ਸਮੋਸੇ ਲੈ ਕੇ ਪੁਲਾੜ ਵਿੱਚ ਜਾਣ ਵਾਲੀ ਸੁਨੀਤਾ ਵਿਲੀਅਮਜ਼ ਕੁਝ ਹੋਰ ਬਣਨਾ ਚਾਹੁੰਦੀ ਸੀ, ਜਾਣੋ ਕਿਵੇਂ ਉਸ ਦੇ ਸੁਪਨੇ ਬੁਲੰਦੀਆਂ ਤੱਕ ਪਹੁੰਚੇ

ਅਪ੍ਰੈਲ 2012 'ਚ ਦਿੱਲੀ ਦੇ ਨੈਸ਼ਨਲ ਸਾਇੰਸ ਸੈਂਟਰ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੁਨੀਤਾ ਵਿਲੀਅਮਜ਼ ਨੇ ਕਿਹਾ ਸੀ, "ਰਿਕਾਰਡ ਸਿਰਫ਼ ਤੋੜਨ ਲਈ ਬਣਦੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਰਿਕਾਰਡ ਵੀ ਟੁੱਟ ਜਾਵੇਗਾ।"

ਸੁਨੀਤਾ ਵਿਲੀਅਮਜ਼ ਆਪਣੀ ਤੀਜੀ ਪੁਲਾੜ ਯਾਤਰਾ ਦੇ ਨਾਲ ਸਭ ਤੋਂ ਲੰਬੀ ਸਪੇਸਵਾਕ ਕਰਨ ਵਾਲੀ ਔਰਤ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਪਿਗੀ ਵ੍ਹੀਟਸਨ ਦੇ ਨਾਂ ਸੀ।

ਸੁਨੀਤਾ ਵਿਲੀਅਮਜ਼ ਨੇ ਤਿੰਨ ਪੁਲਾੜ ਮਿਸ਼ਨਾਂ ਦੌਰਾਨ ਨੌ ਵਾਰ ਵਿੱਚ ਕੁੱਲ 62 ਘੰਟੇ 6 ਮਿੰਟ ਸਪੇਸਵਾਕ ਕੀਤੀ ਹੈ।

ਜਦੋਂ ਕਿ ਪਿਗੀ ਵ੍ਹੀਟਨ ਨੇ 60 ਘੰਟੇ 21 ਮਿੰਟ ਦੀ ਸਪੇਸਵਾਕ ਕੀਤੀ।

ਇਸ ਤੋਂ ਇਲਾਵਾ ਉਹ ਪੁਲਾੜ ਵਿੱਚ ਮੈਰਾਥਨ ਦੌੜਨ ਵਾਲੇ ਦੁਨੀਆਂ ਦੀ ਪਹਿਲੇ ਪੁਲਾੜ ਯਾਤਰੀ ਵੀ ਹਨ।

ਉਨ੍ਹਾਂ ਨੇ ਅਪ੍ਰੈਲ 2007 ਵਿੱਚ ਪੁਲਾੜ ਤੋਂ ਬੋਸਟਨ ਮੈਰਾਥਨ ਵਿੱਚ ਹਿੱਸਾ ਲਿਆ ਸੀ।

ਪਿਤਾ ਤੋਂ ਵਿਰਾਸਤ ਵਿੱਚ ਮਿਲੀ ਰਵਾਇਤ

ਸੁਨੀਤਾ ਵਿਲੀਅਮਜ਼ ਦਾ ਜਨਮ 1965 ਵਿੱਚ ਓਹੀਓ, ਅਮਰੀਕਾ ਵਿੱਚ ਹੋਇਆ ਸੀ ਅਤੇ ਇੱਥੇ ਹੀ ਉਨ੍ਹਾਂ ਦਾ ਪਾਲਣ ਪੋਸ਼ਨ ਹੋਇਆ ਸੀ।

