ਕੀ ਸ਼ੈਂਪੂ ਖ਼ਰਾਬ ਵਾਲਾਂ ਨੂੰ ਠੀਕ ਕਰ ਸਕਦਾ ਹੈ, ਕੀ ਵਾਲਾਂ ਲਈ ਠੰਢਾ ਪਾਣੀ ਚੰਗਾ ਹੈ - ਵਾਲਾਂ ਨਾਲ ਜੁੜੀਆਂ 4 ਮਿੱਥਾਂ ਬਾਰੇ ਜਾਣੋ

    • ਲੇਖਕ, ਐਮਿਲੀ ਹੋਲਟ ਅਤੇ ਯਾਸਮੀਨ ਰੂਫੋ
    • ਰੋਲ, ਬੀਬੀਸੀ ਨਿਊਜ਼

ਅਸੀਂ ਸਾਰੇ ਅਜਿਹੇ ਵਾਲ ਚਾਹੁੰਦੇ ਹਾਂ ਜੋ ਸਾਫ਼ ਸੁਥਰੇ ਅਤੇ ਚਮਕਦਾਰ ਨਜ਼ਰ ਆਉਣ।

ਭਾਵੇਂ ਤੁਹਾਡੇ ਵਾਲ ਹਵਾ ਵਿੱਚ ਲਹਿਰਾਉਂਦੇ ਹੋਣ ਜਾਂ ਘੁੰਗਰਾਲੇ ਹੋਣ ਜਾਂ ਫਿਰ ਸਿੱਧੇ, ਤੁਸੀਂ ਚਾਹੁੰਦੇ ਹੋ ਕਿ ਇਹ ਧਿਆਨ ਦਾ ਕੇਂਦਰ ਬਣੇ।

ਅਣਗਿਣਤ ਉਤਪਾਦਾਂ, ਰੁਝਾਨਾਂ ਅਤੇ ਟਿੱਕਟੋਕਸ ਸੋਸ਼ਲ ਮੀਡੀਆ 'ਤੇ ਮੌਜੂਦ ਹਨ, ਜਿਨ੍ਹਾਂ ਦੇ ਅਸਰ ਹੇਠ ਅਸੀਂ ਅਕਸਰ ਵਾਲਾਂ ਦੀ ਦੇਖਭਾਲ ਦੀਆਂ ਮੂਲ ਗੱਲਾਂ ਨੂੰ ਭੁੱਲ ਜਾਂਦੇ ਹਾਂ।

ਪਰ ਸੱਚ ਇਹ ਹੈ ਕਿ ਸਿਹਤਮੰਦ ਵਾਲਾਂ ਲਈ ਬਹੁਤ ਸਾਰਾ ਪੈਸਾ ਖਰਚ ਕਰਨ ਜਾਂ ਗੁੰਝਲਦਾਰ ਰੁਟੀਨ ਦੀ ਪਾਲਣਾ ਕਰਨ ਦੀ ਲੋੜ ਨਹੀਂ ਹੁੰਦੀ।

ਇਨ੍ਹਾਂ ਸਭ ਸਧਾਰਨ ਚੀਜ਼ਾਂ ਨੂੰ ਸਹੀ ਢੰਗ ਨਾਲ ਕਰਨਾ ਜ਼ਰੂਰੀ ਹੈ।

ਯੂਕੇ ਹੇਅਰ ਕੰਸਲਟੈਂਟਸ ਦੇ ਟ੍ਰਾਈਕੋਲੋਜਿਸਟ ਈਵਾ ਪ੍ਰਾਊਡਮੈਨ ਅਤੇ ਹੇਅਰ ਐਂਡ ਸਕੈਲਪ ਕਲੀਨਿਕ ਦੇ ਟਰੇਸੀ ਵਾਕਰ ਵਾਲਾਂ ਦੀ ਦੇਖਭਾਲ ਸੰਬੰਧੀ ਚਾਰ ਆਮ ਮਿੱਥਾਂ ਨੂੰ ਤੋੜਦੇ ਹਨ ਅਤੇ ਸਹੀ ਤਰੀਕਾ ਦੱਸਦੇ ਹਨ।

