ਇਮਰਾਨ ਖਾਨ ਦੀਆਂ ‘ਅੱਖਾਂ ਦਾ ਤਾਰਾ ਰਹੇ’ ਪਾਕਿਸਤਾਨ ਦੀ ਖੂਫ਼ੀਆ ਏਜੰਸੀ ਦੇ ਸਾਬਕਾ ਮੁਖੀ ਕੌਣ ਹਨ ਜਿਨ੍ਹਾਂ ਦਾ ਹੋਵੇਗਾ ਕੋਰਟ ਮਾਰਸ਼ਲ

ਤਸਵੀਰ ਸਰੋਤ, Twitter
- ਲੇਖਕ, ਮਾਜਿਦ ਨਿਜ਼ਾਮੀ
- ਰੋਲ, ਬੀਬੀਸੀ ਉਰਦੂ ਪੱਤਰਕਾਰ
ਪਾਕਿਸਤਾਨੀ ਫੌਜ ਨੇ ਐਲਾਨ ਕੀਤਾ ਹੈ ਕਿ ਦੇਸ਼ ਦੀ ਖੁਫ਼ੀਆ ਏਜੰਸੀ ਆਈਐੱਸਆਈ ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ (ਸੇਵਾਮੁਕਤ) ਫੈਜ਼ ਹਮੀਦ ਨੂੰ ਟੌਪ ਸਿਟੀ ਮਾਮਲੇ ਵਿੱਚ ਫੀਲਡ ਜਨਰਲ ਕੋਰਟ ਮਾਰਸ਼ਲ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਫੌਜ ਦੇ ਜਨਸੰਪਰਕ ਵਿਭਾਗ, ਆਈਐੱਸਪੀਆਰ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਟੌਪ ਸਿਟੀ ਮਾਮਲੇ ਵਿੱਚ ਦਰਜ ਸ਼ਿਕਾਇਤਾਂ ਦੀ ਜਾਂਚ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਕੀਤੀ ਗਈ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਟੌਪ ਸਿਟੀ ਮਾਮਲੇ ਦੀ ਜਾਂਚ ਤੋਂ ਬਾਅਦ, "ਨਤੀਜੇ ਵਜੋਂ, ਲੈਫਟੀਨੈਂਟ ਜਨਰਲ (ਸੇਵਾਮੁਕਤ) ਫੈਜ਼ ਹਮੀਦ ਵਿਰੁੱਧ ਪਾਕਿਸਤਾਨ ਆਰਮੀ ਐਕਟ ਦੇ ਪ੍ਰਾਵਧਾਨਾਂ ਤਹਿਤ ਸਖ਼ਤ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ।"
ਫੈਜ਼ ਹਮੀਦ ਬਾਰੇ ਪਾਕਿਸਤਾਨੀ ਫੌਜ ਦਾ ਇਹ ਵੀ ਕਹਿਣਾ ਹੈ ਕਿ “ਪਾਕਿਸਤਾਨ ਆਰਮੀ ਐਕਟ ਦੀ ਉਲੰਘਣਾ ਦੀਆਂ ਕਈ ਘਟਨਾਵਾਂ ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਵੀ ਸਾਹਮਣੇ ਆਈਆਂ ਹਨ।"

ਫੈਜ਼ ਹਮੀਦ ਕੌਣ ਹੈ
ਪਾਕਿਸਤਾਨ ਫੌਜ ਦੇ ਇਤਿਹਾਸ ਵਿੱਚ ਉਨ੍ਹਾਂ ਅਫ਼ਸਰਾਂ ਨੂੰ ਉਂਗਲੀਆਂ ’ਤੇ ਗਿਣਿਆ ਜਾ ਸਕਦਾ ਹੈ ਜੋ ਦੋ ਵੱਖ-ਵੱਖ ਕੋਰ ਦੇ ਕਮਾਂਡਰ ਸਨ।