ਉਨ੍ਹਾਂ ਦੇ ਪਿਤਾ ਦੀਪਕ ਪਾਂਡਿਆ ਇੱਕ ਭਾਰਤੀ ਹਨ ਅਤੇ ਉਨ੍ਹਾਂ ਦਾ ਜਨਮ ਮੇਹਸਾਣਾ ਜ਼ਿਲੇ ਦੇ ਪਿੰਡ ਝੁਲਾਸਣ ਵਿੱਚ ਹੋਇਆ ਸੀ।

ਦੀਪਕ ਅਹਿਮਦਾਬਾਦ ਤੋਂ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਭਰਾ ਕੋਲ ਅਮਰੀਕਾ ਚਲੇ ਗਏ ਸਨ।

ਇੱਥੇ ਉਨ੍ਹਾਂ ਨੇ ਸਲੋਵੇਨੀਅਨ ਮੂਲ ਦੇ ਉਰਸੁਲਿਨ ਬੋਨੀ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਸੁਨੀਤਾ ਸਣੇ ਤਿੰਨ ਬੱਚੇ ਹਨ।

ਸੁਨੀਤਾ ਦੇ ਪਿਤਾ ਹਿੰਦੂ ਅਤੇ ਮਾਂ ਕੈਥੋਲਿਕ ਹੈ ਪਰ ਉਨ੍ਹਾਂ ਦੇ ਪਿਤਾ ਨੇ ਆਪਣੇ ਬੱਚਿਆਂ ਨੂੰ ਸਾਰੇ ਧਰਮਾਂ ਦੇ ਲੋਕਾਂ ਦਾ ਸਤਿਕਾਰ ਕਰਨਾ ਸਿਖਾਇਆ।

ਡਾਕਟਰ ਦੀਪਕ ਪਾਂਡਿਆ ਐਤਵਾਰ ਨੂੰ ਭਗਵਤ ਗੀਤਾ ਦੇ ਨਾਲ ਚਰਚ ਜਾਂਦੇ ਸਨ ਅਤੇ ਆਪਣੇ ਬੱਚਿਆਂ ਨੂੰ ਰਮਾਇਣ ਅਤੇ ਮਹਾਭਾਰਤ ਦੀਆਂ ਕਹਾਣੀਆਂ ਸੁਣਾਉਂਦੇ ਸਨ।

ਇਸ ਨਾਲ ਉਨ੍ਹਾਂ ਦੇ ਬੱਚੇ ਵੀ ਭਾਰਤੀ ਰਵਾਇਤਾਂ ਨਾਲ ਜੁੜ ਗਏ।

ਸੁਨੀਤਾ ਵਿਲੀਅਮਜ਼ ਨੇ ਆਪਣੇ ਪੁਲਾੜ ਮਿਸ਼ਨ ਤੋਂ ਬਾਅਦ 2007 ਅਤੇ 2013 ਵਿੱਚ ਦੋ ਵਾਰ ਝੂਲਸਾਨ ਦਾ ਦੌਰਾ ਕੀਤਾ ਸੀ।

ਇਹ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਤੋਂ 40 ਕਿਲੋਮੀਟਰ ਉੱਤਰ ਵੱਲ ਸਥਿਤ ਹੈ।

ਤੈਰਾਕੀ, ਪਸ਼ੂ ਸਿਹਤ ਮਾਹਰ ਅਤੇ ਫਿਰ ਨੇਵੀ

ਸੁਨੀਤਾ ਨੂੰ ਸ਼ੁਰੂ ਤੋਂ ਹੀ ਕਸਰਤ ਅਤੇ ਖੇਡਾਂ ਪਸੰਦ ਸਨ ਅਤੇ ਉਨ੍ਹਾਂ ਨੂੰ ਤੈਰਾਕੀ ਬਹੁਤ ਪਸੰਦ ਸੀ।

ਸੁਨੀਤਾ ਨੇ ਆਪਣੇ ਭੈਣ-ਭਰਾਵਾਂ ਨਾਲ ਤੈਰਾਕੀ ਸਿੱਖੀ ਅਤੇ ਸਵੇਰੇ-ਸ਼ਾਮ ਦੋ ਘੰਟੇ ਤੈਰਾਕੀ ਕਰਦੇ ਸਨ।