1. ਠੰਢਾ ਪਾਣੀ ਤੁਹਾਡੇ ਵਾਲਾਂ ਨੂੰ ਚਮਕਦਾਰ ਨਹੀਂ ਬਣਾਉਂਦਾ

ਕੀ ਤੁਸੀਂ ਕਦੇ ਆਪਣੇ ਵਾਲਾਂ ਨੂੰ ਚਮਕਦਾਰ ਬਣਾਉਣ ਲਈ ਬਰਫ਼ ਵਰਗੇ ਠੰਢੇ ਪਾਣੀ ਵਿੱਚ ਕੰਬਦੇ ਹੋਏ ਨਹਾਉਣਾ ਬਰਦਾਸ਼ਤ ਕੀਤਾ ਹੈ।

ਤੁਹਾਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਸਿਰਫ਼ ਕੋਸੇ ਜਾਂ ਗਰਮ ਪਾਣੀ ਵਿੱਚ ਨਹਾ ਸਕਦੇ ਹੋ।

ਪ੍ਰਾਊਡਮੈਨ ਕਹਿੰਦੀ ਹੈ ਕਿ ਠੰਢਾ ਪਾਣੀ ਤੁਹਾਡੇ ਵਾਲਾਂ ਨੂੰ ਕੋਈ ਵਾਧੂ ਚਮਕ ਨਹੀਂ ਦਿੰਦਾ।

ਉਹ ਕਹਿੰਦੀ ਹੈ, "ਆਪਣੇ ਵਾਲਾਂ ਨੂੰ ਬਰਫ਼ ਵਰਗੇ ਠੰਢੇ ਪਾਣੀ ਨਾਲ ਧੋਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ ਹੈ।"

ਉਨ੍ਹਾਂ ਦਾ ਕਹਿਣਾ ਹੈ, "ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੇ ਵਾਲਾਂ ਨੂੰ ਕੈਮੀਕਲ, ਗਰਮੀ ਅਤੇ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਤੋਂ ਕਿਵੇਂ ਬਚਾਉਂਦੇ ਹੋ।"

ਹਾਲਾਂਕਿ, ਈਵਾ ਪ੍ਰਾਊਡਮੈਨ ਕਹਿੰਦੇ ਹਨ ਕਿ ਬਹੁਤ ਗਰਮ ਪਾਣੀ ਨਾਲ ਵੀ ਵਾਲ ਨਹੀਂ ਧੋਣੇ ਚਾਹੀਦੇ ਕਿਉਂਕਿ ਇਸ ਨਾਲ ਵਾਲ ਖੁਸ਼ਕ ਹੁੰਦੇ ਹਨ।

ਇਹ ਗਰਮ ਸਿਰ ਦੀ ਚਮੜੀ ਨੂੰ ਉਸੇ ਤਰ੍ਹਾਂ ਸਾੜ ਸਕਦਾ ਹੈ ਜਿਵੇਂ ਸਾਡੀ ਚਮੜੀ ਨੂੰ ਸਾੜ੍ਹਦਾ ਹੈ।

2. ਕੋਈ ਵੀ ਪ੍ਰੋਡੈਕਟ ਖ਼ਰਾਬ ਵਾਲਾਂ ਨੂੰ ਠੀਕ ਨਹੀਂ ਕਰ ਸਕਦਾ

ਜੇਕਰ ਤੁਸੀਂ ਕੋਈ ਅਜਿਹੇ ਸ਼ਖ਼ਸ ਹੋ ਜੋ ਹੇਅਰ ਡ੍ਰੈਸਰ ਤੋਂ ਬਿਨਾਂ ਆਪਣੇ ਦੋ ਮੂੰਹੇਂ ਵਾਲਾਂ ਨੂੰ ਠੀਕ ਕਰਨਾ ਚਾਹੁੰਦਾ ਹੈ, ਤਾਂ ਤੁਸੀਂ ਇਹ ਜਾਣ ਕੇ ਨਿਰਾਸ਼ ਹੋਵੋਗੇ ਕਿ ਇੱਕੋ ਇੱਕ ਹੱਲ ਵਾਲ ਕਟਵਾਉਣਾ ਹੈ।

ਪ੍ਰਾਊਡਮੈਨ ਦੱਸਦੀ ਹੈ ਕਿ ਇਸ ਨੂੰ ਠੀਕ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਹੈ।