ਪਿਛਲੇ 75 ਸਾਲਾਂ ਵਿੱਚ ਕੇਵਲ 11 ਲੈਫਟੀਨੈਂਟ ਜਨਰਲਾਂ ਨੇ ਇੱਕ ਤੋਂ ਵੱਧ ਕੋਰ ਦੀ ਕਮਾਨ ਸਾਂਭੀ ਹੈ ਅਤੇ ਬਲੂਚ ਰੈਜੀਮੈਂਟ ਦੇ ਲੈਫ਼ਟੀਨੈਂਟ ਜਨਰਲ ਫੈਜ਼ ਹਮੀਜ ਉਨ੍ਹਾਂ ਵਿੱਚੋਂ ਇੱਕ ਹਨ।
ਮੁਸਲਿਮ ਲੀਗ-ਐਨ ਦੇ ਸਾਬਕਾ ਸੈਨੇਟਰ ਅਤੇ ਸੇਵਾਮੁਕਤ ਲੈਫਟੀਨੈਂਟ ਜਨਰਲ ਅਬਦੁਲ ਕਯੂਮ ਅਨੁਸਾਰ ਫੈਜ਼ ਹਮੀਦ ਵਿੱਚ ਉਹ ਸਾਰੇ ਗੁਣ ਸਨ ਜਿਨ੍ਹਾਂ ਦੀ ਬਦੌਲਤ ਉਹ ਲੈਫਟੀਨੈਂਟ ਜਨਰਲ ਦੇ ਅਹੁਦੇ ਤੱਕ ਪਹੁੰਚੇ।
ਪਾਕਿਸਤਾਨ ਪੰਜਾਬ ਦੇ ਚਕਵਾਲ ਦੇ ਵਸਨੀਕ ਫੈਜ਼ ਹਮੀਦ ਨੇ ਇੱਕ ਬ੍ਰਿਗੇਡੀਅਰ ਵਜੋਂ ਆਪਣੇ ਕਰੀਅਰ ਵਿੱਚ ਰਾਵਲਪਿੰਡੀ ਵਿੱਚ 10 ਕੋਰ ਦੇ ਚੀਫ਼ ਆਫ਼ ਸਟਾਫ ਵਜੋਂ ਸੇਵਾ ਨਿਭਾਈ ਹੈ।
ਇੱਕ ਮੇਜਰ ਜਨਰਲ ਵਜੋਂ ਉਨ੍ਹਾਂ ਨੇ ਪਨੋ ਆਕਿਲ ਡਿਵੀਜ਼ਨ ਦੇ ਜਨਰਲ ਕਮਾਂਡਿੰਗ ਅਫਸਰ ਦੇ ਰੂਪ ਵਿੱਚ ਸੇਵਾ ਕੀਤੀ ਅਤੇ ਲਗਭਗ ਢਾਈ ਸਾਲਾਂ ਤੱਕ ਉਨ੍ਹਾਂ ਨੇ ਡੀਜੀਸੀ ਵਜੋਂ ਜਾਣੇ ਜਾਂਦੇ ਆਈਐੱਸਆਈ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਅਗਵਾਈ ਕੀਤੀ।
ਲੈਫਟੀਨੈਂਟ ਜਨਰਲ ਬਣਨ ਤੋਂ ਬਾਅਦ, ਉਨ੍ਹਾਂ ਨੇ ਦੋ ਮਹੀਨਿਆਂ ਲਈ ਐਡਜੂਟੈਂਟ ਜਨਰਲ ਵਜੋਂ ਸੇਵਾ ਕੀਤੀ ਅਤੇ 2019 ਵਿੱਚ, ਉਨ੍ਹਾਂ ਨੂੰ ਆਈਐੱਸਆਈ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਤੇ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਇਸ ਅਹੁਦੇ 'ਤੇ ਰਹੇ।
2021 ਵਿੱਚ ਉਨ੍ਹਾਂ ਨੇ ਅੱਠ ਮਹੀਨਿਆਂ ਤੱਕ ਪਿਸ਼ਾਵਰ ਦੇ ਕੋਰ ਕਮਾਂਡਰ ਵਜੋਂ ਕਾਰਜ ਕੀਤਾ ਅਤੇ ਬਾਅਦ ਵਿੱਚ ਕੁਝ ਹਫ਼ਤਿਆਂ ਲਈ ਬਹਾਵਲਪੁਰ ਦੇ ਕੋਰ ਕਮਾਂਡਰ ਬਣੇ।
ਨਵੰਬਰ 2022 ਵਿੱਚ ਮੌਜੂਦਾ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਅਹੁਦਾ ਸੰਭਾਲਣ ਤੋਂ ਅਗਲੇ ਦਿਨ ਹੀ ਉਨ੍ਹਾਂ ਨੇ ਫੌਜ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਤਸਵੀਰ ਸਰੋਤ, GOVERNMENT OF PAKISTAN
