਮਾ ਪੈਕੇਜ ਲੈਣਾ ਬਹੁਤ ਚੰਗਾ ਰਹਿੰਦਾ ਹੈ।
ਹੱਡੀਆਂ ਦੀ ਘਣਤਾ, ਸਰਵਾਈਕਲ ਕੈਂਸਰ, ਛਾਤੀ ਦੇ ਕੈਂਸਰ ਆਦਿ ਬਾਰੇ ਜਾਗਰੂਕਤਾ ਵਧਾਉਣੀ ਚਾਹੀਦੀ ਹੈ। ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਸਾਰੇ ਟੈਸਟ ਕਰਵਾਉਣਾ ਚੰਗਾ ਰਹਿੰਦਾ ਹੈ।
ਆਪਣੀਆਂ ਮਨਪਸੰਦ ਕਿਤਾਬਾਂ, ਮਨੋਰੰਜਨ ਅਤੇ ਸ਼ੌਕਾਂ ਲਈ ਸਮਾਂ ਕੱਢੋ।
ਤੁਹਾਨੂੰ ਆਪਣੇ ਬੱਚਿਆਂ ਨੂੰ ਵੀ ਵਿੱਤੀ ਪ੍ਰਬੰਧਨ ਬਾਰੇ ਸਿਖਾਉਣਾ ਚਾਹੀਦਾ ਹੈ। ਉਨ੍ਹਾਂ ਲਈ ਇੱਕ ਕਿਡੀ ਬੈਂਕ ਬਣਾ ਸਕਦੇ ਹੋ। ਉਨ੍ਹਾਂ ਨੂੰ ਕੁਝ ਪੈਸੇ ਦਿਓ ਅਤੇ ਉਸ ਕਿਡੀ ਬੈਂਕ ਵਿੱਚ ਜਮ੍ਹਾਂ ਕਰਨ ਲਈ ਕਹੋ, ਤਾਂ ਜੋ ਉਹ ਕੁਝ ਪੈਸੇ ਜੋੜਨਾ ਸਿੱਖ ਸਕਣ। ਜੇ ਹੋ ਸਕੇ ਤਾਂ ਤੁਸੀਂ ਆਪਣੇ ਬੱਚਿਆਂ ਦੇ ਨਾਮ 'ਤੇ ਬੈਂਕ ਖਾਤਾ ਵੀ ਖੋਲ੍ਹ ਸਕਦੇ ਹੋ।
ਇਨ੍ਹਾਂ ਮੁੱਦਿਆਂ 'ਤੇ ਸਮਝੌਤਾ ਨਾ ਕਰੋ
- ਪਤੀ-ਪਤਨੀ ਵਿਚਕਾਰ ਵਿੱਤੀ ਪਾਰਦਰਸ਼ਤਾ ਮਹੱਤਵਪੂਰਨ ਹੈ।
- ਦੋਵਾਂ ਧਿਰਾਂ ਦਾ ਵਿੱਤੀ ਮਾਮਲਿਆਂ 'ਤੇ ਕੰਟਰੋਲ ਹੋਣਾ ਚਾਹੀਦਾ ਹੈ।
- ਭਾਵੇਂ ਇਹ ਬੱਚਤ ਹੋਵੇ ਜਾਂ ਨਿਵੇਸ਼, ਦੋਵਾਂ ਧਿਰਾਂ ਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਹੈ।
- ਆਪਣੀਆਂ ਨਿੱਜੀ ਪਸੰਦਾਂ ਅਤੇ ਖਰੀਦਦਾਰੀ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾਣਾ ਬਰਦਾਸ਼ਤ ਨਾ ਕਰੋ।
- ਵੱਡੇ ਵਿੱਤੀ ਫੈਸਲੇ ਇਕੱਠੇ ਮਿਲ ਕੇ ਲਓ।
- ਇਹ ਸਮਝੋ ਕਿ ਸੋਨੇ ਤੋਂ ਇਲਾਵਾ ਹੋਰ ਕਿਹੜੇ ਨਿਵੇਸ਼ ਸਾਧਨ ਉਪਲੱਬਧ ਹਨ।
- ਆਪਣੇ ਪਤੀ ਜਾਂ ਪਰਿਵਾਰ ਦੀ ਕਿਸੇ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਵਿੱਚ ਕਿਸੇ ਧੋਖੇਬਾਜ਼ੀ ਵਾਲੇ ਨਿਵੇਸ਼ 'ਚ ਨਾ ਫਸੋ।
(ਨੋਟ: ਇਹ ਲੇਖ ਸਿਰਫ਼ ਜਾਗਰੂਕਤਾ ਲਈ ਹੈ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕਿਸੇ ਵਿੱਤੀ ਪੇਸ਼ੇਵਰ ਨਾਲ ਸਲਾਹ ਕਰੋ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