ਵਾਕਰ ਕਹਿੰਦੀ ਹੈ, "ਜੇਕਰ ਤੁਸੀਂ ਮਾਈਕ੍ਰੋਸਕੋਪ ਦੇ ਹੇਠਾਂ ਟੁੱਟੇ ਹੋਏ ਦੋ ਮੂੰਹੇਂ ਵਾਲਾਂ ਨੂੰ ਦੇਖਦੇ ਹੋ, ਤਾਂ ਇਹ ਲਗਭਗ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਵਾਲਾਂ ਵਿੱਚੋਂ ਦੋ ਜਾਂ ਤਿੰਨ ਹੋਰ ਸ਼ਾਖਾਵਾਂ ਉੱਗ ਗਈਆਂ ਹੋਣ।"

"ਬਾਜ਼ਾਰ ਵਿੱਚ ਮਿਲਣ ਵਾਲੇ ਪ੍ਰੋਡੈਕਟ ਇੱਕ ਤਰ੍ਹਾਂ ਦੇ ਗੂੰਦ ਵਾਂਗ ਕੰਮ ਕਰਦੇ ਹਨ ਜੋ ਵਾਲਾਂ ਨੂੰ ਦੁਬਾਰਾ ਜੋੜ ਦਿੰਦਾ ਹੈ ਤਾਂ ਜੋ ਇਹ ਬਿਹਤਰ ਨਜ਼ਰ ਆਉਣ।"

ਉਹ ਕਹਿੰਦੀ ਹੈ ਕਿ ਇਹ ਅਸਥਾਈ ਹੱਲ ਹਨ ਅਤੇ ਚੇਤਾਵਨੀ ਦਿੰਦੀ ਹੈ ਕਿ ਅਜਿਹੇ ਪ੍ਰੋਡੈਕਟ 'ਤੇ ਬਹੁਤ ਸਾਰਾ ਪੈਸਾ ਖਰਚ ਕਰਨ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ ਹੈ। ਉਨ੍ਹਾਂ ਪ੍ਰੋਡੈਕਟਾਂ ਦੀ ਵਰਤੋਂ ਨਾ ਕਰੋ ਜੋ ਹੱਲ ਹੋਣ ਦਾ ਦਾਅਵਾ ਕਰਦੇ ਹਨ।

ਪ੍ਰਾਊਡਮੈਨ ਇਹ ਵੀ ਕਹਿੰਦੀ ਹੈ ਕਿ ਇਹ ਦਾਅਵੇ ਕਿ ਵਾਲ ਕੱਟਣ ਨਾਲ ਉਹ ਤੇਜ਼ੀ ਨਾਲ ਵਧਣਗੇ, ਸੱਚ ਨਹੀਂ ਹਨ।

ਉਹ ਕਹਿੰਦੀ ਹੈ, "ਤੁਹਾਡੇ ਵਾਲਾਂ ਨੂੰ ਤੇਜ਼ੀ ਨਾਲ ਵਧਾਉਣਾ ਸੰਭਵ ਨਹੀਂ ਹੈ। ਇਸ ਲਈ ਕੋਈ ਵੀ ਪ੍ਰੋਡੈਕਟ ਜੋ ਇਹ ਦਾਅਵਾ ਕਰਦਾ ਹੈ ਤਾਂ ਉਹ ਝੂਠ ਹੈ।"

3. ਵਾਲ ਆਪਣੇ ਆਪ ਸਾਫ਼ ਨਹੀਂ ਹੁੰਦੇ

ਕੁਝ ਲੋਕ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਆਪਣੇ ਵਾਲਾਂ ਨੂੰ 'ਸਵੈ-ਸਫਾਈ' ਕਰਨ ਲਈ ਸਿਖਲਾਈ ਦਿੱਤੀ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੇ ਵਾਲ ਘੱਟ ਵਾਰ ਧੋਣੇ ਪੈਂਦੇ ਹਨ ਜਾਂ ਬਿਲਕੁਲ ਨਹੀਂ ਧੋਣੇ ਪੈਂਦੇ।

ਪਰ ਪ੍ਰਾਊਡਮੈਨ ਕਹਿੰਦੀ ਹੈ ਕਿ ਅਜਿਹਾ ਕਰਨਾ ਤੁਹਾਡੇ ਵਾਲਾਂ ਲਈ ਬਿਲਕੁਲ ਵੀ ਚੰਗਾ ਨਹੀਂ ਹੈ।

ਉਹ ਕਹਿੰਦੀ ਹੈ, "ਤੁਹਾਡੀ ਖੋਪੜੀ ਵਿੱਚ 1,80,000 ਤੇਲ ਗ੍ਰੰਥੀਆਂ ਹਨ ਅਤੇ ਜੇਕਰ ਇਸ ਨੂੰ ਨਿਯਮਿਤ ਤੌਰ 'ਤੇ ਨਹੀਂ ਧੋਤਾ ਜਾਂਦਾ ਤਾਂ ਇਸ ਨਾਲ ਸਿਰ ਗੰਦਾ ਹੋ ਜਾਂਦਾ ਹੈ।"