ਸਿਆਸਤ ਵਿੱਚ ਦਖ਼ਲ ਦੇਣ ਦੇ ਇਲਜ਼ਾਮ
ਅੱਜ ਦੀ ਵਿਰੋਧੀ ਪਾਰਟੀ ਤਹਿਰੀਕ-ਏ-ਇਨਸਾਫ਼ ਅਤੇ ਉਸ ਦੇ ਸੰਸਥਾਪਕ ਇਮਰਾਨ ਖ਼ਾਨ ਆਈਐੱਸਆਈ ਦੇ ਸਾਬਕਾ ਡੀਜੀ ਮੇਜਰ ਜਨਰਲ ਫੈਜ਼ਲ ਨਸੀਰ 'ਤੇ ਸਿਆਸੀ ਦਖ਼ਲਅੰਦਾਜ਼ੀ ਅਤੇ ਤਹਿਰੀਕ-ਏ-ਇਨਸਾਫ਼ ਵਿਰੁੱਧ ਕਾਰਵਾਈ ਅਤੇ ਹਿੰਸਾ ਦੇ ਇਲਜ਼ਾਮ ਲਗਾਉਂਦੇ ਰਹੇ ਹਨ।
ਇਸੇ ਤਰ੍ਹਾਂ ਮੁਸਲਿਮ ਲੀਗ-ਐੱਨ ਨੂੰ 2017 ਤੋਂ 2019 ਤੱਕ ਆਈਐੱਸਆਈ ਦੇ ਡੀਜੀ ਰਹੇ ਮੇਜਰ ਜਨਰਲ ਫੈਜ਼ ਹਮੀਦ ਕੋਲੋਂ ਵੀ ਲਗਭਗ ਇਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਸਨ। ਇਸ ਦੌਰਾਨ ਉਨ੍ਹਾਂ 'ਤੇ ਸਿਆਸੀ ਬਦਲਾਖੋਰੀ ਅਤੇ ਗ੍ਰਿਫ਼ਤਾਰੀਆਂ ਦੇ ਇਲਜ਼ਾਮ ਲੱਗੇ ਸਨ।
ਇਮਰਾਨ ਖ਼ਾਨ ਦੇ ਸ਼ਾਸਨ ਦੌਰਾਨ ਪੀਐੱਮਐੱਲ-ਕਿਊ ਦੇ ਚੌਧਰੀ ਪਰਵੇਜ਼ ਇਲਾਹੀ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਦੇ ਕਾਰਜਕਾਲ ਦੌਰਾਨ, ਡੀਜੀ ਆਈਐੱਸਆਈ ਲੈਫਟੀਨੈਂਟ ਜਨਰਲ ਸ਼ੁਜਾ ਪਾਸ਼ਾ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੂੰ ਤਹਿਰੀਕ-ਏ-ਇਨਸਾਫ਼ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਅਸੀਂ ਇਸ ਦਾ ਜ਼ਿਕਰ ਉਸ ਸਮੇਂ ਦੇ ਫੌਜ ਮੁਖੀ ਜਨਰਲ ਕਿਆਨੀ ਨੂੰ ਕੀਤਾ ਸੀ।
ਸਾਬਕਾ ਗਵਰਨਰ ਅਤੇ ਮੁਸਲਿਮ ਲੀਗ-ਐੱਨ ਦੇ ਨੇਤਾ ਮੁਹੰਮਦ ਜ਼ੁਬੈਰ ਇਸ ਗੱਲ ਦਾ ਸਮਰਥਨ ਕਰਦੇ ਹੋਏ ਕਹਿੰਦੇ ਹਨ, “ਜਨਰਲ ਪਾਸ਼ਾ ਅਤੇ ਫਿਰ ਜਨਰਲ ਜ਼ਹੀਰ ਉਲ ਇਸਲਾਮ ਨੇ ਤਹਿਰੀਕ-ਏ-ਇਨਸਾਫ਼ ਦੇ ਹੱਕ ਵਿਚ ਕੰਮ ਕੀਤਾ ਅਤੇ ਅੰਤ ਵਿੱਚ ਮੇਜਰ ਜਨਰਲ ਫੈਜ਼ ਹਮੀਦ ਦੇ ਦੌਰ ਵਿੱਚ ਇਮਰਾਨ ਖ਼ਾਨ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ।”