ਉਨ੍ਹਾਂ ਨੇ ਛੇ ਸਾਲ ਦੀ ਉਮਰ ਤੋਂ ਕਈ ਤੈਰਾਕੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ ਅਤੇ ਕਈ ਤਗਮੇ ਜਿੱਤ ਚੁੱਕੇ ਹਨ।

ਉਨ੍ਹਾਂ ਨੂੰ ਜਾਨਵਰਾਂ ਨਾਲ ਬਹੁਤ ਪਿਆਰ ਹੈ। ਇਹੀ ਕਾਰਨ ਹੈ ਕਿ ਇੱਕ ਸਮੇਂ ਉਹ ਪਸ਼ੂਆਂ ਦੇ ਡਾਕਟਰ ਬਣਨਾ ਚਾਹੁੰਦੀ ਸੀ।

ਇਸ ਲਈ ਉਨ੍ਹਾਂ ਨੇ ਅਪਲਾਈ ਵੀ ਕੀਤਾ ਪਰ ਸੁਨੀਤਾ ਨੂੰ ਆਪਣੇ ਪਸੰਦੀਦਾ ਕਾਲਜ ਵਿੱਚ ਸੀਟ ਨਹੀਂ ਮਿਲੀ।

ਉਨ੍ਹਾਂ ਨੇ ਆਪਣੇ ਭਰਾ ਦੇ ਸੁਝਾਅ 'ਤੇ ਅਮਰੀਕੀ ਨੇਵੀ ਅਕੈਡਮੀ ਵਿੱਚ ਦਾਖਲਾ ਲਿਆ ਅਤੇ ਫਿਰ ਸਮੇਂ ਨੇ ਉਨ੍ਹਾਂ ਨੂੰ ਇੱਕ ਵੱਖਰੇ ਰਸਤੇ 'ਤੇ ਪਾ ਦਿੱਤਾ।

ਦਲੇਰੀ ਦੀ ਉਡਾਣ ਜਲ ਸੈਨਾ ਤੋਂ ਸ਼ੁਰੂ ਹੋਈ

ਸੁਨੀਤਾ ਦੀ ਹਿੰਮਤ ਦੀ ਅਸਲ ਉਡਾਣ ਅਮਰੀਕਾ ਦੀ ਨੇਵੀ ਅਕੈਡਮੀ ਤੋਂ ਸ਼ੁਰੂ ਹੋਈ।

ਸੁਨੀਤਾ ਨੇ 1983 ਵਿੱਚ ਅਕੈਡਮੀ ਵਿੱਚ ਦਾਖ਼ਲਾ ਲਿਆ ਅਤੇ 1987 ਵਿੱਚ ਭੌਤਿਕ ਵਿਗਿਆਨ ਦੀ ਡਿਗਰੀ ਵੀ ਹਾਸਲ ਕੀਤੀ।

ਉਹ ਅਮਰੀਕਨ ਨੇਵੀ ਅਕੈਡਮੀ ਵਿੱਚ ਸਿਖਲਾਈ ਪੂਰੀ ਕਰਨ ਤੋਂ ਬਾਅਦ 1989 ਵਿੱਚ ਇੱਕ ਸਿਖਿਆਰਥੀ ਪਾਇਲਟ ਵਜੋਂ ਜਲ ਸੇਵਾ ਵਿੱਚ ਸ਼ਾਮਲ ਹੋਈ।

ਇਸ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ 30 ਜਹਾਜ਼ਾਂ ਵਿੱਚ 2700 ਘੰਟੇ ਤੋਂ ਵੱਧ ਉਡਾਣ ਭਰੀ।