ਵਾਕਰ ਇਹ ਵੀ ਕਹਿੰਦੀ ਹੈ ਕਿ ਸਿਰਫ਼ ਪਾਣੀ ਨਾਲ ਕੱਪੜਿਆਂ ਤੋਂ ਤੇਲ ਜਾਂ ਗੰਦਗੀ ਦੇ ਧੱਬੇ ਨਹੀਂ ਹਟਾ ਸਕਦੇ, ਇਸ ਲਈ ਡਿਟਰਜੈਂਟ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ, ਵਾਲਾਂ ਨੂੰ ਧੋਣ ਦੀ ਲੋੜ ਹੁੰਦੀ ਹੈ।

ਉਹ ਕਹਿੰਦੀ ਹੈ ਕਿ ਨਿਯਮਿਤ ਤੌਰ 'ਤੇ ਵਾਲ ਨਾ ਧੋਣ ਨਾਲ ਬਦਬੂ ਅਤੇ ਸਿਕਰੀ (ਡੈਂਡਰਫ) ਵੀ ਵਧ ਸਕਦਾ ਹੈ। "ਕਿਉਂਕਿ ਜ਼ਿਆਦਾ ਤੇਲ ਵਾਲੇ ਵਾਲਾਂ ਕਾਰਨ ਖੋਪੜੀ ਵਿੱਚ ਜ਼ਿਆਦਾ ਤੇਲ ਹੋਵੇਗਾ ਤਾਂ ਬੈਕਟੀਰੀਆ ਵਧ ਸਕਦੇ ਹਨ, ਜਿਸ ਨਾਲ ਖੋਪੜੀ ਵਿੱਚ ਖਾਰਸ਼ ਦੀ ਸਮੱਸਿਆ ਵਧ ਸਕਦੀ ਹੈ।"

ਪ੍ਰਾਊਡਮੈਨ ਸੁਝਾਅ ਦਿੰਦੀ ਹੈ ਕਿ ਜੇਕਰ ਤੁਹਾਡੇ ਵਾਲ ਬਹੁਤ ਤੇਲ ਵਾਲੇ ਹਨ ਜਾਂ ਤੁਸੀਂ ਉਨ੍ਹਾਂ ਵਿੱਚ ਬਹੁਤ ਸਾਰੇ ਪ੍ਰੋਡੈਕਟ ਦਾ ਇਸਤੇਮਾਲ ਕਰਦੇ ਹੋ ਤਾਂ ਹਰ ਦੂਜੇ ਦਿਨ ਵਾਲ ਧੋਵੋ।

ਹਡਰਸਫੀਲਡ ਯੂਨੀਵਰਸਿਟੀ ਵਿੱਚ ਫਾਰਮਾਸਿਊਟੀਕਲ ਐਨਾਲਿਸਿਸ ਦੀ ਪ੍ਰੋਫੈਸਰ, ਲੌਰਾ ਵਾਟਰਸ ਕਹਿੰਦੀ ਹੈ ਕਿ ਜਦੋਂ ਕਿ ਬਹੁਤ ਤੇਲਯੁਕਤ ਵਾਲਾਂ ਵਾਲੇ ਲੋਕਾਂ ਨੂੰ ਕਲੀਜਿੰਗ ਦਾ ਲਾਭ ਹੋ ਸਕਦਾ ਹੈ, ਉੱਥੇ ਹੀ ਬਹੁਤ ਰੁੱਖ਼ੇ ਵਾਲਾਂ ਵਾਲੇ ਲੋਕ ਸਲਫੈਟ-ਫ੍ਰੀ ਸ਼ੈਂਪੂ ਦੀ ਵਰਤੋਂ ਕਰ ਸਕਦੇ ਹਨ। ਇਹ ਮਹਿੰਗਾ ਹੋ ਸਕਦਾ ਹੈ, ਪਰ ਇਹ ਵਾਲਾਂ ਦੇ ਤੇਲ ਨੂੰ ਪੂਰੀ ਤਰ੍ਹਾਂ ਨਹੀਂ ਹਟਾਉਂਦਾ।