ਤਹਿਰੀਕ-ਏ-ਇਨਸਾਫ਼ ਦੀ ਕੇਂਦਰੀ ਕਮੇਟੀ ਦੇ ਮੈਂਬਰ ਅਤੇ ਸਾਬਕਾ ਰੱਖਿਆ ਸਕੱਤਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਨਈਮ ਖ਼ਾਲਿਦ ਲੋਧੀ ਦਾ ਮੰਨਣਾ ਹੈ, “ਅਤੀਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਫੌਜ ਦੀ ਦਖ਼ਲਅੰਦਾਜ਼ੀ ਹੁੰਦੀ ਰਹੀ ਹੈ। ਇਸ ਵਾਰ ਮਾਮਲਾ ਕੁਝ ਵੱਖਰਾ ਸੀ।”
“ਜਨਰਲ ਫੈਜ਼ ਹਮੀਦ ਦੇ ਸ਼ਾਸਨਕਾਲ ਦੌਰਾਨ ਸਿਆਸੀ ਦਖ਼ਲਅੰਦਾਜ਼ੀ ਬਹੁਤ ਜਨਤਕ ਅਤੇ ਕੁਝ ਬੇਸ਼ਰਮੀ ਵਾਲੀ ਹੋਣ ਲੱਗੀ। ਸੜਕਾਂ ਅਤੇ ਜਨਤਕ ਹਲਕਿਆਂ ਵਿੱਚ ਆਈਐੱਸਆਈ ਦੀ ਭੂਮਿਕਾ ਦੀ ਚਰਚਾ ਹੋਣ ਲੱਗੀ। ਪਹਿਲਾਂ ਇਹ ਸਭ ਕੁਝ ਲੁਕਵੇਂ ਰੂਪ ਵਿੱਚ ਹੁੰਦਾ ਸੀ, ਪਰ ਹੁਣ ਸਭ ਕੁਝ ਖੁੱਲ੍ਹੇਆਮ ਹੋ ਰਿਹਾ ਸੀ।”

ਤਸਵੀਰ ਸਰੋਤ, PM OFFICE
ਅਫ਼ਗਾਨ ਸ਼ਾਂਤੀ ਪ੍ਰਕਿਰਿਆ
ਆਈਐੱਸਆਈ ਦੇ ਡੀਜੀ ਵਜੋਂ, ਜਨਰਲ ਫੈਜ਼ ਹਮੀਦ ਨੇ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਅਤੇ ਅਫ਼ਗਾਨ ਤਾਲਿਬਾਨ ਨਾਲ ਗੱਲਬਾਤ ਵਿੱਚ ਮੁੱਖ ਭੂਮਿਕਾ ਨਿਭਾਈ।
ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਜਨਰਲ ਫੈਜ਼ ਹਮੀਦ ਨੂੰ ਕਾਬੁਲ ਦੇ ਇੱਕ ਹੋਟਲ ਦੀ ਲਾਬੀ ਵਿੱਚ ਦੇਖਿਆ ਗਿਆ ਅਤੇ ਵਿਦੇਸ਼ੀ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕੀਤੀ।
ਉਨ੍ਹਾਂ ਦੀ ਇੱਕ ਤਸਵੀਰ ਵੀ ਸਾਹਮਣੇ ਆਈ, ਜਿਸ ਵਿੱਚ ਜਨਰਲ ਫੈਜ਼ ਹਮੀਦ ਦੇ ਪਿੱਛੇ ਇੱਕ ਆਈਐੱਸਆਈ ਦਾ ਮੇਜਰ ਜਨਰਲ ਵੀ ਮੌਜੂਦ ਸੀ, ਪਰ ਉਨ੍ਹਾਂ ਨੇ ਮਾਸਕ ਪਾਇਆ ਹੋਇਆ ਸੀ।
ਮੀਡੀਆ 'ਚ ਇਸ ਤਸਵੀਰ ਦੇ ਜਾਰੀ ਹੋਣ ਤੋਂ ਬਾਅਦ ਦੇਸ਼ 'ਚ ਇਸ ਗੱਲ ਦੀ ਆਲੋਚਨਾ ਵੀ ਹੋਈ ਕਿ, ਕੀ ਕਿਸੇ ਖ਼ੁਫ਼ੀਆ ਏਜੰਸੀ ਦੇ ਮੁਖੀ ਨੂੰ ਇਸ ਤਰ੍ਹਾਂ ਜਨਤਕ ਤੌਰ 'ਤੇ ਸਾਹਮਣੇ ਆਉਣਾ ਚਾਹੀਦਾ ਹੈ ਜਾਂ ਨਹੀਂ।