ਇਸ ਤੋਂ ਪਹਿਲਾਂ ਉਹ ਨੇਵਲ ਏਵੀਏਟਰ ਵਜੋਂ ਵੀ ਕੰਮ ਕੀਤਾ।

ਸੁਨੀਤਾ ਦੀ ਆਪਣੇ ਪਤੀ ਮਾਈਕਲ ਵਿਲੀਅਮਜ਼ ਨਾਲ ਪਹਿਲੀ ਮੁਲਾਕਾਤ ਨੇਵਲ ਅਕੈਡਮੀ 'ਚ ਹੀ ਹੋਈ, ਜੋ ਬਾਅਦ 'ਚ ਪਿਆਰ ਅਤੇ ਫ਼ਿਰ ਵਿਆਹ 'ਚ ਬਦਲ ਗਈ।

ਮਾਈਕਲ ਵਿਲੀਅਮਜ਼ ਇੱਕ ਪਾਇਲਟ ਵੀ ਹਨ ਅਤੇ ਵਰਤਮਾਨ ਵਿੱਚ ਇੱਕ ਪੁਲਿਸ ਅਧਿਕਾਰੀ ਵਜੋਂ ਕੰਮ ਕਰ ਰਹੇ ਹਨ।

ਨਾਸਾ ਨੇ ਪਹਿਲੀ ਅਰਜ਼ੀ ਸਵੀਕਾਰ ਨਹੀਂ ਕੀਤੀ ਸੀ

ਸੁਨੀਤਾ ਵਿਲੀਅਮਜ਼ 1993 ਵਿੱਚ ਮੈਰੀਲੈਂਡ ਦੇ ਨੇਵਲ ਟੈਸਟ ਪਾਇਲਟ ਸਕੂਲ ਵਿੱਚ ਸਿਖਲਾਈ ਲੈ ਰਹੀ ਸੀ ਜਦੋਂ ਉਨ੍ਹਾਂ ਨੂੰ ਹਿਊਸਟਨ ਵਿੱਚ ਜੌਹਨਸਨ ਸਪੇਸ ਸੈਂਟਰ ਦਾ ਦੌਰਾ ਕਰਨ ਦਾ ਮੌਕਾ ਮਿਲਿਆ।

ਇੱਥੇ ਉਨ੍ਹਾਂ ਨੇ ਚੰਦਰਮਾ 'ਤੇ ਉਤਰਨ ਵਾਲੇ ਪੁਲਾੜ ਯਾਤਰੀ ਜੌਨ ਯੰਗ ਨਾਲ ਕੰਮ ਕੀਤਾ ਅਤੇ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਸੁਨੀਤਾ ਨੇ ਪੁਲਾੜ ਵਿੱਚ ਉੱਡਣ ਦਾ ਸੁਪਨਾ ਦੇਖਿਆ।

ਉਨ੍ਹਾਂ ਨੇ ਪੁਲਾੜ ਯਾਤਰਾ ਲਈ ਨਾਸਾ ਨੂੰ ਅਰਜ਼ੀ ਦਿੱਤੀ ਪਰ ਨਾਸਾ ਨੇ ਪਹਿਲਾਂ ਤਾਂ ਇਸ ਨੂੰ ਸਵੀਕਾਰ ਨਹੀਂ ਕੀਤਾ।

ਫ਼ਿਰ ਉਨ੍ਹਾਂ ਨੇ 1995 ਵਿੱਚ ਫਲੋਰੀਡਾ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਇੰਜੀਨੀਅਰਿੰਗ ਪ੍ਰਬੰਧਨ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਅਤੇ ਪੁਲਾੜ ਵਿੱਚ ਜਾਣ ਲਈ 1997 ਵਿੱਚ ਦੁਬਾਰਾ ਅਰਜ਼ੀ ਦਿੱਤੀ।

ਇਸ ਵਾਰ ਨਾਸਾ ਨੇ ਅਰਜ਼ੀ ਸਵੀਕਾਰ ਕਰ ਲਈ ਅਤੇ ਉਹ 1998 ਵਿੱਚ ਇੱਕ ਸਿਖਿਆਰਥੀ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ।