4. ਡ੍ਰਾਈ ਸ਼ੈਂਪੂ ਵਾਲਾਂ ਨੂੰ ਧੋਣ ਦਾ ਬਦਲ ਨਹੀਂ ਹੈ

ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋਣ, ਬਲੋ-ਡ੍ਰਾਈ ਕਰਨ ਅਤੇ ਸਟਾਈਲ ਕਰਨ ਲਈ ਸਮਾਂ ਲੱਭਣਾ ਹਮੇਸ਼ਾ ਆਸਾਨ ਨਹੀਂ ਹੁੰਦਾ।

ਇਸ ਲਈ, ਕੰਮ, ਕਸਰਤ ਅਤੇ ਸਮਾਜਿਕ ਯੋਜਨਾਵਾਂ ਦੇ ਵਿਚਕਾਰ, ਸਾਡੇ ਵਿੱਚੋਂ ਬਹੁਤ ਸਾਰੇ ਤੇਲਯੁਕਤ ਜੜ੍ਹਾਂ ਨੂੰ ਜਲਦੀ ਸ਼ਾਂਤ ਕਰਨ ਅਤੇ ਆਪਣੇ ਵਾਲਾਂ ਨੂੰ ਤਾਜ਼ਾ ਕਰਨ ਲਈ ਡ੍ਰਾਈ ਸ਼ੈਂਪੂ ਦਾ ਸਹਾਰਾ ਲੈਂਦੇ ਹਨ। ਅਸੀਂ ਨਹਾਉਂਦੇ ਨਹੀਂ ਹਾਂ।

ਪ੍ਰਾਊਡਮੈਨ ਕਹਿੰਦੀ ਹੈ ਕਿ ਡ੍ਰਾਈ ਸ਼ੈਂਪੂ ਦੀ ਵਰਤੋਂ ਠੀਕ ਹੈ, ਪਰ ਇਸ ਨੂੰ ਵਾਲਾਂ ਨੂੰ ਧੋਣ ਦੇ ਵਿਚਕਾਰ ਸਿਰਫ਼ ਇੱਕ ਵਾਰ ਹੀ ਵਰਤਿਆ ਜਾਣਾ ਚਾਹੀਦਾ ਹੈ।

ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਇਸ ਨੂੰ ਲਗਾਤਾਰ ਕਈ ਦਿਨਾਂ ਤੱਕ ਆਪਣੇ ਵਾਲਾਂ ਨੂੰ ਧੋਏ ਬਿਨਾਂ ਵਰਤਿਆ ਜਾਂਦਾ ਹੈ।

ਪ੍ਰਾਊਡਮੈਨ ਕਹਿੰਦੀ ਹੈ, "ਜੇਕਰ ਤੁਸੀਂ ਸਾਵਧਾਨ ਨਹੀਂ ਰਹੋਗੇ, ਤਾਂ ਤੁਹਾਨੂੰ ਖਾਰਸ਼ ਹੋ ਸਕਦੀ ਹੈ ਅਤੇ ਖੋਖੜੀ 'ਤੇ ਪਪੜੀ ਜੰਮ ਸਕਦੀ ਹੈ।"

ਉਨ੍ਹਾਂ ਦਾ ਸੁਝਾਅ ਹੈ ਕਿ ਆਪਣੀ ਖੋਪੜੀ ਦੀ ਦੇਖਭਾਲ 'ਤੇ ਓਨਾਂ ਹੀ ਧਿਆਨ ਦੇਣਾ ਚਾਹੀਦਾ ਹੈ, ਜਿੰਨਾਂ ਆਪਣੇ ਚਿਹਰੇ 'ਤੇ ਦਿੰਦੇ ਹੋ। ਜਿਵੇਂ ਤੁਸੀਂ ਆਪਣੀ ਚਮੜੀ 'ਤੇ ਮੇਕਅਪ ਇਸ ਨੂੰ ਬਿਨਾਂ ਹਟਾਏ ਅਤੇ ਧੋਤੇ ਲਗਾਤਾਰ ਨਹੀਂ ਲਗਾਉਂਦੇ, ਉਸੇ ਤਰ੍ਹਾਂ ਦਾ ਫਾਰਮੂਲਾ ਵਾਲਾਂ ਦੇ ਮਾਮਲੇ ਵਿੱਚ ਵੀ ਆਪਨਾਓ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)