ਇਸ ਦੇ ਨਾਲ ਹੀ ਜਦੋਂ ਨਵੇਂ ਆਈਐੱਸਆਈ ਮੁਖੀ ਦੀ ਨਿਯੁਕਤੀ ਦਾ ਮਾਮਲਾ ਸਾਹਮਣੇ ਆਇਆ ਤਾਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਚਾਹੁੰਦੇ ਸਨ ਕਿ ਜਨਰਲ ਫੈਜ਼ ਹਮੀਦ ਇਸ ਅਹੁਦੇ 'ਤੇ ਕੁਝ ਹੋਰ ਸਮੇਂ ਲਈ ਕੰਮ ਕਰਨ।
ਇਹ ਗੱਲ ਇਮਰਾਨ ਖ਼ਾਨ ਨੇ ਖ਼ੁਦ ਕਹੀ ਸੀ।
ਹਾਲਾਂਕਿ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਨੂੰ ਆਈਐੱਸਆਈ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਸੀ, ਪਰ ਪ੍ਰਧਾਨ ਮੰਤਰੀ ਹਾਊਸ ਤੋਂ ਨਿਯੁਕਤੀ ਨੂੰ ਮਨਜ਼ੂਰੀ ਦੇਣ ਵਿੱਚ ਦੇਰੀ ਹੋਈ ਸੀ, ਜਿਸ ਨੂੰ ਫੌਜ ਅਤੇ ਤਹਿਰੀਕ-ਏ-ਇਨਸਾਫ਼ ਵਿਚਾਲੇ ਤਣਾਅ ਦੇ ਰੂਪ ਵਿੱਚ ਵੀ ਦੇਖਿਆ ਗਿਆ ਸੀ।

ਤਸਵੀਰ ਸਰੋਤ, ISPR
ਹੱਦੋ ਵੱਧ ਸ਼ੋਹਰਤ ਦਾ ਨੁਕਸਾਨ
ਕਈ ਹਲਕਿਆਂ ਵਿੱਚ, ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ਨੂੰ ਲੈਫਟੀਨੈਂਟ ਜਨਰਲ ਫੈਜ਼ ਹਮੀਦ ਦੇ ਕਰੀਅਰ ਨਾਲ ਜੁੜੇ ਵਿਵਾਦਾਂ ਲਈ ਵੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
ਕੁਝ ਮਾਹਿਰਾਂ ਅਨੁਸਾਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਤਹਿਰੀਕ-ਏ-ਇਨਸਾਫ਼ ਦੇ ਕਾਰਕੁਨਾਂ ਨੇ ਜਨਰਲ ਫ਼ੈਜ਼ ਹਮੀਦ ਦੇ ਕਿਰਦਾਰ ਨੂੰ ਅਸਾਧਾਰਨ ਹੱਦ ਤੱਕ ਪ੍ਰਚਾਰਿਆ, ਜਿਸ ਕਾਰਨ ਉਨ੍ਹਾਂ ਦਾ ਨਾਂਅ ਇੱਕ ਪਾਰਟੀ ਨਾਲ ਜੁੜਿਆ ਰਿਹਾ।
ਜਨਰਲ ਹਮੀਦ ਗੁਲ ਵਾਂਗ ਜਨਰਲ ਫੈਜ਼ ਹਮੀਦ ਨੂੰ ਵੀ ਪ੍ਰਸਿੱਧੀ ਦਾ ਬਹੁਤ ਨੁਕਸਾਨ ਹੋਇਆ।

ਤਸਵੀਰ ਸਰੋਤ, TWITTER/LINDSEY HILSUM
ਦਿਮਾਗ਼ ਜਾਂ ਦਿਲ: ਇੱਕ ਕਾਰਜਕਾਰੀ ਨੂੰ ਕੀ ਤਰਜੀਹ ਦੇਣੀ ਚਾਹੀਦੀ ਹੈ?