ਆਖਰ ਅੱਠ ਸਾਲਾਂ ਬਾਅਦ 9 ਦਸੰਬਰ 2006 ਨੂੰ ਉਹ ਮੌਕਾ ਆਇਆ ਜਦੋਂ ਉਹ ਪੁਲਾੜ ਵਿੱਚ ਪਹੁੰਚੇ।

ਉਹ ਭਾਰਤੀ ਮੂਲ ਦੇ ਦੂਜੇ ਅਮਰੀਕੀ ਪੁਲਾੜ ਯਾਤਰੀ ਹਨ।

ਸੁਨੀਤਾ ਪੁਲਾੜ ਵਿੱਚ ਸਮੋਸੇ ਅਤੇ ਗੀਤਾ ਲੈ ਕੇ ਗਏ ਸਨ

ਸੁਨੀਤਾ ਵਿਲੀਅਮਜ਼ ਕਰੀਬ 12 ਸਾਲ ਪਹਿਲਾਂ ਅਪ੍ਰੈਲ 'ਚ ਭਾਰਤ ਆਏ ਸਨ।

ਇਸ ਦੌਰਾਨ ਉਹ ਦਿੱਲੀ ਦੇ ਰਾਸ਼ਟਰੀ ਵਿਗਿਆਨ ਕੇਂਦਰ ਵਿੱਚ ਵਿਦਿਆਰਥੀਆਂ ਨੂੰ ਮਿਲੇ ਅਤੇ ਪੁਲਾੜ ਯਾਤਰਾ ਦੇ ਆਪਣੇ ਅਨੁਭਵ ਸਾਂਝੇ ਕੀਤੇ।

ਸੁਨੀਤਾ ਨੇ ਦੱਸਿਆ, "ਜਦੋਂ ਮੈਂ ਪਹਿਲੀ ਵਾਰ ਪੁਲਾੜ ਵਿੱਚ ਗਈ ਸੀ, ਮੈਂ ਘਬਰਾ ਗਈ ਸੀ। ਇਹ ਬਹੁਤ ਗੁੰਝਲਦਾਰ ਪ੍ਰਕਿਰਿਆ ਹੈ ਪਰ ਮੈਂ ਇਹ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਅਜਿਹਾ ਕੀਤਾ।"

"ਮੈਂ ਦੁਬਾਰਾ ਪੁਲਾੜ ਮਿਸ਼ਨ 'ਤੇ ਜਾਣਾ ਚਾਹਾਂਗੀ ਅਤੇ ਉਥੇ ਕੀਤੇ ਜਾ ਰਹੇ ਪ੍ਰਯੋਗਾਂ 'ਚ ਯੋਗਦਾਨ ਪਾਵਾਂਗੀ।"

ਭਾਰਤੀ ਭੋਜਨ ਦੀ ਤਾਰੀਫ਼ ਕਰਦਿਆਂ ਸੁਨੀਤਾ ਨੇ ਕਿਹਾ ਕਿ ਕੋਈ ਵੀ ਭਾਰਤੀ ਭੋਜਨ ਖਾਣ ਤੋਂ ਉਕਤਾ ਨਹੀਂ ਹੋ ਸਕਦਾ।

ਉਨ੍ਹਾਂ ਨੇ ਵਿਦਿਆਰਥੀਆਂ ਨਾਲ ਇਹ ਰਾਜ਼ ਵੀ ਸਾਂਝਾ ਕੀਤਾ ਕਿ ਉਹ ਸਪੇਸ ਵਿੱਚ ਸਮੋਸੇ ਲੈ ਕੇ ਗਏ ਸਨ।

ਇਸ ਤੋਂ ਇਲਾਵਾ ਉਹ ਆਪਣੇ ਨਾਲ ਉਪਨਿਸ਼ਦ ਅਤੇ ਗੀਤਾ ਵੀ ਲੈ ਕੇ ਗਏ ਸਨ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਉਹੀ ਕੰਮ ਕਰਨ ਜਿਨ੍ਹਾਂ ਕੰਮਾਂ ਵਿੱਚ ਉਹ ਆਨੰਦ ਮਹਿਸੂਸ ਕਰਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)