ਫੌਜੀ ਪਰੰਪਰਾਵਾਂ ਵਿੱਚ ਇੱਕ ਅਣਲਿਖਤ ਪਰੰਪਰਾ ਵੀ ਹੈ ਕਿ ਜੇਕਰ ਕਿਸੇ ਅਧਿਕਾਰੀ ਨੂੰ ਕੋਈ ਟੀਚਾ ਜਾਂ ਕਾਰਜ ਸੌਂਪਿਆ ਜਾਂਦਾ ਹੈ, ਤਾਂ ਉਸ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਪੇਸ਼ੇਵਰ ਤਰੀਕੇ ਨਾਲ ਨਿਭਾਏ।
ਜੇਕਰ ਅਸੀਂ ਪਾਕਿਸਤਾਨ ਦੇ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ ਅਤੇ ਅਤੀਤ ਦੀਆਂ ਉਦਾਹਰਣਾਂ 'ਤੇ ਨਜ਼ਰ ਮਾਰੀਏ ਤਾਂ ਇਕ ਤੋਂ ਵੱਧ ਵਾਰ ਅਜਿਹਾ ਹੋਇਆ ਹੈ ਜਦੋਂ ਫੌਜੀ ਅਧਿਕਾਰੀ ਆਪਣੇ ਪੇਸ਼ੇਵਰ ਫਰਜ਼ ਨਿਭਾਉਂਦੇ ਹੋਏ ਬੁਨਿਆਦੀ ਨਿਯਮਾਂ ਤੋਂ ਪਰੇ ਚਲੇ ਗਏ।
ਰੂਸ ਦੇ ਖ਼ਿਲਾਫ਼ ਅਫ਼ਗਾਨ ਯੁੱਧ ਦੌਰਾਨ ਅਤੇ ਬਾਅਦ ਵਿੱਚ, ਕਈ ਅਧਿਕਾਰੀ ਕੱਟੜਪੰਥੀਆਂ ਵਿਚਾਲੇ ਪ੍ਰਸਿੱਧ ਹੋ ਗਏ। ਸਾਬਕਾ ਡੀਜੀ ਆਈਐੱਸਆਈ ਜਨਰਲ ਹਮੀਦ ਗੁਲ ਆਪਣੇ ਕਾਰਜਕਾਲ ਦੌਰਾਨ ਇੱਕ ਵੱਖਰੇ ਵਿਅਕਤੀ ਵਜੋਂ ਉਭਰੇ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਵੀ ਛੇਤੀ ਹੀ ਫੌਜ ਛੱਡਣੀ ਪਈ।
ਸਾਬਕਾ ਡੀਜੀ ਆਈਐੱਸਆਈ ਜਨਰਲ ਜਾਵੇਦ ਨਾਸਿਰ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ।

ਤਸਵੀਰ ਸਰੋਤ, SOCIAL MEDIA
9/11 ਤੋਂ ਬਾਅਦ ਜਨਰਲ ਮੁਸ਼ੱਰਫ ਦੀ ਟੀਮ ਦੇ ਮੁੱਖ ਮੈਂਬਰ ਅਤੇ ਤਤਕਾਲੀ ਡੀਜੀ ਆਈਐੱਸਆਈ ਜਨਰਲ ਮਹਿਮੂਦ ਅਹਿਮਦ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਅਤੇ ਆਪਣੇ ਵਿਚਾਰਾਂ ਵਿੱਚ ਸੰਤੁਲਨ ਨਹੀਂ ਬਣਾ ਸਕੇ ਅਤੇ ਉਨ੍ਹਾਂ ਨੂੰ ਫੌਜ ਛੱਡਣੀ ਪਈ।
ਅਤੇ ਹੁਣ ਇਸ ਸਬੰਧ ਵਿੱਚ ਜਨਰਲ ਫੈਜ਼ ਹਮੀਦ ਦਾ ਨਾਂ ਵੀ ਲਿਆ ਜਾ ਰਿਹਾ ਹੈ।
ਸਾਬਕਾ ਗਵਰਨਰ ਮੁਹੰਮਦ ਜ਼ੁਬੈਰ ਦੇ ਅਨੁਸਾਰ, "ਅੱਸੀ ਦੇ ਦਹਾਕੇ ਵਿੱਚ ਅਫ਼ਗਾਨ ਯੁੱਧ ਅਤੇ 9/11 ਤੋਂ ਬਾਅਦ ਵੀ, ਪਾਕਿਸਤਾਨੀ ਫੌਜ ਦੇ ਕਈ ਅਧਿਕਾਰੀ ਇਸ ਨੂੰ ਇਸਲਾਮ ਦੀ ਲੜਾਈ ਸਮਝਦੇ ਹੋਏ ਬਹੁਤ ਦੂਰ ਚਲੇ ਗਏ ਸਨ।”
“ਇਸੇ ਤਰ੍ਹਾਂ, ਪ੍ਰੋਜੈਕਟ ਇਮਰਾਨ ਵਿੱਚ ਵੀ, ਕੁਝ ਅਧਿਕਾਰੀ ਸੰਗਠਨ ਤੋਂ ਪਰੇ ਚਲੇ ਗਏ ਅਤੇ ਇਸਦਾ ਹਿੱਸਾ ਬਣ ਗਏ।”
ਸਾਬਕਾ ਰੱਖਿਆ ਸਕੱਤਰ ਲੈਫਟੀਨੈਂਟ ਜਨਰਲ ਨਈਮ ਖ਼ਾਲਿਦ ਲੋਧੀ ਦੀ ਵੀ ਇਹੀ ਰਾਏ ਹੈ।
ਉਨ੍ਹਾਂ ਮੁਤਾਬਕ ਡੀਜੀ ਆਈਐੱਸਆਈ ਦਾ ਅਹੁਦਾ ਸਭ ਤੋਂ ਸ਼ਕਤੀਸ਼ਾਲੀ ਅਹੁਦਿਆਂ ਵਿੱਚੋਂ ਇੱਕ ਹੈ।
ਅਥਾਰਟੀ, ਸ਼ਕਤੀ, ਮਹੱਤਵ, ਸਾਧਨ ਸਾਰੇ ਇਸ ਨਿਯੁਕਤੀ ਦੇ ਬੁਨਿਆਦੀ ਅਤੇ ਅਨਿੱਖੜਵੇਂ ਅੰਗ ਹਨ।
ਇਸ ਲਈ ਅਕਸਰ ਅਜਿਹਾ ਹੁੰਦਾ ਹੈ ਕਿ ਡੀਜੀ ਦੀ ਆਪਣੀ ਸੋਚ ਅਤੇ ਸੰਸਥਾ ਦੀ ਦ੍ਰਿਸ਼ਟੀ ਮੇਲ ਨਹੀਂ ਖਾਂਦੀ। ਵਿਸ਼ੇਸ਼ ਸ਼ਕਤੀਆਂ ਹੋਣ ਕਾਰਨ ਅਧਿਕਾਰੀ ਜਥੇਬੰਦੀ ਦੀ ਸਹਿਮਤੀ ਲਏ ਬਿਨਾਂ ਜੋ ਮਰਜ਼ੀ ਕਰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












